ਅਧਿਆਪਕਾਂ ਦੇ ਸਨਮਾਨ ਪ੍ਰਤੀ ਮਾਪਿਆਂ ਦੀ ਭੂਮਿਕਾ  - ਪ੍ਰਿੰਸੀਪਲ ਰਸ਼ਮੀ ਮੈਂਗੀ

             "ਉਹੀ ਸਮਾਜ ਦਾ ਅੰਤ ਤੇ ਉਹ ਹੀ ਸ਼ੁਰੂ ,

              ਜਿਹਦੇ ਕਦਮਾਂ ` ਸਫਲਤਾ ਵੀ ਝੁਕੇ ਉਹ ਗੁਰੂ "

 

 ਅਧਿਆਪਕ ਉਹ ਸ਼ਖਸੀਅਤ ਹੈ ਜੋ ਆਪ ਮਿਸਾਲ ਬਣ ਕੇ ਸਮਾਜ ਲਈ ਮਿਸਾਲਾਂ ਪੈਦਾ ਕਰਦਾ ਹੈ। ਪੁਰਾਤਨ ਸਮੇਂ ਤੋਂ ਲੈ ਕੇ ਆਧੁਨਿਕ ਦੌਰ ਤੱਕ ਜੇਕਰ ਸਮਾਜ ਨੂੰ ਸੰਚਾਲਿਤ ਕਰਨ ਵਾਲਾ ਕੋਈ ਧੁਰਾ ਰਿਹਾ ਹੈ ਤਾਂ ਉਹ ਹੈ ਅਧਿਆਪਕ ਵਰਗ । ਕਿਸੇ ਵੀ ਸਮਾਜ ਦੀ ਤਰੱਕੀ ਦੀ ਮੰਜ਼ਿਲ ਵਿੱਚ ਉਸ ਦੀ ਨੀਂਹ ਦੀ ‘ਪਹਿਲੀ ਇੱਟ’ ਅਧਿਆਪਕ ਦੀ ਮਹੱਤਤਾ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਅਜੋਕੇ ਸਮੇਂ ਵਿੱਚ ਅਧਿਆਪਕਾਂ ਦੇ ਪ੍ਰਤੀ ਵਿਦਿਆਰਥੀਆਂ ਦੇ ਸੁਭਾਅ ਵਿੱਚ ਬਦਲਾਅ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ, ਅਤੇ ਇਸ ਵਿੱਚ ਇੱਕ ਵੱਡੀ ਭੂਮਿਕਾ ਵਿਦਿਆਰਥੀਆਂ ਦੇ ਮਾਪਿਆਂ ਦੁਆਰਾ ਨਿਭਾਈ ਜਾ ਰਹੀ ਹੈ । ਮਾਪਿਆਂ ਦੇ ਲਾਡਲਿਆ ਪ੍ਰਤੀ ਅਧਿਆਪਕਾਂ ਦੀ ਅਨੁਸ਼ਾਸਿਤ ਸਖਤੀ ਉਨ੍ਹਾਂ ਨੂੰ ਕਿਤੇ ਨਾ ਕਿਤੇ ਅਧਿਆਪਕਾਂ ਪ੍ਰਤੀ ਅਸਹਿਜ ਕਰ ਦਿੰਦੀ ਹੈ । ਮਾਪਿਆਂ ਦੇ ਮਨਾਂ ‘ਚ ਅਧਿਆਪਕਾਂ ਪ੍ਰਤੀ ਸਤਿਕਾਰ ਦੀ ਘਾਟ ਅਤੇ ਉਨ੍ਹਾਂ ਦੁਆਰਾ ਅਧਿਆਪਨ ਨੂੰ ਮਹਿਜ਼ ਇਕ ਕਿੱਤਾ ਸਮਝਣਾ, ਸਿੱਧੇ ਜਾਂ ਅਸਿੱਧੇ ਤੌਰ ‘ਤੇ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਆਪਸੀ ਸਬੰਧਾਂ ਨੂੰ ਫਿੱਕਾ ਕਰਦਾ ਹੈ । ਅਧਿਆਪਕ ਇਕ ਕਿੱਤਾਕਾਰ ਨਹੀਂ, ਸਗੋਂ ਉੱਚ ਕੋਟੀ ਦਾ ਕਲਾਕਾਰ ਹੈ, ਜੋ ਇਕੋ ਸਮੇਂ ਇੱਕ ਸਿੱਖਿਅਕ, ਇਕ ਸਲਾਹਕਾਰ, ਇਕ ਦੋਸਤ ਅਤੇ ਲੋੜ ਪੈਣ ‘ਤੇ  ਇਕ ਡਾਕਟਰ ਦੀ ਵੀ ਸਫਲ ਭੂਮਿਕਾ ਨਿਭਾਉਂਦਾ ਹੈ । ਸਮੱਸਿਆ ਚਾਹੇ ਕੋਈ ਵੀ ਹੋਵੇ ਪਰ ਉਸ ਦਾ ਹੱਲ ਦੋਪਾਸੜ ਸਹਿਜਤਾ ਵਿੱਚ ਹੀ ਹੁੰਦਾ ਹੈ। ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਅਧਿਆਪਕਾਂ ਅਤੇ ਮਾਪਿਆਂ ਦੀ ਇਕਜੁੱਟਤਾ ਲਾਜ਼ਮੀ ਹੈ । ਮਾਪਿਆਂ ਦਾ ਅਧਿਆਪਕਾਂ ‘ਤੇ ਕੀਤਾ ਭਰੋਸਾ ਉਨਾਂ ਦੇ ਬੱਚਿਆਂ ਦੇ ਭਵਿੱਖ ਨੂੰ ਚਮਕਾ ਸਕਦਾ ਹੈ । ਵਿਦਿਆਰਥੀ ਉਹ ਕੱਚੀ ਮਿੱਟੀ ਹੈ ਜਿਸ ਨੂੰ ਮੁਕੰਮਲ ਤੌਰ ‘ਤੇ ਸਮਾਜਿਕ ਮੂਰਤ ਦਾ ਰੂਪ ਦੇਣ ਦੀ ਸਾਂਝੀ ਜਿੰਮੇਦਾਰੀ ਅਧਿਆਪਕਾਂ ਅਤੇ ਮਾਪਿਆਂ ਦੀ ਹੈ  । ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਤਜ਼ੁਰਬੇਕਾਰ ਅਧਿਆਪਕਾਂ ਦੀ ਅਗਵਾਈ ਹੇਠ ਰੱਖਣ ਪ੍ਰਤੀ ਵਿਸਵਾਸ਼ ਦੀ ਵਚਨਬੱਧਤਾ ਦਿਖਾਉਣੀ ਚਾਹੀਦੀ ਹੈ ਕਿਉਂਕਿ ਮਾਂਪਿਆਂ ਤੋਂ ਬਾਅਦ ਅਧਿਆਪਕ ਹੀ ਉਹ ਸਖਸ਼ੀਅਤ ਹੈ ਜੋ ਵਿਦਿਆਰਥੀਆਂ ਨੂੰ ਆਪਣੇ ਤੋਂ ਵੱਧ ਕਾਮਯਾਬ ਦੇਖਣ ਦੀ ਤੀਬਰ ਇੱਛਾ ਰੱਖਦਾ ਹੈ । ਬੇਸ਼ਕ ਵਿਸ਼ੇ ਨੂੰ ਵਿਰਾਮ ਦੇਣਾ ਪੈ ਰਿਹਾ ਹੈ, ਪਰ ਇਸ ਕਿੱਤੇ ਦਾ ਵਿਰਾਮ ਵਿਨਾਸ਼ ਸਾਬਤ ਹੋ ਸਕਦਾ ਹੈ ਕਿਉਂਕਿ ਅਧਿਆਪਕ ਸਿਰਫ ਜਮਾਤ ਵਿੱਚ ਸਿੱਖਿਅਕ ਹੀ ਨਹੀਂ, ਬਲਕਿ ਜਿੰਦਗੀ ਦਾ ਮਾਰਗ ਦਰਸ਼ਕ ਵੀ ਹੈ।

 

                             "ਉਹ ਮਿਹਨਤ ਦੀਆਂ ਪੈੜਾਂ ਪਾ ਜਾਂਦੇ,

                              ਤੇ ਤਾਂਘੀ ਤਰੱਕੀ ਦੇ ਮਗਰੇ -ਮਗਰੇ ਜਾਂਦੇ"

 

ਉਪਰੋਕਤ ਵਿਚਾਰ ਐਸਵੀਜੇਸੀਡੀਏਵੀ ਪਬਲਿਕ ਸਕੂਲ ਦਸੂਹਾ ਦੇ ਪ੍ਰਿੰਸੀਪਲ  ਸ੍ਰੀਮਤੀ ਰਸ਼ਮੀ ਮੈਂਗੀ ਦੇ ਹਨ, ਜਿਨ੍ਹਾਂ ਨੇ ਅਕਤੂਬਰ 2021 ਵਿਚ ਬਤੌਰ ਪ੍ਰਿੰਸੀਪਲ ਅਹੁਦਾ ਸੰਭਾਲਿਆ ਤੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਆਪਣੀ ਅਣਥੱਕ ਮਿਹਨਤ ਸਦਕਾ ਸੰਸਥਾ ਦਾ ਕ੍ਰਾਂਤੀਕਾਰੀ ਰੂਪ `ਚ ਸੁਧਾਰ ਕਰਦਿਆਂ ਕਾਮਯਾਬੀ ਦੀਆਂ ਪੁਲਾਂਘਾ ਪੁੱਟੀਆ ।

 

 ਪ੍ਰਿੰਸੀਪਲ ਰਸ਼ਮੀ ਮੈਂਗੀ (ਸੰਪਰਕ 99964-31862)

ਐਸਵੀਜੇਸੀਡੀਏਵੀ ਪਬਲਿਕ ਸਕੂਲ ਦਸੂਹਾ