ਕਹਾਣੀ : ਦਬਦਬਾ - ਤਰਸੇਮ ਬਸ਼ਰ
ਮੈਂ ਖ਼ੁਦ ਆਪਣੇ ਆਪ ਤੇ ਹੈਰਾਨ ਹੋ ਜਾਂਦਾ ਹਾਂ ਕਿ ਕਿਉਂ ਮੈਂ ਇੰਨੇ ਸਾਲ ਬੀਤਣ ਦੇ ਬਾਵਜੂਦ ਵੀ ਉਸ ਘਟਨਾ ਬਾਰੇ ਕਿਉਂ ਸੋਚਦਾ ਹਾਂ ਹੁਣ ਵੀ ਮੈਨੂੰ ਕਈ ਵਾਰ ਲੱਗਦਾ ਹੈ ਕਿ ਮੈਨੂੰ ਉਸ ਸਮੇਂ ਜਦੋਂ ਕਿ ਬਹਾਦਰੀ ਦਾ ਇਹ ਕਿੱਸਾ ਸੁਣਾਇਆ ਜਾਣਾ ਹੁੰਦਾ ਹੈ ,ਕਹਿ ਦੇਣਾ ਚਾਹੀਦਾ ਹੈ ਕਿ ਭਾਊ ਉਦੋਂ ਡਰਿਆ ਨਹੀਂ ਸੀ
ਭਾਉ ਨੂੰ ਮਿਲਿਆ ਵਰ੍ਹੇ ਹੋ ਗਏ ਹਨ ਉਸ ਨਾਲ ਕਿਸੇ ਕਿਸਮ ਦਾ ਕੋਈ ਤਾਲੁਕ ਨਹੀਂ, ਮਿਲਣੀ ਗਿਲਨੀ ਦੇ ਕੋਈ ਬਹਾਨਾ ਵੀ ਨਹੀਂ ....ਇਹ ਵੀ ਨਹੀਂ ਪਤਾ ਨਹੀਂ ਉਹ ਦੁਨੀਆਂ ਵਿੱਚ ਵੀ ਹੋਵੇਗਾ ਕਿ ਨਹੀਂ ਪਰ.....
ਅਕਸਰ ਇਹ ਕਿੱਸਾ ਪਰਿਵਾਰ ਵਿਚ ਸੁਣਾਇਆ ਜਾਂਦਾ ਹੈ ਸਾਡੀ ਦੀਦਾ ਦਲੇਰੀ ਦਾ ਬਖਾਨ ਕੀਤਾ ਜਾਂਦਾ ਹੈ, ਭਾਊ ਨੂੰ ਡਰਿਆ ਕਿਹਾ ਜਾਂਦਾ ਹੈ ...ਜਦ ਕਿ ਮੈਨੂੰ ਕਦੇ ਨਹੀਂ ਲੱਗਿਆ ਕਿ ਭਾਊ ਡਰ ਗਿਆ ਸੀ l
ਪੂਰੀ ਗੱਲ ਸਮਝਣ ਵਾਸਤੇ ਤੁਹਾਨੂੰ ਉਸ ਘਟਨਾ ਬਾਰੇ ਜਾਣਨਾ ਪਵੇਗਾ ...ਜਿਸ ਵਿੱਚ ਇੱਕ ਵੱਡਾ ਕਿਰਦਾਰ ਭਾਊ ਦਾ ਵੀ ਹੈ l
ਘਟਨਾ ਉਹਨਾਂ ਦਿਨਾਂ ਨਾਲ ਸਬੰਧਿਤ ਹੈ ,ਜਿੰਨਾਂ ਦਿਨਾਂ ਵਿੱਚ ਅਸੀਂ ਪੰਜਾਬ ਤੋਂ ਹਿਜ਼ਰਤ ਕਰ ਕੇ ਯੂ..ਪੀ ਲਖੀਮਪੁਰ ਖੀਰੀ ਰਹਿ ਰਹੇ ਸਾਂ l ਸਾਡੇ ਆਪਣੇ ਤਿੰਨ ਚਾਰ ਘਰ ਸਨ ਂਜੋ ਪੰਜ, ਦਸ –ਦਸ ਕਿਲੋਮੀਟਰ ਦੀ ਵਿੱਥ ਤੇ ਵਸੇ ਹੋਏ ਸਨ । ਖੇਤਾਂ ਵਿੱਚ ਬਣੇ ਇਹਨਾਂ ਘਰਾਂ ਨੂੰ ਉਥੇ "ਝਾਲਾ "ਕਿਹਾ ਜਾਂਦਾ ਹੈ। ਅਸੀਂ ਮਾਹੌਲ ਖ਼ਰਾਬ ਹੋਣ ਕਾਰਨ ਓਧਰ ਗਏ ਸਾਂ ਪਰ ਉੱਥੇ ਵੀ ਮਾਹੌਲ ਠੀਕ ਨਹੀਂ ਸੀ , ਲੁੱਟਾਂ ਖੋਹਾਂ ਆਮ ਹੁੰਦੀਆਂ ਰਹਿੰਦੀਆਂ ਸਨ ਤੇ ਇਹ ਵਾਰਦਾਤਾਂ ਪੰਜਾਬੀ ਝਾਲਿਆਂ ਤੇ ਹੀ ਵਾਪਰਦੀਆਂ । ਕਿਉਂਕਿ ਉਥੋਂ ਦੇ ਵਸਨੀਕ ਜਿਨ੍ਹਾਂ ਨੂੰ ਅਸੀਂ ਦਿਹਾਤੀ ਕਹਿੰਦੇ ਹੁੰਦੇ ਸੀ ,ਪਿੰਡਾ ਵਿੱਚ ਰਹਿੰਦੇ ਸਨ ਤੇ ਪੰਜਾਬੀ ' ਪਿੰਡਾਂ ਤੋਂ ਦੂਰ ਖੇਤਾਂ ਚ ਜਿਨ੍ਹਾਂ ਨੂੰ ਉਹ ਦਿਹਾਤੀ" ਝਾਲੇ" ਕਹਿੰਦੇ ਸਨ ਵਿੱਚ ਰਹਿੰਦੇ ਸਨ ।ਖੇਤਾਂ ਵਿੱਚ ਬਣਿਆ ਹੋਇਆ ਇਕ ਘਰ ਜਿਸ ਨੂੰ ਲੁੱਟਣ ਲਈ ਅਕਸਰ ਲੋਕ ਪੈ ਜਾਂਦੇ ਹੁੰਦੇ ਸਨ l ਪੁਲਸ ਅਤੇ ਪੰਚਾਇਤ ਆਦਿ ਸਿਰਫ਼ ਨਾਵਾਂ ਵਾਸਤੇ ਹੀ ਸਨ .l ਇਹ ਪੰਜਾਬ ਤੋਂ ਅਲੱਗ ਕਿਸਮ ਦਾ ਡਰ ਸੀ l
ਨੇੜੇ ਇੱਕ ਕਸਬਾ ਪੈਂਦਾ ਸੀ" ਮੈਂਗਲਗੰਜ "… ਕਿਸੇ ਸਮੇਂ ਇਹ ਕੋਈ ਵੱਡਾ ਪਿੰਡ ਹੋਏਗਾ ਪਰ ਜੀਟੀ ਰੋਡ ਤੇ ਹੋਣ ਕਾਰਨ ਇਹ ਕਸਬਾ ਬਣ ਗਿਆ ਸੀ lਇੱਥੇ ਸੀਤਾਪੁਰ ਅਤੇ ਲਖਨਊ ਨੂੰ ਜਾਂਦੀਆਂ ਬੱਸਾਂ ਖੜ੍ਹਦੀਆਂ ਸਨ l
ਮਠਿਆਈ ਦੀਆਂ ਦੁਕਾਨਾਂ ਤੇ ਲੋਕ ਚਾਹ ਪੀਂਦੇ ਤੇ ਇੱਥੋਂ ਦੇ ਮਸ਼ਹੂਰ ਗੁਲਾਬ ਜਾਮਣ ਵੀ ਖਾਂਦੇ...ਇਨ੍ਹਾਂ ਗੁਲਾਬ ਜਾਮਣਾਂ ਦਾ ਸੁਆਦ ਮੈਨੂੰ ਅੱਜ ਤਕ ਵੀ ਯਾਦ ਹੈ l
ਪਿੰਡਾਂ ਨੂੰ ਇਸ ਕਸਬੇ ਤੋਂ ਕੱਚੇ ਰਾਹ ਜਾਂਦੇ ਸਨ ....ਅਸੀਂ ਅਕਸਰ ਸ਼ਾਮ ਨੂੰ ਮੈਗਲਗੰਜ ਆ ਜਾਂਦੇ ....ਇੱਥੇ ਦੁਕਾਨਾਂ ਸਨ ਦਵਾਈਆਂ ਸਨ ,ਸਬਜ਼ੀਆਂ ਸਨ ,ਸ਼ਰਾਬ ਦਾ ਠੇਕਾ ਵੀ ਸੀ ..ਢਾਬਾ ਵੀ ਸੀ l ਇੱਥੇ ਆ ਕੇ ਆਪਣੇ ਆਪ ਨੂੰ ਜ਼ਿੰਦਗੀ ਨਾਲ ਪੰਜਾਬ ਨਾਲ ਜੁੜਿਆ ਹੋਇਆ ਮਹਿਸੂਸ ਕਰਦੇ l ਸਾਨੂੰ ਕਈ ਜਣਿਆਂ ਨੂੰ ਜੋ ਪੰਜਾਬ ਤੋਂ ਨਵੇਂ ਨਵੇਂ ਆਏ ਹੋਏ ਸਾਂ ਨੂੰ ਇੱਥੇ ਆਉਣਾ ਚੰਗਾ ਲੱਗਦਾ l ਅਸੀਂ ਹਸਰਤ ਨਾਲ ਉਨ੍ਹਾਂ ਲੋਕਾਂ ਨੂੰ ਦੇਖਦੇ ਰਹਿੰਦੇ ਜੋ ਬੱਸ ਚੜ੍ਹ ਰਹੇ ਹੁੰਦੇ ਤੇ ਜਿਨ੍ਹਾਂ ਨੇ ਪੰਜਾਬ ਵੱਲ ਜਾਣਾ ਹੁੰਦਾ ਸੀ l
ਅਜਿਹੀਆਂ ਪੰਜ ਦਾ ਸਵਾਰੀਆਂ ਤਕਰੀਬਨ ਹਰ ਰੋਜ਼ ਹੁੰਦੀਆਂ ਸਨ l
ਯੂ.ਪੀ ਦੇ ਇਨ੍ਹਾਂ ਨਿੱਕੇ ਨਿੱਕੇ ਕਸਬਿਆਂ ਦਾ ਇੱਕ ਰਿਵਾਜ ਹੈ ਕਿ ਉੱਥੇ ਹਫਤੇ ਵਿੱਚ ਇੱਕ ਜਾਂ ਦੋ ਵਾਰੀ ਮੰਡੀ ਲਗਦੀ ਹੈ ਜਿਸ ਵਿੱਚ ਸਬਜੀ ,ਮਸਾਲੇ, ਖੇਤੀ ਬਾੜੀ ਦੇ ਸੰਦ ਅਤੇ ਕੋਈ ਹੋਰ ਰੋਜ਼ ਦੀਆਂ ਜਰੂਰਤਾਂ ਦਾ ਸਮਾਨ ਮਿਲਦਾ ਹੈ...ਇਸ ਦਿਨ ਆਸੇ ਪਾਸੇ ਦੇ ਪਿੰਡਾਂ ਦੇ ਆਬਾਦੀਆਂ ਚੋਂ ਲੋਕ ਆਪਣੀਆਂ ਜ਼ਰੂਰਤਾਂ ਦਾ ਸਾਮਾਨ ਲੈਣ ਇੱਥੇ ਪਹੁੰਚਦੇ । ਦੂਰ ਨੇੜੇ ਦੇ ਪਿੰਡਾਂ ਵਾਲੇ ਵੀ ਆਪਣਾ ਆਪਣਾ ਸਾਮਾਨ ਲੈ ਕੇ ਵੇਚਣ ਲਈ ਵੀ ਆਉਂਦੇ l ਇਨ੍ਹਾਂ ਦੋ ਦਿਨਾਂ ਵਿਚ ਮੈਕਲ ਗੰਜ ਜੇ ਮੇਲੇ ਵਰਗਾ ਮਾਹੌਲ ਹੁੰਦਾ l ਇਕ ਛੋਟੇ ਜਿਹੇ ਮੈਦਾਨ ਵਿਚ ਲੋਕ ਦੁਕਾਨਾਂ ਰੇਹੜੀਆਂ ਫੜੀਆਂ ਲਾਉਂਦੇ ਤੇ ਲੋਕ ਨੇੜੇ ਤੇੜੇ ਦੇ ਪਿੰਡਾਂ ਵਿਚੋਂ ਪੈਦਲ ਜਾਂ ਸਾਈਕਲ ਤੇ ਬਾਜ਼ਾਰ ਆਉਂਦੇ ,ਆਪਣੀਆਂ ਚੀਜ਼ਾਂ ਸ਼ਾਮ ਤਕ ਲੈ ਕੇ ਮੁੜ ਜਾਂਦੇ l
ਇਹ ਅਜਬ ਤਰ੍ਹਾਂ ਦਾ ਮਾਹੌਲ ਸੀ.... ਸੋਚਦਾ ਹਾਂ ਪਤਾ ਨਹੀਂ ਹੁਣ ਵੀ ਉਸੇ ਤਰ੍ਹਾਂ ਚਲਦਿਆਂ ਹੋਵੇਗਾ ਜਾਂ ਨਹੀਂ l
ਮੈਂਗਲਗੰਜ ਵਿੱਚ ਮੰਗਲਵਾਰ ਤੇ ਵੀਰਵਾਰ ਨੂੰ ਇਹ ਬਜਾਰ ਲਗਦਾ । ਹਾਲਾਂਕਿ ਸਾਡੇ ਕੋਲ ਕਾਰ ਸੀ ਮੈਂ ਚਾਹੁੰਦਾ ਤਾਂ ਕਾਰ ਤੇ ਵੀ ਇੱਥੇ ਆ ਸਕਦਾ ਸੀ ....ਪਰ ਮੈਂ ਮਹਿਸੂਸ ਕੀਤਾ ਕਿ ਕਾਰ ਉੱਥੋਂ ਦੇ ਲੋਕਾਂ ਵਾਸਤੇ ਬਹੁਤ ਵੱਡੀ ਚੀਜ਼ ਹੈ...ਉੱਥੋਂ ਦੀ ਜ਼ਿੰਦਗੀ ਅਤੇ ਸੱਭਿਆਚਾਰਕ ਮਾਨਤਾਵਾਂ ਨੂੰ ਦੇਖਣ ਲਈ ਸਾਈਕਲ ਹੀ ਵਧੀਆ ਸਾਧਨ ਹੈ .... ਮੈਂ ਅਕਸਰ ਆਪਣੇ ਸੰਗੀਆਂ ਸਾਥੀਆਂ ਦੀ ਤਰ੍ਹਾਂ ਸਾਈਕਲ ਤੇ ਆਉਂਦਾ ...ਸਾਈਕਲ ਮੈਂ ਨਵਾਂ ਲੈ ਲਿਆ ਸੀ... ਹਰੇ ਰੰਗ ਦਾ lਅਸੀਂ ਆਪਣੀ ਸਾਇਕਲ ਗੁਰਦਾਸਪੁਰ ਤੋਂ ਹਿਜ਼ਰਤ ਕਰਕੇ ਆਏ ਪੰਡਤਾਂ ਦੀ ਦੁਕਾਨ ਤੇ ਖੜੀ ਕਰ ਦਿੰਦੇ ਸਾਂ ..
ਉਸ ਦਿਨ ਮੰਗਲਵਾਰ ਸੀ ਤੇ ਸੁਬ੍ਹਾ ਸੁਬ੍ਹਾ ਬਾਜ਼ਾਰ ਦੀ ਰੌਣਕ ਵਧ ਰਹੀ ਸੀ ....ਲੋਕ ਖਾਲਿਆਂ ਪਗਡੰਡੀਆਂ ਤੇ ਰਾਹਾਂ ਤੋਂ ਮੈਗਲਗੰਜ ਨੂੰ ਆ ਰਹੇ ਸਨ ..ਅਸਲ ਚ ਬਾਜ਼ਾਰ ਵਿੱਚ l
ਮੈਂ ਲੋਕਾਂ ਦੀ ਜੀਵਨ ਸ਼ੈਲੀ ਨੂੰ ਨੇੜੇ ਤੋਂ ਜਾਣਨ ਦੇ ਯਤਨ ਵਿੱਚ ਕਾਫ਼ੀ ਦੇਰ ਬਾਅਦ ਵਾਪਸ ਮੁੜਿਆ ਤਾਂ ਮੇਰਾ ਸਾਇਕਲ ਮੈਨੂੰ ਉੱਥੇ ਨਾ ਦਿਖਿਆ । ਦੁਕਾਨਦਾਰ ਸਾਡੇ ਪਰਿਵਾਰਾਂ ਦਾ ਕਾਫੀ ਸਨੇਹ ਕਰਦਾ ਸੀ । ਜਦੋਂ ਮੈਂ ਉਸਨੂੰ ਸਾਇਕਲ ਬਾਰੇ ਪੁੱਛਿਆ ਤਾਂ ਕਹਿਣ ਲੱਗਾ,
ਉਹ ਹਰਾ ਜਿਆ ! ਸਾਇਕਲ ?
ਮੈਂ ਕਿਹਾ
,ਹਾਂ ,ਓਹੀ !
ਉਸਨੇ ਮੈਨੂੰ ਹੋਰ ਕੁਝ ਦੱਸਣ ਦੀ ਬਜਾਇ ਥੋੜਾ ਜਿਹਾ ਚਿਰ ਬੈਠ ਜਾਣ ਨੂੰ ਕਿਹਾ ।ਲੱਗਭੱਗ ਅੱਧੇ ਘੰਟੇ ਬਾਅਦ ਉਸਨੇ ਜੋ ਦੱਸਿਆ ਉਹ ਕੁੱਝ ਇਸ ਤਰ੍ਹਾਂ ਸੀ । ਉਸ ਅਨਸਾਰ ਸਾਇਕਲ ਕਾਲੇ ਭਾਊ ਨੇ ਚੱਕਿਆ ਹੈ ਜੋ ਕਿ ਬੜਾ ਖਤਰਨਾਕ ਬੰਦਾ ਹੈ ਤੇ ਉਸਦਾ ਕੰਮ ਹੀ ਅਜਿਹੇ ਕੰਮ ਕਰਨਾ ਹੈ । ਦੁਕਾਨਦਾਰ ਨੇ ਮੈਨੂੰ ਸਲਾਹ ਦਿੱਤੀ ਕਿ ਸਾਇਕਲ ਨੂੰ ਭੁੱਲ ਜਾਓ , ਕੀ ਸਾਇਕਲ ਪਿੱਛੇ ਅਜਿਹੇ ਬੰਦੇ ਨਾਲ ਪੰਗਾ ਲੈਣਾ ਹੈ । ਗੱਲਾਂ ਦੌਰਾਨ ਹੀ ਸਾਡੇ ਕੋਲ ਠਾਕੁਰ ਆ ਗਿਆ......ਠਾਕੁਰ ਦੀ ਇਲਾਕੇ ਵਿਚ ਇੱਜ਼ਤ ਸੀ ਤੇ ਰੋਅਬ ਵੀ ਤੇ ਉਸਨੇ ਵੀ ਕੁੱਝ ਇਸ ਤਰ੍ਹਾਂ ਹੀ ਕਿਹਾ ,
" ਆਪ ਲੋਗ ਕਾਰੋਂ ਮੋਟਰੋਂ ਮੇਂ ਘੁੰਮਨੇ ਵਾਲੇ………..ਛੋੜੋ ਸਾਇਕਲ ਕੋ ..ਬਦਮਾਸ਼ ਹੈ ।" ਠਾਕੁਰ ਸਾਡੇ ਤੋਂ ਬਹੁਤ ਪ੍ਰਭਾਵਤ ਸੀ ....ਖ਼ਾਸਕਰ ਕਾਰ ਤੋਂ .....ਪਤਾ ਨਹੀ...ਮੈਨੂੰ ਕਿਉਂ ਲੱਗਿਆ ਕਿ ਠਾਕੁਰ ਅੰਦਰੋਂ ਖਾਤੇ ਮੁਸਕਰਾ ਰਿਹਾ ਸੀ ....ਉਹ ਮੁਸਕਰਾਹਟ ਹੈ ਸੀ ਜਾਂ ਨਹੀਂ ਪਰ ਮੈਨੂੰ ਚੁਭ ਗਈ ਸੀ l
ਚੜ੍ਹਦੀ ਉਮਰ ਸੀ । ਘਰੇ ਵਾਪਸ ਆ ਗਿਆ ਪਰ ਮਨ ਚ ਕਸਕ ਸੀ ਤੇ ਡਰ ਵੀ ਕਿ ਇਸ ਤਰ੍ਹਾਂ ਤਾਂ ਕਿਸੇ ਨੇ ਇਥੇ ਰਹਿਣ ਹੀ ਨਹੀਂ ਦੇਣਾ , ਪ੍ਰਦੇਸ ਵਿੱਚ ਇਸ ਤਰ੍ਹਾਂ ਕੋਈ ਜੀਨ ਹੀ ਨਹੀਂ ਦੇਵੇਗਾ ...ਸੋਚਾਂ ਵਿਚਾਰਾਂ ਅਤੇ ਬੇਚੈਨੀ ਕਾਰਨ ਪੂਰੀ ਰਾਤ ਨੀਂਦ ਨਹੀਂ ਆਈ ।
ਮੈਂ ਸੁਬ੍ਹਾ ਸੁਬ੍ਹਾ ਹੀ ਆਪਣੇ ਚਾਚੇ ਕੋਲ ਚਲਾ ਗਿਆ ਜਿਸ ਦਾ ਘਰ ਥੋੜ੍ਹੀ ਦੂਰ ਹੀ ਸੀ .....ਤੇ ਉਸੇ ਕਰਕੇ ਅਸੀਂ ਇਸ ਇਲਾਕੇ ਵਿਚ ਆ ਜ਼ਮੀਨ ਲਈ ਸੀ l ਚਾਚੇ ਨੇ ਗੱਲ ਸੁਣੀ ਤਾਂ ਉਹਦਾ ਚਿਹਰਾ ਵੀ ਗੰਭੀਰ ਹੋ ਗਿਆ l ਚਾਚੇ ਦਾ ਵੀ ਪੂਰੇ ਇਲਾਕੇ ਵਿੱਚ ਨਾਮ ਸੀ ਫ਼ੌਜੀ ਸਾਬ੍ਹ ...ਇਕ ਰੋਹਬ ਸੀ ਜੋ ਇਸ ਛੋਟੀ ਜਿਹੀ ਘਟਨਾ ਨਾਲ ਫਿੱਕਾ ਪੈ ਸਕਦਾ ਸੀ l
ਚਾਚੇ ਨੇ ਪਿੰਡ ਵਿਚੋਂ ਆਪਣੇ ਜਾਨਣ ਵਾਲਿਆਂ ਤੋਂ ਸਾਈਕਲ ਵਾਲੇ ਕੁੱਬੇ ਚੋਰ ਦਾ ਪਤਾ ਕੀਤਾ l ਉਨ੍ਹਾਂ ਵਿੱਚੋਂ ਬਹੁਤਿਆਂ ਨੇ ਕਿਹਾ ਕਿ ਉਹਦੇ ਨਾਲ ਉਲਝਣਾ ਠੀਕ ਨਹੀਂ, ਬੰਦਾ ਬੜਾ ਖ਼ਤਰਨਾਕ ਹੈ ....ਕਈ ਸਾਲਾਂ ਤੋਂ ਨਦੀ ਉਤੇ ਰਹਿ ਰਿਹਾ ਹੈ ..
ਸਾੲੀਕਲ ਭੁੱਲ ਜਾਓ
ਪਰ ਚਾਚੇ ਕੋਲ ਆਉਣ ਤਕ ਮੁੱਦਾ ਸਾਈਕਲ ਦਾ ਹੀ ਨਹੀਂ ਰਹਿ ਗਿਆ ਸੀ ਇਹ ਮੁੱਦਾ ਹੋਂਦ ਨਾਲ ਜੁੜ ਗਿਆ ਸੀ ...ਸ਼ਾਇਦ ਚਾਚੇ ਨੂੰ ਵੀ ਮਹਿਸੂਸ ਕੀਤਾ ਹੋਣਾ ਕਿ ਬਣਿਆ ਬਣਾਇਆ ਰੋਅਬ ਖ਼ਤਮ ਹੋ ਗਿਆ ਤਾਂ ਇੱਥੇ ਰਹਿਨਾ ਆਸਾਨ ਨਹੀਂ l
ਨਦੀ ਸਾਡੇ ਘਰਾਂ ਤੋਂ ਪੰਜ ਕੁ ਕਿਲੋਮੀਟਰ ਦੂਰ ਸੀ ....ਉਸ ਨੂੰ ਕੱਚਾ ਰਸਤਾ ਜਾਂਦਾ ਸੀ l ਚਾਚੇ ਨੇ ਕੱਪੜੇ ਬਦਲ ਲਏ ਤੇ ਆਪਣੀ ਰਫ਼ਲ ਹੱਥ ਚ ਲੈ ਕੇ ਚੱਲਣ ਦਾ ਇਸ਼ਾਰਾ ਕੀਤਾ l ਚਾਚਾ ਚਾਹੁੰਦਾ ਸੀ ਕਿ ਪੈਦਲ ਹੀ ਜਾਇਆ ਜਾਵੇ ਤਾਂ ਕਿ ਆਉਂਦੇ ਜਾਂਦੇ ਰਾਹੀ ਸਾਨੂੰ ਦੇਖ ਲੈਣ.....ਪ੍ਰੀਤ ਸਮਝ ਲੈਣ ਕਿ ਅਸੀਂ ਦਬਨ ਵਾਲੇ ਨਹੀਂ l
ਚਾਚੇ ਦੀ ਇਹ ਸਾਰੀ ਚੇਸ਼ਟਾ ਇਸ ਕਾਰਨ ਸੀ ਕਿ ਉਹ ਪ੍ਰਭਾਵ ਬਣਿਆ ਰਹੇ ਜੋ ਬਣਿਆ ਹੋਇਆ ਹੈ ਨਹੀਂ ਤਾਂ ਜੀਵਨ ਕਠਨ ਹੋ ਸਕਦਾ ਹੈ l
ਕੱਚੇ ਰਸਤੇ ਤੇ ਥੋੜ੍ਹੀ ਦੂਰ ਹੀ ਗਏ ਸਾਂ ਕਿ ਚਾਚੇ ਨੂੰ ਲੱਛੂ ਨੇ ਆਵਾਜ਼ ਮਾਰ ਲਈ ਸੀ l ਲਛਮਣ ਇਲਾਕੇ ਵਿੱਚ ਬਦਮਾਸ਼ ਦੇ ਤੌਰ ਤੇ ਮਸ਼ਹੂਰ ਸੀ ਪਿੰਡਾਂ ਵਾਲੇ ਡਰਦੇ ਸਨ ਪਰ ਚਾਚੇ ਤੋਂ ਉਹ ਖ਼ੌਫ ਖਾਂਦਾ ਸੀ l ਉਸ ਨੇ ਚਾਚੇ ਨੂੰ ਵਿਅੰਗਾਤਮਕ ਢੰਗ ਵਿੱਚ ਸਾਈਕਲ ਚੁੱਕੇ ਜਾਣ ਦੀ ਗੱਲ ਕੀਤੀ ਤਾਂ ਚਾਚਾ ਹੋਰ ਖਿਝ ਗਿਆ ..ਲੱਛਣ ਦੀ ਹਲਕੀ ਮੁਸਕਰਾਹਟ ਨੇ ਦੱਸ ਦਿੱਤਾ ਸੀ ਕਿ ਉਹ ਸਾਡੀ ਸਥਿਤੀ ਤੇ ਹੱਸ ਰਿਹਾ ਹੈ ...ਉਸ ਦੀ ਮੁਸਕੁਰਾਹਟ ਸਾਡੇ ਭਵਿੱਖ ਲਈ ਵੀ ਠੀਕ ਨਹੀਂ ਸੀ l ...
ਹੁਣ ਮੁੱਦਾ ਸੀਰੀਅਸ ਹੋ ਗਿਆ ਸੀ ....ਇੱਜ਼ਤ ਦਾ ਮਸਲਾ....ਮੈਂ ਹੋਂਦ ਮੁੱਦੇ ਨੂੰ ਥੋੜ੍ਹਾ ਬਹੁਤਾ ਸਮਝਦਾ ਸੀ ਪਰ ਚਾਚੇ ਦੇ ਰੰਗ ਢੰਗ ਦੇਖ ਕੇ ਮੈਨੂੰ ਉਸ ਦੀ ਗੰਭੀਰਤਾ ਦਾ ਅਸਲ ਅਹਿਸਾਸ ਹੋਇਆ ....ਮੈਂ ਕਿਤੇ ਨਾ ਕਿਤੇ ਵੀ ਸੋਚਦਾ ਸੀ ਕਿ ਚਾਚੇ ਕੋਲ ਆ ਕੇ ਮੈਂ ਗਲਤੀ ਕਰ ਲਈ ਹੈ ਇਸ ਮੁੱਦੇ ਨੂੰ ਇੰਨਾ ਨਹੀਂ ਸੀ ਵਧਾਉਣਾ ਚਾਹੀਦਾ l
ਕੋਸੀ ਕੋਸੀ ਧੁੱਪ ਵਿੱਚ ਅਸੀਂ ਤੁਰੇ ਜਾ ਰਹੇ ਸਾਂ l ਮੈਂ ਹੈਰਾਨ ਸੀ ਕਿ ਅਸੀਂ ਆਪਸ ਵਿਚ ਜ਼ਿਆਦਾ ਗੱਲ ਨਹੀਂ ਸਾਂ ਕਰ ਰਹੇ ਜਦੋਂਕਿ ਕਰਨੀ ਚਾਹੀਦੀ ਸੀ l ਸ਼ਾਇਦ ਚਾਚਾ ਮੇਰੇ ਨਾਲੋਂ ਵੱਧ ਤਣਾਅ ਵਿੱਚ ਸੀ ਤੇ ਗੁੱਸੇ ਵਿਚ ਵੀ l
ਨਦੀ ਨੂੰ ਜਾਂਦਾ ਰਸਤਾ ਲੱਗਪੱਗ ਸੁੰਨਾ ਜਿਹਾ ਸੀ ਤੇ ਹੁਣ ਉਹ ਰਸਤਾ ਚੌੜਾ ਹੁੰਦਾ ਜਾ ਰਿਹਾ ਸੀ l ਸ਼ਾਇਦ ਨਦੀ ਨੇੜੇ ਸੀ l ਅਖੀਰ ਚਮਕਦੀ ਰੇਤ ਨਜ਼ਰ ਆਈ l
ਮੈਂ ਹੈਰਾਨ ਹੋ ਗਿਆ ਸੀ ਕਿਉਂਕਿ ਮੈਂ ਕਲਪਨਾ ਕਰ ਰਿਹਾ ਸੀ ਕਿ ਉੱਥੇ ਪਾਣੀ ਦੀ ਵਗਦੀ ਹੋਈ ਨਦੀ ਹੋਵੇਗੀ ਪਰ ਉਹ ਸੁੱਕੀ ਹੋਈ ਨਦੀ ਸੀ ਸ਼ਾਇਦ ਕਈ ਸਾਲਾਂ ਤੋਂ ਸੁੱਕੀ ਹੋਈ ....ਦੂਰ ਕਿਤੇ ਸ਼ਾਇਦ ਪਾਣੀ ਵਗ ਰਿਹਾ ਹੋਵੇ ਨਹੀਂ ਤਾਂ ਇੱਥੇ ਰੇਤ ਹੀ ਰੇਤ ਦਿਖਾਈ ਦੇ ਰਹੀ ਸੀ l
ਕੋਈ ਇਸ ਉਜਾੜ ਬੀਆਬਾਨ ਵਿੱਚ ਕਿਸ ਤਰ੍ਹਾਂ ਰਹਿ ਸਕਦਾ ਹੈ l ਮੈਨੂੰ ਦੁਕਾਨਦਾਰ ਦੇ ਬੋਲ ਯਾਦ ਆਏ" ਖ਼ਤਰਨਾਕ ਆਦਮੀ"
ਥੋੜੀ ਦੂਰ ਅੱਗੇ ਗਏ ਤਾਂ ਢਲਾਣ ਤੇ ਦੋ ਛੱਪਰ ਦਿਖਾਈ ਦਿੱਤੇ ਇੱਕ ਔਰਤ ਪਸ਼ੂਆਂ ਨੂੰ ਚਾਰਾ ਪਾ ਰਹੀ ਸੀ.....ਛੱਪੜ ਆਦਿ ਦੇ ਆਲੇ ਦੁਆਲੇ ਛੋਟੀ ਜਿਹੀ ਕੰਧ ਸੀ ਮੈਂ ਕਈ ਵਾਰ ਸੋਚਿਆ ਕਿ ਇਸ ਵੀਰਾਨੇ ਵਿਚ ਛੋਟੀ ਜਿਹੀ ਕੰਧ ਦੀ ਕੀ ਤੁੱਕ ਹੈ .....ਵਿਹੜੇ ਚ ਖੜ੍ਹੀ ਪੁਰਾਣੀ ਟਰਾਲੀ ਦੇ ਟਾਇਰ ਪਤਾ ਨ੍ਹੀਂ ਕਦੋਂ ਦੇ ਪੈਂਚਰ ਹੋ ਚੁੱਕੇ ਸਨ .... ਔਰਤ ਦਾ ਪਹਿਰਾਵਾ ਪੰਜਾਬੀ ਸੀ ....ਉਹ ਸਾਨੂੰ ਦੇਖ ਕੇ ਵੀ ਕੁਝ ਨਾ ਬੋਲੀ ਤਾਂ ਚਾਚੇ ਦੀ ਆਵਾਜ਼ ਆਈ
ਭਾਊ.......।
ਔਰਤ ਜਵਾਬ ਦੇਣ ਦੀ ਥਾਂ ਅੰਦਰ ਗਈ ਤੇ ਵਾਪਸ ਨਾ ਆਈ । ਮੈਂ ਵਾਰ ਵਾਰ ਆਪਣੀਆਂ ਨਜ਼ਰਾਂ ਸਾਇਕਲ ਵਾਸਤੇ ਦੌੜਾ ਰਿਹਾ ਸੀ ਪਰ ਉਹ ਕਿਤੇ ਨਜ਼ਰ ਨਾ ਆਇਆ.....ਅਸਲ ਗੱਲ ਤਾਂ ਇਹ ਹੈ ਕਿ ਮਾਹੌਲ ਦੀ ਨਜ਼ਾਕਤ ਨੂੰ ਦੇਖਦਿਆਂ ਮੈਨੂੰ ਹੁਣ ਸਾਈਕਲ ਵਿੱਚ ਕੋਈ ਦਿਲਚਸਪੀ ਵੀ ਨਹੀਂ ਸੀ l
ਹਾਂ ਬਈ ਜੁਆਨੋ .. ਭਾਰੀ ਜਿਹੀ ਆਵਾਜ਼ ਸੁਣਦਿਆਂ ਹੀ ਮੈਂ ਸਮਝ ਗਿਆ ਕਿ ਭਾਊ ਆ ਗਿਆ l
ਉਹ ਨੰਗੇ ਪਿੰਡੇ ਸੀ , ਮੁੱਛਾਂ ਕੁੰਢੀਆਂ ਕੀਤੀਆਂ ਹੋਈਆਂ ਸਨ ਤੇ ਕੇਸ ਜੂੜੇ ਦੀ ਸ਼ਕਲ ਵਿੱਚ ਸਿਰ ਤੇ ਬੰਨੇ ਹੋਏ ਸਨ । ਉਹ ਉਸੇ ਤਰ੍ਹਾਂ ਦਾ ਸੀ ਜਿਸ ਤਰ੍ਹਾਂ ਦਾ ਮੈਂ ਸੋਚਿਆ ਸੀ ... l
ਮੈਂ ਕਈ ਵਾਰ ਚਾਚੇ ਵੱਲ ਦੇਖਿਆ ਤੇ ਕਈ ਵਾਰ ਉਸ ਦੇ ਹੱਥ ਵਿੱਚ ਫੜੀ ਬੰਦੂਕ ਵੱਲ l ਮੈਨੂੰ ਚਾਚੇ ਵੱਲੋਂ ਪ੍ਰਤੀਕਿਰਿਆ ਦੀ ਉਡੀਕ ਸੀ l ਚਾਚੇ ਜੇ ਚਿਹਰੇ ਤੇ ਪਸੀਨੇ ਦੀਆਂ ਹਲਕੀਆਂ ਹਲਕੀਆਂ ਬੂੰਦਾਂ ਚਮਕ ਰਹੀਆਂ ਸਨ ....ਪਰ ਚਾਚੇ ਦੀ ਆਵਾਜ਼ ਵਿੱਚ ਗੜ੍ਹਕ ਮੌਜੂਦ ਸੀ l
" ਸਾੲੀਕਲ ਮੋੜਦੇ ਜਿਹੜਾ ਕੱਲ੍ਹ ਬਾਜ਼ਾਰ ਤੋਂ ਚੱਕ ਲਿਆਇਐਂ "
, ਪਤਾ ਜੇ ਕਿੱਥੇ ਖੜੇ ਓ ........ਜਉ ਟੁਰ ਜਾਓ ।
ਕੁੱਝ ਪਲ ਚੁੱਪ ਰਹੀ , ਤਣਾਅ ਭਰੀ ਚੁੱਪ l
ਭਾਊ ਦਾ ਚਿਹਰਾ ਭਾਵਹੀਣ ਸੀ ...ਘਬਰਾਹਟ ਦਾ ਕੋਈ ਨਾਂ ਨਿਸ਼ਾਨ ਵੀ ਨਹੀਂ ਸੀ ...ਉਹ ਸ਼ਾਇਦ ਮੈਂ ਦੇਖਣਾ ਚਾਹੁੰਦਾ ਸੀ l
ਹੁਣ ਵਾਰੀ ਚਾਚੇ ਦੇ ਬੋਲਣ ਦੀ ਸੀ ਤੇ ਮੈਂ ਡਰ ਰਿਹਾ ਸੀ ਕਿਤੇ ਚਾਚਾ ਬੰਦੂਕ ਹੀ ਨਾ ਤਾਂਨ ਦੇਵੇ ਕਿਤੇ ਚਲਾ ਹੀ ਨਾ ਦੇਵੇ l
ਪਰ ਪ੍ਰਤੀਕਿਰਿਆ ਮੇਰੇ ਅੰਦਾਜ਼ੇ ਦੇ ਉਲਟ ਹੋਈ l ਅਸਲ ਵਿੱਚ ਉਹੀ ਜੋ ਮੈਂ ਚਾਹੁੰਦਾ ਸੀ ਕਿ ਮਾਮਲਾ ਖ਼ਤਮ ਹੋ ਜਾਵੇ l
" ਕੱਲ੍ਹ ਤਕ ਸਾਇਕਲ ਕਾਲੇ ਦੀ ਦੁਕਾਨ ਤੇ ਛੱਡ ਆਈਂ ਨਹੀਂ ਤਾਂ ....."ਇਹ ਕਹਿੰਦਿਆਂ ਚਾਚੇ ਨੇ ਪੈਰ ਪੁੱਟ ਲਏ ਸਨ l
ਮੈਂ ਚਾਚੇ ਤੋਂ ਵੀ ਕਾਹਲਾ ਸੀ l
ਮੈਂ ਮਨ ਹੀ ਮਨ ਵਿੱਚ ਸ਼ੁਕਰ ਮਨਾਇਆ ...ਪਰ ਵਾਪਸ ਜਾਂਦਿਆਂ ਚਾਚਾ ਮੇਰੇ ਨਾਲ ਕੋਈ ਗੱਲ ਨਹੀਂ ਸੀ ਕਰ ਰਿਹਾ....ਮੈਨੂੰ ਲੱਗਿਆ ਕਿ ਉਹ ਇੰਨੇ ਤਣਾਅ ਵਿੱਚ ਸੀ ਕਿ ਭੋਲੀ ਹੀ ਗਿਆ ਕਿ ਮੈਂ ਉਸ ਨਾਲ ਆਇਆ ਹਾਂ .......ਪੁਆੜੇ ਦੀ ਜੜ੍ਹ ਨਾਲ ਹੈ l ਸਾਡੇ ਦੋਹਾਂ ਦੇ ਦਰਮਿਆਨ ਵੀ ਤਣਾਅ ਦੀ ਇੱਕ ਵੱਡੀ ਕੰਧ ਖੜ੍ਹੀ ਹੋਈ ਸੀ l
ਅਸੀਂ ਭਾਊ ਦੇਘਰ ਤੋਂ ਕੁੱਝ ਦੂਰ ਹੀ ਸਾਂ ਕਿ ਪਿੱਛੋਂ ਅਵਾਜ ਆਈ…………..
ਖਲੋ……..ਜੋ………ਖਲੋ…….. ਇਹ ਭਾਊ ਸੀ ,ਜੋ ਮੇਰੇ ਹਰੇ ਸਾਇਕਲ ਕੇ ਸਵਾਰ ਸੀ । ਚਾਚੇ ਦਾ ਹੱਥ ਰਾਇਫਲ ਤੇ ਕਸਿਆ ਗਿਆ ਸੀ ਮੈਂ ਵੀ ਆਉਣ ਵਾਲੇ ਸਮੇਂ ਵਾਸਤੇ ਤਿਆਰ ਹੋ ਗਿਆ ਸੀ l
ਮੈਂ ਸੋਚ ਰਿਹਾ ਸੀ ਅਖੀਰ ਉਹੀ ਹੋ ਗਿਆ ਜਿਸ ਦਾ ਡਰ ਸੀ ..ਅੱਡੇ ਖਤਰਨਾਕ ਬੰਦੇ ਦੇ ਘਰ ਜਾ ਕੇ ਉਸ ਨੂੰ ਧਮਕੀ ਦੇਣਾ ਖ਼ਤਰੇ ਤੋਂ ਖਾਲੀ ਨਹੀਂ ਸੀ ....ਉਸ ਨੇ ਵੀ ਤਾਂ ਕੁਝ ਕਰਨਾ ਹੀ ਸੀ l
ਭਾਊ ਆਰਾਮ ਨਾਲ ਆਇਆ ਅਤੇ ਸਾਈਕਲ ਤੋਂ ਉਤਰ ਗਿਆ ..ਹੁਣ ਉਸ ਦਾ ਚਿਹਰਾ ਇਨ੍ਹਾਂ ਖੂੰਖਾਰ ਨਜ਼ਰ ਨਹੀਂ ਸੀ ਆ ਰਿਹਾ l ਉਹ ਨੰਗੇ ਪੈਰੀ ਸੀ .ਪੈਰ ਰਸਤੇ ਦੇ ਰੇਤੇ ਦੇ ਟਿਕਾਉਂਦਿਆਂ ਕਹਿਣ ਲੱਗਿਆ
"ਆਹ ਈ ਜੇ ਤੁਹਾਡਾ ਸੈਕਲ ,ਲਓ ਸਾਂਭੋ !
ਉਸ ਨੇ ਸਾਈਕਲ ਦੇ ਹੈਂਡਲ ਲਗਪਗ ਮੇਰੇ ਵੱਲ ਛੱਡ ਹੀ ਦਿੱਤਾ ਸੀ ਜਿਸ ਨੂੰ ਫੜ ਲਿਆ ਸੀ ...ਭਾਊ ਬੋਲ ਰਿਹਾ ਸੀl ਉਸ ਦਾ ਸੰਬੋਧਨ ਚਾਚੇ ਨੂੰ ਸੀ . ਉਸਨੇ ਮੈਨੂੰ ਨਜ਼ਰਅੰਦਾਜ਼ ਹੀ ਕਰ ਦਿੱਤਾ ਸੀ lਕਹਿ ਰਿਹਾ ਸੀ "ਜੁਆਨਾ ... ਇਹਤਰਾਂ ਕਿਸੇ ਦੇ ਘਰ ਨਹੀਂ ਟੁਰ ਜਾਈਦਾ ਤੁਸਾ ਮੇਰੇ ਬਾਰੇ ਸੁਣਿਆ ਨਹੀਂ ...."ਭਾਊ ਦੀ ਨਜ਼ਰ ਚਾਚੇ ਦੇ ਚਿਹਰੇ ਤੇ ਸੀ ...ਉਡੀਕ ਰਿਹਾ ਸੀ ਕਿ ਉਹ ਕੋਈ ਉਹ ਕੁਝ ਕਹੇ l ਘਟਨਾਕ੍ਰਮ ਹੀ ਇੰਨੀ ਤੇਜ਼ੀ ਨਾ ਵਾਪਰਿਆ ਕਿ ਨਾ ਤਾਂ ਕੋਈ ਸ਼ਬਦ ਚਾਚੇ ਕੋਲ ਸਨ ਨਾ ਮੇਰੇ ਕੋਲ ਦਰਅਸਲ ਉਸ ਸਥਿਤੀ ਵਿਚ ਮੇਰੀ ਹੈਸੀਅਤ ਵੀ ਨਹੀਂ ਸੀ ਬੋਲਣ ਵਾਲੀ l
ਅਸੀਂ ਵਾਪਸ ਆ ਗਏ, ਸਾਈਕਲ ਨਾਲ ਰੇੜ੍ਹ ਕੇ ਲਿਆਂਦਾ l
ਸਾਈਕਲ ਮੇਰੇ ਹੱਥ ਵਿੱਚ ਸੀ ਤੇ ਮੈਂ ਸਮਝ ਵੀ ਰਿਹਾ ਸੀ ਇਹ ਸਾਈਕਲ ਵਾਪਸ ਨਹੀਂ ਆਇਆ ਇਹ ਰੋਅਬ ਵਾਪਿਸ ਆਇਆ ਸੀ ਜੋ ਉਥੇ ਰਹਿਣ ਲਈ ਜ਼ਰੂਰੀ ਸੀ ...ਤੇ ਭਾਊ ਨੇ ਪਤਾ ਨਹੀਂ ਕੀ ਸੋਚ ਕੇ ਸਾਨੂੰ ਵਾਪਸ ਕਰ ਦਿੱਤਾ ਸੀ l
ਮੈਂ ਕਈ ਵਾਰ ਸੋਚਿਆ ਕਿ ਭਾਊ ਨੇ ਸਾਨੂੰ ਸਾਡਾ ਇਹ ਰੋਅਬ ਕਿਉਂ ਵਾਪਸ ਕੀਤਾ...ਇਸ ਦੇ ਬਾਵਜੂਦ ਵੀ ਕਿਉਂ ਵਾਪਸ ਕੀਤਾ ਜਦ ਕਿ ਉਸ ਦੇ ਆਪਣੇ ਰੋਅਬ ਨੂੰ ਇਸ ਨਾਲ ਨੁਕਸਾਨ ਹੋ ਸਕਦਾ ਸੀ ...ਇਹ ਰੋਅਬ ਹੀ ਤਾਂ ਸੀ ਜਿਸ ਦੇ ਕਾਰਨ ਉਹ ਪਰਦੇਸਾਂ ਵਿੱਚ ਨਿਡਰ ਰਹਿ ਰਿਹਾ ਸੀ ਤੇ ਇਹ ਉਸ ਦਾ ਡਰ ਹੀ ਸੀ ਕਿ ਨਦੀ ਵੱਲ ਕੋਈ ਨਹੀਂ ਸੀ ਫਟਕਦਾ l
ਖ਼ੈਰ ਮੈਂ ਸਾਲ ਕੁ ਉੱਥੇ ਰਰਿਹਾ ,ਉਸ ਦਾ ਦਬਦਬਾ ਕਾਇਮ ਸੀ l
ਚਾਚੇ ਨੂੰ ਲੱਗਦਾ ਸੀ ਕਿ ਉਸ ਦਾ ਰੋਅਬ ਪੈ ਗਿਆ ਸੀ ..ਚਾਚੇ ਨੂੰ ਸ਼ਾਇਦ ਇਹ ਵੀ ਲੱਗਦਾ ਹੋਵੇ ਕੇ ਭਾਊ ਡਰ ਗਿਆ ਸੀ ....ਪਰ ਪਤਾ ਨਹੀਂ ਮੈਨੂੰ ਕਿਉਂ ਇਸ ਤਰ੍ਹਾਂ ਕਦੇ ਨਹੀਂ ਲੱਗਿਆ l ਮੈਨੂੰ ਲੱਗਦਾ ਸੀ ਕਿ ਜੇ ਉਹ ਸਾਈਕਲ ਵਾਪਸ ਨਾ ਵੀ ਕਰਦਾ ਤਾਂ ਵੀ ਉਹ ਡਰਨ ਵਾਲਾ ਨਹੀਂ ਸੀ .....ਉਸ ਨੂੰ ਸਾਈਕਲ ਨਹੀਂ ਸੀ ਵਾਪਸ ਕੀਤਾ ਬਲਕਿ ਆਪਣੇ ਹਿੱਸੇ ਦਾ ਥੋੜ੍ਹਾ ਜਿਹਾ ਰੋਅਬ ਸਾਨੂੰ ਵਾਪਸ ਕੀਤਾ ਸੀ l
ਉਹ ਉਹ ਹਾਲਾਤ ਹੰਢਾ ਚੁੱਕਿਆ ਸੀ ਤੇ ਸਾਡੇ ਸਮਝਦਾ ਸੀ ...ਸ਼ਾਇਦ ਉਸ ਨੇ ਆਪਣੀ ਸਭ ਤੋਂ ਜ਼ਰੂਰੀ ਤੇ ਕੀਮਤੀ ਸ਼ੈਅ ਆਪਣੇ ਦਬਦਬੇ ਵਿੱਚੋਂ ਥੋੜ੍ਹੀ ਜਿਹੀ ਸਾਨੂੰ ਵਾਪਸ ਕਰ ਦਿੱਤੀ ਸੀ ....l
ਤਰਸੇਮ ਬਸ਼ਰ
9814163071