ਟਿੱਬਿਆਂ 'ਚ ਵਸੇ ਇੱਕ ਪਿੰਡ ਦੇ ਪਿਓ ਸੁਪਨੇ ਦਾ ਸਮੁੰਦਰੋਂ ਪਾਰ ਦਾ ਸਫ਼ਰ ਹੈ 'ਹਿੰਮਤ ਖੁਰਮੀ' ਦਾ ਬਾਲ ਗੀਤ "ਮੇਰੀ ਮਾਂ ਬੋਲੀ" - ਮਨਦੀਪ ਖੁਰਮੀ ਹਿੰਮਤਪੁਰਾ
ਮੇਰੇ ਡੈਡੀ ਸ੍ਰ: ਗੁਰਬਚਨ ਸਿੰਘ ਖੁਰਮੀ ਜੀ ਨੂੰ ਸਕੂਲ ਪੜ੍ਹਦਿਆਂ ਤੋਂ ਹੀ ਗੀਤ ਲਿਖਣ ਦੀ ਚੇਟਕ ਲੱਗੀ ਹੋਈ ਸੀ। ਜਦੋਂ ਉਹ ਬਚਪਨ ਤੋਂ ਲੈ ਕੇ ਕਬੀਲਦਾਰ ਬਣਨ ਤੱਕ ਦੀ ਗਾਥਾ ਸੁਣਾਉਂਦੇ ਤਾਂ ਸਾਡਾ ਆਵਦਾ ਕਲੇਜਾ ਮੁੱਠੀ 'ਚ ਆ ਜਾਂਦਾ। ਤਿੰਨ ਭਰਾ ਤੇ ਇੱਕ ਭੈਣ। ਬਚਪਨ 'ਚ ਹੀ ਪਿਓ ਦੀ ਮੌਤ। ਪੜ੍ਹਨ ਦੇ ਨਾਲ-ਨਾਲ ਦੁੱਧ ਦੀ ਡੇਅਰੀ ਚਲਾਉਣ ਦਾ ਕੰਮ। ਪਿੰਡ ਹਿੰਮਤਪੁਰੇ ਤੋਂ ਡਰੇਨ ਦੇ ਪੁਲ 'ਤੇ ਸਾਈਕਲ 'ਤੇ ਲੱਦੇ ਦੁੱਧ ਦੇ ਡਰੰਮ, ਕੱਕੇ ਰੇਤੇ ਵਾਲਾ ਰਾਹ, ਗਿੱਦੜਾਂ ਦੀਆਂ ਹੁਆਂਕਾਂ...... ਇਉਂ ਲਗਦਾ ਜਿਵੇਂ ਅਸੀਂ ਵੀ ਓਹਨਾਂ ਸਮਿਆਂ 'ਚ ਡੈਡੀ ਦੇ ਨਾਲ ਦੁੱਖ ਹੰਢਾ ਰਹੇ ਹੋਈਏ। ਤਿੰਨਾਂ ਭਰਾਵਾਂ 'ਚੋਂ ਵੱਡਾ ਸਾਡਾ ਡੈਡੀ। ਹਰ ਰਿਸ਼ਤੇ ਨੂੰ ਬਰਾਬਰ ਅਹਿਮੀਅਤ ਦੇਣ ਵਾਲਾ। ਪਿਓ ਦੀ ਮੌਤ ਤੋਂ ਬਾਅਦ ਮਾਂ ਤੇ ਦਾਦੀ (ਜਾਣੀਕਿ ਸਾਡੀ ਦਾਦੀ ਤੇ ਪੜਦਾਦੀ) ਘਰ ਰਹਿ ਗਈਆਂ। ਮਾਂ ਵੱਲੋਂ ਕੱਪੜੇ ਸਿਉਂ ਕੇ ਘਰ ਦਾ ਖਰਚਾ ਤੋਰਨਾ। ਜਦੋਂ ਡੈਡੀ ਉਡਾਰ ਹੋਇਆ ਤਾਂ ਮਾਂ ਅਕਾਲ ਚਲਾਣਾ ਕਰ ਗਈ। ਫਿਰ ਦਾਦੀ ਵੀ ਪੰਧ ਮੁਕਾ ਗਈ। ਭੈਣ ਦੇ ਵਿਆਹ ਤੋਂ ਬਾਅਦ ਤਿੰਨੇ ਭਰਾ ਹੀ ਘਰ 'ਚ ਰਹਿ ਗਏ। ਆਪਣਾ ਵਿਆਹ ਆਵਦੀਆਂ ਮੀਢੀਆਂ ਆਪ ਗੁੰਦਣ ਵਾਂਗ ਹੋਇਆ। ਤੰਗੀਆਂ ਤੁਰਸ਼ੀਆਂ 'ਚ ਹੋਈ ਦਸਵੀਂ ਦੀ ਪੜ੍ਹਾਈ ਕਰਕੇ ਪੰਜਾਬ ਰੋਡਵੇਜ 'ਚ ਨੌਕਰੀ ਮਿਲ ਗਈ। ਆਪ ਤੋਂ ਛੋਟਾ ਭਰਾ ਸਾਡਾ ਚਾਚਾ ਚੜ੍ਹਤ ਸਿੰਘ (ਭੋਲਾ) ਵੀ ਪੱਕਾ ਕੰਡਕਟਰ ਲੱਗ ਗਿਆ। ਘਰ 'ਚ ਦੋ ਤਨਖਾਹਾਂ 'ਡਿੱਗਣ' ਦਾ ਚਾਅ ਬਾਹਲੀ ਦੇਰ ਨਾ ਟਿਕ ਸਕਿਆ। ਚਾਚਾ ਭੋਲਾ ਆਵਦੇ ਵਿਆਹ ਤੋਂ ਕੁਝ ਮਹੀਨੇ ਬਾਅਦ ਹੀ ਪਤਾ ਨਹੀਂ ਕਿੱਧਰ ਆਲੋਪ ਹੋ ਗਿਆ, ਜੋ ਅੱਜ ਤੱਕ ਘਰ ਵਾਪਸ ਨਾ ਆਇਆ। ਚਾਚੀ ਮੁੜ ਪੇਕੇ ਘਰ ਵਾਪਸ ਚਲੀ ਗਈ। ਡੈਡੀ ਨੇ ਚਾਚੇ ਦੀ ਭਾਲ 'ਚ ਘਰ ਮੂਧਾ ਮਾਰ ਲਿਆ। ਚਾਚੇ ਦਾ ਸਹੁਰਾ ਪਰਿਵਾਰ ਕਲਕੱਤੇ ਰਹਿੰਦਾ ਸੀ। ਕਲਕੱਤੇ ਤੱਕ ਬੱਸਾਂ, ਰੇਲਾਂ 'ਚ "ਗੁੰਮਸ਼ੁਦਾ ਦੀ ਤਲਾਸ਼" ਵਾਲੇ ਪੋਸਟਰ ਹੱਥੀਂ ਲਾਏ। ਕਰਜ਼ਈ ਹੋ ਗਿਆ। ਭੋਲੇ ਚਾਚੇ ਦਾ ਵਿਛੋੜਾ ਹੱਡੀਆਂ ਨੂੰ ਆਖਰੀ ਸਾਹ ਤੱਕ ਘੁਣ ਵਾਂਗ ਲੱਗਿਆ ਰਿਹਾ। ਕੱਚਾ ਘਰ ਮੀਂਹ ਕਾਰਨ ਢਹਿ ਗਿਆ ਤਾਂ ਪਿੰਡ ਦੀ ਫਿਰਨੀ 'ਤੇ 30 ਮਰਲੇ ਜਗ੍ਹਾ ਖਰੀਦ ਲਈ। ਤਿੰਨ ਹਿੱਸਿਆਂ ਦੀ ਗੱਲ ਕਰਦਾ ਡੈਡੀ ਅਕਸਰ ਹੀ ਫੋੜੇ ਵਾਂਗ ਫਿੱਸ ਪੈਂਦਾ ਕਿ "ਭੋਲਾ ਭਾਵੇਂ ਅੱਜ ਆ ਜਾਵੇ ਦਸ-ਦਸ ਮਰਲੇ ਮੇਰੇ ਤੇ ਕਮਲਜੀਤ ਦੇ, ਦਸ ਭੋਲੇ ਦੇ।"
ਘਰ ਰੰਗੀਂ ਵਸਣ ਲੱਗਾ ਪਰ ਇਸ ਤੋਂ ਪਹਿਲਾਂ ਹੰਢਾਏ ਸੰਤਾਪ ਨੇ ਗੁਰਬਚਨ ਸਿੰਘ ਖੁਰਮੀ ਦੀ "ਹਿੰਮਤਪੁਰੀਆ ਖੁਰਮੀ" ਦੇ ਰੂਪ ਵਿੱਚ ਗੀਤਕਾਰ ਬਣਨ ਦੀ ਸੱਧਰ ਦਾ ਗਲਾ ਘੁੱਟਿਆ ਗਿਆ। ਡੈਡੀ ਜੀ ਅਜੇ ਨੌਵੀਂ 'ਚ ਪੜ੍ਹਦੇ ਸਨ ਕਿ ਪਿੰਡ ਨਰਿੰਦਰ ਬੀਬਾ ਜੀ ਦਾ ਅਖਾੜਾ ਲੱਗਿਆ। ਤੂੰਬੀ ਦੀ ਤਾਰ ਟੁੱਟ ਗਈ, ਸਟੇਜ ਤੋਂ ਹੋਕਾ ਦਿੱਤਾ ਕਿ "ਜੇ ਕਿਸੇ ਕੋਲ ਤੂੰਬੀ ਜਾਂ ਤਾਰ ਹੈ ਤਾਂ ਤੁਰੰਤ ਪਹੁੰਚਦੀ ਕਰੇ।"
ਡੈਡੀ ਦੇ ਦੱਸਣ ਅਨੁਸਾਰ ਉਹ ਭੱਜ ਕੇ ਘਰ ਆਏ ਤੇ ਤੂੰਬੀ ਫੜਾ ਦਿੱਤੀ। ਅਖਾੜਾ ਖਤਮ ਹੋਣ 'ਤੇ ਤੂੰਬੀ ਫੜਨ ਵੇਲੇ ਬੀਬਾ ਜੀ ਨੇ ਪੁੱਛਿਆ, "ਤੂੰ ਤਾਂ ਅਜੇ ਬਹੁਤ ਛੋਟੈਂ, ਤੂੰਬੀ ਕਿਵੇਂ ਰੱਖੀ ਬੈਠੈਂ?"
ਡੈਡੀ ਨੇ ਦੱਸਿਆ ਕਿ "ਮੈਨੂੰ ਗਾਣੇ ਲਿਖਣ ਦਾ ਸ਼ੌਕ ਐ ਤੇ ਸ਼ੌਕੀਆ ਤੌਰ 'ਤੇ ਤੂੰਬੀ ਵੀ ਟੁਣਕਾ ਲੈਨਾਂ।"
ਓਹ ਜਾਂਦੇ ਹੋਏ ਗੀਤ ਭੇਜਣ ਲਈ ਪਤਾ ਟਿਕਾਣਾ ਲਿਖਾ ਗਏ। "ਹਿੰਮਤਪੁਰੀਆ ਖੁਰਮੀ" ਗਾਇਆ ਸੁਣਨ ਦੇ ਚਾਅ 'ਚ ਡੈਡੀ ਨੇ ਗਾਣੇ- ਦੋਗਾਣੇ ਭੇਜ ਦਿੱਤੇ। ਇਹ ਓਹਨਾਂ ਦਿਨਾਂ ਦੀ ਗੱਲ ਐ ਜਦੋਂ ਟਿੱਬਿਆਂ ਦੇ ਵਿਚਕਾਰ ਵਸੇ ਹਿੰਮਤਪੁਰੇ ਦੇ ਲੋਕਾਂ ਲਈ ਲੁਧਿਆਣਾ ਵੀ ਦਿੱਲੀ ਦੱਖਣ ਹੀ ਸੀ। ਨਰਿੰਦਰ ਬੀਬਾ ਜੀ ਦੇ ਦਫਤਰੋਂ ਚਿੱਠੀ ਆਈ ਕਿ ਗੀਤ ਰਿਕਾਰਡ ਹੋਣ ਜਾ ਰਿਹਾ ਜਾਂ ਰਹੇ ਹਨ, ਲਿਖਤੀ ਇਕਰਾਰ ਕਰ ਜਾਓ। ਇਹ ਇੱਕ ਅਜਿਹਾ ਮੋੜ ਸੀ ਜੋ ਜਿੰਦਗੀ ਦਾ ਪਾਸਾ ਪਲਟ ਸਕਦਾ ਸੀ ਪਰ ਕੁਦਰਤ ਨੇ ਐਸਾ ਮੋੜ ਕੱਟਿਆ ਕਿ ਮਾਂ (ਸਾਡੀ ਦਾਦੀ) ਦੀ ਮੌਤ ਹੋ ਗਈ। ਗੀਤ ਸੰਗੀਤ ਸਭ ਰੋਟੀਆਂ ਲਾਹੁਣ ਦੇ ਆਹਰ 'ਚ ਰੁਲ ਕੇ ਰਹਿ ਗਏ।
ਹੁਣ ਪਿੰਡ ਦੀ ਫਿਰਨੀ 'ਤੇ ਘਰ ਉੱਸਰ ਚੁੱਕਿਆ ਸੀ ਤੇ "ਹਿੰਮਤਪੁਰੀਆ ਖੁਰਮੀ" ਬਣਦਾ ਬਣਦਾ ਗੁਰਬਚਨ ਸਿਉਂ ਹੁਣ ਪੱਕੇ ਤੌਰ 'ਤੇ ਕੰਡਕਟਰ ਗੁਰਬਚਨ ਸਿੰਘ ਖੁਰਮੀ ਬਣ ਗਿਆ ਸੀ। ਹੁਣ ਗੀਤਾਂ ਦੀ ਦੁਨੀਆਂ 'ਚ ਫੇਰ ਮੁੜ ਆਇਆ। ਬੱਸਾਂ, ਸਫਰ, ਡਰਾਈਵਰਾਂ, ਇੰਸਪੈਕਟਰਾਂ, ਢਾਬਿਆਂ, ਹੋਟਲਾਂ ਵਾਲਿਆਂ ਦੀਆਂ ਸਖਸ਼ੀਅਤਾਂ ਗੀਤਾਂ 'ਚ ਮੜ੍ਹਨ ਲੱਗਿਆ। ਮੈਂ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਚੌਥੀ ਜਮਾਤ 'ਚ ਸੀ ਕਿ ਡੈਡੀ ਦਾ ਹੁਕਮ ਆਇਆ ਕਿ ਫਲਾਣੇ ਡਰਾਈਵਰ ਕੰਡਕਟਰ ਨਾਲ ਬੱਸ ਚੜ੍ਹ ਕੇ ਬੱਧਨੀ ਆ ਜਾਵੀਂ। ਕੰਡਕਟਰ ਨੂੰ ਡੈਡੀ ਨੇ ਪਹਿਲਾਂ ਹੀ ਦੱਸਿਆ ਹੋਇਆ ਸੀ ਕਿ ਨਾਨਕਸਰ ਗੁਰਦੁਆਰੇ ਦੇ ਮੂਹਰੇ ਇਲੈਕਟ੍ਰਾਨਿਕ ਸਾਮਾਨ ਦੀ ਦੁਕਾਨ ਵਾਲੇ ਸ. ਜਰਨੈਲ ਸਿੰਘ ਕੋਲ ਉਤਾਰ ਦੇਣਾ। ਉਸ ਦਿਨ ਮੈਂ ਡੈਡੀ ਦਾ ਲਿਖਿਆ ਹੋਇਆ ਬਾਲ ਗੀਤ "ਮੰਮੀ ਜੀ ਮੇਰੀ ਕਰੋ ਤਿਆਰੀ, ਪੜ੍ਹਨ ਸਕੂਲੇ ਜਾਣਾ ਏ। ਫੱਟੀ ਕੈਦਾ ਕਲਮ ਦਵਾਤਾਂ, ਬਸਤਾ ਨਾਲ ਲਿਜਾਣਾ ਏ" ਕਵੀ ਦਰਬਾਰ ਵਿੱਚ ਗਾਉਣਾ ਸੀ। ਲੋਪੋ ਰੋਡ 'ਤੇ ਹਾਈ ਸਕੂਲ 'ਚ ਮੈਂ ਲੈਕਚਰ ਸਟੈਂਡ ਤੋਂ ਪਾਸੇ ਰੱਖੇ ਮਾਈਕ ਮੂਹਰੇ ਖੜ੍ਹਾ ਸੀ ਤੇ ਡੈਡੀ ਮੇਰੇ ਪਿੱਛੇ ਖੜ੍ਹੇ ਸਨ।
ਇਸ ਤਰ੍ਹਾਂ ਦਾ ਸਮਾਂ ਹੂਬਹੂ ਓਵੇਂ ਹੀ ਮੁੜ ਆਇਆ ਜਦੋਂ 2015 'ਚ ਮੈਨੂੰ ਬਰੈਡਫੋਰਡ ਦੀ ਬੀਕਾਸ ਸੰਸਥਾ ਦੇ ਕਵੀ ਦਰਬਾਰ 'ਚ ਜਾਣ ਦਾ ਮੌਕਾ ਮਿਲਿਆ। ਹੁਣ ਮੈਂ ਪਿਓ ਸੀ ਤੇ ਪੰਜ ਸਾਲ ਦਾ ਹਿੰਮਤ ਲੈਕਚਰ ਸਟੈਂਡ ਤੋਂ ਪਾਸੇ ਹੋ ਕੇ ਖੜ੍ਹਨ ਦੀ ਬਜਾਏ ਕੁਰਸੀ 'ਤੇ ਖੜ੍ਹ ਕੇ ਮਾਈਕ ਤੱਕ ਅੱਪੜਿਆ ਹੋਇਆ ਸੀ। ਹਿੰਮਤ ਨੇ ਮੇਰਾ ਲਿਖਿਆ ਗੀਤ "ਓ ਪੰਜਾਬ ਸਿਆਂ, ਹੁਣ ਤੇਰਾ ਅੱਲ੍ਹਾ ਵੀ ਨਹੀਂ ਬੇਲੀ" ਗਾ ਕੇ ਮੈਨੂੰ ਪੁਰਾਣੇ ਸਮੇਂ 'ਚ ਲਿਜਾ ਖੜ੍ਹਾ ਕੀਤਾ। ਮੈਂ ਹਿੰਮਤ ਦੇ ਮਗਰ ਖੜ੍ਹਾ ਵੀ ਓਹਨਾਂ ਸਮਿਆਂ ਬਾਰੇ ਹੀ ਸੋਚ ਰਿਹਾ ਸੀ ਕਿ ਕਿਵੇਂ ਐਸੇ ਤਰ੍ਹਾਂ ਹੀ ਕਦੇ ਡੈਡੀ ਵੀ ਮੇਰੇ ਮਗਰ ਖੜ੍ਹੇ ਸਨ।
ਡੈਡੀ ਦੇ ਲਿਖੇ ਗੀਤਾਂ ਨੂੰ ਅਸੀਂ ਦੋਵੇਂ ਭਰਾ ਘਰੇ ਮਹਿਫਲ ਲਾ ਕੇ ਗਾਉਂਦੇ ਰਹਿੰਦੇ। ਮੈਂ ਸਕੂਲ ਦੀਆਂ ਬਾਲ ਸਭਾਵਾਂ, ਨਗਰ ਕੀਰਤਨਾਂ, ਨਾਟਕ ਮੇਲਿਆਂ ਆਦਿ 'ਤੇ ਗਾਉਂਦਾ ਰਹਿੰਦਾ। ਪਰ ਡੈਡੀ ਦੇ ਜਿਉਂਦੇ ਜੀਅ ਇਹ ਸੋਝੀ ਹੀ ਨਾ ਆਈ ਕਿ ਕੋਈ ਗੀਤ ਰਿਕਾਰਡ ਹੋ ਜਾਂਦਾ।
ਮੈਂ ਡੈਡੀ ਦੇ ਗੀਤਾਂ ਨੂੰ ਗਾਉਂਦਿਆਂ, ਗੁਣਗੁਣਾਉਂਦਿਆਂ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਗੀਤ ਲਿਖਣ ਲੱਗ ਪਿਆ? ਡੈਡੀ ਦੇ ਚਲਾਣੇ ਤੋਂ ਬਾਅਦ ਮੁੜ ਸਭ ਸੁੱਖ ਪੁੱਠੀ ਪਲਟੀ ਮਾਰ ਗਏ। ਇੰਗਲੈਂਡ ਆ ਵਸਿਆ ਤਾਂ ਖੁਦ ਦੋ ਤਿੰਨ ਗੀਤ ਆਪਣੀ ਆਵਾਜ 'ਚ ਰਿਕਾਰਡ ਕਰਵਾ ਕੇ ਅਧੂਰੀ ਖਾਹਿਸ਼ ਪੂਰੀ ਕਰਨ ਵੱਲ ਪਹਿਲਾ ਕਦਮ ਪੁੱਟਿਆ। ਹੁਣ ਪੁੱਤ ਹਿੰਮਤ ਵੀ ਛੇ ਕੁ ਸਾਲ ਦਾ ਹੋ ਚੁੱਕਿਆ ਸੀ ਤਾਂ ਫਰਾਟੇਦਾਰ ਪੰਜਾਬੀ ਬੋਲਣ ਲੱਗ ਪਿਆ। 2017 'ਚ ਪਿੰਡ ਗੇੜਾ ਵੱਜਿਆ ਤਾਂ ਮੋਗੇ ਗਾਇਕ ਤੇ ਸੰਗੀਤਕਾਰ ਬਲਜਿੰਦਰ ਬਿੱਟੂ (ਗੁਰਸ਼ੇਰ ਸਿੰਘ) ਕੋਲ ਹਿੰਮਤ ਦੇ ਮੂੰਹੋਂ ਬਾਲ ਗੀਤ ਦੀ ਰਿਕਾਰਡਿੰਗ ਕਰਵਾ ਲਈ। ਸੰਗੀਤ ਤਿਆਰ ਕਰਨ ਵਿੱਚ ਗੁਰਸ਼ੇਰ ਸਿੰਘ ਤੇ ਨਿੰਮਾ ਵਿਰਕ ਜੀ ਦੀਆਂ ਸੇਵਾਵਾਂ ਲਈਆਂ ਗਈਆਂ। ਪ੍ਰਸਿੱਧ ਸ਼ਾਇਰ ਜਨਾਬ ਅਮਰ ਸੂਫ਼ੀ ਜੀ, ਸ਼ਾਇਰ ਧਾਮੀ ਗਿੱਲ ਜੀ ਦੀਆਂ ਮੱਤਾਂ, ਸਲਾਹਾਂ, ਮਸ਼ਵਰਿਆਂ ਤੋਂ ਬਾਅਦ ਗੀਤਕਾਰ ਪ੍ਰੀਤ ਭਾਗੀਕੇ ਵੱਲੋਂ ਤਿਆਰ ਬਾਲ ਗੀਤ ਹਿੰਮਤ ਦੇ ਬੋਲਾਂ ਵਿੱਚ ਸ਼ਿੰਗਾਰਿਆ ਗਿਆ। 2017 ਤੋਂ ਲੈ ਕੇ 2022 ਤੱਕ ਪਤਾ ਹੀ ਨਾ ਲੱਗਾ ਕਿ ਸਮਾਂ ਕਿੱਧਰ ਗੁਆਚ ਗਿਆ? ਆਖਿਰ ਹੁਣ ਗੀਤ ਦੀ ਵੀਡੀਓ ਮੁਕੰਮਲ ਹੋ ਸਕੀ ਹੈ ਤੇ ਡੈਡੀ ਗੁਰਬਚਨ ਸਿੰਘ ਖੁਰਮੀ ਦਾ ਸਫ਼ਰ 'ਤੇ ਨਿੱਕਲਿਆ ਹੋਇਆ ਸੁਪਨਾ ਉਹਨਾਂ ਦਾ ਪੋਤਰਾ "ਹਿੰਮਤ ਖੁਰਮੀ" ਪੂਰਾ ਕਰਨ ਜਾ ਰਿਹਾ ਹੈ। ਬੇਸ਼ੱਕ ਡੈਡੀ ਦੇ ਜਿਉਂਦਿਆਂ ਕਿਸੇ ਰਿਕਾਰਡ ਗੀਤ ਵਿੱਚ ਉਹਨਾਂ ਦਾ ਨਾਮ ਨਾ ਆ ਸਕਿਆ ਪਰ ਹਿੰਮਤ ਦੇ ਗੀਤ ਦੀ ਸ਼ੁਰੂਆਤ ਹੀ ਉਸਦੇ ਦਾਦਾ ਜੀ "ਹਿੰਮਤਪੁਰੇ ਵਾਲੇ ਗੁਰਬਚਨ ਸਿੰਘ ਖੁਰਮੀ" ਦੇ ਜ਼ਿਕਰ ਨਾਲ ਹੋਈ ਹੈ। 1 ਅਕਤੂਬਰ 2022 ਨੂੰ ਲੋਕ ਅਰਪਣ ਹੋਣ ਜਾ ਰਿਹਾ ਗੀਤ "ਮੇਰੀ ਮਾਂ ਬੋਲੀ" ਸਚਮੁੱਚ ਹੀ ਟਿੱਬਿਆਂ 'ਚ ਵਸੇ ਪਿੰਡ ਦੇ ਇੱਕ ਪਿਓ ਦਾ ਸੁਪਨਾ ਸੀ, ਜੋ ਸਾਕਾਰ ਸੱਤ ਸਮੁੰਦਰ ਪਾਰ ਆ ਕੇ ਹੋਇਆ ਹੈ।