ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
22.08.2022
10 ਬੱਚੇ ਪੈਦਾ ਕਰੋ, ਸਰਕਾਰ ਦੇਵੇਗੀ ਦਸ ਲੱਖ ਰੁਪਏ- ਇਕ ਖ਼ਬਰ
ਗਲਤਫ਼ਹਿਮੀ ‘ਚ ਨਾ ਰਹਿਓ ਭਾਈ, ਇਹ ਖ਼ਬਰ ਰੂਸ ਦੀ ਹੈ।
ਮਨੀਸ਼ ਤਿਵਾੜੀ ਨੇ ਨਿਤਿਨ ਗਡਕਰੀ ਨੂੰ ਹਾਈਵੇਜ਼ ਦੇ ਘੱਟ ਮੁਆਵਜ਼ੇ ਸਬੰਧੀ ਪੱਤਰ ਲਿਖਿਆ-ਇਕ ਖ਼ਬਰ
ਚਿੱਠੀਆਂ ਸਾਹਿਬਾਂ ਜੱਟੀ ਨੇ, ਲਿਖ ਮਿਰਜ਼ੇ ਵਲ ਪਾਈਆਂ।
ਵੱਡੀ ਗਿਣਤੀ ‘ਚ ਲੋਕ ਲੈਣ ਲੱਗੇ ਆਮ ਆਦਮੀ ਕਲਿਨਕਾਂ ਦਾ ਲਾਭ- ਇਕ ਖ਼ਬਰ
ਧਰਤੀ ਨੂੰ ਕਲੀ ਕਰਾ ਦੇ ਵੇ, ਨੱਚੂੰਗੀ ਸਾਰੀ ਰਾਤ।
ਦੁਨੀਆ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ‘ਚੋਂ ਅਠਾਰਾਂ ਭਾਰਤ ਦੇ- ਇਕ ਖ਼ਬਰ
ਬਦਨਾਮ ਭੀ ਹੋਂਗੇ ਤੋ ਕਿਆ ਨਾਮ ਨਾ ਹੋਗਾ।
ਦੇਰ-ਸਵੇਰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿੱਪ ‘ਚ ਤਬਦੀਲੀ ਹੋਣੀ ਅਟੱਲ-ਇਕ ਖ਼ਬਰ
ਬੱਕਰੇ ਦੀ ਮਾਂ ਕਿੰਨਾ ਕੁ ਚਿਰ ਖੈਰ ਮਨਾਏਗੀ।
ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਵਲੋਂ ਬਾਗ਼ੀਆਂ ਨੂੰ ਚਿਤਾਵਨੀ- ਇਕ ਖ਼ਬਰ
ਕਾਹਨੂੰ ਮਾਰਦੀ ਏਂ ਸਾਨੂੰ ਲਲਕਾਰੇ, ਨੀਂ ਔਖੀ ਹੋ ਜੂ ਕੈਦ ਕੱਟਣੀ।
ਨਰਿੰਦਰ ਮੋਦੀ ਨੇ ਅਜੇ ਤੱਕ ਅਜੈ ਮਿਸ਼ਰਾ ਨੂੰ ਮੰਤਰੀ ਮੰਡਲ ‘ਚੋਂ ਕਿਉਂ ਨਹੀਂ ਕੱਢਿਆ?- ਆਪ ਬੁਲਾਰਾ ਕੰਗ
ਜ਼ੁਲਫ਼ਾਂ ਦੀ ਛਾਂ ਕਰ ਕੇ, ਚੂਰੀਆਂ ਖਵਾਵੇ ਸੋਹਣੇ ਯਾਰ ਨੂੰ।
ਗੁਜਰਾਤ ‘ਚ ਡਰੱਗ ਫੈਕਟਰੀ ਦਾ ਪਰਦਾਫਾਸ਼, 1000 ਕਰੋੜ ਦਾ ਨਸ਼ੀਲਾ ਪਦਾਰਥ ਜ਼ਬਤ- ਇਕ ਖ਼ਬਰ
ਗੁਜਰਾਤ ਮਾਡਲ।
ਕੇਂਦਰ ਨੇ ਗੌਤਮ ਅਡਾਨੀ ਨੂੰ ਜ਼ੈੱਡ ਪਲੱਸ ਸਕਿਉਰਿਟੀ ਦਿਤੀ- ਇਕ ਖ਼ਬਰ
ਮਿੱਤਰਾਂ ਦੇ ਤਿੱਤਰਾਂ ਨੂੰ, ਨੀ ਮੈਂ ਤਲ਼ੀਆਂ ‘ਤੇ ਚੋਗ ਚੁਗਾਵਾਂ।
ਜਥੇਦਾਰ ਜੀ! ਬਾਦਲ ਪਰਵਾਰ ਦੀ ਖ਼ਾਤਰਦਾਰੀ ਛੱਡ ਕੇ ਪੰਥਕ ਜ਼ਿੰਮੇਵਾਰੀਆਂ ਵਲ ਧਿਆਨ ਦਿਉ-ਦਾਦੂਵਾਲ
ਹੱਥ ਪੈਰ ਰੱਬ ਨੇ ਦਿਤੇ, ਸੇਵਾ ਕਰ ਲੈ ਨਿਮਾਣੀਏਂ ਜਿੰਦੇ ।
ਸਿਆਸੀ ਪਾਰਟੀਆਂ ਨੂੰ ਚੋਣਾਂ ਸਮੇਂ ਵਾਅਦੇ ਕਰਨ ਤੋਂ ਰੋਕਿਆ ਨਹੀਂ ਜਾ ਸਕਦਾ- ਸੁਪਰੀਮ ਕੋਰਟ
ਨੀ ਮੈਂ ਕਿਉਂ ਕਰ ਜਾਵਾਂ ਕਾਅਬੇ ਨੂੰ, ਮੇਰਾ ਰਾਂਝਣ ਮੇਰਾ ਮੱਕਾ।
ਕਿਸਾਨ ਆਗੂਆਂ ਦੇ ਜਥੇ ਦੀ ਲਖੀਮਪੁਰ ਖੀਰੀ ਜਾਣ ਲਈ ਤਿਆਰੀ- ਇਕ ਖ਼ਬਰ
ਪਰਨਾ ਕਛਹਿਰਾ ਚੁੱਕ ਵੇ ਨਿਰੰਜਣਾ, ਲਾ ਡਗਾ ਨਗਾਰੇ, ਢੁੱਕ ਵੇ ਨਿਰੰਜਣਾ।
ਖੁਰਾਕ ਘੁਟਾਲੇ ਸਬੰਧੀ ਦਰਜ ਮਾਮਲੇ ਨੇ ਕਾਂਗਰਸੀਆਂ ਦੀ ਨੀਂਦ ਉਡਾਈ- ਇਕ ਖ਼ਬਰ
ਨਰਮ ਸਰੀਰਾਂ ਨੂੰ, ਪੈ ਗਏ ਮਾਮਲੇ ਭਾਰੀ।
ਬਿਹਾਰ ਦੀ ਨਵੀਂ ਸਰਕਾਰ ਵਿਚ 72 ਫ਼ੀ ਸਦੀ ਮੰਤਰੀਆਂ ਖਿਲਾਫ਼ ਅਪਰਾਧਿਕ ਕੇਸ ਦਰਜ-ਇਕ ਖ਼ਬਰ
ਸਾਬਣ ਥੋੜ੍ਹਾ ਮੈਲ਼ ਬਥੇਰੀ, ਖੂਹ ‘ਤੇ ਬੈਠਾ ਧੋਵੇ।
ਭਾਜਪਾ ਨੂੰ ਸਹੀ ਸਮਾਂ ਆਉਣ ‘ਤੇ ਜਵਾਬ ਦੇਵਾਂਗਾ- ਨਿਤੀਸ਼ ਕੁਮਾਰ
ਅੱਗੇ ਬੀਬੀ ਟੱਪਣੀ, ਪਿੱਛੇ ਢੋਲਾਂ ਦੀ ਘੜਮੱਸ।
ਕੈਨੇਡਾ ‘ਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਚੌਥੇ ਨੰਬਰ ‘ਤੇ ਦਰਜ- ਇਕ ਖ਼ਬਰ
ਮਾਂ-ਬੋਲੀ ਪੰਜਾਬੀ ਸਾਡੀ, ਅਸੀਂ ਜਿਉਂਦੇ ਇਸ ਦੀ ਸ਼ਾਨ ‘ਤੇ।