ਸਥਾਨਕ ਚੋਣਾਂ ਵਿੱਚ ਧੱਕੇਸ਼ਾਹੀ ਤੇ ਚੋਣ ਆਯੋਗ - ਗੋਬਿੰਦਰ ਸਿੰਘ ਢੀਂਡਸਾ
ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ, ਜਿਆਦਾਤਰ ਮੌਕਾ ਮਿਲਦੇ ਹੀ ਲੋਕਤੰਤਰ ਦਾ ਗਲਾ ਘੁੱਟਣ ਵਿੱਚ ਕੋਈ ਕਸਰ ਨਹੀਂ ਛੱਡਦੀ। ਭਾਰਤੀ ਲੋਕਤੰਤਰ ਦਾ ਦੁਖਾਂਤ ਰਿਹਾ ਹੈ ਕਿ ਜਿਆਦਾਤਰ ਸੱਤਾਧਾਰੀ ਪਾਰਟੀਆਂ ਸੱਤਾ ਦੀ ਦੁਰਵਰਤੋਂ ਕਰਨ ਦੀ ਆਦਤ ਤੋਂ ਨਹੀਂ ਬਚ ਸਕੀਆਂ। ਇਤਿਹਾਸ ਗਵਾਹ ਹੈ ਕਿ ਸਥਾਨਕ ਚੋਣਾਂ ਵਿੱਚ ਜਿੱਤ ਹਾਸਿਲ ਕਰਨ ਲਈ ਸੱਤਾਧਾਰੀ ਧਿਰਾਂ ਹਰ ਹੱਥਕੰਡਾ ਵਰਤਦੀਆਂ ਹਨ। ਚੋਣਾਂ ਵਿੱਚ ਕੀਤੀ ਜਾਂਦੀ ਸਿੱਧੇ ਅਸਿੱਧੇ ਰੂਪ ਵਿੱਚ ਧਾਂਦਲੀ,ਧੱਕੇਸ਼ਾਹੀ, ਜਿਸ ਵਿੱਚ ਪ੍ਰਸ਼ਾਸਨ ਵੀ ਸੱਤਾਧਾਰੀਆਂ ਦੇ ਹੱਕ ਵਿੱਚ ਭੁਗਤਦਾ ਹੈ, ਕਦੇ ਵੀ ਕਿਸੇ ਵੀ ਪੱਖ ਤੋਂ ਜਾਇਜ ਨਹੀਂ ਠਹਿਰਾਈ ਜਾ ਸਕਦੀ।
ਚੋਣਾਂ ਨਾਲ ਸੰਬੰਧਤ ਧਾਂਦਲੀਆਂ ਦਾ ਵਿਰੋਧੀ ਧਿਰਾਂ ਬੇਸ਼ੱਕ ਵਿਰੋਧ ਕਰਦੀਆਂ ਹਨ, ਪਰੰਤੂ ਸੱਤਾ ਸੁਖ ਮਿਲਦਿਆਂ ਹੀ ਉਹ ਵੀ ਇਹੋ ਕੁਝ ਕਰਦੀਆਂ ਹਨ ਜੋ ਕਿ ਰਾਜਨੀਤਿਕ ਪਾਰਟੀਆਂ ਦੇ ਦੋਗਲੇ ਕਿਰਦਾਰ ਨੂੰ ਉਜਾਗਰ ਕਰਦਾ ਹੈ।
ਧਰਮ ਵਿਅਕਤੀਗਤ ਮਾਮਲਾ ਹੈ ਪਰੰਤੂ ਇਹ ਦੁਖਾਂਤ ਹੈ ਕਿ ਭਾਰਤੀ ਲੋਕਤੰਤਰ ਵਿੱਚ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਧਰਮ ਅਤੇ ਜਾਤੀ ਦਾ ਕਾਰਡ ਬਹੁਤ ਖੇਡਿਆ ਜਾਂਦਾ ਹੈ ਅਤੇ ਲੋਕਾਂ ਦੀ ਭਾਵਨਾਵਾਂ ਨੂੰ ਵੋਟਾਂ ਵਿੱਚ ਬਦਲ ਲਿਆ ਜਾਂਦਾ ਹੈ। ਜਿਆਦਾਤਰ ਰਾਜਨੀਤਿਕ ਪਾਰਟੀਆਂ ਦੇ ਝੰਡਾਵਰਦਾਰ ਕਿਸੇ ਵੀ ਧਰਮ ਵਿੱਚ ਪੂਰਨ ਨਹੀਂ ਹੁੰਦੇ, ਉਹ ਸਿਰਫ ਧਰਮੀ ਹੋਣ ਦਾ ਪਾਖੰਡ ਕਰਦੇ ਹਨ ਅਤੇ ਜਾਤੀ ਦੀ ਰਾਜਨੀਤੀ ਵੀ ਉਹ ਸਿਰਫ ਕੁਰਸੀ ਤੱਕ ਪਹੁੰਚਣ ਦਾ ਸੁਖਾਲਾ ਰਾਹ ਸਮਝਦੇ ਹੋਏ ਕਰਦੇ ਹਨ, ਇਹ ਸਭ ਕੁਝ ਵੋਟਰ ਜਾਂ ਲੋਕ ਜਾਣਦੇ ਹਨ ਪਰ ਇਹ ਸਮਾਜ ਦਾ ਦੁਖਾਂਤ ਹੈ ਕਿ ਉਹ ਸਭ ਕੁਝ ਜਾਣਦੇ ਹੋਏ ਵੀ ਇਸ ਤੱਥ ਨੂੰ ਨਹੀਂ ਸਮਝਦੇ।
ਵੋਟਾਂ ਵਾਲੇ ਦਿਨ ਉਮੀਦਵਾਰਾਂ ਦੇ ਪੋਲਿੰਗ ਸਟੇਸ਼ਨਾਂ ਦੇ ਬਾਹਰ ਕੁਝ ਦੂਰੀ ਤੇ ਆਪਣੇ ਆਪਣੇ ਬੂਥ ਲਾਏ ਹੁੰਦੇ ਹਨ ਅਤੇ ਵੋਟਰਾਂ ਨੂੰ ਕਿਸੇ ਨਾ ਕਿਸੇ ਉਮੀਦਵਾਰ ਵਾਲੇ ਬੂਥ ਵਿੱਚੋਂ ਵੋਟਰ ਪਰਚੀ ਲੈਣੀ ਪੈਂਦੀ ਹੈ, ਅਜਿਹੀ ਸਥਿਤੀ ਵਿੱਚ ਵੋਟਰ ਲਈ ਸਥਿਤੀ ਅਸਹਿਜ ਹੋ ਜਾਂਦੀ ਹੈ ਅਤੇ ਉਸਦੀ ਵੋਟ ਦੀ ਗੁਪਤਤਾ ਨੂੰ ਪਾੜ ਤਾਂ ਲੱਗਦਾ ਹੀ ਹੈ ਨਾਲ ਹੀ ਉਸਦੇ ਸਮਾਜਿਕ ਰਿਸ਼ਤਿਆਂ ਨੂੰ ਵੀ ਢਾਅ ਲੱਗਦੀ ਹੈ। ਵੋਟਰਾਂ ਦਾ ਮਾਨਸਿਕ ਸ਼ੋਸ਼ਣ ਰੋਕਣ ਲਈ ਜ਼ਰੂਰੀ ਹੈ ਕਿ ਚੋਣ ਨਾਲ ਸੰਬੰਧਤ ਅਧਿਕਾਰੀਆਂ ਤਰਫ਼ੋਂ ਵੋਟਰਾਂ ਦੀ ਵੋਟ ਪਾਉਣ ਸੰਬੰਧੀ ਪਰਚੀ ਇੱਕ ਦਿਨ ਪਹਿਲਾਂ ਘਰ ਪੁੱਜਦੀ ਕੀਤੀ ਜਾਵੇ ਜਾਂ ਫਿਰ ਬੀ.ਐੱਲ.ਓ. ਆਦਿ ਦੀ ਵੋਟਾਂ ਵਾਲੇ ਦਿਨ ਸੰਬੰਧਤ ਸਥਾਨ ਤੇ ਡਿਊਟੀ ਲਾਉਣੀ ਚਾਹੀਦੀ ਹੈ ਜਿਸ ਤੋਂ ਵੋਟਰ ਸੰਬੰਧਤ ਪਰਚੀ ਲੈ ਸਕਣ।
ਚੋਣਾਂ ਵਿੱਚ ਹੁੰਦੀ ਧੱਕੇਸ਼ਾਹੀ ਚੋਣ ਕਮੀਸ਼ਨ ਤੇ ਵੀ ਸਵਾਲੀਆ ਨਿਸ਼ਾਨ ਲਗਾਉਂਦੀ ਹੈ। ਭਾਰਤੀ ਲੋਕਤੰਤਰ ਦੀ ਮਜ਼ਬੂਤੀ ਅਤੇ ਨਿਰਪੱਖ ਚੋਣਾਂ ਲਈ ਚੋਣ ਕਮੀਸ਼ਨ ਨੂੰ ਆਪਣੀ ਕਾਰਜਸ਼ੈਲੀ ਵਿੱਚ ਹੋਰ ਜਿਆਦਾ ਸੰਵੇਦਨਾ ਅਤੇ ਚੌਕਸੀ ਵਰਤਣ ਦੀ ਜ਼ਰੂਰਤ ਹੈ। ਭਾਰਤੀ ਲੋਕਤੰਤਰ ਪ੍ਰਤੀ ਨਿਸ਼ਠਾ ਰੱਖਦੇ ਹੋਏ ਚੋਣ ਆਯੋਗ ਅਤੇ ਸੰਬੰਧਤ ਅਧਿਕਾਰੀਆਂ ਨੂੰ ਕਿਸੇ ਵੀ ਤਰ੍ਹਾਂ ਦੇ ਦਬਾਅ ਤੋਂ ਮੁਕਤ ਚੋਣਾਂ ਲਈ ਕਾਗਜ਼ੀ ਪ੍ਰਕਿਰਿਆ ਅਤੇ ਹੋਰ ਕਾਰਜ ਵਿਹਾਰਾਂ ਨੂੰ ਅਮਲੀ ਰੂਪ ਦਿੰਦੇ ਸਮੇਂ ਸੰਬੰਧਤ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣੀ ਚਾਹੀਦੀ ਹੈ ਤਾਂ ਜੋ ਭਾਰਤੀ ਲੋਕਤੰਤਰ ਵਿਵਸਥਾ ਨੂੰ ਹੋਰ ਮਜ਼ਬੂਤੀ ਮਿਲ ਸਕੇ।
ਗੋਬਿੰਦਰ ਸਿੰਘ ਢੀਂਡਸਾ
ਪਿੰਡ ਤੇ ਡਾਕ – ਬਰੜ੍ਹਵਾਲ ਲੰਮਾ ਪੱਤੀ
ਤਹਿਸੀਲ – ਧੂਰੀ (ਸੰਗਰੂਰ)
ਈਮੇਲ bardwal.gobinder@gmail.com
01 Oct. 2018