ਭਾਰਤ ਦੀ ਹਸਤੀ ਨੂੰ ਖਤਰਾ ਇਸ ਦੇ ਅੰਦਰਲੀਆਂ ਘੇਰਾਬੰਦੀਆਂ ਤੋਂ - ਜਤਿੰਦਰ ਪਨੂੰ
ਭਾਰਤ ਦਾ ਇੱਕ ਪ੍ਰਮੁੱਖ ਪੱਤਰਕਾਰ ਹੁੰਦਾ ਸੀ, ਉਹ ਅਜੇ ਵੀ ਹੈ, ਪਰ ਅੱਜਕੱਲ੍ਹ ਉਹ ਪੱਤਰਕਾਰ ਨਹੀਂ, ਰਾਜਸੀ ਲੀਡਰ ਹੋ ਗਿਆ ਹੈ ਤੇ ਰਾਜਸੀ ਲੀਡਰ ਵੀ ਇੱਕ ਵਾੜੇ ਦੀ ਭੇਡ ਬਣਨ ਦੀ ਥਾਂ ਸੱਤਾ ਦੇ ਸੁੱਖ ਲਈ ਹਰ ਕਿਸੇ ਪਾਰਟੀ ਦੀ ਸਰਦਲ ਉੱਤੇ ਮੱਥਾ ਟੇਕਣ ਵਾਲਿਆਂ ਵਿੱਚ ਗਿਣਿਆ ਜਾਂਦਾ ਹੈ। ਜਦੋਂ ਹਾਲੇ ਉਹ ਸੱਤਾ ਦੀ ਲਾਲਸਾ ਲਈ ਕਿਸੇ ਪਾਰਟੀ ਦੀ ਸਰਦਲ ਉੱਤੇ ਅਲਖ ਜਗਾਉਣ ਦੇ ਰਾਹ ਨਹੀਂ ਸੀ ਪਿਆ, ਪੈਂਤੀ ਕੁ ਸਾਲ ਪਹਿਲਾਂ ਉਸ ਨੇ ਇੱਕ ਕਿਤਾਬ 'ਇੰਡੀਆ: ਦਾ ਸੀਜ਼ ਵਿਦਿਨ' ਲਿਖੀ ਸੀ, ਜਿਸ ਦਾ ਪੰਜਾਬੀ ਵਿੱਚ ਭਾਵ 'ਭਾਰਤ ਦੇ ਅੰਦਰੋ-ਅੰਦਰ ਘੇਰਾਬੰਦੀਆਂ' ਲਿਆ ਜਾ ਸਕਦਾ ਹੈ। ਇਹ ਕਿਤਾਬ ਬਹੁਤ ਵਧੀਆ ਸਮਝੀ ਗਈ ਸੀ ਅਤੇ ਕਈ ਲੋਕ ਇਸ ਨੂੰ ਭਾਰਤ ਦੇ ਵਿਗੜ ਰਹੇ ਹਾਲਾਤ ਨੂੰ ਸਮਝਣ ਲਈ ਇੱਕ ਹੈਂਡ-ਬੁੱਕ ਵਾਂਗ ਨਾਲ ਰੱਖ ਕੇ ਮਾਣ ਮਹਿਸੂਸ ਕਰਦੇ ਸਨ। ਫਿਰ ਅਕਬਰ ਹੀ ਅਕਬਰ ਨਹੀਂ ਸੀ ਰਿਹਾ ਅਤੇ ਇੱਕ ਪਿੱਛੋਂ ਦੂਸਰੀ ਪਾਰਟੀ ਦੀ ਚਾਕਰੀ ਕਰਦਾ ਅੰਤ ਵਿੱਚ ਉਹ ਓਸੇ ਭਾਜਪਾ ਦੀ ਸਰਕਾਰ ਵਿੱਚ ਕੇਂਦਰੀ ਮੰਤਰੀ ਬਣ ਗਿਆ ਸੀ, ਜਿਸ ਦੇ ਖਿਲਾਫ ਲਿਖਦਾ ਹੁੰਦਾ ਸੀ। ਭਾਰਤ ਦੇ ਹਾਲਾਤ ਸਮਝਣ ਵਿੱਚ ਉਸ ਦੀ ਉਹ ਕਿਤਾਬ ਅੱਜ ਵੀ ਬਹੁਤ ਮਦਦ ਕਰ ਸਕਦੀ ਹੈ, ਜਿਹੜੀ ਦੇਸ਼ ਦੇ ਅੰਦਰ ਹੁੰਦੀਆਂ ਘੇਰਾਬੰਦੀਆਂ ਦੀ ਵਿਆਖਿਆ ਕਰਦੀ ਹੈ।
ਅਸੀਂ ਭਾਰਤੀ ਲੋਕ ਲੰਮਾ ਸਮਾਂ ਇਸ ਗੱਲ ਦਾ ਮਾਣ ਕਰਦੇ ਰਹੇ ਹਾਂ ਤੇ ਭਵਿੱਖ ਵਿੱਚ ਵੀ ਕਰਨਾ ਚਾਹੁੰਦੇ ਹਾਂ ਕਿ ਭਾਰਤ ਕੁਦਰਤੀ ਦਾਤਾਂ ਦੇ ਪੱਖੋਂ ਹੀ ਅਨੇਕਤਾ ਵਿੱਚ ਏਕਤਾ ਦਾ ਨਮੂਨਾ ਨਹੀਂ, ਇਸ ਦੇ ਲੋਕਾਂ ਦੀ ਧਰਮ ਦੀ ਅਨੇਕਤਾ ਦੇ ਬਾਵਜੂਦ ਇਹ ਲੋਕਤੰਤਰ ਦੇ ਰਾਹ ਉੱਤੇ ਸ਼ਾਂਤਮਈ ਚੱਲੀ ਜਾਂਦਾ ਹੈ। ਇਹ ਠੀਕ ਹੈ ਕਿ ਅਸੀਂ ਭਵਿੱਖ ਵਿੱਚ ਵੀ ਇਸ ਦੇ ਏਸੇ ਤਰ੍ਹਾਂ ਚੱਲਦੇ ਰਹਿਣ ਦਾ ਮਾਣ ਕਰਨਾ ਚਾਹੁੰਦੇ ਹਾਂ, ਪਰ ਭਵਿੱਖ ਵਿੱਚ ਇਸ ਦੀ ਅਨੇਕਤਾ ਵਿੱਚ ਏਕਤਾ ਤੇ ਇਸ ਦੀ ਏਕਤਾ ਦੇ ਪੱਕੇ ਪੈਰੀਂ ਰਹਿਣ ਦਾ ਯਕੀਨ ਸਾਡੇ ਵਿੱਚ ਕਿੰਨੇ ਲੋਕਾਂ ਨੂੰ ਹੈ, ਇਹ ਦੱਸ ਸਕਣਾ ਔਖਾ ਹੈ। 'ਪਿਆਰੀ ਭਾਰਤ ਮਾਂ' ਗਾਉਣ ਵਾਲੇ ਬਹੁਤ ਸਾਰੇ ਲੋਕਾਂ ਦਾ ਇਹ ਵਿਸ਼ਵਾਸ ਪਹਿਲਾਂ ਜਿੰਨਾ ਪੱਕਾ ਨਹੀਂ ਰਿਹਾ ਅਤੇ ਉਹ ਗੱਲਾਂ ਕਰਨ ਲੱਗੇ ਹਨ ਕਿ ਜੇ ਹਾਲਾਤ ਇਹੋ ਰਹੇ ਤਾਂ ਸੁਰਜੀਤ ਪਾਤਰ ਦਾ ਇਹ ਸ਼ੇਅਰ ਯਾਦ ਰੱਖਣਾ ਚਾਹੀਦਾ ਹੈ ਕਿ "ਜੇ ਹਵਾ ਇਹ ਰਹੀ ਤਾਂ ਫਿਰ ਕਬਰਾਂ 'ਤੇ ਕੀ, ਸਭ ਘਰਾਂ ਦੇ ਵੀ ਦੀਵੇ ਬੁਝੇ ਰਹਿਣਗੇ।" ਭਾਰਤ ਉਸ ਪਾਸੇ ਵੱਲ ਵਧ ਰਿਹਾ ਜਾਪਦਾ ਹੈ।
ਸਾਨੂੰ ਇਸ ਗੱਲੋਂ ਪੂਰੀ ਤਸੱਲੀ ਹੈ ਕਿ ਪਟਿਆਲੇ ਵਿੱਚ ਇੱਕ ਸ਼ੋਹਦੇ ਵੱਲੋਂ ਫਿਰਕੂ ਸੱਦਾ ਦੇ ਕੇ ਚੁਆਤੀ ਲਾਉਣ ਦਾ ਉਸ ਨੂੰ ਜਾਂ ਉਸ ਦੇ ਪਿੱਛੇ ਖੜੀਆਂ ਤਾਕਤਾਂ ਨੂੰ ਮਨ-ਚਾਹਿਆ ਮਕਸਦ ਹਾਸਲ ਨਹੀਂ ਹੋ ਸਕਿਆ। ਉਸ ਸ਼ਰਾਰਤੀ ਦੇ ਆਪਣੇ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਉਸ ਨੂੰ ਇਸ ਗੱਲੋਂ ਝਾੜਿਆ ਅਤੇ ਨਾ ਸਿਰਫ ਗੱਲਾਂ ਨਾਲ ਝਾੜਿਆ, ਸਰੀਰਕ ਤੌਰ ਉੱਤੇ ਵੀ ਕੁਝ ਹੱਦ ਤੱਕ ਝੰਬ ਦਿੱਤਾ ਕਿ ਉਹ ਸੁੱਖੀਂ ਵੱਸਦੇ ਦੋਵਾਂ ਭਾਈਚਾਰਿਆਂ ਦੇ ਲੋਕਾਂ ਵਿਚਾਲੇ ਫਸਾਦ ਕਰਾਉਣ ਦੇ ਲਈ ਸ਼ੋਸ਼ੇ ਛੱਡਦਾ ਫਿਰਦਾ ਹੈ। ਸਿੱਖ ਭਾਈਚਾਰਾ ਵੀ ਆਮ ਕਰ ਕੇ ਸ਼ਾਂਤ ਤੇ ਜ਼ਿਮੇਵਾਰੀ ਦੇ ਅਹਿਸਾਸ ਤੱਕ ਸੀਮਤ ਰਹਿ ਕੇ ਪਟਿਆਲੇ ਸ਼ਹਿਰ ਤੇ ਪੰਜਾਬ ਦਾ ਮਾਹੌਲ ਵਿਗੜਨ ਤੋਂ ਬਚਾਉਣ ਵਿੱਚ ਕਾਮਯਾਬ ਰਿਹਾ ਹੈ। ਫਿਰ ਵੀ ਇਹ ਨੋਟ ਕਰਨ ਦੀ ਲੋੜ ਹੈ ਕਿ ਏਦਾਂ ਦੀ ਕੋਈ ਚੁਆਤੀ ਲਾਉਣ ਦਾ ਕੰਮ ਕੋਈ ਇਕੱਲਾ ਬੰਦਾ ਆਪਣੇ ਆਪ ਨਹੀਂ ਕਰਦਾ ਹੁੰਦਾ, ਅਸਲ ਵਿੱਚ ਉਸ ਦੇ ਪਿੱਛੇ ਕੋਈ ਨਾ ਕੋਈ ਸ਼ਰਾਰਤੀ ਧਿਰ ਹੋ ਸਕਦੀ ਹੈ, ਜਿਹੜੀ ਮੁੜ ਕੇ ਸਾਜਿਸ਼ ਕਰ ਸਕਦੀ ਹੈ।
ਦੂਸਰੇ ਪਾਸੇ ਦੇਸ਼ ਦੇ ਪੱਧਰ ਉੱਤੇ ਕਦੀ ਰਾਜਧਾਨੀ ਦਿੱਲੀ ਦੇ ਜਹਾਂਗੀਰਪੁਰੀ ਵਿੱਚ ਦੰਗੇ ਤੇ ਕਦੀ ਮੱਧ ਪ੍ਰਦੇਸ਼ ਦੇ ਖਰਗੌਨ ਵਿੱਚ ਇਹੋ ਕੁਝ ਹੋਣਾ ਦੱਸਦਾ ਹੈ ਕਿ ਸ਼ਰਾਰਤੀ ਅਨਸਰ ਇਸ ਦੇਸ਼ ਨੂੰ ਆਰਾਮ ਨਾਲ ਵੱਸਦਾ ਬਰਦਾਸ਼ਤ ਨਹੀਂ ਕਰਦੇ। ਇਹੋ ਕਾਰਨ ਹੈ ਕਿ ਵੱਖ-ਵੱਖ ਥਾਂਈਂ ਵੱਖ-ਵੱਖ ਰੂਪਾਂ ਵਿੱਚ ਇਹੋ ਜਿਹੀ ਕੋਈ ਨਾ ਕੋਈ ਗੱਲ ਬਾਹਰ ਆ ਜਾਂਦੀ ਹੈ, ਜਿਹੜੀ ਵਕਤ ਰਹਿੰਦਿਆਂ ਸੰਭਾਲੀ ਨਾ ਜਾਵੇ ਤਾਂ ਬਾਤ ਦਾ ਬਤੰਗੜ ਹੀ ਨਹੀਂ, ਸਮੁੱਚੇ ਦੇਸ਼ ਦੇ ਮਾਹੌਲ ਨੂੰ ਵਿਗਾੜਨ ਵਾਲੀ ਹੋ ਸਕਦੀ ਹੈ। ਫਿਰਕੂ ਤੱਤ ਏਦਾਂ ਦੀਆਂ ਗੁੱਝੇ ਦਾਅ ਖੇਡਣ ਲਈ ਸਰਗਰਮ ਹਨ। ਇਸ ਦੀ ਝਲਕ ਮੱਧ ਪ੍ਰਦੇਸ਼ ਦੇ ਸ਼ਹਿਰ ਖੰਡਵਾ ਵਿੱਚ ਕ੍ਰਿਕਟ ਨੂੰ ਫਿਰਕੂ ਰੰਗ ਦੇਣ ਤੋਂ ਵੀ ਸਾਹਮਣੇ ਆਈ ਹੈ, ਜਿੱਥੇ ਹਰ ਸਾਲ ਹੁੰਦੇ ਕ੍ਰਿਕਟ ਟੂਰਨਾਮੈਂਟ ਵਿੱਚ ਪਹਿਲੀ ਵਾਰੀ ਇੱਕ ਧਰਮ ਦੇ ਖਿਡਾਰੀ ਸ਼ਾਮਲ ਨਹੀਂ ਸਨ ਕੀਤੇ ਗਏ। ਪੁੱਛਣ ਉੱਤੇ ਉਸ ਹਲਕੇ ਵਿੱਚੋਂ ਲੋਕਾਂ ਵੱਲੋਂ ਚੁਣੇ ਹੋਏ ਭਾਜਪਾ ਵਿਧਾਇਕ ਨੇ ਤਾਂ ਇਹ ਕਹਿ ਕੇ ਖਹਿੜਾ ਛੁਡਾ ਲਿਆ ਕਿ ਉਸ ਦਾ ਇਸ ਨਾਲ ਸੰਬੰਧ ਹੀ ਕੋਈ ਨਹੀਂ, ਪਰ ਉਸ ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਨੇ ਸਾਫ ਸ਼ਬਦਾਂ ਵਿੱਚ ਇਹ ਕਹਿ ਦਿੱਤਾ ਕਿ 'ਮੇਰੇ ਘਰ ਵਿੱਚ ਕੋਈ ਵਿਆਹ ਜਾਂ ਹੋਰ ਸਮਾਗਮ ਹੋਵੇ ਤਾਂ ਕਿਸ ਨੂੰ ਸੱਦਣਾ ਤੇ ਕਿਸ ਨੂੰ ਨਹੀਂ, ਮੇਰੀ ਮਰਜ਼ੀ ਹੀ ਚੱਲੇਗੀ।' ਇਸ ਤਰ੍ਹਾਂ ਓਥੇ ਹਰ ਸਾਲ ਹੋਣ ਵਾਲਾ 'ਵਿਧਾਇਕ ਕ੍ਰਿਕਟ ਟੂਰਨਾਮੈਂਟ' ਪਹਿਲੀ ਵਾਰ ਫਿਰਕੂ ਰੰਗ ਵਿੱਚ ਰੰਗਿਆ ਗਿਆ ਅਤੇ ਕ੍ਰਿਕਟ ਦੇ ਬੈਟ ਤੇ ਬਾਲ ਫਿਰਕੂ ਰੰਗ ਵਿੱਚ ਰੰਗੇ ਜਾਣ ਦਾ ਉਹ ਪ੍ਰਭਾਵ ਮਿਲਣ ਲੱਗ ਪਿਆ, ਜਿਹੜਾ ਦੇਸ਼ ਲਈ ਸ਼ੁਭ ਨਹੀਂ।
ਤੀਸਰੇ ਪਾਸੇ ਰਾਮ ਭਗਵਾਨ ਦੀ ਨਗਰੀ ਕਹੇ ਜਾਂਦੇ ਅਯੁੱਧਿਆ ਸ਼ਹਿਰ ਦੀ ਖਬਰ ਚਿੰਤਾ ਪੈਦਾ ਕਰਨ ਵਾਲੀ ਹੈ ਤੇ ਇਹ ਵਿਸ਼ਵਾਸ ਬੰਨ੍ਹਾਉਣ ਵਾਲੀ ਵੀ ਕਿ ਲੋਕ ਅਜੇ ਭਾਈਚਾਰਕ ਸਾਂਝਾਂ ਕਾਇਮ ਰੱਖਣ ਲਈ ਵਚਨਬੱਧ ਹਨ। ਭਾਰਤ ਜਾਂ ਇਸ ਤੋਂ ਬਾਹਰ ਦੇ ਬਹੁਤੇ ਲੋਕ ਇਹ ਗੱਲ ਨਹੀਂ ਜਾਣਦੇ ਕਿ ਜਦੋਂ ਅਯੁੱਧਿਆ ਵਿੱਚ ਬਾਬਰੀ ਮਸਜਿਦ ਢਾਹੀ ਜਾਣ ਲਈ ਇੱਕ ਖਾਸ ਪਾਰਟੀ ਦੇ ਮੁਖੀ ਆਗੂ ਦੀ ਅਗਵਾਈ ਵਿੱਚ ਰੱਥ ਘੁੰਮਾਇਆ ਗਿਆ ਤੇ ਫਿਰ ਮਸਜਿਦ ਤੋੜਨ ਮਗਰੋਂ ਸਮੁੱਚੇ ਭਾਰਤ ਵਿੱਚ ਦੰਗੇ ਹੋਣ ਲੱਗੇ ਹਨ, ਅਯੁੱਧਿਆ ਦੇ ਲੋਕ ਓਦੋਂ ਵੀ ਇੱਕ ਦੂਸਰੇ ਨਾਲ ਨਹੀਂ ਸੀ ਲੜੇ। ਹਰ ਨਾਜ਼ਕ ਮੋੜ ਉੱਤੇ ਉਨ੍ਹਾਂ ਸੂਝ ਦਾ ਸਬੂਤ ਦਿੱਤਾ ਸੀ ਤੇ ਅੱਜ ਵੀ ਉਸ ਸੂਝ ਨਾਲ ਚੱਲ ਰਹੇ ਹਨ, ਪਰ ਲੋਕਾਂ ਦੀ ਇਸ ਸੂਝ ਦੇ ਦੁਸ਼ਮਣ ਚੁਆਤੀਆਂ ਲਾਉਣ ਤੋਂ ਓਥੇ ਵੀ ਬਾਜ਼ ਨਹੀਂ ਆਏ। ਇਸ ਹਫਤੇ ਕੁਝ ਅਖਬਾਰਾਂ ਨੇ ਇਹ ਖਬਰ ਦਿੱਤੀ ਹੈ ਕਿ ਓਥੇ ਕੁਝ ਸ਼ਰਾਰਤੀਆਂ ਨੇ ਹਿੰਦੂ-ਮੁਸਲਿਮ ਦੰਗੇ ਕਰਾਉਣ ਦੀ ਸਾਜ਼ਿਸ਼ ਕੀਤੀ, ਪਰ ਕਾਮਯਾਬ ਨਹੀਂ ਹੋ ਸਕੇ ਅਤੇ ਅੰਤ ਵਿੱਚ ਜੇਲ੍ਹ ਜਾ ਪੁੱਜੇ ਹਨ। ਇਨ੍ਹਾਂ ਲੋਕਾਂ ਨੇ ਇੱਕ ਖਾਸ ਧਰਮ ਦੇ ਲੋਕਾਂ ਵਰਗੇ ਕੁੜਤੇ-ਪਜਾਮੇ ਪਹਿਨੇ ਅਤੇ ਜਾਲੀਦਾਰ ਟੋਪੀਆਂ ਪਾ ਕੇ ਕੁਝ ਥਾਂਵਾਂ ਤੋਂ ਮਾਸ ਖਰੀਦਣ ਦੇ ਬਾਅਦ ਕੁਝ ਖਾਸ ਧਰਮ ਅਸਥਾਨਾਂ ਵਿੱਚ ਸੁੱਟਣ ਦੀ ਹਰਕਤ ਕੀਤੀ ਤਾਂ ਸੀ ਸੀ ਟੀ ਵੀ ਕੈਮਰਿਆਂ ਦੀ ਅੱਖ ਤੋਂ ਲੁਕੇ ਨਹੀਂ ਰਹਿ ਸਕੇ। ਉਨ੍ਹਾਂ ਬਾਰੇ ਚੌਕਸੀ ਕੈਮਰਿਆਂ ਦੀ ਵੀਡੀਓ ਫੁਟੇਜ ਬਹੁਤ ਜ਼ਿਆਦਾ ਸਾਫ ਮਿਲ ਗਈ ਅਤੇ ਉਸ ਰਾਜ ਦੀ ਸਰਕਾਰ ਨੂੰ ਵੀ ਉਨ੍ਹਾਂ ਵਿਰੁੱਧ ਕਾਰਵਾਈ ਕਰਨੀ ਪਈ ਹੈ। ਦੋਸ਼ੀਆਂ ਵਿੱਚੋਂ ਜਿਹੜਾ ਆਗੂ ਮੰਨਿਆ ਜਾਂਦਾ ਹੈ, ਉਸ ਦੇ ਭਰਾ ਦਾ ਕਹਿਣਾ ਹੈ ਕਿ ਮੇਰਾ ਭਰਾ ਤਾਂ ਦਿੱਲੀ ਦੇ ਜਹਾਂਗੀਰਪੁਰੀ ਵਿੱਚ ਵਾਪਰੇ ਦੰਗਿਆਂ ਦਾ ਬਦਲਾ ਲੈਣਾ ਚਾਹੁੰਦਾ ਸੀ। ਪਹਿਲੀ ਗੱਲ ਤਾਂ ਇਹ ਕਿ ਜਹਾਂਗੀਰਪੁਰ ਵਿੱਚ ਜੋ ਹੋਇਆ, ਉਹ ਅੰਤਾਂ ਦਾ ਮਾੜਾ ਤੇ ਨਿੰਦਣ ਯੋਗ ਸੀ, ਦੂਸਰੀ ਇਹ ਕਿ ਉਹ ਦੇਸ਼ ਦੀ ਰਾਜਧਾਂਨੀ ਦਿੱਲੀ ਦਾ ਮਾਮਲਾ ਸੀ, ਜਿੱਥੇ ਅਯੁੱਧਿਆ ਦੇ ਲੋਕ ਇੱਕ ਜਾਂ ਦੂਸਰੇ ਪਾਸੇ ਤੋਂ ਲੜਨ ਲਈ ਨਹੀਂ ਸਨ ਗਏ ਤਾਂ ਉਸ ਦਾ ਬਦਲਾ ਅਯੁੱਧਿਆ ਵਿੱਚ ਲੈਣ ਦੀ ਗੱਲ ਕਰਨ ਦਾ ਕੋਈ ਮਤਲਬ ਹੀ ਨਹੀਂ ਸੀ ਹੋਣਾ ਚਾਹੀਦਾ। ਇਹ ਸਿਰੇ ਦੀ ਘਟੀਆ ਮਾਨਸਿਕਤਾ ਦਾ ਪ੍ਰਗਟਾਵਾ ਸੀ।
ਅਸੀਂ ਅਲਾਮਾ ਇਕਬਾਲ ਦੇ ਇਹ ਸ਼ਬਦ ਕਈ ਵਾਰ ਦੁਹਰਾਏ ਹਨ ਕਿ 'ਕੁਛ ਬਾਤ ਹੈ ਕਿ ਹਸਤੀ ਮਿਟਤੀ ਨਹੀਂ ਹਮਾਰੀ, ਸਦੀਉਂ ਰਹਾ ਹੈ ਦੁਸ਼ਮਣ ਦੌਰ-ਇ-ਜ਼ਮਾਂ ਹਮਾਰਾ'। ਭਾਰਤ ਦੀ ਹਸਤੀ ਜੇ ਅੱਜ ਤੱਕ ਕਾਇਮ ਰਹੀ ਹੈ ਤਾਂ ਇਸ ਦੇ ਹਾਕਮਾਂ: ਰਾਜਿਆਂ ਜਾਂ ਲੋਕਤੰਤਰੀ ਲੀਡਰਾਂ ਦੀ ਅਗਵਾਈ ਕਰ ਕੇ ਨਹੀਂ ਰਹੀ, ਸਗੋਂ ਇਸ ਕਾਰਨ ਕਾਇਮ ਰਹਿ ਸਕੀ ਹੈ ਕਿ ਇਸ ਦੇਸ਼ ਦੇ ਲੋਕ ਆਪਸੀ ਭਾਈਚਾਰੇ ਦੀਆਂ ਤੰਦਾਂ ਨੂੰ ਹਰ ਵਾਰੀ ਟੁੱਕੇ ਜਾਣ ਤੋਂ ਬਚਾ ਲੈਂਦੇ ਰਹੇ ਹਨ। ਭਾਰਤ ਦੇ ਦੁਸ਼ਮਣ ਪਹਿਲਾਂ ਵੀ ਬਹੁਤ ਰਹੇ ਹਨ ਅਤੇ ਅੱਜ ਵੀ ਬਹੁਤ ਹਨ, ਪਰ ਭਾਰਤ ਨੂੰ ਖਤਰਾ ਬਾਹਰਲੇ ਦੁਸ਼ਮਣਾਂ ਕੋਲੋਂ ਨਹੀਂ, ਸਗੋਂ ਇਸ ਦੇ ਅੰਦਰਲੀਆਂ ਉਨ੍ਹਾਂ ਘੇਰਾਬੰਦੀਆਂ ਤੋਂ ਹੈ, ਜਿਨ੍ਹਾਂ ਦਾ ਜ਼ਿਕਰ ਐੱਮ ਜੇ ਅਕਬਰ ਨੇ ਉਸ ਵਕਤ ਕੀਤਾ ਸੀ, ਜਦੋਂ ਉਹ ਪੁਰਾਣਾ ਅਕਬਰ ਹੁੰਦਾ ਸੀ, ਰਾਜਸੀ ਚਾਹਤਾਂ ਦਾ ਗੁਲਾਮ ਨਹੀਂ ਸੀ ਬਣਿਆ। ਉਸ ਦੀਆਂ ਰਾਜਸੀ ਚਾਹਤਾਂ ਨੂੰ ਆਪਣੀ ਥਾਂ ਰੱਖਦੇ ਹੋਏ ਅੱਜ ਵੀ ਭਾਰਤ ਦੇ ਲੋਕਾਂ ਨੂੰ ਇਹ ਸੋਚਣ ਦੀ ਲੋੜ ਹੈ ਕਿ ਭਾਰਤ ਦੇ ਅੰਦਰਲੀਆਂ ਘੇਰਾਬੰਦੀਆਂ ਅਤੇ ਇਹ ਘੇਰਾਬੰਦੀਆਂ ਕਰਨ ਵਾਲੇ ਇਸ ਦੇਸ਼ ਲਈ ਕਿਸੇ ਵੀ ਹੋਰ ਖਤਰੇ ਤੋਂ ਵੱਡਾ ਖਤਰਾ ਹਨ। ਭਵਿੱਖ ਵਿੱਚ ਭਾਰਤ ਅਤੇ ਭਾਰਤੀਆਂ ਨੇ ਆਪਣੀ ਹਸਤੀ ਕਾਇਮ ਰੱਖਣੀ ਹੈ ਤਾਂ ਉਨ੍ਹਾਂ ਨੂੰ ਇਸ ਖਤਰੇ ਵਿਰੁੱਧ ਸੁਚੇਤ ਰਹਿਣਾ ਪਵੇਗਾ।