ਕੰਮੀਆਂ ਦੀ ਕੁੜੀ - ਬਲਵੰਤ ਸਿੰਘ ਗਿੱਲ

ਰਾਮ ਸਿੰਘ ਨੇ ਮਾਝੇ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਗੱਜੂ ਰਾਮ ਦੇ ਘਰ ਜਨਮ ਲਿਆ। ਰਵਦਾਸੀਆ ਸਮਾਜ ਵਿੱਚ ਜਨਮ ਲੈਣ ਕਰਕੇ ਇਸ ਪਰਿਵਾਰ ਪਾਸ ਮਜ਼ਦੂਰੀ ਕਰਨ ਤੋਂ ਬਿਨਾਂ ਹੋਰ ਰੋਟੀ ਰੋਜ਼ੀ ਦਾ ਕੋਈ ਸਾਧਨ ਨਹੀਂ ਸੀ। ਇਸ ਦਾ ਬਾਪ ਗੱਜੂ (ਗੱਜੂ ਰਾਮ) ਆਪਣੇ ਹੀ ਪਿੰਡ ਦੇ ਇੱਕ ਜ਼ਿੰਮੀਦਾਰ ਸਰਦਾਰ ਸ਼ਮਸ਼ੇਰ ਸਿੰਘ ਦੇ ਦਿਹਾੜੀ ਟੱਪਾ ਕਰ ਲੈਂਦਾ। ਸਰਦੀਆਂ ਦੀ ਰੁੱਤੇ ਕਮਾਦੀ ਪੀੜਦਿਆਂ ਇਸ ਨੂੰ ਚੁੱਭਾ ਝੋਕਣ ਦਾ ਕੰਮ ਦੇ ਦਿੱਤਾ ਜਾਂਦਾ। ਕਣਕ ਅਤੇ ਮੱਕੀ ਦੀ ਗੁੱਡਾਈ ਵੇਲੇ ਇਸ ਦੀਆਂ ਕੁੱਝ ਦਿਹਾੜੀਆਂ ਲੱਗ ਜਾਂਦੀਆਂ। ਉਵੇਂ ਵੀ ਸਰਦਾਰ ਸ਼ਮਸ਼ੇਰ ਸਿੰਘ ਗੱਜੂ ਰਾਮ ਨੂੰ ਲੋੜ ਪੈਣ ਤੇ ਦਾਣਾ ਫੱਕਾ ਅਤੇ ਥੋੜ੍ਹੇ ਬਹੁਤ ਪੈਸੇ ਦੇ ਕੇ ਇਸ ਦੀ ਸਕੀਰੀ ਕਾਇਮ ਰੱਖਦਾ।
ਜਦੋਂ ਰਾਮ ਸਿੰਘ ਜੁਆਨ ਹੋਇਆ ਤਾਂ ਮਿਡਲ ਸਕੂਲ ਦੀ ਪੜ੍ਹਾਈ ਮਸਾਂ ਹੀ ਮੁਕਾ ਸਕਿਆ। ਅੱਗੇ ਜਾ ਕੇ ਦਸਵੀਂ ਜਮਾਤ ਅਤੇ ਹੋਰ ਉਚੇਰੀ ਪੜ੍ਹਾਈ ਕਰਾਉਣ ਦੀ ਇਸ ਪਰਿਵਾਰ ਵਿੱਚ ਹਿੰਮਤ ਨਹੀਂ ਸੀ। ਸਕੂਲਾਂ, ਕਾਲਜਾਂ ਦੀਆਂ ਫ਼ੀਸਾਂ, ਕਿਤਾਬਾਂ ਦਾ ਖ਼ਰਚਾ ਅਤੇ ਹੋਰ ਖ਼ਰਚੇ ਇਸ ਗ਼ਰੀਬ ਪਰਿਵਾਰ ਦੀ ਵਿਤ ਤੋਂ ਬਾਹਰ ਸਨ। ਗੱਜੂ ਰਾਮ ਅਤੇ ਪੁੱਤਰ ਰਾਮ ਸਿੰਘ ਨੂੰ ਵੀ ਆਪਣੇ ਹੀ ਨਾਲ ਜ਼ਿੰਮੀਦਾਰਾਂ ਦੇ ਖੇਤਾਂ ਵਿੱਚ ਦਿਹਾੜੀ ਲਾਉਣ ਲੈ ਜਾਂਦਾ। ਦੋਵੇਂ ਪਿਓ ਪੁੱਤਰ ਬੜੀ ਮਿਹਨਤ ਨਾਲ ਆਪਣਾ ਗੁਜ਼ਾਰਾ ਕਰਦੇ। ਸਰਦਾਰ ਸ਼ਮਸ਼ੇਰ ਸਿੰਘ ਖੇਤੀ ਦਾ ਬਹੁਤਾ ਕੰਮ ਇਨ੍ਹਾਂ ਦੋਹਾਂ ਦੇ ਜ਼ਿੰਮੇ ਹੀ ਲਾ ਰੱਖਦਾ। ਰਾਮ ਸਿੰਘ ਫ਼ਸਲ ਬੀਜਣ ਤੋਂ ਲੈ ਕੇ ਫ਼ਸਲ ਵੱਢਣ ਤੱਕ ਦੇ ਸਾਰੇ ਕੰਮ ਸਿੱਖ ਗਿਆ। ਦੋਵੇਂ ਪਿਓ ਪੁੱਤਰ ਬੜੇ ਹੀ ਇਮਾਨਦਾਰ ਅਤੇ ਮਿੱਠ ਬੋਲੜੇ ਸੁਬਾੳੇ ਦੇ ਸਨ। ਭਾਵੇਂ ਇਨ੍ਹਾਂ ਦੋਹਾਂ ਪਰਿਵਾਰਾਂ ਵਿੱਚ ਸਮਾਜੀ ਜਾਤੀ ਦਾ ਵਖਰੇਵਾਂ ਸੀ, ਪਰ ਇਹ ਦੋਵੇਂ ਪਰਿਵਾਰ ਜਿਸੇ ਸ਼ਰੀਕੇਚਾਰੀ ਦੇ ਰਿਸ਼ਤੇ ਨਾਲੋਂ ਵੀ ਜ਼ਿਆਦਾ ਨੇੜਤਾ ਰੱਖਦੇ ਸਨ।
ਰਾਮ ਸਿੰਘ ਦਾ ਵਿਆਹ ਹੋ ਗਿਆ ਅਤੇ ਥੋੜ੍ਹੇ ਹੀ ਸਮੇਂ ਵਿੱਚ ਧੀ ਨੇ ਜਨਮ ਲਿਆ। ਧੀ ਦਾ ਨਾਂ ਕਰਮਜੀਤ ਰੱਖਿਆ। ਰਾਮ ਸਿੰਘ ਦੀ ਪਤਨੀ ਪਰਮੇਸਰੀ ਦਾ ਖ਼ਿਆਲ ਸੀ ਕਿ ਉਸ ਦੀ ਧੀ ਜ਼ਰੂਰ ਹੀ ਚੰਗੇ ਕਰਮ ਲੈ ਕੇ ਜਨਮੀ ਹੈ। ਇਸੇ ਕਰਕੇ ਇਸ ਦਾ ਨਾਂ ਕਰਮਜੀਤ ਸੀ। ਵੱਡੀ ਧੀ ਤੋਂ ਬਾਅਦ ਰਾਮ ਸਿੰਘ ਅਤੇ ਪਰਮੇਸਰੀ ਨੂੰ ਆਸ ਸੀ ਕਿ ਹੁਣ ਪ੍ਰਭੂ ਜਰੂਰ ਮੁੰਡਾ ਦੇਵੇਗਾ। ਪਰ ਇਸ ਤਰ੍ਹਾਂ ਹੋ ਨਾ ਸਕਿਆ। ਦੋਵੇਂ ਜੀਅ ਉਦਾਸ ਹੋ ਗਏ ਕਿ ਅਗਰ ਮੁੰਡਾ ਹੁੰਦਾ ਤਾਂ ਉਹ ਇਨ੍ਹਾਂ ਦਾ ਸਹਾਰਾ ਬਣਦਾ। ਧੀਆਂ ਦੇ ਵਿਆਹਾਂ ਦੇ ਖਰਚ ਨੇ ਘਰ ਵਿੱਚ ਹੋਰ ਗ਼ਰੀਬੀ ਲੈ ਆਉਣੀ ਹੈ। ਦੂਸਰੀ ਵਾਰ ਵੀ ਇੱਕ ਹੋਰ ਧੀ ਨੇ ਜਨਮ ਲਿਆ ਖ਼ੈਰ ਫਿਰ ਵੀ ਇਨ੍ਹਾਂ ਨੇ ਰੱਬ ਦੀ ਰਜ਼ਾ ਵਿੱਚ ਸਿਰ ਝੁਕਾਇਆ ਅਤੇ ਇਸ ਲੜਕੀ ਦਾ ਨਾਮ ਪ੍ਰਭਦੀਨ ਰੱਖਿਆ।
ਸਮਾਂ ਬੀਤਦਾ ਗਿਆ ਤੇ ਰਾਮ ਸਿੰਘ ਦੀਆਂ ਦੋਵੇਂ ਲੜਕੀਆਂ ਜੁਆਨ ਹੋ ਗਈਆਂ। ਪਰਮਾਤਮਾ ਨੇ ਦੇਰ ਤੱਕ ਸਬਰ ਕਰਨ ਤੋਂ ਬਾਅਦ ਵੀ ਰਾਮ ਸਿੰਘ ਦੇ ਘਰ ਪੁੱਤਰ ਦੀ ਦਾਤ ਨਾ ਬਖ਼ਸ਼ੀ। ਰਾਮ ਸਿੰਘ ਦਾ ਬਾਪ ਗੱਜੂ ਛੇਤੀ-ਛੇਤੀ ਬੁਢਾਪੇ ਵੱਲ ਕਦਮ ਪੁੱਟਣ ਲੱਗਾ ਅਤੇ ਸਿਹਤ ਜਵਾਬ ਦੇਣ ਲੱਗ ਪਈ। ਦਵਾਈਆਂ ਵਗੈਰਾ ਦਾ ਖ਼ਰਚਾ ਕਰਨਾ ਪੈ ਰਿਹਾ ਸੀ ਅਤੇ ਗੱਜੂ ਦੀ ਕੰਮ ਦੀ ਅਸਮਰਥਾ ਕਰਕੇ ਆਮਦਨ ਦੇ ਸਾਧਨ ਘੱਟ ਰਹੇ ਸਨ। ਉਵੇਂ ਵੀ ਖੇਤੀ ਵਿੱਚ ਨਵੀਨਤਾ ਆਉਣ ਕਰਕੇ ਸ਼ਮਸ਼ੇਰ ਸਿੰਘ ਨੇ ਕਮਾਦ ਦੀ ਫ਼ਸਲ ਘਟਾ ਲਈ। ਮੱਕੀ ਦੀ ਥਾਂ ਝੋਨੇ ਨੇ ਲੈ ਲਈ। ਜਿਹੜੀਆਂ ਚਾਰ ਦਿਹਾੜੀਆਂ ਕਣਕ ਅਤੇ ਮੱਕੀ ਦੀ ਗੁਡਾਈ ਦੀਆਂ ਲੱਗਦੀਆਂ ਸਨ ਉਨ੍ਹਾਂ ਦੀ ਥਾਂ ਸਪਰੇਆਂ ਨੇ ਲੈ ਲਈ। ਕਣਕ ਝੋਨੇ ਦੀ ਕਟਾਈ ਕੰਬਾਈਨਾਂ ਨਾਲ ਹੋਣੀ ਸ਼ੁਰੂ ਹੋ ਗਈ। ਰਾਮ ਸਿੰਘ ਕਣਕ ਦੀ ਚੁਕਾਈ ਵੇਲੇ ਮੰਡੀ ਵਿੱਚ ਵੀਹ ਪੰਝੀ ਦਿਹਾੜੀਆਂ ਲਾ ਆਉਂਦਾ। ਉਵੇਂ ਆਮਦਨ ਦੇ ਸਾਧਨ ਬਹੁਤ ਹੀ ਸੀਮਤ ਹੋ ਗਏ।
ਬਾਪੂ ਗੱਜੂ ਰਾਮ ਆਪਣੀ ਸਿਹਤ ਨਾਲ ਜੱਦੋ-ਜਹਿਦ ਕਰਦਾ ਇੱਕ ਦਿਨ ਚੜ੍ਹਾਈ ਕਰ ਗਿਆ। ਹੁਣ ਘਰ ਪਰਿਵਾਰ ਚਲਾਉਣ ਦੀ ਸਾਰੀ ਜ਼ਿੰਮੇਵਾਰੀ ਰਾਮ ਸਿੰਘ ਅਤੇ ਪਰਮੇਸਰੀ ਸਿਰ ਪੈ ਗਈ। ਲੜਕੀਆਂ ਦੀ ਪੜ੍ਹਾਈ ਤੇ ਵੀ ਹੁਣ ਖ਼ਰਚਾ ਵੱਧ ਗਿਆ। ਰਾਮ ਸਿੰਘ ਅਤੇ ਪਰਮੇਸਰੀ ਦੋਵੇਂ ਜੀਅ ਦਿਨ ਰਾਤ ਰੋਟੀ ਰੋਜ਼ੀ ਦੇ ਸਾਧਨਾ ਦੀ ਚਿੰਤਾ ਕਰਦੇ ਰਹਿੰਦੇ। ਦੋਵੇਂ ਪਰਿਵਾਰਿਕ ਜੀਅ ਹਿੰਮਤੀ ਸਨ ਅਤੇ ਵਿਹਲੇ ਰਹਿਣ ਦੀ ਤਾਂ ਬਿਲਕੁੱਲ ਆਦਤ ਨਹੀਂ ਸੀ। ਇੱਕ ਦਿਨ ਦੋਵੇਂ ਜੀਅ ਸਲਾਹ ਕਰਨ ਲੱਗੇ ਕਿ ਕਿਉਂ ਨਾ ਉਹ ਕਿਸੇ ਜ਼ਿੰਮੀਦਾਰ ਪਾਸੋਂ ਜ਼ਮੀਨ ਹਾਲੇ 'ਤੇ ਲੈ ਕੇ ਖ਼ੁਦ ਖੇਤੀ ਕਰਨ ਲੱਗ ਪੈਣ। ਪਰ ਪੰਜਾਬ ਦੇ ਸਾਂਝੇ ਹਲਕੇ ਵਿੱਚ ਹਾਲ਼ਾ ਮਹਿੰਗਾ ਹੋਣ ਕਰਕੇ ਇਨ੍ਹਾਂ ਦੋਹਾਂ ਜੀਆਂ ਨੇ ਸਲਾਹ ਬਣਾਈ ਕਿ ਕਿਉਂ ਨਾ ਉਹ ਦੁਆਬੇ ਦੇ ਕਿਸੇ ਪਿੰਡ ਵਿੱਚ ਹਾਲ਼ੇ ਤੇ ਜ਼ਮੀਨ ਦੀ ਭਾਲ ਕਰਨ।
ਕਿਸੇ ਜਾਣਕੀਰ ਦੀ ਦੱਸ ਤੇ ਇਹ ਪਰਿਵਾਰ ਦੁਆਬੇ ਦੇ ਕਿਸੇ ਪਿੰਡ ਵਿੱਚ ਆ ਗਿਆ। ਇਸ ਪਿੰਡ ਵਿੱਚ ਬਖ਼ਸ਼ੀਸ਼ ਸਿੰਘ ਦਾ ਪਰਿਵਾਰ ਇੰਗਲੈਂਡ ਵਿੱਚ ਪੱਕਾ ਵਸੇਬਾ ਕਰ ਗਿਆ ਸੀ। ਹੁਣ ਤੱਕ ਇਸ ਪਰਵਾਸੀ ਪਰਿਵਾਰ ਦੀ ਜਮੀਨ ਉਸ ਪਰਵਾਸੀ ਦਾ ਭਰਾ ਕੈਲਾ ਹੀ ਵਾਹੁੰਦਾ ਬੀਜਦਾ ਸੀ। ਹਾਲ਼ਾ ਭੱਤਾ ਤਾਂ ਕੀ ਦੇਣਾ ਹੁੰਦਾ, ਸਗੋਂ ਹਾਲ਼ਾ ਮੰਗਣ ਤੇ ਭਰਾਵਾਂ ਵਾਲਾ ਰਿਸ਼ਤਾ ਵੀ ਤੋੜ ਗਿਆ। ਜਦੋਂ ਕਦੇ ਬਖ਼ਸ਼ੀਸ਼ ਸਿੰਘ ਨੇ ਪਿਛਲੇ ਸਾਲਾਂ ਦੇ ਹਾਲ਼ੇ ਦੀ ਮੰਗ ਕਰਨੀ ਤਾਂ ਸਗੋਂ ਅੱਖਾਂ ਦਿਖਾਉਣੀਆਂ ਸ਼ੁਰੂ ਕਰ ਦੇਣੀਆਂ। ਵਿੱਚ ਵਿਚਾਲੇ ਪੈ ਕੇ ਪਿੰਡ ਦੇ ਸਰਪੰਚ ਨੇ ਸਮਝੌਤਾ ਕਰਾਇਆ ਅਤੇ ਕੈਲੇ ਨੂੰ ਆਖਿਆ ਕਿ ਪਿਛਲਾ ਸਾਰਾ ਹਾਲ਼ਾ ਮਾਫ਼ ਕਰ ਦਿੱਤਾ ਪਰ ਅੱਗੇ ਤੋਂ ਤੇਰਾ ਭਰਾ ਬਖ਼ਸ਼ੀਸ਼ ਸਿੰਘ ਆਪਣੀ ਮਰਜ਼ੀ ਨਾਲ ਜ਼ਮੀਨ ਹਾਲੇ ਤੇ ਦੇਵੇਗਾ।
ਆਪਣੇ ਭਰਾ ਕੈਲੇ ਦੇ ਅੱਖੜ ਸੁਭਾਓ ਤੋਂ ਛੁਟਕਾਰਾ ਪਾ ਕੇ ਬਖ਼ਸ਼ੀਸ਼ ਸਿੰਘ ਨੇ ਸੁੱਖ ਦਾ ਸਾਹ ਲਿਆ। ਇਸ ਨੇ ਸੋਚਿਆ ਕਿ ਕੋਈ ਗਰੀਬ ਪਰਿਵਾਰ ਭਾਵੇਂ ਥੋੜ੍ਹਾ ਵੀ ਹਾਲ਼ਾ ਦੇਵੇ ਪਰ ਘੱਟ ਤੋਂ ਘੱਟ ਇਨ੍ਹਾਂ ਦੀ ਪੰਜਾਬ ਫੇਰੀ ਵੇਲੇ ਮੱਥੇ ਤਿਉੜੀਆਂ ਤਾਂ ਨਾ ਪਾਉਣਗੇ। ਇਹ ਗੱਲ ਰਾਮ ਸਿੰਘ ਅਤੇ ਪਰਮੇਸਰੀ ਦੇ ਪਰਿਵਾਰ ਨੂੰ ਠੀਕ ਬੈਠ ਗਈ। ਇੰਗਲੈਂਡ ਵਾਸੀ ਬਖ਼ਸ਼ੀਸ਼ ਸਿੰਘ ਨੇ ਇਸ ਗਰੀਬ ਪਰਿਵਾਰ ਨੂੰ ਮਾਮੂਲੀ ਹਾਲ਼ੇ ਤੇ ਜ਼ਮੀਨ ਦੇ ਦਿੱਤੀ ਅਤੇ ਨਾਲ ਹੀ ਆਪਣੀ ਆਲੀਸ਼ਾਨ ਕੋਠੀ ਵੀ ਇਨ੍ਹਾਂ ਦੇ ਹਵਾਲੇ ਕਰ ਦਿੱਤੀ। ਸ਼ਰਤ ਇਹ ਹੀ ਰੱਖੀ ਕਿ ਜਦੋਂ ਇਨ੍ਹਾਂ ਦਾ ਪਰਿਵਾਰ ਬੱਚਿਆਂ ਸਮੇਤ ਪਿੰਡ ਆਵੇ ਤਾਂ ਕੋਠੀ ਸਾਫ਼ ਸੁਥਰੀ ਮਿਲਣੀ ਚਾਹੀਦੀ ਹੈ। "ਰੱਬ ਨੇ ਦਿੱਤੀਆਂ ਗਾਜਰਾਂ, ਵਿੱਚੇ ਰੰਬਾ ਰੱਖ।" ਰਾਮ ਸਿੰਘ ਅਤੇ ਪਰਮੇਸਰੀ ਨੂੰ ਹੋਰ ਕੀ ਚਾਹੀਦਾ ਸੀ। ਰੋਟੀ ਰੋਜ਼ੀ ਦਾ ਸਾਧਨ ਜ਼ਮੀਨ ਮਿਲ ਗਈ ਅਤੇ ਰਹਿਣ ਲਈ ਮੁਫ਼ਤ ਵਸੇਬਾ। ਦੋਵੇਂ ਜੀਆਂ ਨੇ ਹੱਸ ਕੇ ਬਖ਼ਸ਼ੀਸ਼ ਸਿੰਘ ਦੀ ਸ਼ਰਤ ਮੰਨ ਲਈ ਅਤੇ ਖੁਸ਼ੀ-ਖੁਸ਼ੀ ਇਹ ਦੋਵੇਂ ਜੀਅ ਆਪਣੀਆਂ ਦੋਵੇਂ ਲੜਕੀਆਂ ਸਮੇਤ ਬਖ਼ਸ਼ੀਸ਼ ਦੀ ਕੋਠੀ ਵਿੱਚ ਆ ਗਏ।
ਰਾਮ ਸਿੰਘ ਅਤੇ ਪਰਮੇਸਰੀ ਮਿਹਨਤੀ ਸੁਭਾਅ ਦੇ ਹੋਣ ਕਰਕੇ, ਇਨ੍ਹਾਂ ਨੇ ਖੂਬ ਮਿਹਨਤ ਕੀਤੀ। ਦੋਵੇਂ ਲੜਕੀਆਂ ਪਲੱਸ ਟੂ ਤੱਕ ਦੀ ਪੜ੍ਹਾਈ ਮੁਕੰਮਲ ਕਰ ਗਈਆਂ। ਕਰਮਜੀਤ ਆਈਲੈਟਸ ਦਾ ਕੋਰਸ ਕਰਨ ਲੱਗ ਪਈ, ਪਰ ਪ੍ਰਭਦੀਨ ਨੇ ਅੱਗੇ ਪੜ੍ਹਾਈ ਚਾਲੂ ਰੱਖੀ। ਕਰਮਜੀਤ ਦਾ ਖ਼ਿਆਲ ਸੀ ਕਿ ਕਿੰਨਾ ਕੁ ਚਿਰ ਇੱਕ ਗਰੀਬ ਪਰਿਵਾਰ ਦੂਸਰਿਆਂ ਦੀ ਜ਼ਮੀਨ ਤੇ ਪਲ਼ਦਾ ਰਹੇਗਾ। ਅਕਸਰ ਨੂੰ ਆਪਣੇ ਪੈਰਾਂ ਤੇ ਖੜ੍ਹਨਾ ਹੀ ਹੋਵੇਗਾ। ਹਾਲਾਂਕਿ ਬਖ਼ਸ਼ੀਸ਼ ਸਿੰਘ ਨੇ ਕਦੇ ਜ਼ਿਆਦਾ ਹਾਲ਼ੇ ਦੀ ਮੰਗ ਨਹੀਂ ਸੀ ਕੀਤੀ। ਸਗੋਂ ਘਰ ਦੀ ਬਿਜਲੀ ਦੇ ਬਿੱਲ ਅਤੇ ਹੋਰ ਟੁੱਟ ਭੱਜ ਦਾ ਖ਼ਰਚਾ ਆਪ ਖ਼ੁਦ ਕਰਦਾ ਰਹਿੰਦਾ।
ਬਖ਼ਸ਼ੀਸ਼ ਸਿੰਘ ਦੀ ਔਲਾਦ ਇੱਕ ਲੜਕਾ ਅਤੇ ਇੱਕ ਲੜਕੀ ਸੀ। ਇਹ ਦੋਵੇਂ ਇੰਗਲੈਂਡ ਵਿੱਚ ਜੰਮੇ ਪਲੇ ਸਨ। ਉੱਥੇ ਹੀ ਇਨ੍ਹਾਂ ਨੇ ਉੱਚ ਵਿੱਦਿਆ ਪ੍ਰਾਪਤ ਕੀਤੀ ਸੀ। ਇਸ ਸਾਲ ਜਦੋਂ ਬਖ਼ਸ਼ੀਸ਼ ਸਿੰਘ ਅਤੇ ਇਸ ਦੀ ਪਤਨੀ ਚਰਨੋ ਇੰਡੀਆ ਗਏ ਤਾਂ ਨਾਲ ਹੀ ਆਪਣੇ ਲੜਕੇ ਜੱਸੀ ਅਤੇ ਲੜਕੀ ਪਿੰਕੀ ਨੂੰ ਵੀ ਨਾਲ ਲੈ ਗਏ। ਇਹ ਪ੍ਰਵਾਸੀ ਪਰਿਵਾਰ ਪਹਿਲੋਂ ਵੀ ਆਪਣੇ ਬੱਚਿਆਂ ਨੂੰ ਵਾਰ-ਵਾਰ ਪੰਜਾਬ ਲੈ ਜਾਇਆ ਕਰਦੇ ਸਨ ਤਾਂ ਕਿ ਪੰਜਾਬੀ ਸੱਭਿਅਤਾ ਅਤੇ ਪੰਜਾਬੀ ਬੋਲੀ ਨਾਲ ਇਨ੍ਹਾਂ ਦਾ ਮੋਹ ਪਿਆਰ ਬਣਿਆ ਰਹੇ। ਉਵੇਂ ਵੀ ਬਖ਼ਸ਼ੀਸ਼ ਸਿੰਘ ਚਾਹੁੰਦਾ ਸੀ ਕਿ ਉਸ ਦਾ ਲੜਕਾ ਉਸ ਦੀ ਸਖ਼ਤ ਮਿਹਨਤ ਨਾਲ ਬਣਾਈ ਜ਼ਮੀਨ ਅਤੇ ਕੋਠੀ ਦੀ ਜਾਣਕਾਰੀ ਰੱਖੇ।ਜੱਸੀ ਇਸ ਪਰਿਵਾਰ ਦਾ ਇਕਲੋਤਾ ਵਾਰਸ ਸੀ।
ਰਾਮ ਸਿੰਘ ਦੀਆਂ ਲੜਕੀਆਂ ਅਤੇ ਬਖ਼ਸ਼ੀਸ਼ ਸਿੰਘ ਦੇ ਲੜਕਾ ਅਤੇ ਲੜਕੀ ਤਕਰੀਬਨ ਇੱਕੋ ਉਮਰ ਦੇ ਸਨ। ਜਦੋਂ ਜੱਸੀ ਅਤੇ ਪਿੰਕੀ ਆਪਣੇ ਪਿੰਡ ਆਏ ਤਾਂ ਉਨ੍ਹਾਂ ਨੂੰ ਖੁਸ਼ੀ ਸੀ ਕਿ ਘਰ ਵਿੱਚ ਉਨ੍ਹਾਂ ਨਾਲ ਗੱਲਾਂ ਬਾਤਾਂ ਕਰਨ ਲਈ ਕੋਈ ਤਾਂ ਹੈ। ਇੰਗਲੈਂਡ ਵਿੱਚ ਜੰਮੇ, ਪਲ਼ੇ ਅਤੇ ਪੜ੍ਹੇ ਹੋਣ ਕਰਕੇ ਬੋਲੀ ਦੇ ਲਹਿਜੇ ਵਿੱਚ ਇਨ੍ਹਾਂ ਨੌਜਵਾਨਾਂ ਵਿੱਚ ਬੜਾ ਫ਼ਰਕ ਸੀ, ਪਰ ਇੱਕੋ ਜਿਹੀਆਂ ਉਮਰਾਂ, ਵਿਚਾਰ ਵਟਾਂਦਰਾ ਕਰਨ ਲਈ ਕੋਈ ਨਾ ਕੋਈ ਰਾਹ ਲੱਭ ਹੀ ਲੈਂਦੀਆਂ ਹਨ। ਜਦੋਂ ਕਰਮਜੀਤ ਅਤੇ ਪ੍ਰਭਦੀਨ ਨੇ ਇਸ ਪਰਿਵਾਰ ਲਈ ਦੁਪਹਿਰ ਦਾ ਖਾਣਾ ਬਣਾ ਕੇ ਪਰੋਸਿਆ ਤਾਂ ਜੱਸੀ ਨੇ ਇਨ੍ਹਾਂ ਦੋਹਾਂ ਭੈਣਾਂ ਦੀ ਕੀਤੀ ਮਿਹਨਤ ਨੂੰ ਵਡਿਆਉਂਦੇ ਹੋਏ ਆਖਿਆ, "ਕਰਮਜੀਤ ਯੂਅਰ ਖਾਣਾ ਇਜ਼ ਅੋਸੰਮ"। ਕਰਮਜੀਤ ਨੂੰ ਥੋੜ੍ਹੀ ਬਹੁਤੀ ਅੰਗਰੇਜ਼ੀ ਆਉਂਦੀ ਹੋਣ ਕਰਕੇ ਸਮਝ ਗਈ ਕਿ ਜੱਸੀ ਨੂੰ ਉਨ੍ਹਾਂ ਦਾ ਬਣਾਇਆ ਖਾਣਾ ਪਸੰਦ ਨਹੀਂ ਆਇਆ। ਕਰਮਜੀਤ ਪਛਤਾਵੇ ਵਾਲਾ ਚਿਹਰਾ ਲੈ ਕੇ ਰਸੋਈ ਵਿੱਚ ਆਪਣੀ ਮਾਤਾ ਪਾਸ ਚਲੇ ਗਈ। ਉਸ ਦੇ ਮਗਰ ਹੀ ਜੱਸੀ ਚਲਾ ਗਿਆ, ਇਹ ਜਾਨਣ ਲਈ ਕਿ ਕਰਮਜੀਤ ਨੇ  ੳਾਪਣੇ ਚਿਹਰੇ ਤੇ ਇਹੋ ਜਿਹੇ ਹਾਵ ਭਾਵ ਕਿਉਂ ਦਿਖਾਏ। "ਕਰਮਜੀਤ ਗੁੱਸਾ ਨਾ ਕਰ ਤੁਹਾਡਾ ਖਾਣਾ ਬਿਲਕੁੱਲ ਟੇਸਟੀ ਹੈ।" "ਪਹਿਲੋਂ ਅੋਸੰਮ ਕਿਉਂ ਕਿਹਾ?" ਕਰਮਜੀਤ ਨੇ ਪੁੱਛ ਹੀ ਲ਼ਿਆ। "ਕਮਲੀਏ ਅੋਸੰਮ ਹੀ ਵਧੀਆ ਹੁੰਦਾ ਹੈ।" ਜੱਸੀ ਨੇ ਅੰਗਰੇਜ਼ੀ ਦੀ ਘੁੰਡੀ ਖੋਲ੍ਹੀ।
ਹੱਸਦਿਆਂ ਖੇਡਦਿਆਂ ਬਖ਼ਸ਼ੀਸ਼ ਸਿੰਘ ਦੇ ਪਰਿਵਾਰ ਦੇ ਤਿੰਨ ਹਫ਼ਤੇ ਲੰਘ ਗਏ। ਰਾਮ ਸਿੰਘ ਅਤੇ ਇਸ ਦੀਆਂ ਲੜਕੀਆਂ ਨੂੰ ਇਹ ਵਲੈਤੀ ਪਰਿਵਾਰ ਆਪਣਿਆਂ ਵਾਂਗ ਜਾਪਿਆ।ਆਪਣਿਆਂ ਵਾਲੀ ਅਪਣੱਤ ਅਤੇ ਭੇਦ ਭਾਵ ਉੱਕਾ ਹੀ ਨਹੀਂ। ਜੱਸੀ ਤਾਂ ਹੱਸਦਿਆਂ-ਹੱਸਦਿਆਂ ਰਾਮ ਸਿੰਘ ਅਤੇ ਪਰਮੇਸਰੀ ਸਾਹਮਣੇ ਵੀ ਉਨ੍ਹਾਂ ਦੀਆਂ ਲੜਕੀਆਂ ਦੀ ਸਿਫ਼ਤ ਕਰਨੋ ਨਾ ਸੰਗਦਾ। ਇੱਕ ਦਿਨ ਬੈਠਿਆਂ-ਬੈਠਿਆਂ ਆਖਣ ਲੱਗਾ, "ਅੰਕਲ ਤੁਹਾਡੀ ਵੱਡੀ ਕੁਰੀ ਕਰਮਜੀਟ ਦੀਆਂ ਅੱਖਾਂ ਹਿਰਨੀ ਵਰਗੀਆਂ ਹਨ। ਮੈਨੂੰ ਤਾਂ ਬਾਈ ਗੌਡ ਪਰੀ ਲਗਈ ਏ।" ਇਹ ਗੱਲ ਸੁਣ ਕੇ ਕਰਮਜੀਤ ਮੂੰਹ ਦੇ ਮੋਹਰੇ ਪੱਲਾ ਲੈ ਕੇ ਰਸੋਈ ਵੱਲ ਭੱਜ ਗਈ।ਕਰਮਜੀਤ ਸੋਚਣ ਲੱਗੀ ਕਿ ਅਜ਼ਾਦ ਮੁਲਕਾਂ ਵਿੱਚ ਜੰਮੇ ਪਲੇ ਬੱਚਿਆਂ ਵਿੱਚ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਦੀ ਪਹਿਚਾਣ ਹੈ ਪਰ ਆਪਣੇ ਮੁਲਕਾਂ ਵਿੱਚ ਜਾਤਾਂ ਬਰਾਦਰੀਆਂ ਅਤੇ ਧਰਮਾਂ ਨੇ ਪਤਾ ਨਹੀਂ ਕਿਉਂ ਵੰਡੀਆਂ ਪਾ ਰੱਖੀਆਂ ਹਨ?
ਬਖ਼ਸ਼ੀਸ਼ ਸਿੰਘ ਦੇ ਪਰਿਵਾਰ ਦੀਆਂ ਛੁੱਟੀਆਂ ਦੇ ਦਿਨ ਦੇਖਦਿਆਂ-ਦੇਖਦਿਆਂ ਬੀਤ ਗਏ ਅਤੇ ਪਰਿਵਾਰ ਇੰਗਲੈਂਡ ਵਾਪਸ ਪਰਤ ਗਿਆ। ਰਾਮ ਸਿੰਘ ਅਤੇ ਪਰਮੇਸਰੀ ਆਪਣੀ ਮਿਹਨਤ ਮੁਸ਼ੱਕਤ ਵਿੱਚ ਜੁੜ ਗਏ। ਕਰਮਜੀਤ ਨੇ ਚੰਗੇ ਗਰੇਡਾਂ ਵਿੱਚ ਆਈਲੈਟਸ ਦੀ ਪੜ੍ਹਾਈ ਕਰ ਲਈ ਅਤੇ ਪ੍ਰਭਦੀਨ ਅੱਗੇ ਉੱਚੀ ਵਿੱਦਿਆ ਕਰਦੀ ਰਹੀ।ਇੱਕ ਦਿਨ ਜੱਸੀ ਨੇ ਧੰਨਵਾਦ ਕਰਨ ਲਈ ਕਰਮਜੀਤ ਨੂੰ ਫ਼ੋਨ ਕੀਤਾ, "ਕਰਮਜੀਤ ਮੈਂ ਤੁਹਾਡਾ ਪ੍ਰਾਹੁਣਚਾਰੀ ਕਰਨ ਲਈ ਥੈਂਕ ਯੂ ਕਰਨਾ ਚਾਹੁੰਦਾ ਹਾਂ। ਤੇਰੇ ਹੱਥਾਂ ਦਾ ਬਣਾਇਆ ਖਾਣਾ ਹੀ ਅੋਸੰਮ ਨਹੀਂ, ਤੂੰ ਵੀ ਅੋਸੰਮ ਹੈਂ। ਨਿਰੀ ਬਿਊਟੀਫੁੱਲ।"
"ਮੈਨੂੰ ਇਵੇਂ ਕਹਿ ਕੇ ਕਿਉਂ ਸ਼ਰਮਿੰਦਾ ਕਰਦੇ ਹੋ? ਤੁਸੀਂ ਤਾਂ ਸਾਡੇ ਮਾਲਕ ਹੋ। ਸਾਡਾ ਤਾਂ ਫ਼ਰਜ਼ ਬਣਦਾ ਹੈ ਕਿ ਤੁਹਾਡੀ ਰੱਜ ਕੇ ਸੇਵਾ ਕਰੀਏ।" ਕਰਮਜੀਤ ਦੇ ਮੂੰਹੋਂ ਜੱਸੀ ਦੇ ਪਰਿਵਾਰ ਦੀਆਂ ਸਿਫ਼ਤਾਂ ਦੇ ਸ਼ਬਦ ਆਪ ਮੁਹਾਰੇ ਨਿਕਲਣ ਲੱਗੇ। ਇਸ ਤਰ੍ਹਾਂ ਜੱਸੀ ਅਤੇ ਕਰਮਜੀਤ ਕਦੇ ਕਦੇ ਆਪਸ ਵਿੱਚ ਇੱਕ ਦੂਸਰੇ ਦਾ ਹਾਲ ਚਾਲ ਪੁੱਛ ਲਿਆ ਕਰਦੇ। ਇੱਕ ਦਿਨ ਜੱਸੀ ਕਰਮਜੀਤ ਨੂੰ ਆਖਣ ਲੱਗਾ, "ਕਰਮ ਮੈਂ ਆਪਣੇ ਪਾਪਾ ਨੂੰ ਪੁੱਛਾਂ ਕੇ ਤੇਰੀ ਪੜ੍ਹਾਈ ਲਈ ਜੇ ਉਹ ਤੈਨੂੰ ਇੰਗਲੈਂਡ ਲਈ ਸਪੋਂਸਰ ਕਰ ਦੇਣ।" ਜੱਸੀ ਇਹ ਕੋਈ ਸੌਖਾ ਰਸਤਾ ਨਹੀਂ। ਲੱਖਾਂ ਰੁਪਏ ਹੈਧਰ ਪਹੁੰਚਣ ਅਤੇ ਪੜ੍ਹਾਈ ਤੇ ਲੱਗ ਜਾਣੇ ਹਨ। ਸਾਡੇ ਗਰੀਬਾਂ ਕੋਲ ਇੰਨੀ ਹਿੰਮਤ ਕਿੱਥੋਂ?" "ਡੋਂਟ ਵਰੀ ਆਈ ਹੈਵ ਟੈਨ ਥਾਊਜੈਂਡ ਪੌਂਡ ਇੰਨ ਮਾਈ ਬੈਂਕ ਅਕਾਉਂਟ ਐਂਡ ਰੈਸਟ ਡੈਡ ਵਿਲ ਡੂ।"
ਕਰਮਜੀਤ ਨੇ ਆਪਣੇ ਪਿਤਾ ਅਤੇ ਮਾਤਾ ਪਾਸ ਜੱਸੀ ਦੀ ਗੱਲ ਦਾ ਜ਼ਿਕਰ ਕੀਤਾ। ਪਰਮੇਸਰੀ ਇਕਦਮ ਬੋਲ ਪਈ, "ਧੀਏ ਇਨ੍ਹਾਂ ਜੱਟਾਂ ਦਿਆਂ ਮੁੰਡਿਆਂ ਦਾ ਕੀ ਭਰੋਸਾ। ਹੈਧਰ ਮੰਗਾ ਕੇ ਤੇਰੇ ਨਾਲ ਪਤਾ ਨਹੀਂ.........? ਤੂੰ ਇਨ੍ਹਾਂ ਗੱਲਾਂ ਵਿੱਚ ਨਾ ਆ। ਤੇਰਾ ਭਾਪਾ ਤੇਰੇ ਬਾਰੇ ਆਪੇ ਕੁੱਝ ਸੋਚੂ। ਐਵੇਂ ਉਡਦਿਆਂ ਦੇ ਮਗਰ ਨੀਂ ਲੱਗੀਦਾ। ਉਹ ਜੱਟ, ਜ਼ਿੰਮੀਦਾਰ ਅਤੇ ਸਰਮਾਏਦਾਰ ਅਤੇ ਅਸੀਂ ਇਨ੍ਹਾਂ ਦੇ ਕੰਮੀ।" "ਪਰਮੇਸਰੀਏ ਐਵੇਂ ਕਮਲੀ ਨਾ ਬਣ। ਕੁੜੀ ਜੇਕਰ ਬਾਹਰ ਚਲੀ ਜੂ, ਤਾਂ ਕੀ ਹਰਜ਼ ਆ। ਸਾਡੇ ਸਾਰਿਆਂ ਦੀ ਜ਼ਿੰਦਗੀ ਬਣ ਜੂ। ਨਹੀਂ ਤਾਂ ਸਾਰੀ ਉਮਰ ਐਵੇਂ ਭੱਸੜ ਭੰਨਾਉਂਦੇ ਫਿਰਾਂਗੇ।" ਅਗਲਿਆਂ ਨੇ ਮੇਰੀ ਧੀ ਨੂੰ ਗੁਲਾਮ ਬਣਾ ਕੇ ਰੱਖਣਾ ਅਤੇ ਪਤਾ ਨਹੀਂ ਉਹ ਇਸ ਨਾਲ ਕੀ-ਕੀ......।" "ਪਰਮੇਸਰੀਏ ਹੁਣ ਉਹ ਜ਼ਮਾਨਾ ਨਹੀਂ ਰਿਹਾ। ਨਾਲੇ ਵਲੈਤ ਦੇ ਨਿਆਣਿਆਂ ਅਤੇ ਰੱਬ ਵਿੱਚ ਬਹੁਤਾ ਫ਼ਰਕ ਨਹੀਂ। ਜੋ ਕਹਿੰਦੇ ਹਨ ਉਹ ਦਿਲੋਂ ਕਰਦੇ ਹਨ। ਨਿਰੇ ਇਮਾਨਦਾਰ ਹਨ। ਨਾਲੇ ਜੱਸੀ ਦੇ ਮਨ ਵਿੱਚ ਕਿਹੜਾ ਕੋਈ ਬਲ ਫਰੇਬ ਹੈ। ਇੰਗਲੈਂਡ ਦਾ ਜੰਮਿਆ ਪਲਿਆ ਮੁੰਡਾ, ਉਹ ਤਾਂ ਜਿਸ ਨੂੰ ਚਾਹੇ ਆਪਣੀ ਗਰਲ ਫਰੈਂਡ ਬਣਾ ਲਵੇ। ਐਵੇਂ ਖੰਭਾਂ ਦੀਆਂ ਡਾਰਾਂ ਨਹੀਂ ਬਣਾਈ ਦੀਆਂ। ਮੈਂ ਤਾਂ ਕੱਲ੍ਹ ਹੀ ਬਖ਼ਸ਼ੀਸ਼ ਸਿੰਘ ਨੂੰ ਫੋਨ ਕਰਕੇ ਮਿੰਨਤ ਕਰ ਲੈਣੀ ਆ ਪਈ ਜਿੰਨਾਂ ਖ਼ਰਚਾ ਮੇਰੀ ਕੁੜੀ ਦੇ ਹੈਧਰ ਮੰਗਵਾਉਣ ਤੇ ਲੱਗੂ, ਮੈਂ ਹੌਲੀ-ਹੌਲੀ ਕਿਸ਼ਤਾਂ ਵਿੱਚ ਮੋੜ ਦਊਂ। ਤੁਸੀ ਮੇਰੇ ਗਰੀਬ ਤੇ ਜ਼ਰੂਰ ਤਰਸ ਕਰੋ।" ਕਰਮਜੀਤ ਰਸੋਈ ਵਿੱਚ ਬੈਠੀ ਆਪਣੇ ਮਾਂ-ਪਿਓ ਦੀ ਵਾਰਤਾਲਾਪ ਸੁਣਦੀ ਗਈ ਅਤੇ ਖੁਸ਼ੀ ਦੇ ਹੰਝੂ ਰੋਕਿਆਂ ਵੀ ਨਾ ਰੁਕਦੇ।
ਜੱਸੀ ਨੇ ਆਪਣੇ ਬਾਪੂ ਨੂੰ ਮਨਾ ਕੇ ਉਸ ਤੋਂ ਕਰਮਜੀਤ ਦੀ ਸਪੌਂਸਰਸ਼ਿੱਪ ਪੁਆ ਦਿੱਤੀ। ਆਪ ਪਹੁੰਚ ਕਰਕੇ ਨਾਲ ਕਾਲਜ ਵਿੱਚ ਦਾਖਲੇ ਦਾ ਪ੍ਰਬੰਧ ਕਰਵਾ ਦਿੱਤਾ। ਜਦੋਂ ਇਸ ਸਭ ਕੁੱਝ ਦੀ ਖ਼ਬਰ ਕਰਮਜੀਤ ਨੂੰ ਦੱਸੀ ਤਾਂ ਇਸ ਨੇ ਖ਼ਬਰ ਸੁਣਦਿਆਂ ਸਾਰ ਹੀ ਫ਼ੋਨ ਨੂੰ ਮੂੰਹ ਨਾਲ ਚੁੰਮਿਆ ਅਤੇ ਨੀਵੀਂ ਹੋ ਕੇ ਧਰਤੀ ਨੂੰ ਨਮਸਕਾਰ ਕੀਤਾ। ਅੱਜ ਕੀੜੀ ਦੀ ਭਗਵਾਨ ਨੇ ਸੁਣ ਲਈ ਹੈ। "ਜੱਸੀ ਤੁਸੀਂ ਧੰਨ ਹੋ। ਸਾਡੇ ਪਰਿਵਾਰ ਨੂੰ ਤਾਂ ਤੁਸੀਂ ਪਹਿਲੋਂ ਹੀ ਰੋਟੀ ਖਾਂਦਿਆਂ ਕਰ ਦਿੱਤਾ ਸੀ ਅਤੇ ਹੁਣ ਮੇਰੇ ਤੇ ਇੰਨਾਂ ਉਪਕਾਰ ਕੀਤਾ ਹੈ। ਮੈਂ ਤੁਹਾਡਾ ਲੇਖਾ ਕਦੋਂ ਦੇਊਂਗੀ। ਰੱਬ ਤੁਹਾਨੂੰ ਤਰੱਕੀਆਂ ਦੇਵੇ ਜਿਹੜੇ ਤੁਸੀਂ ਸਾਡੇ ਗਰੀਬਾਂ ਦੀ ਵੀ ਦੇਖਭਾਲ ਕਰਦੇ ਹੋ।" "ਆਪਣੇ ਆਪ ਨੂੰ ਗਰੀਬ ਨਹੀਂ ਕਹੀਦਾ। ਤੂੰ ਇੱਥੇ ਆਏਂਗੀ, ਮਿਹਨਤ ਕਰੇਂਗੀ ਅਤੇ ਤੂੰ ਵੀ ਅਮੀਰ ਬਣ ਜਾਣਾ ਹੈ। ਡੌਂਟ ਵਰੀ, ਆਪਣੇ ਆਪ ਨੂੰ ਘਟੀਆ ਨਹੀਂ ਸਮਝੀਦਾ।"
ਜੱਸੀ ਨੇ ਆਪਣੇ ਪਿਓ ਨੂੰ ਆਖ ਕੇ ਕਰਮਜੀਤ ਦੀ ਸਪੌਂਸਰਸ਼ਿੱਪ ਪਾ ਦਿੱਤੀ ਅਤੇ ਕਾਲਜ ਦੇ ਲੋੜੀਂਦੇ ਪੇਪਰ ਭੇਜ ਦਿੱਤੇ। ਕਰਮਜੀਤ ਨੇ ਦਿਨਾਂ ਵਿੱਚ ਹੀ ਇੰਗਲੈਂਡ ਆਉਣ ਦੀ ਤਿਆਰੀ ਕਰ ਲਈ। "ਧੀਏ ਦੇਖੀਂ ਤੇਰੇ ਨਾਲ ਕਿਤੇ ਧੋਖਾ ਨਾ ਹੋ ਜਾਵੇ। ਖ਼ਿਆਲ ਰੱਖੀਂ, ਮੈਨੂੰ ਤਾਂ ਪਤਾ ਨਹੀਂ ਕਿਉਂ ਐਵੇਂ ਡਰ ਜਿਹਾ ਲੱਗੀ ਜਾ ਰਿਹਾ ਹੈ।" ਪਰਮੇਸਰੀ ਨੇ ਆਪਣੀ ਧੀ ਨੂੰ ਸਲਾਹ ਦੇ ਕੇ ਆਪਣਾ ਮਨ ਹੌਲਾ ਕੀਤਾ। ਦਿੱਲੀ ਏਅਰਪੋਰਟ ਤੇ ਚੜ੍ਹਾਉਣ ਗਿਆਂ ਧੀ ਆਪਣੇ ਮਾਂ ਬਾਪ ਦੇ ਗਲ ਲੱਗ ਰੋ ਰਹੀ ਸੀ ਅਤੇ ਮਾਪਿਆਂ ਦੇ ਅਤੇ ਉਸ ਦੀ ਛੋਟੀ ਭੈਣ ਪ੍ਰਭਦੀਨ ਦੇ ਵੀ ਹੰਝੂ ਰੋਕਿਆ ਨਹੀਂ ਰੁਕ ਰਹੇ ਸਨ।
ਕਰਮਜੀਤ ਇੰਗਲੈਂਡ ਪਹੁੰਚ ਗਈ। ਏਅਰ ਪੋਰਟ ਤੇ ਜੱਸੀ ਅਤੇ ਇਸ ਦਾ ਪਰਿਵਾਰ ਕਰਮਜੀਤ ਦੇ ਸੁਆਗਤ ਵਿੱਚ ਏਅਰ ਪੋਰਟ ਪਹੁੰਚੇ ਹੋਏ ਸਨ। ਜੱਸੀ ਨੇ ਜਦੋਂ ਕਰਮਜੀਤ ਨੂੰ ਦੇਖਿਆ ਅਤੇ ਕਰਮਜੀਤ ਨੇ ਜਦੋਂ ਜੱਸੀ ਨੂੰ, ਦੋਹਾਂ ਦੇ ਦੇਖਣ ਦੀ ਕੈਮਿਸਟਰੀ ਕੋਈ ਅਨੋਖਾ ਹੀ ਰਾਗ ਅਲਾਪ ਰਹੀ ਸੀ। ਇੱਕ ਦੂਸਰੇ ਤੇ ਟਿਕੀਆਂ ਹੋਈਆਂ ਅੱਖਾਂ ਝਮਕਣ ਦਾ ਨਾਂਅ ਹੀ ਨਹੀਂ ਸੀ ਲੈਂਦੀਆਂ। ਘਰ ਪਹੁੰਚ ਕੇ ਆਮ ਮਹਿਮਾਨਾਂ ਵਾਂਗ ਕਰਮਜੀਤ ਦਾ ਸੁਆਗਤ ਕੀਤਾ ਗਿਆ। ਅੱਜ ਇੱਕ ਗਰੀਬ ਘਰ ਦੀ ਕੁੜੀ ਇੱਕ ਅਮੀਰ ਘਰ ਵਿੱਚ ਆ ਕੇ ਆਪਣੇ ਆਪ ਨੂੰ ਉਹ ਵੀ ਅਮੀਰ ਸਮਝ ਰਹੀ ਸੀ।ਪਰ ਘਟੀਆਪਣ ਦਾ ਅਹਿਸਾਸ ਫਿਰ ਵੀ ਕਰਮਜੀਤ ਦੇ ਦਿਲ ਦੇ ਕਿਸੇ ਖੂੰਜੇ ਵਿੱਚ ਘਰ ਕਰੀ ਬੈਠਾ ਸੀ। ਕਰਮਜੀਤ ਨੂੰ ਜੱਸੀ ਨੇ ਆਪਣੇ ਹੀ ਘਰ ਵਿੱਚ ਇੱਕ ਕਮਰਾ ਦੇ ਦਿੱਤਾ ਅਤੇ ਆਖ ਦਿੱਤਾ ਕਿ ਜਿਸ ਚੀਜ਼ ਨੂੰ ਖਾਣ ਨੂੰ ਰੂਹ ਕਰਦੀ ਹੈ, ਮਰਜ਼ੀ ਨਾਲ ਬਣਾ ਕੇ ਖਾ ਲਵੀਂ। ਐਵੇਂ ਸੰਗਣ ਸ਼ਰਮਾਉਣ ਦੀ ਕੋਈ ਜ਼ਰੂਰਤ ਨਹੀਂ।ਕਿਚਨ ਵਿੱਚ ਕੰਮ ਕਰਨ ਦੇ ਸਾਰੇ ਤੌਰ ਤਰੀਕੇ ਸਮਝਾ ਦਿੱਤੇ।
ਕਰਮਜੀਤ ਆਪਣੇ ਕਾਲਜ ਵਿੱਚ ਪੜ੍ਹਾਈ ਕਰਨ ਲੱਗ ਪਈ। ਬਖ਼ਸ਼ੀਸ਼ ਸਿੰਘ ਨੇ ਆਪਣੇ ਹੀ ਕਿਸੇ ਦੋਸਤ ਦੀ ਦੁਕਾਨ ਤੇ ਕਰਮਜੀਤ ਨੂੰ ਕੁੱਝ ਘੰਟੇ ਕੰਮ ਦੁਆ ਦਿੱਤਾ ਤਾਂ ਕਿ ਉਹ ਆਪਣਾ ਜੇਬ ਖ਼ਰਚਾ ਚਲਾ ਸਕੇ। ਉਵੇਂ ਤਾਂ ਬਾਕੀ ਸਾਰੇ ਖ਼ਰਚੇ ਇਸ ਪਰਿਵਾਰ ਨੇ ਆਪਣੇ ਜ਼ਿੰਮੇ ਲੈ ਰੱਖੇ ਸਨ। ਬਖ਼ਸ਼ੀਸ਼ ਸਿੰਘ ਕਰਮਜੀਤ ਦੇ ਖ਼ਰਚਿਆਂ ਨੂੰ ਇਸ ਕਰਕੇ ਵੀ ਅਣਗੌਲ਼ਿਆਂ ਕਰ ਰਿਹਾ ਸੀ ਕਿ ਇਸ ਦਾ ਬਾਪ ਥੋੜ੍ਹਾ ਬਹੁਤ ਜੋ ਜ਼ਮੀਨ ਦਾ ਹਾਲ਼ਾ ਦਿੰਦਾ ਹੈ, ਉਸ ਨਾਲ ਇਸ ਦੀ ਪੜ੍ਹਾਈ ਦਾ ਖ਼ਰਚਾ ਚੱਲ ਜਾਏਗਾ। ਰਾਮ ਸਿੰਘ ਦੁਆਰਾ ਜ਼ਮੀਨ ਹਾਲ਼ੇ ਤੇ ਪਹਿਲੋਂ ਇਸ ਦਾ ਭਰਾ ਕੈਲਾ ਕਿਹੜਾ ਕੋਈ ਹਾਲ਼ਾ ਦਿੰਦਾ ਸੀ। ਇਹ ਪਰਿਵਾਰ ਨਾਲੇ ਤਾਂ ਹਾਲ਼ਾ ਦੇ ਰਿਹਾ ਹੈ ਅਤੇ ਨਾਲ ਹੀ ਇਸ ਨਾਲ ਇਸ ਦੀ ਕੋਈ ਮਾਨਸਿਕ ਚਿੰਤਾ ਨਹੀਂ। ਇਸ ਦਾ ਭਰਾ ਹਾਲਾ ਮੰਗਣ ਤੇ ਸੌ ਧਮਕੀਆਂ ਦਿੰਦਾ ਹੁੰਦਾ ਸੀ। ਇਸ ਪਰਿਵਾਰ ਨੇ ਕੋਠੀ ਦੀ ਚੰਗੀ ਤਰ੍ਹਾਂ ਸਾਂਭ ਸੰਭਾਲ ਕੀਤੀ ਹੋਈ ਹੈ। ਸਫ਼ਾਈ ਰੱਖਦੇ ਹਨ ਅਤੇ ਨਾ ਹੀ ਘਰ ਵਿੱਚ ਕੋਈ ਚੋਰੀ ਚਕਾਰੀ ਦਾ ਡਰ। ਬਖ਼ਸ਼ੀਸ਼ ਸਿੰਘ ਕਰਮਜੀਤ ਨੂੰ ਇੰਗਲੈਂਡ ਮੰਗਵਾ ਕੇ ਸਮਝਦਾ ਸੀ, ਕਿ ਉਸਨੇ ਇੱਕ ਪੁੰਨ ਦਾ ਕੰਮ ਕੀਤਾ ਹੈ। ਚਰਨੋ ਵੀ ਖੁਸ਼ ਸੀ ਕਿ ਕਰਮਜੀਤ ਉਸ ਨੂੰ ਰਸੋਈ ਵਿੱਚ ਪੂਰਾ ਹੱਥ ਵੰਡਾਉਂਦੀ ਸੀ।
"ਕਾਕਾ ਤੈਨੂੰ ਵੀਹ ਵਾਰ ਆਖਿਆ ਪਈ ਤੂੰ ਗੱਡੀ ਹੌਲੀ ਚਲਾਇਆ ਕਰ।ਕਾਰ ਹਾਦਸੇ ਵਿੱਚ ਤੂੰ ਅੱਜ ਬਾਂਹ ਤੁੜਵਾ ਕੇ ਵੱਖਰਾ ਹੀ ਚੰਦ ਚੜ੍ਹਾ ਲਿਆ।" ਕਰਮਜੀਤ ਮਾਂ-ਪੁੱਤ ਦੀ ਗੱਲਬਾਤ ਸੁਣ ਕੇ ਦੌੜੀ ਹੋਈ ਜੱਸੀ ਦੇ ਕਮਰੇ ਵਿੱਚ ਆਈ। "ਮਾਤਾ ਜੀ ਕੀ ਹੋਇਆ?" "ਜੱਸੀ ਨੇ ਆਪਣੀ ਬਾਂਹ ਤੇ ਸੱਟ ਲੁਆ ਲਈ।" "ਲਿਆ ਮਾਤਾ ਜੀ, ਮੈਂ ਮਲ਼ ਕੇ ਦੇਖਦੀ ਹਾਂ ਤੁਸੀਂ ਜਦੇ ਨੂੰ ਪਾਣੀ ਗਰਮ ਕਰਕੇ ਵਿੱਚ ਥੋੜ੍ਹਾ ਲੂਣ ਪਾ ਕੇ ਲਿਆਓ।" ਕਰਮਜੀਤ ਨੇ ਜੱਸੀ ਦੀ ਮਾਤਾ ਚਰਨੋ ਨੂੰ ਰਸੋਈ ਵਿੱਚੋਂ ਗਰਮ ਪਾਣੀ ਲਿਆਉਣ ਲਈ ਆਖਿਆ ਅਤੇ ਆਪ ਜੱਸੀ ਦੀ ਬਾਂਹ ਤੇ ਮਾਲਸ਼ ਕਰਨ ਲੱਗ ਪਈ। ਕਰਮਜੀਤ ਨੇ ਕੂਹਣੀ ਤੇ ਤੇਲ ਮਲਕੇ ਮਾਲਸ਼ ਕਰਨੀ ਸ਼ੁਰੂ ਕੀਤੀ ਅਤੇ ਇੱਕ ਹੱਥ ਨਾਲ ਉਸ ਦਾ ਹੱਥ ਫੜ ਕੇ ਬਾਂਹ ਨੂੰ ਸਿੱਧਾ ਰੱਖਣ ਦੀ ਕੋਸ਼ਿਸ਼ ਕੀਤੀ। ਜੱਸੀ ਦੇ ਹੱਥ ਵਿੱਚ ਜਦੋਂ ਕਰਮਜੀਤ ਦਾ ਕੋਮਲ ਹੱਥ ਆਇਆ ਤਾਂ ਜੱਸੀ ਦੀ ਹੂਕ ਜਿਹੀ ਨਿਕਲ ਗਈ। ਸੌਰੀ ਜੱਸੀ ਕੀ ਮੈਥੋਂ ਜ਼ੋਰ ਨਾਲ ਮਾਲਸ਼ ਹੋ ਗਈ?" ਨਹੀਂ ਕਰਮਜੀਤ ਤੇਰੇ ਦੂਸਰੇ ਹੱਥ ਨੇ ਮੇਰੇ ਹੱਥ ਵਿੱਚ ਇੱਕ ਹੋਰ ਸੱਟ ਮਾਰ ਦਿੱਤੀ। ਇਸ ਕੂਹਣੀ ਦੀ ਸੱਟ ਨੂੰ ਤਾਂ ਮੈਂ ਸਹਿਣ ਕਰ ਲਵਾਂਗਾ ਪਰ ਤੇਰੇ ਹੱਥਾਂ ਦੀ ਕੋਮਲਤਾ ਦੀ ਸੱਟ ਨੂੰ ਕਿਵੇਂ ਸਹਾਰਾਂਗਾ?" ਜਦੇ ਨੂੰ ਜੱਸੀ ਦੀ ਮਾਤਾ ਜੀ ਗਰਮ ਪਾਣੀ ਲੈ ਕੇ ਆ ਗਏ। ਕਰਮਜੀਤ ਨੇ ਹੌਲੀ-ਹੌਲੀ ਬਾਂਹ ਦੀ ਟਕੋਰ ਕੀਤੀ। ਜੱਸੀ ਹੁਣ ਸੱਟ ਦੀ ਪੀੜ ਹੋਣ ਦੇ ਬਾਵਜੂਦ ਵੀ ਕਿਸੇ ਅਨੋਖੇ ਤਰ੍ਹਾਂ ਦਾ ਸਕੂਨ ਮਹਿਸੂਸ ਕਰ ਰਿਹਾ ਸੀ।
ਦਿਨ ਬੀਤਦੇ ਗਏ। ਜੱਸੀ ਅਤੇ ਕਰਮਜੀਤ ਦੇ ਪਿਆਰ ਦੀਆਂ ਤੰਦਾਂ ਮਜਬੂਤ ਹੋਣ ਲੱਗੀਆਂ। ਕਿਸੇ ਵੀ ਗੱਲ ਤੋਂ ਅਣਭਿੱਜ ਜੱਸੀ ਦੇ ਮਾਤਾ ਪਿਤਾ ਕਰਮਜੀਤ ਦੀ ਪੜ੍ਹਾਈ ਦਾ ਖ਼ਰਚਾ ਕਰਦੇ ਰਹੇ ਅਤੇ ਕਰਮਜੀਤ ਉਨ੍ਹਾਂ ਨੂੰ ਆਪਣੇ ਮਾਂ ਬਾਪ ਵਾਂਗ ਪੂਰਾ ਪਿਆਰ ਅਤੇ ਸਤਿਕਾਰ ਦਿੰਦੀ ਰਹੀ। ਜੱਸੀ ਕਰਮਜੀਤ ਦੀ ਪੜ੍ਹਾਈ ਵਿੱਚ ਵੀ ਮਦਦ ਕਰਦਾ ਰਿਹਾ। ਇੱਕ ਦਿਨ ਜਦੋਂ ਜੱਸੀ ਦੇ ਮਾਤਾ ਪਿਤਾ ਗੁਰਦੁਆਰੇ ਮੱਥਾ ਟੇਕਣ ਗਏ ਹੋਏ ਸਨ ਤਾਂ ਕੰਮ ਤੋਂ ਛੁੱਟੀ ਹੋਣ ਕਰਕੇ ਕਰਮਜੀਤ ਵੀ ਘਰੋਂ ਹੀ ਪੜ੍ਹਾਈ ਕਰ ਰਹੀ ਸੀ। "ਕਰਮਜੀਤ ਅੱਜ ਕੰਮ ਤੇ ਨਹੀਂ ਗਈ?" "ਨਹੀਂ ਜੱਸੀ ਅੱਜ ਤਾਂ ਮੈਨੂੰ ਕੰਮ ਤੋਂ ਛੁੱਟੀ ਹੈ। ਕਿਉਂ ਤੂੰ ਕਿਉਂ ਪੁੱਛਿਆ ਕੰਮ ਬਾਰੇ?" "ਅੱਜ ਘਰ ਭਰਿਆ-ਭਰਿਆ ਲੱਗਦੈ। ਪਤਾ ਨਹੀਂ ਤੈਨੂੰ ਕੰਮ ਤੋਂ ਛੁੱਟੀ ਹੋਈ ਹੋਣ ਕਰਕੇ।" "ਤੈਨੂੰ ਤਾਂ ਘਰ ਖ਼ਾਲੀ ਖ਼ਾਲੀ ਲੱਗਣਾ ਚਾਹੀਦਾ, ਕਿਉਂਕਿ ਮੰਮੀ ਡੈਡੀ ਘਰ ਨਹੀਂ।" "ਉਨ੍ਹਾਂ ਦੀ ਘਾਟ ਤਾਂ ਕੋਈ ਪੂਰੀ ਨਹੀਂ ਕਰ ਸਕਦਾ, ਪਰ ਤੇਰੀ ਵੀ ਤਾਂ ਮੈਨੂੰ ਘਾਟ ਹੀ ਰਹਿੰਦੀ ਹੈ। ਤੇਰੀਆਂ ਖੂਬਸੂਰਤ ਅੱਖਾਂ, ਤੇਰੀ ਮਿੰਨੀ ਜਿਹੀ ਮੁਸਕਾਨ ਅਤੇ ਅਨੋਖਾ ਜਿਹਾ ਨਖ਼ਰਾ, ਬਾਈ ਗੌਡ ਮੈਨੂੰ ਤਾਂ ਕਿੱਲ ਕਰੀ ਜਾਂਦਾ।" ਕਰਮਜੀਤ ਦੇ ਰੋਕਦਿਆਂ ਰੋਕਦਿਆਂ ਫਿਰ ਬੁੱਲ੍ਹਾਂ ਤੇ ਮੁਸਕਾਨ ਆ ਗਈ ਅਤੇ ਪਤਾ ਨਹੀਂ ਕਿੰਨੀ ਦੇਰ ਦੋਵੇਂ ਪਿਆਰ ਭੁੱਖੀਆਂ ਰੂਹਾਂ ਇੱਕ ਦੂਜੇ ਦੀ ਗਲਵੱਕੜੀ ਵਿੱਚ ਰਹੀਆਂ।ਇਸ ਤਰਾਂ ਲੱਗ ਰਿਹਾ ਸੀ ਜਿਵੇਂ ਦੋ ਪਿਆਰ ਭੁੱਖੀਆਂ ਰੂਹਾਂ ਮੁੱਦਤਾਂ ਬਾਅਦ ਮਿਲੀਆਂ ਹੋਣ।ਕਰਮਜੀਤ ਮੈਂ ਤਾਂ ਆਪਣੇ ਮਾਂ ਬਾਪ ਨੂੰ ਆਖ ਦੇਣਾ ਕਿ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ ਅਤੇ ਮੈਂ ਤੇਰਾ ਹੱਥ ਮੰਗ ਲੈਣਾ ਹੈ।" "ਜੱਸੀ, ਚੁਬਾਰੇ ਦੀ ਇੱਟ ਕਦੇ ਮੋਰੀ ਨੂੰ ਨਹੀਂ ਲੱਗਦੀ। ਨਾਲੇ ਤੂੰ ਜੱਟਾਂ ਜ਼ਿੰਮੀਦਾਰਾਂ ਦੇ ਘਰ ਦਾ ਅਮੀਰ ਮੁੰਡਾ ਅਤੇ ਮੈਂ ਗਰੀਬ ਪਰਿਵਾਰ ਦੀ ਲੜਕੀ।ਸਾਡਾ ਮੇਲ਼ ਕਿੱਥੋਂ?ਤੂੰ ਇਹ ਗੱਲ ਮਨ 'ਚੋਂ ਕੱਢ ਦੇ।" "ਕਰਮਜੀਤ ਇਹ ਈਸ਼ੂ ਮੇਰੇ ਤੇ ਛੱਡ ਦੇ। ਮੈਂ ਆਪੇ ਆਪਣੇ ਮਾਂ ਬਾਪ ਨਾਲ ਗੱਲ ਕਰੂੰ।"
ਕਰਮਜੀਤ ਨੇ ਇਹ ਖੁਸ਼ੀ ਦੀ ਖ਼ਬਰ ਦੱਸਣ ਲਈ ਆਪਣੀ ਮਾਤਾ ਜੀ ਨੂੰ ਫ਼ੋਨ ਲਾ ਲਿਆ, " ਮਾਤਾ ਜੀ ਮੈਂ ਜੱਸੀ ਨਾਲ ਵਿਆਹ ਕਰਾਉਣ ਲੱਗੀ ਹਾਂ। ਅੱਜ ਹੀ ਜੱਸੀ ਨੇ ਮੈਨੂੰ ਵਿਆਹ ਕਰਾਉਣ ਵਾਰੇ ਪੁੱਛਿਆ ਹੈ।ਉਹ ਮੈਨੂੰ ਬਹੁਤ ਪਿਆਰ ਕਰਦਾ ਹੈ ਅਤੇ ਮੈਂ ਵੀ ਉਸ ਤੋਂ ਵਗੈਰ ਬੱਚਦੀ ਨਹੀਂ।" "ਧੀਏ ਫਿਰ ਕੀਤੀ ਉਹੀ ਕਮਲੀਆਂ ਵਾਲੀ ਗੱਲ। ਕੱਲ ਤੂੰ ਵਲੈਤ ਗਈ ਅਤੇ ਅੱਜ ਮੁੰਡਾ ਤੈਨੂੰ ਪਿਆਰ ਕਰਨ ਲੱਗ ਪਿਆ।ਮੈਨੂੰ ਤਾਂ ਦਾਲ ਵਿੱਚ ਕੁੱਝ ਕਾਲਾ ਜਾਪ ਰਿਹਾ ਹੈ। ਤੂੰ ਆਪਣੀ ਇੱਜਤ ਗੁਆ ਕੇ ਕੱਲ ਨੂੰ ਅੱਖਾਂ ਮੂਹਰੇ ਹੱਥ ਦੇ ਕੇ ਰੋਣਾ ਹੈ। ਅਜੇ ਵੀ ਸੋਚ ਵਿਚਾਰ ਲੈ, ਕੱਲ ਨੂੰ ਪਛਤਾਉਣ ਨਾਲੋਂ।" "ਮਾਤਾ ਜੀ ਜਮਾਨਾ ਬਦਲ ਗਿਆ ਹੈ ਅਤੇ ਜੱਸੀ ਦਿਲ ਦਾ ਸਾਫ਼ ਲੜਕਾ ਹੈ। ਮੈਂ ਤਾਂ ਉਸ ਉਤੇ ਰੱਬ ਜਿੰਨਾ ਵਿਸ਼ਵਾਸ਼ ਕਰਦੀ ਹਾਂ।ਵਹਿਮਾਂ ਵਿੱਚ ਨਾ ਪੈ ਅਤੇ ਪਰਮਾਤਮਾ ਦਾ ਨਾਂਅ ਲੈ ਕੇ ਮੈਨੂੰ ਅਸ਼ੀਰਵਾਦ ਦੇ।" ਜਦੇ ਨੂੰ ਕਰਮਜੀਤ ਦੇ ਭਾਪਾ ਜੀ ਨੇ ਪਰਮੇਸਰੀ ਪਾਸੋਂ ਫ਼ੋਨ ਫੜ ਕੇ ਧੀ ਨੂੰ ਬਿਨਾਂ ਪੁੱਛੇ ਅਸ਼ੀਰਵਾਦ ਦੇ ਦਿੱਤਾ।" ਧੀਏ ਅਸੀਂ ਤਾਂ ਪਰਮਾਤਮਾ ਦਾਂ ਲੱਖ ਲੱਖ ਸ਼ੁਕਰ ਕਰਦੇ ਹਾਂ ਜਿਸ਼ ਨੇ ਜੱਸੀ ਵਰਗਾ ਫ਼ਰਾਖ਼ਦਿੱਲ ਮੁੰਡਾ ਅਤੇ ਖੁੱਲੇ ਦਿਲ ਵਾਲੇ ਮਾਪੇ ਸਾਡੇ ਗਰੀਬਾਂ ਦੀ ਕੁੜੀ ਲਈ ਦਿੱਤੇ ਹਨ। ਅਸੀਂ ਇਸ  ਖੁਸ਼ੀ  ਦੇ ਮੌਕੇ ਤੁਹਾਡੇ ਪਾਸ ਤਾਂ ਨਹੀਂ ਆ ਸਕਦੇ, ਪਰ ਵਾਹਿਗੁਰੂ ਤੁਹਾਨੂੰ ਦੁਨੀਆਂ ਭਰ ਦੀਆਂ ਖੁਸ਼ੀਆਂ ਬਖਸ਼ਣ।" ਨਾਲ ਹੀ ਰਾਮ ਸਿੰਘ ਨੇ ਆਪਣੇ ਪਿੰਡ ਦੇ ਜਿੰਮੀਦਾਰ ਸਰਦਾਰ ਸ਼ਮਸ਼ੇਰ ਸਿੰਘ ਨਾਲ ਇਹ ਖੁਸ਼ੀ ਦੀ ਖ਼ਬਰ ਸਾਂਝੀ ਕੀਤੀ ਤਾਂ ਉਹ ਬੇਹੱਦ ਖੁਸ਼ ਹੋਇਆ ਅਤੇ ਸਰਦਾਰ ਬਖਸ਼ੀਸ਼ ਸਿੰਘ ਦੇ ਦਰਿਆ ਦਿਲ ਦੀ ਰੱਜ ਕੇ ਸਿਫ਼ਤ ਕੀਤੀ।
ਦੂਸਰੇ ਦਿਨ ਜੱਸੀ ਨੇ ਆਪਣੇ ਮਾਂ ਬਾਪ ਨਾਲ ਕਰਮਜੀਤ ਨਾਲ ਵਿਆਹ ਕਰਾਉਣ ਦੀ ਗੱਲ ਤੋਰੀ। "ਡੈਡ ਆਈ ਲਾਈਕ ਕਰਮਜੀਤ, ਆਈ ਲਵ ਕਰਮਜੀਤ ਐਂਡ ਆਈ ਲਵ ਟੂ ਮੈਰੀ ਹਰ।" ਬਖ਼ਸ਼ੀਸ਼ ਸਿੰਘ ਤੇ ਅਜੇ ਸੋਚ ਹੀ ਰਿਹਾ ਸੀ ਜਦੇ ਨੂੰ ਜੱਸੀ ਦੀ ਮੰਮੀ ਚਰਨੋ ਇਕਦਮ ਬੋਲ ਉੱਠੀ, "ਤੈਨੂੰ ਸ਼ਰਮ ਨਹੀਂ ਆਉਂਦੀ। ਕਿੱਥੇ ਅਸੀਂ ਜੱਟ ਜ਼ਿੰਮੀਦਾਰ ਅਤੇ ਕਿੱਥੇ ਇਹ ਕੰਮੀਆਂ ਦੀ ਕੁੜੀ। ਕੁੱਝ ਤਾਂ ਹੋਸ਼ ਸੰਭਾਲ।" "ਮੰਮੀ ਕੰਮੀ ਕੌਣ ਹੁੰਦੇ ਹਨ?" ਕਾਕਾ ਜਿਹੜੇ ਇਨਸਾਨ ਜੱਟਾਂ ਜ਼ਿੰਮੀਦਾਰਾਂ ਅਤੇ ਹੋਰ ਉੱਚੀਆਂ ਜਾਤਾਂ ਦੇ ਘਰਾਂ ਵਿੱਚ ਕੰਮ ਕਰਦੇ ਹੁੰਦੇ ਹਨ।" "ਤਦ ਤਾਂ ਅਸੀਂ ਸਾਰੇ ਇੰਗਲੈਂਡ ਵਿੱਚ ਕੰਮੀ ਹੋਏ। ਕੋਈ ਕਿਸੇ ਦੇ ਹੋਟਲ ਵਿੱਚ ਭਾਂਡੇ ਮਾਂਜਦਾ ਹੈ ਅਤੇ ਕੋਈ ਕਿਸੇ ਦੇ ਘਰ ਦੀ ਸਫ਼ਾਈ ਕਰਦਾ ਹੈ।" "ਨਹੀਂ ਕਾਕਾ ਜੀ ਅਸੀਂ ਸਾਰੇ ਕਾਮੇ ਅਖਵਾਉਂਦੇ ਹਾਂ ਪਰ ਇੰਡੀਆ ਵਿੱਚ ਦੂਸਰੇ ਦੇ ਘਰ ਕੰਮ ਕਰਨ ਵਾਲਿਆਂ ਨੂੰ ਕੰਮੀ ਕਿਹਾ ਜਾਂਦਾ ਹੈ।" ਜੇ ਇਹ ਗੱਲ ਹੈ ਤਾਂ ਮੰਮੀ ਤਾਂ ਫਿਰ ਜ਼ਰੂਰ ਮੈਂ ਕੰਮੀਆਂ ਦੀ ਕੁੜੀ ਨਾਲ ਵਿਆਹ ਕਰਾਊਂਗਾ।ਆਪਣੇ ਪੁੱਤਰ ਦਾ ਕਰਮਜੀਤ ਲਈ ਡੁੱਲ ਡੁੱਲ ਪੈਂਦਾ ਪਿਆਰ ਅਤੇ ਇਰਾਦੇ ਦੀ ਦਰਿੜਤਾ ਦੇਖ ਕੇ ਮਾਤਾ ਚਰਨੋਂ ਮੋਮ ਵਾਂਗ ਢੱਲ ਗਈ। "ਅੱਛਾ ਪੁੱਤਰਾ, ਜੇ ਤੈਨੂੰ ਇਸ ਗੱਲ ਦਾ ਫ਼ਰਕ ਨਹੀਂ ਤਾਂ ਅਸੀਂ ਤਾਂ ਪਹਿਲੋਂ ਹੀ ਇਸ ਕੰਮੀਆਂ ਦੀ ਕੁੜੀ ਨੂੰ ਦਿਲੋਂ ਪਿਆਰ ਕਰਦੇ ਹਾਂ।ਐਵੇਂ ਜਾਤ ਬਰਾਦਰੀ ਦਾ ਥੋੜਾ ਜਿਹਾ ਪੜਦਾ ਸੀ, ਉਹ ਵੀ ਚੁੱਕਿਆ ਗਿਆ।ਜੱਸੀ ਦੇ ਭਾਪਾ ਤੇਰਾ ਕੀ ਖਿਆਲ ਹੈ, ਜੱਸੀ ਦਾ ਕਰਮਜੀਤ ਨਾਲ ਵਿਆਹ ਕਰਾਉਣ ਵਾਰੇ? "ਕਰਮਾਂ ਵਾਲੀਏ ਮੀਆਂ ਬੀਵੀ ਰਾਜ਼ੀ ਤਾਂ ਕੀ ਕਰੇਗਾ ਕਾਜ਼ੀ। ਲਿਆ ਜੱਸੀ, ਕਰਮਜੀਤ ਦੇ ਮਾਤਾ ਪਿਤਾ ਨੂੰ ਫ਼ੋਨ ਲਾ ਅਤੇ ਉਨ੍ਹਾਂ ਨੂੰ ਵੀ ਵਧਾਈਆਂ ਦੇਈਏ।"

ਬਲਵੰਤ ਸਿੰਘ ਗਿੱਲ
ਬੈਡਫ਼ੋਰਡ