...ਤੇ ਜਦੋਂ ਸੰਵੇਦਨਾ ਬੰਜਰ ਹੁੰਦੀ ਹੈ ...! - ਬੁੱਧ ਸਿੰਘ  ਨੀਲੋਂ

ਰੋੜ ਰੋੜ ਰੋੜ .. ਇਸ ਜ਼ਹਿਰ ਦਾ ਲੱਭ ਕੋਈ ਤੋੜ,
 ਰੁਸ ਗਏ ਪੰਜਾਬ  ਨੂੰ ਘਰ ਵੱਲ ਮੋੜ, ਤੇਰੀ ਸਾਨੂੰ ਬੜੀ ਲੋੜ
ਤੇਰੀ ਸੰਵੇਦਨਾ ਕਿਉਂ ਮਰ ਗਈ.? ਤੇਰੀ ਸੋਚ ਕੀਹਨੇ ਚਰ ਲਈ  ?
ਪਛਾਣ ਉਹ  ਹੱਥ ਜੀਹਨੇ ਹੈ ਦਿੱਤਾ ਹੈ ਤੈਨੂੰ ਨਿਚੋੜ ..
ਬਣ ਗਿਆ ਤੂੰ  ਰੋੜ … ਪੰਜਾਬੀਓ  ਜਾਗੋ, ਉਠੋ, ਤੁਰੋ, ਜੁੜੋ ਤੇ ਲੜੋ
ਮਰਨਾ ਤਾਂ ਇਕ ਦਿਨ ਹੈ ਤੇ ਕੁਝ ਕਰਕੇ ਮਰੋ, ਜਿਉਣ ਲਈ  ਲੜੋ
 ਪਰ ਭਗੌੜੇ ਤੇ ਦੋਸ਼ੀ  ਨਾ ਬਣੋ, ਤੁਸੀ  ਆਪਣੀ  ਮੌਤ ਆਪ ਮਰੋ ।
     ਧਰਮ ਤੇ ਸਿਆਸਤ ਦੀ ਨਿੱਜੀ ਫਸਲ ਨਾ ਬਣੋ। ਭਗੌੜੇ ਵਿਅਕਤੀ ਦੀ ਮੌਤ ਵੀ ਐ ਤੇ ਸੰਘਰਸ਼  ਦੇ ਵਿਚ  ਲੜਦੇ  ਵੀ ਐ ਪਰ ਮੌਤ ਦਾ  ਫਰਕ ਐ।
     ਪੰਜਾਬ ਦੀ ਬੌਧਿਕ ਸ਼ਕਤੀ ਤੇ ਪੂੰਜੀ ਪਰਵਾਸ ਕਰ ਰਹੀ ਹੈ ।
    ਅਸੀਂ  ਵਿਰਸੇ  ਦੀਆਂ ਵਾਰਾਂ  ਸੁਣ ਕੇ ਮਹਿਸੂਸ  ਨੀ  ਕਰਦੇ  ਕਿ ਅਸੀਂ  ਕਿੱਥੇ  ਖੜ੍ਹੇ ਆਂ? ਕੀ ਪੰਜਾਬ ਦਾ ਖਾਸਾ  ਭਗੌੜੇ ਵਿਅਕਤੀ  ਦਾ ਐ ? ਕੀ ਪਰਾਪਤੀ ਐ?  ਲੁਟੇਰੇ  ਲੁੱਟ ਰਹੇ ਹਨ। ਪੰਜਾਬੀ ਵਿਦੇਸ਼ ਵਲ ਦੌੜਦੇ ਹਨ ਤੇ ਸਰਕਾਰ ਖੁਸ਼ ਹੈ । ਸਿਆਸੀ ਲੋਕ ਜਾਗਦੇ ਹਨ। ਵੋਟਰ  ਕਾਰਡ ਸੁਤੇ  ਹਨ। ਕੀ ਪੰਜਾਬ ਦਾ ਇਹ ਇਤਿਹਾਸ ਹੈ , ਜਿਸ ਦੇ ਸੋਹਿਲੇ ਗਾਉਂਦੇ ਓਂ?
      ਪੰਜਾਬ  ਨਾਮੁਰਾਦ ਬੀਮਾਰੀ ਦੇ ਨਾਲ ਹੌਲੀ ਹੌਲੀ ਇਲਾਜ ਖੁਣੋ ਮਰਨ ਲਈ ਘਰ-ਘਰ ਮਰ ਰਿਹਾ ਹੈ,  ਨਿੱਜੀ ਹਸਪਤਾਲਾਂ ਵਿਚ ਬੀਮਾਰ ਲੋਕ ਵਖ-ਵਖ ਤਰਾਂ ਦੇ ਟੈਸਟਾਂ ਤੇ ਮਹਿੰਗੀ ਦਵਾਈ ਨਾਲ ਮਰਦੇ ਰਹੇ ਹਨ। ਪੜੇ-ਲਿਖੇ ਲੋਕ ਵੀ ਲੁਟੇ ਜਾ ਰਹੇ ਹਨ । ਡਰਦਾ ਕੋਈ  ਨਿੱਜੀ  ਹਸਪਤਾਲ ਦੀ ਇਸ ਲੁੱਟ ਦੇ ਮਾਮਲੇ ਵਿਚ ਬੋਲਦਾ  ਨਹੀ । ਪਰ ਵਖ-ਵਖ ਤਰ੍ਹਾਂ ਦੇ ਟੈਸਟਾਂ 'ਚ ਕਿਵੇਂ ਬੀਮਾਰੀ ਦਾ ਪੱਧਰ  ਵਧਾ ਕੇ ਆਮ ਜਨਤਾ ਦੀ ਲੁੱਟ ਖਸੁੱਟ ਕੀਤੀ ਜਾ ਰਹੀ ਹੈ?  ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹੁਣ ਹਰ ਪਲ ਲੋਕ ਬੀਮਾਰੀ ਨਾਲ ਇਲਾਜ ਕਰਵਾਉਣ ਲਈ ਇਸ ਚੱਕਰ ਵਿਚ ਫਸ ਕੇ ਮਰ  ਰਹੇ ਹਨ ਤੇ  ਜਿਹੜੇ ਲੋਕ ਇਲਾਜ  ਨਹੀਂ ਕਰਵਾ ਸਕਦੇ ਉਹ ਵੀ  ਮਰ  ਰਹੇ ਹਨ ।
     ਵਖ-ਵਖ  ਤਰ੍ਹਾਂ ਦੀ ਟੈਸਟਿੰਗ ਰਿਪੋਰਟ ਵਿਚ ਦੱਸਿਆ ਜਾਂਦਾ ਹੈ ਕਿ ਉਹ ਗੰਭੀਰ ਰੂਪ ਵਿਚ ਬੀਮਾਰ ਐ ਤੇ ਇਲਾਜ ਲਈ ਭਰਤੀ ਕਰਵਾਇਆ ਜਾਂਦਾ ਹੈ  ਫਿਰ ਦਵਾਈ ਦੇ ਨਾਂ ਤੇ ਟੈਸਟ ਦੇ ਨਾਂਅ ਲੁੱਟ ਸ਼ੁਰੂ ਹੁੰਦੀ ਐ।
      ਲੋਕ ਚੁੱਪਚਾਪ ਤਮਾਸ਼ਾ ਦੇਖ ਰਹੇ ਹਨ ਜਾਂ ਮਜਬੂਰ ਹਨ। ਕੋਈ  ਕਿਸੇ ਦੀ ਵੀ  ਸ਼ਿਕਾਇਤ  ਨੀ ਕਰਦਾ ਇਹ ਸਿਹਤ ਮਾਫੀਆ ਆਮ ਆਦਮੀ ਦੀ ਲੁੱਟ ਖਸੁੱਟ ਕਰਦਾ ਹੈ।

ਉਸ ਦੇ ਧਨ ਦੀ ਤੇ ਆਪਣੇ ਆਪ ਦੀ ਪਲ ਪਲ ਮੌਤ  ਹੁੰਦੀ ਹੈ ।
        ਪਰ ਮੇਰਾ ਪੰਜਾਬ  ਏਨਾ ਬੇਵੱਸ ਕਿਉ  ਹੋ ਗਿਆ ?
       ਪੰਜਾਬ, ਜਿਸਨੂੰ ਸੱਭਿਅਤਾ ਦਾ ਪੰਘੂੜਾ ਕਿਹਾ ਜਾਂਦਾ ਹੈ, ਜਿੱਥੇ ਧਰਤੀ ਸੋਨਾ ਉਗਲਦੀ ਸੀ, ਵਾਤਾਵਰਨ ਵਿੱਚ ਮਿਠਾਸ ਸੀ, ਪਾਣੀ ਇਸ ਦਾ ਅੰਮ੍ਰਿਤ ਸੀ। ਜਿਹੜਾ ਵੀ ਕੋਈ ਪ੍ਰਾਣੀ ਇਸ ਧਰਤੀ ਦੀ ਗੋਦ ਵਿੱਚ ਆਉਂਦਾ, ਉਹ ਇੱਥੋਂ ਦਾ ਹੀ ਹੋ ਕੇ ਰਹਿ ਜਾਂਦਾ ਸੀ। ਇੱਥੋਂ ਦੇ ਵਾਸੀ ਇੱਕ-ਦੂਜੇ ਲਈ ਜਾਨਾਂ ਵਾਰਦੇ ਸੀ, ਮੁਹੱਬਤ ਦੀ ਨਦੀ ਵਗਦੀ ਸੀ, ਸੰਗੀਤ ਦਾ ਝਰਨਾ ਸੀ।
      ਅਣਖ਼ੀਲੇ ਸੁਭਾਅ ਦੇ ਮਾਲਕ ਪੰਜਾਬ ਨੇ ਕਦੇ ਵੀ ਦੁਸ਼ਮਨ ਵੱਲ ਕੰਡ ਨਹੀਂ ਕੀਤੀ। ਸਗੋਂ ਸਦਾ ਹਰ ਹਮਲੇ ਨੂੰ ਹਿੱਕ ਦੇ ਜ਼ੋਰ ਨਾਲ ਪਛਾੜਿਆ।
     ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਵਧੇਰੇ ਯੋਗਦਾਨ ਪਾਉਣ ਵਾਲਾ ਪੰਜਾਬ ਹੀ ਹੈ, ਜਿਸ ਨੇ ਸਭ ਤੋਂ ਵੱਧ ਕੁਰਬਾਨੀਆਂ ਦੇ ਕੇ ਦੇਸ਼ ਨੂੰ ਅੰਗਰੇਜ਼ ਹਕੂਮਤ ਤੋਂ ਨਿਜਾਤ ਦਿਵਾਈ।
       ਆਜ਼ਾਦੀ ਤੋਂ ਬਾਅਦ ਭੁੱਖੇ ਮਰ ਰਹੇ ਦੇਸ਼ ਨੂੰ ਅੰਨ ਨਾਲ ਮਾਲਾਮਾਲ ਕਰਨ ਵਾਲਾ ਪੰਜਾਬ ਹੀ ਤਾਂ ਹੈ, ਜਿਸਨੇ ਭਿਖਾਰੀ ਬਣੇ ਦੇਸ਼ ਨੂੰ ਅੰਨਦਾਤਾ ਬਣਾਇਆ।
       ਦੁੱਧ ਦੀਆਂ ਨਦੀਆਂ ਵਗਾਈਆਂ ਭਾਵੇਂ ਇਹ ਗੱਲਾਂ ਹੋਈਆਂ-ਬੀਤੀਆਂ ਨੂੰ ਕੋਈ ਬਹੁਤਾ ਸਮਾਂ ਨਹੀਂ ਹੋਇਆ, ਅਜੇ ਗਿਣਤੀ ਦੇ ਵਰੇ ਹੀ ਹੋਏ ਹਨ। ਪਰ ਇੰਨੇ ਸਮਿਆਂ ਵਿੱਚ ਪੰਜਾਬ ਦੇ ਉਹ ਨਕਸ਼ਾ ਤੇ ਹੁਣ ਦਾ ਨਕਸ਼ਾ ਇਸ ਕਦਰ ਬਦਲ ਗਿਆ ਹੈ ਜਾਂ ਬਦਲ ਦਿੱਤਾ ਗਿਆ ਹੈ ਕਿ ਪਛਾਨਣਾ ਔਖਾ ਹੋ ਗਿਆ ਹੈ ।
       ਪਰ  ਇਸਨੂੰ ਸਮਝਣ ਦੀ ਜ਼ਰੂਰਤ ਹੈ। ਪੰਜਾਬ ਨੂੰ ਜਿਸਨੂੰ ਸਾਜਿਸ਼ ਅਧੀਨ ਲਤਾੜਿਆ ਜਾ ਰਿਹਾ ਹੈ, ਉਸ ਪਿੱਛੇ ਕਿਹੜੀਆਂ ਤਾਕਤਾਂ ਦੇ ਪਿੱਠੂ ਸਾਡੀਆਂ ਰਾਜਨੀਤਿਕ ਪਾਰਟੀਆਂ ਵਿੱਚੋਂ ਕਿਹੜੇ ਆਗੂ ਹਨ? ਇਸ ਬਾਰੇ ਹੁਣ  ਖੋਜ ਕਰਨ ਦੀ ਲੋੜ ਨਹੀਂ ਇਹ ਕੁਝ ਕੁ ਸਿਆਸੀ ਪਾਰਟੀਆਂ ਦੇ ਪ੍ਰਧਾਨ ਤੇ ਉਸ ਦੇ ਝੋਲੀ ਚੁੱਕ ਹਨ । ਜਿਹਨਾਂ ਦੀ ਕਿਰਪਾ ਨਾਲ ਹਰਿਆ-ਭਰਿਆ, ਚਹਿਕਦਾ-ਮਹਿਕਦਾ, ਟਹਿਕਦਾ ਪੰਜਾਬ, ਅੱਜ ਕਿਉਂ ਚਾਰੇ ਪਾਸਿਓਂ ਮੁਰਝਾ ਰਿਹਾ ਹੈ?
      ਇਸ ਦੇ ਖੇਤਾਂ ਵਿੱਚ ਫਸਲਾਂ ਦੀ ਥਾਂ ਕਦੇ ਬੰਦੂਕਾਂ ਉਗਦੀਆਂ ਰਹੀਆਂ, ਹੁਣ ਖੁਦਕਸ਼ੀਆਂ ਉੱਗਣ ਲੱਗ ਪਈਆਂ। ਹੁਣ ਭੁਖਮਰੀ, ਗਰੀਬੀ, ਬੇਰੁਜ਼ਗਾਰੀ, ਬੀਮਾਰੀ, ਲਾਲਚਾਰੀ, ਨਸ਼ੇੜੀ, ਭਿਖਾਰੀ, ਕੁੜੀਮਾਰ, ਨਿਪੁੰਸਕ, ਭਗੌੜੇ, ਬਲਾਤਕਾਰੀ, ਧੋਖੇਬਾਜ਼, ਭੁਖੜ, ਗਦਾਰ, ਤੇ ਰਿਸ਼ਤਿਆਂ ਦੇ ਕਾਤਲ  ਤੇ ਹੋਰ ਪਤਾ ਨਹੀ ਕੀ ਲਕਬ ਦੇ ਨਾਂ ਜੁੜਿਆ ਹੋਇਆ ਹੈ
       ਪੰਜਾਬ ਦੀ ਧਰਤੀ 'ਤੇ ਕਦੇ  ਫ਼ਸਲਾਂ ਤੋਂ ਬੰਦੂਕਾਂ ਉੱਗਣ ਦੇ ਸਫ਼ਰ ਵੱਲ ਜੇ ਪੰਛੀ-ਝਾਤ ਮਾਰੀਏ ਤਾਂ ਬਿਨਾਂ ਨਿਰਾਸ਼ਾ ਦੇ ਕੁੱਝ ਵੀ ਪੱਲੇ ਨਹੀਂ ਪੈਂਦਾ ਕਿਉਂਕਿ ਕੁੱਝ ਮੌਕਾਪ੍ਰਸਤ ਲੀਡਰਾਂ ਨੇ ਆਪਣੀ ਚੌਧਰ ਕਾਇਮ ਰੱਖਣ ਲਈ ਪੰਜਾਬ ਨੂੰ ਗਹਿਣੇ ਪਾਉਣ ਲਈ ਹਰ ਤਰਾਂ ਦੀ ਸਾਜਿਸ਼ ਵਿੱਚ ਆਪਣੀ ਭਾਈਵਾਲੀ ਰੱਖੀ ਕਿਉਂਕਿ ਉਨਾਂ ਨੇ ਤਾਂ ਸਿਰਫ਼ ਮੌਕੇ ਦਾ ਹੀ ਲਾਭ ਉਠਾਇਆ। ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਹਾਲਤ ਕੀ ਹੋਵੇਗੀ? ਇਸ ਬਾਰੇ ਉਨਾਂ ਨਹੀਂ ਸੋਚਿਆ। ਹਜ਼ਾਰਾਂ ਦੀ ਗਿਣਤੀ ਵਿੱਚ ਗੱਭਰੂ ਮਾਰੇ ਗਏ, ਹਜ਼ਾਰਾਂ ਲੱਖਾਂ ਘਰ ਬਰਬਾਦ ਹੋ ਗਏ, ਨਮੋਸ਼ੀ ਤੋਂ ਬਿਨਾਂ ਪੱਲੇ ਕੁਝ ਨਹੀਂ ਪਿਆ।
      ਹੁਣ ਪੰਜਾਬ ਦੀ ਧਰਤੀ ਬੰਜਰ ਹੋ ਰਹੀ ਹੈ। ਧਰਤੀ ਹੇਠਲਾ ਪਾਣੀ ਪਹੁੰਚ ਤੋਂ ਦੂਰ ਹੋ ਰਿਹਾ ਹੈ। ਜੋ ਪਾਣੀ ਮਿਲਦਾ ਵੀ ਹੈ, ਉਹ ਜ਼ਹਿਰੀਲਾ ਹੋ ਗਿਆ ਹੈ। ਪੀਣ ਯੋਗ ਪਾਣੀ ਨਹੀਂ ਰਿਹਾ। ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ। ਖਾਣ-ਪੀਣ ਦੀਆਂ ਵਸਤਾਂ ਵਿੱਚ ਜ਼ਹਿਰੀਆਂ ਦਵਾਈਆਂ ਦੇ ਅੰਸ਼ ਆਉਣ ਕਾਰਣ ਉਹ ਪੰਜਾਬ ਦੇ ਜਿਸਮ ਵਿੱਚ ਵੜ ਗਏ ਹਨ। ਸਿੱਟੇ ਵਜੋਂ ਪੰਜਾਬ ਦਾ ਹਰ ਸ਼ਖ਼ਸ ਕਿਸੇ ਨਾ ਕਿਸੇ ਬਿਮਾਰੀ ਦੀ ਲਪੇਟ ਵਿੱਚ ਹੈ। ਬਹੁਤ ਸਾਰੀਆਂ ਜਾਨਲੇਵਾ ਬਿਮਾਰੀਆਂ ਨੇ ਹਰ ਰੋਜ਼ ਜਾਨਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ।
       ਸਾਡੀ ਧਰਤੀ, ਪਾਣੀ ਵਾਤਾਵਰਨ ਤੇ ਖਾਣ-ਪੀਣ ਦੀਆਂ ਵਸਤਾਂ ਨੂੰ ਜ਼ਹਿਰੀਲੀਆਂ ਕਰਨ ਵਾਲੀਆਂ ਉਹ ਕਿਹੜੀਆਂ ਧਿਰਾਂ ਹਨ? ਇਨਾਂ ਦੀ ਨਿਸ਼ਾਨਦੇਹੀ ਕੌਣ ਕਰੇਗਾ?
      ਪੰਜਾਬ ਦਾ ਹਰ ਸ਼ਖ਼ਸ ਕਿਸੇ ਨਾ ਕਿਸੇ ਕਾਰਨ ਦੁਖੀ ਹੈ। ਵਿਸ਼ਵੀਕਰਨ ਤੇ ਸੰਸਾਰੀਕਰਨ ਦੇ ਰੌਲੇ ਨੇ ਉਸਨੂੰ ਹੋਰ ਵੀ ਭੰਬਲਭੂਸੇ ਵਿੱਚ ਪਾ ਦਿੱਤਾ ਹੈ।
       ਹੁਣ ਉਹ ਚੌਰਾਹੇ 'ਚ ਖੜ੍ਹਾ ਸੋਚ ਰਿਹਾ ਹੈ ਕਿ ਜੇ ਸਾਰਾ ਸੰਸਾਰ ਇੱਕ ਪਿੰਡ ਹੈ ਤਾਂ ਉਸ ਦਾ ਦੇਸ਼ ਕਿਹੜਾ ਹੈ? ਜੇ ਉਸ ਦਾ ਦੇਸ਼ ਭਾਰਤ ਹੈ ਤਾਂ ਉਸ ਦਾ ਭਾਰਤ ਕਿਹੜਾ ਹੈ? ਜੇ ਉਹ ਪੰਜਾਬ ਦਾ ਵਾਸੀ ਹੈ ਤਾਂ ਉਸ ਦਾ ਪੰਜਾਬ ਕਿਹੜਾ ਹੈ? ਤੇ ਉਸ ਦਾ ਪਿੰਡ ਕਿਹੜਾ ਹੈ? ਇਸ ਤਰਾਂ ਦੇ ਬਹੁਤ ਸਾਰੇ ਸਵਾਲ ਹਨ, ਜਿਨਾਂ ਦਾ ਜਵਾਬ ਇਸ ਵਿਸ਼ਵੀਕਰਨ ਨੇ ਕਦੀ ਵੀ ਨਹੀਂ ਦੇਣਾ।
       ਉਹ  ਸਿਆਸੀ  ਆਗੂਆਂ ਨੇ ਤਾਂ ਵਿਕਾਸ ਦੇ ਨਾਂ ਤੇ ਪੰਜਾਬ ਦਾ ਵਿਨਾਸ਼  ਕਰ ਦਿੱਤਾ  ਤੇ ਲੱਖਾਂ  ਕਰੋੜਾ  ਦਾ ਕਰਜਾ ਹੋ ਗਿਐ। ਪੰਜਾਬ ਦੀ ਕਿਸਾਨੀ ਅੱਜ ਖ਼ੁਦਕਸ਼ੀਆਂ ਤੱਕ ਪੁੱਜ ਗਈ ਹੈ।
      ਪੰਜਾਬ ਨੂੰ ਖੇਰੂੰ-ਖੇਰੂੰ ਕਰਨ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ, ਪੰਜਾਬ ਨੂੰ ਚੁਫੇਰਿਉਂ ਲੁੱਟਿਆ ਤੇ ਕੁੱਟਿਆ ਜਾ ਰਿਹਾ ਹੈ। ਅਸੀਂ ਤਮਾਸ਼ਬੀਨ ਬਣੇ ਖੜੇ ਦੇਖ ਰਹੇ ਹਾਂ।
      ਪੰਜਾਬ ਦੀ ਜੁਆਨੀ ਨੂੰ ਨਸ਼ਿਆਂ ਦੀ ਸਿਉਂਕ ਲੱਗ ਗਈ ਹੈ। ਪੰਜਾਬ ਵਿੱਚੋਂ ਕਿਰਤ ਦਾ ਸੰਕਲਪ ਖ਼ਤਮ ਹੋ ਰਿਹਾ ਹੈ। ਪੰਜਾਬ ਵਿਚ ਗ਼ੈਰ ਪੰਜਾਬੀਆਂ ਦੀ ਆਮਦ  ਸਾਜਿਸ਼ ਆਧੀਨ ਵਧਾਈ ਜਾ ਰਹੀ ਹੈ ਤੇ ਜਿਸ ਨੇ ਜੋ ਮਾਹੌਲ ਪੈਦਾ ਕਰ ਦਿੱਤਾ ਹੈ, ਇਸਦੇ ਸਿੱਟੇ ਆਉਣੇ ਸ਼ੁਰੂ ਹੋ ਗਏ ਹਨ।
      ਪੰਜਾਬੀ ਆਪਣੀਆਂ ਜ਼ਮੀਨਾਂ ਵੇਚ-ਵੇਚ ਕੇ ਵਿਦੇਸ਼ਾਂ ਨੂੰ ਦੌੜ ਰਹੇ ਹਨ। ਆਈਲੈਟਸ ਕੰਪਨੀਆਂ ਦਾ ਹੜ੍ਹ  ਆਪਣੀ ਗਿਐ। ਹਰ ਸਾਲ ਦੋ ਲੱਖ ਨੌਜਵਾਨ ਬੌਧਿਕ ਤੇ ਪੂੰਜੀ ਦੀ ਸ਼ਕਤੀ ਪਰਵਾਸ ਹੋ ਰਹੀ ਹੈ । ਇਥੇ ਬੇਰੁਜ਼ਗਾਰੀ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ।
       ਸਰਕਾਰੀ ਕਰਮਚਾਰੀਆਂ ਨੂੰ ਆਪਣੀਆਂ ਨੌਕਰੀਆਂ ਬਚਾਉਣ ਲਈ ਰੋਜ਼ਾਨਾ ਧਰਨੇ ਦੇਣੇ ਪੈਂਦੇ ਹਨ। ਜਿਹੜੇ ਆਪਣੇ-ਆਪ ਨੂੰ 'ਸਰਕਾਰ ਦਾ ਜਵਾਈ' ਸਮਝਦੇ ਸਨ, ਅੱਜ ਉਨਾਂ ਦੇ ਲਈ ਵਿਭਾਗ ਬਚਾਉਣੇ ਔਖੇ ਹੋ ਗਏ ਹਨ,  ਵਿਸ਼ਵੀਕਰਨ ਨੇ ਪ੍ਰਾਈਵੇਟ ਸੈਕਟਰ ਨੂੰ ਮਾਨਤਾ ਦੇਣੀ ਹੀ ਦੇਣੀ ਹੈ ਜਿਹੜੇ ਕਰਮਚਾਰੀਆਂ ਨੇ ਨੌਕਰੀ ਦੌਰਾਨ, ਤਨਖ਼ਾਹ ਲੈਣ ਤੋਂ ਬਿਨਾਂ ਕੰਮ ਨਹੀਂ ਕੀਤਾ, ਉਨਾਂ ਦੀ ਰਾਤਾਂ ਦੀ ਨੀਂਦ ਤੇ ਦਿਨ ਦਾ ਚੈਨ ਗੁਆਚ ਗਿਆ ਹੈ।ਆਪਣੀਆ ਅਗਲੀਆ ਨਸਲਾਂ ਦਾ ਭਵਿਖ ਤਬਾਹ ਕਰ ਦਿੱਤਾ  ਹੈ, ਹੁਣ ਜ਼ਮੀਨ ਤੇ ਜ਼ਮੀਰ ਵੇਚ ਵਿਦੇਸ਼ ਨੂੰ ਭੱਜ ਰਹੇ ਹਨ । ਕੀ ਯੋਧੇ / ਸੂਰਮੇ ਹੁਣ ਡਰ ਗਏ ਹਨ?.
       ਮੱਧਵਰਗੀ ਲੋਕ ਤਾਂ ਪੈਸੇ ਦੀ ਦੌੜ ਦੇ ਚੱਕਰ ਵਿੱਚ ਇੱਕ-ਦੂਜੇ ਦੀਆਂ ਜੇਬਾਂ ਕੱਟਦੇ ਭੱਜੇ ਜਾ ਰਹੇ ਹਨ। ਘਰਾਂ ਤੇ ਰਿਸ਼ਤੇਦਾਰਾਂ ਨਾਲੋਂ ਟੁੱਟ ਗਏ ਹਨ, ਤੇ ਬਾਹਰ ਨੂੰ ਭੱਜ ਰਹੇ ਹਨ.
      ਸਿਹਤ, ਸਿੱਖਿਆ ਤੇ ਰੁਜ਼ਗਾਰ  ਦਾ ਨਿਜੀਕਰਨ  ਹੋ ਗਿਆ ਤੇ ਆਮ ਇਨਸਾਨ ਇਸ ਦਾ ਸ਼ਿਕਾਰ  ਹੋ ਗਿਆ ਹੈ । ਉਹ ਨਾ ਪੜ੍ਹ ਸਕਦਾ ਹੈ ਤੇ ਜਾਨ ਬਚਾ ਸਕਦਾ ਹੈ, ਉਹ ਪਲ ਪਲ ਮਰ ਰਿਹਾ ਹੈ।
      ਪੰਜਾਬ ਵਿੱਚ ਫ਼ਸਲਾਂ ਦੀ ਥਾਂ ਹੁਣ ਵੱਡੀਆਂ-ਵੱਡੀਆਂ ਇਮਾਰਤਾਂ ਦਾ ਜੰਗਲ ਉੱਗ ਆਇਆ ਹੈ। ਇਨਾਂ ਜੰਗਲਾਂ ਨੇ ਪ੍ਰੋ: ਪੂਰਨ ਸਿੰਘ ਦਾ ਪੰਜਾਬ ਖੋਹ ਲਿਆ ਹੈ। ਇਸ ਸਮੇਂ ਅਮੀਰ ਲੋਕ ਅਮੀਰ ਹੋ ਰਹੇ ਹਨ, ਗ਼ਰੀਬ ਦਾ ਜਿਉਣਾ ਦੁੱਭਰ ਹੋ ਰਿਹਾ ਹੈ ਕਿਉਂਕਿ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਵਿੱਚ ਕਈ ਗੁਣਾਂ ਨਿਰੰਤਰ ਵਾਧਾ ਹੋ ਰਿਹਾ ਹੈ। ਘਰੇਲੂ ਜੀਵਨ ਦੀਆਂ ਵਸਤਾਂ ਦੇ ਮੁੱਲ ਆਸਮਾਨ ਛੂਹ ਰਹੇ ਹਨ। ਹਾਸ਼ੀਏ 'ਤੇ ਬੈਠ ਲੋਕ ਚੁੱਪ ਤੇ ਖਾਮੋਸ਼ ਹਨ। ਉਹ ਅਜੇ ਦੇਖ ਰਹੇ ਹਨ ਕਿ ਇਹ ਵਿਕਾਸ ਉਨਾਂ ਨੂੰ ਕਿੱਥੇ ਤੱਕ ਲੈ ਕੇ ਜਾਵੇਗਾ?
      ਬਹੁ-ਕੌਮੀ ਕੰਪਨੀਆਂ ਲਈ ਰਾਜਨੀਤਿਕ ਪਾਰਟੀਆਂ ਤਾਂ ਦਲਾਲ ਬਣ ਕੇ ਰਹਿ ਗਈਆਂ ਹਨ। ਇਨਾਂ ਕੋਲੋਂ ਦੇਸ਼ ਨੂੰ ਬਚਾਈ ਰੱਖਣ ਦੀ ਆਸ ਕਰਨੀ ਬੜੀ ਵੱਡੀ ਭੁੱਲ ਹੋਵੇਗੀ ਕਿਉਂਕਿ ਇਹ ਤਾਂ ਦੇਸ਼ ਨੂੰ ਗਹਿਣੇ ਧਰੀ ਜਾ ਰਹੇ ਹਨ।
    ਇੱਥੋਂ ਜੋ ਕੁੱਝ ਲੁੱਟਿਆ ਜਾ ਸਕਦਾ ਹੈ, ਲੁੱਟੀ ਜਾ ਰਹੇ ਹਨ। ਜਿਹੜੇ ਲੋਕ ਇਨਾਂ ਦੀ ਲੁੱਟ ਦਾ ਪਰਦਾਫ਼ਾਸ਼ ਕਰਦੇ ਹਨ, ਉਨਾਂ ਨੂੰ ਅਮਨ-ਕਾਨੂੰਨ ਦੀ ਆੜ ਹੇਠ ਜੇਲਾਂ ਵਿੱਚ ਤੁੰਨਿਆ ਜਾ ਰਿਹਾ ਹੈ। ਦਿਨ ਦਿਹਾੜੇ ਕਤਲ ਕੀਤਾ ਜਾ ਰਿਹਾ ਹੈ।
        ਲੁਟੇਰੇ ਤੇ ਸਿਆਸਤਦਾਨ  ਵਧ ਫੁਲ  ਰਹੇ ਹਨ ਤੇ ਲੋਕ ਮਰ ਤੇ ਮਾਰੇ ਜਾ ਰਹੇ ਹਨ ।ਸਿਆਸੀ  ਆਗੂਆਂ ਦੇ ਕਾਰੋਬਾਰ ਵਧੀਆ ਚਲ ਰਹੇ ਹਨ। ਪਰ ਹੱਸਦਾ-ਵੱਸਦਾ ਪੰਜਾਬ ਅੱਜ ਰੋ ਕਿਉਂ ਰਿਹਾ ਹੈ? ਇਸ ਦੀਆਂ ਅੱਖਾਂ ਵਿਚਲੇ ਅੱਥਰੂ ਕੌਣ ਸਾਫ਼ ਕਰੇਗਾ?
       ਕੌਣ ਹੈ ਜੋ ਇਸ ਦੇ ਮੂੰਹ ਉੱਤੇ ਚਪੇੜਾਂ ਮਾਰ ਰਿਹਾ ਹੈ? ਉਨਾਂ ਹੱਥਾਂ ਨੂੰ ਪਛਾਨਣ ਦੀ ਲੋੜ ਹੈ।
       ਲੋੜ ਤਾਂ ਪੰਜਾਬ ਨੂੰ ਇਸ ਸਮੇਂ ਬਹੁਤ ਕੁੱਝ ਦੀ ਹੈ ਕਿਉਂਕਿ ਪੰਜਾਬ ਦੀ ਸਿਹਤ ਖ਼ਰਾਬ ਹੋ ਰਹੀ ਹੈ।
  ਸੱਭਿਆਚਾਰ ਪ੍ਰਦੁਸ਼ਿਤ ਕਰ ਦਿੱਤਾ ਗਿਆ ਹੈ। ਸਾਡੇ ਗੀਤਕਾਰ ਤੇ ਗਾਇਕ ਦਮੜੀਆਂ ਦੇ ਲਾਲਚ ਵੱਸ ਹੋ ਕੇ ਆਪਦੀ ਅਣਖ਼ ਵੇਚੀ ਜਾ ਰਹੇ ਹਨ। ਸਾਡੀਆਂ ਧੀਆਂ-ਧਿਆਣੀਆਂ ਨੇ ਅੱਧ ਨੰਗੇ ਜਿਸਮਾਂ ਦੀ ਨੁਮਾਇਸ਼ ਲਗਾ ਰੱਖੀ ਹੈ।
    ਟੀ. ਵੀ. ਉੱਪਰ ਆਉਂਦੇ ਸੀਰੀਅਲ ਸਾਡੇ ਪਰਿਵਾਰਿਕ ਰਿਸ਼ਤਿਆਂ ਨਾਲ ਖਿਲਵਾੜ ਕਰ ਰਹੇ ਹਨ।  ਇਲੈਕਟ੍ਰਾਨਿਕ ਮੀਡੀਆ ਅਤੇ ਮੋਬਾਇਲ ਫ਼ੋਨ ਪੰਜਾਬ ਨੂੰ ਨਸ਼ਿਆਂ ਅਤੇ 'ਦੇਹ' ਦੀ ਮੰਡੀ ਵਿੱਚ ਤਬਦੀਲ ਕਰ ਰਹੇ ਹਨ। ਪੰਜਾਬ ਦਾ ਅਣਖੀਲਾ ਤੇ ਗੁਰੀਲਾ ਸੁਭਾਅ ਖੰਭ ਲਾ ਕੇ ਉੱਡ ਗਿਆ ਹੈ।
     ਹੱਥਾਂ ਵਿੱਚੋਂ ਕਿਰਤ ਦਾ ਖ਼ਤਮ ਹੋਣਾ ਹੀ ਸਾਡੀ ਮੌਤ ਦੀ ਨਿਸ਼ਾਨੀ ਹੈ ਅਤੇ ਉਹ ਖ਼ਤਮ ਹੋ ਰਹੀ ਹੈ। ਅਸੀਂ ਨਸ਼ਿਆਂ ਦੇ ਗੁਲਾਮ ਬਣਾ ਦਿੱਤੇ ਗਏ ਹਾਂ ਤਾਂ ਕਿ ਅਸੀਂ ਆਪਣੇ ਹੱਕ ਨਾ ਮੰਗ ਸਕੀਏ । ਹੱਕ ਮੰਗਿਆਂ ਵੀ ਨਹੀਂ ਮਿਲਦੇ, ਇਹ ਤਾਂ ਖੋਹਣੇ ਪੈਂਦੇ ਹਨ ਪਰ ਹੱਕ ਖੋਹੀਏ ਕਿਸ ਕੋਲੋਂ? ਜਦੋਂ ਸਾਡੇ ਆਪਣੇ ਹੀ ਲੁੱਟੀ ਜਾ ਰਹੇ ਹਨ।
      ਹੁਣ ਤਾਂ ਵੱਡੀਆਂ ਵੱਡੀਆਂ ਕੰਪਨੀਆਂ ਆਉਣਗੀਆਂ ਤੇ ਅੱਗੇ ਵਾਂਗ 'ਸੋਨੇ ਦੀ ਚਿੜੀ' ਨੂੰ ਇਸ ਕਦਰ ਖ਼ਤਮ ਕਰ ਜਾਣਗੀਆਂ ਕਿ ਇਹ ਮੁੜ ਕੇ ਨਾ ਉੱਠ ਸਕੇ। ਅੱਜ ਸਾਨੂੰ ਸਭ ਪੰਜਾਬੀਆਂ ਨੂੰ ਸੋਚਣ ਦੀ ਲੋੜ ਹੈ ਕਿ ਕੌਣ ਹੈ ਜੋ ਪੰਜਾਬ ਨੂੰ ਖੋਖਲਾ ਕਰੀ ਜਾ ਰਿਹਾ ਹੈ? ਪੰਜਾਬ ਨੂੰ ਕਿਉਂ ਕੁੜੀਮਾਰ-ਨੜੀਮਾਰ ਤੱਕ ਪੁੱਜਦਾ ਕਰ ਦਿੱਤਾ ਹੈ।
     ਅੱਜ ਅਸੀਂ ਆਪਦੇ ਵਾਰਸ ਦੀ ਤਲਾਸ਼ ਵਿੱਚ ਉਨਾਂ ਤਾਕਤਾਂ ਦੀ ਜੰਗ ਲੜ ਰਹੇ ਹਾਂ, ਜਿਹੜੇ ਚਾਹੁੰਦੇ ਹਨ ਕਿ ਪੰਜਾਬ ਵਿੱਚੋਂ ਪੰਜਾਬੀਆਂ ਦੀ ਨਸਲ ਖ਼ਤਮ ਹੋਵੇ। ਭਾਵੇਂ ਇਹ ਨਸਲ ਇੱਕ ਖਾਸ ਵਰਗ ਦੀ ਖ਼ਤਮ ਹੋ ਰਹੀ ਹੈ ਪਰ ਸੋਚਣਾ ਪਵੇਗਾ ਕਿ ਪੰਜਾਬ ਕਿਸ ਦਿਸ਼ਾ ਵੱਲ ਵੱਧ ਰਿਹਾ ਹੈ।
 
      ਦੋਸਤੋ ਇਸ ਸਮੇਂ ਕਿਸੇ ਗੁਰੂ, ਪੀਰ ਪੈਗੰਬਰ ਤੇ ਗਦਰੀ ਬਾਬਿਆਂ  ਨੇ ਨਹੀਂ ਆਉਣਾ ਸਗੋਂ ਸਾਨੂੰ ਖ਼ੁਦ ਪੈਗੰਬਰ , ਨਾਨਕ ਤੇ ਗੋਬਿੰਦ  ਬਨਣਾ ਪਵੇਗਾ। ਖੁੱਦ ਸ਼ਹੀਦ ਭਗਤ ਸਿੰਘ ਬਣਨਾ ਪਵੇਗਾ। ਹੁਣ ਸਾਨੂੰ ਆਪਣੀ ਅੰਦਰਲੀ ਤਾਕਤ ਨੂੰ ਪਛਾਨਣ ਦੀ ਲੋੜ ਹੈ ਤਾਂ ਕਿ ਉਨ੍ਹਾਂ ਤਾਕਤਾਂ ਨੂੰ ਨੱਥ ਪਾਈ ਜਾ ਸਕੇ।
      ਜਿਸ ਨੇ ਸਾਡੇ ਹਰ ਪਾਸੇ ਜ਼ਹਿਰ ਛਿੜਕ ਦਿੱਤੀ ਹੈ  ਓਹਨਾ  ਸਿਆਸੀ ਆਗੂਆਂ  ਦੇ ਹਥ ਵਤੀਰਾ ਜਿਹਨਾ  ਨੇ ਪੰਜਾਬ ਦੀ ਇਹ  ਹਾਲਤ  ਬਣਾਈ ਐ ।
     ਜੇ ਅਸੀਂ ਹੁਣ ਵੀ ਨਾ ਸੰਭਲੇ ਤੇ ਅੰਦਰਲੀ ਸ਼ਕਤੀ ਨੂੰ ਨ ਜਗਾਇਆ  ਤਾਂ ਆਉਣ ਵਾਲੀਆਂ ਨਸਲਾਂ ਤੇ ਫਸਲਾਂ ਸਾਨੂੰ ਕਦੇ ਵੀ ਮੁਆਫ਼ ਨਹੀਂ ਕਰਨਗੀਆਂ। ਆਓ ਆਪਣੀ ਅਣਖ ਨੂੰ  ਜਗਾਈਏ ਤੇ ਪੰਜਾਬ ਨੂੰ ਬੰਜਰ ਤੇ ਖੰਡਰ ਅਤੇ ਜ਼ਹਿਰੀਲਾ ਹੋਣ ਤੋਂ ਬਚਾਈਏ।
       ਉਠੋ ਤੁਰੋ ਜੁੜੇ ਤੇ ਸਾਂਝੀ  ਜੰਗ ਲੜੀਏ ਤੇ ਕੱਲੇ ਕੱਲੇ ਨਾ ਮਰੀਏ। ਗਲਾਂ  ਚੋ ਫਾਹੇ ਲਾ ਕੇ ਉਹਨਾਂ ਦੇ ਗਲ ਪਾਈਏ ਜਿਹਨਾਂ ਨੇ ਪੰਜਾਬ ਨੂੰ ਬੰਜਰ ਤੇ ਖੰਡਰ ਬਣਾ ਦਿੱਤਾ । ਜਿੱਤ ਤੇ ਜਿਤਾਉਣ  ਦੀ ਤਾਕਤ  ਲੋਕਾਂ ਦੇ ਸਾਹਮਣੇ ਹੈ ਅਤੇ ਰਹੇਗੀ ਵੀ । ਜਾਗੋ ਜਾਗੋ ਜਾਗਣ ਦਾ ਵੇਲਾ ਆ ਗਿਆ ਹੈ ।
      ਪੰਜਾਬ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹੋਏ ਸ਼ਬਦ ਗੁਰੂ ਨਾਲ ਜੋੜਨ ਲਈ ਤੇ ਲੜਣ ਲਈ ਤਿਆਰ ਹੋਣ ਦਾ ਹੋਕਾ ਦੇਈਏ ਕਿਉਕਿ ਜਿਉਣ ਲਈ ਸੰਘਰਸ਼ ਕਰਨ ਦੀ ਲੋੜ ਹੈ ।
     ਆਓ ਆਪਣੀ ਮਰਨ ਗਈ ਸੰਵੇਦਨਾ ਨੂੰ ਜਗਾਈਏ ਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਰਾਖੀ ਕਰੀਏ ।
    ਮਰਨਾ ਤਾਂ ਹੈ ਕਿਉਂ ਨਾ ਸੰਘਰਸ਼ ਕਰਦੇ ਹੋਏ ਜਿਉਣ ਦਾ ਰਸਤਾ ਤਲਾਸ਼  ਕਰੀਏ ।
   ਹੁਣ  ਲੜਣ ਦੇ  ਬਿਨਾਂ ਸਰਨਾ ਨਹੀਂ। ਹੁਣ ਲੜਣ ਦੀ ਲੋੜ ਐ। ਜੰਗ  ਹੁਣ ਕਰੋ ਜਾਂ ਮਰੋ ਦੀ ਹੀ ਹੋਵੇ ।
ਸੰਪਰਕ : 9464370823