ਚੌਗਿਰਦੇ ਦਾ ਸੱਚਾ ਸਾਧਕ ਮਾਧਵ ਗਾਡਗਿਲ - ਰਾਮਚੰਦਰ ਗੁਹਾ
ਮੇਰਾ ਸਬੰਧ ਤਾਂ ਵਿਗਿਆਨੀਆਂ ਦੇ ਪਰਿਵਾਰ ਨਾਲ ਰਿਹਾ ਹੈ ਪਰ ਵਿਗਿਆਨ ਦੀ ਪੜ੍ਹਾਈ ’ਚ ਮੇਰੀ ਦਿਲਚਸਪੀ ਪੈਦਾ ਨਾ ਹੋ ਸਕੀ। ਉਂਝ ਕਮਾਲ ਦੇਖੋ ਕਿ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਬੌਧਿਕ ਸਾਂਝ ਵਿਗਿਆਨੀ ਮਾਧਵ ਗਾਡਗਿਲ ਨਾਲ ਨਿਭੀ ਜਿਨ੍ਹਾਂ ਦਾ ਅੱਸੀਵਾਂ ਜਨਮ ਦਿਨ ਇਸ ਮਹੀਨੇ ਦੇ ਅਖੀਰ ਵਿਚ ਆ ਰਿਹਾ ਹੈ।
ਗਾਡਗਿਲ ਹੋਰਾਂ ਦਾ ਜਨਮ ਪੂਣੇ ਵਿਚ ਹੋਇਆ ਤੇ ਉਚੇਰੀ ਪੜ੍ਹਾਈ ਬੰਬਈ ਤੇ ਫਿਰ ਹਾਰਵਰਡ ਵਿਚ ਕੀਤੀ ਜਿੱਥੇ ਉਨ੍ਹਾਂ ਇਕੋਲੌਜੀ ਵਿਚ ਪੀਐੱਚ.ਡੀ. ਕੀਤੀ ਅਤੇ ਫਿਰ ਉੱਥੇ ਪੜ੍ਹਾਇਆ ਵੀ। 1970ਵਿਆਂ ਦੇ ਸ਼ੁਰੂ ਵਿਚ ਗਾਡਗਿਲ ਤੇ ਉਨ੍ਹਾਂ ਦੀ ਪਤਨੀ ਸੁਲੋਚਨਾ (ਜਿਨ੍ਹਾਂ ਨੇ ਹਾਰਵਰਡ ਤੋਂ ਗਣਿਤ ਦੀ ਪੀਐੱਚ.ਡੀ. ਕੀਤੀ ਸੀ) ਨੇ ਅਮਰੀਕਾ ਵਿਚ ਆਪਣੇ ਵਿਗਿਆਨਕ ਕਰੀਅਰ ਵਜੋਂ ਮਿਲੇ ਰੁਤਬੇ ਤੇ ਸੁੱਖ ਸਹੂਲਤਾਂ ਛੱਡ ਕੇ ਭਾਰਤ ਆ ਕੇ ਕੰਮ ਕਰਨ ਦਾ ਫ਼ੈਸਲਾ ਕੀਤਾ। ਚੰਗੇ ਭਾਗੀਂ ਉਨ੍ਹਾਂ ਦੀ ਜ਼ਹਿਨੀਅਤ ਤੇ ਜਜ਼ਬੇ ਨੂੰ ਇੰਡੀਅਨ ਇੰਸਟੀਚਿਊਟ ਆਫ ਸਾਇੰਸਜ਼ ਦੇ ਦੂਰਅੰਦੇਸ਼ ਡਾਇਰੈਕਟਰ ਸਤੀਸ਼ ਧਵਨ ਨੇ ਪਛਾਣ ਲਿਆ ਅਤੇ ਇੰਸਟੀਚਿਊਟ ਦੇ ਬੰਗਲੌਰ ਕੈਂਪਸ ਵਿਚ ਦੋਵਾਂ ਨੂੰ ਨਿਯੁਕਤ ਕਰ ਦਿੱਤਾ। ਸੁਲੋਚਨਾ ਨੇ ਉੱਥੇ ਸੈਂਟਰ ਫਾਰ ਐਟਮੌਸਫੈਰਿਕ ਸਾਇੰਸਜ਼ ਸਥਾਪਤ ਕਰਨ ਵਿਚ ਮਦਦ ਕੀਤੀ ਅਤੇ ਨਾਲ ਹੀ ਉਹ ਮੌਨਸੂਨ ਬਾਰੇ ਆਪਣਾ ਮਿਸਾਲੀ ਕੰਮ ਕਰਦੇ ਰਹੇ। ਮਾਧਵ ਨੇ ਸੈਂਟਰ ਫਾਰ ਇਕੋਲੌਜੀਕਲ ਸਾਇੰਸਜ਼ ਕਾਇਮ ਕੀਤਾ ਜਿੱਥੇ ਉਹ ਨੌਜਵਾਨ ਵਿਗਿਆਨੀਆਂ ਦਾ ਮਾਰਗ ਦਰਸ਼ਨ ਕਰਦੇ ਰਹੇ। ਇਕ ਵਿਗਿਆਨੀ ਦੇ ਤੌਰ ’ਤੇ ਮਾਧਵ ਗਾਡਗਿਲ ਦੇ ਕਰੀਅਰ ਬਾਰੇ ਮੈਂ ਆਪਣੀ ਕਿਤਾਬ ‘ਹਾਓ ਮੱਚ ਸ਼ੁਡ ਏ ਪਰਸਨ ਕਨਜ਼ਿਊਮ?’ ਵਿਚ ਇਕ ਅਧਿਆਏ ਵਿਚ ਵਿਸਥਾਰ ਨਾਲ ਲਿਖਿਆ ਸੀ।
ਇਸ ਕਾਲਮ ਵਿਚ ਮੈਂ ਉਨ੍ਹਾਂ ਨਾਲ ਆਪਣੇ ਜ਼ਾਤੀ ਤਜਰਬੇ ਅਤੇ ਮੇਰੇ ਆਪਣੇ ਕੰਮ ਬਾਰੇ ਉਨ੍ਹਾਂ ਦੀ ਰਾਇ ਮੁਤੱਲਕ ਲਿਖਣਾ ਚਾਹੁੰਦਾ ਹਾਂ। 1982 ਦੀਆਂ ਗਰਮੀਆਂ ਵਿਚ ਜਦੋਂ ਅਸੀਂ ਪਹਿਲੀ ਵਾਰ ਮਿਲੇ ਸਾਂ ਤਾਂ ਉਹ ਮੈਥੇਮੈਟਿਕਲ ਇਕੋਲੌਜੀ ਤੋਂ ਆਪਣੀ ਸਾਇੰਸ ਦੀ ਵਧੇਰੇ ਫੀਲਡ ਬੇਸਡ ਅਪਰੋਚ ਵੱਲ ਰੁਖ਼ ਕਰ ਚੁੱਕੇ ਸਨ। ਉਹ ਬਾਂਦੀਪੁਰ ਨੈਸ਼ਨਲ ਪਾਰਕ ਵਿਚ ਹਾਥੀਆਂ ਦੇ ਵਿਹਾਰ ਦਾ ਅਧਿਐਨ ਕਰ ਰਹੇ ਸਨ ਅਤੇ ਆਪਣੀ ਖੋਜ ਬਾਰੇ ਲੈਕਚਰ ਦੇਣ ਲਈ ਫਾਰੈਸਟ ਰਿਸਰਚ ਇੰਸਟੀਚਿਊਟ (ਐਫਆਰਆਈ) ਦੇਹਰਾਦੂਨ ਆਏ ਹੋਏ ਸਨ। ਮੇਰੇ ਪਿਤਾ ਨੇ ਵੀ ਐਫਆਰਆਈ ਵਿਚ ਕੰਮ ਕੀਤਾ ਸੀ ਅਤੇ ਮੈਂ ਕੋਲਕਾਤਾ (ਜਿੱਥੇ ਮੈਂ ਡਾਕਟਰੇਟ ਕਰ ਰਿਹਾ ਸਾਂ) ਤੋਂ ਘਰ ਵਾਪਸ ਆਇਆ ਹੋਇਆ ਸਾਂ। ਮੈਂ ਦੌਰੇ ’ਤੇ ਆਏ ਪ੍ਰੋਫੈਸਰ ਨੂੰ ਸੁਣਨ ਚਲਿਆ ਗਿਆ ਤੇ ਬਾਅਦ ਵਿਚ ਮੇਰੀ ਉਨ੍ਹਾਂ ਨਾਲ ਜਾਣ ਪਛਾਣ ਕਰਵਾਈ ਗਈ। ਜਦੋਂ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ‘ਚਿਪਕੋ ਲਹਿਰ’ ਬਾਰੇ ਖੋਜ ਸ਼ੁਰੂ ਕਰ ਰਿਹਾ ਹਾਂ ਤਾਂ ਉਨ੍ਹਾਂ ਮੈਨੂੰ ਐਫਆਰਆਈ ਦੇ ਗੈਸਟ ਹਾਊਸ ਬੁਲਾਇਆ ਜਿੱਥੇ ਸਾਡੀ ਲੰਮੀ ਗੱਲਬਾਤ ਹੋਈ। ਇਸ ਤੋਂ ਬਾਅਦ ਗੱਲਬਾਤ ਦੇ ਸਿਲਸਿਲੇ ਦੀ ਬੰਗਲੌਰ, ਦਿੱਲੀ, ਕੋਲਕਤਾ, ਕੋਚੀ, ਧਾਰਵਾੜ, ਪੂਣੇ ਤੇ ਪੱਛਮੀ ਘਾਟ ਦੀਆਂ ਵੱਖ ਵੱਖ ਥਾਵਾਂ ’ਤੇ ਇਕ ਲੰਮੀ ਲੜੀ ਬਣ ਗਈ।
ਮਵੇਸ਼ੀਆਂ ਦੇ ਚੌਗਿਰਦੇ ਬਾਰੇ ਆਪਣੇ ਅਧਿਐਨ ਵਿਚ ਮਾਧਵ ਗਾਡਗਿਲ ਨੂੰ ਨੈਸ਼ਨਲ ਪਾਰਕਾਂ ਦੇ ਆਲੇ ਦੁਆਲੇ ਵਸਣ ਵਾਲੇ ਕਬਾਇਲੀਆਂ ਤੇ ਕਿਸਾਨਾਂ ਵਿਚਕਾਰ ਪਣਪ ਰਹੇ ਟਕਰਾਅ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਜੰਗਲਾਤ ਪ੍ਰਬੰਧਨ ਵਿਚ ਉਨ੍ਹਾਂ ਦੀ ਖ਼ਾਸੀ ਰੁਚੀ ਹੋ ਗਈ ਅਤੇ ਉਨ੍ਹਾਂ ਨੂੰ ਇਹ ਜਾਣ ਕੇ ਦੁੱਖ ਹੋਇਆ ਕਿ ਇਸ ਖੇਤਰ ਵਿਚ ਸਰਕਾਰੀ ਨੀਤੀਆਂ ਧੁਰੋਂ ਵਪਾਰਕ ਹਿੱਤਾਂ ਨੂੰ ਤਰਜੀਹ ਦਿੰਦੀਆਂ ਹਨ ਅਤੇ ਕਿਸਾਨਾਂ, ਚਰਵਾਹਿਆਂ ਤੇ ਕਾਰੀਗਰਾਂ ਦੇ ਹਿੱਤਾਂ ਨੂੰ ਬਿਲਕੁਲ ਨਜ਼ਰਅੰਦਾਜ਼ ਕਰਦੀਆਂ ਹਨ।
ਮਾਧਵ ਹੋਰੀਂ ਸਮਾਜਿਕ ਰੂਪ ਵਿਚ ਜਾਗੀ ਹੋਈ ਜ਼ਮੀਰ ਦੇ ਮਾਲਕ ਹਨ ਜੋ ਕੁਝ ਹੱਦ ਤੱਕ ਮੌਲਿਕ ਵੀ ਹੈ ਅਤੇ ਕੁਝ ਕੁ ਜਮਾਂਦਰੂ ਵੀ ਹੈ (ਉਨ੍ਹਾਂ ਦੇ ਪਿਤਾ ਡੀ.ਆਰ. ਗਾਡਗਿਲ ਇਕ ਮਾਣਮੱਤੇ ਅਰਥਸ਼ਾਸਤਰੀ, ਉਦਾਰਵਾਦੀ ਸਨ ਅਤੇ ਮਨੁੱਖੀ ਹੱਕਾਂ ਵਿਚ ਗਹਿਰੀ ਰੁਚੀ ਰੱਖਦੇ ਸਨ ਅਤੇ ਬੀ.ਆਰ. ਅੰਬੇਡਕਰ ਦੇ ਕਾਰਜ ਤੋਂ ਮੁਤਾਸਿਰ ਸਨ)। ਉਦੋਂ ਜਦੋਂ ਉਹ ਚੌਗਿਰਦਕ ਮਾਡਲਾਂ ਦੀ ਪੈਮਾਇਸ਼ ਤੋਂ ਕੁਦਰਤ ਨਾਲ ਸਿੱਧੇ ਤੌਰ ’ਤੇ ਜੁੜੇ ਲੋਕਾਂ ਨਾਲ ਸਿੱਧੇ ਸੰਵਾਦ ਦਾ ਅਧਿਐਨ ਕਰਨ ਵੱਲ ਮੁੜ ਰਹੇ ਸਨ ਤਾਂ ਮੈਂ ਇਤਿਹਾਸਕ ਖੋਜਾਂ ਲਈ ਆਪਣਾ ਫੀਲਡ ਵਰਕ ਤਿਆਗ ਰਿਹਾ ਸਾਂ। ਦੇਹਰਾਦੂਨ ਅਤੇ ਦਿੱਲੀ ਵਿਚ ਮੈਨੂੰ ਬਸਤੀਵਾਦੀ ਕਾਲ ਦੇ ਜੰਗਲਾਤ ਬਾਰੇ ਚੋਖਾ ਰਿਕਾਰਡ ਹਾਸਲ ਹੋਇਆ ਸੀ ਜਿਸ ਨੂੰ ਇਤਿਹਾਸਕਾਰਾਂ ਨੇ ਨਜ਼ਰਅੰਦਾਜ਼ ਕਰ ਰੱਖਿਆ ਸੀ। ਮੈਂ ਕਾਫ਼ੀ ਹੁੱਬ ਕੇ ਆਪਣੀਆਂ ਲੱਭਤਾਂ ਬਾਰੇ ਮਾਧਵ ਨੂੰ ਦੱਸਿਆ ਸੀ ਅਤੇ ਉਨ੍ਹਾਂ ਨੇ ਕਾਫ਼ੀ ਸੰਜਮੀ ਸੁਰ ਵਿਚ ਆਪਣੀ ਫੀਲਡ ਖੋਜ ਬਾਰੇ ਜਾਣਕਾਰੀ ਦਿੱਤੀ ਸੀ। ਅਸੀਂ ਮਹਿਸੂਸ ਕੀਤਾ ਸੀ ਕਿ ਜੇ ਅਸੀਂ ਆਪਣੇ ਸਰੋਤਾਂ ਅਤੇ ਰੁਚੀਆਂ ਨੂੰ ਜੋੜ ਲਈਏ ਤਾਂ ਮਿਲ ਕੇ ਸ਼ਾਇਦ ਅਜਿਹਾ ਕੁਝ ਨਵਾਂ ਪੈਦਾ ਕਰ ਸਕਦੇ ਹਾਂ ਜੋ ਸਾਡੇ ਦੋਵਾਂ ’ਚੋਂ ਕੋਈ ਵੀ ਇਕੱਲੇ ਤੌਰ ’ਤੇ ਨਹੀਂ ਕਰ ਸਕੇਗਾ।
ਸਾਲ 1992 ਵਿਚ ਮਾਧਵ ਗਾਡਗਿਲ ਅਤੇ ਮੇਰੀ ਇਕ ਕਿਤਾਬ ‘ਦਿਸ ਫਿਸਰਡ ਲੈਂਡ : ਐਨ ਇਕੋਲੌਜੀਕਲ ਹਿਸਟਰੀ ਆਫ ਇੰਡੀਆ’ ਪ੍ਰਕਾਸ਼ਿਤ ਹੋਈ ਸੀ। ਇਸ ਕਿਤਾਬ ਵਿਚ ਭਾਰਤ ਵਿਚ ਜੰਗਲਾਂ ਦੀ ਵਰਤੋਂ ਅਤੇ ਦੁਰਵਰਤੋਂ ਦੀ ਇਕ ਲੰਮੀ ਦਾਸਤਾਂ ਬਿਆਨ ਕੀਤੀ ਗਈ ਹੈ। ਕੁਝ ਸਮੀਖਿਅਕਾਂ ਨੇ ਕਿਤਾਬ ਬਾਰੇ ਉਤਸ਼ਾਹ ਦਿਖਾਇਆ ਪਰ ਕੁਝ ਹੋਰਨਾਂ ਨੇ ਸ਼ਿਕਾਇਤ ਕੀਤੀ ਕਿ ਇਹ ਨਿਰਉਤਸ਼ਾਹਿਤ ਕਰਨ ਵਾਲੀ ਕਿਤਾਬ ਹੈ ਅਤੇ ਕੁਝ ਹੱਦ ਤੱਕ ਬਿਪਤਾਮਈ ਸੁਰ ਵਾਲੀ ਹੈ। ਅਸੀਂ ਇਕ ਵਧੇਰੇ ਉਸਾਰੂ ਕਿਤਾਬ ਲਿਖਣ ਦਾ ਅਹਿਦ ਲਿਆ ਜੋ ਭਾਰਤ ਦੇ ਲੋਕਾਂ ਨੂੰ ਇਹ ਦਿਖਾ ਸਕੇ ਕਿ ਉਹ ਆਰਥਿਕ ਤਰੱਕੀ ਅਤੇ ਵਾਤਾਵਰਨ ਹੰਢਣਸਾਰਤਾ ਦੀਆਂ ਅਕਸਰ ਟਕਰਾਵੀਆਂ ਲੋੜਾਂ ਵਿਚਕਾਰ ਵਧੇਰੇ ਕਾਰਗਰ ਢੰਗ ਨਾਲ ਸਾਵਾਂਪਣ ਕਾਇਮ ਕਰ ਸਕਦੇ ਹਨ। ‘ਦਿਸ ਫਿਸਰਡ ਲੈਂਡ’ ਦਾ ਅਗਲਾ ਅੰਕ 1995 ਵਿਚ ਪ੍ਰਕਾਸ਼ਤ ਕੀਤਾ ਗਿਆ ਜਿਸ ਦਾ ਨਾਂ ਸੀ ‘ਇਕੋਲੌਜੀ ਐਂਡ ਇਕੁਐਲਿਟੀ : ਦਿ ਯੂਜ਼ ਐਂਡ ਐਬਿਊਜ਼ ਆਫ਼ ਨੇਚਰ ਇਨ ਕੰਟੈਂਪਰੇਰੀ ਇੰਡੀਆ’।
ਇਹ ਦੋਵੇਂ ਕਿਤਾਬਾਂ ਆਪਣੇ ਪਹਿਲੇ ਪ੍ਰਕਾਸ਼ਨ ਤੋਂ ਲੈ ਕੇ ਨਿਰੰਤਰ ਪ੍ਰਕਾਸ਼ਤ ਹੁੰਦੀਆਂ ਰਹੀਆਂ ਹਨ ਅਤੇ ਇਨ੍ਹਾਂ ਦੇ ਔਕਸਫੋਰਡ ਯੂਨੀਵਰਸਿਟੀ ਪ੍ਰੈਸ ਵੱਲੋਂ ਪ੍ਰਕਾਸ਼ਤ ਓਮਨੀਬਸ ਸੰਸਕਰਣ ਵੀ ਉਪਲਬਧ ਹਨ। ਇਨ੍ਹਾਂ ਦੀ ਸਮੱਗਰੀ (ਜਾਂ ਇਨ੍ਹਾਂ ਬਾਰੇ ਮਿਲੀ ਵੱਖ ਵੱਖ ਕਿਸਮਾਂ ਦੀ ਸਮੀਖਿਆ) ਦਾ ਨਿਚੋੜ ਪੇਸ਼ ਨਹੀਂ ਕਰਾਂਗਾ ਸਗੋਂ ਉਸ ਸਾਂਝੇ ਉੱਦਮ ਦੀ ਗੱਲ ਕਰਾਂਗਾ ਜਿਸ ਦੇ ਸਿੱਟੇ ਵਜੋਂ ਇਹ ਕਿਤਾਬਾਂ ਪ੍ਰਕਾਸ਼ਿਤ ਹੋਈਆਂ ਸਨ। ਮੁੱਖ ਪੰਨੇ ’ਤੇ ਮਾਧਵ ਦਾ ਨਾਂ ਮਹਿਜ਼ ਵਰਣਮਾਲਾ ਦੇ ਲਿਹਾਜ਼ ਤੋਂ ਹੀ ਪਹਿਲਾਂ ਨਹੀਂ ਛਪਿਆ ਸੀ ਸਗੋਂ ਦੋਵੇਂ ਕਿਤਾਬਾਂ ਦਾ ਮੋਟੇ ਤੌਰ ’ਤੇ ਵਿਸ਼ਲੇਸ਼ਣਕਾਰੀ ਚੌਖਟਾ ਵੀ ਉਨ੍ਹਾਂ ਦਾ ਸਿਰਜਿਆ ਹੋਇਆ ਸੀ, ਪਹਿਲੀ ਕਿਤਾਬ ਵਿਚ ‘ਰਿਸੋਰਸ ਕੈਚਮੈਂਟ’ ਜਿਹੇ ਕੁੰਜੀਵਤ ਸੰਕਲਪ ਅਤੇ ਚੌਗਿਰਦਕ ਸੂਝ ਅਤੇ ਚੌਗਿਰਦਕ ਫਜ਼ੂਲਖਰਚੀ ਵਿਚਕਾਰ ਤੁਲਨਾ ਅਤੇ ਦੂਜੀ ਕਿਤਾਬ ਵਿਚ ਸਰਬਾਹਾਰੀਆਂ, ਵਾਤਾਵਰਨੀ ਲੋਕਾਂ ਅਤੇ ਵਾਤਾਵਰਨੀ ਸ਼ਰਨਾਰਥੀਆਂ ਦਰਮਿਆਨ ਤ੍ਰੈਪੱਖੀ ਵੰਡ ਜਿਹੇ ਫਿਕਰਿਆਂ ਦੀ ਰਚਨਾ ਮਾਧਵ ਨੇ ਘੜੀ ਸੀ। ਮੇਰਾ ਜ਼ਿਆਦਾਤਰ ਯੋਗਦਾਨ ਵਿਹਾਰਕ ਖੋਜ ਵਿਚ ਰਿਹਾ ਸੀ। ਇਨ੍ਹਾਂ ਕਿਤਾਬਾਂ ਦੇ ਮੁੜ ਲੇਖਣ ਦਾ ਜ਼ਿੰਮਾ ਮੇਰਾ ਸੀ ਤਾਂ ਕਿ ਉਨ੍ਹਾਂ ਦੀ ਸੰਜਮੀ ਤੇ ਬੱਝਵੀਂ ਸ਼ੈਲੀ ਨੂੰ ਮੇਰੇ ਖੁੱਲ੍ਹੇ ਡੁੱਲ੍ਹੇ ਤੇ ਭਰਵੇਂ ਅੰਦਾਜ਼ ਨਾਲ ਇਕਮਿਕ ਕੀਤਾ ਜਾ ਸਕੇ।
ਜਦੋਂ ਕੋਈ ਮਾਧਵ ਨਾਲ ਕੰਮ ਕਰਦਾ ਸੀ ਤਾਂ ਹਮੇਸ਼ਾ ਨਵੀਆਂ ਗੱਲਾਂ ਸਿੱਖਦਾ ਰਹਿੰਦਾ। ਇਹ ਵਿਦਵਾਨਾਂ ਵਾਲੀਆਂ ਜਾਂ ਵਿਗਿਆਨਕ ਚੀਜ਼ਾਂ ਹੀ ਨਹੀਂ ਹੁੰਦੀਆਂ ਸਨ ਸਗੋਂ ਸੰਸਥਾਵਾਂ ਤੇ ਕਿੱਤਿਆਂ ਨਾਲ ਵੀ ਜੁੜੀਆਂ ਹੁੰਦੀਆਂ ਸਨ। ਮੈਂ ਕੋਲਕਾਤਾ ਵਿਚ ਪੀਐੱਚ.ਡੀ. ਕਰ ਕੇ ਆਇਆ ਸਾਂ ਜਿੱਥੋਂ ਦਾ ਬੌਧਿਕ ਕਲਚਰ ਜਗੀਰੂ ਕਿਸਮ ਦਾ ਹੁੰਦਾ ਸੀ ਤੇ ਮਾਰਕਸਵਾਦੀ ਪ੍ਰੋਫੈਸਰ ਸਭ ਤੋਂ ਵੱਧ ਜਗੀਰੂ ਹੁੰਦੇ ਸਨ। ਚਾਹੇ ਕੋਈ ਵਿਦਵਾਨ ਤੁਹਾਡੇ ਤੋਂ ਮਹਿਜ਼ ਇਕ ਮਹੀਨਾ ਵੱਡਾ ਹੋਵੇ ਪਰ ਤੁਹਾਨੂੰ ਉਸ ਨੂੰ ‘ਦਾਦਾ’ ਕਹਿਣਾ ਹੀ ਪੈਂਦਾ ਸੀ। ਇਕ ਨੇਮ ਇਹ ਸੀ ਕਿ ਆਪ ਤੋਂ ਵੱਡੇ ਵਿਦਵਾਨਾਂ ਦੇ ਕੰਮ ’ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ ਜਾਵੇਗਾ। ਦੂਜੇ ਬੰਨੇ, ਮੈਂ ਮਾਧਵ ਨੂੰ ਉਨ੍ਹਾਂ ਦਾ ਨਾਂ ਲੈ ਕੇ ਬੁਲਾਉਂਦਾ ਸਾਂ ਹਾਲਾਂਕਿ ਉਹ ਮੇਰੇ ਤੋਂ ਪੂਰੇ ਸੋਲ੍ਹਾਂ ਸਾਲ ਵੱਡੇ ਸਨ, ਇਸ ਤੋਂ ਵੀ ਵੱਡੀ ਗੱਲ ਇਹ ਕਿ ਅਸੀਂ ਬਰਾਬਰ ਬੁੱਧੀਮਾਨਾਂ ਦੀ ਤਰ੍ਹਾਂ ਕੰਮ ਕਰਦੇ ਤੇ ਬਹਿਸ ਕਰਦੇ ਸਾਂ, ਮੇਰਾ ਖਿਆਲ ਸੀ ਕਿ ਵਿਕਾਸਵਾਦੀ ਸਿਧਾਂਤ ਤੋਂ ਪ੍ਰਭਾਵਿਤ ਹੋਣ ਕਰਕੇ ਮੈਂ ਉਨ੍ਹਾਂ ਦੇ ਵਿਚਾਰਾਂ ਦਾ ਵਿਰੋਧ ਕਰਦਾ ਸੀ ਤੇ ਉਨ੍ਹਾਂ ਦੇ ਖ਼ਿਆਲ ਵਿਚ ਮੇਰੇ ਵਿਚਾਰ ਕੱਟੜ ਮਾਰਕਸਵਾਦੀ ਸਨ।
ਮਾਧਵ ਦਾ ਸਮਾਜਿਕ ਨਿਆਂ ਨਾਲ ਬਹੁਤ ਜ਼ਿਆਦਾ ਸਰੋਕਾਰ ਸੀ ਅਤੇ ਉਹ ਸੱਤਾਧਾਰੀਆਂ ਦਾ ਭੋਰਾ ਵੀ ਲਿਹਾਜ਼ ਨਹੀਂ ਕਰਦੇ ਸਨ। ਜੋ ਕੁਝ ਉਨ੍ਹਾਂ ਕਿਸਾਨਾਂ ਤੇ ਚਰਵਾਹਿਆਂ ਤੋਂ ਸਿੱਖਿਆ ਸੀ, ਉਸ ਤੋਂ ਉਨ੍ਹਾਂ ਦੇ ਵਿਗਿਆਨ ਨੂੰ ਬੜਾ ਲਾਭ ਹੋਇਆ ਤੇ ਉਹ ਸਰੋਤ ਪ੍ਰਬੰਧਨ ਦੇ ਹੰਢਣਸਾਰ ਮਾਡਲ ਤਿਆਰ ਕਰਨ ਵਾਸਤੇ ਮੁਕਾਮੀ ਭਾਈਚਾਰਿਆਂ ਨਾਲ ਸਾਂਝੇ ਕੰਮ ਕਰ ਕੇ ਤੇ ਬਹੁਤ ਕੁਝ ਲਿਖ ਕੇ ਹਰ ਸੰਭਵ ਰੂਪ ਵਿਚ ਆਪਣਾ ਯੋਗਦਾਨ ਦੇਣ ਦੇ ਚਾਹਵਾਨ ਸਨ। ਉਨ੍ਹਾਂ ਆਪਣੇ ਅਧਿਐਨ ਮੁਤਾਬਿਕ ਜੰਗਲਾਂ ਜਾਂ ਸੁਰੱਖਿਅਤ ਖੇਤਰਾਂ ਵਿਚ ਵਸਦੇ ਲੋਕਾਂ ਦੇ ਵਿਅਕਤੀਗਤ ਤੇ ਸਮੂਹਿਕ ਹੱਕਾਂ ਦੀ ਰਾਖੀ ਜਿਹੇ ਸਵਾਲਾਂ ਬਾਰੇ ਕੋਈ ਧਰਨਾ ਲਾਉਣ ਜਾਂ ਫਿਰ ਸਮੂਹਕ ਪਟੀਸ਼ਨਾਂ ਜ਼ਰੀਏ ਆਪਣਾ ਨਾਂ ਕਮਾਉਣ ਜਿਹਾ ਕੋਈ ਰਾਹ ਨਹੀਂ ਚੁਣਿਆ। ਉਨ੍ਹਾਂ ਨਾ ਸਰਕਾਰੀ ਅਫ਼ਸਰਾਂ ਦੀ ਕੋਈ ਖੁਸ਼ਨੁਦੀ ਹਾਸਲ ਕੀਤੀ ਤੇ ਨਾ ਹੀ ਕਾਰਕੁਨਾਂ ਵਾਲਾ ਰਾਹ ਅਖਤਿਆਰ ਕੀਤਾ।
ਮਾਧਵ ਗਾਡਗਿਲ ਇਸ ਵੇਲੇ ਆਪਣੀ ਵਿਗਿਆਨਕ ਸਵੈ-ਜੀਵਨੀ ਲਿਖ ਰਹੇ ਹਨ ਜੋ ਅਗਲੇ ਸਾਲ ਪ੍ਰਕਾਸ਼ਿਤ ਹੋ ਰਹੀ ਹੈ ਜਿਸ ਵਿਚ ਪੱਛਮੀ ਘਾਟ ਬਾਰੇ ਉਨ੍ਹਾਂ ਦੀ ਅਗਵਾਈ ਵਾਲੀ ਕਮੇਟੀ ਵੱਲੋਂ ਪੇਸ਼ ਕੀਤੀਆਂ ਵਿਆਪਕ ਤੇ ਸਪੱਸ਼ਟ ਰਿਪੋਰਟਾਂ ਸਮੇਤ ਕਈ ਚੀਜ਼ਾਂ ਦਾ ਜ਼ਿਕਰ ਆਵੇਗਾ। ਇਸ ਤੋਂ ਇਹ ਗੱਲ ਰੇਖਾਂਕਤ ਹੁੰਦੀ ਹੈ ਕਿ ਜੰਗਲਾਤ ਤੇ ਪਹਾੜੀ ਢਲਾਣਾਂ ਨੂੰ ਖਣਨ ਤੇ ਹੋਰਨਾਂ ਤਬਾਹਕਾਰੀ ਸਰਗਰਮੀਆਂ ਤੋਂ ਬਚਾ ਕੇ ਰੱਖਣ ਦੀ ਲੋੜ ਹੈ ਅਤੇ ਫ਼ੈਸਲੇ ਲੈਣ ਦੇ ਅਮਲ ਵਿਚ ਪੰਚਾਇਤਾਂ ਅਤੇ ਮੁਕਾਮੀ ਭਾਈਚਾਰਿਆਂ ਦੀ ਵਧੇਰੇ ਹਿੱਸੇਦਾਰੀ ਦੀ ਪੈਰਵੀ ਹੁੰਦੀ ਹੈ।
ਗਾਡਗਿਲ ਕਮੇਟੀ ਦੀ ਰਿਪੋਰਟ ਦਾ ਠੇਕੇਦਾਰ-ਸਿਆਸਤਦਾਨ-ਨੌਕਰਸ਼ਾਹ ਗੱਠਜੋੜ ਨੇ ਤਿੱਖਾ ਵਿਰੋਧ ਕੀਤਾ ਸੀ ਪਰ ਲੋਕਾਂ ਦੇ ਵੱਖੋ ਵੱਖਰੇ ਤਬਕਿਆਂ ਨੇ ਭਰਵਾਂ ਸਵਾਗਤ ਕੀਤਾ। ਜੇ ਇਸ ਰਿਪੋਰਟ ’ਤੇ ਅਮਲ ਕੀਤਾ ਗਿਆ ਹੁੰਦਾ ਤਾਂ ਕੇਰਲਾ, ਕਰਨਾਟਕ ਤੇ ਗੋਆ ਵਿਚ ਹਾਲੀਆ ਸਾਲਾਂ ਦੌਰਾਨ ਹੜ੍ਹਾਂ ਕਾਰਨ ਜੋ ਤਬਾਹੀ ਆਈ ਸੀ, ਉਸ ਤੋਂ ਬਚਿਆ ਜਾ ਸਕਦਾ ਸੀ ਜਾਂ ਫਿਰ ਉਸ ਦੀ ਰੋਕਥਾਮ ਕੀਤੀ ਜਾ ਸਕਦੀ ਸੀ।
ਮੈਂ ਮਾਧਵ ਗਾਡਗਿਲ ਨੂੰ ਚਾਲੀ ਸਾਲਾਂ ਜਾਂ ਉਨ੍ਹਾਂ ਦੀ ਅੱਧੀ ਜ਼ਿੰਦਗੀ ਤੋਂ ਜਾਣਦਾ ਹਾਂ। ਇੰਝ ਮੇਰੇ ਮਿੱਤਰ ਤੇ ਸਹਿਕਰਮੀ ਵਜੋਂ ਮੇਰੇ ਕੋਲ ਉਨ੍ਹਾਂ ਦੀਆਂ ਬਹੁਤ ਸਾਰੀਆਂ ਯਾਦਾਂ ਹਨ ਜੋ ਉਨ੍ਹਾਂ ਦੇ ਜਾਂ ਮੇਰੇ ਘਰ, ਇੰਡੀਅਨ ਇੰਸਟੀਚਿਊਟ ਆਫ ਸਾਇੰਸਜ਼ ਦੇ ਡਾਈਨਿੰਗ ਹਾਲ, ਵੱਖ ਵੱਖ ਸ਼ਹਿਰਾਂ ਵਿਚ ਹੋਏ ਸੈਮੀਨਾਰਾਂ ਅਤੇ ਬੱਸ ਜਾਂ ਰੇਲਗੱਡੀ ਦੇ ਇਕੱਠੇ ਕੀਤੇ ਸਫ਼ਰ ਨਾਲ ਜੁੜੀਆਂ ਹੋਈਆਂ ਹਨ। ਜੇ ਮੈਨੂੰ ਕੋਈ ਇਕਹਿਰੀ ਯਾਦ ਚੁਣਨੀ ਪਵੇ ਤਾਂ ਮੈਂ ਇਹ ਉਨ੍ਹਾਂ ਦੀ ਸਭ ਤੋਂ ਚਹੇਤੇ ਪੱਛਮੀ ਘਾਟ ਨਾਲ ਜੁੜੀ ਹੋਈ ਹੋਵੇਗੀ। ਮਾਧਵ ਦੇ ਸਭ ਤੋਂ ਵੱਧ ਸਤਿਕਾਰ ਦੇ ਪਾਤਰ ਲੋਕਾਂ ਵਿਚ ਇਸਾਈ ਪਾਦਰੀ ਮਰਹੂਮ ਸੇਸਿਲ ਜੇ. ਸਲਦਾਨਾ ਸ਼ਾਮਲ ਸਨ ਜਿਨ੍ਹਾਂ ਨੇ ਆਪਣੇ ਜੱਦੀ ਸੂਬੇ ਕਰਨਾਟਕ ਦੀ ਬਨਸਪਤੀ ਬਾਰੇ ਇਕ ਵੱਡ ਅਕਾਰੀ ਲੇਖ ਲਿਖ ਕੇ ਆਪਣੇ ਸੰਗਠਨ ਦੀਆਂ ਵਿਗਿਆਨਕ ਰਵਾਇਤਾਂ ਦਾ ਮਾਣ ਕਾਇਮ ਰੱਖਿਆ ਸੀ। ਇਕ ਵਾਰ ਆਪਣੀਆਂ ਤਸਵੀਰਾਂ ਦੀ ਨੁਮਾਇਸ਼ ਦੀ ਤਿਆਰੀ ਲਈ ਫਾਦਰ ਸਲਦਾਨਾ ਨੇ ਸੈਂਟਰ ਫਾਰ ਇਕੋਲੌਜੀਕਲ ਸਾਇੰਸਜ਼ ਦੇ ਕੌਰੀਡੋਰ ਵਿਚ ਤਸਵੀਰਾਂ ਖਿਲਾਰ ਰੱਖੀਆਂ ਸਨ। ਉਸ ਵੇਲੇ ਤਸਵੀਰਾਂ ਦੀਆਂ ਕੈਪਸ਼ਨਾਂ ਨਹੀਂ ਸਨ। ਮੈਂ ਮਾਧਵ ਹੁਰਾਂ ਨੂੰ ਹਰੇਕ ਤਸਵੀਰ ਵਿਚਲੀ ਥਾਂ ਪਛਾਣਨ ਲਈ ਕਿਹਾ ਤਾਂ ਉਨ੍ਹਾਂ ਬਿਨਾਂ ਕਿਸੇ ਤਰੱਦਦ ਤੋਂ ਸਭ ਤਸਵੀਰਾਂ ਪਛਾਣ ਲਈਆਂ ਤੇ ਮੈਨੂੰ ਇਹ ਵੀ ਦੱਸਿਆ ਕਿ ਕਿਹੜੇ ਜੰਗਲ ਵਿਚ ਕਿਹੜੇ ਪੰਛੀ ਪਾਏ ਜਾਂਦੇ ਹਨ, ਫਲਾਣੀ ਛੰਭ ਦਾ ਨਾਂ ਕੀ ਹੈ, ਇਲਾਕੇ ’ਚੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਨੇੜੇ ਕਿਹੜਾ ਪਿੰਡ ਪੈਂਦਾ ਹੈ। ਇਹ ਦੌਰਾ ਬਹੁਤ ਹੀ ਜ਼ਬਰਦਸਤ ਉੱਦਮ ਸਾਬਿਤ ਹੋਇਆ ਸੀ ਜਿਸ ਵਿਚ ਮੈਂ ਮਹਿਜ਼ ਇਕ ਫੀਲਡ ਵਰਕਰ ਦੇ ਤੌਰ ’ਤੇ ਗਿਆ ਸਾਂ ਪਰ ਇਸ ਦੀ ਰੌਚਕਤਾ ਤੇ ਵਿਸ਼ਾਲਤਾ ਦੇਖ ਕੇ ਦੰਗ ਰਹਿ ਗਿਆ ਸਾਂ।