ਨੇਤਾਜੀ ਦੇ ਪੂਰਨਿਆਂ ’ਤੇ ਚੱਲਣਾ ਆਸਾਨ ਨਹੀਂ - ਵਾਪੱਲਾ ਬਾਲਾਚੰਦਰਨ
ਨਵੀਂ ਦਿੱਲੀ ਦੇ ਇੰਡੀਆ ਗੇਟ ’ਤੇ ਲੰਘੀ 8 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਵਿਰਾਟ ਬੁੱਤ ਦਾ ਉਦਘਾਟਨ ਇਕ ਇਤਿਹਾਸਕ ਘਟਨਾ ਸੀ। ਇਹ ਸਹੀ ਫ਼ੈਸਲਾ ਹੈ ਜੋ ਕਈ ਸਾਲਾਂ ਤੱਕ ਬਣੀ ਰਹੀ ਜਕੋਤਕੀ ਤੋਂ ਬਾਅਦ ਲਿਆ ਗਿਆ ਹੈ ਕਿ ਉਸ ਖਾਲੀ ਜਗ੍ਹਾ ਦਾ ਇਸਤੇਮਾਲ ਕਿੰਝ ਕੀਤਾ ਜਾਵੇ ਜਿੱਥੇ ਕਦੇ ਬਰਤਾਨਵੀ ਸਮਰਾਟ ਕਿੰਗ ਜੌਰਜ ਪੰਜਵੇਂ ਦਾ ਬੁੱਤ ਲੱਗਾ ਹੋਇਆ ਸੀ। ਇਸ ਦੇ ਨਾਲ ਹੀ ਨੇਤਾਜੀ ਨੂੰ ਮਰਨਉਪਰੰਤ ਦਿੱਲੀ ਵਿਚ ਜਗ੍ਹਾ ਹਾਸਲ ਹੋ ਗਈ ਹੈ ਜਿਸ ਲਈ ਉਨ੍ਹਾਂ 26 ਜਨਵਰੀ 1941 ਨੂੰ ਉਦੋਂ ਯਾਤਰਾ ਸ਼ੁਰੂ ਕੀਤੀ ਸੀ ਜਦੋਂ ਕੌਮੀ ਆਜ਼ਾਦੀ ਹਾਸਲ ਕਰਨ ਲਈ ਉਨ੍ਹਾਂ ਕੁਝ ਹੋਰ ਬਦਲ ਅਪਣਾਉਣ ਦੇ ਯਤਨ ਵਿੱਢੇ ਸਨ।
ਸ੍ਰੀ ਮੋਦੀ ਨੇ ਨੇਤਾਜੀ ਨੂੰ ਅੰਡੇਮਾਨ ਨੂੰ ਬਸਤੀਵਾਦੀ ਸ਼ਾਸਨ ਤੋਂ ਮੁਕਤ ਕਰਵਾ ਕੇ 1947 ਤੋਂ ਪਹਿਲਾਂ ਤਿਰੰਗਾ ਝੰਡਾ ਲਹਿਰਾਉਣ ਬਦਲੇ ਅਖੰਡ ਭਾਰਤ ਦਾ ਪਹਿਲਾ ਮੁਖੀ ਕਰਾਰ ਦੇ ਕੇ ਸਹੀ ਗੱਲ ਆਖੀ ਹੈ। ਉਂਝ, ਉਨ੍ਹਾਂ ਇਸ ਗੱਲ ’ਤੇ ਅਫ਼ਸੋਸ ਜ਼ਾਹਰ ਕੀਤਾ ਹੈ ਕਿ ਸੁਭਾਸ਼ ਬਾਬੂ ਵੱਲੋਂ ਦਿਖਾਇਆ ਮਾਰਗ 1947 ਤੋਂ ਬਾਅਦ ਭੁਲਾ ਦਿੱਤਾ ਗਿਆ ਸੀ। ਹੁਣ ਤੋਂ ਇਹ ਬੁੱਤ ਰਾਸ਼ਟਰ ਨੂੰ ਨੇਤਾਜੀ ਦੀ ਊਰਜਾ ਪਹੁੰਚਾਉਣ ਦਾ ਮਾਧਿਅਮ ਬਣੇਗਾ।
ਨੇਤਾਜੀ ਦੇ ਆਜ਼ਾਦ ਭਾਰਤ ਬਾਰੇ ਕਿਹੋ ਜਿਹੇ ਆਦਰਸ਼ ਸਨ? ਸਾਡੀ ਪੀੜ੍ਹੀ ਦੇ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਇਹ ਪਤਾ ਨਹੀਂ ਹੋਵੇਗਾ ਕਿ ਨੇਤਾਜੀ ਨੇ ਯੂਰਪ ਵਿਚ ਇਕ ਤਜਰਬਾ ਕੀਤਾ ਸੀ ਕਿ ਆਜ਼ਾਦੀ ਤੋਂ ਬਾਅਦ ਭਾਰਤ ਦੇ ਸੁਰੱਖਿਆ ਦਸਤਿਆਂ ਦੀ ਢਾਂਚਾਬੰਦੀ ਕਿਹੋ ਜਿਹੀ ਹੋਣੀ ਚਾਹੀਦੀ ਹੈ। ਇਹ 25 ਅਗਸਤ 1943 ਨੂੰ ਉਨ੍ਹਾਂ ਵੱਲੋਂ ਆਜ਼ਾਦ ਹਿੰਦ ਫ਼ੌਜ (ਆਈਐੱਨਏ) ਅਤੇ ਸਿਓਨਾਨ (ਸਿੰਗਾਪੁਰ) ਵਿਚ ਆਜ਼ਾਦ ਹਿੰਦ ਦੀ ਅੰਤਰਿਮ ਸਰਕਾਰ ਦੀ ਅਗਵਾਈ ਸੰਭਾਲਣ ਤੋਂ ਕਾਫ਼ੀ ਪਹਿਲਾਂ ਦੀ ਗੱਲ ਹੈ।
1934 ਤੋਂ ਲੈ ਕੇ ਕਈ ਸਾਲਾਂ ਤੱਕ ਵਿਦੇਸ਼ ਨੀਤੀ, ਰੱਖਿਆ ਅਤੇ ਅੰਦਰੂਨੀ ਸ਼ਾਸਨ ਮੁਤੱਲਕ ਜਿਸ ਵਿਅਕਤੀ ਨਾਲ ਉਹ ਲਗਾਤਾਰ ਵਿਚਾਰ ਚਰਚਾ ਕਰਦੇ ਰਹਿੰਦੇ ਸਨ, ਉਹ ਸਨ ਭਾਰਤੀ ਪੱਤਰਕਾਰ ਮਰਹੂਮ ਏ.ਸੀ.ਐੱਨ. ਨਾਂਬੀਆਰ ਜੋ 1942 ਤੋਂ 1945 ਤੱਕ ਯੂਰਪ ਵਿਚ ਉਨ੍ਹਾਂ ਦੇ ਬਹੁਤ ਕਰੀਬੀ ਭਾਈਵਾਲ ਬਣ ਗਏ ਸਨ। ਉਹ ਜਵਾਹਰਲਾਲ ਨਹਿਰੂ ਦੇ ਪਰਿਵਾਰ ਦੇ ਵੀ ਕਰੀਬੀ ਮਿੱਤਰ ਸਨ।
ਨਾਂਬੀਆਰ ਨਾਲ ਬੋਸ ਦੀ ਪਹਿਲੀ ਮੁਲਾਕਾਤ 1934 ਵਿਚ ਪ੍ਰਾਗ ਵਿਚ ਹੋਈ ਸੀ ਜਿੱਥੇ ਉਹ ਜਰਮਨੀ ’ਚੋਂ ਦੇਸ਼ ਨਿਕਾਲਾ ਮਿਲਣ ਤੋਂ ਬਾਅਦ ਰਹਿ ਰਹੇ ਸਨ। ਨਾਜ਼ੀਆਂ ਨੇ ਉਨ੍ਹਾਂ ’ਤੇ 1933 ਵਿਚ ਰਾਇਖਸਟਾਗ ਅਗਨੀਕਾਂਡ ਕਰਾਉਣ ਦਾ ਦੋਸ਼ ਲਾਇਆ ਸੀ। 1938 ਤੱਕ ਉਹ ਯੂਰਪ ਦੇ ਕਈ ਦੌਰਿਆਂ ਸਮੇਂ ਉਨ੍ਹਾਂ ਦੇ ਨਾਲ ਸਨ। ਮਾਰਚ 1939 ਵਿਚ ਜਦੋਂ ਹਿਟਲਰ ਨੇ ਚੈਕੋਸਲੋਵਾਕੀਆ ’ਤੇ ਕਬਜ਼ਾ ਕਰ ਲਿਆ ਸੀ ਤਾਂ ਨਾਂਬੀਆਰ ਰੂਪੋਸ਼ ਹੋ ਗਏ।
1941 ਵਿਚ ਹਿੰਦੋਸਤਾਨ ਤੋਂ ਫਰਾਰ ਹੋਣ ਤੋਂ ਬਾਅਦ ਬੋਸ ਹੋਰਾਂ ਨੇ ਸਪੇਨ ਦੀ ਸਰਹੱਦ ’ਤੇ ਫੋਇਕਸ ਵਿਖੇ ਨਾਂਬੀਆਰ ਦਾ ਟਿਕਾਣਾ ਲੱਭ ਲਿਆ ਅਤੇ ਜਨਵਰੀ 1941 ਵਿਚ ਉਨ੍ਹਾਂ ਨੂੰ ‘ਆਜ਼ਾਦ ਹਿੰਦ ਦੇ ਦਫ਼ਤਰ’ ਵਿਚ ਬਾਕਾਇਦਾ ਆਪਣਾ ਡਿਪਟੀ ਨਿਯੁਕਤ ਕਰ ਦਿੱਤਾ ਸੀ। ਇਹ ਦਫ਼ਤਰ ਬਰਲਿਨ ਵਿਚ ਜਰਮਨ ਵਿਦੇਸ਼ ਵਿਭਾਗ ਨਾਲ ਜੁੜਿਆ ਹੋਇਆ ਸੀ ਤੇ ਇਸ ਨੂੰ ਮੁਕੰਮਲ ਕੂਟਨੀਤਕ ਦਰਜਾ ਮਿਲਿਆ ਹੋਇਆ ਸੀ। ਬੋਸ ਨੇ ਨਾਂਬੀਆਰ ਨੂੰ ਇਹ ਵੀ ਦੱਸਿਆ ਸੀ ਕਿ ਉਨ੍ਹਾਂ ਦੇ ਬਰਲਿਨ ਤੋਂ ਦੂਰ ਪੂਰਬ ਲਈ ਰਵਾਨਾ ਹੋਣ ਤੋਂ ਬਾਅਦ ਉਨ੍ਹਾਂ (ਨਾਂਬੀਆਰ) ਨੂੰ ਯੂਰਪੀ ਅਪਰੇਸ਼ਨਾਂ ਦੀ ਕਮਾਨ ਸੰਭਾਲਣ ਲਈ ਚੁਣਿਆ ਗਿਆ ਹੈ। ਇਸ ਬਾਰੇ ਹੋਰ ਕੋਈ ਵੀ ਨਹੀਂ ਜਾਣਦਾ ਸੀ। ਇਹ ਉਸ ਤੋਂ ਬਾਅਦ ਦੀ ਗੱਲ ਹੈ ਜਦੋਂ ਹਿਟਲਰ ਨੇ ਮਈ 1942 ਵਿਚ ਬੋਸ ਨੂੰ ਹਿੰਦੋਸਤਾਨ ’ਚੋਂ ਅੰਗਰੇਜ਼ਾਂ ਨੂੰ ਖਦੇੜਨ ਲਈ ਜਪਾਨੀਆਂ ਦੀ ਮਦਦ ਲੈਣ ਦਾ ਮਸ਼ਵਰਾ ਦਿੱਤਾ ਸੀ। 1940 ਦੀ ਬਰਲਿਨ ਸੰਧੀ ਜਿਸ ਤਹਿਤ ਦੁਨੀਆ ਨੂੰ ਇਤਾਲਵੀ, ਜਰਮਨ ਅਤੇ ਜਪਾਨੀ ‘ਪ੍ਰਭਾਵ ਵਾਲੇ ਖੇਤਰਾਂ’ ਵਿਚ ਵੰਡਿਆ ਗਿਆ ਸੀ, ਮੁਤਾਬਿਕ ਹਿੰਦੋਸਤਾਨ ਜਪਾਨੀ ਖੇਤਰ ਅਧੀਨ ਆਉਂਦਾ ਸੀ।
ਅੱਠ ਫਰਵਰੀ 1943 ਨੂੰ ਬੋਸ ਗੁਪਤ ਤਰੀਕੇ ਨਾਲ ਯੂਰਪ ਤੋਂ ਰਵਾਨਾ ਹੋ ਗਏ ਸਨ। ਨਾਂਬੀਆਰ ਜਰਮਨ ਜਪਾਨੀ ਸੂਤਰਾਂ ਤੇ ਸਰੋਤਾਂ ਰਾਹੀਂ ਉਨ੍ਹਾਂ ਨਾਲ ਸੰਪਰਕ ਵਿਚ ਰਹੇ ਸਨ। 12 ਜਨਵਰੀ 1945 ਦਾ ਉਨ੍ਹਾਂ ਦਾ ਆਖ਼ਰੀ ਸੁਨੇਹਾ ਜਰਮਨ ਕਿਸ਼ਤੀ ਯੂ-234 ਰਾਹੀਂ ਭੇਜਿਆ ਗਿਆ ਸੀ ਪਰ 14 ਮਈ 1945 ਨੂੰ ਇਸ ਵੱਲੋਂ ਅਮਰੀਕੀ ਜਲ ਸੈਨਾ ਅੱਗੇ ਆਤਮ ਸਮਰਪਣ ਕਰਨ ਕਰਕੇ ਇਹ ਸੁਨੇਹਾ ਬੋਸ ਤੱਕ ਪਹੁੰਚ ਨਹੀਂ ਸਕਿਆ। ਫਿਰ 18 ਅਗਸਤ 1945 ਨੂੰ ਇਕ ਹਵਾਈ ਹਾਦਸੇ ਵਿਚ ਬੋਸ ਦਾ ਦੇਹਾਂਤ ਹੋ ਗਿਆ ਸੀ।
ਨਾਂਬੀਆਰ ਨੇ ਮੈਨੂੰ ਦੱਸਿਆ ਸੀ ਕਿ ਵਿਦੇਸ਼ੀ ਧਰਤੀ ’ਤੇ ਆਜ਼ਾਦੀ ਸੰਗਰਾਮ ਲਈ ਲੜਦਿਆਂ ਬੋਸ ਨੇ ਸ਼ਾਸਨ ਦੇ ਸਾਰੇ ਢਾਂਚਿਆਂ ਦੀ ਜੋ ਵਿਉਂਤਬੰਦੀ ਬਣਾਈ ਸੀ ਉਹ ਫ਼ਿਰਕੂ ਇਕਸੁਰਤਾ ਦੇ ਗਾਂਧੀ ਜੀ ਦੇ ਸੰਕਲਪ ’ਤੇ ਹੀ ਆਧਾਰਿਤ ਸੀ। ਬੋਸ ਵੱਲੋਂ ਜਰਮਨੀ ਵਿਚ ਵਿੱਢੀਆਂ ਗਈਆਂ ਸ਼ੁਰੂਆਤੀ ਸਰਗਰਮੀਆਂ ਵਿਚੋਂ ਇਕ ਸੀ : ਜਰਮਨਾਂ ਦੀ ਮਦਦ ਨਾਲ ਅਫ਼ਰੀਕੀ ਮੁਹਿੰਮ ਦੌਰਾਨ ਬਣਾਏ ਗਏ ਹਿੰਦੋਸਤਾਨੀ ਜੰਗੀ ਕੈਦੀਆਂ ’ਚੋਂ ਵਾਲੰਟੀਅਰ ਲੈ ਕੇ ‘ਹਿੰਦੋਸਤਾਨੀ ਫ਼ੌਜ’ ਦਾ ਗਠਨ ਜਿਸ ਦੀ ਸ਼ੁਰੂਆਤ ਦਸੰਬਰ 1941 ਵਿਚ ਹੋਈ ਸੀ। ਇਕ ਸਾਲ ਦੇ ਅੰਦਰ ਅੰਦਰ 4000 ਵਾਲੰਟੀਅਰਾਂ ਦੀ ਸੂਚੀ ਬਣ ਗਈ ਸੀ। ਦੂਜਾ ਕੰਮ ਸੀ ‘ਆਜ਼ਾਦ ਹਿੰਦ ਰੇਡੀਓ’ ਦੀ ਸਥਾਪਨਾ ਜਿਸ ਰਾਹੀਂ 6 ਜਨਵਰੀ 1942 ਨੂੰ ਪਹਿਲੀ ਵਾਰ ‘ਦਿੱਲੀ ਚਲੋ’ ਦਾ ਸੱਦਾ ਦਿੱਤਾ ਗਿਆ ਸੀ। ਬੋਸ ਦੀ ਇੱਛਾ ਸੀ ਕਿ ਇਹ ਸੈਨਾ ਹਿੰਦੋਸਤਾਨ ਪਹੁੰਚ ਕੇ ਭਵਿੱਖ ਦੀ ਭਾਰਤੀ ਫ਼ੌਜ ਦੀ ਧੁਰੀ ਬਣੇ : ‘‘ਇਸ ਫ਼ੌਜ ਵਿਚ ਹਿੰਦੋਸਤਾਨ ਦੇ ਪ੍ਰਮੁੱਖ ਭਾਈਚਾਰਿਆਂ ਦੀ ਨੁਮਾਇੰਦਗੀ ਸੀ ਜੋ ਇਕਜੁੱਟ ਸੰਸਥਾ ਦੇ ਤੌਰ ’ਤੇ ਕੰਮ ਕਰਦੀ ਸੀ। ਬੋਸ ਘੱਟਗਿਣਤੀ ਭਾਈਚਾਰਿਆਂ ਦੇ ਤੌਰ ’ਤੇ ਮੁਸਲਮਾਨਾਂ ਅਤੇ ਸਿੱਖਾਂ ਦੀ ਭਲਾਈ ਪ੍ਰਤੀ ਬਹੁਤ ਸੁਚੇਤ ਸਨ।’’ ਬੋਸ ਆਪਣੀ ਨਵੀਂ ਫ਼ੌਜ ਨੂੰ ਉਸ ਵੇਲੇ ਪ੍ਰਚੱਲਤ ਧਾਰਨਾ ਮੁਤਾਬਿਕ ਧਰਮ, ਜਾਤ ਜਾਂ ਖੇਤਰ ਦੇ ਆਧਾਰ ’ਤੇ ਵੰਡਣ ਦੇ ਪੱਖ ਵਿਚ ਨਹੀਂ ਸਨ।
ਕੌਮੀ ਝੰਡੇ ਅਤੇ ਤਰਾਨੇ ਦੀ ਚੋਣ ਵੇਲੇ ਬਹੁਤ ਧਿਆਨ ਵਰਤਿਆ ਗਿਆ ਸੀ ਤਾਂ ਕਿ ਕਿਸੇ ਘੱਟਗਿਣਤੀ ਦੀ ਭਾਵਨਾ ਨੂੰ ਠੇਸ ਨਾ ਪੁੱਜੇ। ‘ਵੰਦੇ ਮਾਤਰਮ’ ਪ੍ਰਤੀ ਮੁਸਲਮਾਨਾਂ ਨੂੰ ਉਜ਼ਰ ਸੀ ਜਿਸ ਕਰਕੇ ਇਸ ਦੀ ਬਜਾਏ ਉਨ੍ਹਾਂ ਰਾਬਿੰਦਰਨਾਥ ਟੈਗੋਰ ਵੱਲੋਂ ਲਿਖੇ ਗੀਤ ‘ਜਨ ਗਨ ਮਨ’ ਦੀ ਚੋਣ ਕੀਤੀ ਸੀ। ਇਤਿਹਾਸਕਾਰ ਸੌਗਾਤਾ ਬੋਸ ਦਾ ਕਹਿਣਾ ਹੈ ਕਿ ‘ਆਜ਼ਾਦ ਹਿੰਦ ਫ਼ੌਜ’ ਦੇ ਤਿਰੰਗੇ ਝੰਡੇ ਵਿਚਕਾਰ ‘ਉੱਡਦੇ ਬਾਘ’ ਦਾ ਚਿੱਤਰ ਛਾਪਿਆ ਗਿਆ ਸੀ ਤਾਂ ਕਿ ਅੰਗਰੇਜ਼ਾਂ ਖਿਲਾਫ਼ ਮੈਸੂਰ ਦੇ ਯੋਧੇ ਟੀਪੂ ਸੁਲਤਾਨ ਦੀ ਯਾਦ ਤੋਂ ਪ੍ਰੇਰਨਾ ਮਿਲ ਸਕੇ। ਬਾਅਦ ਵਿਚ ਆਜ਼ਾਦ ਹਿੰਦ ਫ਼ੌਜ ਵੱਲੋਂ ਇਸ ਦੀ ਥਾਂ ਗਾਂਧੀ ਜੀ ਦਾ ਚਰਖਾ ਸ਼ਾਮਲ ਕੀਤਾ ਗਿਆ ਸੀ।
ਬੋਸ ਦਾ ਇਹ ਦ੍ਰਿੜ੍ਹ ਵਿਸ਼ਵਾਸ ਸੀ ਕਿ ਆਜ਼ਾਦ ਹਿੰਦ ਫ਼ੌਜ ਵਿਚ ਵੱਖੋ ਵੱਖਰੀਆਂ ਹਿੰਦੋਸਤਾਨੀ ਬੋਲੀਆਂ ਨਾਲ ਇਸ ਦੀ ਏਕਤਾ ਨੂੰ ਠੇਸ ਨਹੀਂ ਪਹੁੰਚਣੀ ਚਾਹੀਦੀ। ਔਕਸਫੋਰਡ ਕਾਲਜ ਆਫ ਟੈਕਨਾਲੋਜੀ ਦੇ ਵਿਜ਼ਿਟਿੰਗ ਲੈਕਚਰਾਰ ਰੁਡੋਲਫ ਹਾਰਟੌਗ ਨੇ ਆਜ਼ਾਦ ਹਿੰਦ ਫ਼ੌਜ (1941-1945) ਲਈ ਹਿੰਦੀ-ਜਰਮਨ ਦੁਭਾਸ਼ੀਏ ਵਜੋਂ ਕੰਮ ਕੀਤਾ ਸੀ। ਉਸ ਨੇ ਆਖਿਆ ਕਿ ਆਜ਼ਾਦ ਹਿੰਦ ਫ਼ੌਜ ਵੱਲੋਂ ਰੋਮਨ ਲਿਪੀ ਵਿਚ ਲਿਖੀ ਗਈ ਹਿੰਦੋਸਤਾਨੀ ਨੂੰ ਧਾਰਨ ਕੀਤਾ ਗਿਆ ਸੀ : ‘‘ਹਿੰਦੂਆਂ ਤੇ ਮੁਸਲਮਾਨਾਂ ਦੋਵਾਂ ਦੇ ਭਾਸ਼ਾਈ ਭੰਡਾਰ ਨੂੰ ਸਮੋ ਕੇ ਬਣਾਈ ਗਈ ਹਿੰਦੋਸਤਾਨੀ ਇਕ ਅਜਿਹੀ ਭਾਸ਼ਾ ਸੀ ਜਿਸ ਵਿਚ ਹਿੰਦੋਸਤਾਨ ਦੇ ਦੋਵੇਂ ਮੋਹਰੀ ਸਭਿਆਚਾਰਾਂ ਦੇ ਤੱਤ ਸ਼ਾਮਲ ਸਨ।’’
ਹਾਲਾਂਕਿ ਬੋਸ ਨੇ ਕਾਂਗਰਸ ਅੰਦਰਲੇ ਸੱਜੇ ਪੱਖੀਆਂ ਨਾਲ ਆਪਣੀ ਲੜਾਈ ਕਰਕੇ 1939 ਵਿਚ ਗਾਂਧੀ ਜੀ ਨਾਲੋਂ ਦੂਰੀ ਅਖਤਿਆਰ ਕਰ ਲਈ ਸੀ ਪਰ ਇਸ ਨਾਲ ਉਨ੍ਹਾਂ ਦੇ ਮਨ ਵਿਚ ਉਨ੍ਹਾਂ ਪ੍ਰਤੀ ਸਤਿਕਾਰ ’ਚ ਕੋਈ ਫ਼ਰਕ ਨਹੀਂ ਪਿਆ। ਗਾਂਧੀ ਜੀ ਵੱਲੋਂ 1942 ਵਿਚ ‘ਅੰਗਰੇਜ਼ੋ, ਭਾਰਤ ਛੱਡੋ’ ਮੁਹਿੰਮ ਦਾ ਐਲਾਨ ਕਰਨ ਤੋਂ ਬਾਅਦ ਬੋਸ ਜਰਮਨੀ ’ਚੋਂ ‘ਆਜ਼ਾਦ ਹਿੰਦ ਰੇਡੀਓ’ ਤੋਂ ਸਾਰੇ ਹਿੰਦੋਸਤਾਨੀਆਂ ਨੂੰ ਗਾਂਧੀ ਜੀ ਦੇ ਅੰਦੋਲਨ ਦੀ ਹਮਾਇਤ ਕਰਨ ਦਾ ਸੱਦਾ ਦਿੰਦੇ ਰਹਿੰਦੇ ਸਨ। ਸੌਗਾਤਾ ਬੋਸ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਹੈ ਕਿ ਉਨ੍ਹਾਂ ਅਕਾਲੀ ਦਲ, ਬੰਗਾਲ ਦੀ ਕ੍ਰਿਸ਼ਕ ਪਰਜਾ ਪਾਰਟੀ ਅਤੇ ਮੁਸਲਿਮ ਲੀਗ ਵਿਚਲੇ ‘ਅਗਾਂਹਵਧੂ ਤੱਤਾਂ’ ਜਿਹੇ ਵੱਖੋ-ਵੱਖਰੇ ਗਰੁੱਪਾਂ ਨੂੰ ਗਾਂਧੀ ਜੀ ਦੀ ਮੁਹਿੰਮ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ।
ਛੇ ਜੁਲਾਈ 1944 ਨੂੰ ਬੋਸ ਨੇ ਆਜ਼ਾਦ ਹਿੰਦ ਫ਼ੌਜ ਦੀ ਮੁਹਿੰਮ ਲਈ ਗਾਂਧੀ ਜੀ ਦਾ ਆਸ਼ੀਰਵਾਦ ਲੈਣ ਲਈ ਸਿੰਗਾਪੁਰ ਤੋਂ ਇਕ ਵਿਸ਼ੇਸ਼ ਰੇਡੀਓ ਸੰਬੋਧਨ ਕੀਤਾ ਸੀ: ‘‘ਸਾਡੇ ਰਾਸ਼ਟਰ ਪਿਤਾ, ਭਾਰਤ ਦੀ ਇਸ ਆਜ਼ਾਦੀ ਦੇ ਇਸ ਪਾਵਨ ਯੁੱਧ ਵਿਚ ਅਸੀਂ ਤੁਹਾਡਾ ਆਸ਼ੀਰਵਾਦ ਅਤੇ ਸ਼ੁਭਕਾਮਨਾਵਾਂ ਮੰਗਦੇ ਹਾਂ।’’ ਭਾਰਤ ਸਰਕਾਰ ਵੱਲੋਂ 2012 ਵਿਚ ਸੂਚਨਾ ਦੇ ਅਧਿਕਾਰ ਕਾਨੂੰਨ (ਆਰ.ਟੀ.ਆਈ.) ਤਹਿਤ ਦਾਇਰ ਇਕ ਅਰਜ਼ੀ ਦੇ ਜਵਾਬ ਵਿਚ ਪਹਿਲੀ ਵਾਰ ਇਸ ਦਾ ਖੁਲਾਸਾ ਕੀਤਾ ਗਿਆ ਸੀ।
ਜੇ ਐਨ.ਡੀ.ਏ. ਸਰਕਾਰ ਸੁਭਾਸ਼ ਚੰਦਰ ਬੋਸ ਦੀਆਂ ਤਰਜੀਹਾਂ ’ਤੇ ਚੱਲਣਾ ਚਾਹੁੰਦੀ ਹੈ ਤਾਂ ਆਮ ਤੌਰ ’ਤੇ ਸਮੁੱਚੇ ਦੇਸ਼ ਅੰਦਰ, ਖ਼ਾਸਕਰ ਭਾਜਪਾ ਦੇ ਸ਼ਾਸਨ ਵਾਲੇ ਸੂਬਿਆਂ ਅੰਦਰ ਫ਼ਿਰਕੂ ਮਾਹੌਲ ਵਿਚ ਚੋਖਾ ਸੁਧਾਰ ਲਿਆਉਣ ਦੀ ਲੋੜ ਹੈ। ਨਹੀਂ ਤਾਂ ਇਹ ਸਭ ਸਿਰਫ਼ ਇਕ ਹੋਰ ਨਾਅਰਾ ਹੀ ਬਣ ਕੇ ਰਹਿ ਜਾਵੇਗਾ।
* ਲੇਖਕ ਕੇਂਦਰ ਸਰਕਾਰ ਦੇ ਸਾਬਕਾ ਵਿਸ਼ੇਸ਼ ਸਕੱਤਰ ਰਹੇ ਹਨ।