ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

12 ਸਤੰਬਰ 2022

ਰਾਸ਼ਟਰਪਤੀ ਮੁਰਮੂ ਨੇ ਮਾਂ-ਬੋਲੀ ਵਿਚ ਪੜ੍ਹਾਈ ਕਰਵਾਏ ਜਾਣ ਦੀ ਕੀਤੀ ਵਕਾਲਤ- ਇਕ ਖ਼ਬਰ

ਵਿਚਾਰਾ ਵੈਂਕਈਆ ਨਾਇਡੂ ਵੀ ਇਹ ਸਲਾਹਾਂ ਦਿੰਦਾ ਦਿੰਦਾ ਰਿਟਾਇਰ ਹੋ ਗਿਆ, ਸੁਣਦਾ ਕੌਣ ਐ?

ਨਿਤੀਸ਼ ਕੁਮਾਰ ਵਲੋਂ ਰਾਹੁਲ ਗਾਂਧੀ ਨਾਲ ਮੁਲਾਕਾਤ- ਇਕ ਖ਼ਬਰ

ਕਦੇ ਆ ਵੇ ਹਜ਼ਾਰੇ ਦਿਆ ਚੰਨਾ, ਖੋਲ੍ਹੀਏ ਦਿਲੇ ਦੀਆਂ ਘੁੰਡੀਆਂ।

ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਜਾਰੀ-ਧਾਮੀ

ਧਾਮੀ ਸਾਹਿਬ ਇੰਜ ਕਹੋ ਕਿ ਬਾਦਲਾਂ ਦੀ ਗੁਆਚੀ ਸਿਆਸੀ ਜ਼ਮੀਨ ਲੱਭਣ ਲਈ ਸੰਘਰਸ਼ ਜਾਰੀ।

ਬਰਗਾੜੀ ਘਟਨਾ ਦੇ ਇਨਸਾਫ਼ ਲਈ 2 ਅਕਤੂਬਰ ਨੂੰ ਹੋਵੇਗਾ ਪੰਥਕ ਇਕੱਠ-ਧਿਆਨ ਸਿੰਘ ਮੰਡ

ਸੰਗਤ ਜੀ, ਉਸ ਦਿਨ ਆ ਕੇ ਮਾਇਆ ਦੇ ਖੁੱਲ੍ਹੇ ਗੱਫੇ ਭੇਂਟ ਕਰੋ ਜੀ।

ਕਾਂਗਰਸ ਨੂੰ ਨਹੀਂ ਬਚਾਅ ਸਕੇਗੀ ਭਾਰਤ ਜੋੜੋ ਯਾਤਰਾ- ਚੰਦੂਮਾਜਰਾ

ਕਾਂਗਰਸ ਦਾ ਫਿਕਰ ਫੇਰ ਕਰਿਉ, ਪਹਿਲਾਂ ਆਪਣਾ ਘਰ ਤਾਂ ਸੰਭਾਲ ਲਉ।

ਸਰਕਾਰ ‘ਚ ਰਾਘਵ ਚੱਢਾ ਦੀ ਭੂਮਿਕਾ ਸਪਸ਼ਟ ਕਰਨ ਭਗਵੰਤ ਮਾਨ- ਪਰਤਾਪ ਸਿੰਘ ਬਾਜਵਾ

ਨੀ ਉਹ ਤੇਰਾ ਕੀ ਲਗਦਾ, ਜਿਹੜਾ ਅੱਖ ਨਾਲ਼ ਕਰਦਾ ਇਸ਼ਾਰੇ।

‘ਖੇਡਾਂ ਵਤਨ ਪੰਜਾਬ ਦੀਆਂ’ ਨੌਜੁਆਨਾਂ ਨੂੰ ਰੱਖਣਗੀਆਂ ਨਸ਼ਿਆਂ ਤੋਂ ਦੂਰ- ਵਿਧਾਇਕ ਰਾਇ

ਇਹ ਤਾਂ ਸਮਾਂ ਹੀ ਦੱਸੇਗਾ! ਹੁਣ ਤਾਈਂ ਤਾਂ ਟੂਰਨਾਮੈਂਟਾਂ ‘ਚ ਨਸ਼ਿਆਂ ਦੇ ਦਰਿਆ ਚਲਦੇ ਹੀ ਦੇਖੇ/ ਸੁਣੇ ਹਨ।

ਭਾਜਪਾ ਖ਼ਿਲਾਫ਼ ਵਿਰੋਧੀ ਧਿਰਾਂ ਨੂੰ ਇਕਜੁੱਟ ਕਰਨਾ ਹੀ ਮੇਰਾ ਮੰਤਵ- ਨਿਤੀਸ਼ ਕੁਮਾਰ

ਮੇਰਾ ਕੰਮ ਨਾ ਗਲ਼ੀ ਦੇ ਵਿਚ ਕੋਈ, ਭੁੱਖ ਤੇਰੇ ਦਰਸ਼ਨ ਦੀ।

ਜਥੇਦਾਰ ਵਲੋਂ ਅਰਸ਼ਦੀਪ ਸਿੰਘ ਨੂੰ ਮਨ ਲਗਾ ਕੇ ਖੇਡਣ ਦੀ ਤਾਕੀਦ-ਇਕ ਖ਼ਬਰ

ਜਿਵੇਂ ਮੈਂ ਮਨ ਲਗਾ ਕੇ ਆਪਣੇ ‘ਮਾਲਕਾਂ’ ਦੀ ਗੇਮ ਖੇਡ ਰਿਹਾਂ।

ਸੰਯੁਕਤ ਕਿਸਾਨ ਮੋਰਚੇ ਨੂੰ ਢਾਅ ਲਾਉਣ ਵਾਲੇ ਅਖਾਉਤੀ ਆਗੂ ਨਹੀਂ ਮੰਨਜ਼ੂਰ- ਡੱਲੇਵਾਲ

ਮੋਰਚੇ ਵਿਚੋਂ ਹੀ ਕੁਝ ਆਗੂ ਇਹੀ ਇਲਜ਼ਾਮ ਤੁਹਾਡੇ ‘ਤੇ ਲਾਉਂਦੇ ਹਨ।

ਭਗਵੰਤ ਮਾਨ ਦੂਜੇ ਸੂਬਿਆਂ ਦਾ ਖਿਆਲ ਛੱਡ ਕੇ ਪੰਜਾਬ ਵਲ ਧਿਆਨ ਦੇਣ- ਬਸਪਾ

ਕਾਹਨੂੰ ਚੂਪਦੈਂ ਚਰ੍ਹੀ ਦੇ ਟਾਂਡੇ, ਘਰ ‘ਚ ਸੰਧੂਰੀ ਅੰਬੀਆਂ।

ਇਨਸਾਫ਼ ਲਈ ਪੰਜਾਬ ਆਜ਼ਾਦੀ ਤੋਂ ਪਹਿਲਾਂ ਤੇ ਬਾਅਦ ‘ਚ ਸੰਘਰਸ਼ਾਂ ਵਿਚ ਹੀ ਰਿਹਾ- ਇਕ ਖ਼ਬਰ

ਕਾਬਲ ਦਿਆਂ ਜੰਮਿਆਂ ਨੂੰ ਨਿੱਤ ਮੁਹਿੰਮਾਂ।

ਆਮ ਆਦਮੀ ਪਾਰਟੀ ‘ਤੇ ਵਰ੍ਹੀ ਬੀਬੀ ਪ੍ਰਨੀਤ ਕੌਰ- ਇਕ ਖ਼ਬਰ

ਕਾਹਨੂੰ ਮਾਰਦੈਂ ਜੱਟਾ ਲਲਕਾਰੇ, ਔਖੀ ਹੋ ਜੂ ਕੈਦ ਕੱਟਣੀ।

ਰੂਸ ਨਾਲ ਸਬੰਧ ਹੋਰ ਮਜ਼ਬੂਤ ਕਰੇਗਾ ਭਾਰਤ- ਮੋਦੀ

ਡੋਰ ਵੱਟ ਕੇ ਗਲ਼ੇ ਦੇ ਵਿਚ ਪਾਵਾਂ, ਮਿੱਤਰਾ ਤਵੀਤ ਬਣ ਜਾ।

ਪੰਜਾਬ ਦਾ ਪਾਣੀ ਬਚਾਉਣ ਲਈ ਦਿੱਲੀ ਦੀ ਗੁਲਾਮੀ ਛੱਡਣ ਭਗਵੰਤ ਮਾਨ- ਡਾਕਟਰ ਗਾਂਧੀ

ਅੱਖੀਂ ਖੋਲ੍ਹ ਗੁਲਾਮ ਰਸੂਲਾ, ਸੱਸੀ ਕੂਕੇ ਮੈਂ ਲੁੱਟੀ ਲੋਕਾ, ਵੇ ਮੈਂ ਲੁੱਟੀ

                             =============