ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

05 ਸਤੰਬਰ 2022

 

ਬਿਮਾਰ ਕਾਂਗਰਸ ਨੂੰ ਦੁਆ ਦੀ ਨਹੀਂ ਦਵਾ ਦੀ ਲੋੜ, ਇਲਾਜ ਕੰਪਾਊਡਰ ਕਰ ਰਹੇ ਹਨ- ਗੁਲਾਮ ਨਬੀ ਆਜ਼ਾਦ

ਤੋਤਾ ਪੀ ਗਿਆ ਗੁਲਾਬੀ ਰੰਗ ਤੇਰਾ, ਨਿੰਮ ਨਾਲ ਝੂਟਦੀਏ।

ਵਿਰੋਧੀ ਧਿਰਾਂ ਵਿਚ ਏਕੇ ਦੀ ਕਮਾਨ ਸੰਭਾਲਣਗੇ ਨਿਤੀਸ਼ ਕੁਮਾਰ-ਇਕ ਖ਼ਬਰ

ਕੋਠੀ ’ਚੋਂ ਲਿਆ ਦੇ ਘੁੰਗਰੂ, ਬੱਗੇ ਬਲਦ ਖਰਾਸੇ ਜਾਣਾ।

ਕੈਪਟਨ ਵਲੋਂ ਮੋਦੀ ਨਾਲ਼ ਮੁਲਾਕਾਤ- ਇਕ ਖ਼ਬਰ

ਮੇਰੀ ਬਾਂਹਿੰ ਨਾ ਛੋੜੀਂ ਜੀ, ਤਿਰਾ ਲੜ ਫੜਿਆ ਤਿਰਾ ਲੜ ਫੜਿਆ।

ਮੋਦੀ ਨੇ ਆਮ ਲੋਕ ਲੁੱਟ ਕੇ ਅਪਣੇ ਦੋਸਤ ਅਮੀਰ ਬਣਾਏ- ਰਾਹੁਲ ਗਾਂਧੀ

ਕੀ ਲਗਦੇ ਸੰਤੀਏ ਤੇਰੇ, ਜਿਹਨਾਂ ਨੂੰ ਰਾਤੀਂ ਖੰਡ ਪਾਈ ਸੀ।

ਸੰਯੁਕਤ ਕਿਸਾਨ ਮੋਰਚਾ ‘ਸੰਯੁਕਤ’ ਨਾ ਰਹਿ ਸਕਿਆ- ਇਕ ਖ਼ਬਰ

ਕਿਹੜੇ ਹੌਸਲੇ ਤੀਆਂ ਦੇ ਵਿਚ ਜਾਵਾਂ, ਯਾਰ ਬਿਮਾਰ ਪਿਆ।

ਬੰਦੀ ਸਿੰਘਾਂ ਦੀ ਰਿਹਾਈ ਲਈ ਸੱਦੇ ਇਜਲਾਸ ਵਿਚ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਦਿਲਚਸਪੀ ਨਹੀਂ ਲਈ- ਇਕ ਖ਼ਬਰ

ਰਾਜਸਥਾਨ ਵਲ ਗਏ ਹੋਣੇ ਆਂ ਆਪਣਾ ਮਾਲ-ਮਤਾ ਲੈਣ।

 

ਨਹਿਰ ‘ਚ ਪਏ ਪਾੜ ਨੂੰ ਕਿਸਾਨਾਂ ਨੇ ਖੁਦ ਹੀ ਪੂਰਿਆ- ਇਕ ਖ਼ਬਰ

ਆਪਣ ਹਥੀਂ ਆਪਣਾ ਆਪੇ ਹੀ ਕਾਜ ਸਵਾਰਿਐ

ਹਰਸਿਮਰਤ ਨੂੰ ਦਿੱਲੀ ਵਾਲ਼ਾ ਬੰਗਲਾ ਖਾਲੀ ਕਰਨ ਲਈ ਸਰਕਾਰ ਨੇ ਕਿਹਾ- ਇਕ ਖ਼ਬਰ

ਚੁੱਕ ਚਰਖ਼ਾ ਪਰ੍ਹਾਂ ਕਰ ਪੀੜ੍ਹੀ, ਛੜਿਆਂ ਨੇ ਬੋਕ ਬੰਨ੍ਹਣਾ।

ਪ੍ਰਨੀਤ ਕੌਰ ਨੂੰ ਕਾਂਗਰਸ ਵਿਚੋਂ ਕੱਢਣ ਦੀ ਮੰਗ ਉੱਠੀ- ਇਕ ਖ਼ਬਰ

ਸੱਸ ਲੜਦੀ, ਜਠਾਣੀ ਗੁੱਤ ਫੜਦੀ, ਜੇਠ ਮਾਰੇ ਮਿਹਣੇ ਵੀਰਨਾ।

ਗੱਲ ਵਿਸ਼ਵਗੁਰੂ ਬਣਨ ਦੀ ਹੋਈ ਪਰ ਦੇਸ਼ ਨੂੰ ਨਫ਼ਰਤ ਦੀ ਅੱਗ ‘ਚ ਧੱਕਿਆ ਗਿਆ- ਰਾਹੁਲ ਗਾਂਧੀ

ਹੋਕਾ ਦੇ ਕੇ ਵੰਙਾਂ ਦਾ, ਸਾਨੂੰ ਵੇਚ ਗਿਆ ਚੱਕੀਰਾਹੇ।

ਹੋਰਨਾਂ ਮੁਲਕਾਂ ਵਲੋਂ ਰੂਸ ਨਾਲ ਮਸ਼ਕਾਂ ਕੀਤੇ ਜਾਣ ‘ਤੇ ਅਮਰੀਕਾ ਨੂੰ ਇਤਰਾਜ਼- ਇਕ ਖ਼ਬਰ

ਪਰ੍ਹੇ ਵਿਚ ਆ ਕੇ ਕੈਦੋ ਨੇ ਮੱਗ ਮਾਰੀ, ਗੱਲਾਂ ਵੇਖ ਲਉ ਅੱਲ ਵਲੱਲੀਆਂ ਜੀ।

ਦੋਸਤੀ ਤੋਂ ਇਨਕਾਰ ਕਰਨ ‘ਤੇ ਮੁੰਡੇ ਨੇ ਵਿਦਿਆਰਥਣ ਨੂੰ ਮਾਰੀ ਗੋਲ਼ੀ- ਇਕ ਖ਼ਬਰ

ਦਿਲ ਜਿੱਤਣ ‘ਤੇ ਮਿਲਣ ਮੁਰਾਦਾਂ, ਨਿਹੁੰ ਲਗਦੇ ਨਾ ਮੂਰਖਾ ਜ਼ੋਰੀਂ।

ਬੀ.ਬੀ.ਐਮ.ਬੀ. ਬਾਰੇ ਸ਼ੇਖਾਵਤ ਦੇ ਬਿਆਨ ਨੇ ਪੰਜਾਬ ਦੀ ਸਿਆਸਤ ਭਖਾਈ- ਇਕ ਖ਼ਬਰ

ਤੀਲ੍ਹਾਂ ਦੀ ਡੱਬੀ ਕੋਲ਼ ਰੱਖਦੇ, ਅੱਗ ਲਾ ਕੇ ਤਮਾਸ਼ਾ ਦੇਖਣ।

ਐਸ.ਆਈ.ਟੀ. ਸੁਖਬੀਰ ਬਾਦਲ ਨੂੰ ਗ੍ਰਿਫ਼ਤਾਰ ਕਰ ਕੇ ਪੁੱਛ-ਗਿੱਛ ਕਰੇ- ਪਰਤਾਪ ਸਿੰਘ ਬਾਜਵਾ

ਸਲਵਾਨ ਆਖਦਾ ਪੂਰਨ ਨੂੰ ਫੜੋ ਛੇਤੀ, ਸੁੱਟੋ ਖੂਹ ਵਿਚ ਮੁਸ਼ਕਾਂ ਬੰਨ੍ਹਾਇਕੇ ਜੀ।

ਕੇਜਰੀਵਾਲ ਸਰਕਾਰ ਨੇ ਅਸੈਂਬਲੀ ‘ਚ ਭਰੋਸੇ ਦਾ ਵੋਟ ਜਿੱਤਿਆ- ਇਕ ਖ਼ਬਰ

ਮੀਮ ਮੰਗ ਦੁਆ ਖੁਦਾ ਕੋਲੋਂ, ਝੰਡਾ ਫੇਰ ਅੱਬਾਸ ਨੇ ਗੱਡਿਆ ਈ।