ਹਰ ਗਲੀ, ਹਰ ਖੂੰਜੇ ਭ੍ਰਿਸ਼ਟਾਚਾਰ, ਹਾਲਾਤ ਨਵੇਂ ਮੁੱਖ ਮੰਤਰੀ ਦੇ ਲਈ ਸੁਖਾਵੇਂ ਨਹੀਂ - ਜਤਿੰਦਰ ਪਨੂੰ
ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਜਦੋਂ ਨਵੀਂ ਸਰਕਾਰ ਬਣੀ ਤਾਂ ਇਹ ਗੱਲ ਆਮ ਪੁੱਛੀ ਜਾਣ ਲੱਗ ਪਈ ਸੀ ਕਿ ਪੰਜਾਬ ਵਿੱਚ ਭ੍ਰਿਸ਼ਟਾਚਾਰ ਦਾ ਖਾਤਮਾ ਅਤੇ ਕਾਨੂੰਨ ਦਾ ਰਾਜ ਕਦੋਂ ਕੁ ਤੱਕ ਸਥਾਪਤ ਹੋ ਸਕੇਗਾ? ਭਗਵੰਤ ਮਾਨ ਜਦੋਂ ਕਾਮੇਡੀ ਕਰਦਾ ਹੁੰਦਾ ਸੀ ਅਤੇ ਉਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਕਦੀ ਰਾਜਨੀਤੀ ਦੇ ਰਾਹ ਪੈਣ ਬਾਰੇ ਸੋਚੇਗਾ, ਓਦੋਂ ਉਸ ਨੇ ਇੱਕ ਵਾਰੀ ਇਹ ਗੱਲ ਕਹੀ ਸੀ ਕਿ ਧਰਮਰਾਜ ਕਹਿੰਦਾ ਹੈ ਕਿ ਜਦੋਂ ਤੱਕ ਮੈਂ ਜ਼ਿੰਦਾ ਹਾਂ, ਭਾਰਤ ਵਿੱਚ ਭ੍ਰਿਸ਼ਟਾਚਾਰ ਓਦੋਂ ਤੱਕ ਖਤਮ ਨਹੀਂ ਹੋ ਸਕਣਾ। ਅੱਜ ਭਗਵੰਤ ਮਾਨ ਦੇ ਮੁੱਖ ਮੰਤਰੀ ਬਣ ਜਾਣ ਨਾਲ ਏਨੇ ਹਾਲਾਤ ਨਹੀਂ ਬਦਲ ਗਏ ਕਿ ਰਾਤੋ-ਰਾਤ ਭ੍ਰਿਸ਼ਟਾਚਾਰ ਨੂੰ ਵੀ ਨੱਥ ਪੈ ਜਾਵੇਗੀ ਤੇ ਸਿਸਟਮ ਵਿੱਚ ਆਏ ਵਿਗਾੜਾਂ ਦਾ ਸੁਧਾਰ ਵੀ ਹਫਤਿਆਂ ਜਾਂ ਮਹੀਨਿਆਂ ਵਿੱਚ ਹੋ ਜਾਵੇਗਾ। ਇਹ ਕੰਮ ਏਨਾ ਸੌਖਾ ਨਹੀਂ। ਭਾਰਤ ਦੀ ਗੱਲ ਛੱਡੋ, ਪੰਜਾਬ ਦੀ ਹਰ ਗੁੱਠ ਵਿੱਚ ਏਨਾ ਭ੍ਰਿਸ਼ਟਾਚਾਰ ਫੈਲਿਆ ਪਿਆ ਹੈ ਕਿ ਪਿਛਲੀਆਂ ਧਾਰਨਾਵਾਂ ਬਦਲਣੀਆਂ ਪੈਣਗੀਆਂ। ਪਹਿਲਾਂ ਕਿਹਾ ਜਾਂਦਾ ਸੀ ਕਿ ਭ੍ਰਿਸ਼ਟਾਚਾਰ ਏਨਾ ਕੁ ਵੱਧ ਹੋ ਗਿਆ ਹੈ ਕਿ ਇੱਟ ਪੁੱਟਿਆਂ ਚੋਰ ਨਿਕਲਦਾ ਹੈ, ਪਰ ਕੁਝ ਚਿਰ ਪਿੱਛੋਂ ਸੁਣਿਆ ਜਾਣ ਲੱਗਾ ਕਿ ਇੱਟ ਪੁੱਟਣ ਦੀ ਵੀ ਲੋੜ ਨਹੀਂ, ਬਿਨਾਂ ਪੁੱਟੇ ਹੀ ਹਰ ਪਾਸੇ ਚੋਰ ਮਿਲ ਜਾਂਦੇ ਹਨ।
ਅਸੀਂ ਪਿਛਲੇ ਦਿਨਾਂ ਵਿੱਚ ਪੰਜਾਬ ਸਰਕਾਰ ਨਾਲ ਜੁੜੇ ਤੇ ਕੁਝ ਕੇਂਦਰ ਸਰਕਾਰ ਨਾਲ ਜੁੜੇ ਵਿਭਾਗਾਂ ਵਿੱਚ ਹੁੰਦੇ ਭ੍ਰਿਸ਼ਟਾਚਾਰ ਦੀਆਂ ਉਹ ਕਹਾਣੀਆਂ ਸੁਣੀਆਂ, ਜਿਹੜੀਆਂ ਦੱਸਦੀਆਂ ਹਨ ਕਿ ਏਥੇ ਦਾਲ ਵਿੱਚ ਕਾਲਾ ਨਹੀਂ, ਸਾਰੀ ਦਲ ਹੀ ਕਾਲੀ ਹੈ। ਕੋਈ ਪਾਸਾ ਬਚਿਆ ਹੀ ਨਹੀਂ ਤਾਂ ਗੱਲ ਸ਼ੁਰੂ ਕਿੱਥੋਂ ਕੀਤੀ ਜਾਵੇ, ਇਹੋ ਵੱਡਾ ਮਸਲਾ ਹੈ। ਛੋਟੇ ਬੱਚਿਆਂ ਨੂੰ ਨੇਕੀ ਦਾ ਰਾਹ ਦੱਸਣ ਲਈ ਜਿਹੜੇ ਅਧਿਆਪਕ ਵਰਗ ਦੇ ਸਿਰ ਜ਼ਿੰਮੇਵਾਰੀ ਹੁੰਦੀ ਹੈ, ਉਹ ਖੁਦ ਭ੍ਰਿਸ਼ਟਾਚਾਰ ਦੀ ਚੱਕੀ ਦੇ ਪੁੜਾਂ ਵਿੱਚ ਪਿਸ ਰਿਹਾ ਹੈ ਅਤੇ ਚੋਣਵੇਂ ਬੇਈਮਾਨ ਇਸ ਦਾ ਲਾਭ ਉਠਾ ਕੇ ਸਮੁੱਚੇ ਭਾਈਚਾਰੇ ਦੀ ਭੰਡੀ ਕਰਾਉਣ ਦਾ ਕਾਰਨ ਬਣਦੇ ਹਨ। ਚੰਡੀਗੜ੍ਹ ਤੋਂ ਚੱਲਦੀ ਪੰਜਾਬ ਯੂਨੀਵਰਸਿਟੀ ਦਾ ਕਿਸੇ ਸਮੇਂ ਬੜਾ ਵੱਡਾ ਨਾਂਅ ਹੁੰਦਾ ਸੀ, ਇਸ ਵੇਲੇ ਦੇ ਵਾਈਸ ਚਾਂਸਲਰ ਦੀ ਅਗਵਾਈ ਹੇਠ ਬਦਨਾਮੀ ਦਾ ਗੜ੍ਹ ਬਣੀ ਜਾ ਰਹੀ ਹੈ। ਜਿਹੜੇ ਬੰਦੇ ਸਹਾਇਕ ਪ੍ਰੋਫੈਸਰ ਲੱਗਣ ਦੇ ਲਾਇਕ ਅਜੇ ਨਹੀਂ ਸਨ ਹੋਏ, ਉਨ੍ਹਾਂ ਨੂੰ ਪ੍ਰੋਫੈਸਰ ਦਾ ਝੂਠਾ ਰੁਤਬਾ ਦੇ ਕੇ ਕਾਲਜਾਂ ਦੇ ਪ੍ਰਿੰਸੀਪਲ ਬਣਾ ਕੇ ਉਸ ਰਾਜ ਦੀ ਸਰਕਾਰ ਦੀਆਂ ਗਰਾਂਟਾਂ ਚੱਬਣ ਦਾ ਮੌਕਾ ਦਿੱਤਾ ਜਾ ਰਿਹਾ ਹੈ, ਜਿਸ ਦਾ ਮੁੱਖ ਮੰਤਰੀ ਭਗਵੰਤ ਮਾਨ ਇਹ ਕਹਿੰਦਾ ਹੈ ਕਿ ਭ੍ਰਿਸ਼ਟਾਚਾਰ ਨੂੰ ਰੋਕਿਆ ਜਾਵੇਗਾ। ਇੱਕ ਏਦਾਂ ਦੇ ਹੇਰਾਫਰੀ ਨਾਲ ਬਣੇ ਪ੍ਰਿੰਸੀਪਲ ਦੀ ਸ਼ਿਕਾਇਤ ਹੋਈ ਤਾਂ ਉਸ ਦੀ ਤਨਖਾਹ ਰੋਕੀ ਗਈ, ਪਰ ਘਰ ਨੂੰ ਨਹੀਂ ਭੇਜਿਆ, ਕਿਉਂਕਿ ਇਹੋ ਜਿਹੀ ਕਾਰਵਾਈ ਪੰਜਾਬ ਸਰਕਾਰ ਕਰਨ ਜੋਗੀ ਨਹੀਂ, ਯੂਨੀਵਰਸਿਟੀ ਨੇ ਕਰਨੀ ਹੈ ਤੇ ਓਥੇ ਵਾਈਸ ਚਾਂਸਲਰ ਖੁਦ ਇਸ ਚੱਕਰ ਦਾ ਹਿੱਸਾ ਬਣਿਆ ਪਿਆ ਹੈ। ਮਾਲਵੇ ਦੇ ਇੱਕ ਕਾਲਜ ਦੀ ਪ੍ਰਿੰਸੀਪਲ ਬੀਬੀ ਬਾਰੇ ਸੁਣਿਆ ਹੈ ਕਿ ਉਸ ਨੇ ਆਪਣੀ ਯੋਗਤਾ ਵਿਖਾਉਣ ਲਈ ਕੁਝ ਕਿਤਾਬਾਂ ਆਪਣੇ ਨਾਂਅ ਨਾਲ ਛਪੀਆਂ ਪੇਸ਼ ਕੀਤੀਆਂ ਤਾਂ ਪਤਾ ਲੱਗਾ ਕਿ ਸਾਰੀਆਂ ਉਸ ਦੀਆਂ ਲਿਖੀਆਂ ਨਹੀਂ, ਬਿਗਾਨੀਆਂ ਆਪਣੇ ਨਾਂਅ ਛਪਵਾ ਕੇ ਫਰਾਡ ਕੀਤਾ ਹੈ। ਇਹੋ ਜਿਹੇ ਪ੍ਰਿੰਸੀਪਲ ਬੱਚਿਆਂ ਨੂੰ ਕੀ ਪੜ੍ਹਾਉਣਗੇ, ਇਸ ਬਾਰੇ ਕੋਈ ਓਦੋਂ ਸੋਚੇਗਾ, ਜਦੋਂ ਫਰਾੜ ਫੜਨੇ ਹੋਣ, ਜਦੋਂ ਫਰਾਡ ਯੂਨੀਵਰਸਿਟੀਆਂ ਵਿੱਚੋਂ ਹੁੰਦੇ ਪਏ ਹਨ ਤਾਂ ਕਿਸੇ ਨੇ ਰੋਕਣ ਲਈ ਕੁਝ ਕਰਨਾ ਹੀ ਨਹੀਂ। ਇੱਕ ਯੂਨੀਵਰਸਿਟੀ ਦੇ ਯੋਗ ਵਾਈਸ ਚਾਂਸਲਰ ਨੇ ਆਪਣੇ ਹੇਠ ਚੱਲਦੇ ਕਾਲਜਾਂ ਦਾ ਪੜਤਾਲ ਕਰਾਈ ਤਾਂ ਪਤਾ ਲੱਗਾ ਕਿ ਕੁਝ ਕਾਲਜਾਂ ਵਿੱਚ ਨਾ ਪੂਰੇ ਅਧਿਆਪਕ ਤੇ ਨਾ ਪੂਰੇ ਵਿਦਿਆਰਥੀ ਹਨ। ਇੱਕ ਕਾਲਜ ਤਾਂ ਦੱਸੀ ਬਿਲਡਿੰਗ ਦੀ ਥਾਂ ਕਿਸੇ ਹੋਰ ਕਾਲਜ ਦੀ ਬਿਲਡਿੰਗ ਦੇ ਇੱਕ ਕਮਰੇ ਤੋਂ ਚੱਲੀ ਜਾ ਰਿਹਾ ਹੈ ਤੇ ਖੇਡਾਂ ਵਾਸਤੇ ਬਣਾਏ ਇੱਕ ਸਪੋਰਟਸ ਕਾਲਜ ਦੇ ਟਰੈਕ ਉੱਤੇ ਝਾੜੀਆਂ ਉੱਗ ਚੁੱਕੀਆਂ ਹਨ। ਕਾਨੂੰਨ ਪੜ੍ਹਾਉਣ ਵਾਲੇ ਇੱਕ ਕਾਲਜ ਨੇ ਹੋਰ ਕਮਾਲ ਕਰ ਦਿੱਤੀ ਕਿ ਲਾਅ ਦੀਆਂ ਕਲਾਸਾਂ ਨੂੰ ਉਹ ਨੌਜਵਾਨ ਪੜ੍ਹਾ ਰਿਹਾ ਸੀ, ਜਿਹੜਾ ਖੁਦ ਆਪਣੀ ਐੱਮ ਦੀ ਪੜ੍ਹਾਈ ਅਜੇ ਕਰਦਾ ਸੀ ਤੇ ਲਾਅ ਨਾਲ ਉਸ ਮੁੰਡੇ ਦਾ ਕੋਈ ਵਾਸਤਾ ਹੀ ਨਹੀਂ ਸੀ ਜਾਪਦਾ। ਇੱਕ ਹੋਰ ਕਾਲਜ ਵਿੱਚ ਕੁੜੀਆਂ ਦਾ ਹੋਸਟਲ ਬਣਾ ਕੇ ਬਾਹਰਲੇ ਮੁੰਡਿਆਂ ਲਈ ਕਿਰਾਏ ਦਾ ਹੋਸਟਲ ਚਲਾਇਆ ਜਾ ਰਿਹਾ ਸੀ। ਏਡੇ ਵੱਡੇ ਫਰਾਡ ਹੋਈ ਜਾ ਰਹੇ ਹਨ ਪੰਜਾਬ ਵਿੱਚ।
ਪਟਿਆਲੇ ਵਿੱਚ ਰਹਿੰਦੇ ਸਾਬਕਾ ਫੌਜੀ ਅਫਸਰ ਕੈਪਟਨ ਮਾਟਾ ਨੇ ਐਕਸਾਈਜ਼ ਵਿਭਾਗ ਦਾ ਇੱਕ ਸਕੈਂਡਲ ਫੜ ਲਿਆ। ਉਹ ਇਹ ਕਹਿੰਦੇ ਹਨ ਕਿ ਸਕੈਂਡਲ ਇਕਤਾਲੀ ਹਜ਼ਾਰ ਕਰੋੜ ਰੁਪਏ ਬਣਦਾ ਹੈ। ਇਸ ਦੀ ਕੋਈ ਚਰਚਾ ਨਹੀਂ ਚੱਲਦੀ ਤੇ ਜਿਹੜੇ ਅਫਸਰ ਪੰਜਾਬ ਸਰਕਾਰ ਵਿਰੁੱਧ ਇਕਤਾਲੀ ਹਜ਼ਾਰ ਕਰੋੜ ਰੁਪਏ ਵਰਗਾ ਸਕੈਂਡਲ ਕਰਨ ਦੇ ਦੋਸ਼ੀ ਸਮਝੇ ਜਾਂਦੇ ਹਨ, ਪਿਛਲੀਆਂ ਦੋ ਸਰਕਾਰਾਂ ਦੇ ਵਕਤ ਵੀ ਪਹਿਲੀ ਪਾਲ ਦੇ ਜੀਅ-ਹਜ਼ੂਰੀਆਂ ਵਿੱਚ ਹੁੰਦੇ ਸਨ ਅਤੇ ਅੱਜ ਵਾਲੀ ਸਰਕਾਰ ਦੇ ਜੀਅ-ਹਜ਼ੂਰੀਆਂ ਵਿੱਚ ਨਾ ਸਹੀ, ਵੱਡੀਆਂ ਕੁਰਸੀਆਂ ਉੱਤੇ ਕਾਇਮ ਹਨ। ਕਾਰਨ ਇਹ ਹੈ ਕਿ ਉਨ੍ਹਾਂ ਵਿਰੁੱਧ ਕੇਸ ਜਦ ਤੱਕ ਕਿਸੇ ਪਾਸੇ ਨਹੀਂ ਲੱਗਦਾ, ਕੋਈ ਵੀ ਸਰਕਾਰ ਉਨ੍ਹਾਂ ਨੂੰ ਖੂੰਜੇ ਨਹੀਂ ਲਾ ਸਕਦੀ ਤੇ ਅਫਸਰ ਹੋਣ ਕਰ ਕੇ ਕਿਸੇ ਨਾ ਕਿਸੇ ਸੀਟ ਲਈ ਉਨ੍ਹਾਂ ਦੀ ਨਿਯੁਕਤੀ ਨਿਯਮਾਂ ਅਨੁਸਾਰ ਕਰਨੀ ਹੀ ਪੈਣੀ ਹੈ। ਏਦਾਂ ਦੇ ਅਫਸਰ ਆਪੋ ਵਿੱਚ ਅੱਖ ਮਿਲੀ ਹੋਣ ਕਾਰਨ ਇੱਕ ਦੂਸਰੇ ਦੀ ਢਾਲ ਵੀ ਬਣਦੇ ਹਨ, ਕੋਈ ਪੜਤਾਲ ਚੱਲਣ ਲੱਗੇ ਤਾਂ ਅਗੇਤੇ ਸੁਨੇਹੇ ਵੀ ਭੇਜਦੇ ਹਨ ਅਤੇ ਨਾਲ ਇਹ ਵੀ ਦੱਸਣ ਤੋਂ ਨਹੀਂ ਰਹਿੰਦੇ ਕਿ ਫਲਾਣਾ ਬੰਦਾ ਆਪਣਾ ਹੈ ਅਤੇ ਜਾਂਚ ਦੌਰਾਨ ਤੁਹਾਡੀ ਹਰ ਤਰ੍ਹਾਂ ਦੀ ਮਦਦ ਕਰਨ ਵਿੱਚ ਉਸ ਨੂੰ ਖੁਸ਼ੀ ਹੋਵੇਗੀ। ਇਹ ਵੀ ਇੱਕ ਦੂਸਰੇ ਦੀ ਸਾਂਝ ਦਾ ਸ਼ਗਨ ਹੁੰਦਾ ਹੈ।
ਸਾਡੇ ਕੋਲ ਇੱਕ ਕੇਸ ਆਇਆ ਹੈ, ਜਿਸ ਵਿੱਚ ਸੰਬੰਧਤ ਵਿਅਕਤੀ ਦੱਸਦਾ ਹੈ ਕਿ ਉਸ ਨੇ ਰੇਤ ਦੀ ਨਾਜਾਇਜ਼ ਖੁਦਾਈ ਦੀ ਸ਼ਿਕਾਇਤ ਕੀਤੀ ਤਾਂ ਇਹ ਮੁੱਦਾ ਉਸ ਜ਼ਿਲੇ ਦੇ ਦੋ ਵੱਡੇ ਅਫਸਰ ਕੋਲ ਭੇਜ ਦਿੱਤਾ ਗਿਆ। ਅਫਸਰ ਬਹੁਤ ਚੰਗੇ ਸਮਝੇ ਜਾਂਦੇ ਹਨ, ਪਰ ਉਸ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਨਾਜਾਇਜ਼ ਮਾਈਨਿੰਗ ਕਰਨ ਵਾਲੇ ਦੋਸ਼ੀ ਤਾਂ ਓਥੇ ਬੈਠੇ ਹੋਏ ਮੁੱਛਾਂ ਨੂੰ ਤਾਅ ਦੇਈ ਜਾਂਦੇ ਸਨ ਅਤੇ ਉਸ ਵਿਚਾਰੇ ਨੂੰ ਦੋਵੇਂ ਵੱਡੇ ਅਫਸਰ ਪੁਆੜੇ ਦੀ ਜੜ੍ਹ ਦੱਸ ਕੇ ਧਮਕੀ ਦੇਣ ਲੱਗੇ ਰਹੇ ਸਨ ਕਿ 'ਬੰਦਾ ਬਣ ਕੇ ਦਿਨ ਕੱਟ, ਵਰਨਾ ਉਹ ਹਾਲ ਕਰਾਂਗੇ ਕਿ ਯਾਦ ਰੱਖੇਂਗਾ।' ਵਿਚਾਰਾ ਕਈ ਪੱਧਰਾਂ ਤੱਕ ਪਹੁੰਚ ਕਰ ਚੁੱਕਾ ਹੈ, ਮੁੱਖ ਮੰਤਰੀ ਕੋਲ ਵੀ ਚਲਾ ਜਾਵੇ ਤਾਂ ਮੁੱਖ ਮੰਤਰੀ ਹਰ ਕੰਮ ਵਿੱਚ ਖੁਦ ਦਖਲ ਦੇਣ ਵਾਸਤੇ ਨਹੀਂ ਜਾ ਸਕਦਾ, ਅਕਸਰ ਤਾਂ ਅਫਸਰਾਂ ਕੋਲੋਂ ਕੰਮ ਕਰਾਵੇਗਾ ਤੇ ਅਫਸਰਾਂ ਦਾ ਇਹ ਹਾਲ ਹੈ। ਫਿਰ ਪੰਜਾਬ ਅੰਦਰ ਹਰ ਖੂੰਜੇ ਵਿੱਚ ਪਿਆ ਗੰਦ ਸਾਫ ਕਿਵੇਂ ਹੋ ਸਕੇਗਾ, ਇਹ ਸਵਾਲ ਅਕਸਰ ਪੁੱਛਿਆ ਜਾਂਦਾ ਹੈ। ਇਸ ਹਫਤੇ ਸਾਨੂੰ ਕੇਂਦਰ ਦੀ ਜਾਂਚ ਏਜੰਸੀ ਸੀ ਬੀ ਆਈ ਦੇ ਚਾਰ ਸਬ ਇੰਸਪੈਕਟਰ ਫਿਰੌਤੀ ਲਈ ਬੰਦਾ ਅਗਵਾ ਕਰਨ ਦੇ ਦੋਸ਼ ਵਿੱਚ ਫੜੇ ਜਾਣ ਦੀ ਖਬਰ ਮਿਲੀ ਹੈ ਅਤੇ ਇਹ ਸਭ ਕੁਝ ਚੰਡੀਗੜ੍ਹ ਵਿੱਚ ਵਾਪਰਿਆ ਹੈ। ਜਾਂਚ ਏਜੰਸੀ ਸੀ ਬੀ ਆਈ ਭ੍ਰਿਸ਼ਟਾਚਾਰ ਦੇ ਵਿਰੁੱਧ ਕਾਰਵਾਈ ਲਈ ਭਾਰਤ ਦੀ ਸਭ ਤੋਂ ਵੱਡੀ ਏਜੰਸੀ ਮੰਨੀ ਜਾਂਦੀ ਹੈ, ਪਰ ਉਸ ਦੇ ਚਾਰ ਅਫਸਰ ਫਿਰੌਤੀਆਂ ਲਈ ਅਗਵਾ ਦੇ ਕੇਸ ਵਿੱਚ ਫਸ ਜਾਣ ਤਾਂ ਹਰ ਕੋਈ ਹੈਰਾਨ ਹੋਵੇਗਾ। ਹਿੰਦੀ ਦੇ ਵਿਅੰਗ ਕਵੀ ਸੁਰਿੰਦਰ ਸ਼ਰਮਾ ਨੇ ਇੱਕ ਵਾਰ ਵਿਅੰਗ ਕੀਤਾ ਸੀ ਕਿ ਕੀੜੇ ਮਾਰਨ ਦੀ ਦਵਾਈ ਲਿਆਂਦੀ ਸੀ, ਉਸ ਵਿੱਚ ਵੀ ਕੀੜੇ ਪੈ ਗਏ ਤੇ ਚੰਡੀਗੜ੍ਹ ਵਿੱਚ ਇਹੋ ਜਿਹੇ ਚਾਰ ਅਫਸਰ, ਜਿਨ੍ਹਾਂ ਨੇ ਅਪਰਾਧ ਰੋਕਣੇ ਸਨ, ਫੜੇ ਜਾਣ ਵਾਲੀ ਗੱਲ ਸੁਣ ਕੇ ਸਾਨੂੰ ਇਹ ਮੰਨਣਾ ਪੈ ਗਿਆ ਕਿ ਕੀੜਿਆਂ ਨੂੰ ਮਾਰਨ ਵਾਲੀ ਦਵਾਈ ਵਿੱਚ ਵੀ ਕੀੜੇ ਪੈ ਸਕਦੇ ਹਨ। ਇਹ ਹਾਲਤ ਸਿਰਫ ਇੱਕ ਏਜੰਸੀ, ਇੱਕ ਯੂਨੀਵਰਸਿਟੀ ਜਾਂ ਇੱਕ ਵਿਭਾਗ ਦੀ ਨਹੀਂ, ਭਾਰਤ ਤੇ ਪੰਜਾਬ ਦੀ ਹਰ ਗਲੀ ਵਿੱਚ ਚੋਰ ਫਿਰਦੇ ਮਿਲ ਜਾਣਗੇ। ਚੋਰਾਂ ਦੀ ਆਪਸੀ ਸਾਂਝ ਹਰ ਥਾਂ ਇੱਕੋ ਜਿਹੀ ਹੈ ਤੇ ਇੱਕ ਦੂਸਰੇ ਨੂੰ ਬਚਾਉਣ ਲਈ ਮੌਕੇ ਦੇ ਮੁੱਖ ਮੰਤਰੀ ਤੱਕ ਨੂੰ ਠਿੱਬੀ ਲਾਉਣ ਵਿੱਚ ਵੀ ਗੁਰੇਜ਼ ਨਹੀਂ ਕਰਨਗੇ, ਇਸ ਲਈ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਲਈ ਵੀ ਹਾਲਾਤ ਸੁਖਾਵੇਂ ਨਹੀਂ।
ਇਸ ਹਾਲਤ ਵਿੱਚ ਕੀਤਾ ਕੀ ਜਾਵੇ? ਇਹੋ ਕਿ ਜਿਨ੍ਹਾਂ ਕੋਲ ਸਿਰੜ੍ਹ ਵੀ ਹੈ, ਸਬਰ ਵੀ ਅਤੇ ਕੁਝ ਕਰਨ ਦੀ ਨੇਕ ਭਾਵਨਾ ਵੀ, ਉਹ ਹੱਠ ਨਾ ਛੱਡਣ ਅਤੇ ਉਸ ਕੰਮ ਵਿੱਚ ਲੱਗੇ ਰਹਿਣ, ਜਿਸ ਨੂੰ ਮਨ ਠੀਕ ਮੰਨਦਾ ਹੈ।