ਲੋਕਤੰਤਰ ਦੀ ਲੋੜ ਹੈ ਤਕੜੀ ਵਿਰੋਧੀ ਧਿਰ, ਆਗੂਆਂ ਦੀ ਨਹੀਂ, ਕੋਈ ਰੰਗ ਤਾਂ ਵਿਖਾਵੇਗਾ ਲੋਕਤੰਤਰ - ਜਤਿੰਦਰ ਪਨੂੰ
ਭਾਰਤ ਦੇਸ਼ ਇਸ ਵਕਤ ਅਗਲੀਆਂ ਪਾਰਲੀਮੈਂਟ ਚੋਣਾਂ ਦੀ ਤਿਆਰੀ ਦੇ ਦੌਰ ਵਿੱਚ ਦਾਖਲ ਹੋ ਚੁੱਕਾ ਹੈ। ਕੇਂਦਰ ਦੀ ਸਰਕਾਰ ਚਲਾ ਰਹੀ ਭਾਰਤੀ ਜਨਤਾ ਪਾਰਟੀ ਹੋਰਨਾਂ ਤੋਂ ਇਸ ਮਾਮਲੇ ਵਿੱਚ ਅੱਗਲਵਾਂਢੀ ਚੱਲਦੀ ਜਾਪਦੀ ਹੈ ਤੇ ਉਸ ਦਾ ਬਦਲ ਹੋਣ ਦਾ ਹਾਲੇ ਤੱਕ ਦਾਅਵਾ ਕਰਦੀ ਕਾਂਗਰਸ ਪਾਰਟੀ ਆਪਣੀ ਲੀਡਰਸ਼ਿਪ ਦੀਆਂ ਅੰਦਰੂਨੀ ਉਲਝਣਾਂ ਕਾਰਨ ਅਗਲੀਆਂ ਚੋਣਾਂ ਦੀ ਤਿਆਰੀ ਦਾ ਵੱਡਾ ਕੰਮ ਭੁੱਲੀ ਬੈਠੀ ਜਾਪਦੀ ਹੈ। ਇਸ ਵੇਲੇ ਪਾਰਲੀਮੈਂਟ ਵਿਚਲੀ ਵਿਰੋਧ ਦੀ ਮੁੱਖ ਧਿਰ ਕਾਂਗਰਸ ਪਾਰਟੀ ਭਵਿੱਖ ਦੀ ਆਪਣੀ ਜ਼ਿਮੇਵਾਰੀ ਤੋਂ ਅਵੇਸਲੀ ਹੋ ਸਕਦੀ ਹੈ, ਪਰ ਲੋਕਤੰਤਰ ਆਪਣੀਆਂ ਲੋੜਾਂ ਨੂੰ ਅੱਖੋਂ ਪਰੋਖਾ ਨਹੀਂ ਕਰ ਸਕਦਾ ਅਤੇ ਹਰ ਸਮੇਂ ਦੇਸ਼ ਦੀ ਸਰਕਾਰ ਦੇ ਮੂਹਰੇ ਡਟਣ ਵਾਲੀ ਵਿਰੋਧੀ ਧਿਰ ਦਾ ਹੋਣਾ ਵੀ ਤੇ ਮਜ਼ਬੂਤ ਹੋਣਾ ਵੀ ਲੋਕਤੰਤਰ ਦੀ ਇੱਕ ਵੱਡੀ ਲੋੜ ਹੁੰਦੀ ਹੈ। ਜਦੋਂ ਤੇ ਜਿਸ ਦੇਸ਼ ਦੀ ਵਿਰੋਧੀ ਧਿਰ ਕਮਜ਼ੋਰ ਹੋ ਜਾਵੇ ਜਾਂ ਹੌਸਲਾ ਛੱਡ ਕੇ ਨਿਗੂਣੀਆਂ ਗੱਲਾਂ ਵਿੱਚ ਰੁੱਝ ਜਾਵੇ, ਓਥੇ ਸਰਕਾਰ ਚਲਾਉਣ ਵਾਲੀ ਧਿਰ ਨਿਰੰਕੁਸ਼ ਹੋ ਕੇ ਆਪਣੀ ਮਨ-ਮਰਜ਼ੀ ਕਰਨ ਵਿੱਚ ਹੱਦਾਂ ਟੱਪਣ ਲੱਗ ਜਾਂਦੀ ਹੈ। ਹਾਥੀ ਦੀ ਗਰਦਨ ਉੱਤੇ ਬੈਠ ਕੇ ਉਸ ਨੂੰ ਕੰਟਰੋਲ ਕਰਦੇ ਮਹਾਵਤ ਦੇ ਹੱਥ ਵਿੱਚ ਫੜੇ ਹੋਏ ਲੋਹੇ ਦੇ ਕੁੰਡੇ ਨੂੰ 'ਅੰਕੁਸ਼' ਕਹਿੰਦੇ ਹਨ ਅਤੇ ਜਦੋਂ ਉਹ ਲੋਹੇ ਦਾ ਅੰਕੁਸ਼ ਮਹਾਵਤ ਕੋਲ ਨਾ ਹੋਵੇ ਤਾਂ ਹਾਥੀ 'ਨਿਰੰਕੁਸ਼' ਹੋ ਜਾਂਦਾ ਹੈ ਤੇ ਮਹਾਵਤ ਦੀ ਪ੍ਰਵਾਹ ਨਹੀਂ ਕਰਿਆ ਕਰਦਾ। ਇਸ ਵਕਤ ਭਾਰਤ ਦੇ ਲੋਕਤੰਤਰ ਦੀ ਅਗਵਾਈ ਕਰਨ ਵਾਲੇ ਵੀ ਆਪਣੇ ਸਾਹਮਣੇ ਵਿਰੋਧੀ ਧਿਰ ਦੇ ਖੋਖਲੇਪਣ ਕਾਰਨ ਨਿਰੰਕੁਸ਼ ਜਾਪਦੇ ਹਨ।
ਕਿਸੇ ਵਕਤ ਇੱਕ ਸੰਸਾਰ ਪ੍ਰਸਿੱਧ ਸ਼ਖਸੀਅਤ ਇੰਦਰਾ ਗਾਂਧੀ ਦੀ ਅਗਵਾਈ ਨੂੰ ਚੁਣੌਤੀ ਦੇਣਾ ਅਸੰਭਵ ਮੰਨਿਆ ਜਾਂਦਾ ਸੀ, ਪਰ ਉਹਦੇ ਰਾਜ ਦੀਆਂ ਗਲਤੀਆਂ ਤੇ ਜ਼ਿਆਦਤੀਆਂ ਉਸ ਦੇ ਖਿਲਾਫ ਆਮ ਲੋਕਾਂ ਦੀ ਕੋਈ ਨਾ ਕੋਈ ਲਹਿਰ ਖੜੀ ਹੋਣ ਦਾ ਕਾਰਨ ਬਣਦੀਆਂ ਰਹੀਆਂ ਸਨ। ਇਸ ਦਾ ਕਾਰਨ ਇਹ ਸੀ ਕਿ ਉਸ ਵੇਲੇ ਭਾਰਤ ਵਿੱਚ ਖੱਬੇ ਤੇ ਸੱਜੇ ਪਾਸੇ ਵਾਲੀਆਂ ਕਈ ਧਿਰਾਂ ਦਾ ਆਮ ਲੋਕਾਂ ਵਿੱਚ ਏਨਾ ਵੱਡਾ ਆਧਾਰ ਹੁੰਦਾ ਸੀ ਕਿ ਕਦੇ ਖੱਬੀਆਂ ਧਿਰਾਂ ਮੋਰਚਾ ਵਿੱਢ ਲੈਂਦੀਆਂ ਸਨ ਤੇ ਕਦੀ ਸੱਜੇ ਪੱਖੀ ਧਿਰਾਂ ਅੰਦੋਲਨ ਛੇੜ ਲੈਂਦੀਆਂ ਸਨ। ਇੰਦਰਾ ਗਾਂਧੀ ਦੇ ਰਾਜ ਦਾ ਕੋਈ ਸਾਲ ਵੀ ਮੋਰਚਿਆਂ ਅਤੇ ਅੰਦੋਲਨਾਂ ਤੋਂ ਵਾਂਝਾ ਨਹੀਂ ਸੀ ਰਹਿੰਦਾ ਅਤੇ ਫਿਰ ਇੱਕ ਮੌਕੇ ਉਸ ਦੇ ਵਿਰੋਧ ਵਾਸਤੇ ਕਈ ਪਾਰਟੀਆਂ ਨੇ ਮਹਾ-ਗੱਠਜੋੜ ਬਣਾ ਲਿਆ ਸੀ, ਜਿਸ ਦੀ ਅਗਵਾਈ 'ਪਾਰਟੀ ਰਹਿਤ ਲੋਕਤੰਤਰ' ਵਰਗੀ ਧਾਰਨਾ ਦੇ ਪ੍ਰਚਾਰਕ ਜੈ ਪ੍ਰਕਾਸ਼ ਨਾਰਾਇਣ ਨੂੰ ਦਿੱਤੀ ਗਈ ਸੀ। ਲੋਕਾਂ ਨੂੰ ਅੱਜ ਤੱਕ ਇਹ ਗੱਲ ਯਾਦ ਹੈ ਕਿ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਸੀ, ਪਰ ਇਹ ਗੱਲ ਯਾਦ ਰੱਖਣ ਦੀ ਲੋੜ ਨਹੀਂ ਜਾਪਦੀ ਕਿ ਇਹ ਉਸ ਨੇ ਲਾਈ ਨਹੀਂ ਸੀ, ਉਸ ਨੂੰ ਲਾਉਣੀ ਪੈ ਗਈ ਸੀ। ਹਾਲੇ ਸਾਢੇ ਤਿੰਨ ਸਾਲ ਪਹਿਲਾਂ ਬੰਗਲਾ ਦੇਸ਼ ਦੀ ਜੰਗ ਜਿੱਤ ਕੇ ਆਪਣੀ ਲੀਡਰੀ ਦਾ ਸਿੱਕਾ ਜਮਾਉਣ ਵਾਲੀ ਇੰਦਰਾ ਗਾਂਧੀ ਵਿਰੋਧੀ ਧਿਰ ਦੀਆਂ ਪਾਰਟੀਆਂ ਦੇ ਨਿੱਤ ਦੇ ਅੰਦੋਲਨਾਂ ਮੂਹਰੇ ਖੁਦ ਨੂੰ ਬੇਵੱਸ ਮਹਿਸੂਸ ਕਰਨ ਲੱਗ ਪਈ ਸੀ ਅਤੇ ਉਸ ਦੇ ਪੁੱਤਰ ਦੀ ਜੁੰਡੀ ਦੀਆਂ ਗਲਤੀਆਂ ਨੇ ਉਸ ਨੂੰ ਐਮਰਜੈਂਸੀ ਲਾ ਕੇ ਆਪਣਾ ਜਲੂਸ ਕਢਵਾਉਣ ਦੇ ਰਾਹ ਪਾ ਦਿੱਤਾ ਸੀ।
ਇਸ ਵੇਲੇ ਭਾਰਤ ਦੀ ਅਗਵਾਈ ਨਰਿੰਦਰ ਮੋਦੀ ਦੇ ਹੱਥ ਹੈ, ਜਿਸ ਦੇ ਪਿੱਛੇ ਬਾਕਾਇਦਾ ਜਥੇਬੰਦ ਫੋਰਸ ਖੜੀ ਹੈ ਤੇ ਉਸ ਦੀ ਆਪਣੀ ਸ਼ਖਸੀਅਤ ਇਸ ਵੇਲੇ ਕਈ ਲੋਕਾਂ ਨੂੰ ਇੰਦਰਾ ਗਾਂਧੀ ਤੇ ਜਵਾਹਰ ਲਾਲ ਨਹਿਰੂ ਤੋਂ ਵੀ ਵੱਡੀ ਜਾਪਣ ਲੱਗ ਪਈ ਹੈ। ਇੰਦਰਾ ਗਾਂਧੀ ਤੇ ਜਵਾਹਰ ਲਾਲ ਨਹਿਰੂ ਧਰਮ-ਨਿਰਪੱਖ ਰਾਜਨੀਤੀ ਕਰਨ ਦੇ ਝੰਡਾ ਬਰਦਾਰ ਸਨ, ਭਾਵੇਂ ਵਕਤ ਮੁਤਾਬਕ ਉਹ ਵੀ, ਖਾਸ ਕਰ ਕੇ ਇੰਦਰਾ ਗਾਂਧੀ, ਧਰਮ ਦਾ ਹੱਥਕੰਡਾ ਵਰਤ ਜਾਂਦੀ ਹੁੰਦੀ ਸੀ, ਪਰ ਨਰਿੰਦਰ ਮੋਦੀ ਏਦਾਂ ਦਾ ਨਹੀਂ, ਉਹ ਧਰਮ-ਨਿਰਪੱਖਤਾ ਨੂੰ ਵਿਖਾਵੇ ਦੀ ਗੱਲ ਕਹਿੰਦਾ ਹੈ ਤੇ ਦੇਸ਼ ਦੀ ਬਹੁ-ਗਿਣਤੀ ਦੇ ਧਰਮ ਦਾ ਝੰਡਾ ਚੁੱਕਣ ਤੋਂ ਕਦੇ ਝਿਜਕਿਆ ਹੀ ਨਹੀਂ। ਚੋਣਾਂ ਦੇ ਦੌਰਾਨ ਉਹ ਏਦਾਂ ਦੇ ਨਾਅਰੇ ਜਦੋਂ ਚੁੱਕਦਾ ਹੈ ਕਿ 'ਜਿਹੜੇ ਪਿੰਡ ਵਿੱਚ ਕਬਰਸਤਾਨ ਹੈ, ਓਥੇ ਸ਼ਮਸ਼ਾਨ ਵੀ ਚਾਹੀਦਾ ਹੈ' ਤਾਂ ਅਰਥ ਇਹ ਨਹੀਂ ਕਿ ਅੱਜ ਤੱਕ ਉਸ ਪਿੰਡ ਵਿਚਲੇ ਲੋਕ ਆਪਣੇ ਮ੍ਰਿਤਕਾਂ ਦਾ ਅੰਤਮ ਸੰਸਕਾਰ ਸ਼ਮਸ਼ਾਨ ਘਾਟ ਤੋਂ ਬਿਨਾਂ ਕਰਦੇ ਸਨ, ਸਗੋਂ ਇਸ ਬਹਾਨੇ ਉਹ 'ਕਬਰਸਤਾਨ' ਵਾਲਿਆਂ ਅਤੇ 'ਸ਼ਮਸ਼ਾਨ' ਵਾਲਿਆਂ ਵਿਚਾਲੇ ਇੱਕ ਕਤਾਰਬੰਦੀ ਕਰ ਦੇਂਦਾ ਹੈ। ਏਦਾਂ ਦੀ ਕਤਾਰਬੰਦੀ ਹੀ ਉਸ ਦੀ ਰਾਜਨੀਤੀ ਤੇ ਚੋਣ ਪੈਂਤੜੇ ਦਾ ਉਹ ਆਧਾਰ ਹੁੰਦੀ ਹੈ, ਜਿਹੜੀ ਇੰਦਰਾ ਗਾਂਧੀ ਤੇ ਜਵਾਹਰ ਲਾਲ ਨਹਿਰੂ ਕਦੇ ਨਹੀਂ ਸਨ ਕਰ ਸਕਦੇ, ਇਸ ਲਈ ਇਸ ਵੇਲੇ ਨਰਿੰਦਰ ਮੋਦੀ ਅੱਗੇ ਅੜਨ ਵਾਲਾ ਕੋਈ ਛੋਟੇ ਕੱਦ ਵਾਲਾ ਆਗੂ ਨਹੀਂ, ਆਪਣੇ ਅਕਸ ਅਤੇ ਇਸ ਦੇ ਨਾਲ ਆਪਣੇ ਪੈਂਤੜਿਆਂ ਅਤੇ ਲੋਕ-ਭਾਸ਼ਾ ਵਿੱਚ ਬੋਲ ਸਕਣ ਵਾਲਾ ਆਗੂ ਚਾਹੀਦਾ ਹੈ। ਅੱਜ ਦੀ ਰਾਜਨੀਤਕ ਸਥਿਤੀ ਵਿੱਚ ਵਿਰੋਧੀ ਧਿਰ ਕੋਲ ਇਹੋ ਜਿਹੇ ਪੱਖ ਤੋਂ ਨਰਿੰਦਰ ਮੋਦੀ ਦੇ ਮੁਕਾਬਲੇ ਦਾ ਲੀਡਰ ਅਜੇ ਉੱਭਰਦਾ ਨਜ਼ਰ ਨਹੀਂ ਪੈਂਦਾ ਅਤੇ ਉਸ ਦਾ ਮੁਕਾਬਲਾ ਕਰਨ ਜੋਗੇ ਲੀਡਰ ਦੀ ਘਾਟ ਵੀ ਲੋਕਤੰਤਰੀ ਸਰਕਾਰ ਨੂੰ ਨਿਰੰਕੁਸ਼ ਬਣਾ ਸਕਦੀ ਹੈ।
ਦਸ ਸਾਲ ਪਹਿਲਾਂ ਅਸੀਂ ਭ੍ਰਿਸ਼ਟਾਚਾਰ ਵਿਰੋਧ ਦੇ ਨਾਂਅ ਹੇਠ ਬਜ਼ੁਰਗ ਸਮਾਜ ਸੇਵੀ ਅੰਨਾ ਹਜ਼ਾਰੇ ਦੀ ਅਗਵਾਈ ਹੇਠ ਇੱਕ ਲਹਿਰ ਚੱਲਦੀ ਵੇਖੀ ਸੀ, ਜਿਸ ਕਾਰਨ ਇੱਕ ਮੌਕੇ ਪਾਰਲੀਮੈਂਟ ਨੂੰ ਦੇਰ ਰਾਤ ਤੱਕ ਬਹਿ ਕੇ ਉਸ ਦੀਆਂ ਮੰਗਾਂ ਮੰਨ ਲੈਣ ਦਾ ਮਤਾ ਪਾਸ ਕਰਨਾ ਅਤੇ ਉਸ ਦੇ ਮੰਚ ਉੱਤੇ ਇੱਕ ਮੰਤਰੀ ਹੱਥ ਭੇਜਣਾ ਪਿਆ ਸੀ। ਉਹ ਲਹਿਰ ਕੁਝ ਚਿਰ ਬਾਅਦ ਸਮੇਟੀ ਗਈ ਅਤੇ ਉਸ ਵਿੱਚੋਂ ਇੱਕ ਨਵੀਂ ਸਿਆਸੀ ਧਿਰ ਆਮ ਆਦਮੀ ਪਾਰਟੀ ਨਿਕਲੀ, ਜਿਹੜੀ ਪਹਿਲਾਂ ਚਾਰ ਦਿਨਾਂ ਦੀ ਚਮਕ ਹੀ ਜਾਪਦੀ ਸੀ, ਪਰ ਅੱਜ ਹਕੀਕਤ ਮੰਨੀ ਜਾਣ ਲੱਗ ਪਈ ਹੈ। ਇਹ ਕੋਈ ਇਨਕਲਾਬੀ ਪਾਰਟੀ ਨਹੀਂ ਤੇ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਜਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਨਕਲਾਬ ਦੇ ਨਾਅਰੇ ਲਾਉਣ ਨਾਲ ਇਨਕਲਾਬੀ ਨਹੀਂ ਮੰਨੀ ਜਾ ਸਕਦੀ, ਪਰ ਇਸ ਨੇ ਲੋਕਾਂ ਵਿੱਚ ਇਹ ਆਸ ਜ਼ਰੂਰ ਪੈਦਾ ਕਰ ਵਿਖਾਈ ਹੈ ਕਿ ਜਦੋਂ ਹਰ ਪਾਸੇ ਭਾਜਪਾ ਹੂੰਝਾ ਫੇਰੀ ਜਾ ਰਹੀ ਹੈ, ਉਸ ਅੱਗੇ ਅੜਨ ਵਾਲਾ ਕੋਈ ਹੈ। ਬਹੁਤ ਸਾਰੇ ਲੋਕਾਂ ਦਾ ਵਿਚਾਰ ਹੈ ਕਿ ਕੇਜਰੀਵਾਲ ਵੀ ਇੱਕ ਤਰ੍ਹਾਂ ਭਾਜਪਾ ਦੀ ਬੀ-ਟੀਮ ਹੈ, ਅਸੀਂ ਉਨ੍ਹਾਂ ਦੀ ਰਾਏ ਨਾਲ ਸਹਿਮਤ ਨਹੀਂ, ਕਾਰਨ ਇਸ ਦਾ ਇਹ ਹੈ ਕਿ ਗੁਰੂ ਗੋਲਵਾਲਕਰ ਦੇ ਵਕਤ ਤੋਂ ਇੱਕ ਖਾਸ ਧਰਮ ਦੀ ਸਰਦਾਰੀ ਦੀ ਸੋਚ ਨਾਲ ਪਰੇਡਾਂ ਕਰ ਕੇ ਪ੍ਰਵਾਨ ਚੜ੍ਹਿਆ ਇੱਕ ਖਾਸ ਵਰਗ ਇਸ ਨਵੀਂ ਪਾਰਟੀ ਦੇ ਪਿੱਛੇ ਖੜੋਤਾ ਨਹੀਂ ਦਿੱਸਦਾ। ਪਰਦੇ ਪਿੱਛੇ ਕੌਣ ਕੀ ਕਰਦਾ ਹੈ, ਇਸ ਨੂੰ ਸਮਝਣਾ ਸਾਡੇ ਲਈ ਮੁਸ਼ਕਲ ਹੋ ਸਕਦਾ ਹੈ, ਪਰ ਦੇਸ਼ ਦੇ ਆਮ ਲੋਕਾਂ ਦਾ ਮੁਹਾਣ ਹੈ ਕਿ ਜਿੱਦਾਂ ਭਾਰਤ ਦੀ ਮੌਜੂਦਾ ਸਰਕਾਰ ਲੋਕਤੰਤਰ ਨੂੰ ਆਪਣੀ ਜਕੜ ਵਿੱਚ ਰੱਖ ਕੇ ਮਰਜ਼ੀ ਮੁਤਾਬਕ ਚਲਾਉਣ ਦੇ ਯਤਨ ਕਰਦੀ ਹੈ, ਉਸ ਦੇ ਮੂਹਰੇ ਕੋਈ ਸਪੀਡ ਬਰੇਕਰ ਚਾਹੀਦਾ ਹੈ ਤੇ ਉਹ ਸਪੀਡ ਬਰੇਕਰ ਆਮ ਆਦਮੀ ਪਾਰਟੀ ਹੋ ਸਕਦੀ ਹੈ।
ਅਸੀਂ ਇਸ ਸੋਚ ਨਾਲ ਪੂਰੇ ਸਹਿਮਤ ਨਹੀਂ ਹੋ ਸਕੇ, ਪਰ ਪਿਛਲੇ ਦਿਨਾਂ ਦੀਆਂ ਘਟਨਾਵਾਂ ਦੌਰਾਨ ਜਿੱਦਾਂ ਕਾਂਗਰਸ ਦੀ ਲੀਡਰਸ਼ਿਪ ਨੂੰ ਆਪਸ ਵਿੱਚ ਘੁਲਦੇ ਤੇ ਖੁਰਦੇ ਵੇਖਿਆ ਹੈ, ਜਿਵੇਂ ਰਾਜਾਂ ਦੀ ਉਸ ਦੀ ਲੀਡਰਸ਼ਿਪ ਅਣਹੋਈ ਬਣਦੀ ਵੇਖੀ ਹੈ, ਉਸ ਨੇ ਕਈ ਨਵੇਂ ਸੰਕੇਤ ਦੇਣੇ ਸ਼ੁਰੂ ਕਰ ਦਿੱਤੇ ਹਨ। ਹਿਮਾਚਲ ਪ੍ਰਦੇਸ਼ ਵਿੱਚ ਅਰਵਿੰਦ ਕੇਜਰੀਵਾਲ ਨੇ ਤਿੰਨ ਰੈਲੀਆਂ ਕੀਤੀਆਂ, ਤਿੰਨੇ ਥਾਂ ਭੀੜਾਂ ਜੁੜੀਆਂ ਵੇਖ ਕੇ ਇੱਕ ਹਫਤੇ ਅੰਦਰ ਭਾਜਪਾ ਵਾਲਿਆਂ ਨੇ ਜਵਾਬੀ ਰੈਲੀਆਂ ਕਰ ਕੇ ਆਪਣੀ ਹੋਂਦ ਵਿਖਾਈ, ਪਰ ਉਸ ਰਾਜ ਵਿੱਚ ਅੱਜ ਤੱਕ ਦੀ ਮੁੱਖ ਵਿਰੋਧੀ ਧਿਰ ਕਾਂਗਰਸ ਕਿਤੇ ਨਹੀਂ ਰੜਕੀ। ਗੁਜਰਾਤ ਦੇ ਕਾਂਗਰਸੀ ਦਿਲ ਛੱਡੀ ਬੈਠੇ ਹਨ ਅਤੇ ਆਪਸੀ ਲੜਾਈ ਕਾਰਨ ਜਿਹੜਾ ਵੀ ਪਾਰਟੀ ਛੱਡੇ, ਸਿਰਫ ਭਾਜਪਾ ਵੱਲ ਜਾਂਦਾ ਹੈ। ਸ਼ਹਿਰਾਂ ਤੇ ਕਸਬਿਆਂ ਦੀਆਂ ਚੋਣਾਂ ਵਿੱਚ ਜਦੋਂ ਕਾਂਗਰਸ ਹਰ ਥਾਂ ਪਛੜਦੀ ਜਾਂਦੀ ਹੈ, ਆਮ ਆਦਮੀ ਪਾਰਟੀ ਵੱਧ ਜਾਂ ਘੱਟ ਜਿੰਨੀਆਂ ਵੀ ਸੀਟਾਂ ਲਵੇ, ਕਾਂਗਰਸ ਦੀ ਥਾਂ ਮੱਲਦੀ ਜਾਪਦੀ ਹੈ। ਪਿਛਲੇ ਐਤਵਾਰ ਹਰਿਆਣੇ ਦੇ ਤਿੰਨ ਸ਼ਹਿਰਾਂ ਵਿੱਚ ਇੱਕੋ ਸਮੇਂ ਤਿੰਨਾਂ ਧਿਰਾਂ ਨੇ ਰੈਲੀਆਂ ਕੀਤੀਆਂ ਤਾਂ ਭਾਜਪਾ ਦੀ ਰੈਲੀ ਆਸ ਮੁਤਾਬਕ ਬਹੁਤ ਤਕੜੀ ਸੀ ਤੇ ਆਮ ਆਦਮੀ ਪਾਰਟੀ ਦਾ ਇਕੱਠ ਵੀ ਬਹੁਤ ਤਕੜਾ ਸੀ, ਪਰ ਕਾਂਗਰਸ ਉਸ ਤਰ੍ਹਾਂ ਦੀ ਭੀੜ ਨਹੀਂ ਜੋੜ ਸਕੀ, ਜਿੱਦਾਂ ਦੀ ਉਸ ਤੋਂ ਆਸ ਕੀਤੀ ਜਾ ਰਹੀ ਸੀ। ਮਰਨੇ ਪਈ ਹੋਈ ਕਾਂਗਰਸ ਪਾਰਟੀ ਨੂੰ ਸੰਭਾਲਣ ਦੀ ਥਾਂ ਇਸ ਦੇ ਉਹ ਆਗੂ ਪਿਛਲੇ ਦਿਨੀਂ ਰਾਜ ਸਭਾ ਸੀਟਾਂ ਲਈ ਵੀ ਇੱਕ ਦੂਸਰੇ ਦੇ ਖੰਭ ਨੋਚਣ ਤੇ ਪਾਰਟੀ ਛੱਡਣ ਲੱਗ ਪਏ, ਜਿਹੜੇ ਪਾਰਟੀ ਦੇ ਭਵਿੱਖ ਵਾਸਤੇ ਹਾਈ ਕਮਾਂਡ ਨਾਲ ਆਢਾ ਲਾਉਣ ਦੇ ਦਾਅਵੇ ਕਰਦੇ ਸਨ। ਸਾਫ ਹੈ ਕਿ ਆਪਸੀ ਆਢਾ ਪਾਰਟੀ ਦੇ ਭਵਿੱਖ ਲਈ ਨਹੀਂ, ਆਪਣੇ ਭਵਿੱਖ ਦੀਆਂ ਲੋੜਾਂ ਵਾਸਤੇ ਲਾਇਆ ਜਾ ਰਿਹਾ ਸੀ। ਫਿਰ ਪਾਰਟੀ ਨੂੰ ਬਚਾਉਣ ਵਾਲਾ ਆਗੂ ਕਿਹੜਾ ਹੈ?
ਬਹੁਤ ਸਾਰੇ ਲੋਕਾਂ ਨੂੰ ਜਾਪਦਾ ਹੈ ਕਿ ਅਗਲੀਆਂ ਲੋਕ ਸਭਾ ਚੋਣਾਂ ਵਿੱਚ ਹਾਲੇ ਦੋ ਸਾਲ ਦੇ ਕਰੀਬ ਪਏ ਹਨ, ਪਰ ਉਹ ਇਹ ਭੁੱਲ ਜਾਂਦੇ ਹਨ ਕਿ ਅੱਗ ਲੱਗੀ ਤੋਂ ਖੂਹ ਪੁੱਟਣ ਵਾਂਗ ਕਿਸੇ ਵੀ ਚੋਣ ਦੰਗਲ ਦੀ ਤਿਆਰੀ ਸਿਰ ਪਏ ਤੋਂ ਨਹੀਂ ਹੋਇਆ ਕਰਦੀ, ਪਹਿਲਾਂ ਕਰਨੀ ਪੈਂਦੀ ਹੈ ਤੇ ਇਸ ਪੱਖੋਂ ਵਿਰੋਧ ਦੀ ਮੁੱਖ ਧਿਰ ਅਵੇਸਲੀ ਹੈ। ਭਾਰਤ ਅਗਲੇ ਚੋਣ ਘੋਲ ਲਈ ਜਦੋਂ ਤਿਆਰ ਹੁੰਦਾ ਪਿਆ ਹੈ, ਉਸ ਦੀ ਤਿਆਰੀ ਲਈ ਸਿਰਫ ਦੋ ਧਿਰਾਂ ਸਰਗਰਮ ਜਾਪਦੀਆਂ ਹਨ ਅਤੇ ਉਹ ਹਨ ਕੇਂਦਰ ਵਿੱਚ ਰਾਜ ਕਰਦੀ ਭਾਜਪਾ ਤੇ ਉਸ ਦਾ ਬਦਲ ਬਣਨ ਦੀ ਇੱਛਾ ਰੱਖਦੀ ਆਮ ਆਦਮੀ ਪਾਰਟੀ। ਅਜੋਕੇ ਹਾਲਾਤ ਵਿੱਚ ਇਹ ਕਹਿਣਾ ਔਖਾ ਹੈ ਕਿ ਆਮ ਆਦਮੀ ਪਾਰਟੀ ਦੀ ਇੱਛਾ ਸਿਰੇ ਚੜ੍ਹੇਗੀ ਜਾਂ ਨਹੀਂ, ਪਰ ਭਾਜਪਾ ਵਿਰੁੱਧ ਪੈਂਤੜੇ ਮੱਲਣ ਵਿੱਚ ਕਸਰ ਉਹ ਨਹੀਂ ਛੱਡ ਰਹੀ। ਮਜ਼ਬੂਤ ਵਿਰੋਧੀ ਧਿਰ ਕਿਉਂਕਿ ਕਿਸੇ ਪਾਰਟੀ ਦੀ ਨਹੀਂ, ਲੋਕਤੰਤਰ ਦੀ ਲੋੜ ਹੁੰਦੀ ਹੈ, ਭਾਰਤ ਦਾ ਲੋਕਤੰਤਰ ਵੀ ਕੁਝ ਨਾ ਕੁਝ ਰੰਗ ਵਿਖਾਵੇਗਾ ਜ਼ਰੂਰ, ਪਰ ਕਿਹੜੇ, ਪਤਾ ਨਹੀਂ।