ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

01 Oct. 2018

ਗਿਆਨੀ ਗੁਰਮੁਖ ਸਿੰਘ ਨੇ 10 ਸੇਵਾਦਾਰਾਂ ਦੀ ਫੌਜ ਰੱਖ ਕੇ ਗੋਲਕ 'ਤੇ ਹੋਰ ਬੋਝ ਪਾਇਆ- ਇਕ ਖ਼ਬਰ
ਭਰ ਲੈ ਝੋਲ਼ੀਆਂ ਮਿੱਤਰਾ ਕਿ ਲੱਡੂਆਂ ਦਾ ਮੀਂਹ ਵਰ੍ਹਦਾ।

ਅਕਾਲੀ ਲੀਡਰਸ਼ਿੱਪ ਲਗਾਤਾਰ ਹੋ ਰਹੀਆਂ ਹਾਰਾਂ ਦੀ ਪੜਤਾਲ ਕਰੇ- ਪੰਜੋਲੀ
ਮਨ ਕੀ ਆਂਖੇਂ ਖੋਲ੍ਹ ਰੇ ਬਾਬਾ, ਮਨ ਕੀ ਆਂਖੇਂ ਖੋਲ੍ਹ।

ਸ਼੍ਰੋਮਣੀ ਅਕਾਲੀ ਦਲ ਵਲੋਂ ਸਰਕਾਰ ਖ਼ਿਲਾਫ਼ ਸਿਆਸੀ ਜੰਗ ਦਾ ਐਲਾਨ- ਇਕ ਖ਼ਬਰ
ਕਿਤੇ ਭਰਮ ਭੁਲੇਖੇ ਨਾ ਪੈ ਜਾਇਓ, ਮੈਚ ਫਰੈਂਡਲੀ ਅਸਾਂ ਖੇਡਣਾ ਏ।

ਸੁਪਰੀਮ ਕੋਰਟ ਭਾਰਤੀ ਰਾਜਨੀਤੀ ਵਿਚ ਅਪਰਾਧੀਆਂ ਦੀ ਮੌਜੂਦਗੀ ਤੋਂ ਦੁਖੀ-ਇਕ ਖ਼ਬਰ
ਢਾਬ ਤੇਰੀ ਦਾ ਗੰਧਲਾ ਪਾਣੀ, ਉੱਤੋਂ ਬੂਰ ਹਟਾਵਾਂ।

ਅਕਾਲੀ ਦਲ ਅੰਦਰ ਬੈਠੇ ਆਗੂ ਵੀ ਬਾਦਲ ਪਰਵਾਰ ਤੋਂ ਪ੍ਰੇਸ਼ਾਨ- ਟਿਵਾਣਾ, ਗਰੇਵਾਲ
ਉੱਜੜੀਆਂ ਭਰਜਾਈਆਂ ਵਲੀ ਜਿਹਨਾਂ ਦੇ ਜੇਠ।

ਆਜ਼ਾਦੀ ਦੇ 70 ਸਾਲਾਂ ਬਾਅਦ ਵੀ ਸ਼ਹੀਦਾਂ ਦੇ ਸੁਪਨੇ ਪੂਰੇ ਨਹੀਂ ਹੋਏ- ਸੁਖਪਾਲ ਖਹਿਰਾ
ਮਿੱਤਰਾਂ ਨੂੰ ਮਾਰ ਗਿਆ, ਤੇਰਾ ਮੁੜ ਕੇ ਆਉਣ ਦਾ ਲਾਰਾ।

ਮੌਸਮ ਦੀ ਕਰੋਪੀ ਨਾਲ਼ ਪੰਜਾਬ 'ਚ ਕਈ ਜਿਲ੍ਹਿਆਂ 'ਚ ਸੜਕਾਂ ਦੀ ਹੋਈ ਬੁਰੀ ਹਾਲਤ-ਇਕ ਖ਼ਬਰ
ਸੜਕਾਂ ਵਿਚਾਰੀਆਂ ਤਾਂ ਪਹਿਲਾ ਹੀ ਭਾਰ ਚੁੱਕਣ ਜੋਗੀਆਂ ਨਹੀਂ ਤੇ ਉੱਪਰੋਂ ਬਾਰਸ਼ਾਂ ਦਾ ਕਹਿਰ।

 
ਕੈਪਟਨ ਦੀ ਰੈਲੀ ਤੋਂ ਪਹਿਲਾਂ ਕਾਂਗਰਸੀਆਂ ਵਲੋਂ ਸੋਸ਼ਲ ਮੀਡੀਆ ਰਾਹੀਂ ਨਾਰਾਜ਼ਗੀ ਦਾ ਪ੍ਰਗਟਾਵਾ-ਇਕ ਖ਼ਬਰ
ਘੁੰਡ ਵਿਚ ਕੇਰੇ ਅੱਥਰੂ, ਨਾਂ ਯਾਰ ਦਾ ਲੈਣ ਤੋਂ ਡਰਦੀ।

ਪਹਿਲਾਂ ਪੰਥ ਨੇ ਫਿਰ ਅਕਾਲੀ ਦਲ ਨੇ ਤੇ ਹੁਣ ਸ਼੍ਰੋਮਣੀ ਕਮੇਟੀ ਨੇ ਵੀ ਵਿਸਾਰਿਆ ਜਥੇਦਾਰ- ਇਕ ਖ਼ਬਰ
ਨੀਂ ਐਡਾ ਤੇਰਾ ਕਿਹੜਾ ਦਰਦੀ, ਸੁੱਤੀ ਪਈ ਨੂੰ ਪੱਖੀ ਦੀ ਝੱਲ ਮਾਰੇ।

ਅਕਾਲੀ ਦਲ ਦੀ ਰੈਲੀ ਸ਼ਾਹੀ ਮਹਿਲ ਦੀਆਂ ਨੀਹਾਂ ਹਿਲਾ ਦੇਵੇਗੀ- ਇਕ ਖ਼ਬਰ
ਦਾਰੂ ਪੀ ਕੇ ਮਿੱਤਰਾਂ ਨੇ, ਤੇਰੇ ਬੂਹੇ ਅੱਗੇ ਡਾਂਗ ਖੜਕਾਉਣੀ।

ਟਕਸਾਲੀ ਕਾਂਗਰਸੀ ਕਪਤਾਨੀ ਬੇਰੁਖ਼ੀ ਤੋਂ ਔਖੇ- ਇਕ ਖ਼ਬਰ
ਵਿਹੜੇ ਵੜਦਾ ਖੜਕ ਨਹੀਂਉਂ ਕਰਦਾ, ਬਾਬੇ ਗਲ਼ ਟੱਲ ਪਾ ਦਿਉ।

ਕਸ਼ਮੀਰ ਮੁੱਦੇ ਤੋਂ ਬਿਨਾਂ ਭਾਰਤ-ਪਾਕਿ ਗੱਲਬਾਤ ਸੰਭਵ ਨਹੀਂ- ਫ਼ਵਾਦ
ਨਾ ਨੌਂ ਮਣ ਤੇਲ ਹੋਵੇ ਨਾ ਰਾਧਾ ਨੱਚੇ।

ਸ਼੍ਰੋਮਣੀ ਕਮੇਟੀ ਨੇ ਭਾਈ ਲਾਲੋ ਜੀ ਨੂੰ ਉਹਨਾਂ ਦੇ ਜਨਮ ਦਿਹਾੜੇ 'ਤੇ ਵਿਸਾਰਿਆ- ਇਕ ਖ਼ਬਰ
ਮਲਕ ਭਾਗੋ ਕਿਉਂ ਮਨਾਉਣਗੇ ਬਈ ਭਾਈ ਲਾਲੋ ਜੀ ਦਾ ਜਨਮ ਦਿਨ!