ਹਿੰਸਾ ਤੇ ਨਫ਼ਰਤ ਦੇ ਮਨੋਵਿਗਿਆਨ ਦੇ ਝਲਕਾਰੇ  - ਅਵਿਜੀਤ ਪਾਠਕ

ਨੂਪੁਰ ਸ਼ਰਮਾ ਕਾਂਡ ਬਾਰੇ ਬਹੁਤ ਕੁਝ ਆਖਿਆ ਅਤੇ ਲਿਖਿਆ ਜਾ ਚੁੱਕਿਆ ਹੈ ਕਿ ਕਿਵੇਂ ਉਸ ਨੇ ਪੈਗੰਬਰ ਮੁਹੰਮਦ ਬਾਰੇ ਬੇਹੁਰਮਤੀ ਭਰੇ ਸ਼ਬਦ ਇਸਤੇਮਾਲ ਕੀਤੇ ਜਿਸ ਤੋਂ ਬਾਅਦ ਭਾਰਤ ਵਿਚ ਵਧ ਰਹੇ ਇਸਲਾਮੋਫੋਬੀਆ (ਇਸਲਾਮ ਧਰਮ ਪ੍ਰਤੀ ਨਫ਼ਰਤ ਦਾ ਜ਼ਹਿਰ) ਨੂੰ ਲੈ ਕੇ ਕਈ ਅਰਬ ਮੁਲਕਾਂ ਨੇ ਨਾਖੁਸ਼ੀ ਜਤਾਈ, ਸਰਕਾਰ ਤੋਂ ਮੁਆਫ਼ੀ ਦੀ ਮੰਗ ਕੀਤੀ ਅਤੇ ਆਖਿ਼ਰਕਾਰ ਭਾਰਤੀ ਜਨਤਾ ਪਾਰਟੀ ਨੇ ਆਪਣੀ ਇਸ ‘ਫਰਿੰਜ’ ਅਨਸਰ ਨੂੰ ਪਾਰਟੀ ਤੋਂ ਲਾਂਭੇ ਕਰ ਦਿੱਤਾ। ਫਿਰ ਉਸ ਬਦਜ਼ਬਾਨ ਤਰਜਮਾਨ ਤੋਂ ਆਪਣੇ ਆਪ ਨੂੰ ਵੱਖ ਕਰਨ ਦੀ ਕੋਸ਼ਿਸ਼ ਰਾਹੀਂ ਦਿਖਾਵਾ ਕੀਤਾ ਗਿਆ ਕਿ ਪਾਰਟੀ ਬਹੁ-ਸਭਿਆਚਾਰਵਾਦ ਦੀ ਭਾਵਨਾ ਦਾ ਸਤਿਕਾਰ ਕਰਦੀ ਹੈ। ਦਰਅਸਲ, ਕੋਈ ਅਣਜਾਣ ਹੀ ਹੋਵੇਗਾ ਜਿਸ ਨੇ ਇਸ ਗੱਲ ’ਤੇ ਯਕੀਨ ਕੀਤਾ ਹੋਵੇਗਾ ਕਿ ਸੱਤਾਧਾਰੀ ਪਾਰਟੀ ਇਸ ਮਸਲੇ ਨੂੰ ਲੈ ਕੇ ਰੱਤੀ ਭਰ ਵੀ ਗੰਭੀਰ ਹੈ। ਇਸ ਗੱਲ ਦੇ ਆਸਾਰ ਹਨ ਕਿ ਇਹ ਖੇਡ ਇਵੇਂ ਹੀ ਚਲਦੀ ਰਹੇਗੀ ਅਤੇ ਸੱਤਾਧਾਰੀ ਪਾਰਟੀ ਦੇ ਮੁੱਖ ਰਣਨੀਤੀਕਾਰ  ਚੋਣਾਂ ਜਿੱਤਣ ਵਾਲੀ ਮਸ਼ੀਨਰੀ ਦੇ ਪ੍ਰਬੰਧਕ ਇਸ ਮੌਕੇ ਦਾ ਲਾਹਾ ਉਠਾ ਕੇ ਇਸ ਧਾਰਨਾ ਨੂੰ ਫੈਲਾਉਣਗੇ ਕਿ ਹਿੰਦੂ ਇਸਲਾਮੀ ਜਗਤ ਦੇ ਨਿਸ਼ਚੇ ਦੇ ‘ਪੀੜਤ’ ਬਣ ਰਹੇ ਹਨ ਅਤੇ ਇਸ ਤੋਂ ਬਚਣ ਲਈ ‘ਹਿੰਦੂ ਰਾਸ਼ਟਰ’ ਬਣਾਉਣ ਲਈ ‘ਹਿੰਦੂ ਏਕਤਾ’ ਹੀ ਇਕੋ-ਇਕ ਰਾਹ ਹੈ।
       ਇਹ ਠੀਕ ਹੈ ਕਿ ਨੂਪੁਰ ਸ਼ਰਮਾ ਦੀ ਮੁਅੱਤਲੀ ਜਾਂ ਫਿਰ ਦਿੱਲੀ ਭਾਜਪਾ ਦੇ ਮੀਡੀਆ ਸੈੱਲ ਦੇ ਮੁਖੀ ਨਵੀਨ ਜਿੰਦਲ ਦੀ ਬਰਤਰਫ਼ੀ ਪਾਰਟੀ ਲਈ ਕੋਈ ਮਾਇਨਾ ਨਹੀਂ ਰੱਖਦੀ। ਇਸ ਦਾ ਕਾਰਨ ਇਹ ਹੈ ਕਿ ਇਹੋ ਜਿਹੇ ‘ਫਰਿੰਜ’ ਅਨਸਰਾਂ ਦੀ ਮਾਨਸਿਕਤਾ ਧਾੜਵੀ ਰਾਸ਼ਟਰਵਾਦ ਦੇ ਬਿਪਰਵਾਦੀ ਸਿਧਾਂਤ ਦੇ ਤਾਰਕਿਕ ਸਿੱਟੇ ਦਾ ਚਿਹਰਾ ਮੋਹਰਾ ਪੇਸ਼ ਕਰਦੀ ਹੈ। ਦਰਅਸਲ, ਸੰਘ ਪਰਿਵਾਰ ਦੇ ਨਾਟਕੀ ਉਭਾਰ ਨੂੰ ਹਿੰਦੂਤਵ ਤੋਂ ਵੱਖ ਨਹੀਂ ਕੀਤਾ ਜਾ ਸਕਦਾ ਜੋ ਅਜਿਹੀ ਵਿਚਾਰਧਾਰਾ ਹੈ ਜੋ ਹਿੰਦੂਆਂ ਨੂੰ ਇਕਜੁੱਟ ਤੇ ਇਕਰੂਪ ਕਰਨਾ ਚਾਹੁੰਦੀ ਹੈ ਅਤੇ ਨਾਲ ਹੀ ਮੁਸਲਮਾਨਾਂ, ਘੱਟਗਿਣਤੀਆਂ, ਉਦਾਰਵਾਦੀਆਂ, ਕਮਿਊਨਿਸਟਾਂ, ਗਾਂਧੀਵਾਦੀਆਂ, ਅਧਿਆਤਮਕ ਫਿਰਤੂਆਂ ਆਦਿ ਨੂੰ ਦੇਸ਼ ਦੇ ਦੁਸ਼ਮਣ ਗਰਦਾਨਦੀ ਹੈ। ਇਸ ਦਾ ਲਬੋ-ਲਬਾਬ ਹੀ ਨਫ਼ਰਤ ਤੇ ਹਿੰਸਾ ਦਾ ਮਨੋਵਿਗਿਆਨ ਹੈ। ਜਦੋਂ ਹਿੰਦੂਤਵ ਦੇ ਵਿਚਾਰਕ ਦੇਸ਼ਭਗਤੀ ਦੀ ਗੱਲ ਕਰਦੇ ਹਨ, ਤਦ ਵੀ ਇਹ ਕੋਈ ਸਜੀਵ ਸਮੂਹਿਕ ਕਲਿਆਣਕਾਰੀ ਭਾਵ ਨਹੀਂ ਉਪਜਾਉਂਦਾ ਸਗੋਂ ਨਾਂਹਮੁਖੀ ਤੇ ਜ਼ਹਿਰੀਲੀ ਬੂਅ ਛੱਡਦਾ ਹੈ, ਇਹ ਇਸ (ਹਿੰਦੂਤਵ) ਦੇ ਫ਼ਰਮਾਨਾਂ ਨੂੰ ਮੰਨਣ ਤੋਂ ਇਨਕਾਰ ਕਰਨ ਵਾਲਿਆਂ ਖਿਲਾਫ਼ ਹਰ ਕਿਸਮ ਦੀਆਂ ਮੰਦਭਾਵੀ ਧਾਰਨਾਵਾਂ ਫੈਲਾਉਣ ਦੇ ਤੁੱਲ ਹੈ। ਇਹ ਜਿਸ ਕਿਸਮ ਦੇ ਧਰਮ ਦੀ ਗੱਲ ਕਰਦਾ ਹੈ, ਉਹ ਨਾ ਕੇਵਲ ਮੁਹੱਬਤ ਦੀ ਧਾਰਮਿਕਤਾ ਤੋਂ ਵਿਰਵਾ ਹੈ ਸਗੋਂ ਸਮਾਜ ਅੰਦਰ ਕੰਧਾਂ ਖੜ੍ਹੀਆਂ ਕਰਨ ਵਾਲਾ ਫ਼ੌਜੀਕਰਨ ਪੈਦਾ ਕਰਦਾ ਹੈ। ਇਹ ਰੂਹਾਨੀ ਇਕਾਂਤ ਤੋਂ ਕੋਹਾਂ ਦੂਰ ਹੈ ਤੇ ਬਹੁਤ ਹੀ ਸ਼ੋਰੀਲਾ ਹੈ। ਕੀ ਇਹ ਇਕ ਤਰ੍ਹਾਂ ਦਾ ਤਾਲਿਬਾਨੀਕਰਨ ਹੀ ਹੈ ਜਿਸ ਦੀ ਮੁਖਾਲਫ਼ਤ ਦੇ ਚੱਕਰ ਵਿਚ ਇਹ ਉਸ ਜਿਹਾ ਹੀ ਬਣਦਾ ਜਾ ਰਿਹਾ ਹੈ? ਗਊ ਰੱਖਿਆ ਪਹਿਰੇਦਾਰੀ ਤੋਂ ਲੈ ਕੇ ਲਗਭਗ ਹਰ ਮਸਜਿਦ ਵਿਚੋਂ ਹਿੰਦੂ ਵਿਰਾਸਤ ਦੇ ਚਿੰਨ੍ਹ ਲੱਭਣ ਦੀ ਕਾਹਲ ਵਿਚ ਹਿੰਦੂਤਵ ਵਲੋਂ ਪ੍ਰਚਾਰੇ ਜਾਂਦੇ ਧਰਮ ਵਿਚ ਕਬੀਰ, ਗਾਂਧੀ ਤੇ ਟੈਗੋਰ ਦੇ ਆਦਰਸ਼ਾਂ ਨਾਲ ਰਤਾ ਵੀ ਸਾਂਝ ਨਹੀਂ ਹੈ।
       ਲਿਹਾਜ਼ਾ, ਇਸ ਗੱਲ ’ਤੇ ਕੋਈ ਹੈਰਾਨੀ ਨਹੀਂ ਹੁੰਦੀ ਜਦੋਂ ਇਹ ਵਿਚਾਰਧਾਰਾ ਸਾਕਸ਼ੀ ਮਹਾਰਾਜ ਤੇ ਪ੍ਰਗਿਆ ਸਿਹੁੰ ਠਾਕੁਰ ਜਾਂ ਲਵ ਜਹਾਦ, ਟੁਕੜੇ ਟੁਕੜੇ ਗੈਂਗ, ਅੰਦੋਲਨਜੀਵੀ ਜਿਹੇ ਸ਼ਬਦ ਦੇਣ ਵਾਲਿਆਂ ਨੂੰ ਪੂਜਦੀ ਹੈ। ਬੇਸ਼ੱਕ ‘ਮਸੀਹਾ’ ਆਪਣੀ ਨਾਟਕੀ ਪੇਸ਼ਕਾਰੀਆਂ ਰਾਹੀਂ ਜੋਅ ਬਾਇਡਨ ਤੇ ਵਲਾਦੀਮੀਰ ਪੂਤਿਨ ਨਾਲ ਬਗਲਗੀਰ ਹੋ ਕੇ ਆਪਣੇ ਆਪ ਨੂੰ ‘ਵਿਸ਼ਵ ਆਗੂ’ ਹੋਣ ਦਾ ਭਰਮ ਸਿਰਜ ਰਿਹਾ ਹੈ ਅਤੇ ਟਵਿਟਰ ’ਤੇ ਆਪਣੇ ਕਰੋੜਾਂ ਪ੍ਰਸ਼ੰਸਕਾਂ ਦਾ ਮਨ ਪਰਚਾਵਾ ਕਰ ਰਿਹਾ ਹੈ ਪਰ ਕਠੋਰ ਹਕੀਕਤ ਇਹ ਹੈ ਕਿ ਅਸੀਂ ਜਿਸ ਮਾਹੌਲ ਵਿਚ ਸਾਹ ਲੈ ਰਹੇ ਹਾਂ, ਉਸ ਅੰਦਰ ਵੱਡੇ ਪੱਧਰ ’ਤੇ ਮਨੋਵਿਗਿਆਨਕ ਤੇ ਸਭਿਆਚਾਰਕ ਵਿਸ਼ ਫੈਲ ਚੁੱਕਿਆ ਹੈ। ਇਸੇ ਤਰ੍ਹਾਂ, ਅਸੀਂ ਦੇਖਿਆ ਹੈ ਕਿ ਸਾਡੇ ਸੰਚਾਰ ਦੇ ਤੌਰ ਤਰੀਕਿਆਂ ਦਾ ਘੋਰ ਪਤਨ ਹੋ ਗਿਆ ਹੈ ਤੇ ਸਾਡੇ ਟੈਲੀਵਿਜ਼ਨ ਚੈਨਲ ਇਸ ਦੀ ਬਹੁਤ ਹੀ ਕੋਝੀ ਤਸਵੀਰ ਬਣ ਚੁੱਕੇ ਹਨ। ਰੋਜ਼ ਸ਼ਾਮ ਨੂੰ ‘ਪ੍ਰਾਈਮ ਟਾਈਮ’ ਮੌਕੇ ਲਿਸ਼ਕੇ ਪੁਸ਼ਕੇ ਐਂਕਰਾਂ (ਜੋ ਜ਼ਮੀਰਪ੍ਰਸਤ ਪੱਤਰਕਾਰ ਤਾਂ ਬਿਲਕੁਲ ਵੀ ਨਹੀਂ ਹਨ ਸਗੋਂ ਝੂਠ ਪਰੋਸਣ ਵਾਲੇ ਤੇ ਪ੍ਰਾਪੇਗੰਡਾ ਜਾਂ ਤਰ੍ਹਾਂ ਤਰ੍ਹਾਂ ਦੇ ਨਫ਼ਰਤੀ ਪੈਕੇਜਾਂ ਦੇ ਸੌਦਾਗਰ ਹਨ), ਕਈ ਪਾਰਟੀਆਂ ਦੇ ਬੇਸ਼ਰਮ ਤਰਜਮਾਨਾਂ ਅਤੇ ਭਾੜੇ ’ਤੇ ਲਿਆਂਦੇ ਗੁਸੈਲ ਪੁਜਾਰੀਆਂ ਤੇ ਮੁਲਾਣਿਆਂ ਦੀ ‘ਸਭਾ’ ਜੁੜ ਕੇ ਅਜਿਹਾ ਖਰੂਦੀ ਮਾਹੌਲ ਸਿਰਜਦੀ ਹੈ ਜਿਸ ਵਿਚ ਕੋਈ ਕਿਸੇ ਦੀ ਗੱਲ ਨਹੀਂ ਸੁਣਦਾ ਤੇ ਤਰਕ ਨਾਲ ਕੋਈ ਵਾਹ ਵਾਸਤਾ ਨਹੀਂ ਹੁੰਦਾ ਤੇ ਇਹੋ ਜਿਹੀ ਬਹਿਸ ਜਲਦੀ ਹੀ ਅਖਾੜੇ ਦਾ ਰੂਪ ਧਾਰ ਜਾਂਦੀ ਹੈ, ਫਿਰ ਕਸ਼ਮੀਰ ਹੋਵੇ ਜਾਂ ਜੇਐੱਨਯੂ, ਕੋਵਿਡ ਜਾਂ ਫਿਰ ਮਹਿੰਗਾਈ, ਹਰ ਮੁੱਦੇ ਨੂੰ ਹਿੰਦੂਆਂ ਤੇ ਮੁਸਲਮਾਨਾਂ ਜਾਂ ਫਿਰ ‘ਰਾਸ਼ਟਰਵਾਦੀਆਂ’ ਤੇ ‘ਦੇਸ਼ਧ੍ਰੋਹੀਆਂ’ ਦਰਮਿਆਨ ਜੰਗ ਦਾ ਸਵਾਲ ਬਣਾ ਦਿੱਤਾ ਜਾਂਦਾ ਹੈ।
         ਇਹੋ ਜਿਹੇ ਟੈਲੀਵਿਜ਼ਨ ਪ੍ਰੋਗਰਾਮਾਂ ਦੇ ਖਪਤਕਾਰਾਂ ਲਈ ਵਿਸ਼ੈਲੇ ਸਭਿਆਚਾਰ ਦੀ ਖੁਰਾਕ ਵਧਦੀ ਜਾਂਦੀ ਹੈ ਅਤੇ ਅਸੀਂ ਕਦੇ ਨੂਪੁਰ ਸ਼ਰਮਾ ਤੇ ਕਦੇ ਸੰਬਿਤ ਪਾਤਰਾ ਜਾਂ ਹੋਰਨਾਂ ਪਾਰਟੀਆਂ ਤੇ ਧਾਰਮਿਕ ਸੰਗਠਨਾਂ ਦੇ ਇਹੋ ਜਿਹੇ ਨਿੱਤ ਨਵੇਂ ‘ਸਿਤਾਰੇ’ ਲੱਭਦੇ ਰਹਿੰਦੇ ਹਾਂ। ਅਸੀਂ ਭਾਵੇਂ ਆਪਣੇ ਆਪ ਨੂੰ ਪੜ੍ਹੇ ਲਿਖੇ ਕਹਿਣਾ ਪਸੰਦ ਕਰਦੇ ਹਾਂ ਪਰ ਕਿਤੇ ਨਾ ਕਿਤੇ ਸਾਡੇ ਸਾਰਿਆਂ ਵਿਚ ਨੂਪੁਰ ਸ਼ਰਮਾ ਦਾ ਕੋਈ ਕਿਣਕਾ ਮੌਜੂਦ ਹੈ। ਸਾਨੂੰ ਇਹ ਭੁੱਲਣਾ ਨਹੀਂ ਚਾਹੀਦਾ ਕਿ ਰਵਾਇਤੀ ਪਰਿਭਾਸ਼ਾ ਮੁਤਾਬਕ ਨੂਪੁਰ ਸ਼ਰਮਾ ਵੀ ਇਸੇ ਪੜ੍ਹੇ ਲਿਖੇ ਵਰਗ ਤੋਂ ਹੀ ਆਉਂਦੀ ਹੈ। ਉਸ ਦੇ ਜੀਵਨ ਵੇਰਵਿਆਂ ਤੋਂ ਪਤਾ ਲੱਗਦਾ ਹੈ ਕਿ ਉਹ ਦਿੱਲੀ ਯੂਨੀਵਰਸਿਟੀ ਤੇ ਲੰਡਨ ਸਕੂਲ ਆਫ ਇਕਨੌਮਿਕਸ ਦੀ ਪੜ੍ਹੀ ਹੋਈ ਹੈ ਅਤੇ ਸਾਡੇ ‘ਰਿਪਬਲਿਕ’ ਦੀ ਹੋਣੀ ਨੂੰ ਲੈ ਕੇ ਚਿੰਤਾਤੁਰ ਸਾਡੇ ਕੁਝ ਸਮਕਾਲੀ ਟੈਲੀਵਿਜ਼ਨ ਐਂਕਰ ਵੀ ਦਿਲਕਸ਼ ਡਿਗਰੀਆਂ ਤੇ ਡਿਪਲੋਮਿਆਂ ਦੇ ਧਾਰਕ ਹਨ। ਫਿਰ ਵੀ ਉਹ ਜ਼ਹਿਰੀਲੇ ਸੰਦੇਸ਼ ਅਤੇ ਨਫ਼ਰਤ ਦੇ ਹਿੰਸਾ ਦੇ ਬਿੰਬਾਂ ਦਾ ਪ੍ਰਚਾਰ ਪ੍ਰਸਾਰ ਕਰਨ ਤੋਂ ਕਦੇ ਨਹੀਂ ਥੱਕਦੇ। ਕੀ ਇਹ ਇਸ ਕਰ ਕੇ ਹੈ ਕਿ ਅਸੀਂ ਜਿਸ ਸਿੱਖਿਆ ਦੀ ਖਪਤ ਕੀਤੀ ਹੈ, ਉਸ ਵਿਚੋਂ ਇਨਸਾਨੀਅਤ, ਸਰਬਸਾਂਝੀ ਨਾਗਰਿਕਤਾ ਦਾ ਇਖ਼ਲਾਕ ਅਤੇ ਆਲੋਚਨਾਤਮਿਕ ਅਲਖ ਜਗਾਉਣ ਵਾਲੀਆਂ ਖੂਬੀਆਂ ਦਾ ਮਾਦਾ ਹੀ ਖਤਮ ਹੋ ਚੁੱਕਿਆ ਹੈ?
      ਸਾਨੂੰ ਇਹ ਸਵਾਲ ਪੁੱਛਣਾ ਪੈਣਾ ਹੈ ਕਿਉਂਕਿ ਜਿੰਨੀ ਦੇਰ ਤੱਕ ਅਸੀਂ ਆਪਣੀ ਸਿੱਖਿਆ ’ਤੇ ਮੁੜ ਸੋਚ ਵਿਚਾਰ ਨਹੀਂ ਕਰਦੇ, ਧਾੜਵੀ ਰਾਸ਼ਟਰਵਾਦ ਦੀ ਰਾਜਨੀਤੀ ਜਾਂ ਧਾਰਮਿਕ ਕੱਟੜਤਾ ਦੇ ਮਨੋਵਿਗਿਆਨ ਤੋਂ ਖਹਿੜਾ ਨਹੀਂ ਛੁਡਾਉਂਦੇ ਅਤੇ ਭਾਰਤ ਨੂੰ ਵੱਖੋ-ਵੱਖਰੀਆਂ ਰਵਾਇਤਾਂ ਤੇ ਅਕੀਦਿਆਂ ਦੇ ਸੰਗਮ ਦੀ ਕਲਾ ਨਹੀਂ ਸਿੱਖਦੇ, ਓਨੀ ਦੇਰ ਤੱਕ ਇਸ ਅਫ਼ਰਾ-ਤਫ਼ਰੀ ਤੋਂ ਨਿਜਾਤ ਨਹੀਂ ਪਾਈ ਜਾ ਸਕਦੀ। ਸ਼ਾਇਦ ਗਾਂਧੀ ਤੇ ਟੈਗੋਰ ਨੇ ਹੀ ਸਾਡੇ ਆਜ਼ਾਦੀ ਘੁਲਾਟੀਆਂ ਨੂੰ ਮੁਕਤੀ ਦਾਤੀ ਸਿੱਖਿਆ ਦਾ ਜਸ਼ਨ ਮਨਾਉਣ ਲਈ ਪ੍ਰੇਰਿਆ ਸੀ। ਇਹ ਠੀਕ ਹੈ ਕਿ ਉਨ੍ਹਾਂ ਲਈ ਸਿੱਖਿਆ ਦਾ ਮਕਸਦ ਜਨ-ਸੰਚਾਰ ਜਾਂ ਬਿਜ਼ਨਸ ਮੈਨੇਜਮੈਂਟ ਦੀ ਕੋਈ ਡਿਗਰੀ ਹਾਸਲ ਕਰਨ ਤੋਂ ਕਿਤੇ ਵੱਧ ਸੀ।
       ਬਹਰਹਾਲ, ਮੀਡੀਆ ਦੀਆਂ ਤਸਵੀਰਾਂ ਤੇ ਅੰਧ-ਰਾਸ਼ਟਰਵਾਦ ਦੇ ਆਲਮ ਦਰਮਿਆਨ ਅਸੀਂ ਸ਼ਾਇਦ ਇਹ ਸਾਰੇ ਉਚ ਅਸੂਲ ਭੁਲਾ ਬੈਠੇ ਹਾਂ। ਅਸੀਂ ਆਪਣੇ ਕੰਮਾਂ ’ਤੇ ਪਰਦੇ ਪਾਉਣ ਲਈ ਇਹ ਦਲੀਲਾਂ ਦਿੰਦੇ ਰਹਿੰਦੇ ਹਾਂ ਕਿ ਦੇਖੋ ਇਸਲਾਮੀ ਕੱਟੜਪੰਥੀ ਕਿੰਨੇ ਜ਼ਿਆਦਾ ਜ਼ਹਿਰੀਲੇ ਤੇ ਹਿੰਸਕ ਹਨ। ਕੋਈ ਹੈਰਾਨੀ ਨਹੀਂ ਹੁੰਦੀ ਕਿ ਸਾਨੂੰ ਉਹੀ ਮਿਲਿਆ ਹੈ ਜਿਸ ਦੇ ਅਸੀਂ ਹੱਕਦਾਰ ਹਾਂ, ਨਾਥੂਰਾਮ ਗੋਡਸੇ ਦੇ ਚੇਲੇ ਸਾਡੇ ਆਗੂ ਬਣ ਗਏ ਹਨ ਅਤੇ ਉਨ੍ਹਾਂ ਦੇ ਤਰਜਮਾਨ ਤੇ ਕਰੀਬੀ ਜ਼ਹਿਰੀ ਟੈਲੀਵਿਜ਼ਨ ਐਂਕਰ ਲੋਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਹਨ ਤੇ ਇਸ ਦੌਰਾਨ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਹਿੰਸਾ ਨੂੰ ਸਹਿਜ ਵਰਤਾਰੇ ਬਣਾ ਦਿੱਤਾ ਜਾਂਦਾ ਹੈ। ਕੀ ਸਾਡੇ ਲਈ ਸਿਆਸੀ-ਸਭਿਆਚਾਰਕ ਇਨਕਲਾਬ ਤੋਂ ਬਿਨਾਂ ਨਫ਼ਰਤ ਦੇ ਇਸ ਵਿਸ਼ਾਣੂ ਤੋਂ ਮੁਕਤੀ ਪਾਉਣੀ ਸੰਭਵ ਹੈ?
* ਲੇਖਕ ਸਮਾਜ ਸ਼ਾਸਤਰੀ ਹੈ।