ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
29 ਅਗਸਤ 2022
ਉਨ੍ਹਾਂ ਹੱਥਾਂ ‘ਚ ਜਾ ਰਿਹੈ ਅਕਾਲੀ ਦਲ ਜਿਨ੍ਹਾਂ ਦੀ ਪੰਥ ਨੂੰ ਕੋਈ ਦੇਣ ਨਹੀਂ-ਝੂੰਦਾਂ
ਚਰਖ਼ੇ ਦੀ ਘੂਕ ਨਾ ਸੁਣੇ, ਸੁੰਞੇ ਪਏ ਨੇ ਤ੍ਰਿੰਞਣਾਂ ਦੇ ਵਿਹੜੇ।
ਸਾਰਾ ਦੇਸ਼ ਚਾਹੁੰਦੈ ਕਿ ਕੇਜਰੀਵਾਲ ਅਗਲੇ ਪ੍ਰਧਾਨ ਮੰਤਰੀ ਬਣਨ- ਸਿਸੋਦੀਆ
ਆਓ ਨੀ ਸਈਓ ਰਲ਼ ਵੇਖਣ ਚਲੀਏ, ਰਾਂਝੇ ਖੂਹਾ ਲਵਾਇਆ ਈ।
ਤਿਲੰਗਾਨਾ: ਸ਼ਾਹ ਦੀ ਜੁੱਤੀ ਫੜੀ ਲਿਜਾਂਦੇ ਭਾਜਪਾ ਸੂਬਾ ਪ੍ਰਧਾਨ ਦੀ ਵੀਡੀਓ ਵਾਇਰਲ- ਇਕ ਖ਼ਬਰ
ਕਰ ਸੰਤਾਂ ਦੀ ਸੇਵਾ, ਸੰਤ ਤੈਨੂੰ ਫਲ਼ ਦੇਣਗੇ।
ਸੰਸਦ ਵਿਚ ਵਕੀਲਾਂ ਦੀ ਗਿਣਤੀ ਘਟੀ- ਜਸਟਿਸ ਰਾਮੰਨਾ
ਜਸਟਿਸ ਸਾਬ੍ਹ! ਜਿਨ੍ਹਾਂ ਦੀ ਗਿਣਤੀ ਵਧੀ ਉਨ੍ਹਾਂ ਦਾ ਜ਼ਿਕਰ ਵੀ ਕਰ ਦਿੰਦੇ।
ਸ਼੍ਰੋਮਣੀ ਅਕਾਲੀ ਦਲ ਦੇ ਹਰਿਆਣਾ ਦੇ ਕੁਝ ਮੈਂਬਰਾਂ ਨੇ ਸੁਖਬੀਰ ਬਾਦਲ ‘ਚ ਪੂਰਨ ਭਰੋਸਾ ਪ੍ਰਗਟਾਇਆ-ਇਕ ਖ਼ਬਰ
ਇਹ ਭਰੋਸਾ ਇੰਜ ਹੀ ਰੱਖੋ ਭਾਈ ਜਿੰਨਾ ਚਿਰ ਅਕਾਲੀ ਦਲ ਦਾ ਪੂਰਾ ਭੋਗ ਨਹੀਂ ਪੈਂਦਾ।
ਅਵਤਾਰ ਸਿੰਘ ਹਿਤ ਦੇ ਮਾਮਲੇ ‘ਚ ਜਥੇਦਾਰ ਹਰਪ੍ਰੀਤ ਸਿੰਘ ਚੁੱਪ ਕਿਉਂ ਹਨ ?- ਕਾਲਕਾ
ਹਿਜ਼ ਮਾਸਟਰਜ਼ ਵਾਇਸ।
ਬੇਅਦਬੀ ਮਾਮਲੇ ਦੇ ਇਨਸਾਫ਼ ਲਈ ਲੋਕਾਂ ਦੀ ਉਮੀਦ ਟੁੱਟਣ ਨਹੀਂ ਦੇਵਾਂਗੇ- ਸੰਧਵਾਂ
ਖ਼ਾਕ ਹੋ ਜਾਏਂਗੇ ਹਮ ਤੁਮ ਕੋ ਖ਼ਬਰ ਹੋਨੇ ਤੱਕ।
ਗੱਦੇ ‘ਤੇ ਸੌਣ ਵਾਲ਼ੇ ਆਸ਼ੂ ਨੂੰ ਤਖ਼ਤਪੋਸ਼ ‘ਤੇ ਸੌਣਾ ਪਿਆ- ਇਕ ਖ਼ਬਰ
ਨਰਮ ਸਰੀਰਾਂ ਨੂੰ ਪੈ ਗਏ ਮਾਮਲੇ ਭਾਰੀ।
ਸੁਪਰੀਮ ਕੋਰਟ ਵਲੋਂ ਯੋਗ ਗੁਰੂ ਰਾਮਦੇਵ ਦੀ ਝਾੜ-ਝੰਬ- ਇਕ ਖ਼ਬਰ
ਦੋ ਪਈਆਂ ਕਿਧਰ ਗਈਆਂ, ਸਦਕਾ ਢੂਈ ਦਾ।
ਸਰਕਾਰ ਦੀ ਕਾਰਵਾਈ ਤੋਂ ਡਰਨ ਵਾਲੇ ਨਹੀਂ ਕਾਂਗਰਸੀ ਵਰਕਰ- ਵੜਿੰਗ
ਖੂਹ ਬੋਤੀ ਕਿਆਰੀਂ ਪੋਤੀ, ਗੰਡਾ ਸੂੰਹ ਦਾ ਲਾਣਾ ਚਲਦਾ।
ਕਿਸਾਨਾਂ ਵਲੋਂ ‘ਆਪ’ ਸਰਕਾਰ ਨੂੰ ਸਬਰ ਨਾ ਪਰਖਣ ਦੀ ਚਿਤਾਵਨੀ- ਇਕ ਖ਼ਬਰ
ਤੇਰਾ ਕੱਖ ਨਹੀਂ ਬਚਨੀਏਂ ਰਹਿਣਾ, ਛੜਿਆਂ ਦੇ ਹੱਕ ਮਾਰ ਕੇ।
ਨਿਤੀਸ਼ ਕੁਮਾਰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ‘ਮਜ਼ਬੂਤ ਉਮੀਦਵਾਰ’ ਹੋ ਸਕਦੇ ਹਨ-ਤੇਜੱਸਵੀ ਯਾਦਵ
ਜਿਹੜਾ ਮੂਹਰਲੀ ਗੱਡੀ ਦਾ ਬਾਬੂ, ਉਹੀਓ ਮੇਰਾ ਵੀਰ ਕੁੜੀਓ।
ਹੁਣ ਸੁਖਪਾਲ ਖਹਿਰਾ ਤੇ ਰਾਜਾ ਵੜਿੰਗ ਹੋਏ ਆਹਮੋ ਸਾਹਮਣੇ-ਇਕ ਖ਼ਬਰ
ਕੁੰਢੀਆਂ ਦੇ ਸਿੰਙ ਫ਼ਸ ਗਏ, ਕੋਈ ਨਿਕਲੂ ਵੜੇਂਵੇਂ ਖਾਣੀ।
ਕੈਪਟਨ ਸਰਕਾਰ ਵੇਲੇ ਹੋਏ ਕਰੋੜਾਂ ਦੇ ਗ਼ਬਨ ਦੀ ਜਾਂਚ ਕਰਵਾਉਣ ਭਗਵੰਤ ਮਾਨ- ਪਰਤਾਪ ਸਿੰਘ ਬਾਜਵਾ
ਹੁਣ ਤੂੰ ਕਿਧਰ ਗਿਆ, ਜੇਠ ਬੋਲੀਆਂ ਮਾਰੇ।
ਭਾਜਪਾ ਨੇ ‘ਆਪ’ ਨੂੰ ਤੋੜਨ ਲਈ ਮੈਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ- ਸਿਸੋਦੀਆ
ਬਾਹਲਿਆਂ ਭਰਾਵਾਂ ਵਾਲਿਆ, ਕਹਿਣਾ ਮੰਨ ਲੈ ਤੇ ਹੋ ਜਾ ਵੱਖਰਾ।