ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

03.05.2022

ਰੂਸੀ ਟਾਕਰੇ ਲਈ ਬਰਤਾਨੀਆ ਨੇ ਯੂਕਰੇਨ ਨੂੰ ਹੋਰ ਫੌਜੀ ਸਹਾਇਤਾ ਦੇਣ ਦਾ ਕੀਤਾ ਵਾਅਦਾ-ਇਕ ਖ਼ਬਰ

ਚੜ੍ਹ ਜਾ ਬੱਚਾ ਸੂਲ਼ੀ, ਰਾਮ ਭਲੀ ਕਰੇਗਾ।

ਕਮੇਟੀ ਦੀ ਰਿਪੋਰਟ ਮਿਲਣ ਮਗਰੋਂ ਵੈੱਬ ਚੈਨਲ ਸ਼ੁਰੂ ਕਰ ਦਿਤਾ ਜਾਵੇਗਾ- ਧਾਮੀ

ਨਾ ਨੌਂ ਮਣ ਤੇਲ ਹੋਵੇਗਾ, ਨਾ ਰਾਧਾ ਨੱਚੇਗੀ।

ਨਹਿਰੀ ਗੇਟਾਂ ਦੀ ਮੁਰੰਮਤ ‘ਤੇ ਸੌ ਕਰੋੜ ਖ਼ਰਚਣ ਦੇ ਬਾਵਜੂਦ ਕਿਸਾਨ ਪਾਣੀ ਨੂੰ ਤਰਸੇ- ਇਕ ਖ਼ਬਰ

ਸੌ ਕਰੋੜ ਪਿਆਰਿਉ ਗੇਟਾਂ ‘ਤੇ ਨਹੀਂ ਜੇਬਾਂ ‘ਤੇ ਖਰਚੇ ਐ।

ਆਨਲਾਈਨ ਖ਼ਰੀਦੀ ਪੁਰਾਣੀ ਅਲਮਾਰੀ ਵਿਚੋਂ ਨਿਕਲੇ ਇਕ ਕਰੋੜ ਰੁਪਏ- ਇਕ ਖ਼ਬਰ

ਉੱਪਰ ਵਾਲ਼ਾ ਜਦ ਵੀ ਦਿੰਦਾ, ਦਿੰਦਾ ਛੱਪਰ ਪਾੜ ਕੇ।

ਲਾਪਤਾ ਸਰੂਪਾਂ ਦੇ ਮਾਮਲੇ ‘ਚ ਸ਼੍ਰੋਮਣੀ ਕਮੇਟੀ ਪ੍ਰਧਾਨ ਮੁੱਖ ਦੋਸ਼ੀਆਂ ਨੂੰ ਬਚਾਉਣ ਲੱਗੇ- ਬਾਜ਼ ਸਿੰਘ,ਗੁਰਬਚਨ ਸਿੰਘ

ਵਿਚਾਰੇ ਪ੍ਰਧਾਨ ਨੂੰ ਅੱਕ ਚੱਬ ਕੇ ਇਹ ਕੰਮ ਕਰਨਾ ਹੀ ਪੈਣਾ ਹੈ, ਮਾਲਕਾਂ ਦਾ ਹੁਕਮ ਭਾਈ।

ਦੋ ਸੌ ਰੁਪਏ ਰਿਸ਼ਵਤ ਲੈਣ ਦੇ ਦੋਸ਼ ‘ਚ ਪੁਲੀਸ ਮੁਲਾਜ਼ਮ ਗ੍ਰਿਫ਼ਤਾਰ- ਇਕ ਖ਼ਬਰ

ਦੁਰ ਫਿਟੇਮੂੰਹ! ਰਿਸ਼ਵਤ ਦਾ ਸਟੈਂਡਰਡ ਹੀ ਮਿੱਟੀ ਕਰ ‘ਤਾ ਸਹੁਰੀ ਦਿਆ!

ਭਗਵੰਤ ਮਾਨ ਨੇ ਪੰਜਾਬ ਦੇ ਹਿਤ ਦਿੱਲੀ ਨੂੰ ਵੇਚੇ- ਸੁਖਬੀਰ ਬਾਦਲ

ਤੁਸੀਂ ਵੀ ਤਾਂ ਭਾਜਪਾ ਨੂੰ ਬਿਨਾਂ ਸ਼ਰਤ ਹਮਾਇਤ ਦੇ ਕੇ ਪੰਜਾਬ ਦੇ ਹਿਤ ਵੇਚਦੇ ਰਹੇ ਹੋ।

ਸਰਕਾਰੀ ਥਰਮਲ ਪਲਾਂਟ ਬੰਦ ਕਰ ਕੇ ਅਡਾਨੀ ਤੋਂ ਬਿਜਲੀ ਖ਼ਰੀਦ ਰਹੀ ਹੈ ਹਰਿਆਣਾ ਸਰਕਾਰ-ਇਕ ਖ਼ਬਰ

ਮਿੱਤਰਾਂ ਦੇ ਤਿੱਤਰਾਂ ਨੂੰ, ਨੀਂ ਮੈਂ ਤਲੀਆਂ ‘ਤੇ ਚੋਗ ਚੁਗਾਵਾਂ।

ਭਾਜਪਾ ਬੇਲੋੜੇ ਮੁੱਦੇ ਪੈਦਾ ਕਰ ਰਹੀ ਹੈ- ਕਾਂਗਰਸੀ ਆਗੂ ਸਿੰਘਵੀ

ਚੋਰ ਚੌਧਰੀ ਯਾਰ ਨਾਪਾਕ ਦਾਮਨ, ਭੂਤ ਮੰਡਲੀ ਇਕ ਦੂੰ ਚਾਰ ਹੋਈ।

ਰਾਸ਼ਟਰਪਤੀ ਨਹੀਂ, ਪ੍ਰਧਾਨ ਮੰਤਰੀ ਬਣਨਾ ਚਾਹੁੰਦੀ ਹਾਂ- ਮਾਇਆਵਤੀ

ਨੀਂ ਐਡਾ ਤੇਰਾ ਕਿਹੜਾ ਦਰਦੀ, ਸੁੱਤੀ ਪਈ ਨੂੰ ਪੱਖੀ ਦੀ ਝੱਲ ਮਾਰੇ।

ਜੀ-23 ਕਾਂਗਰਸੀ ਆਗੂਆਂ ਨਾਲ ਸੋਨੀਆ ਗਾਂਧੀ ਦੀ ਸੁਲ੍ਹਾ- ਇਕ ਖ਼ਬਰ

ਰੁੱਤ ਯਾਰੀਆਂ ਲਾਉਣ ਦੀ ਆਈ, ਬੇਰੀਆਂ ਦੇ ਬੇਰ ਪੱਕ ਗਏ।

ਪਾਕਿਸਤਾਨ ਕਿਸੇ ਵੀ ਕੀਮਤ ‘ਤੇ ਅਮਰੀਕਾ ਨਾਲ਼ ਦੁਸ਼ਮਣੀ ਨਹੀਂ ਰੱਖ ਸਕਦਾ- ਨਵਾਜ਼ ਸ਼ਰੀਫ਼

ਮਿੱਠੇ ਯਾਰ ਦੇ ਬਰੋਬਰ ਬਹਿ ਕੇ, ਮਿੱਠੇ ਮਿੱਠੇ ਬੇਰ ਚੁਗੀਏ।

ਬਾਦਲਾਂ ਨੂੰ ਸਿਆਸੀ ਫਾਇਦਾ ਦੇਣ ਲਈ ਸ਼੍ਰੋਮਣੀ ਕਮੇਟੀ ਦਾ ਮੂੰਹ ਦਿੱਲੀ ਵਲ- ਹਰਪ੍ਰੀਤ ਸਿੰਘ ਜੌਲੀ

ਤੇਰੀ ਆਈ ਮੈਂ ਮਰ ਜਾਂ, ਤੇਰਾ ਵਾਲ਼ ਵੀ ਵਿੰਗਾ ਨਾ ਹੋਵੇ।

ਭਾਜਪਾ ਦਾ ਕੈਪਟਨ ਤੇ ਢੀਂਡਸਾ ਦੀ ਪਾਰਟੀ ਤੋਂ ਮੋਹ ਭੰਗ ਹੋਇਆ- ਇਕ ਖ਼ਬਰ

ਮੇਰੇ ਨਰਮ ਕਾਲ਼ਜੇ ਲੜ ਗਏ, ਲੱਡੂ ਖਾ ਲਏ ਤੇਰੇ ਤੇਲ ਦੇ।

ਪੰਜਾਬ ਤੇ ਦਿੱਲੀ ਦੀਆਂ ਸਰਕਾਰਾਂ ਇਕ ਦੂਜੇ ਨੂੰ ਵੰਡਣਗੀਆਂ ‘ਗਿਆਨ’- ਇਕ ਖ਼ਬਰ

ਮੈਂ ਤੇਰੀ ਤੂੰ ਮੇਰਾ, ਛੱਡ ਨਾ ਜਾਵੀਂ ਵੇ।

ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ‘ਚ ਸ਼ਾਮਲ ਹੋਣ ਤੋਂ ਕੀਤਾ ਇਨਕਾਰ- ਇਕ ਖ਼ਬਰ

ਖੇਤ ਉਜਾੜ ਪਿਆ, ਮੈਂ ਕਿਵੇਂ ਗਿੱਧੇ ਵਿਚ ਜਾਵਾਂ।