ਨਹਿਰੂ-ਵਿਰੋਧ ਦੀਆਂ ਜੜ੍ਹਾਂ - ਅਵਿਜੀਤ ਪਾਠਕ
ਜਿਵੇਂ ਦੇਸ਼ ਦੇ ਇਕ ਮੋਹਰੀ ਮੀਡੀਆ ਘਰਾਣੇ ਦੇ ਕਰਵਾਏ ਹਾਲੀਆ ਸਰਵੇ ਵਿਚ ‘ਦੇਸ਼ ਦਾ ਮਿਜ਼ਾਜ’ ਦਿਖਾਇਆ ਗਿਆ ਹੈ ਅਤੇ ਸਾਨੂੰ ਇਹ ਭਰੋਸਾ ਦਿਵਾਇਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਹੁਤ ਹੀ ਮਕਬੂਲ ਹਨ। ਜਿਵੇਂ ਸਾਨੂੰ ਦੱਸਿਆ ਗਿਆ ਹੈ, ਮੋਦੀ ਇਸ ਦੇਸ਼ ਦੇ ਹੁਣ ਤੱਕ ਦੇ ਸਭ ਤੋਂ ‘ਬਿਹਤਰੀਨ’ ਪ੍ਰਧਾਨ ਮੰਤਰੀ ਹਨ ਅਤੇ ਉਹ ਬਾਕੀ ਸਾਰੇ ਪ੍ਰਧਾਨ ਮੰਤਰੀਆਂ ’ਤੇ ਛਾਏ ਹੋਏ ਹਨ। ਸੱਚਮੁੱਚ ਅਸੀਂ ਇਸ ਵਕਤ ‘ਮੋਦੀ ਦੇ ਜ਼ਮਾਨੇ’ ਵਿਚ ਰਹਿ ਰਹੇ ਹਾਂ, ਸਰਬ ਵਿਆਪਕ ਮੋਦੀ ਬਤੌਰ ‘ਆਲਮੀ ਆਗੂ’ ਚਾਰੇ ਪਾਸੇ ਘੁੰਮ ਰਹੇ ਹਨ, ਆਪਣੇ ਖ਼ਾਸ ਨਾਟਕੀ ਅੰਦਾਜ਼ ਨਾਲ ਤਕਰੀਰਾਂ ਕਰਦੇ ਹੋਏ, ਹਰ ਤਰ੍ਹਾਂ ਦੀਆਂ ਚੀਜ਼ਾਂ ਦੇ ਵਾਅਦੇ ਕਰਦੇ ਹੋਏ ਅਤੇ ਹੋਰ ਹਰ ਕਿਸੇ ਨਿਗੂਣਾ ਤੇ ਮਹੱਤਵਹੀਣ ਬਣਾਉਂਦੇ ਹੋਏ, ਸਮੇਤ ਆਪਣੇ ਸਾਥੀ ਮੰਤਰੀਆਂ ਤੱਕ ਦੇ।
ਇਸ ਦੇ ਬਾਵਜੂਦ ਇਕ ਸਵਾਲ ਲਗਾਤਾਰ ਸਾਨੂੰ ਪ੍ਰੇਸ਼ਾਨ ਕਰ ਰਿਹਾ ਹੈ। ਮੋਦੀ ਦੇ ਆਮ ਨਾਲੋਂ ਕਿਤੇ ਵੱਡੇ ਇਸ ਅਕਸ ਦੇ ਬਾਵਜੂਦ ਕੀ ਕਾਰਨ ਹੈ ਕਿ ਹਾਕਮ ਧਿਰ (ਤੇ ਹਾਂ, ਨਾਲ ਹੀ ਇਸ ਨਾਲ ਜੁੜੀ ਹੋਈ ਪ੍ਰਚਾਰ ਮਸ਼ੀਨਰੀ) ਕਦੇ ਵੀ ਜਵਾਹਰ ਲਾਲ ਨਹਿਰੂ ਦੀ ਹੇਠੀ ਕਰਨ ਜਾਂ ਉਨ੍ਹਾਂ ਦੀ ਕਦਰ ਘਟਾਉਣ ਤੋਂ ਥੱਕਦੀ-ਅੱਕਦੀ ਨਹੀਂ? ਅਜਿਹਾ ਕਿਉਂ ਹੈ ਕਿ ਕਰਨਾਟਕ ਸਰਕਾਰ ਆਪਣੇ ਮੀਡੀਆ ਇਸ਼ਤਿਹਾਰ ਵਿਚ ਆਜ਼ਾਦੀ ਘੁਲਾਟੀਆਂ ਦੀ ਸੂਚੀ ਵਿਚੋਂ ਨਹਿਰੂ ਦਾ ਨਾਂ ਹਟਾਉਣ ਤੱਕ ਬਾਰੇ ਸੋਚਦੀ ਹੈ? ਜਾਂ ਫਿਰ ਕਹਿ ਲਵੋ ਕਿ ਅਜਿਹਾ ਕਿਉਂ ਹੈ ਕਿ ਇਕ ਹਿੰਦੀ ਟੈਲੀਵਿਜ਼ਨ ਚੈਨਲ ਨੂੰ (ਇਕ ਵਾਰੀ ਮੁੜ ਅੰਕੜਿਆਂ ਦੇ ਰਹੱਸ ਰਾਹੀਂ) ਦਾਅਵਾ ਕਰਨਾ ਪੈਂਦਾ ਹੈ ਕਿ ਰਾਸ਼ਟਰ/ਕੌਮ ਵੱਲੋਂ ਨਹਿਰੂ ਨੂੰ ਸਭ ਤੋਂ ਮਾੜਾ ਪ੍ਰਧਾਨ ਮੰਤਰੀ ਮੰਨਿਆ ਜਾਂਦਾ ਹੈ ?
ਕੀ ਸਵੈ-ਪ੍ਰਸ਼ੰਸਾ ਵਿਚ ਕੁਝ ਆਪਾ-ਵਿਰੋਧੀ ਹੈ? ਤੁਸੀਂ ਜਿੰਨੇ ਜਿ਼ਆਦਾ ਤਾਕਤਵਰ ਹੁੰਦੇ ਜਾਂਦੇ ਹੋ, ਓਨਾ ਹੀ ਜ਼ਿਆਦਾ ਅਸੁਰੱਖਿਅਤ ਮਹਿਸੂਸ ਕਰਦੇ ਹੋ! ਜਾਂ ਨਹਿਰੂ ਬਾਰੇ ਕੁਝ ਤਾਂ ਅਜਿਹਾ ਹੈ ਜਿਹੜਾ ਹਾਕਮ ਧਿਰ ਨੂੰ ਲਗਾਤਾਰ ਤੰਗ ਕਰਦਾ ਹੈ? ਨਹੀਂ ਤਾਂ ਅਸੀਂ ਇਹ ਕਿਵੇਂ ਸਮਝ ਸਕਦੇ ਹਾਂ ਕਿ ਚਿਰੋਕਣੀ ‘ਨਹਿਰੂ ਈਰਖਾ’ ਬਾਰੇ ਕੀ ਮੰਨਿਆ ਜਾ ਸਕਦਾ ਹੈ?
ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਨੂੰ ਨਹਿਰੂ ਬਾਰੇ ਤਿੰਨ ਨੁਕਤੇ ਸਾਫ਼ ਕਰਨ ਦਿਓ, ਰਾਜਨੇਤਾ ਵਜੋਂ ਉਨ੍ਹਾਂ ਦਾ ਕ੍ਰਿਸ਼ਮਾ, ਉਨ੍ਹਾਂ ਦੀ ਬੌਧਿਕ ਗਹਿਰਾਈ, ਮਹਾਤਮਾ ਗਾਂਧੀ ਨਾਲ ਉਨ੍ਹਾਂ ਦਾ ਰਿਸ਼ਤਾ ਅਤੇ ਇਸ ਸਭ ਕਾਸੇ ਤੋਂ ਵਧ ਕੇ ਉਨ੍ਹਾਂ ਵੱਲੋਂ ਸ਼ੁਰੂ ਕੀਤਾ ਰਾਸ਼ਟਰ ਨਿਰਮਾਣ ਦਾ ਕਾਰਜ।
ਪਹਿਲਾ, ਜਿਵੇਂ ‘ਦਿ ਡਿਸਕਵਰੀ ਆਫ ਇੰਡੀਆ’ (ਭਾਰਤ ਇਕ ਖੋਜ) ਅਤੇ ‘ਐਨ ਆਟੋਬਾਇਓਗ੍ਰਾਫੀ ਐਂਡ ਗਲਿੰਪਸਿਜ਼ ਆਫ਼ ਵਰਲਡ ਹਿਸਟਰੀ’ (ਇਕ ਸਵੈ-ਜੀਵਨੀ ਅਤੇ ਵਿਸ਼ਵ ਇਤਿਹਾਸ ਦੀ ਝਲਕ) ਦਾ ਕੋਈ ਵੀ ਸੁਚੇਤ ਪਾਠਕ ਇਹ ਗੱਲ ਜ਼ਰੂਰ ਮੰਨੇਗਾ ਕਿ ਨਹਿਰੂ ਸੱਚਮੁੱਚ ਚਿੰਤਕ-ਦਾਰਸ਼ਨਿਕ ਸਨ। ਉਨ੍ਹਾਂ ਦੀ ਸਮਝ ਨੇ ਉਨ੍ਹਾਂ ਨੂੰ ਇਨਸਾਨੀ ਇਤਿਹਾਸ ਦੇ ਵਿਕਾਸ - ਗਿਆਨ ਦੇ ਦੌਰ ਤੇ ਸਾਇੰਸ, ਸੱਭਿਆਚਾਰ ਤੇ ਸਿਆਸਤ ਵਿਚ ਅਹਿਮ ਇਨਕਲਾਬਾਂ ਆਦਿ ਦਾ ਅਹਿਸਾਸ ਕਰਨ ਦੇ ਕਾਬਲ ਬਣਾਇਆ, ਉਨ੍ਹਾਂ ਦੀ ਅਸਚਰਜ ਦੀ ਭਾਵਨਾ ਨੇ ਉਨ੍ਹਾਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ, ਉਹ ਅੱਖਾਂ ਜਿਹੜੀਆਂ ਭਾਰਤੀ ਸੱਭਿਅਤਾ ਦੇ ਵਹਾਅ ਨੂੰ ਦੇਖ, ਮਹਿਸੂਸ ਅਤੇ ਇਸ ਦਾ ਅਹਿਸਾਸ ਕਰ ਸਕਦੀਆਂ ਸਨ, ਤੇ ਡੂੰਘੀਆਂ ਸੱਭਿਆਚਾਰਕ ਸੰਵੇਦਨਾਵਾਂ ਨਾਲ ਭਰਪੂਰ ਆਧੁਨਿਕਤਾਵਾਦੀ ਹੋਣ ਦੇ ਨਾਤੇ ਉਹ ‘ਅਤੀਤ ਦੇ ਮੁਰਦਾ ਵਜ਼ਨ’ ਵਿਚੋਂ ਬਾਹਰ ਆਉਂਦੇ ਨਵੇਂ ਭਾਰਤ ਦਾ ਸੁਪਨਾ ਦੇਖ ਸਕਦੇ ਸਨ ਜਿਹੜਾ ‘ਵਿਗਿਆਨਕ ਸੁਭਾਅ’ ਨੂੰ ਅਪਣਾਉਂਦਾ ਹੋਇਆ ਖ਼ੁਦ ਨੂੰ ਆਧੁਨਿਕ ਵੀ ਬਣਾਉਂਦਾ ਹੈ ਪਰ ਨਾਲ ਹੀ ਉਪਨਿਸ਼ਦਾਂ ਤੋਂ ਪੈਦਾ ਹੋਈ ਸੋਝੀ, ਗੌਤਮ ਬੁੱਧ ਦੀ ਖੋਜ ਅਤੇ ਸਾਡੇ ਪੁਰਖਿਆਂ ਦੀਆਂ ਦਾਰਸ਼ਨਿਕ ਤੇ ਕਲਾਤਮਕ ਪ੍ਰਾਪਤੀਆਂ ਅਤੇ ਲਗਾਤਾਰ ਅੰਤਰ-ਧਾਰਮਿਕ ਚਰਚਾਵਾਂ ਤੇ ਸੰਵਾਦ ਨੂੰ ਨਹੀਂ ਭੁੱਲਦਾ।
ਦੂਜਾ, ਉਨ੍ਹਾਂ ਦੇ ਮਹਾਤਮਾ ਗਾਂਧੀ ਨਾਲ ਰਚਨਾਤਮਕ ਤੌਰ ’ਤੇ ਸੂਖਮ ਅਤੇ ਗੰਭੀਰ ਮੇਲ-ਮਿਲਾਪ ਨੇ ਉਨ੍ਹਾਂ ਦੇ ਜਗਿਆਸੂ ਮਨ ਦੇ ਮੰਥਨ ਨੂੰ ਜ਼ਾਹਰ ਕੀਤਾ। ਗਾਂਧੀ ਵੱਲੋਂ ਆਧੁਨਿਕ/‘ਬੇਰਹਿਮ’ ਸੱਭਿਅਤਾ (modern/‘satanic’ civilisation) ਸਬੰਧੀ ਨੈਤਿਕ/ਅਧਿਆਤਮਕ ਆਲੋਚਨਾ ਵਿਕਸਤ ਕਰਨ ਅਤੇ ‘ਸਵਰਾਜ’ ਦੀ ਜੈਵਿਕ ਜ਼ਰੂਰਤਾਂ ਅਤੇ ਵਾਤਾਵਰਨ ਨਾਲ ਸਦਭਾਵਨਾ ਭਰੇ ਰਿਸ਼ਤੇ ਵਾਲੀ ਕੁੱਲ ਮਿਲਾ ਕੇ ਇਕ ਵੱਡੇ ਪੱਧਰ ’ਤੇ ਵਿਕੇਂਦਰੀਕਰਨ ਆਧਾਰਿਤ ਧਾਰਨਾ ਵਾਸਤੇ ਕੋਸ਼ਿਸ਼ ਕਰਨ ਲਈ ਲਿਖੀ ਗਈ ਸੰਵਾਦਮਈ ਕਿਤਾਬ ‘ਹਿੰਦ ਸਵਰਾਜ’ ਦੇ ਬੁਨਿਆਦੀ ਸਿਧਾਂਤਾਂ ਨਾਲ ਤਾਂ ਭਾਵੇਂ ਆਧੁਨਿਕਤਾਵਾਦੀ ਨਹਿਰੂ ਸਹਿਮਤ ਨਹੀਂ ਸਨ ਹੋ ਸਕਦੇ ਪਰ ਤਾਂ ਵੀ ਉਹ ਗਾਂਧੀ ਤੋਂ ਬਚ ਨਹੀਂ ਸਕੇ।
ਉਧਰ ਗਾਂਧੀ ਵੀ ਉਨ੍ਹਾਂ ਉਤੇ ਭਰੋਸਾ ਕਰਦੇ ਸਨ। ਸੰਭਵ ਤੌਰ ’ਤੇ ਆਪਣੀ ਪਿਆਰ ਤੇ ਅਹਿੰਸਾ ਦੀ ਧਾਰਮਿਕਤਾ ਦੇ ਨਾਲ ਗਾਂਧੀ ਵੀ ਨਹਿਰੂ ਦੀ ਧਰਮ ਨਿਰਪੱਖਤਾ ਪ੍ਰਤੀ ਡੂੰਘੀ ਵਚਨਬੱਧਤਾ ਕਾਰਨ ਉਨ੍ਹਾਂ ਉਤੇ ਭਰੋਸਾ ਕਰਦੇ ਸਨ। ਉਨ੍ਹਾਂ ਮਹਿਸੂਸ ਕੀਤਾ ਕਿ ਨਹਿਰੂ ਹੀ ਵੰਡ ਦੇ ਸਦਮੇ ਦਾ ਸ਼ਿਕਾਰ ਅਤੇ ‘ਦੋ ਕੌਮਾਂ ਦੇ ਸਿਧਾਂਤ’ ਦੇ ਹਾਮੀਆਂ ਵੱਲੋਂ ਜ਼ਹਿਰੀਲੇ ਕੀਤੇ ਭਾਰਤ ਦੇ ਆਪੇ ਦੇ ਜ਼ਖ਼ਮਾਂ ਉਤੇ ਮੱਲ੍ਹਮ ਲਾ ਸਕਦੇ ਹਨ।
ਤੀਜਾ, ਨਹਿਰੂ ਭਲਾਈ ਰਾਜ ਦੀ ਲੋੜ ਤੇ ਪ੍ਰਸੰਗਿਕਤਾ ਨੂੰ ਹਰਮਨਪਿਆਰੀ ਬਣਾਉਣ ਵਿਚ ਕਾਮਯਾਬ ਰਹੇ : ਅਜਿਹੀ ਸਟੇਟ/ਰਿਆਸਤ ਜਿਹੜੀ ਸਮਾਜਿਕ ਪਛੜੇਪਣ ਅਤੇ ਆਰਥਿਕ ਨਾ-ਬਰਾਬਰੀ ਦੀ ਸ਼ਿੱਦਤ ਘਟਾਉਣ ਵਾਲੇ ਜਨਤਕ ਅਦਾਰਿਆਂ ਦੇ ਵਿਕਾਸ ਲਈ ਵਚਨਬੱਧ ਹੋਵੇ।
ਸਾਰੇ ਹੀ ਇਨਸਾਨਾਂ ਵਾਂਗ ਨਹਿਰੂ ਵੀ ਆਪਣੇ ਆਪ ਵਿਚ ਮੁਕੰਮਲ ਨਹੀਂ ਸਨ, ਹਾਲਾਂਕਿ ਇਹ ਕਹਿਣਾ ਵੀ ਨਾਦਾਨੀ ਹੋਵੇਗੀ ਕਿ ਉਹ ਭਾਰਤ ਵਿਚ ਇਨਕਲਾਬੀ ਤਬਦੀਲੀਆਂ ਕਰਨ ਅਤੇ ਸਾਰੀਆਂ ਸਮਾਜਿਕ-ਆਰਥਿਕ ਨਾ-ਬਰਾਬਰੀਆਂ ਤੇ ਜਾਤੀਵਾਦੀ/ਪਿਤਾ ਪੁਰਖੀ ਮਰਦ ਪ੍ਰਧਾਨਤਾ ਵਾਲੀ ਸੋਚ ਦਾ ਖ਼ਾਤਮਾ ਕਰਨ ਵਿਚ ਕਾਮਯਾਬ ਰਹੇ। ਫਿਰ ਸੰਭਵ ਤੌਰ ’ਤੇ ਨਹਿਰੂ ਦੇ ਦੌਰ ਨੇ ਵੀ ਨਵੀਂ ਤਰ੍ਹਾਂ ਦਾ ਕੁਲੀਨ ਵਰਗ ਪੈਦਾ ਕੀਤਾ ਤੇ ਉਸ ਦਾ ਪਾਲਣ ਪੋਸ਼ਣ ਕੀਤਾ, ਜਿਵੇਂ ਪੱਛਮੀ ਮੁਲਕਾਂ ਵਿਚ ਪੜ੍ਹੇ ਹੋਏ ਅਰਥ-ਸ਼ਾਸਤਰੀ, ਸਾਇੰਸਦਾਨ, ਟੈਕਨੋਕਰੇਟ, ਸਿਵਲ ਅਫਸਰਸ਼ਾਹ ਆਦਿ ਜਿਹੜੇ ਸਰਕਾਰੀ ਮਸ਼ੀਨਰੀ ਨੂੰ ਚਲਾ ਰਹੇ ਸਨ ਅਤੇ ਨਵੀਂ ਤਰ੍ਹਾਂ ਦੀ ਨੌਕਰਸ਼ਾਹਾਨਾ ਤਾਕਤ ਦਾ ਬਿਰਤਾਂਤ ਪੈਦਾ ਕਰ ਰਹੇ ਸਨ। ਫਿਰ ਵੀ ਆਜ਼ਾਦੀ ਘੁਲਾਟੀਏ ਵਜੋਂ ਨਵੇਂ ਵਿਚਾਰਾਂ ਨਾਲ ਭਰਪੂਰ ਬੁੱਧੀਜੀਵੀ ਵਜੋਂ, ਇਕ ਆਲਮੀ ਆਗੂ ਅਤੇ ਇਸ ਸਭ ਕਾਸੇ ਤੋਂ ਵੱਧ ਭਾਰਤ ਦੇ ਪਹਿਲੇ ਦੂਰਅੰਦੇਸ਼ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਜੋ ਸ਼ਾਨਦਾਰ ਕਿਰਦਾਰ ਨਿਭਾਇਆ, ਉਸ ਨੂੰ ਹਰਗਿਜ਼ ਨਕਾਰਿਆ ਨਹੀਂ ਜਾ ਸਕਦਾ।
ਇਸ ਦੇ ਬਾਵਜੂਦ ਇਨ੍ਹੀਂ ਦਿਨੀਂ ਅਸੀਂ ਆਪਣੀ ਸਾਂਝੀ ਚੇਤਨਾ ਵਿਚੋਂ ਨਹਿਰੂ ਦੇ ਯੋਗਦਾਨਾਂ ਨੂੰ ਮਿਟਾ ਦੇਣ ਦੀਆਂ ਜਥੇਬੰਦ ਕੋਸ਼ਿਸ਼ਾਂ ਹੁੰਦੀਆਂ ਦੇਖ ਰਹੇ ਹਾਂ। ਦਰਅਸਲ, ਹਿੰਦੂਤਵ ਦੇ ਹਾਮੀ ਕਦੇ ਵੀ ਨਹਿਰੂ ਦੀ ਸਟੇਟ/ਰਿਆਸਤ ਦੀ ਧਰਮ ਨਿਰਪੱਖਤਾ ਵਾਲੀ ਦ੍ਰਿਸ਼ਟੀ ਲਈ ਵਚਨਬੱਧਤਾ ਨਾਲ ਸੌਖੇ ਮਹਿਸੂਸ ਨਹੀਂ ਕਰ ਸਕਦੇ। ਤਰਕ ਦੀ ਰੌਸ਼ਨੀ ਨੂੰ ਹੀ ਨਫ਼ਰਤ ਕਰਨ ਵਾਲਾ ਜ਼ਹਿਰੀਲਾ ਵਾਤਾਵਰਨ ਹਰਗਿਜ਼ ਵੀ ਨਹਿਰੂ ਦੀ ਤੀਖਣ ਸਮਾਜਿਕ-ਸਿਆਸੀ ਸੋਚ, ਵਿਗਿਆਨਕ ਜਜ਼ਬੇ ਅਤੇ ਦਾਰਸ਼ਨਿਕ ਜਨੂਨ ਨਾਲ ਮੇਲ ਨਹੀਂ ਖਾਂਦਾ। ਭਾਰਤ ਦੇ ਜਿਸ ਵਿਚਾਰ ਨੂੰ ਨਹਿਰੂ ਨੇ ਆਪਣੀ ਚੇਤਨਾ ਦੀ ਲਚਕਤਾ ਅਤੇ ਵਿਸ਼ਵਵਿਆਪੀਕਰਨ ਨਾਲ ਸੰਜੋਇਆ ਸੀ, ਉਹ ਹਰਗਿਜ਼ ਉਸ ਸੋਚ ਨਾਲ ਮੇਲ ਖਾਂਦਾ ਨਹੀਂ ਹੋ ਸਕਦਾ ਜਿਸ ਲਈ ਆਪਣੀ ਫੁੱਟ-ਪਾਊ ਸੋਚ ਕਾਰਨ ਗੋਲਵਲਕਰ ਤੇ ਸਾਵਰਕਰ ਦੇ ਪੈਰੋਕਾਰ ਕੰਮ ਕਰਦੇ ਹਨ।
ਹਾਂ, ਜਦੋਂ ਹਿੰਦੂਤਵ ਦਾ ਠੋਸ ਜਨ-ਸੱਭਿਆਚਾਰ ਸ਼ੋਰ-ਭਰਪੂਰ ਅਤੇ ਹਿੰਸਕ ਪ੍ਰਗਟਾਵਿਆਂ ਵਜੋਂ ਜ਼ਾਹਰ ਹੁੰਦਾ ਹੈ ਅਤੇ ਨਾਲ ਹੀ ਸੋਸ਼ਲ ਮੀਡੀਆ ਰਾਹੀਂ ਤੇ ਲਗਾਤਾਰ ਚੱਲਣ ਵਾਲੇ ਜ਼ਹਿਰੀਲੇ ਟੈਲੀਵਿਜ਼ਨ ਚੈਨਲਾਂ ਰਾਹੀਂ ਇਤਿਹਾਸਕ ਤੌਰ ’ਤੇ ਗ਼ਲਤ, ਬੌਧਿਕ ਤੌਰ ’ਤੇ ਧੁੰਦਲੇ ਅਤੇ ਅਧਿਆਤਮਕ ਤੌਰ ’ਤੇ ਕੰਗਾਲੀ ਵਾਲੇ ਸੁਨੇਹੇ ਨਸ਼ਰ ਕੀਤੇ ਜਾਂਦੇ ਹਨ ਤਾਂ ਹਰ ਕਾਸੇ ਨੂੰ ਉਲਟ ਰੂਪ ਵਿਚ ਬਦਲ ਦੇਣਾ ਜਿ਼ਆਦਾ ਔਖਾ ਨਹੀਂ ਹੁੰਦਾ।
ਦਰਅਸਲ, ਜਦੋਂ ਉਹ ਮੋਦੀ ਨੂੰ ‘ਬਰਾਂਡ’ ਵਜੋਂ ਬਾਜ਼ਾਰ ਵਿਚ ਵੇਚਣਾ ਚਾਹੁੰਦੇ ਹਨ, ਉਹ ਵੀ ਲਗਭਗ ਅਵਤਾਰ ਵਾਂਗ, ਤਾਂ ਉਨ੍ਹਾਂ ਲਈ ਸਾਰੀਆਂ ਬਦਲਵੀਆਂ ਸੰਭਾਵਨਾਵਾਂ ਨੂੰ ਘਟਾਉਣਾ ਜ਼ਰੂਰੀ ਹੋ ਜਾਂਦਾ ਹੈ। ਮੋਦੀ ਦੇ ਅਤਿ-ਮਰਦਾਵਾਂ ਦਾਅਵਿਆਂ ਦੇ ਦੌਰਾਨ, ਇਹ ‘ਹਾਰਿਆ ਹੋਇਆ’ ਨਹਿਰੂ ਕੌਣ ਹੈ ਜਿਹੜਾ 1962 ਵਿਚ ਚੀਨ ਨੂੰ ਕਰੜਾ ਸਬਕ ਸਿਖਾਉਣ ਵਿਚ ਨਾਕਾਮ ਰਿਹਾ? ਦ੍ਰਿੜ੍ਹ ਇਰਾਦੇ ਵਾਲੇ ਤੇ ‘ਰਾਸ਼ਟਰਵਾਦੀ’ ਮੋਦੀ ਜਿਹੜਾ ਅਯੁੱਧਿਆ ਵਿਚ ਸ਼ਾਨਦਾਰ ਮੰਦਰ ਬਣਾਉਣ ਲਈ ਦ੍ਰਿੜ੍ਹ ਹੈ, ਦੇ ਸਾਹਮਣੇ ਇਹ ‘ਕੁਲੀਨਵਾਦੀ’ ਧਰਮ ਨਿਰਪੱਖ ਨਹਿਰੂ ਕੌਣ ਹੈ? ਫਿਰ ਜਦੋਂ ਕੇਦਾਰਨਾਥ ਵਿਚ ਧਿਆਨ (ਸਮਾਧੀ) ਲਾਉਂਦੇ ਹੋਏ ਮੋਦੀ ਦੀ ਵੱਡੇ ਪੱਧਰ ’ਤੇ ਪ੍ਰਾਸਰਤ ਹੋਈ ਤਸਵੀਰ ਜ਼ਿਆਦਾ ਦਿਲਕਸ਼ ਲੱਗਦੀ ਹੈ ਤਾਂ ਕੋਈ ਵੇਦਾਂਤ ’ਤੇ ਨਹਿਰੂ ਦੇ ਡੂੰਘੇ ਵਿਚਾਰਾਂ ਨਾਲ ਜੁੜਨ ਦੀ ਖੇਚਲ ਕਿਉਂ ਕਰੇ? ਇਸ ਲਈ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਨਹਿਰੂ ਨੂੰ ਭੰਡਣ ਵਾਲੀ ਸਨਅਤ ਨੇ ਹਾਲੇ ਵਧਣਾ-ਫੁਲਣਾ ਹੈ।
ਉਂਝ, ਕਿਸੇ ਅਜਿਹੇ ਚੌਕਸ ਦਰਸ਼ਕ ਜਿਸ ਨੇ ਹਾਲੇ ਬੌਧਿਕਤਾ ਦੀ ਰੌਸ਼ਨੀ ਨਾ ਗਵਾਈ ਹੋਵੇ, ਲਈ ਵਧਦੀ ਸਵੈ-ਪ੍ਰਸ਼ੰਸਾ ਅਤੇ ਇਸ ਨਾਲ ਸਬੰਧਤ ਮਾਨਸਿਕ ਅਸੁਰੱਖਿਆ ਦੌਰਾਨ ‘ਨਹਿਰੂ ਤੋਂ ਈਰਖਾ’ ਦੇ ਮਨੋਵਿਗਿਆਨ ਨੂੰ ਦੇਖਣਾ ਤੇ ਸਮਝਣਾ ਮੁਸ਼ਕਿਲ ਨਹੀਂ ਹੈ।
* ਲੇਖਕ ਸਮਾਜ ਸ਼ਾਸਤਰੀ ਹੈ।