ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ - ਜੀ ਪਾਰਥਾਸਾਰਥੀ
ਪਾਕਿਸਤਾਨ ਦੇ ਸਿਆਸੀ ਟੱਬਰਾਂ ਦੀ ਧਨ ਦੌਲਤ ਮੁੱਖ ਤੌਰ ਤੇ ਖੇਤੀਬਾੜੀ ਜ਼ਮੀਨਾਂ ਤੋਂ ਆਉਂਦੀ ਹੈ। ਜ਼ਮੀਨ ਸੁਧਾਰਾਂ ਬਾਰੇ ਤਾਂ ਕਦੇ ਸੋਚਿਆ ਵੀ ਨਹੀਂ ਗਿਆ। ਜ਼ਿਆਦਾਤਰ ਖੇਤੀਬਾੜੀ ਜ਼ਮੀਨਾਂ ਦੀ ਮਾਲਕੀ ਸਿਆਸੀ ਤੌਰ ਤੇ ਬਾਰਸੂਖ ਖ਼ਾਨਦਾਨਾਂ ਦੇ ਹੱਥਾਂ ਵਿਚ ਰਹੀ ਹੈ। ਜ਼ੁਲਫ਼ਿਕਾਰ ਅਲੀ ਭੁੱਟੋ ਦਾ ਭਾਵੇਂ ਐਲਾਨੀਆ ਸਮਾਜਵਾਦੀ ਝੁਕਾਅ ਰਿਹਾ ਸੀ, ਤਾਂ ਵੀ ਉਨ੍ਹਾਂ ਦੇ ਖ਼ਾਨਦਾਨ ਦੀ ਦੌਲਤ ਦਾ ਮੁੱਖ ਆਧਾਰ ਸਿੰਧ ਸੂਬੇ ਵਿਚ ਪੈਂਦੀ ਖੇਤੀਬਾੜੀ ਜ਼ਮੀਨ ਹੀ ਸੀ। ਇਸ ਵੇਲੇ ਉਨ੍ਹਾਂ ਦੀ ਪਾਕਿਸਤਾਨ ਪੀਪਲਜ਼ ਪਾਰਟੀ ਦੀ ਕਮਾਨ ਉਨ੍ਹਾਂ ਦੇ ਦੋਹਤੇ ਅਤੇ ਆਸਿਫ਼ ਅਲੀ ਜ਼ਰਦਾਰੀ ਦੇ ਪੁੱਤਰ ਬਿਲਾਵਲ ਭੁੱਟੋ ਦੇ ਹੱਥਾਂ ਵਿਚ ਹੈ ਜੋ ਸਿੰਧ ਦੇ ਦੇਹਾਤੀ ਕੁਲੀਨਤੰਤਰ ਦੀ ਨੁਮਾਇੰਦਗੀ ਕਰਦਾ ਹੈ। ਸ਼ਰੀਫ਼ ਖ਼ਾਨਦਾਨ ਕਸ਼ਮੀਰ ਤੋਂ ਪੰਜਾਬ ਆ ਕੇ ਵੱਸ ਗਿਆ ਸੀ ਜਿੱਥੇ ਆ ਕੇ ਉਨ੍ਹਾਂ ਦੇ ਮੋਢੀ ਨਵਾਜ਼ ਸ਼ਰੀਫ਼ ਨੇ ਸਟੀਲ ਸਨਅਤ ਲਾਈ ਸੀ। ਬਾਅਦ ਵਿਚ ਸਟੀਲ ਸਨਅਤ ਵੇਚ ਦਿੱਤੀ। ਇਸ ਵਕਤ ਸ਼ਰੀਫ਼ ਖ਼ਾਨਦਾਨ 30 ਕਰੋੜ ਡਾਲਰ ਦੇ ਮੁੱਲ ਵਾਲੀ ਖੰਡ ਸਨਅਤ ਚਲਾ ਰਿਹਾ ਹੈ।
ਸ਼ਾਹਬਾਜ਼ ਸ਼ਰੀਫ ਹਮੇਸ਼ਾ ਛੋਟਾ ਭਰਾ ਬਣ ਕੇ ਵਿਚਰਦਾ ਰਿਹਾ ਤੇ ਆਪਣੇ ਵੱਡੇ ਭਰਾ ਦੀ ਹਰ ਇੱਛਾ ਤੇ ਫੁੱਲ ਚੜ੍ਹਾਉਂਦਾ ਰਿਹਾ ਹੈ। ਬੀਤੇ ਸਮਿਆਂ ਦੌਰਾਨ ਨਵਾਜ਼ ਸ਼ਰੀਫ਼ ਦੇ ਫ਼ੌਜ ਨਾਲ ਰਿਸ਼ਤਿਆਂ ਵਿਚ ਦਰਾੜ ਆ ਗਈ ਸੀ ਪਰ ਸ਼ਾਹਬਾਜ਼ ਸ਼ਰੀਫ਼ ਨੇ ਫ਼ੌਜ ਨਾਲ ਹਮੇਸ਼ਾ ਹੀ ਚੰਗੇ ਰਿਸ਼ਤੇ ਬਣਾ ਕੇ ਰੱਖੇ ਹਨ। ਇਸੇ ਕਰ ਕੇ ਜਦੋਂ ਇਮਰਾਨ ਖ਼ਾਨ ਦੀ ਫ਼ੌਜ ਨਾਲ ਵਿਗੜ ਗਈ ਤਾਂ ਉਨ੍ਹਾਂ ਦੀ ਥਾਂ ਸ਼ਾਹਬਾਜ਼ ਸ਼ਰੀਫ਼ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਠਾਉਣ ਵਿਚ ਫ਼ੌਜ ਦੇ ਮਨ ਅੰਦਰ ਕੋਈ ਦੁਬਿਧਾ ਨਹੀਂ ਸੀ। ਤੁਨਕਮਿਜ਼ਾਜ ਇਮਰਾਨ ਖ਼ਾਨ ਨੇ ਆਈਐੱਸਆਈ ਦੇ ਮੁਖੀ ਦੀ ਨਿਯੁਕਤੀ ਦੇ ਮਾਮਲੇ ਵਿਚ ਫ਼ੌਜ ਦੇ ਮੁਖੀ ਜਨਰਲ ਬਾਜਵਾ ਨਾਲ ਪੰਗਾ ਲੈ ਕੇ ਆਪਣੀ ਖੇਡ ਵਿਗਾੜ ਲਈ ਸੀ। ਇਸ ਤੋਂ ਇਲਾਵਾ ਨਵਾਜ਼ ਸ਼ਰੀਫ਼ ਦੀ ਹੋਣਹਾਰ ਧੀ ਮਰੀਅਮ ਵੀ ਸੱਤਾ ਦੇ ਹਲਕਿਆਂ ਵਿਚ ਕਾਫ਼ੀ ਸਰਗਰਮ ਹੈ ਤੇ ਇਸੇ ਤਰ੍ਹਾਂ ਉਨ੍ਹਾਂ ਦਾ ਪੁੱਤਰ ਹਮਜ਼ਾ ਵੀ ਪੇਸ਼ ਪੇਸ਼ ਹੈ ਜੋ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੇ ਬਹਿ ਚੁੱਕਾ ਹੈ। ਮਰੀਅਮ ਸ਼ਰੀਫ਼ ਵਜ਼ਾਰਤ ਵਿਚ ਸੂਚਨਾ ਮੰਤਰੀ ਬਣ ਗਈ ਹੈ। ਅਜੇ ਇਹ ਦੇਖਣਾ ਬਾਕੀ ਹੈ ਕਿ ਮਰੀਅਮ ਤੇ ਹਮਜ਼ਾ ਦੀਆਂ ਇੱਛਾਵਾਂ ਦਾ ਕਿਹੋ ਜਿਹਾ ਫ਼ਲ ਸਾਹਮਣੇ ਆਉਂਦਾ ਹੈ।
ਪਾਕਿਸਤਾਨ ਨੂੰ ਵਿਦੇਸ਼ੀ ਮੁਦਰਾ ਦੇ ਭੰਡਾਰਾਂ ਦੀ ਕਿੱਲਤ ਨਾਲ ਜੂਝਣਾ ਪੈ ਰਿਹਾ ਹੈ। ਇਸ ਲਈ ਹਰ ਵੇਲੇ ਠੂਠਾ ਫੜ ਕੇ ਮੰਗਣ ਵਾਲੀ ਹਾਲਤ ਹੈ ਜਿਸ ਵਿਚ ਤੇਲ ਸਲਤਨਤ ਤੇ ਅਮੀਰ ਬਣੇ ਕੁਝ ਅਰਬ ਮੁਲਕਾਂ ਵਲੋਂ ਖੈਰਾਤ ਪਾ ਦਿੱਤੀ ਜਾਂਦੀ ਹੈ। ਪਿਛਲੇ ਚਾਰ ਸਾਲਾਂ ਦੌਰਾਨ ਪਾਕਿਸਤਾਨ ਦੀ ਸ਼ੁੱਧ ਘਰੇਲੂ ਪੈਦਾਵਾਰ (ਜੀਡੀਪੀ) 315 ਅਰਬ ਡਾਲਰ ਤੋਂ ਘਟ ਕੇ 292 ਅਰਬ ਡਾਲਰ ਰਹਿ ਗਈ ਹੈ। ਪਾਕਿਸਤਾਨ ਦੀ ਸ਼ੁੱਧ ਘਰੇਲੂ ਪੈਦਾਵਾਰ ਬੰਗਲਾਦੇਸ਼ ਦੀ ਸ਼ੁੱਧ ਘਰੇਲੂ ਪੈਦਾਵਾਰ ਨਾਲੋਂ ਵੀ ਹੇਠਾਂ ਆ ਗਈ ਹੈ। ਅਹਿਮ ਗੱਲ ਇਹ ਹੈ ਕਿ ਵਿਦੇਸ਼ੀ ਇਮਦਾਦ ਦੇ ਬਾਵਜੂਦ ਵਿਦੇਸ਼ੀ ਮੁਦਰਾ ਭੰਡਾਰ ਲਗਾਤਾਰ ਘਟ ਰਹੇ ਹਨ। ਅਗਸਤ 2021 ਵਿਚ ਇਸ ਕੋਲ 18.8 ਅਰਬ ਡਾਲਰ ਦੇ ਵਿਦੇਸ਼ੀ ਮੁਦਰਾ ਭੰਡਾਰ ਸਨ ਜੋ ਫਰਵਰੀ 2022 ਵਿਚ ਘਟ ਕੇ 14.9 ਅਰਬ ਡਾਲਰ ਰਹਿ ਗਏ। ਪਾਕਿਸਤਾਨ ਆਪਣਾ ਆਰਥਿਕ ਕੰਮਕਾਜ ਚਲਦਾ ਰੱਖਣ ਲਈ ਤੇਲ ਦੀ ਬਹੁਤਾਤ ਵਾਲੇ ਅਰਬ ਮੁਲਕਾਂ, ਖ਼ਾਸਕਰ ਸਾਊਦੀ ਅਰਬ ਤੇ ਸੰਯੁਕਤ ਅਰਬ ਅਮੀਰਾਤ ਦੀਆਂ ਖੈਰਾਤਾਂ ’ਤੇ ਨਿਰਭਰ ਰਿਹਾ ਹੈ। ਉਂਝ, ਇਮਰਾਨ ਖ਼ਾਨ ਸਾਊਦੀ ਅਰਬ ਦੀ ਤਾਕਤ ਨੂੰ ਚੁਣੌਤੀ ਦੇਣ ਲਈ ਮਲੇਸ਼ੀਆ ਅਤੇ ਤੁਰਕੀ ਵੱਲੋਂ ਕਾਇਮ ਕੀਤੇ ਜਾਣ ਵਾਲੇ ਇਸਲਾਮੀ ਗੁੱਟ ਵਿਚ ਸ਼ਾਮਲ ਹੋਣ ਲਈ ਤਿਆਰ ਹੋ ਗਏ ਸਨ ਪਰ ਉਨ੍ਹਾਂ ਦੇ ਅਰਬ ਗੁਆਂਢੀਆਂ ਨੇ ਉਨ੍ਹਾਂ ਨੂੰ ਹਕੀਕਤ ਦਾ ਸ਼ੀਸ਼ਾ ਦਿਖਾ ਦਿੱਤਾ। ਸਾਊਦੀ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਨੇ ਪਾਕਿਸਤਾਨ ਦਾ ਆਰਥਿਕ ਸ਼ਿਕੰਜਾ ਕੱਸ ਦਿੱਤਾ ਸੀ ਤੇ ਇਸ ਕੰਮ ਵਿਚ ਸੰਯੁਕਤ ਅਰਬ ਅਮੀਰਾਤ ਦੇ ਸ਼ਹਿਜਾਦੇ ਸ਼ੇਖ ਮੁਹੰਮਦ ਜ਼ਾਇਦ ਵੀ ਉਨ੍ਹਾਂ ਦਾ ਸਾਥ ਦੇ ਰਹੇ ਸਨ। ਪਾਕਿਸਤਾਨ ਦਾ ਉਨ੍ਹਾਂ ਅਰਬ ਮੁਲਕਾਂ ਨੇ ਵੀ ਸਾਥ ਛੱਡ ਦਿੱਤਾ ਜੋ ਕਈ ਦਹਾਕਿਆਂ ਤੋਂ ਉਸ ਨੂੰ ਭਰਵੀਂ ਮਾਇਕ ਸਹਾਇਤਾ ਦਿੰਦੇ ਰਹੇ ਸਨ।
ਇਸ ਲਈ ਕਿਸੇ ਨੂੰ ਹੈਰਾਨੀ ਨਾ ਹੋਈ ਜਦੋਂ ਸ਼ਾਹਬਾਜ਼ ਸ਼ਰੀਫ਼ ਨੇ ਪ੍ਰਧਾਨ ਮੰਤਰੀ ਦੀ ਕੁਰਸੀ ਸੰਭਾਲਣ ਤੋਂ ਬਾਅਦ ਆਪਣਾ ਪਹਿਲਾ ਵਿਦੇਸ਼ ਦੌਰਾ ਸਾਊਦੀ ਅਰਬ ਦਾ ਕੀਤਾ। ਇਸ ਤੋਂ ਬਾਅਦ ਸਾਊਦੀ ਸ਼ਾਹਾਂ ਨੇ ਆਪਣੇ ਪਰਸ ਮੁੜ ਖੋਲ੍ਹ ਦਿੱਤੇ। ਉਨ੍ਹਾਂ ਦੋ ਅਰਬ ਡਾਲਰ ਦੀ ਸਹਾਇਤਾ ਦੇਣ ਦਾ ਵਾਅਦਾ ਕੀਤਾ ਹੈ, ਇਸ ਤੋਂ ਇਲਾਵਾ ਹੋਰ ਸਹਾਇਤਾ ਮਿਲਣ ਦੇ ਆਸਾਰ ਵੀ ਹਨ। ਸ਼ਰੀਫ਼ ਨੇ ਯੂਏਈ ਦੇ ਸ਼ਹਿਜ਼ਾਦੇ ਸ਼ੇਖ ਮੁਹੰਮਦ ਬਿਨ ਜ਼ਾਇਦ ਨਾਲ ਵੀ ਮੁਲਾਕਾਤ ਕੀਤੀ ਜੋ ਸਾਊਦੀ ਸ਼ਹਿਜ਼ਾਦੇ ਸਲਮਾਨ ਵਾਂਗ ਯੂਏਈ ਦੇ ਹਕੀਕੀ ਹਾਕਮ ਹਨ। ਉਂਝ, ਸ਼ਾਹਬਾਜ਼ ਸ਼ਰੀਫ ਨੂੰ ਇਹ ਵੀ ਪਤਾ ਲੱਗ ਗਿਆ ਹੈ ਕਿ ਉਸ ਦੇ ਅਰਬ ਗੁਆਂਢੀਆਂ ਨੇ ਹੁਣ ਭਾਰਤ ਨਾਲ ਆਪਣੇ ਰਿਸ਼ਤਿਆਂ ਬਾਰੇ ਨਵੀਂ ਪਹੁੰਚ ਅਖਤਿਆਰ ਕਰ ਲਈ ਹੈ। ਸਾਊਦੀ-ਪਾਕਿਸਤਾਨ ਸਾਂਝੇ ਐਲਾਨਨਾਮੇ ਵਿਚ ਕਿਹਾ ਗਿਆ: “ਸਾਊਦੀ ਅਰਬ ਪਾਕਿਸਤਾਨ ਦੇ ਇਨ੍ਹਾਂ ਐਲਾਨਾਂ ਦਾ ਸਵਾਗਤ ਕਰਦਾ ਹੈ ਜਿਨ੍ਹਾਂ ਵਿਚ ਜੰਮੂ ਕਸ਼ਮੀਰ ਸਮੇਤ ਭਾਰਤ ਨਾਲ ਸਾਰੇ ਵਿਵਾਦਾਂ ਦਾ ਹੱਲ ਲੱਭਣ ਦੀ ਇੱਛਾ ਦਿਖਾਈ ਗਈ ਹੈ। ਦੋਵੇਂ ਦੇਸ਼ਾਂ ਨੇ ਖਿੱਤੇ ਵਿਚ ਅਮਨ ਤੇ ਸਥਿਰਤਾ ਯਕੀਨੀ ਬਣਾਉਣ ਖ਼ਾਸਕਰ ਜੰਮੂ ਕਸ਼ਮੀਰ ਵਿਵਾਦ ਨੂੰ ਸੁਲਝਾਉਣ ਲਈ ਪਾਕਿਸਤਾਨ ਅਤੇ ਭਾਰਤ ਦਰਮਿਆਨ ਗੱਲਬਾਤ ਦੀ ਅਹਿਮੀਅਤ ਤੇ ਜ਼ੋਰ ਦਿੱਤਾ ਹੈ।’ ਇਹ ਸੰਯੁਕਤ ਰਾਸ਼ਟਰ ਦੇ ਮਤਿਆਂ ਦੇ ਹਵਾਲੇ ਦੀਆਂ ਪਾਕਿਸਤਾਨ ਦੀਆਂ ਉਮੀਦਾਂ ਤੋਂ ਜੁਦਾ ਹੈ। ਉਂਝ ਜਦੋਂ ਮੱਕਾ ਵਿਚ ਕੁਝ ਲੋਕਾਂ ਨੇ ਸ਼ਾਹਬਾਜ਼ ਸ਼ਰੀਫ਼ ਖਿਲਾਫ਼ ਰੋਸ ਪ੍ਰਗਟਾਇਆ ਤਾਂ ਸਾਊਦੀ ਸ਼ਾਸਕ ਇਮਰਾਨ ਖ਼ਾਨ ਤੋਂ ਹੋਰ ਜ਼ਿਆਦਾ ਖ਼ਫ਼ਾ ਹੋ ਗਏ।
ਸ਼ਾਹਬਾਜ਼ ਸ਼ਰੀਫ਼ ਨੇ ਅਜਿਹੇ ਵਕਤ ਸੱਤਾ ਸੰਭਾਲੀ ਹੈ ਜਦੋਂ ਭਾਰਤ ਦੇ ਪਾਕਿਸਤਾਨ, ਖਾੜੀ ਦੇ ਅਮੀਰ ਦੇਸ਼ਾਂ ਅਤੇ ਹਿੰਦ ਮਹਾਸਾਗਰ ਦੇ ਪਾਰ ਪੈਂਦੇ ਦੇਸ਼ਾਂ ਨਾਲ ਸਬੰਧਾਂ ਵਿਚ ਅਹਿਮ ਤਬਦੀਲੀਆਂ ਆ ਰਹੀਆਂ ਹਨ। ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਜਿਹੇ ਮੁਲਕਾਂ ਦੇ ਮਾਮਲੇ ਵਿਚ ਇਹ ਹੋਰ ਵੀ ਜ਼ਿਆਦਾ ਅਹਿਮ ਸਮਝੀਆਂ ਜਾਂਦੀਆਂ ਹਨ ਜਿਨ੍ਹਾਂ ਲਈ ਭਾਰਤ ਸਹਿਯੋਗੀ ਅਤੇ ਤੇਲ ਤੇ ਗੈਸ ਖੇਤਰ ਵਿਚ ਨਿਵੇਸ਼ ਲਈ ਲਾਹੇਵੰਦ ਮੁਲਕ ਗਿਣਿਆ ਜਾਂਦਾ ਰਿਹਾ ਹੈ। ਭਾਰਤੀ ਜਲ ਸੈਨਾ ਅਤੇ ਬਹਿਰੀਨ ਵਿਚ ਅਮੈਰਿਕਨ ਫਿਫਥ ਫਲੀਟ ਵਿਚਕਾਰ ਕਰੀਬੀ ਰਾਬਤਾ ਬਣਿਆ ਹੋਣ ਕਰ ਕੇ ਫਾਰਸ ਦੀ ਖਾੜੀ ਅਤੇ ਹਿੰਦ ਮਹਾਸਾਗਰ ਤੇ ਇਕ ਲਾਹੇਵੰਦ ਕਵਰ ਮੁਹੱਈਆ ਹੁੰਦਾ ਰਿਹਾ ਹੈ। ਹਾਲਾਂਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਬੀਤੇ ਸਮਿਆਂ ਵਿਚ ਪਾਕਿਸਤਾਨ ਦੇ ਜਰਨੈਲਾਂ ਨਾਲ ਅੰਤਰ-ਕਿਰਿਆ ਕਰਨ ਲਈ ਗਹਿਰੀ ਰੁਚੀ ਦਿਖਾਈ ਸੀ ਪਰ ਉਨ੍ਹਾਂ ਇਮਰਾਨ ਖ਼ਾਨ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਸੀ ਜਿਨ੍ਹਾਂ ਨੇ ਅਫ਼ਗਾਨਿਸਤਾਨ ਵਿਚ ਤਾਲਿਬਾਨ ਦੀ ਸੱਤਾ ਵਿਚ ਵਾਪਸੀ ਦੀ ਖੁੱਲ੍ਹੇਆਮ ਸ਼ਲਾਘਾ ਕੀਤੀ ਸੀ। ਇਸ ਦੌਰਾਨ, ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਨੇ ਪਾਕਿਸਤਾਨ ਦੇ ਵਿਦੇਸ਼ ਬਿਲਾਵਲ ਭੁੱਟੋ ਜ਼ਰਦਾਰੀ ਨੂੰ ਨਿਊ ਯਾਰਕ ਵਿਚ ਸੰਯੁਕਤ ਰਾਸ਼ਟਰ ਦੇ ਖੁਰਾਕ ਸੁਰੱਖਿਆ ਸਮਾਗਮ ਵਿਚ ਸੱਦਾ ਦਿੱਤਾ ਹੈ।
ਜਨਰਲ ਬਾਜਵਾ ਇਸ ਸਾਲ ਨਵੰਬਰ ਵਿਚ ਆਪਣੇ ਅਹੁਦੇ ਤੋਂ ਸੇਵਾਮੁਕਤ ਹੋ ਜਾਣਗੇ। ਹਾਲਾਂਕਿ ਆਈਐੱਸਆਈ ਵਲੋਂ ਕਸ਼ਮੀਰ ਵਿਚ ਅਤਿਵਾਦੀਆਂ ਨੂੰ ਲਗਾਤਾਰ ਮਦਦ ਦਿੱਤੀ ਜਾ ਰਹੀ ਹੈ ਪਰ ਪਾਕਿਸਤਾਨ ਨੂੰ ਭਾਰਤ ਵਿਚ ਅਤਿਵਾਦ ਦੀ ਹਮਾਇਤ ਕਰਨ ਬਦਲੇ ਫਾਇਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਦੇ ਵਧਦੇ ਦਬਾਓ ਦਾ ਸੇਕ ਝੱਲਣਾ ਪੈ ਰਿਹਾ ਹੈ। ਰਾਵਲਪਿੰਡੀ (ਫ਼ੌਜੀ ਨਿਜ਼ਾਮ) ਹੁਣ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਜਿਹੇ ਦਹਿਸ਼ਤਗਰਦ ਗਰੁੱਪਾਂ ਦੀਆਂ ਸਰਗਰਮੀਆਂ ਨੂੰ ਨੰਗੇ ਚਿੱਟੇ ਰੂਪ ਵਿਚ ਮਦਦ ਦੇਣ ਵਿਚ ਸੰਜਮ ਵਰਤ ਰਹੀ ਹੈ। ਦਿਲਚਸਪ ਗੱਲ ਇਹ ਹੈ ਕਿ ਹੁਣ ਆਈਐੱਸਆਈ ਪੰਜਾਬ ਵਿਚ ਸਰਹੱਦ ਪਾਰ ਅਤਿਵਾਦ ਨੂੰ ਹੱਲਾਸ਼ੇਰੀ ਦੇਣ ਵਿਚ ਜ਼ਿਆਦਾ ਧਿਆਨ ਕੇਂਦਰਤ ਕਰ ਰਹੀ ਹੈ। ਇਸ ਦੌਰਾਨ, ਪਾਕਿਸਤਾਨ ਨੂੰ ਅਫ਼ਗਾਨਿਸਤਾਨ ਨਾਲ ਲਗਦੀ ਆਪਣੀ ਡੂਰੰਡ ਸਰਹੱਦ ਤੇ ਤਹਿਰੀਕ-ਏ-ਤਾਲਿਬਾਨ ਦੀ ਗੰਭੀਰ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਨੂੰ ਬਲੋਚਿਸਤਾਨ ਵਿਚ ਵੀ ਇਸੇ ਕਿਸਮ ਦੀਆਂ ਸਮੱਸਿਆਵਾਂ ਨਾਲ ਸਿੱਝਣਾ ਪੈ ਰਿਹਾ ਹੈ। ਪਿਛਲੇ ਦਿਨੀਂ ਇਕ ਬਲੋਚ ਔਰਤ ਨੇ ਕਰਾਚੀ ਵਿਚ ਆਤਮਘਾਤੀ ਬੰਬ ਹਮਲਾ ਕਰ ਕੇ ਬੱਸ ਉਡਾ ਦਿੱਤੀ ਜਿਸ ਵਿਚ ਕੁਝ ਚੀਨੀ ਅਧਿਆਪਕ ਸਫ਼ਰ ਕਰ ਰਹੇ ਸਨ। ਬਲੋਚਿਸਤਾਨ ਵਿਚ ਚੀਨ ਦੀ ਵਧਦੀ ਮੌਜੂਦਗੀ ਖ਼ਾਸਕਰ ਗਵਾਦਰ ਬੰਦਰਗਾਹ ਦੇ ਨਿਰਮਾਣ ਤੋਂ ਬਲੋਚਾਂ ਅੰਦਰ ਰੋਸ ਵਧ ਰਿਹਾ ਹੈ।
ਜਿੰਨੀ ਦੇਰ ਤੱਕ ਰਾਵਲਪਿੰਡੀ ਮਕਬੂਜ਼ਾ ਕਸ਼ਮੀਰ ਦੇ ਖੇਤਰਾਂ ਵਿਚ ਦਹਿਸ਼ਤਗਰਦੀ ਦਾ ਢਾਂਚਾ ਖਤਮ ਨਹੀਂ ਕਰਦੀ, ਉਦੋਂ ਤੱਕ ਭਾਰਤ ਨੂੰ ਪਾਕਿਸਤਾਨ ਉਪਰ ਕੂਟਨੀਤਕ ਤੇ ਆਰਥਿਕ ਦਬਾਅ ਰੱਖਣਾ ਚਾਹੀਦਾ ਹੈ। ਇਸ ਦੇ ਨਾਲ ਹੀ ਨਵੀਂ ਦਿੱਲੀ ਨੂੰ ਪਾਕਿਸਤਾਨ ਨਾਲ ਆਮ ਵਰਗੇ ਸਬੰਧ ਸਥਾਪਤ ਕਰਨ ਦੇ ਢੰਗ ਤਰੀਕੇ ਲੱਭਣ ਲਈ ਲੁਕਵੇਂ ਰੂਪ ਵਿਚ ਭਰੋਸੇਮੰਦ ਗੱਲਬਾਤ ਵਾਲੇ ਚੈਨਲ ਕਾਇਮ ਕਰਨੇ ਚਾਹੀਦੇ ਹਨ। ਪਹਿਲੇ ਕਦਮ ਵਜੋਂ ਰਾਜਦੂਤਾਂ ਦੀ ਮੁੜ ਤਾਇਨਾਤੀ ਕਰਨੀ ਚਾਹੀਦੀ ਹੈ। ਉਂਝ, ਬਹੁਤੀ ਹੱਦ ਤੱਕ ਇਹ ਇਸ ਗੱਲ ਤੇ ਨਿਰਭਰ ਕਰੇਗੀ ਕਿ ਪਾਕਿਸਤਾਨ ਸਰਹੱਦ ਪਾਰ ਦਹਿਸ਼ਤਗਰਦੀ ਨੂੰ ਸ਼ਹਿ ਦੇਣੀ ਜਾਰੀ ਰੱਖਦਾ ਹੈ ਜਾਂ ਬੰਦ ਕਰੇਗਾ। ਪਾਕਿਸਤਾਨ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ‘ਸ਼ੀਸ਼ੇ ਦੇ ਘਰਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਦੂਜਿਆਂ ’ਤੇ ਪੱਥਰ ਨਹੀਂ ਉਛਾਲਣੇ ਚਾਹੀਦੇ’। ਸਮਾਂ ਪਾ ਕੇ ਅਸੀਂ ਬੱਸ ਤੇ ਹਵਾਈ ਸੇਵਾਵਾਂ ਦੇ ਨਾਲ ਨਾਲ ਲੋਕਾਂ ਦਰਮਿਆਨ ਆਪਸੀ ਰਾਬਤੇ ਦਾ ਸਿਲਸਿਲਾ ਬਹਾਲ ਕਰ ਸਕਦੇ ਹਾਂ। ਜੇ ਪਾਕਿਸਤਾਨ ਸਾਰਕ ਮੁਕਤ ਵਪਾਰ ਸਮਝੌਤੇ ਦੀਆਂ ਧਾਰਾਵਾਂ ਨੂੰ ਪੂਰੀ ਤਰ੍ਹਾਂ ਲਾਗੂ ਕਰੇ ਤਾਂ ਭਾਰਤ ਵਲੋਂ ਸਾਰਕ ਦੀ ਪੜਾਵਾਰ ਬਹਾਲੀ ਬਾਰੇ ਵੀ ਸੋਚਿਆ ਜਾ ਸਕਦਾ ਹੈ। ਗੇਂਦ ਹੁਣ ਪਾਕਿਸਤਾਨ ਦੇ ਪਾਲ਼ੇ ਵਿਚ ਹੈ।
* ਲੇਖਕ ਪਾਕਿਸਤਾਨ ਵਿਚ ਭਾਰਤ ਦਾ ਹਾਈ ਕਮਿਸ਼ਨਰ ਰਹਿ ਚੁੱਕਾ ਹੈ।