ਸ੍ਰੀਲੰਕਾ ਤੋਂ ਸਬਕ ਲੈਣ ਦੀ ਜ਼ਰੂਰਤ - ਚੰਦ ਫਤਿਹਪੁਰੀ
ਸ੍ਰੀਲੰਕਾ ਦੀ ਜਿਸ ਜਨਤਾ ਨੇ ਕਦੇ ਜਿਨ੍ਹਾਂ ਹਾਕਮਾਂ ਨੂੰ ਆਪਣੇ ਸਿਰ ‘ਤੇ ਬੈਠਾਇਆ ਸੀ, ਅੱਜ ਉਹੀ ਜਨਤਾ ਉਨ੍ਹਾਂ ਨੂੰ ਪੈਰਾਂ ਹੇਠ ਰੋਲਣ ‘ਤੇ ਉਤਾਰੂ ਹੈ। ਅੰਧ-ਰਾਸ਼ਟਰਵਾਦ ਦੇ ਸਹਾਰੇ ਸੱਤਾ ਵਿੱਚ ਆਏ ਸ਼ਾਸਕਾਂ ਦੀਆਂ ਗਲਤ ਨੀਤੀਆਂ ਕਾਰਨ ਬਰਬਾਦੀ ਦੇ ਕੰਢੇ ਪਹੁੰਚ ਚੁੱਕੇ ਦੇਸ਼ ਦੀ ਜਨਤਾ ਨੇ ਸ਼ਨੀਵਾਰ ਨੂੰ ਜਦੋਂ ਰਾਸ਼ਟਰਪਤੀ ਦੇ ਘਰ ਉੱਤੇ ਕਬਜ਼ਾ ਕਰ ਲਿਆ ਤਾਂ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੂੰ ਜਾਨ ਬਚਾਅ ਕੇ ਭੱਜਣਾ ਪਿਆ। ਇਸ ਦੇ ਨਾਲ ਹੀ ਮਈ ਵਿੱਚ ਨਿਯੁਕਤ ਹੋਏ ਨਵੇਂ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਦੇ ਘਰ ਨੂੰ ਵੀ ਪ੍ਰਦਰਸ਼ਨਕਾਰੀਆਂ ਨੇ ਅੱਗ ਦੇ ਹਵਾਲੇ ਕਰ ਦਿੱਤਾ। ਜਨਤਾ ਦੇ ਗੁੱਸੇ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਨੇ ਆਪਣੇ ਅਸਤੀਫ਼ੇ ਦਾ ਐਲਾਨ ਕਰ ਦਿੱਤਾ ਹੈ ।
ਸ੍ਰੀਲੰਕਾ ਦੀ ਜਨਤਾ ਆਪਣੇ ਦੇਸ਼ ਦੇ ਮੀਡੀਆ ਤੋਂ ਵੀ ਇਸ ਕਦਰ ਗੁੱਸੇ ਵਿੱਚ ਹੈ ਕਿ ਪੱਤਰਕਾਰਾਂ ਨੂੰ ਦੇਖਦਿਆਂ ਹੀ ਪ੍ਰਦਰਸ਼ਨਕਾਰੀ ਉਨ੍ਹਾਂ ‘ਤੇ ਟੁੱਟ ਪੈਂਦੇ ਹਨ । ਲੋਕ ਮੀਡੀਆ ਤੋਂ ਇਸ ਲਈ ਨਰਾਜ਼ ਹਨ ਕਿ ਉਹ ਨਾਗਰਿਕਾਂ ਨੂੰ ਦੇਸ਼ ਦੀ ਸਹੀ ਸਥਿਤੀ ਤੋਂ ਜਾਣੂ ਕਰਾਉਣ ਦੀ ਥਾਂ ਹਾਕਮਾਂ ਦੀਆਂ ਦੇਸ਼ ਨੂੰ ਤਬਾਹ ਕਰਨ ਵਾਲੀਆਂ ਨੀਤੀਆਂ ਦਾ ਹੀ ਗੁਣਗਾਨ ਕਰਦਾ ਰਿਹਾ । ਸ਼ਨੀਵਾਰ ਦੇ ਘਟਨਾਕ੍ਰਮ ਤੋਂ ਕੁਝ ਮਹੀਨੇ ਪਹਿਲਾਂ ਵੇਲੇ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਦੇ ਘਰ ਨੂੰ ਵੀ ਲੋਕਾਂ ਅੱਗ ਦੇ ਹਵਾਲੇ ਕਰ ਦਿੱਤਾ ਸੀ । ਇਸ ਘਟਨਾ ਤੋਂ ਬਾਅਦ ਮਹਿੰਦਾ ਰਾਜਪਕਸ਼ੇ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਕਿਸੇ ਅਣਦੱਸੀ ਥਾਂ ‘ਤੇ ਮਿਲਟਰੀ ਬੇਸ ਵਿੱਚ ਸ਼ਰਨ ਲੈਣੀ ਪਈ ਸੀ । ਮਹਿੰਦਾ ਰਾਜਪਕਸ਼ੇ ਤੇ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਇਸ ਸਮੇਂ ਕਿੱਥੇ ਹਨ, ਕਿਸੇ ਨੂੰ ਵੀ ਪਤਾ ਨਹੀਂ ਹੈ ।
ਸ੍ਰੀਲੰਕਾ ਵਿੱਚ ਪੈਦਾ ਹੋਏ ਸੰਕਟ ਲਈ ਮੁੱਖ ਤੌਰ ‘ਤੇ ਸੱਤਾ ਦੇ ਸਿਖਰ ‘ਤੇ ਬੈਠਾ ਰਾਜਪਕਸ਼ੇ ਪਰਵਾਰ ਜ਼ਿੰਮੇਵਾਰ ਹੈ । ਸ੍ਰੀਲੰਕਾ ਦੀ ਇਹ ਹਾਲਤ ਇੱਕ ਦਿਨ ਵਿੱਚ ਨਹੀਂ ਬਣੀ, ਇਸ ਲਈ ਇਨ੍ਹਾਂ ਹਾਕਮਾਂ ਦੀਆਂ ਗਲਤ ਆਰਥਕ ਨੀਤੀਆਂ ਜ਼ਿੰਮੇਵਾਰ ਹਨ । ਸ੍ਰੀਲੰਕਾ ਵਿੱਚ ਇਸ ਸਮੇਂ ਮਹਿੰਗਾਈ ਸਿਖਰਾਂ ‘ਤੇ ਹੈ । ਪੂਰੀ ਅਰਥਵਿਵਸਥਾ ਚਰਮਰਾ ਚੁੱਕੀ ਹੈ । ਦਿਵਾਲੀਆ ਹੋਣ ਦੇ ਕੰਢੇ ਖੜ੍ਹੇ ਇਸ ਦੇਸ਼ ਦੀ ਇਹ ਹਾਲਤ ਕਿਉਂ ਹੋਈ, ਸੰਖੇਪ ਵਿੱਚ ਇਸ ਬਾਰੇ ਜਾਣਦੇ ਹਾਂ । ਇਹ ਦੇਖੇ ਬਿਨਾਂ ਕਿ ਦੇਸ਼ ਦੇ ਪੱਲੇ ਕੀ ਹੈ, ਹਾਕਮਾਂ ਨੇ ਅੰਨ੍ਹੇਵਾਹ ਕਰਜ਼ਾ ਚੁੱਕ ਕੇ ਅਜਿਹੀਆਂ ਵਿਕਾਸ ਸਕੀਮਾਂ ਸ਼ੁਰੂ ਕਰ ਲਈਆਂ, ਜਿਹੜੀਆਂ ਘਾਟੇਵੰਦਾ ਸੌਦਾ ਸਾਬਤ ਹੋਈਆਂ । ਉਦਾਹਰਣ ਲਈ ਸ੍ਰੀਲੰਕਾ ਨੇ ਹੰਬਨਟੋਟਾ ਪੋਰਟ ਦੇ ਵਿਕਾਸ ਲਈ ਚੀਨ ਤੋਂ ਵੱਡਾ ਕਰਜ਼ਾ ਲਿਆ ਤਾਂ ਕਿ ਸਨਅਤੀ ਗਤੀਵਿਧੀਆਂ ਨੂੰ ਤੇਜ਼ ਕੀਤਾ ਜਾ ਸਕੇ, ਪਰ ਹੋਇਆ ਉਲਟ, 6 ਸਾਲਾਂ ਵਿੱਚ 30 ਕਰੋੜ ਡਾਲਰ ਦਾ ਨੁਕਸਾਨ ਹੋ ਗਿਆ ਤੇ ਪੋਰਟ ਇੱਕ ਚੀਨੀ ਕੰਪਨੀ ਨੂੰ 99 ਸਾਲ ਦੇ ਪਟੇ ਉੱਤੇ ਦੇਣੀ ਪਈ । ਇਸ ਤਰ੍ਹਾਂ ਚੀਨ ਤੋਂ 20 ਕਰੋੜ ਡਾਲਰ ਦਾ ਹੋਰ ਕਰਜ਼ਾ ਲੈ ਕੇ ਹੰਬਨਟੋਟਾ ਬੰਦਰਗਾਹ ਕੋਲ ਇੱਕ ਹਵਾਈ ਅੱਡਾ ਬਣਾ ਦਿੱਤਾ ਗਿਆ । ਇਸ ਦੀ ਵਰਤੋਂ ਏਨੀ ਘੱਟ ਹੈ ਕਿ ਇਹ ਆਪਣਾ ਬਿਜਲੀ ਖਰਚਾ ਕੱਢਣੋਂ ਵੀ ਅਸਮਰਥ ਹੈ । ਸਰਕਾਰ ਵੱਲੋਂ ਕੋਲੰਬੋ ਨੇੜੇ 665 ਏਕੜ ਵਿੱਚ ਇੱਕ ਪੋਰਟ ਸਿਟੀ ਦੀ ਯੋਜਨਾ ਬਣਾਈ ਗਈ, ਪਰ ਫੇਲ੍ਹ ਹੋ ਗਈ । ਸਰਕਾਰ ਦੀਆਂ ਇਨ੍ਹਾਂ ਗਲਤੀਆਂ ਕਾਰਨ ਇੱਕ ਪਾਸੇ ਕਰਜ਼ਾ ਵਧਦਾ ਰਿਹਾ ਤੇ ਦੂਜੇ ਪਾਸੇ ਵਿਦੇਸ਼ੀ ਮੁਦਰਾ ਭੰਡਾਰ ਘਟਦਾ ਰਿਹਾ । ਵਿਰੋਧੀ ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਇਸ ਹਾਲਤ ਉੱਤੇ ਪੁਚਾਉਣ ਲਈ ਹਾਕਮਾਂ ਵੱਲੋਂ ਕੀਤਾ ਗਿਆ ਭ੍ਰਿਸ਼ਟਾਚਾਰ ਵੀ ਜ਼ਿੰਮੇਵਾਰ ਹੈ ।
ਵਿਦੇਸ਼ੀ ਕਰੰਸੀ ਨੂੰ ਬਾਹਰ ਜਾਣ ਤੋਂ ਰੋਕਣ ਲਈ ਸਰਕਾਰ ਨੇ ਇੱਕ ਹੋਰ ਬੇਵਕੂਫ਼ੀ ਕਰਦਿਆਂ ਰਸਾਇਣਕ ਖਾਦਾਂ ਦੀ ਦਰਾਮਦ ਉੱਤੇ ਰੋਕ ਲਾ ਦਿੱਤੀ ਤੇ ਐਲਾਨ ਕਰ ਦਿੱਤਾ ਕਿ ਸ੍ਰੀਲੰਕਾ ਜੈਵਿਕ ਖੇਤੀ ਵਾਲਾ ਦੁਨੀਆਂ ਦਾ ਪਹਿਲਾ ਦੇਸ਼ ਬਣੇਗਾ । ਨਤੀਜੇ ਵਜੋਂ ਖੇਤੀ ਉਤਪਾਦਨ ਘਟ ਗਿਆ ਤੇ ਖੁਰਾਕੀ ਸੰਕਟ ਪੈਦਾ ਹੋ ਗਿਆ । ਇਸ ਫੈਸਲੇ ਨੇ ਖੁਰਾਕੀ ਵਸਤਾਂ ਦੀ ਕਿੱਲਤ ਪੈਦਾ ਕਰ ਦਿੱਤੀ ਤੇ ਖੁਰਾਕੀ ਵਸਤਾਂ ਦੀ ਦਰਾਮਦ ਲਈ ਵਿਦੇਸ਼ੀ ਮੁਦਰਾ ਖਰਚਣੀ ਪਈ । ਇਨ੍ਹਾਂ ਹਾਲਤਾਂ ਵਿੱਚ ਕੋਰੋਨਾ ਮਹਾਂਮਾਰੀ ਨੇ ਅੱਗ ‘ਤੇ ਘਿਓ ਵਾਲਾ ਕੰਮ ਕੀਤਾ, ਜਿਸ ਨਾਲ ਦੇਸ਼ ਦੀ ਆਮਦਨ ਦਾ ਮੁੱਖ ਸਰੋਤ ਸੈਰ-ਸਪਾਟਾ ਬੰਦ ਹੋ ਗਿਆ ।
ਸ੍ਰੀਲੰਕਾ ਸਿਰ ਇਸ ਸਮੇਂ 51 ਅਰਬ ਡਾਲਰ ਦਾ ਕਰਜ਼ਾ ਹੈ । ਇਸ ਵਿੱਚੋਂ ਇਕੱਲੇ ਚੀਨ ਦਾ ਹੀ 5 ਅਰਬ ਡਾਲਰ ਕਰਜ਼ਾ ਹੈ । ਭਾਰਤ ਤੇ ਜਪਾਨ ਦਾ ਵੀ ਕਾਫ਼ੀ ਕਰਜ਼ਾ ਹੈ । ਦਰਾਮਦੀ ਵਸਤਾਂ ਲਈ ਉਸ ਨੂੰ ਮਹਿੰਗਾ ਡਾਲਰ ਖਰੀਦਣਾ ਪੈ ਰਿਹਾ ਹੈ, ਜਿਸ ਨਾਲ ਉਹ ਹੋਰ ਕਰਜ਼ੇ ਵਿੱਚ ਡੁੱਬਦਾ ਜਾ ਰਿਹਾ ਹੈ । ਰਿਪੋਰਟ ਮੁਤਾਬਕ ਸ੍ਰੀਲੰਕਾ ਚੀਨ ਤੋਂ ਹੋਰ ਢਾਈ ਅਰਬ ਡਾਲਰ ਦਾ ਕਰਜ਼ਾ ਲੈਣ ਦੀ ਤਿਆਰੀ ਕਰ ਰਿਹਾ ਹੈ । ਇੱਕ ਅੰਦਾਜ਼ੇ ਮੁਤਾਬਕ ਇਸ ਸਮੇਂ ਸ੍ਰੀਲੰਕਾ ਸਿਰ ਕੁੱਲ ਘਰੇਲੂ ਉਤਪਾਦਨ ਦਾ 119 ਫ਼ੀਸਦੀ ਕਰਜ਼ਾ ਹੋ ਚੁੱਕਾ ਹੈ ।
ਵਿਦੇਸ਼ੀ ਮੁਦਰਾ ਭੰਡਾਰ ਵਾਲੇ ਭਾਂਡੇ ਵੀ ਖੜਕਣੇ ਸ਼ੁਰੂ ਹੋ ਗਏ ਹਨ । ਸੰਨ 2019 ਵਿੱਚ ਵਿਦੇਸ਼ੀ ਮੁਦਰਾ ਭੰਡਾਰ 7.5 ਅਰਬ ਡਾਲਰ ਸੀ, ਜੋ ਹੁਣ ਸਿਰਫ਼ 2.36 ਅਰਬ ਡਾਲਰ ਰਹਿ ਗਿਆ ਹੈ । ਇਸ ਚਾਲੂ ਸਾਲ ਦੌਰਾਨ ਸ੍ਰੀਲੰਕਾ ਨੇ 7 ਅਰਬ ਡਾਲਰ ਦਾ ਕਰਜ਼ ਅਦਾ ਕਰਨਾ ਹੈ, ਜੋ ਕਿਸੇ ਵੀ ਹਾਲਤ ਵਿੱਚ ਸੰਭਵ ਨਹੀਂ ਲੱਗਦਾ । ਸ੍ਰੀਲੰਕਾ ਦੀ ਸਰਕਾਰ ਨੇ ਇੱਕ ਅਰਬ ਡਾਲਰ ਦੇ ਲੋਕਾਂ ਨੂੰ ਬਾਂਡ ਜਾਰੀ ਕੀਤੇ ਸਨ, ਜੋ ਇਸੇ ਮਹੀਨੇ ਮਚਿਓਰ ਹੋ ਰਹੇ ਹਨ, ਇਸ ਦਾ ਭੁਗਤਾਨ ਵੀ ਲੋਕਾਂ ਨੂੰ ਕਰਨਾ ਪੈਣਾ ਹੈ । ਹਾਲਤ ਏਨੀ ਮਾੜੀ ਹੋ ਚੁੱਕੀ ਹੈ ਕਿ ਬਿਆਨ ਕਰਨੀ ਮੁਸ਼ਕਲ ਹੈ ।
ਸ੍ਰੀਲੰਕਾ ਦੀ ਹਾਲਤ ਤੋਂ ਸਾਡੇ ਹਾਕਮਾਂ ਨੂੰ ਵੀ ਸਬਕ ਲੈ ਲੈਣਾ ਚਾਹੀਦਾ ਹੈ । ਕਰਜ਼ਾ ਲੈ ਕੇ ਕੀਤਾ ਵਿਕਾਸ ਕਈ ਵਾਰ ਬਹੁਤ ਮਹਿੰਗਾ ਪੈਂਦਾ ਹੈ । ਮੌਜੂਦਾ ਹਾਕਮਾਂ ਦੇ ਸੱਤਾ ਸੰਭਾਲਣ ਤੋਂ ਪਹਿਲਾਂ 2013 ਵਿੱਚ ਭਾਰਤ ਸਿਰ ਕੁਲ ਵਿਦੇਸ਼ੀ ਕਰਜ਼ਾ 409.4 ਅਰਬ ਡਾਲਰ ਸੀ, ਜੋ ਜੀ ਡੀ ਪੀ ਦਾ 11.1 ਫ਼ੀਸਦੀ ਸੀ । ਮਾਰਚ 2018 ਵਿੱਚ ਮੋਦੀ ਰਾਜ ਦੌਰਾਨ ਇਹ ਵਧ ਕੇ 529 ਅਰਬ ਡਾਲਰ ਹੋ ਗਿਆ ਹੈ, ਜੋ ਜੀ ਡੀ ਪੀ ਦੇ 20.9 ਫ਼ੀਸਦੀ ਦੇ ਉੱਚੇ ਪੱਧਰ ਤੱਕ ਪੁੱਜ ਚੁੱਕਾ ਹੈ । ਇਸ ਤੋਂ ਅਗਲੇ ਅੰਕੜੇ ਉਪਲੱਬਧ ਨਹੀਂ ਹਨ । ਦਰਾਮਦ ਦੇ ਮੁਕਾਬਲੇ ਭਾਰਤ ਦੀ ਬਰਾਮਦ ਘਟ ਰਹੀ ਹੈ, ਜਿਸ ਨਾਲ ਵਿਦੇਸ਼ੀ ਮੁਦਰਾ ਭੰਡਾਰ ਦਾ ਘਟਨਾ ਲਾਜ਼ਮੀ ਹੈ । ਰੁਪਏ ਦੀ ਕੀਮਤ ਲਗਾਤਾਰ ਡਿੱਗ ਰਹੀ ਹੈ । ਜੇ ਅਜਿਹੀ ਹਾਲਤ ਰਹੀ ਤਾਂ ਇਹ 100 ਦਾ ਅੰਕੜਾ ਛੂਹ ਸਕਦੀ ਹੈ, ਇਸ ਨਾਲ ਮਹਿੰਗਾਈ ਹੋਰ ਵਧੇਗੀ । ਪ੍ਰਧਾਨ ਮੰਤਰੀ ਨਵਾਂ ਸੰਸਦ ਭਵਨ ਤੇ ਆਪਣਾ ਮਹਿਲ ਬਣਾ ਰਹੇ ਹਨ । ਸਕਿਲ ਇੰਡੀਆ, ਸਵੱਛ ਭਾਰਤ, ਗੰਗਾ ਦੀ ਸਫ਼ਾਈ, ਪ੍ਰਧਾਨ ਮੰਤਰੀ ਗਰਾਮ ਸੜਕ ਯੋਜਨਾ, ਸਿੱਖਿਆ ਤੇ ਊਰਜਾ ਦੇ ਵਿਕਾਸ ਲਈ 78 ਅਰਬ ਡਾਲਰ ਕਰਜ਼ਾ ਵਰਲਡ ਬੈਂਕ ਤੋਂ ਲਿਆ ਗਿਆ ਹੈ । ਵਰਲਡ ਬੈਂਕ ਦੀ ਰਿਪੋਰਟ ਅਨੁਸਾਰ ਇਸ ਸਮੇਂ ਭਾਰਤ ਸਭ ਤੋਂ ਵੱਧ ਕਰਜ਼ਾ ਲੈਣ ਵਾਲੇ ਦੇਸ਼ ਵਜੋਂ ਆਪਣੀ ਪਛਾਣ ਬਣਾ ਚੁੱਕਾ ਹੈ । ਇਨ੍ਹਾਂ ਵਿੱਚੋਂ ਕਿੰਨਾ ਭ੍ਰਿਸ਼ਟਾਚਾਰ ਦੀ ਭੇਟ ਚੜ੍ਹ ਜਾਂਦਾ ਹੈ, ਇਹ ਤੱਥ ਲੁਕਿਆ-ਛਿਪਿਆ ਨਹੀਂ |
ਪਹਿਲੇ ਹਾਕਮਾਂ ਵੱਲੋਂ ਉਸਾਰੇ ਅਦਾਰੇ ਕੌਡੀਆਂ ਦੇ ਭਾਅ ਕਾਰਪੋਰੇਟ ਮਿੱਤਰਾਂ ਨੂੰ ਵੇਚੇ ਜਾ ਰਹੇ ਹਨ । ਹਾਕਮਾਂ ਨੂੰ ਯਾਦ ਰੱਖਣਾ ਚਾਹੀਦਾ ਕਿ ਘਰ ਦੇ ਭਾਂਡੇ ਵੇਚ ਕੇ ਬਹੁਤੇ ਦਿਨ ਨਹੀਂ ਲੰਘਦੇ ਹੁੰਦੇ । ਇੰਜ ਕਰਕੇ ਨਵਾਂ ਭਾਰਤ ਨਹੀਂ, ਇੱਕ ਹੋਰ ਸ੍ਰੀਲੰਕਾ ਬਣ ਸਕਦਾ ਹੈ ।