ਰੁੱਤ ਕੰਪਿਊਟਰ ਕਰਾਹੇ ਦੀ ਆਈ - ਗੁਰਜੀਵਨ ਸਿੰਘ ਸਿੱਧੂ ਨਥਾਣਾ

ਪੰਜਾਬ ਵਿੱਚ ਖੇਤਾਂ ਨੂੰ ਇੱਕ ਸਾਰ ਪੱਧਰਾ ਕਰਨ ਲਈ ਨਵੀਂ ਤਕਨੀਕ ਦਾ ਬਣਿਆ ਲੈਜਰ ਲੈਂਡ ਲੈਵਲਰ (ਕੰਪਿਊਟਰ ਕਰਾਹਾ) ਦੀ ਮੁਹਿੰਮ ਦੇ ਅੱਜਕੱਲ ਇਨਕਲਾਬੀ ਨਤੀਜੇ ਸਾਹਮਣੇ ਆਉਣ ਲੱਗ ਪਏ ਹਨ। ਕੰਪਿਊਟਰ ਕਰਾਹਾ ਜ਼ਮੀਨ ਤੇ ਲਗਾਉਣ ਨਾਲ ਜਿੱਥੇ ਫਸਲ ਨੂੰ ਪਾਣੀ ਦੇਣ ਵੇਲੇ ਸਮੇਂ ਦੀ ਬੱਚਤ ਹੁੰਦੀ ਹੈ,ਉਥੇ ਹੀ ਇਸ ਦੇ ਨਾਲ-ਨਾਲ ਹੀ 35 ਤੋਂ 40 ਪ੍ਰਤੀਸ਼ਤ ਪਾਣੀ ਦੀ ਵੀ ਬੱਚਤ ਹੋ ਜਾਂਦੀ ਹੈ ਅਤੇ ਫਸਲ ਨੂੰ ਇੱਕ ਸਾਰ ਲੋੜੀਂਦਾ ਪਾਣੀ ਦਿੱਤਾ ਜਾ ਸਕਦਾ ਹੈ। ਹਰੀ ਕ੍ਰਾਂਤੀ ਦੇ ਨਾਲ-ਨਾਲ ਖੇਤੀ ਵਿਭਾਗ ਦੀ ਇਹ ਪਹਿਲੀ ਅਜਿਹੀ ਤਕਨੀਕ ਹੈ ਜਿਸ ਨਾਲ ਪਾਣੀ ਦੀ ਘਾਟ ਵਾਲੇ ਖੇਤਰ ਦੇ ਕਿਸਾਨਾਂ ਨੇ ਵੱਡੀ ਪੱਧਰ ਤੇ ਲਾਹਾ ਲਿਆ ਹੈ। ਕੁਝ ਸਾਲ ਪਹਿਲਾ ਕਿਸਾਨ ਆਮ ਕਰਾਹੇ ਨਾਲ ਜ਼ਮੀਨਾਂ ਨੂੰ ਪੱਧਰ ਕਰਦੇ ਸਨ ਪਰ ਹੁਣ ਇਸ ਨਵੀਂ ਤਕਨੀਕ ਵਾਲੇ ਲੈਜਰ ਲੈਂਡ ਲੈਵਲਰ (ਕੰਪਿਊਟਰ ਕਰਾਹੇ) ਨਾਲ ਜ਼ਮੀਨ ਨੂੰ ਬੜੀ ਅਸਾਨੀ ਦੇ ਨਾਲ ਪੱਧਰ ਕੀਤਾ ਜਾ ਸਕਦਾ ਹੈ। ਇਹ ਕਰਾਹਾ ਦੋ ਭਾਗਾਂ ਵਿੱਚ ਵੰਡਿਆਂ ਹੁੰਦਾ ਹੈ। ਇੱਕ ਭਾਗ ਇਸ ਦਾ ਲੈਂਜਰ ਜੋ ਕਿ ਖੇਤ ਵਿੱਚ ਇੱਕ ਪੱਧਰ ਜਗ੍ਹਾ ਤੇ ਰੱਖਿਆ ਜਾਂਦਾ ਹੈ,ਦੂਜਾ ਭਾਗ ਇਸ ਦਾ ਟਰੈਕਟਰ ਤੇ ਫਿੱਟ ਕੀਤਾ ਹੁੰਦਾ ਹੈ ਜਿਸ ਨੂੰ ਕੰਟਰੋਲਰ ਕਿਹਾ ਜਾਂਦਾ ਹੈ ਇਹ ਉਸ ਲੇਜਰ ਨਾਲ ਤਾਲਮੇਲ ਕਰਕੇ ਸਹੀ ਥਾਂ ਤੇ ਫਿੱਟ ਕਰਕੇ ਇੱਕ ਲੇਵਲ 'ਚ ਰੱਖ ਕੇ ਉੱਚੇ ਥਾਵਾਂ ਤੋਂ ਮਿੱਟੀ ਆਪਣੇ ਆਪ ਹੀ ਚੁੱਕ ਲੈਂਦਾ ਹੈ ਅਤੇ ਨੀਵੀਆਂ ਥਾਵਾਂ ਤੇ ਮਿੱਟੀ ਨੂੰ ਆਪ ਹੀ ਛੱਡ ਦਿੰਦਾ ਹੈ। ਜੇਕਰ ਖੇਤ ਦੇ ਕਿਸੇ ਪਾਸੇ ਜਿਆਦਾ ਮਿੱਟੀ ਹੋਵੇ ਤਾਂ ਇੱਕ ਹੋਰ ਟਰੈਕਟਰ ਦੀ ਮੱਦਦ ਨਾਲ ਆਮ ਕਰਾਹੇ ਨਾਲ ਉੱਚੇ ਥਾਵਾਂ ਤੋਂ ਨੀਵੇਂ ਪਾਸੇ ਕੀਤੀ ਜਾ ਸਕਦੀ ਹੈ। ਲੈਜਰ ਲੈਂਡ ਲੈਵਲਰ (ਕੰਪਿਊਟਰ ਕਰਾਹਾ) ਖੇਤ ਵਿੱਚ ਲਾਉਣ ਤੋਂ ਪਹਿਲਾ ਜਮੀਨ ਨੂੰ ਤਿੰਨ-ਚਾਰ ਵਾਰੀ ਵਾਹ ਕੇ ਚੰਗੀ ਤਰ੍ਹਾਂ ਸੁਹਾਗਾ ਮਾਰ ਦੇਣਾ ਚਾਹੀਦਾ ਤਾਂ ਜੋ ਮਿੱਟੀ ਅਸ਼ਾਨੀ ਨਾਲ ਕੰਪਿਉਟਰ ਕਰਾਹੇ ਚ ਚੜ੍ਹ ਜਾਵੇ ਤੇ ਅਸਾਨੀ ਨਾਲ ਹੀ ਇਹ ਨੀਵੇਂ ਥਾਵਾਂ ਤੇ ਡਿੱਗ ਪਏ। ਕਿਸਾਨ ਝੋਨਾਂ ਲਾਉਣ ਤੋਂ ਪਹਿਲਾਂ ਆਪਣੇ ਖੇਤ ਦਾ ਲੈਵਲ ਸਹੀ ਕਰਨ ਲਈ ਇਸ ਕੰਪਿਊਟਰ ਕਰਾਹੇ ਦੀ ਵਰਤੋਂ ਕਰਕੇ ਪਾਣੀ ਦੀ ਥੋੜੇ ਸਮੇਂ ਵਿੱਚ ਹੀ ਜਿਆਦਾ ਫਸਲ ਨੂੰ ਇੱਕ ਸਾਰ ਪਾਣੀ ਦਿੱਤਾ ਜਾ ਸਕਦਾ ਹੈ। ਇਸ ਨਵੀਂ ਤਕਨੀਕ ਤੋਂ ਪਹਿਲਾ ਕਿਸਾਨ ਆਮ ਲੈਫਟ ਵਾਲੇ ਕਰਾਹਿਆਂ ਨਾਲ ਜਮੀਨ ਨੂੰ ਪੱਧਰ ਕਰਦੇ ਸਨ ਪਰ ਇਨਾਂ ਨਾਲ ਖੇਤ ਪੂਰੀ ਤਰ੍ਹਾਂ ਪੱਧਰ ਨਹੀਂ ਹੁੰਦੇ ਸਨ। ਜ਼ਮੀਨ ਦਾ ਨਾ ਪੱਧਰ ਹੋਣ ਕਰਕੇ ਪਾਣੀ,ਖਾਦ ਅਤੇ ਕੀਟਨਾਸ਼ਕਾਂ ਦਾ ਸਹੀ ਢੰਗ ਨਾਲ ਇੱਕੋ ਜਿਹਾ ਫੈਲਾਅ ਨਹੀਂ ਹੁੰਦਾ ਹੈ ਅਤੇ ਸਹੀ ਢੰਗ ਨਾਲ ਪਾਣੀ ਅਤੇ ਖਾਦ ਦੀ ਮਾਤਰਾ ਦਾ ਇੱਕ ਸਾਰ ਨਾ ਹੋਣ ਕਾਰਨ ਫਸਲ ਕਈ ਥਾਵਾਂ ਤੋਂ ਮਾੜੀ ਰਹਿ ਜਾਂਦੀ ਹੈ। ਇਸ ਕਰਕੇ ਝਾੜ ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ। ਨਵੀਂ ਤਕਨੀਕ ਦੇ ਨਾਲ ਹੁਣ ਕੰਪਿਊਟਰ ਕੁਰਾਹੇ ਨਾਲ ਜਿੱਥੇ ਖੇਤ ਨੂੰ ਪੱਧਰ ਕੀਤਾ ਜਾਂਦਾ ਹੈ ਉਥੇ ਖੇਤ ਵਿੱਚ ਖਾਦ ਅਤੇ ਪਾਣੀ ਦਾ ਇੱਕ ਸਾਰ ਵਿੱਚ ਫਸਲਾਂ ਨੂੰ ਮਿਲਣ ਕਰਕੇ ਝਾੜ ਚ ਵੀ ਵਾਧਾ ਹੁੰਦਾ ਹੈ। ਇਹ ਕਰਾਹੇ ਜਿਆਦਾ ਜ਼ਮੀਨਾਂ ਵਾਲੇ ਜਿਮੀਂਦਾਰਾ ਨੇ ਸਬਸਿਡੀ ਰਾਹੀ ਆਪ ਵੀ ਖਰੀਦ ਲਏ ਹਨ। ਇਸ ਕਰਾਹੇ ਦੀ ਕੀਮਤ ਲੱਖਾਂ ਵਿੱਚ ਹੋਣ ਕਰਕੇ ਇਹ ਆਮ ਕਿਸਾਨ ਦੀ ਖਰੀਦਦਾਰੀ ਕਰਨ ਤੋਂ ਦੂਰ ਹੈ। ਇਸ ਨੂੰ ਘੱਟੋ-ਘੱਟ ਪੰਜਾਹ ਹਾਰਸ ਪਾਵਰ ਦੇ ਟਰੈਕਟਰ ਤੇ ਲਾਇਆ ਜਾਂਦਾ ਹੈ। ਛੋਟੇ ਕਿਸਾਨਾਂ ਦੀ ਸਹੂਲਤ ਲਈ ਇਹ ਕਰਾਹੇ ਪਿੰਡਾਂ ਦੀਆਂ ਸਹਿਕਾਰੀ ਖੇਤੀਬਾੜੀ ਸੁਸਾਇਟੀ ਵਿੱਚ ਮਹੁਇਆਂ ਕਰਵਾਏ ਗਏ ਹਨ। ਇੰਨਾਂ ਸਹਿਕਾਰੀ ਸਭਾਵਾਂ ਵਿੱਚੋਂ ਕੋਈ ਵੀ ਕਿਸਾਨ ਕੰਪਿਊਟਰ ਕੁਰਾਹੇ ਨੂੰ ਸਮੇਤ ਟਰੈਕਟਰ 900 ਰੁਪਏ ਪ੍ਰਤੀ ਘੰਟੇ ਦੇ ਹਿਸਾਬ ਨਾਲ ਆਪਣੇ ਖੇਤ ਨੂੰ ਪੱਧਰਾ ਕਰਨ ਲਈ ਲੈ ਜਾ ਸਕਦਾ ਹੈ। ਇਹ ਕੁਰਾਹਾ ਇੱਕ ਦਿਨ ਵਿੱਚ ਤਕਰੀਬਨ 10 ਏਕੜ ਜ਼ਮੀਨ ਦਾ ਲੇਵਲ ਸਹੀ ਕਰ ਦਿੰਦਾ ਹੈ ।ਇਸ ਕਰਾਹੇ ਨਾਲ ਪੱਧਰ ਕੀਤੇ ਹੋਏ ਖੇਤ ਵਿੱਚੋਂ ਜਿਆਦਾ ਬਾਰਸ਼ ਕਾਰਨ ਪਾਣੀ ਇਧਰ-ਓਧਰ ਟੁੱਟਣ ਦਾ ਖਤਰਾ ਵੀ ਘੱਟ ਹੁੰਦਾ ਹੈ ਕਿਉਂਕਿ ਇਸ ਨਾਲ ਸਾਰੇ ਖੇਤ ਵਿੱਚ ਪਾਣੀ ਇੱਕ ਸਾਰ ਖੜ੍ਹ ਜਾਂਦਾ ਹੈ। ਜੇਕਰ ਕੰਪਿਊਟਰ ਕਰਾਹਾ ਨਾ ਲੱਗਿਆ ਹੋਵੇ ਤਾਂ ਪਾਣੀ ਦਾ ਵਹਾਅ ਨੀਵੇਂ ਪਾਸੇ ਨੂੰ ਦੱੱਬ ਕੇ ਲੈ ਜਾਂਦਾ ਹੈ ਤੇ ਪਾਣੀ ਦੂਸਰੇ ਖੇਤਾਂ ਵਿੱਚ ਟੁੱਟ ਜਾਂਦਾ ਹੈ।

ਲੇਖਕ
ਗੁਰਜੀਵਨ ਸਿੰਘ ਸਿੱਧੂ ਨਥਾਣਾ
ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ
ਪੰਜਾਬ: 151102
ਮੋਬਾਇਲ: 9417079435
                                 ਮੇਲ : jivansidhus@gmail.com