ਸਾਹਿਤ ਦੀਆਂ ਮੱਛੀਆਂ - ਬੁੱਧ ਸਿੰਘ ਨੀਲੋਂ

ਸੰਸਾਰ ਇੱਕ ਸਮੁੰਦਰ ਹੈ, ਇੱਕ ਪਿੰਡ ਹੈ। ਸਮੁੰਦਰ ਦਾ ਆਪਣਾ ਇੱਕ ਸਮਾਜ ਹੈ। ਸਮਾਜ ਦੇ ਅੰਦਰ ਕਈ ਸਮਾਜ ਹਨ। ਹਰ ਸਮਾਜ ਦਾ ਆਪੋ ਆਪਣਾ ਇਤਿਹਾਸ, ਮਿਥਿਹਾਸ ਹੈ। ਇਸ ਸਮੁੰਦਰ ਵਿੱਚ ਇੱਕ ਪਿੰਡ ਪੰਜਾਬ ਹੈ। ਪੰਜਾਂ ਦਰਿਆਵਾਂ ਦੀ ਧਰਤੀ। ਮਨੁੱਖੀ ਸੱਭਿਅਤਾ ਦਾ ਪੰਘੂੜਾ, ਸੋਨੇ ਦੀ ਚਿੜੀ ਦਾ ਦਿਲ। ਸ਼ਹੀਦ ਕੌਮ ਦੀ ਧਰਤੀ। ਇਹ ਕਦੇ ਵਗਦਾ ਦਰਿਆ ਸੀ। ਵੈਰੀ ਲਈ ਪਰਬਤ, ਆਪਣਿਆਂ ਲਈ ਧਰਤੀ। ਇਸ ਵਿੱਚ ਦਰਿਆ ਵਰਗੀ ਦਰਿਆਦਿਲੀ, ਨਦੀ ਵਰਗਾ ਅੱਥਰਾ ਸੁਭਾਅ, ਝਰਨੇ ਵਰਗਾ ਸੰਗੀਤ, ਦਿਨ ਚੜ੍ਹਦੇ ਦੀ ਲਾਲੀ ਵਰਗਾ ਰੰਗ ਹੈ। ਗੁਰੀਲਿਆਂ ਦੀ ਕੌਮ, ਕਦੇ ਨਕਸਲਬਾੜੀ, ਕਦੇ ਅੱਤਵਾਦੀ, ਕਦੇ ਵੱਖਵਾਦੀ, ਕਦੇ ਕੁੜੀਮਾਰ, ਵੈਲੀਆਂ, ਨੜੀਮਾਰ ਤੇ ਨਸ਼ਈਆਂ ਦੀ ਧਰਤੀ ਵਜੋਂ ਜਾਣੀ ਜਾਂਦੀ ਰਹੀ ਹੈ। ਪਰ ਆਪਾਂ ਇਸ ਸਮੁੰਦਰ ਵਿਚਲੇ ਪੰਜਾਬ ਵਿੱਚ ਪਾਈਆਂ ਜਾਂਦੀਆਂ ਉਨ੍ਹਾਂ ਮੱਛੀਆਂ ਦੀ ਚਰਚਾ ਕਰ ਰਹੇ ਹਾਂ, ਜਿਹੜੀਆਂ ਅਕਸਰ ਸਾਹਿਤ ਵਿੱਚ ਪਾਈਆਂ ਜਾਂਦੀਆਂ ਹਨ। ਸਾਹਿਤ ਅੰਦਰ ਵੀ ਇੱਕ ਸਾਹਿਤ ਹੈ, ਕੁਝ ਸਾਹਿਤ ਲਿਖਤ ਵਿੱਚ ਅਉਂਦਾ ਹੈ। ਕੁੱਝ ਅਣਲਿਖਿਆ ਵੀ ਰਹਿ ਜਾਂਦਾ ਹੈ। ਅਣਲਿਖਿਆ ਹੀ ਉਹ ਸਾਹਿਤ ਹੁੰਦਾ ਹੈ, ਜਿਸ ਵਿੱਚ ਜ਼ਿੰਦਗੀ ਧੜਕਦੀ ਹੈ। ਪਰ ਹੁਣ ਅੱਜਕਲ੍ਹ ਜ਼ਿੰਦਗੀ ਧੜਕਦੀ ਨਹੀਂ, ਰੀਂਗਦੀ ਹੈ। ਹੁਣ ਕੁੜੀਮਾਰਾਂ, ਵੈਲੀਆਂ, ਨੜੀਮਾਰਾਂ ਤੇ ਨਸ਼ੱਈਆਂ ਦੀ ਧਰਤੀ ਦੇ ਸਮੁੰਦਰ ਵਿੱਚ ਵਿਚਰਦੀਆਂ ਉਨ੍ਹਾਂ ਸਾਹਿਤ ਦੀਆਂ ਮੱਛੀਆਂ ਦੀ ਗੱਲ ਕਰਦੇ ਹਾਂ, ਜਿਹੜੀਆਂ ਕਦੇ ਕਿਸੇ ਦਾ ਭੋਜਨ ਬਣੀਆਂ ਹਨ ਤੇ ਕਦੇ ਕਿਸੇ ਨੂੰ ਭੋਜਨ ਬਣਾਉਂਦੀਆਂ ਹਨ।
      ਜਿਵੇਂ ਧਰਤੀ-ਪਰੇ-ਧਰਤੀ ਹੈ, ਇਵੇਂ ਸਾਹਿਤ ਵਿੱਚ ਮੱਛੀਆਂ ਦੀਆਂ ਬਹੁਤ ਸਾਰੀਆਂ ਕਿਸਮਾਂ, ਨਸਲਾਂ ਮਿਲਦੀਆਂ ਹਨ। ਜਿਹੋ ਜਿਹੀ ਮੱਛੀ ਦੇ ਪਾਲਣ ਦੀ ਥਾਂ, ਉਹੋ ਜਿਹਾ ਉਸ ਦਾ ਜਾਇਕਾ ਅਤੇ ਸੁਆਦ ਹੁੰਦਾ ਹੈ। ਉਂਝ ਮੱਛੀਆਂ ਕਿੰਨੇ ਹੀ ਪ੍ਰਕਾਰ ਦੀਆਂ ਹੁੰਦੀਆਂ ਹਨ ਜਿਵੇਂ : ਖੂਹ, ਟੋਬਾ, ਤਲਾਬ, ਨਾਲਾ, ਨਦੀ, ਦਰਿਆ ਅਤੇ ਸਮੁੰਦਰ ਦੀਆਂ ਮੱਛੀਆਂ।
       ਖੂਹ ਵਿਚਲੀਆਂ ਮੱਛੀਆਂ ਦਾ ਆਪਣਾ ਹੀ ਇੱਕ ਸੰਸਾਰ ਹੁੰਦਾ ਹੈ। ਉਨ੍ਹਾਂ ਦੀ ਡੱਡੂ ਦੌੜ-ਮੁੱਲਾਂ ਦੀ ਦੌੜ ਵਰਗੀ ਹੁੰਦੀ ਹੈ। ਜੋ ਪੜ੍ਹਿਆ-ਦੇਖਿਆ ਹੁੰਦਾ ਹੈ, ਉਹ ਉਹੀ ਸਿਰਜਦੀਆਂ ਹਨ। ਉਨ੍ਹਾਂ ਨੂੰ ਅਕਸਰ ਇੰਝ ਲਗਦਾ ਹੈ ਕਿ ਧਰਤੀ ਉਨ੍ਹਾਂ ਦੇ ਮੋਢਿਆਂ ਉੱਤੇ ਖੜ੍ਹੀ ਹੈ। ਉਹ ਇਸੇ ਭਰਮ ਵਿੱਚ ਖੂਹ ਵਿੱਚ ਗੇੜੇ ਕੱਢਦੀਆਂ ਤੇ ਟਪੂਸੀਆਂ ਮਾਰਦੀਆਂ ਰਹਿੰਦੀਆਂ ਹਨ।
       ਟੋਭੇ ਦੀਆਂ ਮੱਛੀਆਂ ਉਹ ਹੁੰਦੀਆਂ ਹਨ, ਜਿੰਨ੍ਹਾਂ ਸਾਰੇ ਪਿੰਡ ਦਾ ਗੰਦਾ ਪਾਣੀ ਪੀਤਾ ਹੁੰਦਾ ਹੈ। ਇਨ੍ਹਾਂ ਦਾ ਰੰਗ ਲਾਖਾ ਹੁੰਦਾ ਹੈ। ਇਹ ਖੁਲ੍ਹੀ ਮੂਹਰੀ ਦੀ ਸਲਵਾਰ ਵਰਗਾ ਸਾਹਿਤ ਸਿਰਜਦੀਆਂ ਹਨ, ਕਦੇ ਕਦੇ ਕੋਈ ਚੰਗੀ ਗੱਲ ਕਰਕੇ ਇਹ ਸਾਰੀ ਉਮਰ ਜਿਉਂਦੇ ਰਹਿਣ ਜੋਗੀਆਂ ਹੋ ਜਾਂਦੀਆਂ ਹਨ। ਇਨ੍ਹਾਂ ਨੂੰ ਸਭ ਤੋਂ ਵੱਡੀ ਬਿਮਾਰੀ ਇਹ ਹੁੰਦੀ ਹੈ ਕਿ ਇਹ ਖਾਣ ਦੇ ਕੰਮ ਨਹੀਂ ਆਉਂਦੀਆਂ ਕਿਉਂਕਿ ਇਨ੍ਹਾਂ ਅੰਦਰ ਕਈ ਤਰ੍ਹਾਂ ਦੇ ਕੈਮੀਕਲ ਪਾਏ ਜਾਂਦੇ ਹਨ।
      ਤਲਾਅ ਦੀਆਂ ਮੱਛੀਆਂ ਬਹੁਤ ਹੀ ਆਕਰਸ਼ਿਤ ਤੇ ਸੁੰਦਰ ਹੁੰਦੀਆਂ ਹਨ। ਇਹ ਰੰਗ ਦੀਆਂ ਸੋਹਣੀਆਂ ਪਰ ਸੁਭਾਅ ਦੀਆਂ ਜ਼ਹਿਰੀਲੀਆਂ ਹੁੰਦੀਆਂ ਹਨ। ਇਹ ਮੰਡੀ ਵਿੱਚ ਅਉਂਦੀਆਂ ਹੀ ਧੜਾਧੜ ਵਿਕਦੀਆਂ ਹਨ। ਇਨ੍ਹਾਂ ਨੂੰ ਵੇਚਣ ਵਾਲੇ ਇਨ੍ਹਾਂ ਨੂੰ ਹੋਰਨਾਂ ਮੱਛੀਆਂ ਦੇ ਉੱਪਰ ਰੱਖਦੇ ਹਨ। ਇਹ ਕਰੰਟ ਵੀ ਮਾਰਦੀਆਂ ਹਨ ਅਤੇ ਉਤੇਜਨਾ ਵੀ ਜਗਾਉਂਦੀਆਂ ਹਨ। ਇਨ੍ਹਾਂ ਦੀ ਤਸੀਰ ਗਰਮ ਹੁੰਦੀ ਹੈ। ਇਨ੍ਹਾਂ ਮੱਛੀਆਂ ਨੂੰ ਨੌਜਵਾਨ ਪੀੜ੍ਹੀ ਬੜੇ ਹੀ ਸੁਆਦ ਨਾਲ ਖਾਂਦੀ ਹੈ ਤੇ ਕਿਸੇ ਨਾ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਜਾਂਦੀ ਹੈ।
       ਝੀਲ ਦੀਆਂ ਮੱਛੀਆਂ ਦਾ ਮਾਸ ਵੀ ਚੰਗਾ ਹੁੰਦਾ ਹੈ ਕਿਉਂਕਿ ਝੀਲ ਕਿਸੇ ਦਰਿਆ ਤੋਂ ਬਣੀ ਹੁੰਦੀ ਹੈ। ਝੀਲ ਦੀਆਂ ਮੱਛੀਆਂ ਦਾ ਸੁਭਾਅ ਬੜਾ ਸਾਊ ਕਿਸਮ ਦਾ ਹੁੰਦਾ ਹੈ, ਇਨ੍ਹਾਂ ਮੱਛੀਆਂ ਦਾ ਸ਼ਿਕਾਰ ਉਹ ਸ਼ਿਕਾਰੀ ਹੀ ਕਰਦੇ ਹਨ, ਜਿਹੜੇ ਝੀਲ ਤੱਕ ਪੁੱਜਣ ਦੇ ਮਾਹਿਰ ਹੁੰਦੇ ਹਨ। ਉੱਥੇ ਉੰਨ੍ਹਾਂ ਨੂੰ ਮਿਲਣ ਦੇ ਬਹਾਨੇ ਨਾਲ ਸੈਰ ਕਰ ਆਉਂਦੇ ਹਨ। ਆਪਣੀ ਝੋਲੀ ਭਰ ਲਿਆਉਦੇ ਹਨ।
      ਨਹਿਰ ਦੀਆਂ ਮੱਛੀਆਂ ਗੁਲਗਲੇ ਵਰਗੀਆਂ ਹੁੰਦੀਆਂ ਹਨ। ਇਨ੍ਹਾਂ ਦੀ ਬਜ਼ਾਰ ਵਿੱਚ ਖ਼ੂਬ ਚਰਚਾ ਹੁੰਦੀ ਹੈ। ਇਹ ਢਿੱਡ ਨੂੰ ਝੁਲਕਾ ਦੇਣ ਲਈ ਕਈ-ਕਈ ਕਿਲੋਮੀਟਰ ਨਹਿਰ ਵਿੱਚ ਇੱਧਰ-ਉੱਧਰ ਫਿਰਦੀਆਂ ਹਨ। ਇਹ ਮੌਕੇ-ਬੇ-ਮੌਕੇ ਆਪਣੇ ਤੋਂ ਛੋਟੀ ਨੂੰ ਨਿਗਲਣ ਜਾਂ ਫੇਰ ਠਿੱਬੀ ਲਾਉਣ ਵਿੱਚ ਮਾਹਿਰ ਹੁੰਦੀਆਂ ਹਨ। ਇਹ ਨਹਿਰ ਕਿਨਾਰੇ ਅਕਸਰ ਹੀ ਚਰਚਾ ਕਰਦੀਆਂ ਤੁਹਾਨੂੰ ਮਿਲ ਸਕਦੀਆਂ ਹਨ। ਝੀਲ, ਤਲਾਅ, ਟੋਬੇ ਦੀਆਂ ਮੱਛੀਆਂ ਅਕਸਰ ਵੱਡੀਆਂ ਵੋਟਾਂ ਵੇਲੇ ਨਿਕਲਦੀਆਂ ਹਨ।
      ਦਰਿਆਈ ਮੱਛੀਆਂ ਬਹੁਤ ਘੱਟ ਮਿਲਦੀਆਂ ਹਨ। ਇਨ੍ਹਾਂ ਦੀ ਸ਼ਬਦਾਵਲੀ ਜ਼ਾਇਕੇਦਾਰ, ਛੱਲਿਆਂ ਵਰਗੀ ਹੁੰਦੀ ਹੈ। ਇਹ ਮਾਰਕੀਟ ਵਿੱਚ ਬਹੁਤ ਘੁੰਮ ਫਿਰ ਕੇ ਲੱਭਣੀਆਂ ਪੈਂਦੀਆਂ ਹਨ। ਕਿਉਂਕਿ ਇਹ ਉਹ ਮੱਛੀਆਂ ਹਨ, ਜਿੰਨ੍ਹਾਂ ਜ਼ਿੰਦਗੀ ਦੀਆਂ ਕਈ ਰੁੱਤਾਂ ਦੇਖੀਆਂ ਤੇ ਝੱਖੜ ਝੁੱਲੇ ਹੁੰਦੇ ਹਨ। ਇਨ੍ਹਾਂ ਦੀ ਹਰ ਚੀਜ਼ ਕਿਸੇ ਨਾ ਕਿਸੇ ਦੇ ਕੰਮ ਆਉਂਦੀ ਹੈ।
       ਉੱਡਣ-ਖਟੋਲਿਆਂ ਉੱਤੇ ਉਧਰੋ-ਇਧਰ ਆਉਂਦੀਆਂ ਮੱਛੀਆਂ ਉਹ ਹੁੰਦੀਆਂ ਹਨ, ਜਿਹੜੀਆਂ ਹੁੰਦੀਆਂ ਤਾਂ ਪਿੰਡਾਂ ਦੇ ਟੋਬਿਆਂ, ਤਲਾਅ ਦੀਆਂ ਮੱਛੀਆਂ ਹੀ, ਪਰ ਉਹ ਆਪਣੀ ਸ਼ਕਤੀ ਨਾਲ ਉੱਡਣ-ਖਟੋਲਿਆਂ ਉੱਤੇ ਉੱਡ ਕੇ ਦੂਰ-ਦੁਰਾਡੇ ਚਲੇ ਜਾਂਦੀਆਂ ਹਨ। ਇਹ ਮੱਛੀਆਂ ਜਦੋਂ ਬਰਫ਼ ਪੈਂਦੀ ਹੈ ਤਾਂ ਕੂੰਜਾਂ ਵਾਂਗ ਗਰਮ ਇਲਾਕਿਆਂ ਵਿੱਚ ਚਲੀਆਂ ਜਾਂਦੀਆਂ ਹਨ। ਇਹ ਆਲੋਚਕਾਂ ਤੇ ਪ੍ਰਕਾਸ਼ਕਾਂ ਦੀਆਂ ਰੋਸਈਆਂ ਵਿੱਚ ਤਲੀਆਂ ਜਾਂਦੀਆਂ ਹਨ। ਬਜ਼ਾਰ ਵਿੱਚ ਇਨ੍ਹਾਂ ਨੂੰ ਸੁਨਹਿਰੀ ਵਰਕ ਲਾ ਕੇ ਵੇਚਿਆ ਜਾਂਦਾ ਹੈ। ਇਨ੍ਹਾਂ ਵਿਚੋਂ ਕੁੱਝ ਮੱਛੀਆਂ ਦਾ ‘ਮਾਸ’ ਸਚਮੁੱਚ ‘ਚੰਗਾ’ ਹੈ। ਪਰ ਬਹੁਤੀਆਂ ਚਾਂਦੀ ਦੇ ਵਰਕ ਵਿੱਚ ਲਿਪਟ ਕੇ ਵਿਕਣ ਦੀ ਅਸਫ਼ਲ ਕੋਸ਼ਿਸ਼ ਕਰਦੀਆਂ ਰਹਿੰਦੀਆਂ ਹਨ, ਪਰ ਮਾਰਕੀਟ ਵਿੱਚ ਉਨ੍ਹਾਂ ਦਾ ਕੋਈ ਖ਼ਰੀਦਦਾਰ ਨਹੀਂ ਹੁੰਦਾ। ਇਹ ਮੱਛੀਆਂ ਅਕਸਰ ਹੀ ਗਿਫ਼ਟ ਦੇ ਰੂਪ ਵਿੱਚ ਇੱਧਰ-ਉੱਧਰ ਦਿੱਤੀਆਂ ਜਾਂਦੀਆਂ ਹਨ। ਇਨ੍ਹਾਂ ਮੱਛੀਆਂ ਦੀ ਚਰਚਾ ਕਰਨ ਤੇ ਕਰਵਾਉਣ ਵਾਲਿਆਂ ਦੀ ਇੱਕ ਕੰਪਨੀ ਹੈ। ਇਸ ਕੰਪਨੀ ਵਿੱਚ ਹਰ ਵਰਗ ਸ਼ਾਮਿਲ ਹੈ। ਉਹ ਪਿੰਡਾਂ, ਸ਼ਹਿਰਾਂ, ਕਾਲਜਾਂ, ਯੂਨੀਵਰਸਿਟੀਆਂ ਵਿੱਚ ਇਨ੍ਹਾਂ ਮੱਛੀਆਂ ਉੱਪਰ ਚਰਚਾ ਕਰਵਾਉਣ ਦਾ ਪ੍ਰਬੰਧ ਹੀ ਨਹੀਂ ਕਰਦੇ, ਸਗੋਂ ਉਨ੍ਹਾਂ ਨੂੰ ਮਾਨ-ਸਨਮਾਨ ਵੀ ਬਖ਼ਸ਼ਦੇ ਹਨ। ਇਨ੍ਹਾਂ ਮੱਛੀਆਂ ਨੇ ਆਪੋ-ਆਪਣੇ ਅੱਡੇ ਬਣਾਏ ਹੋਏ ਹਨ। ਅੱਡਿਆਂ ਵਾਲੇ ਹੀ ਉਨ੍ਹਾਂ ਦੀ ਆਓ-ਭਗਤ ਕਰਦੇ ਤੇ ਵੇਚ-ਵਟਕ ਕਰਵਾਉਂਦੇ ਹਨ।
       ਕੁੱਝ ਮੱਛੀਆਂ ਉਹ ਹਨ, ਜਿਹੜੀਆਂ ਜੁਗਾੜਬੰਦੀ ਦੇ ਸਿਰ ’ਤੇ ਚਾਰੇ ਪਾਸੇ ਚਰਚਾ ਵਿੱਚ ਹਨ। ਇਨ੍ਹਾਂ ਦੀ ਇੱਥੇ ਵੀ ਕਿਧਰੇ ਘੁੰਡੀ ਅੜਕਦੀ ਹੈ-ਫਸਾਉਣ ਦਾ ਯਤਨ ਕਰਦੀਆਂ ਹਨ। ਇਨ੍ਹਾਂ ਮੱਛੀਆਂ ਦੀ ਸਰਕਾਰੇ-ਦਰਬਾਰੇ ਪੂਰੀ ਚੜ੍ਹਾਈ ਹੁੰਦੀ ਹੈ। ਜੇ ਇਨ੍ਹਾਂ ਮੱਛੀਆਂ ਦੇ ਢਿੱਡ ਫਰੋਲ ਕੇ ਦੇਖੋ ਤਾਂ ਦੁਨੀਆਂ ਭਰ ਦਾ ਹਰ ਤਰ੍ਹਾਂ ਦਾ ਮੁਸ਼ਕ ਉਥੋਂ ਮਿਲ ਸਕਦਾ ਹੈ।
      ਸਮੁੰਦਰ ਦੀਆਂ ਮੱਛੀਆਂ ਉਹ ਹੁੰਦੀਆਂ ਹਨ, ਜਿੰਨ੍ਹਾਂ ਵਿੱਚ ਸਮੁੰਦਰ ਵਰਗੀ ਡੂੰਘਾਈ ਹੁੰਦੀ ਹੈ ਤੇ ਵਿਸ਼ਾਲ ਅਨੁਭਵ ਹੁੰਦਾ ਹੈ। ਸੂਰਜ ਵਾਂਗ ਚੌਵੀ ਘੰਟੇ ਲਿਸ਼ਕ ਮਾਰਨ ਦੀ ਸਮਰੱਥਾ ਰੱਖਦੀਆਂ ਹਨ। ਇਨ੍ਹਾਂ ਮੱਛੀਆਂ ਨੂੰ ਹਰ ਥਾਂ ਬੜੇ ਮਾਣ ਤੇ ਸਤਿਕਾਰ ਨਾਲ ਪਰੋਸਿਆ ਜਾਂਦਾ ਹੈ। ਇਨ੍ਹਾਂ ਮੱਛੀਆਂ ਦੀ ਹਾਲਤ ਉਹ ਬੁੱਢੇ ਮਛੇਰੇ ਵਰਗੀ ਹੋ ਜਾਂਦੀ ਹੈ ਜੋ ਮੱਛੀਆਂ ਦੀ ਤਲਾਸ਼ ਵਿੱਚ ਖੁਦ ਮੱਛੀ ਹੋ ਜਾਂਦਾ ਹੈ। ਇਨ੍ਹਾਂ ਮੱਛੀਆਂ ਦੀ ਸਦਾ ਹੀ ਮੰਗ ਰਹਿੰਦੀ ਹੈ। ਇਹ ਹਰ ਥਾਂ ’ਤੇ ਮਿਲ ਸਕਦੀਆਂ ਹਨ।
       ਝੀਲ ਦੀਆਂ ਮੱਛੀਆਂ ਤਾਂ ਕਿਸੇ ਕਾਲਜ ਵਿੱਚ ਫੈਕਲਟੀ ਜਾਂ ਐਡਹਾਕ  ਲੱਗੇ ਕਿਸੇ ਅਸਿਸਟੈੰਟ ਵਰਗੀਆਂ ਹੁੰਦੀਆਂ ਹਨ। ਜਿਹੜੀਆਂ ਆਪਣੇ ਨਾਂ ਅੱਗੇ ਪ੍ਰੋਫੈਸਰ ਲਿਖਣਾ ਕਦੇ ਨਹੀਂ ਭੁੱਲਦੀਆਂ। ਪਰ ਉਨ੍ਹਾਂ  ਦੇ ਪੱਲੇ ਕੁੱਝ ਨਹੀਂ ਹੁੰਦਾ  ਤੇ ਨਾ ਪੈਂਦਾ । ਉਨ੍ਹਾਂ ਦੀ ਗਿਣਤੀ ਨਾ ਤਿੰਨਾਂ ਵਿੱਚ, ਨਾ ਤੇਰਾਂ ਵਿੱਚ ਹੁੰਦੀ ਹੈ। ਇਹ ਝੁੰਡ ਬਣਾ ਕੇ, ਸਮੁੰਦਰੀ ਮੱਛੀ ਦੇ ਨਾਂ ਹੇਠ ਝੀਲ ਦੁਆਲੇ ਮੀਟਿੰਗਾਂ ਕਰਦੀਆਂ ਹਨ। ਆਪੋ-ਆਪਣੀਆਂ ਰਚਨਾਵਾਂ ਸੁਣਾ ਕੇ ਭੜਾਸ ਕੱਢਦੀਆਂ ਹਨ। ਇਹੋ ਜਿਹੀਆਂ ਮੱਛੀਆਂ ਹਰ ਸ਼ਹਿਰ ਵਿੱਚ ਮਿਲਦੀਆਂ ਹਨ। ਵੱਡੇ ਸ਼ਹਿਰਾਂ ਵਿੱਚ ਇਨ੍ਹਾਂ ਦੀ ਗਿਣਤੀ ’ਚ ਨਿਰੰਤਰ ਵਾਧਾ ਹੋ ਰਿਹਾ ਹੈ।
      ਕੁੱਝ ਮੱਛੀਆਂ ਦੇ ਗਲ ਵਿੱਚ ਲਾਲ ਰੰਗ ਦੀ ਗਾਨੀ ਹੁੰਦੀ ਹੈ। ਉਹ ਗਾਨੀ ਕਿਸੇ ਮਿੱਤਰ ਵੱਲੋਂ ਦਿੱਤੀ ਨਿਸ਼ਾਨੀ ਨਹੀਂ, ਪਾਰਟੀ ਵੱਲੋਂ ਪਾਇਆ ਕੜਾ ਹੁੰਦਾ ਹੈ। ਕੜੇ ਦੀ ਡੋਰ ਪਾਰਟੀ ਦਫ਼ਤਰ ਹੁੰਦੀ ਹੈ। ਉਹ ਡੋਰ ਜਦੋਂ ਹਿੱਲਦੀ ਹੈ, ਮੱਛੀ ਉਹੀ ਕੁੱਝ ਕਰਦੀ ਹੈ। ਇਹ ਗਾਨੀ ਗਰਮ ਤਾਰ ਕਰਕੇ ਲਾਲ ਰੰਗ ਵਿੱਚ ਲਬੇੜ ਕੇ ਮੱਛੀ ਦੇ ਗਲ ਵਿੱਚ ਪਾਈ ਜਾਂਦੀ ਹੈ, ਜਿਹੜੀ ਕਿ ਮੱਛੀ ਦੇ ਗਲ ਵਿੱਚ ਖੁੱਭ ਜਾਂਦੀ ਹੈ, ਇਹ ਇਸ ਕਰਕੇ ਪਾਈ ਜਾਂਦੀ ਹੈ ਕਿ ਮੱਛੀ ਹੋਰ ਕੁੱਝ ਨਾ ਗਲ ਥਾਣੀ ਲੰਘਾ ਸਕੇ। ਇਹ ਮੱਛੀਆਂ ‘ਕੈਮਲੂਪਸ ਦੀਆਂ ਮੱਛੀਆਂ’ ਵਾਂਗ ਪਾਰਟੀ ਦਫ਼ਤਰ ਵਿੱਚ ਹੀ ਜੰਮਦੀਆਂ ਤੇ ਉੱਥੇ ਹੀ ਮਰ ਜਾਂਦੀਆਂ ਹਨ। ਵੱਡੀ ਮੱਛੀ ਕਿਸੇ ਵੀ ਛੋਟੀ ਮੱਛੀ ਨੂੰ ਕੜਾਹੀ ਜਾਂ ਤੰਦੂਰ ਵਿੱਚ ਭੁੰਨਣ ਦੀ ਸ਼ਕਤੀ ਆਪਣੀ ਕੋਲ ਰਾਖਵੀਂ ਰੱਖਦੀ ਹੈ। ਅੱਜਕਲ੍ਹ ਇਨ੍ਹਾਂ ਮੱਛੀਆਂ ਦੀ ਗਿਣਤੀ ਵਿੱਚ ਗਿਰਾਵਟ ਆ ਰਹੀ ਹੈ ਕਿਉਂਕਿ ਬਹੁਤੀਆਂ ਮੱਛੀਆਂ ਨੇ ਗਾਨੀ ਤਾਂ ਲਾਲ ਪਾਈ ਹੁੰਦੀ ਹੈ, ਪਰ ਉਹ ਕੰਮ ਕਿਸੇ ਹੋਰ ਪਾਰਟੀ ਲਈ ਕਰਦੀਆਂ ਹਨ। ਇਹ ਕਿਸੇ ਨੂੰ ਬਲੀ ਚਾੜ੍ਹ ਸਕਦੀਆਂ ਹਨ, ਕਿਸੇ ਦੀ ਬਲੀ ਲੈ ਸਕਦੀਆਂ ਹਨ।
       ਬਜ਼ਾਰ ਵਿੱਚ ਪਿੰਡਾਂ, ਸ਼ਹਿਰਾਂ ਤੇ ਟੋਭਿਆਂ ਤੇ ਤਲਾਅ ਦੀਆਂ ਮੱਛੀਆਂ ਦੀ ਗਿਣਤੀ ਵੱਧ ਰਹੀ ਹੈ। ਇਨ੍ਹਾਂ ਮੱਛੀਆਂ ਵਿੱਚੋਂ ਇੱਕ ਅਜੀਬ ਤਰ੍ਹਾਂ ਦੀ ਬੋਅ ਆਉਂਦੀ ਹੈ, ਜਿਹੜੀ ਗ੍ਰਾਹਕ ਨੂੰ ਆਪਣੇ ਵੱਲ ਆਉਣ ਤੋਂ ਰੋਕਦੀ ਹੈ। ਪਰ ਮੱਛੀਆਂ ਦੇ ‘ਵਪਾਰੀ’ ਅਕਸਰ ਹੀ ਰੌਲਾ ਪਾਉਂਦੇ ਹਨ, ਮੱਛੀਆਂ ਦਾ ਕੋਈ ਖ਼ਰੀਦਦਾਰ ਨਹੀਂ ਪਰ ਮੱਛੀਆਂ ਦਾ ਵਪਾਰ ਕਰਨੋਂ ਨਹੀਂ ਹਟਦੇ।
       ਉਂਝ ਅਕਸਰ ਹੀ ਵੱਡੀ ਮੱਛੀ ਛੋਟੀ ਮੱਛੀ ਨੂੰ ਖਾਂਦੀ ਹੈ। ਵੱਡੀਆਂ ਮੱਛੀਆਂ ਵਿੱਚ ਇੱਕ ਨੀਲੇ ਰੰਗ ਦੀਆਂ ਮੱਛੀਆਂ ਹੁੰਦੀਆਂ ਹਨ। ਜਿਹੜੀਆਂ ਇੱਕ ਖ਼ਾਸ ਕਾਜ ਲਈ ਮਾਰਕੀਟ ਵਿੱਚ ਮੁਫ਼ਤ ਵੰਡੀਆਂ ਜਾਂਦੀਆਂ ਹਨ। ਇਹ ਅਕਸਰ ਹੀ ਕਈ ਕਈ ਟਨ ਮੱਛੀਆਂ ਮੁਫ਼ਤ ਵੰਡਣ ਦਾ ਪ੍ਰਚਾਰ ਵੀ ਕਰਦੀਆਂ ਹਨ। ਇਨ੍ਹਾਂ ਮੱਛੀਆਂ ਦੇ ਵਿਚੋਂ ਉਹੀ ਮੁਸ਼ਕ ਆਉਂਦਾ ਹੈ, ਜੋ ਹੋਰਨਾਂ ਮੱਛੀਆਂ ਵਿਚੋਂ ਆਉਂਦਾ ਹੈ ਪਰ ਇਨ੍ਹਾਂ ਦਾ ਰੰਗ ਨੀਲਾ-ਪੀਲਾ ਹੋਣ ਕਰਕੇ ਕਈ ਵਾਰ ਸੰਸਕਾਰਾਂ ਵਿੱਚ ਉਲਝ ਕੇ ਚੁੱਕ ਲੈਂਦਾ ਹੈ। ਇਹ ਮੱਛੀਆਂ ਅਕਸਰ ਹੀ ਆਖਦੀਆਂ ਹਨ ਕਿ ਮਾਇਆ ਤੋਂ ਬਚੋ, ਨਸ਼ਿਆਂ ਤੋਂ ਬਚੋ, ਕਿਸੇ ਦਾ ਦਿਲ ਦੁਖੀ ਨਾ ਕਰੋ, ਨਾਮ ਦਾ ਸਿਮਰਨ ਕਰੋ, ਵੱਡਿਆਂ ਦਾ ਸਤਿਕਾਰ ਤੇ ਛੋਟਿਆਂ ਨੂੰ ਪਿਆਰ ਕਰੋ। ਪਰ ਆਪ ਇਹ ਸਭ ਕੁੱਝ ਨਹੀਂ ਕਰਦੀਆਂ ਹਨ। ਇਨ੍ਹਾਂ ਦੀ ਕਹਿਣੀ ਤੇ ਕਰਨੀ ਵਿੱਚ ਜ਼ਮੀਨ ਅਸਮਾਨ ਜਿੰਨਾਂ ਅੰਤਰ ਹੁੰਦਾ ਹੈ। ਇਹ ਮੱਛੀਆਂ ਅਕਸਰ ਹੀ ਵੱਡੀ ਭੀੜ ਇਕੱਠੀ ਕਰਕੇ, ਆਪਣੇ ਰਹਿਬਰਾਂ ਦਾ ਸਤਿਕਾਰ ਕਰਦੀਆਂ ਰਹਿੰਦੀਆਂ ਤੇ ਆਪਣੀਆਂ ਝੋਲੀਆਂ ਭਰਦੀਆਂ ਹਨ। ਵਿਦੇਸ਼ਾਂ ਵਿੱਚ ਚੱਕਰ ਲਾਉਂਦੀਆਂ ਹਨ। ਇਨ੍ਹਾਂ ਨੂੰ ਖੁਸ਼ਫਹਿਮੀ ਹੁੰਦੀ ਹੈ ਕਿ ਉਨ੍ਹਾਂ ਦੇ ਕੰਮ ਤੋਂ ਦੁਨੀਆ ਵਾਕਿਫ਼ ਨਹੀਂ, ਅਸਲ ਵਿੱਚ ਉਨ੍ਹਾਂ ਦੀਆਂ ਅੱਖਾਂ ਉੱਤੇ ਮਾਇਆ ਦੀ ਅਜਿਹੀ ਪਰਤ ਜੰਮੀ ਹੁੰਦੀ ਹੈ। ਉਨ੍ਹਾਂ ਨੂੰ ਉਸ ਤੋਂ ਬਿਨਾਂ ਕੁੱਝ ਦਿਖਦਾ ਹੀ ਨਹੀਂ। ਇਹ ਮੱਛੀਆਂ ਸਮਾਜ ਨੂੰ ਪੁੱਠਾ ਗੇੜਾ ਦੇਣ ਵਿੱਚ ਲੱਗੀਆਂ ਰਹਿੰਦੀਆਂ ਹਨ। ਭਲਾ ਉਨ੍ਹਾਂ ਨੂੰ ਕੋਈ ਪੁੱਛੇ, ਇਤਿਹਾਸ ਦਾ ਚੱਕਰ ਕਦੇ ਪਿੱਛੇ ਘੁੰਮਦਾ ਹੈ?
        ਕੁੱਝ ਮੱਛੀਆਂ ਲਿਸ਼ਕ ਮਾਰਨ ਦੀ ਸ਼ਕਤੀ ਰੱਖਦੀਆਂ ਹਨ। ਉਹ ਮੱਛੀਆਂ ਹੀ ਅਕਸਰ ਕਿਸੇ ਟੋਬੇ, ਤਲਾਅ ਜਾਂ ਫਿਰ ਝੀਲ ਵਿਚੋਂ ‘ਹੜ੍ਹ’ ਦੌਰਾਨ ਦਰਿਆ ਵਿੱਚ ਚਲੇ ਜਾਂਦੀਆਂ ਹਨ। ਅਸਲ ਵਿੱਚ ਇਹ ਮੱਛੀਆਂ ‘ਵਰਜਨਾ ਪਾਰ ਕਰਕੇ’ ਅੱਗੇ ਨਿਕਲਣ ਦੀ ਤਾਂਘ ’ਚ ਰਹਿੰਦੀਆਂ ਹਨ। ਪਰ ਕਲਾ ਦੇ ਵਪਾਰੀਆਂ ਕੋਲ ਉਹ ਅਕਸਰ ਹੀ ਫਸ ਜਾਂਦੀਆਂ ਹਨ। ਫੇਰ ਇਹੋ ਜਿਹੀਆਂ ਮੱਛੀਆਂ ਦੇ ਮਾਨ-ਸਨਮਾਨ ਲਈ ਵੱਡੇ ਵੱਡੇ ਇਕੱਠ ਕੀਤੇ ਜਾਂਦੇ ਹਨ। ਇਹੋ ਜਿਹੀਆਂ ਮੱਛੀਆਂ ਦਰਿਆ ਤੋਂ ਅੱਗੇ ਲੰਘਣ ਜਾਂ ਫਿਰ ਚਰਚਾ ਵਿੱਚ ਰਹਿਣ ਦੀ ਤਾਂਘ ਹੁੰਦੀ ਹੈ, ਇਸ ਕਰਕੇ ਇਹ ਹਰ ਅਨੈਤਿਕ ਕੰਮ ਕਰਨ ਵਿੱਚ ਘੋਲ ਨਹੀਂ ਕਰਦੀਆਂ। ਇਨ੍ਹਾਂ ਦੇ ਕੋਲ ਜ਼ਮੀਰ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ। ਇਹ ਤਾਂ ਵਸਤੂਆਂ ਵਾਂਗ ਅਦਾਨ-ਪ੍ਰਦਾਨ ਕਰਨ ਵਿੱਚ ਵਿਸ਼ਵਾਸ ਰੱਖਦੀਆਂ ਹਨ।
        ਜਿਹੜੀਆਂ ਮੱਛੀਆਂ ਮਾਨ-ਸਨਮਾਨ ਕਰਨ ਜਾਂ ਕਿਸੇ ਨੂੰ ਉੱਚਾ ਚੁੱਕਣ ਦੀ ਸ਼ਕਤੀ ਰੱਖਦੀਆਂ ਹਨ, ਉਨ੍ਹਾਂ ਮੱਛੀਆਂ ਦੁਆਲੇ ਮੰਡੀ ਲੱਗੀ ਰਹਿੰਦੀ ਹੈ। ਉਹ ਮੰਡੀ ਵਿਚੋਂ ਕੰਮ ਦੀਆਂ ਵਸਤੂਆਂ ਚੁਣ ਕੇ, ਫੇਰ ਆਪਣੀ ਮਰਜ਼ੀ ਨਾਲ ‘ਮਨ ਮਰਜ਼ੀਆਂ’ ਕਰਦੀਆਂ ਹਨ।
      ਹਰ ਮੱਛੀ ਦਾ ਆਪਣਾ ਸੁਆਦ , ਆਪਣਾ ਰੰਗ ਰੂਪ, ਨਸਲ ਹੁੰਦੀ ਹੈ। ਬਜ਼ਾਰ ਉਨ੍ਹਾਂ ਦਾ ਵੱਧ ਮੁੱਲ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ ਯਥਾਰਥਵਾਦ, ਮਾਰਕਸਵਾਦ, ਰੋਮਾਂਸਵਾਦ, ਸਮਾਜਵਾਦ, ਪ੍ਰਗਤੀਵਾਦ, ਉੱਤਰ ਆਧੁਨਿਕਵਾਦ, ਨਾਰੀਵਾਦ, ਦਲਿਤਵਾਦ ਆਦਿ ਮਸਾਲਿਆਂ ਦਾ ਤੜਕਾ ਲਾ ਕੇ ਵੇਚਦਾ ਹੈ। ਇਨ੍ਹਾਂ ਮੱਛੀਆਂ ਨੂੰ ਖਾਣ ਤੋਂ ਬਾਅਦ ਹੀ ਪਤਾ ਲੱਗਦਾ ਹੈ ਕਿ ਉਸ ਨੇ ਮੱਛੀ ਦੀ ਸ਼ਕਲ ਵਿੱਚ ਜੋ ਕੁੱਝ ਖਾਧਾ ਉਹ ਆਲੂਆਂ ਦਾ ਬੇਹਾ ਕੜਾਹ ਸੀ। ਭਾਵੇਂ ਇਹ ਕੰਮ ਮੁੱਠੀ ਭਰ ਆਲੋਚਕਾਂ ਦਾ ਹੈ। ਪਰ ਹੁਣ ਇਸ ਕੰਮ ਵਿੱਚ ਕਈ ਅਦਾਰੇ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ। ਭਾਵੇਂ ਉਨ੍ਹਾਂ ਦਾ ਇਹ ਕੰਮ, ਕੰਮ ਨਹੀਂ ਹੁੰਦਾ ਹੈ। ਉਨ੍ਹਾਂ ਕੁੱਝ ਹੋਰ ਕਰਨਾ ਹੁੰਦਾ ਹੈ ਪਰ ਅਦਾਰਿਆਂ ਦੀ ਚੌਧਰ ਲੈਣ ਲਈ ਉਨ੍ਹਾਂ ਨੂੰ ਅਜਿਹੇ ਅੱਕ ਚੱਬਣੇ ਪੈਂਦੇ ਹਨ, ਜਿਹੜੇ ਬਾਅਦ ਵਿੱਚ ਸੰਘ ਵਿੱਚ ਹੱਥ ਪਾ ਕੇ ਕੱਢਣੇ ਪੈਂਦੇ ਹਨ। ਕਈ ਵਾਰ ਗੋਸ਼ਟੀਆਂ, ਸਨਮਾਨ ਵੀ ਕਰਨੇ ਪੈ ਜਾਂਦੇ ਹਨ।
      ਕੁੱਝ ਮੱਛੀਆਂ ਆਪਣਾ ਮਾਲ ਇੱਧਰ-ਉੱਧਰ ਕਰਨ ਦਾ ਕਾਰੋਬਾਰ ਵੀ ਕਰਦੀਆਂ ਹਨ। ਇਹ ਝੀਲ ਦੀਆਂ ਮੱਛੀਆਂ ਹੁੰਦੀਆਂ ਹਨ। ਇਨ੍ਹਾਂ ਕਈ ਆਲੋਚਕ ਪਾਲੇ ਹੁੰਦੇ ਹਨ। ਜਿੰਨ੍ਹਾਂ ਦੀ ਬਦੌਲਤ ਇਨ੍ਹਾਂ ਦਾ ਕਾਰੋਬਾਰ ਚਲਦਾ ਹੈ। ਇਨ੍ਹਾਂ ਮੱਛੀਆਂ ਨੂੰ ਖਾਣ ਲਈ ਬਗਲਾ ਅਕਸਰ ਹੀ ਇੱਕ ਲੱਤ ਉੱਤੇ ਖੜ੍ਹ ਕੇ ਤਪੱਸਿਆ ਕਰਦਾ ਹੈ। ਇਹ ਮੱਛੀਆਂ ਕਿਸੇ ਕਿਸੇ ਬਜ਼ਾਰ ਵਿੱਚ ਹੀ ਮਿਲਦੀਆਂ ਹਨ।
        ਕੁੱਝ ਮੱਛੀਆਂ ਅਜਿਹੀਆਂ ਹੁੰਦੀਆਂ ਹਨ, ਜਿੰਨ੍ਹਾਂ ਦੀ ਨਸਲ ਤਾਂ ਮੱਛੀਆਂ ਵਿਚੋਂ ਹੁੰਦੀ ਹੈ ਪਰ ਉਨ੍ਹਾਂ ਦਾ ਵੀ ਮੁੱਲ ਨਹੀਂ ਪੈਂਦਾ, ਕੁੱਝ ਅਜਿਹੀਆਂ ਜੁਗਾੜਬੰਦੀ ਵਾਲੀਆਂ ਹੁੰਦੀਆਂ ਹਨ, ਜਿਹੜੀਆਂ ਟੀਸੀ ਤੋਂ ਬੇਰ ਵੀ ਤੋੜ ਲਿਆਉਂਦੀਆਂ ਹਨ। ਇਹ ਮੱਛੀਆਂ ਦੂਜਿਆਂ ਦੇ ਵਿਚਾਰ, ਪੂਰੀ ਦੀ ਪੂਰੀ ਕਾਪੀ ਕਰਨ ਵਿੱਚ ਏਨੀਆਂ ਮਾਹਰ ਹੁੰਦੀਆਂ ਹਨ, ਇਹ ਅੱਜਕਲ੍ਹ ਦੇ ਡਾਕਟਰਾਂ ਵਾਂਗ ਅਪੈਂਡਕਸ ਦਾ ਆਪ੍ਰੇਸ਼ਨ ਕਰਣ ਦੇ ਬਹਾਨੇ ਗੁਰਦਾ ਚੁਰਾ ਲੈਣ ਵਰਗਾ ਕੰਮ ਕਰਦੀਆਂ ਹਨ। ਇਨ੍ਹਾਂ ਮੱਛੀਆਂ ਕੋਲੋਂ ਅਕਸਰ ਹੀ ਦੂਜੀਆਂ ਮੱਛੀਆਂ ਬਚ ਕੇ ਲੰਘਦੀਆਂ ਹਨ।
 ਸਾਹਿਤ ਦੀਆਂ ਮੱਛੀਆਂ ਦੀਆਂ ਹੋਰ ਕਿੰਨੀਆਂ ਕਿਸਮਾਂ ਹਨ, ਇਹ ਤੁਸੀ ਆਪਣੇ ਆਲੇ-ਦੁਆਲੇ ਫਿਰਦੀਆਂ ਮੱਛੀਆਂ ਵਿਚੋਂ ਤਲਾਸ਼ ਕਰੋਗੇ? ਸ਼ਨਾਖਤ ਕਰੋ! ਕਿਹੜੀ-ਕਿਹੜੀ ‘ਮੱਛੀ’ ਕਿੱਥੇ-ਕਿੱਥੇ ਕੜ੍ਹੀ ਘੋਲ੍ਹਦੀ ਹੈ ਤੇ ਖ਼ੁਦ ਕੜ੍ਹੀ ਬਣਦੀ ਹੈ?
ਸੰਪਰਕ :94643-70823
budhsinghneelon0gmail.com