ਤੇਰੀ ਫੀਅਟ ਨੂੰ ਕੋਈ ਹੋਰ ਭਜਾਈ ਫਿਰਦਾ ! - ਬੁੱਧ ਸਿੰਘ ਨੀਲੋਂ
ਜਦੋਂ ਆਪਣਾ ਪੈਸਾ ਈ ਖੋਟਾ ਹੋਵੇ, ਬਾਣੀਏ ਦਾ ਕੀ ਦੋਸ਼ । ਫੇਰ ਬਾਣੀਏ ਨਾਲ਼ ਝਗੜਾ ਨਹੀਂ ਕਰਨਾ ਚਾਹੀਦਾ। ਆਪਣੀ ਪੀੜ੍ਹੀ ਹੇਠਾਂ ਸੋਟਾ ਫੇਰਨ ਦੀ ਜਰੂਰਤ ਹੁੰਦੀ ਹੈ । ਅਸੀਂ ਅਕਸਰ ਪਸ਼ੂਆਂ ਵਾਂਗੂੰ ਬੇਗਾਨੀਆਂ ਖੁਰਲੀਆਂ ਵਿੱਚ ਮੂੰਹ ਮਾਰਦੇ ਰਹਿੰਦੇ ਹਾਂ । ਆਪਣੇ ਮੂਹਰੇ ਪਾਏ ਪੱਠਿਆਂ ਨੂੰ ਸਦਾ ਹੀ ਨਜ਼ਰ ਅੰਦਾਜ਼ ਕਰਦੇ ਹਾਂ । ਮਨੁੱਖੀ ਬਿਰਤੀ ਤਿਤਲੀਆਂ ਵਰਗੀ ਹੁੰਦੀ ਹੈ । ਤਿਤਲੀ ਦਾ ਢਿੱਡ ਭਾਂਵੇਂ ਛੋਟਾ ਹੁੰਦਾ ਪਰ ਹਾਜ਼ਮਾ ਵੱਡਾ ਹੁੰਦਾ ਹੈ, ਤਾਂ ਹੀ ਉਹ ਇਕ ਫੁੱਲ ਤੋਂ ਦੂਜੇ ਤੇ ਦੂਜੇ ਤੋਂ ਤੀਜੇ 'ਤੇ ਮੰਡਰਾਉਂਦੀ ਰਹਿੰਦੀ ਹੈ । ਉਸਦੇ ਜੀਵਨ ਦਾ ਸਫ਼ਰ ਵੀ ਥੋੜ੍ਹਾ ਹੁੰਦਾ ਹੈ ਪਰ ਉਹ ਹਰ ਤਰਾਂ ਦਾ ਰਸ ਤੇ ਰੰਗ ਮਾਣਦੀ ਹੈ । ਉਹ ਕਿਸੇ ਇੱਕ ਫੁੱਲ ਉਪਰ ਕਬਜ਼ਾ ਕਰਕੇ ਨਹੀਂ ਬੈਠ ਜਾਂਦੀ ਸਗੋਂ ਰਸ ਚੂਸ ਕੇ ਅਗਾਂਹ ਕਿਸੇ ਹੋਰ ਵਾਦੀ ਵੱਲ ਉਡਾਰੀ ਮਾਰ ਜਾਂਦੀ ਹੈ । ਪਰ ਮਨੁੱਖੀ ਸੁਭਾਅ ਹਮੇਸ਼ਾ ਹੀ ਕਬਜ਼ਾ ਕਰਨ ਦਾ ਆਦੀ ਹੈ । ਗੁਰਬਖ਼ਸ਼ ਸਿੰਘ ਪ੍ਰੀਤ ਲੜੀ ਦਾ ਕਥਨ ਹੈ- "ਪਿਆਰ ਕਬਜ਼ਾ ਨਹੀਂ, ਪਹਿਚਾਣ ਹੈ !" ਪ੍ਰੰਤੂ ਮਨੁੱਖ ਜਾਣ-ਪਹਿਚਾਣ ਕੱਢ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾ ਹੈ । ਬੇਗਾਨੀ ਜ਼ਮੀਨ ਜਾਂ ਜ਼ਮੀਰ 'ਤੇ ਕਬਜ਼ਾ ਕਰਨਾ ਤੇ ਕਬਜ਼ੇ ਨੂੰ ਬਰਕਰਾਰ ਰੱਖਣਾ ਸੌਖਾ ਨਹੀਂ ਹੁੰਦਾ। ਇਹ ਬਹੁਤ ਮੁਸ਼ਕਿਲਾਂ ਭਰਿਆ ਕੰਮ ਹੈ । ਜਿਵੇਂ ਕੰਮ ਕੋਈ ਵੀ ਚੰਗਾ ਤੇ ਮਾੜਾ ਨਹੀਂ ਹੁੰਦਾ ਪਰ ਮਨੁੱਖ ਦੀ ਸੋਚ ਸਮਝ ਚੰਗੀ ਤੇ ਮਾੜੀ ਹੋ ਸਕਦੀ ਹੈ । ਸ਼ਲੀਲ/ਅਸ਼ਲੀਲ ਕੁਝ ਨਹੀਂ ਹੁੰਦਾ, ਇਹ ਤਾਂ ਮਨੁੱਖ ਦੀ ਸੋਚ 'ਤੇ ਨਿਰਭਰ ਕਰਦਾ ਹੈ ।
ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ। ਸੋਨਾ ਨਾ ਚਮਕਦਾ ਤੇ ਨਾ ਹੀ ਲਿਸ਼ਕਦਾ ਹੈ । ਸੁਰਮਾ ਹਰ ਕੋਈ ਪਾਉਂਦਾ ਹੈ ਪਰ ਮਟਕਾਉਣਾ ਕੋਈ ਕੋਈ ਜਾਣਦਾ ਹੈ। ਜਿਵੇਂ ਗਿਆਨ ਤੇ ਸਮਾਜ ਪ੍ਰਤੀ ਸਮਝ ਡਿਗਰੀਆਂ ਹਾਸਲ ਕਰਕੇ ਨਹੀਂ ਆਉਦੀ । ਇਹ ਤਾਂ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਨਾਲ਼ ਮੱਥਾ ਲਾਉਣ ਨਾਲ ਆਉਂਦੀ ਹੈ । ਕਿਤਾਬ ਕੋਈ ਚੰਗੀ ਜਾਂ ਮਾੜੀ ਨਹੀਂ ਹੁੰਦੀ । ਕਿਤਾਬ ਪੜ੍ਹਨ ਵਾਲ਼ੇ ਦੀ ਸੋਚ ਚੰਗੀ ਮਾੜੀ ਹੋ ਸਕਦੀ ਹੈ। ਮਨੁੱਖ ਹੀ ਕਿਤਾਬਾਂ ਨਹੀਂ ਪੜ੍ਹਦਾ ਸਗੋਂ ਕਿਤਾਬਾਂ ਵੀ ਮਨੁੱਖਾਂ ਨੂੰ ਪੜ੍ਹਦੀਆਂ ਹਨ । ਤੁਰਨ ਨਾਲ਼ ਸਫ਼ਰ ਮੁੱਕਦਾ ਹੈ। ਕਿਸੇ ਦੇ ਨਾਲ਼ ਜੁੜ ਕੇ ਨਵੀਂ ਸਿਰਜਣਾ ਹੋ ਸਕਦੀ ਹੈ। ਬਿਜਲੀ ਦੀ ਇੱਕਲੀ ਤਾਰ ਵਿੱਚ ਕਰੰਟ ਹੋਣ 'ਤੇ ਵੀ ਉਹ ਓਦੋਂ ਤੱਕ ਨਕਾਰਾ ਹੁੰਦੀ ਹੈ ਜਦ ਤੱਕ ਉਸਨੂੰ ਅਰਥ ਨਹੀਂ ਮਿਲ਼ਦਾ, ਉਹ ਨਿਕੰਮੀ ਤਾਰ ਹੀ ਰਹਿ ਜਾਂਦੀ ਹੈ। ਰੋਸ਼ਨੀ ਪੈਦਾ ਕਰਨ ਲਈ ਠੰਡੀ ਤੇ ਗਰਮ, ਦੋ ਤਾਰਾਂ ਦਾ ਹੋਣਾ ਲਾਜ਼ਮੀ ਹੈ। ਦੀਵਾ ਇਕੱਲਾ ਹੀ ਰੋਸ਼ਨੀ ਪੈਦਾ ਕਰ ਸਕਦਾ ਹੈ । ਪਰ ਉਸ ਵਿੱਚ ਤੇਲ, ਬੱਤੀ ਤੇ ਅੱਗ ਦਾ ਹੋਣਾ ਜਰੂਰੀ ਹੁੰਦਾ ਹੈ । ਬਹੁਗਿਣਤੀ ਲੋਕਾਂ ਕੋਲ਼ ਭਾਂਵੇਂ ਸਭ ਕੁਝ ਹੁੰਦਾ ਹੈ ਪਰ ਉਨ੍ਹਾਂ ਕੋਲ਼ ਚਾਨਣ ਕਰਨ ਵਾਲ਼ੀ ਸੋਚ ਨਹੀਂ ਹੁੰਦੀ ਜਿਸ ਨਾਲ਼ ਲੋਕਾਈ ਅਤੇ ਸਮਾਜ ਦਾ ਹਨੇਰਾ ਦੂਰ ਕੀਤਾ ਜਾ ਸਕੇ । ਦੀਵੇ ਦੇ ਤੇਲ ਅਤੇ ਬੱਤੀ ਦੇ ਨਾਲ਼ ਨਾਲ਼ ਬੰਦੇ ਦੀ ਸੋਚ ਵੀ ਜਲੇ ਤਾਂ ਗਿਆਨ ਦੀ ਰੋਸ਼ਨੀ ਹੁੰਦੀ ਹੈ । ਜਿਵੇਂ ਨੀਂਦ ਮਖ਼ਮਲੀ ਬਿਸਤਰਿਆਂ 'ਤੇ ਹੀ ਨਹੀਂ, ਸੂਲ਼ਾਂ ਉਤੇ ਵੀ ਆ ਸਕਦੀ ਹੈ। ਮਾਛੀਵਾੜੇ ਦੇ ਜੰਗਲ਼ਾਂ ਵਿੱਚ ਸੂਲ਼ਾਂ ਉੱਤੇ ਛਵੀਆਂ ਦੀ ਛਾਂ ਹੇਠਾਂ ਕੋਈ ਵਿਰਲਾ ਮਹਾਂ ਮਾਨਵ ਹੀ ਸੌਂ ਸਕਦਾ ਹੈ । 'ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ...' ਗਾਉਣ ਵਾਲ਼ਾ ਕੋਈ ਸ਼ਹਿਨਸ਼ਾਹ ਹੀ ਹੋ ਸਕਦਾ ਹੈ ।
ਆਪਣੇ ਨੈਣ ਮੈਨੂੰ ਤੂੰ ਦੇ ਦੇ ਤੇ ਅੱਖ ਮਟਕਾਉਂਦੀ ਫਿਰ ... ਬੇਅਕਲ ਬੰਦਾ ਦੂਜਿਆਂ ਨੂੰ ਨੈਣ ਹੀ ਨਹੀਂ, ਸੋਚ ਵੀ ਦੇਂਦਾ ਹੈ। ਇਸੇ ਕਰਕੇ ਸਮਾਜ ਉੱਪਰ ਅਕਲਹੀਣ ਬੰਦੇ ਰਾਜ ਕਰਦੇ ਹਨ। ਅਕਲਾਂ ਤੇ ਸ਼ਕਲਾਂ ਵਾਲ਼ੇ ਭੁੱਖ ਨੰਗ ਨਾਲ਼ ਘੁਲ਼ਦੇ ਹਨ । ਹੁਣ ਸਾਡੀ ਤੇ ਪੰਜਾਬ ਦੀ ਹਾਲਤ ਵੀ ਇਹੋ ਜਿਹੀ ਹੀ ਬਣ ਗਈ ਹੈ । ਵਿਆਹ ਕਿਸੇ ਹੋਰ ਦਾ ਹੋਇਆ ਹੁੰਦਾ ਹੈ ਤੇ ਨਜ਼ਾਰੇ ਕੋਈ ਹੋਰ ਲੈਂਦਾ ਹੈ :-
"ਤੇਰੀ ਫੀਅਟ ਤੇ ਜੇਠ ਨਜ਼ਾਰੇ ਲੈਂਦਾ" !
ਲੋਕਾਂ ਨੇ ਆਪਣੇ ਦੁੱਖ ਦਰਦ ਦੂਰ ਕਰਨ ਲਈ ਇਮਾਨਦਾਰ ਬੰਦਾ ਜਾਣ ਕੇ ਭਗਵੰਤ ਸਿੰਘ ਮਾਨ ਨੂੰ ਮੁਖਮੰਤਰੀ ਚੁਣਿਆ ਸੀ, ਪਰ ਉਹਦੀ ਹਾਲਤ ਇਸ ਗੀਤ ਵਰਗੀ ਹੋ ਗਈ :-
ਤੇਰੀ ਫੀਅਟ ਤੇ ਜੇਠ ਨਜ਼ਾਰੇ ਲੈਂਦਾ !
ਪੈਸਾ ਲੋਕਾਂ ਦਾ, ਹੈਲੀਕਾਪਟਰ ਪੰਜਾਬ ਸਰਕਾਰ ਦਾ ਪਰ ਨਜ਼ਾਰੇ ਹਰਿਆਣੇ ਤੇ ਦਿੱਲੀ ਦੇ ਮੁੱਖ ਮੰਤਰੀ ਲੈਂਦੇ ਫਿਰਦੇ ਹਨ । ਭਗਵੰਤ ਸਿੰਘ 'ਝੰਡਾ' ਬਣ ਕੇ ਤਲੀਆਂ ਝੱਸਣ ਜੋਗਾ ਰਹਿ ਗਿਆ।
"ਨੀ ਸਹੁਰੀਂ ਜਾ ਕੇ ਭੁੱਲ ਜਾਵੇਂਗੀ
ਜਿਹੜੀ ਤਲੀਆਂ 'ਤੇ ਚੋਗ ਚੁਗਾਈ !"
ਪੰਜਾਬ ਦੇ ਲੋਕਾਂ ਨੇ ਦਿਨ ਰਾਤ ਇਕ ਕਰਕੇ ਰਿਵਾਇਤੀ ਸਿਆਸੀ ਪਾਰਟੀਆਂ ਦਾ ਬੋਰੀਆ ਬਿਸਤਰਾ ਗੋਲ਼ ਕੀਤਾ ਤੇ ਭਗਵੰਤ ਸਿੰਘ ਮਾਨ ਬਹੁਗਿਣਤੀ ਨਾਲ਼ ਜਿਤਾਇਆ। ਭਗਵੰਤ ਸਿੰਘ ਮਾਨ ਨੇ ਤਾਂ ਸ਼ਹੀਦ ਭਗਤ ਸਿੰਘ ਦੀ ਖਾਧੀ ਸਹੁੰ ਦਾ ਲਿਹਾਜ਼ ਵੀ ਨਾ ਰੱਖਿਆ। ਆਪਣੇ ਹੱਥੀਂ ਆਪਣੀ ਇੱਜ਼ਤ ਬੇਗਾਨਿਆਂ ਹੱਥ ਫੜਾ ਦਿੱਤੀ। ਹੁਣ ਭਗਵੰਤ ਸਿੰਘ ਮਾਨ ਨਹੀਂ ਬੋਲਦਾ ਇਹਦੇ ਵਿੱਚੋਂ ਅਰਵਿੰਦ ਕੇਜਰੀਵਾਲ ਤੇ ਰਾਘਵ ਚੱਢਾ ਬੋਲਦਾ ਹੈ :
"ਤੂੰ ਨੀ ਬੋਲਦੀ ਰਕਾਨੇ ਤੂੰ ਨੀ ਬੋਲਦੀ ਤੇਰੇ 'ਚੋਂ ਤੇਰਾ ਯਾਰ ਬੋਲਦਾ !"
"ਕੀ ਜ਼ੋਰ ਵੋਟਰਾਂ ਦਾ ਉਹ ਤਾਂ ਵੋਟਾਂ ਪਾਉਂਦੇ ਰਹਿ ਗਏ, ਸੋਨੇ ਦੇ ਮਹਿਲ ਤੇਰੇ, 'ਝੰਡਾ ਸਿਆਂ' ਖੋਹ ਬੇਗਾਨੇ ਲੈ ਗਏ ..."
ਲੋਕਾਂ ਭਾਣੇ ਉਸਦੀ ਹਾਲਤ ਸ਼ਰਾਬੀ ਵਰਗੀ ਹੋ ਗਈ ਹੈ । ਉਹਨਾਂ ਨੂੰ ਪਤਾ ਨਹੀਂ ਲਗਦਾ ਕਿ ਉਹ ਕਰਦਾ ਕੀ ਹੈ ? ਉਹ ਹਾਲਤ ਭਗਵੰਤ ਸਿੰਘ ਮਾਨ ਦੀ ਹੈ । ਤਾਂ ਹੀ ਵਿਰੋਧੀ ਧਿਰ ਵਾਲ਼ੇ ਸ਼ਰੀਕੇ ਵਾਲ਼ਿਆਂ ਵਾਂਗੂੰ ਮੂੰਹ ਆਈਆਂ ਗੱਲਾਂ ਚਿੱਥ ਚਿੱਥ ਕੇ ਕਰਦੇ ਨੇ । ਉਹ ਮੂੰਹ ਆਇਆ ਬੋਲਦੇ ਹਨ। ਅਖੇ : "ਤੇਰੀ ਫੀਅਟ ਤੇ ਜੇਠ ਨਜ਼ਾਰੇ ਲੈਂਦਾ !"
ਸਿਆਣੇ ਬੰਦੇ ਉਸਨੂੰ ਸਮਝਾ ਰਹੇ ਹਨ ਕਿ, "ਭਾਈ ਤੂੰ ਆਪਣਾ ਘਰ ਬਾਰ ਸਾਂਭ, ਕਿਉਂ ਬੇਗਾਨੇ ਹੱਥੀਂ ਜਿੰਦਾ ਕੁੰਜੀ ਫੜਾ ਦਿੱਤੀ ਊ।" ਲੋਕਾਂ ਨੂੰ ਸਮਝ ਨਹੀਂ ਲੱਗਦੀ ਕਿ ਭਗਵੰਤ ਸਿੰਘ ਨੂੰ ਕੀ ਘੋਲ਼ ਕੇ ਪਿਆਇਆ ਗਿਆ ਹੈ । ਉਹ ਰੰਗਲੇ ਪੰਜਾਬ ਨੂੰ ਭੁੱਲ ਹੀ ਗਿਆ ਹੈ । ਹੁਣ ਉਸ ਵਿੱਚ ਪਹਿਲਾਂ ਵਾਲ਼ੀ ਗੱਲ ਨਹੀਂ ਰਹੀ । ਉਸਦਾ ਹਰਾ ਪੈਨ ਤੇ ਇਨਕਲਾਬੀ ਸੋਚ ਪਤਾ ਨਹੀਂ ਕਿੱਧਰ ਗੁੰਮ ਗਏ । ਬਿਜਲੀ ਦੀਆਂ ਤਿੰਨ ਸੌ ਯੂਨਿਟਾਂ ਮੁਆਫ਼ ਕੀਤੀਆਂ ਸੀ, ਲੋਕਾਂ ਘਰ ਚਾਰ ਗੁਣਾ ਬਿੱਲ ਆ ਗਏ । ਲੋਕ ਸਰੇ ਬਜ਼ਾਰ ਲੁੱਟੇ ਗਏ ਜੁਆਰੀਏ ਵਾਂਗੂੰ ਦੋਵੇਂ ਹੱਥੀਂ ਪਿੱਟ ਸਿਆਪਾ ਕਰਦੇ ਹਨ । ਉਹ ਪਿਛਲੇ ਸੱਤ ਦਹਾਕਿਆਂ ਤੋਂ ਇਹੋ ਕੁਝ ਕਰਦੇ ਆਏ ਹਨ ਤੇ ਅੱਗੋਂ ਵੀ ਕਰਦੇ ਰਹਿਣਗੇ ਜਦੋਂ ਤੱਕ ਮੁਫ਼ਤ ਦੀਆਂ ਜਲੇਬੀਆਂ ਖਾਣੋਂ ਤੇ ਮੁਫਤ ਦੀ ਸ਼ਰਾਬ ਪੀਣੋਂ ਨਹੀਂ ਹਟਦੇ । ਪਰ ਕੌਣ ਸਮਝਾਵੇ ਲੋਕਾਂ ਨੂੰ ਕਿ ਲਹੂ ਪੀਣੀਆਂ ਜੋਕਾਂ ਤੋਂ ਬਚੋ ਤੇ ਆਪਣੀ ਰਾਖੀ ਆਪ ਕਰੋ । ਗੀਤ ਸੁਣੋ ...
"ਤੇਰੀ ਫੀਅਟ 'ਤੇ ਜੇਠ...!"