ਆਸਟ੍ਰੇਲੀਆ ਵਿਚ ਪੰਜਾਬੀ ਸੰਗੀਤ ਅਤੇ ਸਭਿਆਚਾਰ ਦੀ ਧਾਰਾ

ਸ. ਦਵਿੰਦਰ ਸਿੰਘ ਧਾਰੀਆ

ਕਸਬਿ ਕਮਾਲ ਕੁਨ, ਅਜ਼ੀਜ਼ੇ ਜਹਾਂ ਸ਼ਵੀ।
ਬੜੀ ਮੁਸ਼ਕਲ ਸੇ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ

ਸ. ਦਵਿੰਦਰ ਸਿੰਘ ਧਾਰੀਆ ਨਾਲ਼ ਮੇਰਾ ਮੇਲ਼ ਓਦੋਂ ਹੋਇਆ ਜਦੋਂ, ਉਹ ਆਪਣੇ ਗੀਤਾਂ ਦੀ ਕਿਤਾਬ ਲੈਣ ਮੇਰੇ ਘਰ, ਸਿਡਨੀ ਦੇ ਸਬਅਰਬ ਈਸਟਰਨ ਕਰੀਕ ਵਿਖੇ ਆਏ। ਇਹ ਕਲਾਕਾਰ ਦਾ ਸਰਮਾਇਆ ਮੇਰੇ ਕੋਲ਼ ਕਿਵੇਂ ਆ ਗਿਆ? ੧੯੮੯ ਵਿਚ ਜਦੋਂ ਮੈਂ ਕਿਸੇ ਕਾਰਜ ਕਾਰਨ ਨਿਊ ਜ਼ੀਲੈਂਡ ਗਿਆ ਤਾਂ ਓਥੇ ਸਾਡੇ ਸਾਂਝੇ ਮਿੱਤਰ, ਗਵਾਂਢੀ ਪਿੰਡ ਦੇ ਵਾਸੀ, ਸ. ਕਰਮਜੀਤ ਸਿੰਘ ਰੰਧਾਵਾ ਨੇ ਇਹ ਖ਼ਜ਼ਾਨਾ ਮੇਰੇ ਹਵਾਲੇ ਕਰਕੇ ਕਿਹਾ ਕਿ ਮੇਰੇ ਪਾਸੋਂ, ਸਿਡਨੀ ਵਿਚ ਧਾਰੀਆ ਜੀ ਆ ਕੇ ਲੈ ਜਾਣਗੇ।
ਕੁਝ ਦਿਨਾਂ ਬਾਅਦ ਧਾਰੀਆ ਜੀ ਨੇ ਮੇਰੇ ਘਰ ਆ ਦਰਸ਼ਨ ਦਿਤੇ। ਸਾਡੇ ਵਿਚਾਲ਼ੇ ਆਸਟ੍ਰੇਲੀਆ ਵਿਚ ਪੰਜਾਬੀ ਲੋਕ ਸੰਗੀਤ ਦਾ ਭਵਿੱਖ, ਯਮਲਾ ਜੀ, ਪੰਜਾਬੀ ਸਭਿਆਚਾਰ ਆਦਿ ਉਪਰ ਖੁਲ੍ਹੀਆਂ ਵਿਚਾਰਾਂ ਹੋਈਆਂ। ਇਕ ਦਿਨ ਮੈਨੂੰ ਆਪਣੇ ਫ਼ਲੈਟ ਵਿਚ ਲਿਜਾ ਕੇ ਯਮਲਾ ਜੀ ਦੀ ਗਾਇਕੀ ਦੀਆਂ ਕੁਝ ਵੀਡੀਓਜ਼ ਵੀ ਇਹਨਾਂ ਨੇ ਵਿਖਾਈਆਂ। ਪਹਿਲੀ ਵਾਰ ਮੈਨੂੰ ਪਤਾ ਲੱਗਾ ਕਿ ਯਮਲਾ ਜੀ ਦਾ ਕੱਦ, ਕਲਾਕਾਰੀ ਵਿਚ ਏਨਾ ਉਚਾ ਅਤੇ ਸਰੀਰਕ ਪੱਖੋਂ ਏਨਾ ਨਿੱਕਾ ਸੀ। ਕਦੀ ਕਦਾਈਂ ਜਦੋਂ ਵੀ ਵੇਹਲ ਮਿਲਣਾ ਧਾਰੀਆ ਜੀ ਨੇ ਸਾਹਿਤਕ ਵਿਚਾਰ ਵਟਾਂਦਰਾ ਕਰਨ ਲਈ ਮੇਰੇ ਕੋਲ਼ ਆ ਜਾਇਆ ਕਰਨਾ।


ਕੌਣ ਹੈ ਇਹ ਧਾਰੀਆ ਨਾਮੀ ਕਲਾ ਨੂੰ ਸਮੱਰਪਤ ਕਲਾਕਾਰ:


ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸਰਵਾਲੀ ਵਿਚ, ਸਰਦਾਰਨੀ ਗੁਰਬਚਨ ਕੌਰ ਅਤੇ ਸਰਦਾਰ ਹਰਭਜਨ ਸਿੰਘ ਦੇ ਘਰ, ਜਨਵਰੀ ੧੯੬੧ ਵਿਚ, ਆਪਣੇ ਨਾਨਕੇ ਘਰ ਪਿੰਡ ਹੋਠੀਆਂ, ਮਾਪਿਆਂ ਦੀਆਂ ਅੱਖਾਂ ਦਾ ਨੂਰ ਪਰਗਟ ਹੋਇਆ। ਗਵਾਂਢੀ ਪਿੰਡ ਮਿਰਜਾ ਜਾਨ (ਬੋਹੜ ਵਾਲ਼ਾ) ਦੇ ਹਾਈ ਸਕੂਲ ਵਿਚ ਪੜ੍ਹਨ ਸਮੇ ਤੋਂ ਹੀ, ਉਸ ਪਿੰਡ ਵਿਚ ਸਵੇਰੇ ਸ਼ਾਮ ਸਪੀਕਰ ਉਪਰ ਵੱਜਣ ਵਾਲ਼ੇ, ਉਸਤਾਦ ਯਮਲਾ ਜੱਟ ਦੇ ਗੀਤ, ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ, ਜੰਗਲ਼ ਦੇ ਵਿਚ ਖੂਆ ਲਵਾਦੇ ਉਤੇ ਪਵਾਦੇ ਡੋਲ, ਤੇਰੇ ਨੀਂ ਕਰਾਰਾਂ ਮੈਨੂੰ ਪੱਟਿਆ ਆਦਿ ਗੀਤ ਸੁਣ ਸੁਣ ਕੇ, ਦਵਿੰਦਰ ਸਿੰਘ ਦੇ ਅੰਦਰ ਦੇ ਸੁੱਤੇ ਪਏ ਕਲਾਕਾਰ ਨੂੰ ਸੁਗਮ ਸੰਗੀਤ ਦੀ ਲਗਨ ਲੱਗ ਗਈ। ਤੁਰਦੇ ਫਿਰਦੇ ਸੁੱਤੇ ਜਾਗਦੇ, ਸੁਭਾ ਸ਼ਾਮ, ਸਕੂਲ ਵਿਚ ਖੇਤਾਂ ਵਿਚ, ਘਰ ਵਿਚ ਬਾਹਰ ਯਮਲਾ ਜੀ ਦੇ ਗੀਤਾਂ ਦੀ ਗੁਣਗੁਣਾਹਟ ਹੀ ਕਿਸ਼ੋਰ ਚੋਬਰ ਦੇ ਬੁਲ੍ਹਾਂ ਉਪਰ ਨੱਚਦੀ ਰਹਿੰਦੀ ਸੀ। ੧੯੭੭ ਵਿਚ ਦਸਵੀਂ ਪਾਸ ਕਰਕੇ, ਪਿਤਾ ਨਾਲ਼ ਖੇਤੀ ਦਾ ਕੰਮ ਕਰਵਾਉਂਦਿਆਂ, ਯਮਲਾ ਜੀ ਦੇ ਗੀਤ ਗਾਉਂਦਿਆਂ, ਲਾਗੇ ਬੰਨੇ ਦੇ ਸਮਾਗਮਾਂ ਉਪਰ, ਦੋ ਚਾਰ ਵਾਰ ਸ਼ੌਕੀਆ ਕਵੀਸ਼ਰੀ ਵੀ ਕਰ ਲਈ। ਧਾਰੀਆ ਜੀ, ਆਖਦੇ ਨੇ ਕਿ ਸੰਗੀਤ ਜਾਣੋ ਉਹਨਾਂ ਦੇ ਹੱਡਾਂ ਵਿਚ ਹੀ ਰਚ ਗਿਆ ਸੀ। ਰਾਤ ਦਿਨੇ ਏਸੇ ਧੁਨ ਵਿਚ ਹੀ ਲੱਗੇ ਰਹਿਣਾ। ਖੇਡਾਂ ਸੰਗੀਤ ਤੋਂ ਬਿਨਾ ਹੋਰ ਕਿਸੇ ਪਾਸੇ ਧਿਆਨ ਹੀ ਨਾ ਜਾਣਾ। ਹੋਰ ਧਾਰੀਆ ਜੀ ਨੇ ਦੱਸਿਆ, ''ਘਰਦਿਆਂ ਨੂੰ ਆਖਣਾ ਸ਼ੁਰੂ ਕਰ ਦਿਤਾ ਕਿ ਮੈਂ ਯਮਲਾ ਜੀ ਕੋਲ਼ੋਂ ਗਾਉਣਾ ਸਿੱਖਣਾ ਹੈ। ਮੈਨੂੰ ਉਹਨਾਂ ਕੋਲ਼ ਲੁਧਿਆਣੇ ਛੱਡ ਆਓ। ਘਰਦਿਆਂ ਨੂੰ ਬੜਾ ਫਿਕਰ ਲੱਗਾ ਕਿ ਜੱਟਾਂ ਦਾ ਮੁੰਡਾ ਮਰਾਸੀਆਂ ਵਾਲ਼ੇ ਕੰਮ ਵੱਲ਼ ਖਿੱਚਿਆ ਜਾ ਰਿਹਾ ਹੈ। ਉਹਨਾਂ ਨੇ ਬਥੇਰਾ ਜੋਰ ਲਾਇਆ ਮੈਨੂੰ ਸਮਝਾਉਣ ਤੇ। ਵਾਰ ਵਾਰ ਸਾਰੇ ਪਰਵਾਰ ਨੇ ਤਾੜਨਾ ਵੀ ਕੀਤੀ ਪਰ ਮੈਂ ਟੱਸ ਤੋਂ ਮੱਸ ਨਾ ਹੋਇਆ। ਘਰਦਿਆਂ ਤੋਂ ਚੋਰੀਂ ਦੋ ਤਿੰਨ ਵਾਰ ਮੈਂ ਲੁਧਿਆਣੇ ਜਾ ਵੀ ਆਇਆ ਪਰ ਉਸਤਾਦ ਜੀ ਦੇ ਡੇਰੇ ਦੇ ਸਿਰਨਾਵੇਂ ਦਾ ਪਤਾ ਨਾ ਹੋਣ ਕਰਕੇ, ਬੱਸ ਅੱਡੇ ਤੋਂ ਹੀ ਵਾਪਸ ਮੁੜ ਆਉਂਦਾ ਰਿਹਾ।


ਦਵਿੰਦਰ ਸਿੰਘ ਧਾਰੀਆ ਦੀ ਜ਼ਬਾਨੀ:


ਅਖੀਰ ਮੇਰੇ ਅਜਿਹੇ ਚਾਲੇ ਵੇਖ ਕੇ, ਮੇਰੇ ਪਿਤ ਜੀ ਬੜੇ ਫਿਕਰ ਮੰਦ ਰਹਿੰਦੇ ਸਨ। ਉਹਨਾਂ ਦੇ ਚਚੇਰੇ ਭਰਾ, ਜੋ ਲੁਧਿਆਣੇ ਪੁਲਿਸ ਅਫ਼ਸਰ ਤੇ ਛੁੱਟੀ ਸਮੇ ਘਰ ਆਏ ਸਨ, ਸ. ਕ੍ਰਿਪਾਲ ਸਿੰਘ ਜੀ, ਕੋਲ਼ ਮੇਰੀ ਸ਼ਿਕਾਇਤ ਲਾਈ। ਦੋਹਾਂ ਚਚੇਰੇ ਭਰਾਵਾਂ ਦਰਮਿਆਨ ਮੇਰੇ ਬਾਰੇ ਵਾਹਵਾ ਚਿਰ ਫਿਕਰਮੰਦੀ ਵਿਚ ਵਿਚਾਰਾਂ ਹੋਈਆਂ। ਚਾਚਾ ਜੀ ਨੇ ਸੁਝਾ ਦਿਤਾ ਕਿ ਮੁੰਡਾ ਜਿਦ ਕਰਦਾ ਹੈ। ਇਕ ਵਾਰੀਂ ਮੈਂ ਇਸ ਨੂੰ ਯਮਲਾ ਜੀ ਦੇ ਡੇਰੇ ਦਾ ਫੇਰਾ ਪੁਆ ਲਿਆਉਂਦਾ ਹਾਂ। ਇਹ ੧੯੭੯ ਦੇ ਆਰੰਭਲੇ ਦਿਨ ਹੋਣਗੇ ਜਦੋਂ ਮੇਰੇ ਚਾਚਾ ਜੀ, ਸ. ਕ੍ਰਿਪਾਲ ਸਿੰਘ ਜੀ ਮੈਨੂੰ ਲੁਧਿਆਣੇ ਉਸਤਾਦ ਜੀ ਦੇ ਡੇਰੇ ਲੈ ਕੇ ਗਏ। ਬੱਸ ਫਿਰ ਕੀ, ਉਸਤਾਦ ਜੀ ਦੇ ਪ੍ਰਤੱਖ ਦਰਸ਼ਨ ਕਰਦਿਆਂ ਹੀ ਮੈਂ ਤੇ ਪ੍ਰੇਮ ਆਪਣੀ ਵਿਚ ਸੁੱਧ ਬੁੱਧ ਹੀ ਖੋ ਬੈਠਾ। ''ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ ਬੁੱਧ ਕੀ ਨਾ ਬੁੱਧ ਰਹੀ, ਮੱਤ ਮੈਂ ਨਾ ਮੱਤ ਹੈ॥'' ਉਸਤਾਦ ਜੀ ਨੇ ਕਿਹਾ, ''ਕੁਝ ਸੁਣਾ ਪੁਤਰਾ!'' ਮੈਂ ਹੁਕਮ ਮੰਨ ਕੇ ਗਿ. ਕਰਤਾਰ ਸਿੰਘ ਕਲਾਸਵਾਲੀਏ ਦਾ ਇਹ ਕਬਿੱਤ ਸੁਣਾਇਆ:


ਮਰ ਜਾਵੇ ਸ਼ੇਰ ਉਹਦੀ ਖੱਲ ਨੂੰ ਉਤਾਰ ਕੇ ਤੇ, ਸੰਤਾਂ ਮਹੰਤਾਂ ਦਾ ਆਸਣ ਬਣਾਇਆ ਜਾਂਦਾ।
ਵੱਢ ਲੈਂਦੇ ਬੱਕਰਾ ਤੇ ਖਾ ਲੈਂਦੇ ਮਾਸ ਲੋਕੀਂ, ਖੱਲ ਉਹਦੀ ਵਿਚ ਢੋਲਕੀ ਤੇ ਤਬਲਾ ਮੜ੍ਹਾਇਆ ਜਾਂਦਾ।
ਮਰ ਜਾਵੇ ਗੈਂਡਾ ਉਹਦੀ ਢਾਲ ਹੈ ਬਣਾਈ ਜਾਂਦੀ, ਤੀਰਾਂ ਤਲਵਾਰਾਂ ਨਾਲ਼ ਉਸ ਨੂੰ ਅਜਮਾਇਆ ਜਾਂਦਾ।
ਮਰ ਜਾਵੇ ਹਾਥੀ ਉਹਦਾ ਸਵਾ ਲੱਖ ਮੁੱਲ ਪੈਂਦਾ, ਦੰਦਾਂ ਦਾ ਬਣਾ ਕੇ ਚੂੜਾ ਬੀਬੀਆਂ ਨੂੰ ਪਾਇਆ ਜਾਂਦਾ।
ਮਰ ਜਾਵੇ ਡੰਗਰ ਉਹਦੀ ਖੱਲ ਨੂੰ ਉਤਾਰ ਕੇ ਤੇ, ਮੋਚੀ ਤੋਂ ਸਵਾਂ ਕੇ ਜੋੜਾ ਪੈਰਾਂ ਵਿਚ ਪਾਇਆ ਜਾਂਦਾ।
ਮਰ ਜਾਵੇ ਬੰਦਾ ਉਹ ਕਿਸੇ ਨਹੀਂ ਜੇ ਕੰਮ ਆਉਂਦਾ, ਸਿਵਿਆਂ ਦੇ ਵਿਚ ਉਹਨੂੰ ਖੜ ਕੇ ?ਲਾਇਆ ਜਾਂਦਾ।
ਕਰਤਾਰ ਸਿੰਘਾ ਇਸ ਜੱਗ ਉਤੇ ਜਸ, ਸੂਰਮਿਆਂ ਤੇ ਭਗਤਾਂ ਦਾ ਸਦਾ ਗਾਇਆ ਜਾਂਦਾ।


ਇਹ ਸੁਣ ਕੇ ਉਸਤਾਦ ਜੀ ਨੇ ਐਸੀ ਥਾਪੀ ਦਿਤੀ ਕਿ ਮੈਂ ਤੇ ਫਿਰ ਉਸਤਾਦ ਜੀ ਦਾ ਹੀ ਹੋ ਗਿਆ। ''ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ। ਸੱਦੋ ਨੀ ਮੈਨੂੰ ਧੀਦੋ ਰਾਂਝਾ ਹੀਰ ਨਾ ਆਖੇ ਕੋਈ।'' ਵਰਗੀ ਹਾਲਤ ਹੀ ਮੇਰੀ ਸੀ। ਯਮਲਾ ਜੀ ਨੂੰ ਉਸਤਾਦ ਧਾਰ ਕੇ ਉਹਨਾਂ ਦੇ ਚਰਨਾਂ ਵਿਚ ਹੀ ਰਹਿ ਗਿਆ। ਉਹਨਾਂ ਨੇ ਮੇਰਾ ਤਖੱਲਸ ਧਾਰੀਆ ਰੱਖ ਦਿਤਾ ਤੇ ਤੂੰਬੀ ਨਾਲ਼ ਗੀਤ ਗਾਉਣ ਦੀ ਸਿੱਖਿਆ ਦੇਣੀ ਸ਼ੁਰੂ ਕਰ ਦਿਤੀ। ਛੇ ਕੁ ਮਹੀਨੇ ਦੀ ਸਿਖਲਾਈ ਪਿੱਛੋਂ ਉਸਤਾਦ ਜੀ ਨੇ ਆਲ ਇੰਡੀਆ ਰੇਡੀਉ ਉਪਰ ਮੇਰੀ ਆੱਡੀਸ਼ਨ ਦਿਵਾ ਦਿਤੀ ਤੇ ਸਾਲ ਪਿੱਛੋਂ ਮੈਂ ਰੇਡੀਉ ਤੇ ਗਾਉਣ ਲੱਗ ਪਿਆ। ਨੌਂ ਸਾਲ ਉਸਤਾਦ ਜੀ ਦੀ ਦੇਖ ਰੇਖ ਹੇਠ ਮੈਂ ਸਿਖਲਾਈ ਦੇ ਨਾਲ਼ ਨਾਲ਼ ਉਸਤਾਦ ਜੀ ਦੇ ਨਾਲ਼ ਵੀ ਅਤੇ ਇਕੱਲਿਆਂ ਵੀ ਪੰਜਾਬ ਵਿਚ ਪ੍ਰੋਗਰਾਮ ਕਰਦਾ ਰਿਹਾ। ਜਿੰਨਾ ਚਿਰ ਮੈਂ ਪੰਜਾਬ ਵਿਚ ਰਿਹਾ ਕਈ ਕਈ ਮਹੀਨੇ ਤੇ ਮੇਰੇ ਪ੍ਰੋਗਰਾਮ ਮਹੀਨੇ ਦੇ ਤੀਹ ਤੀਹ ਦਿਨ ਹੀ ਬੁੱਕ ਹੁੰਦੇ ਸਨ।
ਮੇਰੇ ਨਾਂ ਨਾਲ਼ ਉਸਤਾਦ ਜੀ ਵੱਲੋਂ ਲਾਇਆ ਸ਼ਬਦ 'ਧਾਰੀਆ' ਸੁਣ/ਪੜ੍ਹ ਕੇ ਕਈ ਸੱਜਣ ਇਹ ਮੇਰੀ ਗੋਤ ਸਮਝ ਲੈਂਦੇ ਹਨ। ਕੁਝ ਮੈਨੂੰ ਧਾਰੀਵਾਲ਼ ਸਮਝ ਲੈਂਦੇ ਹਨ। ਮੈਂ ਭਾਵੇਂ ਮੈਂ ਆਪਣੇ ਨਾਂ ਨਾਲ਼ ਆਪਣੀ ਗੋਤ ਦਾ ਨਾਂ ਵਰਤਦਾ ਨਹੀਂ ਪਰ ਮੇਰੀ ਗੋਤ ਸੰਧੂ ਹੈ। ਵਾਹਵਾ ਸਮੇ ਪਿਛੋਂ ਮੈਨੂੰ ਪਤਾ ਲੱਗਾ ਕਿ ਉਸਤਾਦ ਜੀ ਨੇ ਮੇਰਾ ਤਖੱਲਸ 'ਧਾਰੀਆ' ਕਿਉਂ ਰੱਖਿਆ ਸੀ! ਤੀਜੇ ਪਾਤਿਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਲੰਮੀ ਬਾਣੀ 'ਅਨੰਦੁ' ਸਾਹਿਬ ਵਿਚ, ''ਘਰਿ ਸਭਾਗੈ ਸਬਦ ਵਾਜੇ ਕਲਾ ਜਿਤੁ ਘਰਿ ਧਾਰੀਆ॥'' ਆਈ ਪੰਗਤੀ ਵਿਚਲੇ ਸ਼ਬਦ 'ਧਾਰੀਆ' ਤੋਂ ਮੇਰਾ ਤਖੱਲਸ ਰੱਖਿਆ ਸੀ। ਮੇਰਾ ਕਲਾਕਾਰੀ ਵਾਲ਼ਾ ਸ਼ੌਕ ਵੇਖ ਕੇ, ਉਸਤਾਦ ਜੀ ਨੇ ਆਪਣੀ ਅਨੁਭਵੀ ਦ੍ਰਿਸ਼ਟੀ ਨਾਲ਼ ਸ਼ਾਇਦ ਜਾਚ ਲਿਆ ਹੋਵੇ ਕਿ ਮੈਂ ਕਲਾਕਾਰਾਂ ਦੇ ਸੰਸਾਰ ਵਿਚ ਵਿਚਰਨ ਦੇ ਕਾਬਲ ਹੋ ਸਕਾਂਗਾ।
੧੯੮੮ ਵਿਚ ਧਾਰੀਆ ਜੀ ਨੇ ਜਿਉਂ ਉਡਾਰੀ ਮਾਰੀ ਤੇ ਆਸਟ੍ਰੇਲੀਆ ਦੇ ਉਤੋਂ ਦੀ ਅੱਗੇ ਨਿਊ ਜ਼ੀਲੈਂਡ ਜਾ ਉਤਾਰਾ ਕੀਤਾ। ਓਥੇ ਛੇ ਕੁ ਮਹੀਨਿਆਂ ਵਿਚ ਵੀਹ ਪੰਝੀ ਗਾਇਕੀ ਦੇ ਪ੍ਰੋਗਰਾਮ ਪੇਸ਼ ਕੀਤੇ ਤੇ ਫਿਰ ੧੯੮੯ ਵਿਚ, ਆਪਣੀ ਚਾਹਨਾ ਵਾਲ਼ੇ ਦੇਸ, ਆਸਟ੍ਰੇਲੀਆ ਆ ਡੇਰੇ ਲਾਏ। ਏਥੇ ਓਦੋਂ ਪੰਜਾਬੀਆਂ ਦੀ ਆਬਾਦੀ ਬਹੁਤ ਹੀ ਥੋਹੜੀ ਸੀ। ਹੁਣ ਤੇ ਦਾਤੇ ਦੀ ਦਇਆ ਹੈ, ਵਿਦਿਆਰਥੀਆਂ ਦੇ ਆਉਣ ਨਾਲ਼ ਰੌਣਕਾਂ ਲੱਗੀਆਂ ਹੋਈਆਂ ਹਨ।
ਏਥੇ ਆ ਕੇ ਆਪਣੀ ਉਪਜੀਵਕਾ ਕਮਾਉਣ ਲਈ ਧਾਰੀਆ ਜੀ ਨੇ ਕਈ ਪਾਪੜ ਵੇਲੇ। ਫੈਕਟਰੀਆਂ ਵਿਚ ਕੰਮ ਕੀਤਾ ਤੇ ਫੇਰ ਟ੍ਰੇਨਿੰਗ ਸਕੂਲ਼ ਵਿਚੋਂ ਟ੍ਰੇਨਿੰਗ ਲੈ ਕੇ ਆਪਣਾ ਡਰਾਈਵਿੰਗ ਸਕੂਲ ਖੋਹਲ ਕੇ, ਡਰਾਈਵਿੰਗ ਸਿਖਾਉਣੀ ਸ਼ੁਰੂ ਕੀਤੀ ਤੇ ਫਿਰ ਟੈਕਸੀ ਵਲਾਈ ਪਰ ਇਹਨਾਂ ਕਿਰਤਾਂ ਦੇ ਨਾਲ਼ ਨਾਲ਼ ਉਹਨਾਂ ਨੇ ਆਪਣੀ ਅੱਖ ਆਪਣੇ ਨਿਸ਼ਾਨੇ ਤੋਂ ਨਹੀਂ ਉਕਣ ਦਿਤੀ। ਜਿਵੇਂ ਅਰਜਨ ਨੂੰ ਮੱਛੀ ਦੀ ਅੱਖ ਤੋਂ ਬਿਨਾ ਹੋਰ ਕੁਝ ਨਹੀਂ ਸੀ ਦਿਸਿਆ ਏਸੇ ਤਰ੍ਹਾਂ ਧਾਰੀਆ ਜੀ ਨੇ ਵੀ ਆਪਣੀ ਤੂੰਬੀ ਤੋਂ ਅੱਖ ਨਹੀਂ ਚੁੱਕੀ ਭਾਵੇਂ ਗੁਜ਼ਾਰੇ ਵਾਸਤੇ ਹੋਰ ਕਿਰਤਾਂ ਵੀ ਕੀਤੀਆਂ। ਹੁਣ ਇਸ ਸਮੇ ਵੀ ਊਬਰ ਕੰਪਨੀ ਨਾਲ਼ ਟੈਕਸੀ ਚਲਾ ਰਹੇ ਹਨ ਪਰ ਆਪਣਾ ਨਿਸ਼ਾਨਾ ਸੰਗੀਤ ਵਾਲ਼ਾ, ਧਾਰੀਆ ਜੀ ਨੇ ਨਹੀਂ ਅੱਖੋਂ ਓਹਲੇ ਹੋਣ ਦਿਤਾ। ਗੀਤਾਂ ਦਾ ਪ੍ਰੋਗਰਾਮ ਜਿਥੇ ਵੀ ਮਿਲ਼ਿਆ ਕਰਨੋ ਨਾਂਹ ਨਹੀਂ ਕੀਤੀ। ਪੈਸਿਆਂ ਦਾ ਕਦੀ ਲਾਲਚ ਨਹੀਂ ਕੀਤਾ। ਆਸਟ੍ਰੇਲੀਆ ਵਿਚ ਆਉਣ ਤੋਂ ਥੋਹੜਾ ਸਮਾ ਬਾਅਦ ਹੀ, ਬਲੈਕ ਟਾਊਨ ਦੇ ਬੋਮੈਨ ਹਾਲ ਵਿਚ ਆਪਣੇ ਉਸਤਾਦ ਯਮਲਾ ਜੱਟ ਜੀ ਦੀ ਯਾਦ ਵਿਚ ਸਫ਼ਲ ਸਮਾਗਮ ਕੀਤਾ। ਸਭ ਤੋਂ ਪਹਿਲਾਂ, ਭੰਗੜਾ ਅਕੈਡਮੀ ਸਥਾਪਤ ਕਰਕੇ, ੧੯੯੧ ਤੋਂ ਹੀ ਧਾਰੀਆ ਜੀ ਨੇ ਪੰਜਾਬੀ ਸਮਾਜ ਦੇ ਛੋਟੇ ਬੱਚਿਆਂ ਨੂੰ ਭੰਗੜਾ ਤੇ ਗੀਤਾਂ ਦੀ ਸਿਖਲਾਈ ਦੇਣੀ ਸ਼ੁਰੂ ਕੀਤੀ। ਉਪ੍ਰੰਤ 'ਪੰਜਾਬੀ ਸੰਗੀਤ ਸੈਂਟਰ' ਨਾਂ ਦੀ ਆਪਣੀ ਸਿਰਜੀ ਸੰਸਥਾ ਰਾਹੀਂ ਪੰਜਾਬੀ ਸੰਗੀਤ, ਭੰਗੜਾ ਅਤੇ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਯੋਗਦਾਨ ਪਾ ਰਹੇ ਹਨ। ਇਹਨਾਂ ਸਰਗਰਮੀਆਂ ਨੂੰ, ੧੯੯੮ ਤੋਂ ਲੈ ਕੇ ੨੦੦੨ ਤੱਕ, ਧਾਰੀਆ ਜੀ ਦੇ ਬਚਪਨ ਦੇ ਦੋਸਤ, ਪਰਲੋਕਵਾਸੀ ਗਿਆਨ ਚੰਦ ਮਸਤਾਨੇ ਦੇ ਸਾਥ ਤੇ ਸਹਿਯੋਗ ਨਾਲ਼, ਚਾਰ ਚੰਨ ਲੱਗੇ।
ਪਿਛਲੇ ਪੰਦਰਾਂ ਸਾਲਾਂ ਤੋਂ, ਪੰਜਾਬੀ ਸੰਗੀਤ ਸੈਂਟਰ ਨਾਮੀ ਸੰਸਥਾ ਦੀ ਸਰਪ੍ਰਸਤੀ ਹੇਠ, ਆਪਣੇ ਮਿੱਤਰ, ਸਿਡਨੀ ਵਿਚ ਪੰਜਾਬ ਦੀ ਆਵਾਜ਼ 'ਰੋਜ਼ਾਨਾ ਅਜੀਤ' ਦੇ ਨਾਮਾ ਨਿਗਾਰ, ਸ. ਹਰਕੀਰਤ ਸਿੰਘ ਸੰਧਰ ਅਤੇ ਹੋਰ ਸਾਥੀਆਂ ਨੂੰ ਨਾਲ਼ ਜੋੜ ਕੇ, ਪੰਦਰਾਂ ਸਾਲਾਂ ਤੋਂ ਧਾਰੀਆ ਜੀ ਅਪ੍ਰੈਲ ਮਹੀਨੇ ਵਿਚ ਸਾਲਾਨਾ 'ਵੈਸਾਖੀ ਮੇਲਾ' ਕਰਦੇ ਆ ਰਹੇ ਹਨ ਜੋ ਕਿ ਆਸਟ੍ਰੇਲੀਆ ਦੇ ਸਭ ਤੋਂ ਵਧ ਸਫ਼ਲ ਮੇਲਿਆਂ ਵਿਚੋਂ ਇਕ ਜਾਣਿਆਂ ਜਾਂਦਾ ਹੈ। ਧਾਰੀਆ ਜੀ ਆਪਣੀ ਟੀਮ ਨਾਲ਼ ਸਮੇ ਸਮੇ ਏਥੋਂ ਦੀਆਂ ਵਿਦਿਅਕ ਸੰਸਥਾਵਾਂ, ਕਲਚਰਲ ਸੰਸਥਾਵਾਂ ਅਰਥਾਤ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿਚ ਵੀ ਸਮੇ ਸਮੇ ਆਪਣਾ ਪ੍ਰੋਗਰਾਮ ਪੇਸ਼ ਕਰਦੇ ਰਹਿੰਦੇ ਹਨ। ਸਿਡਨੀ ਦੀ ਨਿਊ ਸਾਊਥ ਵੇਲਜ਼ ਆਰਟ ਗੈਲਰੀ, ਪ੍ਰਸਿਧ ਯਾਤਰੂ ਸਥਾਨ ਡਾਰਲਿੰਗ ਹਾਰਬਰ, ਅਤੇ ਓਪਿਰਾ ਹਾਊਸ ਵਿਚ ਵੀ ਸਮੇ ਸਮੇ ਆਪਣੀ ਕਲਾ ਦੀ ਪ੍ਰਦਰਸ਼ਨੀ ਕਰਦੇ ਰਹਿੰਦੇ ਹਨ। ਸਿਡਨੀ ਵਿਚ ਹੋਏ ਸਤੰਬਰ ੨੦੦੦ ਵਾਲ਼ੇ ਓਲੰਪਕ ਮੇਲੇ ਵਿਚ ਧਾਰੀਆ ਜੀ ਨੇ ਆਪਣੇ ਪੰਦਰਾਂ ਕਲਾਕਾਰਾਂ ਨੂੰ ਨਾਲ਼ ਲੈ ਕੇ, ਉਸ ਸੰਸਾਰ ਦੇ ਸਭ ਤੋਂ ਵੱਡੇ ਇਕੱਠ, ਓਲੰਪਕ ਖੇਡਾਂ ਦੇ ਆਰੰਭਕ ਸਮਾਰੋਹ ਸਮੇ, ਅੱਠ ਮਿੰਟ ਦੀ ਪੇਸ਼ਕਾਰੀ ਕੀਤੀ। ਇਸ ਸੰਸਾਰ ਮੇਲੇ ਵਿਚ ਦੁਨੀਆਂ ਭਰ ਦੇ ਸਿਆਸਤਦਾਨ, ਖਿਡਾਰੀ ਅਤੇ ਕਲਾਕਾਰਾਂ ਦੀ ਹਾਜਰੀ ਵਿਚ ਆਪਣਾ ਪ੍ਰੋਗਰਾਮ ਪੇਸ਼ ਕਰਨਾ ਕੋਈ ਖਾਲਾ ਜੀ ਵਾੜਾ ਨਹੀਂ ਹੈ। ਅਤਿ ਉਚ ਕੋਟੀ ਦੇ ਕਲਾਕਾਰਾਂ ਵਿਚ ਆਪਣੀ ਟੀਮ ਨਾਲ਼ ਪੰਜਾਬੀ ਸੰਗੀਤ ਅਤੇ ਸਭਿਆਚਾਰ ਦੀ ਝਾਕੀ ਪੇਸ਼ ਕਰਨੀ, ਪੰਜਾਬੀਅਤ ਦੀ ਸ਼ਾਨ ਨੂੰ ਚਾਰ ਚੰਨ ਲਾਉਣ ਵਾਲ਼ੀ ਗੱਲ ਹੈ। ਅੱਜ ਵੀ ਉਸ ਓਲੰਪਕ ਸਟੇਡੀਅਮ ਵਿਚ ਲੱਗੇ ਪੋਲਾਂ ਉਪਰ, ਬਾਕੀ ਪ੍ਰਸਿਧ ਕਲਾਕਾਰਾਂ ਦੇ ਨਾਲ਼ ਸ. ਦਵਿੰਦਰ ਸਿੰਘ ਧਾਰੀਆ ਜੀ ਦਾ ਨਾਂ ਵੀ ਉਕਰਿਆ ਹੋਇਆ ਹੈ।
ਕੁਝ ਕਲਾਕਾਰਾਂ ਵਾਂਗ ਧਾਰੀਆ ਜੀ ਨੇ ਆਪਣੇ ਪੈਰ ਨਹੀਂ ਛੱਡੇ। ਕਿਸੇ ਪ੍ਰਕਾਰ ਦਾ ਨਸ਼ਾ ਨਹੀਂ ਕੀਤਾ। ਨਸ਼ਾ ਕੇਵਲ ਤੇ ਕੇਵਲ ਸੰਗੀਤ ਅਤੇ ਲੋਕ ਸੇਵਾ ਦਾ ਨਸ਼ਾ ਹੀ ਧਾਰੀਆ ਜੀ ਦੇ ਉਪਰ ਹਾਵੀ ਰਹਿੰਦਾ ਹੈ। ਇਸ ਲਈ ਹੋਰ ਕਿਸੇ ਪ੍ਰਕਾਰ ਦਾ ਨਸ਼ਾ ਕਰਨ ਦੀ ਨੋੜ ਤੇ ਤ ਨਾਹੀ ਸਮਾ ਹੈ। ਸਾਤਵਿਕ ਭੋਜਨ ਛਕਦੇ ਹਨ। ਹਰੇਕ ਸਮੇ ਲੋੜਵੰਦ ਦੀ ਸਹਾਇਤਾ ਲਈ ਹਾਜਰ ਰਹਿੰਦੇ ਹਨ। ਇਹ ਸ਼ਾਇਦ ਧਾਰੀਆ ਜੀ ਦੇ ਪਰਵਾਰ ਦੇ ਧਾਰਮਿਕ ਪਿਛੋਕੜ ਦਾ ਸਦਕਾ ਹੈ ਕਿ ਆਪ ਸਾਬਤ ਸੂਰਤ ਸਰੂਪ ਵਿਚ ਵਿਚਰਦੇ ਹਨ। ਆਪਣੇ ਉਸਤਾਦ ਯਮਲਾ ਜੀ ਵਾਂਗ ਹੀ ਧਾਰੀਆਂ ਜੀ ਵੀ ਕਦੀ ਵੀ ਉਹ ਗੀਤ ਨਹੀਂ ਗਾਉਦੇ ਜਿਸ ਨੂੰ ਸਾਰਾ ਪਰਵਾਰ ਬੈਠ ਕੇ ਸੁਣ ਨਾ ਸਕਦਾ ਹੋਵੇ। ਪੰਜਾਬੀਆਂ ਦੇ ਹਰੇਕ ਮੇਲੇ ਵਿਚ ਆਪਣੀ ਸਟੇਜ ਲਾ ਕੇ, ਨਵੇਂ ਬੱਚੇ ਬੱਚੀਆਂ ਨੂੰ ਆਪੋ ਆਪਣੀ ਟੇਲੈਂਟ ਦਾ ਪ੍ਰਗਾਵਾ ਕਰਨ ਦਾ ਮੌਕਾ ਦਿੰਦੇ ਹਨ। ਇਹਨਾਂ ਦੀ ਸਟੇਜ ਉਪਰ ਕੋਈ ਵੀ ਸਭਿਆਚਾਰਕ ਅਸੂਲਾਂ ਦੀ ਉਲੰਘਣਾ ਕਰਨ ਦਾ ਹੌਸਲਾ ਨਹੀਂ ਕਰ ਸਕਦਾ। ਬੱਚੇ ਬੱਚੀਆਂ ਦੇ ਮਾਪੇ ਆਪਣੀਆਂ ਬੱਚੀਆਂ ਨੂੰ ਧਾਰੀਆ ਜੀ ਦੀ ਸਟੇਜ ਉਪਰ ਹਿੱਸਾ ਲੈਣ ਵਿਚ ਕਦੀ ਝਿਜਕ ਨਹੀਂ ਵਿਖਾਉਂਦੇ। ਪੰਜਾਬ ਵਿਚ ਅਸੀਂ ਵੇਖਦੇ ਹਾਂ ਕਿ ਅੱਜ ਕਈ ਨਾਮੀ ਕਲਾਕਾਰ, ਸਿੱਖ ਧਾਰਮਿਕ ਸੰਸਥਾਵਾਂ ਤੋਂ ਗੁਰਮਤਿ ਸੰਗੀਤ ਦੀ ਸਿੱਖਿਆ ਪ੍ਰਾਪਤ ਕਰਕੇ, ਫਿਰ ਗੁਰਸਿੱਖੀ ਰਹਿਤ ਬਹਿਤ ਅਤੇ ਕੀਰਤਨ ਨੂੰ ਤਿਆਗ ਕੇ ਸਟੇਜਾਂ ਉਪਰ ਅਜਿਹੇ ਲਚਰ ਗੀਤ ਗਾਉਂਦੇ ਹਨ ਜਿਨ੍ਹਾਂ ਨੂੰ ਪਰਵਾਰਾਂ ਵਿਚ ਬੈਠ ਕੇ ਸੁਣਨਾ ਮੁਸ਼ਕਲ ਹੁੰਦਾ ਹੈ। ਇਸ ਦੇ ਉਲ਼ਟ ਧਾਰੀਆ ਜੀ ਪਰਦੇਸ ਅਤੇ ਪਛਮੀ ਸੰਸਾਰ ਵਿਚ ਵਿਚਰਦੇ ਹੋਏ, ਆਪਣੀ ਉਪਜੀਵਕਾ ਵੱਖਰੀ ਕਿਰਤ ਨਾਲ਼ ਕਮਾਉਂਦੇ ਹੋਏ ਵੀ ਧਾਰਮਿਕ ਸਭਿਆਚਾਰਕ ਦਾਇਰੇ ਤੋਂ ਬਾਹਰ ਨਹੀਂ ਗਏ।
ਸ ਦਵਿੰਦਰ ਸਿੰਘ ਧਾਰੀਆ ਜੀ ਨੇ ਕੇਵਲ ਆਸਟ੍ਰੇਲੀਆ ਤੱਕ ਹੀ ਆਪਣੀਆਂ ਸਰਗਰਮੀਆਂ ਨੂੰ ਸੀਮਤ ਨਹੀਂ ਰੱਖਿਆ ਸਗੋਂ ਇਹਨਾਂ ਨੂੰ ਆਪਣੇ ਪਿੰਡ ਤੱਕ ਵੀ ਲੈ ਗਏ ਹਨ। ਪਿੰਡ ਦੇ ਨੌਜਵਾਨਾਂ ਨੂੰ ਖੇਡਾਂ ਵਿਚ ਸ਼ਾਮਲ ਹੋਣ ਲਈ ਉਤਸ਼ਾਹਤ ਕਰ ਰਹੇ ਹਨ ਅਤੇ ਪਿੰਡ ਦੀ ਨੁਹਾਰ ਬਦਲਣ ਲਈ ਵੀ ਸਰਗਰਮ ਹਨ। ਫਿਰ ਇਹਨਾਂ ਸਰਗਰਮੀਆਂ ਨੂੰ ਉਹ ਸਾਰੇ ਪੰਜਾਬ ਦੇ ਪਿੰਡ ਪਿੰਡ ਤੱਕ ਪੁਚਾਉਣ ਦੀ ਸੋਚ ਰੱਖਦੇ ਹਨ।
ਧਾਰੀਆ ਜੀ ਦੀ ਜੀਵਨ ਸਾਥਣ ਬੀਬਾ ਸੁਖਵਿੰਦਰ ਕੌਰ ਜੀ, ਭਾਵੇਂ ਕਿ ਉਹ ਵੀ ਨੌਕਰੀ ਕਰਦੇ ਹਨ ਪਰ ਉਹਨਾਂ ਦਾ, ਇਹਨਾਂ ਦੀਆਂ ਸਰਗਰਮੀਆਂ ਵਿਚ ਪੂਰਾ ਪੂਰਾ ਸਾਥ ਅਤੇ ਸਹਿਯੋਗ ਹੈ। ਆਪ ਦਾ ਹੋਣਹਾਰ ਸਪੁੱਤਰ, ਜੋ ਕਿ ਖੁਦ ਵੀ ਚੰਗਾ ਸਿੰਗਰ ਹੈ, ਕਾਕਾ ਪਵਿਤਰ ਸਿੰਘ, ਪਾਇਲਟ ਦੀ ਟ੍ਰੇਨਿੰਗ ਲੈ ਕੇ ਆਸਟ੍ਰੇਲੀਅਨ ਏਅਰ ਫ਼ੋਰਸ ਵਿਚ ਪਾਇਲਟ ਸਿਲੈਕਟ ਹੋ ਗਿਆ ਸੀ। ਓਧਰੋਂ ਕਾਕਾ ਜੀ ਆਸਟ੍ਰੇਲੀਅਨ ਏਅਰ ਫੋਰਸ ਵਿਚ ਸਲਿੈਕਟ ਹੋਏ ਤੇ ਓਧਰੋਂ ਓਸੇ ਸਮੇ ਇਹਨਾਂ ਦੇ ਗਾਏ ਗੀਤ ਦੀ ਸੀ.ਡੀ. ਰੀਲੀਜ਼ ਹੋਈ। ਕਾਕਾ ਪਵਿਤਰ ਸਿੰਘ ਨੇ ਏਅਰ ਫੋਰਸ ਵਾਲ਼ਾ ਕਰੀਅਰ ਤਿਆਗ ਦਿਤਾ ਤੇ ਆਪਣਾ ਪੂਰਾ ਸਮਾ ਪੰਜਾਬੀ ਸੁਗਮ ਸੰਗੀਤ ਦੀ ਸਾਧਨਾ ਨੂੰ ਹੀ ਅਰਪਣ ਕਰ ਦਿਤਾ। ਕਾਕਾ ਪਵਿਤਰ ਸਿੰਘ ਜੀ ਪੱਛਮੀ ਸਮਾਜ ਵਿਚ 'ਪੈਵ ਧਾਰੀਆ' ਦੇ ਨਾਂ ਨਾਲ਼ ਜਾਣੇ ਜਾਂਦੇ ਹਨ।
ਸ. ਦਵਿੰਦਰ ਸਿੰਘ ਧਾਰੀਆ ਅਸਲ ਵਿਚ ਆਪਣੇ ਪਰਵਾਰ, ਦੇਸ ਪੰਜਾਬ ਅਤੇ ਸਭ ਤੋਂ ਵਧ ਕੇ ਆਪਣੇ ਉਸਤਾਦ ਯਮਲਾ ਜੀ ਦਾ ਸੰਸਾਰ ਵਿਚ ਨਾਂ ਚਮਕਾ ਰਿਹਾ ਹੈ। ਅਜਿਹੇ ਸ਼ਾਗਿਰਦ ਉਪਰ ਕਿਸੇ ਵੀ ਉਸਤਾਦ ਨੂੰ ਮਾਣ ਹੋਣਾ ਚਾਹੀਦਾ ਹੈ।

ਗਿਆਨੀ ਸੰਤੋਖ ਸਿੰਘ
+61 435 060 970
gianisantokhsingh@yahoo.com.au

29 Sept. 2018