ਤਾਇਆ ਬਿਸ਼ਨਾ ਖੜਾ ਚੌਰਾਹੇ 'ਚ ! - ਬੁੱਧ ਸਿੰਘ ਨੀਲੋਂ
ਬਿਸ਼ਨੇ ਨੇ ਜਦੋਂ ਦਾ ਜੈਤੋਂ ਦਾ ਖਹਿੜਾ ਛੱਡਿਆ, ਉਦੋਂ ਦਾ ਹੀ ਅਜਿਹੀ ਥਾਂ ਦੀ ਭਾਲ 'ਚ ਹੈ, ਜਿਥੇ ਜ਼ਿੰਦਗੀ ਨੂੰ ਅਰਾਮ ਨਾਲ ਬਹਿ ਕੇ ਕੱਟ ਸਕੇ ਪਰ ਉਸਦੇ ਮੱਥੇ ਦੀ ਸੋਚ ਉਸਨੂੰ ਇੱਕ ਪਲ ਵੀ ਮੀਲ ਪੱਥਰ ਨੀਂ ਬਣਨ ਦੇਂਦੀ। ਉਹ ਆਪਣੇ ਹਿੱਸੇ ਦੀ ਰੋਸ਼ਨੀ ਵੰਡ ਦੇਣੀ ਚਾਹੁੰਦਾ ਹੈ। ਉਹ ਨਹੀਂ ਚਾਹੁੰਦਾ ਕਿ ਉਹ ਚੁੱਪ ਕਰਕੇ ਬੈਠ ਜਾਵੇ।
ਇੱਕ ਦਿਨ ਮਹਾਂਨਗਰ ਦੇ ਇੱਕ ਚੌਕ ਨੂੰ ਪਾਰ ਕਰਨ ਲੱਗਿਆਂ, ਟ੍ਰੈਫਿਕ 'ਚ ਫਸ ਗਿਆ। ਉਸ ਨੇ ਜਦੋਂ ਚੁਫੇਰੇ ਨਿਗਾ ਘੁੰਮਾਈ ਤਾਂ ਚੌਕ ਦੇ ਚਾਰੇ ਪਾਸੇ ਵੱਡੇ ਛੋਟੇ ਵਾਹਨ ਇੱਕ ਦੂਜੇ ਤੋਂ ਅੱਗੇ ਲੰਘਣ ਲਈ ਦੌੜਦੇ ਹਨ ਜਿਵੇਂ ਪੂਛ ਨੂੰ ਅੱਗ ਲੱਗੀ ਹੋਵੇ। ਉਹ ਤਾਂ ਫ਼ਾਇਰ ਬ੍ਰਿਗੇਡ ਵਾਲੀਆਂ ਗੱਡੀਆਂ ਵਾਂਗ ਇਉਂ ਭੱਜੇ ਜਾਂਦੇ ਹਨ, ਜਿਵੇਂ ਕਿਤੇ ਅੱਗ ਬੁਝਾਉਣੀ ਹੋਵੇ। ਉਹ ਸੋਚਦਾ ਅੱਗ ਤਾਂ ਇੱਕ ਪਾਸੇ ਲੱਗੀ ਹੋ ਸਕਦੀ ਹੈ ਪਰ ਇਹ ਤਾਂ ਚਾਰੇ ਦਿਸ਼ਾਵਾਂ ਨੂੰ ਭੱਜੀ ਜਾ ਰਹੇ ਹਨ, ਜਿਵੇਂ ਸਾਰੇ ਹੀ ਸ਼ਹਿਰ ਨੂੰ ਅੱਗ ਲੱਗੀ ਹੋਵੇ?
ਅੱਗ ਤਾਂ ਕਿਤੇ ਵੀ ਲੱਗੀ ਦਿਸਦੀ ਨੀ ਪਰ ਹਰ ਗੱਡੀ ਦੇ ਪਿੱਛਿਉਂ ਧੂੰਆਂ ਜ਼ਰੂਰ ਨਿਕਲਦਾ ਦਿਸਦਾ ਹੈ। ਉਹ ਸੋਚਦਾ ਸੜਕਾਂ 'ਤੇ ਭੱਜੇ ਜਾਂਦੇ ਇਹ ਵਾਹਨ ਕਿਤੇ ਰੁਕਦੇ ਹੋਣਗੇ? ਉਸਨੂੰ ਇੰਝ ਲਗਦਾ ਹੈ ਜਿਵੇਂ ਮਨੁੱਖ ਖੜ ਗਿਆ ਹੋਵੇ ਤੇ ਮੋਟਰ ਗੱਡੀਆਂ ਦੇ ਘੜਮੱਸ ਤੋਂ ਠਿੱਠ ਹੋਇਆ ਉਹ ਸੜਕ ਦੇ ਕਿਨਾਰੇ ਉੱਚੀ ਥਾਂ ਉਪਰ ਬੈਠਾ ਆਉਂਦੀਆਂ ਜਾਂਦੀਆਂ ਮੋਟਰ ਗੱਡੀਆਂ ਨੂੰ ਤੱਕਣ ਲੱਗਿਆ।
ਸਾਹਮਣੇ ਤੋਂ ਘੋੜੀ ਉੱਤੇ ਸਮਾਨ ਲੱਦੀ ਆਉੁਂਦਾ ਉਸਨੂੰ 'ਅਜਾਤ ਸੁੰਦਰੀ' ਵਾਲਾ ਮਨਮੋਹਨ ਬਾਵਾ ਦਿਖਿਆ। ਜਦੋਂ ਉਸ ਨੇ ਉਸ ਵੱਲ ਵੇਖਿਆ ਤਾਂ ਉਦੋਂ ਤੀਕ 'ਯੁੱਧ ਨਾਦ' ਦਾ ਬਿਗਲ ਵੱਜ ਚੁੱਕਿਆ ਸੀ। ਦਿੱਲੀ ਦੇ ਕਿਸਾਨ ਅੰਦੋਲਨ ਸ਼ੁਰੂ ਹੋ ਗਿਆ ਸੀ। ਐਨੇ ਨੂੰ ' ਤਫ਼ਤੀਸ਼' ਕਰਕੇ 'ਕਟਹਿਰੇ' ਤੋਂ ਮੁੜਿਆ ਮਿੱਤਰ ਸੈਨ ਮੀਤ 'ਕੌਰਵ ਸਭਾ' ਦੇ ਇਸ਼ਤਿਹਾਰ ਵੰਡਦਾ ਉਹਦੇ ਕੋਲ ਆ ਗਿਆ। ਕਹਿੰਦਾ ''ਬਿਸ਼ਨਿਆ ਐਵੇ ਨਾ ਝੂਰ ਇਹ ਜ਼ਿੰਦਗੀ 'ਕੌਰਵ ਸਭਾ' ਹੈ, ਇਸਨੂੰ ਹੁਣ 'ਸੁਧਾਰ ਘਰ' ਲੈ ਕੇ ਜਾਣ ਦੀ ਜ਼ਰੂਰਤ ਐ, ਤੂੰ ਸੁਣਾ ਕਿਵੇਂ ਬੈਠੈ?''
ਉਹ ਮੀਤ ਨਾਲ ਗੱਲਾਂ ਕਰਨ ਲੱਗਿਆ ਤਾਂ ਐਨੇ ਨੂੰ ਕਨੇਡੋਂ ਪਰਤਿਆ ਮੋਗੇ ਵਾਲਾ ਬਾਣੀਆ ਕੇ. ਐਲ. ਗਰਗ ਆਪਣਾ 'ਆਖਰੀ ਪੱਤਾ' ਸੁੱਟ ਕੇ ਬੋਲਿਆ '' ਇਸ ਭੀੜ 'ਚ ਖੇਡਣਾ ਤਾਂ ਗਿੱਟੇ ਗੋਡੇ ਤੁੜਵਾਉਣ ਦੇ ਤੁੱਲ ਏ।'' ਜਦ ਨੂੰ ਬੁੱਕ ਸਟਾਲ ਉੱਤੇ ' ਕਹਾਣੀ ਪੰਜਾਬ' ਫੜਾ ' ਕੋਠੇ ਖੜਕ ਸਿੰਘ' ਵਾਲਾ ਰਾਮ ਸਰੂਪ ਅਣਖੀ ਆ ਕੇ ਬੋਲਿਆ, ''ਬਿਸ਼ਨ ਸਿਆਂ, ਸਰਦਾਰੋ, ਪਰਤਾਪੀ ਤੇ ਜੱਸੀ ਸਰਪੰਚ ਤਾਂ ਸਲਫ਼ਾਸ ਖਾ ਕੇ ਮਰ ਗਏ, ਉਨਾਂ ਦੇ ਬੱਚਿਆਂ ਦੀ ਹਾਲਤ ਵੇਖ ਕੇ ' ਬਸ ਹੋਰ ਨਹੀਂ' ਲਿਖਿਆ ਜਾਂਦਾ।''
ਉਦੋਂ ਹੀ ਸਪੀਕਰ ਵਾਲੇ ਆਟੋ ਰਿਕਸ਼ੇ ਤੋਂ ਆਵਾਜ਼ ਆਈ। '' ਸੁਣੋ ਸੁਣੋ ਜੀ . . ' ਹਵਾ 'ਚ ਲਿਖੇ ਹਰਫ਼ ' ਵਾਲਾ ਸੁਰਜੀਤ ਪਾਤਰ ' ਬਿਰਖਾਂ ਦੀ ਅਰਜ਼' ਕਰਦਾ ਹੋਇਆ ' ਹੁਕਮੀ ਦੀ ਹਵੇਲੀ' ਦਾ ਮਾਲਕ ਬਣ ਗਿਆ ਏ, ਜਿੱਥੇ ਅੱਜ ਰਾਤ ਸੁਰਮਈ ਸ਼ਾਮ ਹੋਣੀ ਐ।'' ਏਨੇ ਨੂੰ ' ਸੂਰਜ ਦੀ ਦਹਿਲੀਜ਼ ' ਵਾਲੀ 'ਧੁੱਪ ਦੀ ਚੁੰਨੀ' ਲਈਂ ਸੁਖਵਿੰਦਰ ਅੰਮ੍ਰਿਤ ਆ ਕੇ ਤਾਏ ਬਿਸ਼ਨੇ ਕੋਲ ਬੈਠ ਗਈ।
ਸਪੀਕਰ ਦਾ ਅਜੇ ਸਾਹ ਨਹੀਂ ਸੀ ਸੁਕਿਆ। ਉਦੋਂ ਹੀ 'ਹਾਰੇ ਦੀ ਅੱਗ' ਵਾਲਾ ਬਲਜਿੰਦਰ ਨਸਰਾਲੀ ' ਡਾਕਖਾਨਾ ਖਾਸ' ਮੋਢੇ ਉੱਤੇ ਚੁੱਕੀ ਆਉੁਂਦਾ ਬੋਲਿਆ, ''ਇਹ 'ਵੀਹਵੀਂ ਸਦੀ ਦੀ ਆਖਰੀ ਕਥਾ' ਆਪ ਪੜੋ ਤੇ ਅਪਣੇ ਬੱਚਿਆਂ ਨੂੰ ਪੜਾਉਂ।'' ਪਰ ਇਸ ਮਹਾਂਨਗਰ ਦੇ ਚੌਕ ਵਿੱਚ 'ਨੀਰੋ ਦੀ ਬੰਸਰੀ' ਦੀ ਆਵਾਜ਼ ਕੌਣ ਸੁਣੇ ਤਾਂ ਭਗਵਾਨ ਢਿਲੋਂ ਕਹਿੰਦਾ ''ਹੁਣ ਤਾਂ ਚਾਰ ਚੁਫੇਰਾ ''ਕਲਿੰਗਾ'' ਬਣ ਗਿਆ ਏ ''ਉਦਾਸੀ ਹੀਰੇ ਹਰਨ ਦੀ '' ਕੌਣ ਸਮਝੇ।'' ਜਦ ਨੂੰ ਉੱਚੀਆਂ ਇਮਾਰਤਾਂ ਨੂੰ ਵੇਖਦਾ ਭੋਲਾ ਸਿੰਘ ਸੰਘੇੜਾ ਬੋਲਿਆ, ''ਬਾਈ ਜੀ, ਇਹ ਤਾਂ ਸਭ 'ਰੇਤ ਦੀਆਂ ਕੰਧਾਂ' ਨੇ, ਤੁਸੀਂ ਜ਼ਿੰਦਗੀ ਦੀਆਂ ਗੱਲਾਂ ਕਰਦੇ ਹੋ।'' ਮਾਲ ਰੋਡ 'ਤੇ ਬਣੇ ਸਾਈਬਰ ਕੈਫਿਆਂ 'ਚੋਂ ਜ਼ਿੰਦਗੀ ਭਾਲਦੀਆਂ ਦੇਹਾਂ ਨੂੰ ਵੇਖ ਹਰਜੀਤ ਅਟਵਾਲ ਆਖਣ ਲੱਗਾ, ''ਇਹ ਤਾਂ ਨਿਰਾ 'ਰੇਤ ਛਲ' ਹੈ।'' ਜਦ ਨੂੰ 'ਸ਼ਬਦ' ਦੇ ਅੰਕ ਫੜਾਉਂਦਾ ਜਿੰਦਰ ਬੋਲਿਆ ''ਪਰ, 'ਤੁਸੀਂ ਨਹੀਂ ਸਮਝ ਸਕਦੇ', ਕਿ 'ਕਤਲ' ਕਿਸ ਦਾ ਹੋਇਆ ਏ।''
ਤਾਇਆ ਵੇਖ ਰਿਹਾ ਸੀ, ਉਸ ਦੇ ਆਲੇ ਦੁਆਲੇ ਗੱਡੀਆਂ ਮੋਟਰਾਂ ਦੀ ਬਜਾਏ, ਲੇਖਕਾਂ ਦਾ ਝੁੰਡ ਵਧ ਰਿਹਾ ਸੀ। ਉਹ ਵੇਖਦਾ ਹੈ ਕਿ ਇੱਥੇ ਕੋਈ ਵੀ ਕਿਸੇ ਦੀ ਗੱਲ ਸੁਣਦਾ ਨਹੀਂ। ਸਭ ਆਪੋ ਆਪਣੀ ਟਿੰਡ 'ਚ ਕਾਨਾ ਪਾ ਕੇ ਖੜਕਾਈ ਜਾਂਦੇ ਹਨ।
ਬੱਸ 'ਚੋਂ ਉਤਰ ਸਿੱਧੀ ਹੀ ਬਿਸ਼ਨੇ ਵੱਲ ਆਉਂਦੀ 'ਇੱਕ ਚੁੱਪ ਜਿਹੀ ਕੁੜੀ' ਨਿਰਮਲ ਜਸਵਾਲ ਨੇ ਆਖਿਆ '' ਇਨਾਂ ਨੂੰ ਹੱਥ ਨਾ ਲਾਇਓ, ਇਹ ਤਾਂ 'ਕੱਚ ਦੀਆਂ ਮੱਛੀਆ' ਨੇ।'' ਫੇਰ ਤਾਏ ਦੇ ਕੋਲ ਹੋ ਕੇ ਬਹਿੰਦੀ ਬੋਲੀ ,''ਆ ਜਦੋਂ ਦੀ ਬੁਢਲਾਡੇ ਵਾਲੇ ਵੀਨਾ ਵਰਮਾ 'ਫਰੰਗੀਆਂ ਦੀ ਨੂੰਹ' ਬਣੀ ਐ ਪੰਜਾਬ ਵਿਚ ' ਮੁੱਲ ਦੀ ਤੀਵੀਂ ' ਦਾ ਮੁੱਲ ਵੱਧ ਗਿਆ ਏ? ਹੁਣ ਉਹ ''ਜੋਗੀਆਂ ਦੀ ਧੀ'' ਬਣ ਕੇ ਦਰ ਦਰ ਅਲਖ ਜਗਾਉਂਦੀ ਫਿਰਦੀ ਹੈ।'' ਜਦ ਨੂੰ 'ਗੈਰ ਹਾਜ਼ਿਰ ਆਦਮੀ 'ਹਾਜ਼ਰ ਹੁੰਦਾ ਪ੍ਰੇਮ ਗੋਰਖੀ ਕਹਿੰਦਾ ''ਕੋਈ ਨਾ ਪੰਜਾਬੀ ਟ੍ਰਿਬਿਊਨ 'ਚ ਆਪਾਂ ਖਬਰ ਲਾ ਦੇਵਾਂਗੇ ਤੂੰ ਫਿਕਰ ਨਾ ਕਰ ।''
''ਤਾਇਆ ਜੀ ਸਵੀਡਨ ਵਿਚ ਹੀ ਨਹੀਂ ਪੰਜਾਬ ਵਿਚ ਵੀ ਔਰਤ ਦਾ 'ਗਿਰ ਰਿਹਾ ਗਰਾਫ਼ ' ਹੈ। ਨਿੰਦਰ ਗਿੱਲ ਅਪਣਾ ਸਾਈਕਲ ਸਟੈਂਡ 'ਤੇ ਲਾਉਂਦਿਆਂ ਬੋਲਿਆ। ਜਦ ਤਾਏ ਨੇ ਉਹਦੇ ਵੱਲ ਵੇਖਿਆ ਤਾਂ ਪਰਲੇ ਪਾਸੇ ਬਲਦੇਵ ਸਿੰਘ 'ਗਿੱਲੀਆਂ ਛਿੱਟੀਆਂ' ਦੀ ਅੱਗ ਬਾਲੀ 'ਲਾਲ ਬੱਤੀ' ਥੱਲੇ 'ਅੰਨਦਾਤਿਆਂ' ਨਾਲ ਧਰਨਾ ਲਾਈ ਬੈਠਾ ਸੀ । ਕਹਿੰਦਾ ''ਸਤਲੁਜ ਵਹਿੰਦਾ ਰਿਹਾ 'ਪਰ ਕਿਸੇ ਸਰਕਾਰ ਨੇ ਪਾਣੀ ਨਹੀਂ ਸਾਂਭਿਆ ਹੁਣ ਸਮਰੀਬਲ ਲਾਉਂਦੇ ਫਿਰਦੇ ਨੇ। ਉਧਰ 'ਪੰਜਵਾਂ ਸਾਹਿਬਜਾਦਾ' ਆਪਣੇ ਟੱਬਰ ਸਮੇਤ ਅਲੱਗ ਹੋ ਗਿਆ ਕਹਿੰਦਾ ਸਾਨੂੰ ਤਾਂ ਕੋਈ ਗੁਰਦੁਆਰੇ ਨੀਂ ਵੜਨ ਦੇਂਦਾ ਚੌਧਰੀ ਬੇਦਾਵਾ ਲਿਖਣ ਵਾਲੇ ਬਣੇ ਬੈਠੇ ਨੇ ਤੇ ਕੁਰਬਾਨੀਆਂ ਕਰਨ ਨੂੰ ਅਸੀਂ ਹੀ ਬਚੇ ਆ, ਤੇ ਹੁਣ ' ਢਾਹਾਂ ਦਿੱਲੀ ਦੇ ਕਿੰਗਰੇ' ਦੀ ਕਥਾ ਕੀਹਨੂੰ ਸੁਣਾਵਾਂ।''
ਇੰਨੇ ਨੂੰ ਲੇਖਕ ਤੋਂ ਪ੍ਰਕਾਸ਼ਕ ਬਣਿਆ ਚੇਤਨਾ ਪ੍ਰਕਾਸ਼ਨ ਵਾਲਾ ਸਤੀਸ਼ ਗੁਲਾਟੀ ਜਿਹੜਾ 'ਚੁੱਪ ਦੇ ਖਿਲਾਫ਼' ਸੀ ਹੁਣ ਉਹ ਵੀ 'ਚੁੱਪ ਦੇ ਅੰਦਰ ਬਾਹਰ' ਹੋਇਆ ਆਪਣੀਆਂ ਕਿਤਾਬਾਂ ਦੀ ਫੜੀ ਲੈ ਕੇ ਆ ਗਿਆ। ਚੌਕ ਵਿਚ ਲੇਖਕਾਂ ਦਾ 'ਕੱਠ ਪਲ ਪਲ ਵੱਧ ਰਿਹਾ ਸੀ। ਤਾਇਆ ਬਿਸ਼ਨਾ ਚੁੱਪ ਚਾਪ ਬੈਠਾ ਦੇਖੀ ਜਾ ਰਿਹਾ। ਉਸ ਨੇ ਜਦ ਉਪਰ ਨੂੰ ਮੂੰਹ ਚੁੱਕ ਕੇ ਦੇਖਿਆ ਤਾਂ ਪੰਜਾਬ ਦੇ ਸਭਿਆਚਾਰ ਦੇ ਬਚੇ ਖੁਚੇ ਕਾਗਜ਼ ਪੱਤਰ ਚੁੱਕੀ ਆਉਂਦਾ ਨਵਾਂ ਸ਼ਹਿਰ ਵਾਲਾ ਅਜਮੇਰ ਸਿੱਧੂ ਦਿਖਿਆ ਆਉਂਦਾ ਹੀ ਬੋਲਿਆ ''ਤਾਇਆ ਜੀ, ਅਜੇ ਪੰਜਾਬੀ ਸੱਭਿਆਚਾਰ ਖ਼ਤਮ ਨਹੀਂ ਹੋਇਆ ਆ ਦੇਖੋ 'ਖੂਹ ਗਿੜਦਾ ਐ' ਨਾਲੇ 'ਨਚੀਕੇਤਾ ਦੀ ਮੌਤ' ਨਹੀਂ ਹੋਈ ਇਹ ਤਾਂ ਅਫਵਾਹ ਐ।'' ਜਦ ਨੂੰ ਜਤਿੰਦਰ ਹਾਂਸ ਬੋਲਿਆ ''ਤਾਇਆ ਜੀ ਏਹਦੇ 'ਤੇ ਇਤਬਾਰ ਨਾ ਕਰਿਓ, ਸਾਡੇ ਪਿੰਡ 'ਈਸ਼ਵਰ ਦਾ ਜਨਮ' ਹੋ ਗਿਆ ਤੇ ਨਾਲੇ ਅਸੀਂ ਉਥੇ 'ਪਾਵੇ ਨਾਲ ਬੰਨਿਆ ਕਾਲ' ਰੱਖਿਆ ਏ, ਤੁਸੀਂ ਮੇਰੇ ਨਾਲ ਚੱਲੋ।'' ਏਨੇ ਨੂੰ 'ਚੂੜੇ ਵਾਲੀ ਬਾਂਹ ' ਵਾਲਾ ਜਸਵੀਰ ਰਾਣਾ ਆ ਕੇ ਬੋਲਿਆ 'ਦਿਨ ਢਲਿਆ ਨਹੀਂ ਅਜੇ ਤਾਂ 'ਸਿਖ਼ਰ ਦੁਪਹਿਰਾ' ਐ।'' ਮੱਖਣ ਮਾਨ ਆ ਕੇ ਬੋਲਿਆ, '' ਤਾਇਆ ਜੀ, ਮਹਾਂਨਗਰ ਦੇ 'ਪ੍ਰਵੇਸ਼ ਦੁਆਰ' ਮੂਹਰੇ ਬਾਬਾ ਜਗਤਾਰ ਧੂਣੀ ਲਾਹੀ ਬੈਠਾ ਏ। ਕਹਿੰਦਾ 'ਬਿਰਛਾਂ ਅੰਦਰ ਉਗੇ ਖੰਡਰ 'ਵਾਲਾ ਕੁਲਵਿੰਦਰ ਆਉੁਂਦਾ ਹੈ। ਉਹ ਨੂੰ ਇਹ ਆਸ ਹੈ ਕਿ 'ਮੁਰੰਡੀਆਂ ਡਾਲਾ' ਵਾਲਾ ਰਾਮ ਸਿੰਘ ਤਸੀਲਦਾਰ ਆ ਜਾਵੇ ਤੇ ਪਰਦਿਆਂ ਦੀ ਓਟ ' 'ਚ ਇਸ ਚੌਰਾਹੇ ਦੀ ਨਿਸ਼ਾਨਦੇਹੀ ਕਰਕੇ ਪ੍ਰੇਮ ਪਕਾਸ਼ ਦੀਆਂ ਪਾਈਆਂ 'ਗੰਢਾ' ਨੂੰ ਖੋਲ੍ਹ ਦੇਵੇਗਾ। ਜਦ ਨੂੰ ਹਰਮੀਤ ਵਿਦਿਆਰਥੀ ਆ ਕੇ ਆਖਣ ਲੱਗਾ ''ਤਸੀਲਦਾਰ ਸਾਹਿਬ ਤੁਹਾਨੂੰ 'ਸਮੁੰਦਰ ਬੁਲਾਉਂਦਾ' ਐ।''
ਜਰਨੈਲ ਸਿੰਘ ਆ ਕੇ ਬੋਲਿਆ,''ਬਈ ਇਹ ਤਾਂ 'ਦੋ ਟਾਪੂ' ਨੇ ਕੋਈ ਕਾਰੋਬਾਰ ਕਰਦੇ ਆ।'' ਵਿਜੇ ਵਿਵੇਕ ਵੀ ਲੋਰ 'ਚ ਬੋਲਿਆ ''ਇਹਨੂੰ ਦੇ ਟਾਪੂ ਨਾ ਜਾਇਓ, ਇਹ ਤਾਂ 'ਚੱਪਾ ਕੁ ਪੂਰਬ' ਆ, ਰੂਹ ਪੰਜਾਬ ਦੀ ਕਿੱਥੇ ਐ।''
ਦੇਸ ਰਾਜ ਕਾਲੀ ਬੋਲਿਆ, ''ਬਾਬਿਓ ਜਦੋਂ ਦੀਆਂ ਸ਼ੇਖਰ ਨੇ 'ਮੁੰਦਰਾਂ' ਪਵਾਈਆਂ ਨੇ, ਉਹ ਜਨਮੀਤ ਦੀਆਂ ' ਦੇ ਅੱਖਾਂ' ਲੇ ਕੇ ਬਲਬੀਰ ਸਿੰਘ ਸ਼ਾਹ ਦੇ ਨਾਲ 'ਬੇਵਸ ਪਰਿੰਦੇ' ਲੱਭਦਾ ਫਿਰਦਾ ਐ।''
'ਅੱਖਰ' ਦਾ ਵਾਸਤਾ ਪਾਉਂਦਾ ਭਾਊ ਪ੍ਰਮਿੰਦਰਜੀਤ ਬੋਲਿਆ ''ਬਈ ਜੇ ਸ਼ਾਹ ਚਮਨ ਦਾ ' ਹਨੇਰੇ 'ਚ ਘਿਰਿਆ ਮਨੁੱਖ ' ਦੇਖਣਾ ਹੈ ਤਾਂ ' ਮੇਰੀ ਮਾਰਫ਼ਤ ' ਮਿਲੋ। ਨਾਲੇ ਜੇ ' ਰਾਗ ਇਸ਼ਕ ' ਪੜਨਾ ਤਾਂ ਗੁਰਭਜਨ ਗਿੱਲ ਤੋਂ 'ਫੁੱਲਾਂ ਦੀ ਝਾਂਜਰ' ਲੈ ਜਾਓ ਐਂਤਕੀਂ ਪ੍ਰਧਾਨਗੀ ਦੀ ਚੋਣ ਲੜਨੀ ਐ। ਵੋਟਾਂ ਜਰੂਰ ਪਾਇਓ।'' ਦਿੱਲੀ ਵਾਲਾ ਗੁਰਬਚਨ ਭੁੱਲਰ ਬੋਲਿਆ ''ਜੇ ਤੁਸੀਂ 'ਤਿੰਨ ਮੂਰਤੀਆਂ ਵਾਲਾ ਮੰਦਰ ' ਦੇਖਣਾ ਤਾਂ ਬਲਵੀਰ ਪਰਵਾਨਾ ਦੇ ਨਾਲ ' ਵਰਜਣਾ ਤੋਂ ਪਾਰ' ਜਾਣਾ ਪਊ, ਨਾਲ ਹੀ ਜੀ. ਐੋਸ. ਰਿਆਲ ਦੀ 'ਸ਼ਬਦਾਂ ਦੀਆ ਲਿਖਤਾਂ' ਵਾਚਣੀ ਪਊ।'' 'ਲੀਹੋਂ ਲੱਥੇ' ਵਾਲਾ ਅਮਰੀਕ ਕੰਡਾ ਬੋਲਿਆ '' ਬਾਈ ਜੀ, ਤੁਸੀਂ ਉਥੇ ਜਾਣ ਦੀਆਂ ਗੱਲਾਂ ਕਰਦੇ ਹੋ। ਬਲਦੇਵ ਸਿੰਘ ਨੇ ਵਰਿਆਮ ਸੰਧੂ ਦੀ ' ਚੌਥੀ ਕੂਟ' ਨੂੰ 'ਨਾਗਵਲ ' ਪਾ ਕੇ ਬੈਠਾ।'' ਕਲਕੱਤੇ ਤੋਂ ਆਇਆ ਮੋਹਨ ਕਾਹਲੋਂ ਆਪਣਾ ਬੈਗ, ਅਟੈਚੀ ਮੋਢੇ ਤੋਂ ਉਤਾਰਦਾ ਬੋਲਿਆ ''ਇਹ ਤਾਂ ਸਭ 'ਵਹਿ ਗਏ ਪਾਣੀ' ਨੇ 'ਕਾਲੀ ਮਿੱਟੀ' ਤਾਂ ਹੁਣ ਦੇਖਣ ਨੂੰ ਨਹੀਂ ਮਿਲਦੀ, ਤੁਸੀਂ ਕੀਹਦੀ ਗੱਲ ਕਰਦੇ ਹੋਉਂ ।''
ਬਿਸ਼ਨਾ ਤਾਇਆ ਦੇਖਦਾ ਹੈ ਕਿ ਮਨਜੀਤ ਮੀਤ 'ਲੱਕੜ ਦੇ ਘੋੜੇ' ਲਈ ਆਉਂਦਾ ਏ। ਉਸਦੇ ਪਿੱਛੇ ਪਿੱਛੇ 'ਸਲਾਬੀ ਹਵਾ' 'ਚੋਂ ' ਸ਼ਬਦ, ਸ਼ਹਿਰ ਤੇ ਰੇਤ' ਲੱਭਣ ਲਈ ਪੈਰੀਂ 'ਖੜਾਵਾਂ' ਪਾਈ ਆਉਂਦਾ ਦਰਸ਼ਨ ਬੁੱਟਰ ਵੀ ਦਿਖਿਆ, ਉਸਨੂੰ 'ਮਹਾਂਕੰਬਣੀ' ਲੱਗੀ ਹੋਈ ਸੀ। ਆਉਂਦਾ ਹੀ ਬੋਲਿਆ ''ਤਸੀਂ ਏਥੇ ਮਜ਼ਮਾਂ ਲਾਈ ਬੈਠੇ ਹੋ। ਮੈਂ ਨਾਭੇ ਉਡਕੀਦਾ 'ਕਵਿਤਾ ਉਸਤਵ' ਮਨਾਉਣਾ। ਤਰਲੋਚਨ ਲੋਚੀ ਦਰ ਦਰਵਾਜ਼ੇ ਖੋਲੀ ਬੈਠਾ ਕਹਿੰਦਾ ਗਿੱਲ ਸਾਬ ਤੇ ਮਨਜਿੱਦਰ ਧਨੋਆ ਦੇ ਨਾਲ ਜਾਣਾ ਡੀ ਡੀ ਪੰਜਾਬੀ ਤੇ ਕਵੀ ਦਰਬਾਰ ਐ ਤੇ ਨਾਲੇ ਰਸਤੇ ਚ ਹੋਰ ਸਮਾਗਮ ਹੈ. ਅਸੀ ਤੇ ਚੱਲੇ ਆਂ!
ਜੰਮੂ ਤੋਂ ਵਿਦੇਸ਼ ਗਈ ਸੁਰਜੀਤ ਸਖੀ ਨੇ ਡਰਦਿਆਂ ਤਾਏ ਬਿਸ਼ਨੇ ਨੂੰ ਕਿਹਾ, ''ਮੈਂ ਸਿਕੰਦਰ ਨਹੀਂ, ਤੁਹਾਨੂੰ ਭਲੇਖਾ ਪਿਆ ਹੋਣਾ।'' ਜੱਗਬਾਣੀ ਵਾਲਾ ਕੁਲਦੀਪ ਸਿੰਘ ਬੇਦੀ 'ਕਿੰਨੇ ਹੀ ਵਰਿਆਂ ' ਬਾਅਦ ਬੋਲਿਆ ''ਤਾਇਆ ਜੀ ! ਢੁਡੀਕੇ ਵਾਲੇ ਜਸਵੰਤ ਸਿੰਘ ਕੰਵਲ ਨੂੰ ' ਇੱਕ ਹੋਰ ਹੈਲਨ' ਤੋਂ ਬਾਅਦ 'ਸੁੰਦਰਾਂ' ਮਿਲੀ ਐ। ਓਧਰ ਮੋਹਨ ਭੰਡਾਰੀ ' ਕਾਠ ਦੀ ਲੱਤ' ਲਵਾਈ ਹੱਥ 'ਚ 'ਨੱਥ ' ਚੁੱਕੀ ਫਿਰਦਾ ਏ।''
ਦੂਰ ਪਰੇ 'ਛਾਂਗਿਆਂ ਹੋਇਆ ਰੁੱਖ' ਦੇ ਥੱਲੇ ਬਲਵੀਰ ਮਾਧੋਪੁਰੀ ਬੈਠਾ ਆਪ ਮੁਹਾਰੇ ਬੋਲੀ ਜਾ ਰਿਹਾ ਏ। ਜੇ ਤੁਸੀਂ ਓਮ ਬਾਲਮੀਕੀ ਦੀ 'ਜੂਠ' ਨਹੀਂ ਖਾ ਸਕਦੇ ਤਾਂ ਲਾਲ ਸਿੰਘ ਦਿਲ ਦੀ 'ਦਾਸਤਾਨ' ਦਾ ਹੀ ਪਾਠ ਕਰ ਲਓ।
ਉਦੋਂ ਹੀ ਗੱਡੀ ਖੜਾਅ ਹੱਥ 'ਚ 'ਇਹ ਬੰਦਾ ਕੀ ਹੁੰਦਾ' ਕਿਤਾਬ ਚੁਕੀ ਆਉੁਂਦਾ ਜਸਵੰਤ ਜ਼ਫ਼ਰ ਤਾਏ ਦੇ ਗੋਡੀ ਹੱਥ ਲਾਉਂਦਾ ਬੋਲਿਆ ''ਅਸੀਂ ਨਾਨਕ ਦੇ ਕੀ ਲਗਦੇ ਆਂ।' ਤਾਇਆ ਬਿਸ਼ਨਾ ਕੁਝ ਬੋਲਦਾ ਹਰ ਮਹੀਨੇ ਨਾਵਲ ਲਿਖਣ ਵਾਲਾ ਅਮਰਜੀਤ ਗੋਰਕੀ ਬੋਲਿਆ 'ਅਣਜਿੱਤੀ ਲੰਕਾ ਦੇ ਰਾਮ' ਤੇ ਵਿਚੋਂ ਹੀ ਲਾਲ ਸਿੰਘ ਦਿਲ ਬੋਲ ਪਿਆ… ' ਨਾਗ ਲੋਕ, ਨਾਗ ਲੋਕ ।''
ਲਾਲ ਬੱਤੀ ਵਾਲਾ ਗੱਡੀ 'ਚੋਂ ਉਤਰ ਕੇ ਆਉਂਦਾ ਡਾ. ਸਵਰਾਜਬੀਰ ਆਖਣ ਲੱਗਾ ''ਤਾਇਆ ਜੀ, ਕੋਈ ਉਪਾਅ ਦੱਸੋ, ਜਿਸ ਦਿਨ ਦੀ 'ਮੇਦਨੀ', ਧਰਮ ਗੁਰੂ' ਬਣੀ ਐ, ਉਹਨੇ ' ਸ਼ਾਇਰੀ' ਦਾ ਕਤਲ ਕਰਵਾ ਦਿੱਤਾ ਏ ਤੇ ' ਕ੍ਰਿਸ਼ਨ' ਦੀ ਪੇਂਟਿੰਗ ਉਸ ਨੇ ਡਰਾਇੰਗ ਰੂਮ ਵਿਚ ਲਾ ਦਿੱਤੀ ਏ, ਦੱਸੋ ਹੁਣ '23 ਮਾਰਚ' ਕਿਵੇਂ ਮਨਾਈਏ ?''
''ਭਰਾਵੋ ! ਮੈਂ ਤਾਂ ' ਚਾਰੇ ਕੁੰਢਾਂ ਢੂੰਡੀਆਂ' ਮੈਨੂੰ ਤਾਂ ਲੇਖਕ ਦੇ ਮਨ ਦਾ ਧਰਾਤਲ ਨੀਂ ਲੱਭਿਆ।'' ਸਤਵਿੰਦਰ ਕੁੱਸਾ ਨੇ ਤਾਏ ਨੂੰ ਆਖਿਆ।
ਜਦ ਨੂੰ ਭਾਊ ਤਲਵਿੰਦਰ 'ਯੋਧੇ' ਲੈ ਕੇ ਆ ਗਿਆ। ਆਖਣ ਲੱਗਾ ''ਬਲਵੀਰ ਪਰਵਾਨਾ ਆਪਣੇ ਆਲੇ ਦੁਆਲੇ ਐਨਾ ' ਧੂੰਆਂ' ਕਰੀ ਬੈਠਾ ਸਰਹੱਦ 'ਤੇ ਚੱਲਣਾ ਮੋਮਬੱਤੀਆਂ ਜਗਾਉਂਣ ਜਾਣਾ ਐ । 'ਕੋਈ ਇੱਕ ਸਵਾਰ', ' ਮੇਰਾ ਉਜੜਿਆ ਗੁਆਂਢੀ' ਦੇ ਘਰ ਤੀਕ ਜਾਣਾ ।'' ਤਾਏ ਨੇ ਸੜਕ ਪਾਰ ਦੇਖਿਆ ਸਾਧੂ ਬਿਨਿੰਗ ' ਜੁਗਤੂ' ਨਾਲ ਮਿਖਾਇਲ ਬਲਗਾਕੋਵ ਦਾ 'ਕੁੱਤਾ ਆਦਮੀ' ਲਈ ਸੜਕ ਪਾਰ ਕਰਨ ਲਈ ਟ੍ਰੈਫਿਕ ਬੰਦ ਹੋਣ ਦੀ ਉਡੀਕ ' ਚ ਖੜਾ ਏ।
ਪਰੇ ਪਾਰਕ 'ਚ ਸਵਿਤੋਜ ' ਸ਼ਬਦਾਂ ਦੀ ਸ਼ਤਰੰਜ' ਵਿਛਾਈ ਬੈਠਾ ਵਰਿੰਦਰ ਪਰਿਹਾਰ ਨਾਲ ' ਕੁਦਰਤ' ਦਾ ਨਜ਼ਾਰਾ ਲੈ ਰਿਹਾ ਏ। ਉਧਰ ਜਗਤਾਰ ਢਾਅ 'ਗੁਆਚੇ ਘਰ ਦੀ ਤਲਾਸ਼' 'ਚ ਅਜਾਇਬ ਕਮਲ ਦੇ ' ਬੀਜ ਤੋਂ ਬ੍ਰਹਿਮੰਡ' ਤੀਕ ਚੱਕਰ ਲਾ ਆਇਆ ਏ ਪਰ ਉਸ ਨੂੰ ਸੁਖਚੈਨ ਮਿਸਤਰੀ ਦੇ 'ਘਰ' ਨਹੀਂ ਲੱਭਿਆ।
ਪਾਲੀ ਭੁਪਿੰਦਰ ਕਹਿੰਦਾ, ''ਭਾਅ ਜੀ ਨੇ ਐਨੇ 'ਲਾਰੇ' ਲਾਏ, 'ਧਮਕ ਨਗਾਰੇ ਦੀ' ਸੁਣਾਈ ਪਰ ਇਨਕਲਾਬ ਨਹੀਂ ਆਇਆ। ਆਤਮਜੀਤ ਕਹਿੰਦਾ 'ਮੰਗੂ ਕਾਮਰੇਡ' ਤਾਂ ਹੈ ਪਰ 'ਮੈਂ ਤਾਂ ਇੱਕ ਸਾਰੰਗੀ' ਆਂ। ਕਹਿ ਕੇ ਨਾਟਕ ਕਰਨ ਚਲੇ ਗਿਆ । ਕਹਿੰਦਾ 'ਉਸਨੂੰ ਕਹੀਂ' ਕਿ ਉਹ ' ਮਿੱਟੀ ਦਾ ਬਾਵਾ' ਲਿਆ ਕੇ ਕੋਈ 'ਸਿਰਜਣਾ' ਕਰੇ ਤਾਂ ਕਿ ਘਰ ਬਣ ਸਕੇ।''
ਜਪਾਨ ਵਾਲਾ ਪਰਮਿੰਦਰ ਸੋਢੀ ਆਖਣ ਲੱਗਾ ' ਤੇਰੇ ਜਾਣ' ਤੋਂ ਮੇਰੀ ਹਾਲਤ ਤਾਂ ਜੋਗਾ ਸਿੰਘ ਦੀ 'ਸਬੂਤੀ ਅਲਵਿਦਾ' ਵਰਗੀ ਹੋ ਗਈ ਹੈ।
ਰੋਪੜ ਵਾਲਾ ਜਸਵਿੰਦਰ 'ਕੱਕੀ ਰੇਤ ਦੇ ਵਰਕੇ' ਇੱਕਠੇ ਕਰਕੇ ਮਾਛੀਵਾੜੇ ਦੇ ਜੰਗਲਾਂ ਵੱਲ ਤੁਰ ਗਿਆ ਏ, ਕਹਿੰਦਾ ''ਹਰਬੰਸ ਮਾਛੀਵਾੜਾ ਤੋਂ 'ਸਵੈ ਦੀ ਤਲਾਸ਼' ਕਰਨੀ ਸਿੱਖਣੀ ਐ, ਉਹ ਕਹਿੰਦਾ ਨਾਲੇ ਉਥੇ ਸਵਾਮੀ ਸੂਰੀਆ ਪ੍ਰਤਾਪ ਸਿੰਘ ਨੂੰ ਮਿਲਣਾ ਤੇ ਸੁਖਜੀਤ ਦੀ 'ਅੰਤਰਾ' ਦੇਖਣੀ ਏ ਜਿਹੜੀ ਕਹਿੰਦੀ ਏ ਮੈਂ ਇੰਨਜੁਆਏ ਕਰਦੀ ਆਂ । ''ਉਹ ਕਹਿੰਦੈ "ਮੈ ਜੈਸਾ ਵੈਸਾ ਕਿਉਂ ਹੂੰ?" ਹੁਣ ਵਾਲਾ ਸੁਸ਼ੀਲ ਦੁਸਾਂਝ ਵੀ ਆਇਆ ਹੈ !
ਦਿੱਲੀ ਵਾਲਾ ਨਛੱਤਰ ਆ ਕੇ ਕਹਿੰਦਾ, ''ਤਾਇਆ ਜੀ, ਤੁਸੀਂ ਏਥੇ ਚੌਕ 'ਚ ਹੀ ਬੈਠੇ ਹੋ। ਮੈਂ ਤਾਂ ' ਨਿੱਕੇ ਨਿੱਕੇ ਅਸਮਾਨ' ਕਈ ਲੱਭ ਲਿਆਇਆ ਹਾਂ । ਪੰਜਾਬ ਨੂੰ ਕੈਸਰ ਹੋ ਗਿਆ. ''ਚੌਰਾਹੇ 'ਚ ਵਧ ਰਹੀ ਭੀੜ ਨੂੰ ਦੇਖਦੇ ਅਜਾਇਬ ਕਮਲ 'ਅਗਿਆਤ ਵਾਸੀ' ਹੋ ਗਿਆ ਹੈ ਪਰ ਗੁਰਪਾਲ ਲਿੱਟ ਕਹਿੰਦਾ 'ਇਹ ਅੰਤ ਨਹੀਂ।'' ਕਿਰਪਾਲ ਕਜ਼ਾਕ ਕਹਿੰਦਾ ਅਜੇ 'ਹੁੰਮਸ' ਜ਼ਰੂਰ ਏ। ਕਦੇ ਤਾਂ ਸਾਡੇ ਵੀ ਦਿਨ ਅਉਂਣਗੇ। ਇਹ ਅੰਤਹੀਣ ਨਹੀ।"
ਡਾਕਟਰ ਜਗਤਾਰ ਕਹਿੰਦਾ 'ਹਰ ਮੋੜ 'ਤੇ ਸਲੀਬਾਂ' ਨੇ। ਟਿੱਬੇ ਵਾਲਾ ਮਹਾਂਵੀਰ ਸਿੰਘ ਦਰਦੀ ਬੋਲਿਆ ਨਹੀਂ ' ਸਵੇਰ ਆਵੇਗੀ। 'ਤਾਇਆ ਬਿਸ਼ਨਾ ਸੋਚੀ ਪਿਆ ਹੋਇਆ ਸੀ। ਉਹ ਸੋਚਦਾ ਸੀ ਕਿ ਉਹ ਤਾਂ ਚੌਕ ਪਾਰ ਕਰਨ ਲਈ ਰੁਕਿਆ ਸੀ ਪਰ ਏਥੇ ਮੋਟਰ ਗੱਡੀਆਂ ਦੀ ਬਜਾਏ 'ਨਰਬਲੀ ' ਆ ਗਏ।
ਇਨਾਂ ਨੂੰ 'ਮੋਹ ਮਿੱਟੀ' ਦਾ 'ਰੂਪ ਅਰੂਪ' ਕਦੋਂ ਯਾਦ ਆਵੇਗਾ, ਦਰਸ਼ਨ ਗਿੱਲ ਦੀ 'ਨਜ਼ਮ' ਕੌਣ ਸੁਣੇਗਾ।''
ਲੇਖਕਾਂ ਦੀ ਏਨੀ ਭੀੜ ਦੇਖ ਕੇ ਉਸ ਦਾ ਦਿਲ ਪੈ ਗਿਆ ਹੈ। ਉਹ ਸੋਚਣ ਲੱਗਿਆ, ਮਹਾਂਨਗਰ ਵਿਚ ਗੱਡੀਆਂ ਦੀ ਤਾਂ ਏਨੀ ਭੀੜ ਤਾਂ ਦੇਖੀ ਸੁਣੀ ਸੀ ਪਰ ਆ ਲੇਖਕਾਂ ਦੀ ਏਨੀ
ਭੀੜ ਤੱਕ ਕੇ ਬੜੀ ਹੈਰਾਨੀ ਹੋਈ ਹੈ ਕਿ ਸਾਹਿਤਕ ਪਾਠਕਾਂ ਦੀ ਕਿਉਂ ਘੱਟ ਰਹੀ ਹੈ?
ਉਹ ਸੋਚਦਾ ਹੈ ਸਾਹਮਣੇ ਚੌਕ 'ਚ ਲੇਖਕਾਂ ਦੀ ਭੀੜ ਇਕ ਦੂਜੇ ਨੂੰ ਪਛਾੜ ਕੇ ਅੱਗੇ ਲੰਘਣ ਦੀ ਕੋਸ਼ਿਸ਼ ਵਿਚ ਹੈ ਪਰੇ ਇਨਾਮਾਂ ਤੇ ਪੁਰਸਕਾਰਾਂ ਦੀ ਵੰਡ ਹੋ ਰਈ ਸੀ ਲੇਖਕ ਇੱਕ ਦੂਜੇ ਅੱਗੇ ਹੋ ਇਨਾਮ ਚੱਕਣ ਦੀ ਕੋਸ਼ਿਸ਼ 'ਚ ਲੱਗੇ ਹੋਏ ਸਨ ਪਰ ਅਜੇ ਲਾਲ ਬੱਤੀ ਹੋਈ . . .।
ਸਾਰੇ ਚੀਕਾਂ ਮਾਰਦੇ ਹਨ। ਕੁਝ ਵੀ ਸੁਣਾਈ ਨਹੀਂ ਦੇ ਰਿਹਾ। ਜੇ ਤੁਹਾਨੂੰ ਕੁਝ ਸੁਣਦਾ ਏ, ਤਾਂ ਦੱਸਿਓ ! ''ਬਿਸ਼ਨਾ ਚੌਕ 'ਚ ਖੜਾ ਪੁੱਛ ਰਿਹਾ ਪਰ ਕੋਈ ਉੋਸ ਦੀ ਗੱਲ ਨਹੀਂ ਸੁਣਦਾ। ਉਹ ਡੋਰ ਭੋਰ ਹੋਇਆ ਭੀੜ ਵੱਲ ਦੇਖ ਰਿਹਾ।