ਸੰਗਰੂਰ ਤੋਂ ਨਵੀਂ ਸਰਕਾਰ ਦਾ ਟੈੱਸਟ ਨਹੀਂ, ਟੈੱਸਟਾਂ ਦੀ ਲੜੀ ਆਰੰਭ ਹੋਣ ਵਾਲੀ ਹੈ - ਜਤਿੰਦਰ ਪਨੂੰ
ਇੱਕ ਪੁਰਾਣੀ ਕਹਾਣੀ ਸਾਡੇ ਵਿੱਚੋਂ ਬਹੁਤ ਸਾਰਿਆਂ ਨੇ ਸੁਣੀ ਹੋਈ ਹੈ ਕਿ ਇੱਕ ਕਲਾਕਾਰ ਨੇ ਤਸਵੀਰ ਬਣਾ ਕੇ ਚੌਕ ਵਿੱਚ ਰੱਖ ਦਿੱਤੀ ਅਤੇ ਨਾਲ ਇੱਕ ਪੈੱਨ ਰੱਖ ਕੇ ਕੋਲ ਤਖਤੀ ਗੱਡ ਦਿੱਤੀ ਕਿ ਇਸ ਵਿੱਚ ਜਿੱਥੇ ਕੋਈ ਨੁਕਸ ਦੇਖਦੇ ਹੋ, ਉਸ ਥਾਂ ਨਿਸ਼ਾਨੀ ਲਾ ਦਿਉ। ਅਗਲੇ ਦਿਨ ਤੱਕ ਉਹ ਸਾਰੀ ਤਸਵੀਰ ਲੋਕਾਂ ਨੇ ਨਿਸ਼ਾਨੀਆਂ ਲਾ-ਲਾ ਕੇ ਭਰ ਦਿੱਤੀ ਤੇ ਇੰਜ ਜਾਪਦਾ ਸੀ ਕਿ ਲੋਕਾਂ ਦੀ ਸਮਝ ਵਿੱਚ ਉਸ ਕਲਾਕਾਰ ਨੂੰ ਤਸਵੀਰ ਬਣਾਉਣੀ ਹੀ ਨਹੀਂ ਆਉਂਦੀ। ਉਸ ਕਲਾਕਾਰ ਨੇ ਅਗਲੇ ਦਿਨ ਓਸੇ ਤਸਵੀਰ ਦੇ ਨਾਲ ਦੀ ਤਸਵੀਰ ਓਸੇ ਥਾਂ ਰੱਖ ਕੇ ਨਾਲ ਪੈੱਨ ਦੀ ਬਜਾਏ ਬੁਰਸ਼ ਅਤੇ ਹੋਰ ਸਾਮਾਨ ਰੱਖਿਆ ਅਤੇ ਤਖਤੀ ਲਾ ਦਿੱਤੀ ਕਿ ਜਿੱਥੇ ਕੋਈ ਨੁਕਸ ਦਿੱਸਦਾ ਹੈ, ਠੀਕ ਕਰਨ ਦੀ ਕ੍ਰਿਪਾ ਕਰੋ। ਅਗਲੇ ਦਿਨ ਤੱਕ ਲੋਕ ਆਈ ਗਏ, ਵੇਖ ਕੇ ਅੱਗੇ ਲੰਘਦੇ ਗਏ, ਕਿਸੇ ਨੇ ਵੀ ਠੀਕ ਕਰਨ ਦੀ ਹਿੰਮਤ ਨਹੀਂ ਸੀ ਵਿਖਾਈ, ਕਿਉਂਕਿ ਤਸਵੀਰ ਦੇ ਨੁਕਸ ਕੱਢਣਾ ਹੀ ਸੌਖਾ ਸੀ, ਉਸ ਦੇ ਨੁਕਸ ਦੂਰ ਕਰਨਾ ਨੁਕਸ ਦੱਸਣ ਵਰਗਾ ਸੌਖਾਲਾ ਕੰਮ ਨਹੀਂ ਸੀ।
ਭਾਰਤ ਅਤੇ ਇਸ ਵਿੱਚ ਸਾਡੇ ਪੰਜਾਬ ਦੇ ਰਾਜ ਪ੍ਰਬੰਧ ਵਿਚਲੇ ਨੁਕਸ ਦੱਸਣਾ ਵੀ ਸੌਖਾ ਹੋ ਸਕਦਾ ਹੈ ਅਤੇ ਸਾਡੇ ਵਿੱਚੋਂ ਹਰ ਕੋਈ ਪੰਜ ਨੁਕਸ ਪੁੱਛੇ ਜਾਣ ਉੱਤੇ ਪੈਂਤੀ ਗਿਣਾ ਸਕਦਾ ਹੋਵੇਗਾ, ਇਨ੍ਹਾਂ ਨੁਕਸਾਂ ਨੂੰ ਠੀਕ ਕਰਨਾ ਔਖਾ ਹੈ ਤੇ ਠੀਕ ਕਰਨ ਦੇ ਨਾਂਅ ਉੱਤੇ ਕੁਝ ਕਰ ਕੇ ਵਿਖਾਉਣਾ ਹੋਰ ਔਖਾ ਹੈ। ਸਿਰਫ ਔਖਾ ਕਹਿਣ ਦੀ ਥਾਂ ਬਹੁਤ ਸਾਰੇ ਸੱਜਣਾਂ ਨੂੰ ਇਹ ਕਹਿਣ ਵਿੱਚ ਝਿਜਕ ਨਹੀਂ ਹੋਵੇਗੀ ਕਿ ਇਹ ਕੰਮ ਤਾਂ ਹੋਣ ਵਾਲਾ ਹੀ ਨਹੀਂ। ਅੰਨਾ ਹਜ਼ਾਰੇ ਦੀ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਵਿੱਚ ਜਿਹੜੇ ਲੋਕ ਸ਼ਾਮਲ ਹੋਏ ਸਨ, ਉਹ ਕਿਹਾ ਕਰਦੇ ਸਨ ਕਿ ਲੀਡਰ ਦੀ ਨੀਤ ਠੀਕ ਚਾਹੀਦੀ ਹੈ, ਸਮਾਜ ਨੂੰ ਠੀਕ ਕਰਨਾ ਔਖਾ ਨਹੀਂ। ਉਹ ਇਹ ਸੋਚਦੇ ਸਨ ਕਿ ਆਗੂ ਦਾ ਠੀਕ ਹੋਣਾ ਹੀ ਸਾਰਾ ਕੁਝ ਠੀਕ ਕਰ ਦੇਵੇਗਾ, ਪਰ ਅਸੀਂ ਉਸ ਵੇਲੇ ਵੀ ਕਹਿੰਦੇ ਸਾਂ ਕਿ ਜਿਹੜੇ ਸਮਾਜ ਵਿੱਚ ਭ੍ਰਿਸ਼ਟਾਚਾਰ ਘਰ-ਘਰ ਅਤੇ ਨਸ-ਨਸ ਵਿੱਚ ਵੜਿਆ ਪਿਆ ਹੋਵੇ, ਉਸ ਦੇਸ਼ ਵਿੱਚ ਇਹ ਏਨਾ ਸੌਖਾ ਕੰਮ ਨਹੀਂ ਮੰਨਿਆ ਜਾ ਸਕਦਾ। ਇਹ ਗੱਲ ਅਸੀਂ ਅੱਜ ਵੀ ਕਹਿ ਸਕਦੇ ਹਾਂ।
ਸਾਡੇ ਵਿੱਚੋਂ ਬਹੁਤ ਸਾਰਿਆਂ ਦੀ ਇਹ ਆਮ ਧਾਰਨਾ ਹੈ ਕਿ ਆਗੂ ਤੇ ਅਫਸਰ ਗਲਤ ਹੋ ਸਕਦੇ ਹਨ, ਸਮਾਜ ਦੀ ਨੀਂਹ ਮੰਨੇ ਜਾਂਦੇ ਆਮ ਲੋਕ ਗਲਤ ਨਹੀਂ ਹੁੰਦੇ। ਪਿਛਲੇ ਸਮੇਂ ਵਿੱਚ ਸਾਡੇ ਅੱਖਾਂ ਅੱਗੇ ਇਹ ਕੁਝ ਵੀ ਹੋਇਆ ਕਿ ਭ੍ਰਿਸ਼ਟ ਲੀਡਰਾਂ ਨੇ ਆਮ ਲੋਕਾਂ ਨੂੰ ਗਲਤ ਲੀਹੇ ਪਾ ਕੇ ਪੰਜੀ-ਦੁੱਕੀ ਦੇ ਭ੍ਰਿਸ਼ਟਾਚਾਰ ਵਿੱਚ ਏਦਾਂ ਫਸਾ ਦਿੱਤਾ ਕਿ ਗਲਤ ਕੰਮਾਂ ਦੇ ਖਿਲਾਫ ਬੋਲਣ ਅਤੇ ਕੁਝ ਕਰਨ ਵਾਲਾ ਹਰ ਵਿਅਕਤੀ ਜਾਂ ਤਾਂ ਚੋਣਵੀਆਂ ਮੱਛੀਆਂ ਫੜੇ, ਜਾਂ ਫਿਰ ਸਮਾਜ ਦੇ ਆਮ ਲੋਕਾਂ ਨਾਲ ਆਢਾ ਲਾਉਣ ਲੱਗਾ ਰਹੇਗਾ। ਇਹ ਗੱਲ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਵਜੋਂ ਪਹਿਲੀ ਵਾਰ ਪੰਜਾਬ ਦੀ ਵਾਗ ਫੜਨ ਵੇਲੇ ਵੀ ਕਹੀ ਸੀ। ਕਾਰਨ ਇਹ ਸੀ ਕਿ ਉਸ ਨੇ ਆਉਂਦੇ ਸਾਰ ਪਿਛਲੀ ਬਾਦਲ ਸਰਕਾਰ ਦੇ ਵੇਲੇ ਸਮਾਜ-ਭਲਾਈ ਸਕੀਮ ਵਾਲੀਆਂ ਬੁਢਾਪਾ, ਵਿਧਵਾ ਅਤੇ ਹੋਰ ਪੈਨਸ਼ਨਾਂ ਅਤੇ ਸ਼ਗਮ ਸਕੀਮ ਦੇ ਫੰਡਾਂ ਦੀ ਵਰਤੋਂ ਦੀ ਜਾਂਚ ਸ਼ੁਰੂ ਕਰਵਾ ਦਿੱਤੀ ਸੀ। ਪਹਿਲੇ ਝਟਕੇ ਵਿੱਚ ਹੀ ਇਹ ਗੱਲ ਬਾਹਰ ਆ ਗਈ ਕਿ ਪੰਜਾਬ ਵਿੱਚ ਵੀਹ ਹਜ਼ਾਰ ਤੋਂ ਵੱਧ ਲੋਕਾਂ ਨੂੰ ਇਹ ਪੈਨਸ਼ਨਾਂ ਗਲਤ ਮਿਲੀ ਜਾ ਰਹੀਆਂ ਸਨ। ਜਵਾਨ ਮੁੰਡਿਆਂ ਨੇ ਬੁਢਾਪਾ ਪੈਨਸ਼ਨ ਲਈ ਵੱਡੀ ਉਮਰ ਦੇ ਸਰਟੀਫਿਕੇਟ ਡਾਕਟਰਾਂ ਤੋਂ ਬਣਵਾਏ ਸਨ ਤਾਂ ਜਾਂਚ ਵਿੱਚ ਉਹ ਸਾਰੇ ਡਾਕਟਰ ਤੇ ਪਿੰਡ ਦੇ ਲੰਬੜਦਾਰ ਸਮੇਤ ਕਈ ਲੋਕ ਫਸਣੇ ਸਨ। ਕੁਆਰੀਆਂ ਕੁੜੀਆਂ ਦੀ ਵਿਧਵਾ ਪੈਨਸ਼ਨ ਦੇ ਕੇਸਾਂ ਵਿੱਚ ਵੀ ਇਹੋ ਕੁਝ ਹੋਇਆ ਸੀ ਅਤੇ ਸ਼ਗਨ ਸਕੀਮ ਦੇ ਚੈੱਕਾਂ ਵਿੱਚ ਹੋਰ ਵੀ ਕਮਾਲ ਹੋ ਗਈ ਸੀ। ਫਰੀਦਕੋਟ ਵਿੱਚ ਇੱਕ ਅਕਾਲੀ ਕੌਂਸਲਰ ਨੇ ਆਪਣੀ ਮਾਂ ਨੂੰ ਉਨ੍ਹਾਂ ਦੋ ਧੀਆਂ ਦੇ ਵਿਆਹ ਦੇ ਚੈੱਕ ਦਿਵਾ ਲਏ ਸਨ, ਜਿਹੜੀਆਂ ਕਦੀ ਜੰਮੀਆਂ ਹੀ ਨਹੀਂ ਸਨ ਤੇ ਜਦੋਂ ਇਸ ਦੀ ਜਾਂਚ ਹੋਈ ਤਾਂ ਉਨ੍ਹਾਂ ਦੇ ਅਣਹੋਏ ਵਿਆਹਾਂ ਦੀ ਤਸਦੀਕ ਉਸ ਨੇ ਦੂਸਰੇ ਕੌਂਸਲਰ ਤੋਂ ਕਰਵਾਈ ਨਿਕਲੀ ਸੀ। ਏਦਾਂ ਹਰ ਕੇਸ ਵਿੱਚ ਇੱਕ ਲਾਭ-ਪਾਤਰੀ ਦੇ ਨਾਲ ਤਸਦੀਕ ਕਰਨ ਵਾਲੇ ਦਸ-ਬਾਰਾਂ ਜਣੇ ਫਸ ਸਕਦੇ ਸਨ ਅਤੇ ਇੱਕ ਜਣਾ ਛੱਡ ਦਿੱਤਾ ਤਾਂ ਬਾਕੀ ਇਸ ਦੀ ਦੁਹਾਈ ਪਾਉਂਦੇ ਸਨ। ਪੰਜਾਬ ਭਰ ਵਿੱਚੋਂ ਅੱਧੇ ਲੱਖ ਦੇ ਕਰੀਬ ਨਾਜਾਇਜ਼ ਲਾਭ ਹਾਸਲ ਕਰਨ ਵਾਲੇ ਅਤੇ ਉਨ੍ਹਾਂ ਨਾਲ ਤਸਦੀਕ ਕਰਨ ਵਾਲੇ ਲੋਕ ਫੜੇ ਜਾਂਦੇ ਤਾਂ ਲੱਖ ਤੋਂ ਵੱਧ ਲੋਕਾਂ ਨੂੰ ਜੇਲ੍ਹਾਂ ਵਿੱਚ ਰੱਖਣਾ ਤੇ ਫਿਰ ਉਨ੍ਹਾਂ ਦੇ ਕੇਸ ਦਾ ਅੰਤਲਾ ਫੈਸਲਾ ਹੋਣ ਤੱਕ ਮੁਫਤ ਦੀਆਂ ਰੋਟੀਆਂ ਦੇਣਾ ਕਿਸੇ ਸਰਕਾਰ ਦੇ ਵੱਸ ਦਾ ਨਹੀਂ ਸੀ। ਇਸ ਦੇ ਨਾਲ ਪਿੰਡ-ਪਿੰਡ ਨਵੀਂ ਸਰਕਾਰ ਦੇ ਖਿਲਾਫ ਇੱਕ ਮੁਹਿੰਮਬਾਜ਼ਾਂ ਦੀ ਨਵੀਂ ਧਿਰ ਵੀ ਖੜੀ ਹੋ ਜਾਣੀ ਸੀ, ਜਿਸ ਤੋਂ ਬਚਣ ਲਈ ਕਾਂਗਰਸੀਆਂ ਨੇ ਫਾਰਮੂਲਾ ਲੱਭ ਲਿਆ ਕਿ ਕਿਸੇ ਨੂੰ ਫੜਨ ਦੀ ਲੋੜ ਨਹੀਂ, ਜਿਹੜਾ ਕਮਾਈ ਦਾ ਰਾਹ ਅਕਾਲੀਆਂ ਨੇ ਵਰਤਿਆ ਹੋਇਆ ਸੀ, ਉਹੀ ਰਾਹ ਕਾਂਗਰਸ ਦੇ ਉੱਪਰੋਂ ਲੈ ਕੇ ਹੇਠਾਂ ਪਿੰਡ ਪੱਧਰ ਤੱਕ ਦੇ ਆਗੂ ਵੀ ਵਰਤਣ ਲੱਗ ਪਏ।
ਅਗਲੇ ਵੀਹ ਸਾਲ ਇਨ੍ਹਾਂ ਦੋਵਾਂ ਰਾਜਸੀ ਪਾਰਟੀਆਂ ਦੇ ਆਗੂਆਂ ਨੇ ਹਰ ਪਾਸੇ ਆਮ ਲੋਕਾਂ ਨੂੰ ਪੰਜੀ-ਦੁੱਕੀ ਵਾਲਾ ਦਾਅ ਲਾਉਣ ਦਾ ਇਹੋ ਜਿਹਾ ਚਸਕਾ ਲਾਇਆ ਕਿ 'ਚੋਰੀ ਲੱਖ ਦੀ ਵੀ ਤੇ ਕੱਖ ਦੀ ਵੀ' ਦੇ ਅਖਾਣ ਵਾਂਗ ਅਕਾਲੀ ਅਤੇ ਕਾਂਗਰਸੀ ਵਰਕਰ ਆਮ ਲੋਕਾਂ ਨੂੰ ਉਨ੍ਹਾਂ ਦੀ ਕਮੀ ਦਿਖਾ ਕੇ ਮਗਰ ਲਾ ਤੁਰਦੇ ਹਨ। ਨਹਿਰ ਦੇ ਪਾਣੀ ਦੀ ਚੋਰੀ ਦਾ ਕਿਸੇ ਸਾਧਾਰਨ ਕਿਸਾਨ ਦਾ ਕਦੇ-ਕਦਾਈਂ ਦਾ ਮਾਮਲਾ ਚਰਚਾ ਵਿੱਚ ਆ ਜਾਂਦਾ ਹੈ ਅਤੇ ਪਹਿਲਾਂ ਕਾਂਗਰਸੀ ਮੰਤਰੀ ਅਤੇ ਫਿਰ ਅਕਾਲੀ ਦਲ ਦੀ ਸਰਕਾਰ ਵੇਲੇ ਚੇਅਰਮੈਨ ਰਹਿ ਚੁੱਕੇ ਲੀਡਰ ਦਾ ਪਰਵਾਰ ਨਹਿਰ ਵਿੱਚ ਪੱਕੇ ਮੋਘੇ ਜੜ ਕੇ ਸਾਰਾ ਪਾਣੀ ਖਿੱਚੀ ਜਾਂਦਾ ਹੋਵੇ, ਟੇਲ ਉੱਤੇ ਕਦੇ ਪਾਣੀ ਨਾ ਪਹੁੰਚਣ ਦੇਵੇ, ਅਣਗੌਲਿਆ ਰਹਿ ਜਾਂਦਾ ਸੀ। ਨਵੀਂ ਸਰਕਾਰ ਆਪਣੇ ਤੌਰ ਉੱਤੇ ਮੁੱਢ ਵਿੱਚ ਕੁਝ ਕਦਮ ਚੁੱਕਣ ਲੱਗੀ ਹੈ, ਇਸ ਦੇ ਹੇਠਲੇ ਅਫਸਰਾਂ ਨੇ ਪਾਣੀ ਦੀ ਚੋਰੀ, ਘਰਾਂ ਦੇ ਬਿਜਲੀ ਮੀਟਰ ਆਦਿ ਦੇ ਮਾਮਲਿਆਂ ਵਿੱਚ ਆਮ ਲੋਕਾਂ ਉੱਤੇ ਕੌੜੀ ਅੱਖ ਦੀ ਝਲਕ ਦੇਣੀ ਸ਼ੁਰੂ ਕਰ ਦਿੱਤੀ, ਪਰ ਜਿਹੜੇ ਵੱਡੇ ਲੀਡਰਾਂ ਵੱਲ ਲੱਖਾਂ ਰੁਪਏ ਦੇ ਬਕਾਏ ਹਨ, ਕਰੋੜਾਂ ਦੀ ਚੋਰੀ ਕਰੀ ਜਾਂਦੇ ਹਨ, ਹੇਠਲੇ ਅਧਿਕਾਰੀ ਉਨ੍ਹਾਂ ਵੱਲ ਇਸ ਲਈ ਝਾਕਦੇ ਤੱਕ ਨਹੀਂ ਕਿ ਕੱਲ੍ਹ ਤੱਕ ਉਨ੍ਹਾਂ ਨਾਲ ਮਿਲ ਕੇ ਖਾਂਦੇ ਰਹੇ ਸਨ ਅਤੇ ਭਵਿੱਖ ਵਿੱਚ ਵੀ ਉਨ੍ਹਾਂ ਦੀ ਇਸ ਰਿਸ਼ਤੇਦਾਰੀ ਲਈ ਝਾਕ ਹਾਲੇ ਮੁੱਕੀ ਨਹੀਂ। ਉਹ ਸਰਕਾਰ ਦੀਆਂ ਹਦਾਇਤਾਂ ਨੂੰ ਟਿੱਚ ਜਾਣਦੇ ਅਤੇ ਰਾਤ-ਦਿਨ ਉਨ੍ਹਾਂ ਨਾਲ ਲਗਾਤਾਰ ਸਾਂਝ ਰੱਖੀ ਜਾ ਰਹੇ ਹਨ, ਜਿਨ੍ਹਾਂ ਨਾਲ ਸਾਲਾਂ-ਬੱਧੀ ਖਾਣ-ਪੀਣ ਅਤੇ ਕਮਾਉਣ ਦਾ ਗੱਠਜੋੜ ਬਣਿਆ ਹੋਇਆ ਹੈ।
ਪੰਜਾਬ ਦੀ ਨਵੀਂ ਸਰਕਾਰ ਦੇ ਮੁੱਖ ਮੰਤਰੀ ਨੇ ਆਪਣੇ ਇੱਕ ਮੰਤਰੀ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਦਾ ਇਕਬਾਲ ਕਰ ਲੈਣ ਦੇ ਬਾਅਦ ਮੰਤਰੀਪੁਣੇ ਤੋਂ ਕੱਢਿਆ ਅਤੇ ਪੁਲਸ ਦੇ ਹਵਾਲੇ ਕੀਤਾ ਹੈ, ਪਰ ਇਸ ਦੀ ਪਹਿਲੇ ਦਿਨ ਜਿਹੜੇ ਲੋਕਾਂ ਨੇ ਸ਼ਲਾਘਾ ਕਰਨ ਦੀ ਹਿੰਮਤ ਵਿਖਾਈ, ਉਸ ਤੋਂ ਅਗਲੇ ਦਿਨ ਇਸ ਉੱਤੇ ਕਿੰਤੂ ਕਰਨ ਲੱਗੇ ਸਨ। ਉਹ ਇਹ ਕਹਿਣ ਲੱਗੇ ਹਨ ਕਿ ਇਹ ਸੰਗਰੂਰ ਦੀ ਸੀਟ ਜਿੱਤਣ ਲਈ ਰਚਿਆ ਡਰਾਮਾ ਹੈ, ਪਰ ਏਦਾਂ ਦਾ ਡਰਾਮਾ ਆਪਣੀ ਸਰਕਾਰ ਹੁੰਦਿਆਂ ਤੋਂ ਕਾਂਗਰਸੀ ਜਾਂ ਅਕਾਲੀ ਕਿਉਂ ਨਹੀਂ ਕਰ ਸਕੇ, ਇਸ ਬਾਰੇ ਉਹ ਕਦੇ ਨਹੀਂ ਬੋਲਦੇ। ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਵੇਲੇ ਭ੍ਰਿਸ਼ਟਾਚਾਰ ਵਿਰੁੱਧ ਵੱਡਾ ਮਾਅਰਕਾ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਰਵਿੰਦਰਪਾਲ ਸਿੰਘ ਸਿੱਧੂ ਉਰਫ ਰਵੀ ਸਿੱਧੂ ਦੀ ਗ੍ਰਿਫਤਾਰੀ ਵਾਲਾ ਮਾਰਿਆ ਤੇ ਹਰ ਪਾਸੇ ਭੱਲ ਬਣਾ ਲਈ ਸੀ, ਪਰ ਇਸ ਦੀ ਭੱਲ ਦੋ ਮਹੀਨੇ ਵੀ ਕਾਇਮ ਨਾ ਰਹਿ ਸਕੀ। ਜਦੋਂ ਰਵੀ ਸਿੱਧੂ ਵਾਲੇ ਬੈਂਕ ਲਾਕਰ ਖੋਲ੍ਹੇ ਤਾਂ ਉਨ੍ਹਾਂ ਵਿੱਚੋਂ ਨਿਕਲੇ ਨੋਟਾਂ ਨਾਲ ਬੈਂਕ ਬ੍ਰਾਂਚ ਦੇ ਫਰਸ਼ ਦਰੀ ਵਾਂਗ ਢੱਕੇ ਗਏ ਸਨ, ਪਰ ਅਗਲੇ ਦਿਨ ਪਤਾ ਲੱਗਾ ਕਿ ਸਾਰੇ ਪੈਸੇ ਸਰਕਾਰੀ ਖਜ਼ਾਨੇ ਵਿੱਚ ਪੁੱਜਣ ਦੀ ਥਾਂ ਅੱਧ-ਪਚੱਧੇ ਇਸ ਕੇਸ ਵਿੱਚ ਪਾਏ ਗਏ ਅਤੇ ਬਾਕੀਆਂ ਲਈ ਬਾਂਦਰ-ਵੰਡ ਦੇ ਕਾਰਨ ਝਗੜਾ ਪੈ ਗਿਆ ਸੀ।
ਇਸ ਵਕਤ ਆਮ ਲੋਕਾਂ ਵਿੱਚ ਨਵੀਂ ਬਣੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਾਰੇ ਪਹਿਲਾ ਪ੍ਰਭਾਵ ਕੁਝ ਚੰਗਾ ਜਾਪਦਾ ਹੈ, ਪਰ ਇਹ ਪ੍ਰਭਾਵ ਕਦੇ ਵੀ ਸਥਾਈ ਨਹੀਂ ਹੁੰਦਾ। ਜੇ ਇਹ ਪ੍ਰਭਾਵ ਕਾਇਮ ਰੱਖਣਾ ਹੈ ਤਾਂ ਅਗਲੇ ਦਿਨਾਂ ਵਿੱਚ ਮੰਤਰੀ ਅਹੁਦੇ ਤੋਂ ਹਟਾਏ ਗਏ ਵਿਜੇ ਸਿੰਗਲਾ ਵਾਂਗ ਕੁਝ ਹੋਰ ਬੱਦੂ ਬੰਦੇ ਪਕੜਨੇ ਅਤੇ ਲੋਕਾਂ ਨੂੰ ਦੱਸਣਾ ਹੋਵੇਗਾ ਕਿ ਚੁਣ ਕੇ ਇੱਕੋ ਸ਼ਿਕਾਰ ਨਹੀਂ ਫੁੰਡਿਆ, ਭ੍ਰਿਸ਼ਟਾਚਾਰ ਨੂੰ ਹੂੰਝਣ ਦਾ ਆਗਾਜ਼ ਹੀ ਕੀਤਾ ਹੈ। ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕਾਂ ਬਾਰੇ ਤੇ ਮੰਤਰੀਆਂ ਵਿੱਚੋਂ ਕੁਝ ਦੇ ਪਰਵਾਰਾਂ ਦੇ ਮੈਂਬਰਾਂ ਬਾਰੇ ਗੱਲਾਂ ਸੁਣਨ ਲੱਗ ਪਈਆਂ ਹਨ ਤਾਂ ਉਨ੍ਹਾਂ ਬਾਰੇ ਕੁਝ ਕਰ ਕੇ ਵਿਖਾਉਣਾ ਪਵੇਗਾ, ਨਹੀਂ ਤਾਂ ਇਹ ਪ੍ਰਭਾਵ ਕੱਚੇ ਰੰਗ ਵਾਂਗ ਲੱਥ ਜਾਵੇਗਾ। ਸੰਗਰੂਰ ਹਲਕੇ ਦੀ ਉੱਪ ਚੋਣ ਹੋਣ ਵਾਲੀ ਹੈ, ਪਰ ਇਹ ਪੰਜਾਬ ਦੀ ਸਰਕਾਰ ਦਾ ਇੱਕੋ-ਇੱਕ ਟੈੱਸਟ ਨਹੀਂ, ਟੈੱਸਟਾਂ ਦੀ ਲੜੀ ਦਾ ਮੁੱਢ ਮੰਨ ਕੇ ਚੱਲਣਾ ਪਵੇਗਾ, ਲੋਕ ਪੈਰ-ਪੈਰ ਉੱਤੇ ਸਰਕਾਰ ਦੇ ਵਿਹਾਰ ਨੂੰ ਪਰਖਣਗੇ। ਅਗਲੀਆਂ ਲੋਕ ਸਭਾਂ ਚੋਣਾ ਹੋਣ ਨੂੰ ਦੋ ਸਾਲ ਤੋਂ ਘੱਟ ਸਮਾਂ ਬਾਕੀ ਰਹਿ ਗਿਆ ਹੈ, ਅਸਲੀ ਟੈੱਸਟ ਉਸ ਵੇਲੇ ਹੋਵੇਗਾ। ਸਰਕਾਰ ਬਣਾਉਣ ਤੋਂ ਮਸਾਂ ਦੋ ਸਾਲ ਪਿੱਛੋਂ ਅਕਾਲੀ-ਭਾਜਪਾ ਸਰਕਾਰ ਵੀ ਪਾਰਲੀਮੈਂਟ ਚੋਣਾਂ ਵਿੱਚ ਹਾਰ ਗਈ ਸੀ ਤੇ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਚੱਲਦੀ ਕਾਂਗਰਸ ਪਾਰਟੀ ਨਾਲ ਵੀ ਦੋ ਸਾਲ ਦੀ ਸਰਕਾਰ ਚੱਲਣ ਪਿੱਛੋਂ ਇਹੋ ਵਾਪਰਿਆ ਸੀ। ਭਗਵੰਤ ਮਾਨ ਦੀ ਅਗਵਾਈ ਹੇਠ ਚੱਲਦੀ ਆਮ ਆਦਮੀ ਪਾਰਟੀ ਨੇ ਏਦਾਂ ਦਾ ਝਟਕਾ ਨਹੀਂ ਖਾਣਾ ਤਾਂ ਉਸ ਨੂੰ ਸੰਭਲ ਕੇ ਚੱਲਣਾ ਹੋਵੇਗਾ।