ਚੁੰਝਾਂ-ਪ੍ਹੌਂਚੇ  - ਨਿਰਮਲ ਸਿੰਘ ਕੰਧਾਲਵੀ

25.04.2022

ਸਾਡਾ ਮੁੱਖ ਮੰਤਵ ਸ਼੍ਰੋਮਣੀ ਕਮੇਟੀ ਨੂੰ ਬਾਦਲ ਪਰਵਾਰ ਤੋਂ ਮੁਕਤ ਕਰਵਾਉਣਾ- ਢੀਂਡਸਾ

ਨੂਰਦੀਨ ਮੀਆਂ ਸਿਕ ਨਾ ਹੋਰ ਕਾਈ, ਜਿੰਨ ਭੂਤ ਨੂੰ ਘਰੋਂ ਭਜਾਵਣਾ ਏਂ

ਜਾਖੜ ਵਲੋਂ ਹਾਈਕਮਾਨ ਮੂਹਰੇ ਨਾ ਝੁਕਣ ਦੇ ਸੰਕੇਤ- ਇਕ ਖ਼ਬਰ

ਰੁੱਖਾਂ, ਪੌਣ, ਪਰਿੰਦਿਆਂ ਡਿੱਠੀ, ਜੋ ਨਾਲ਼ ਯੂਸਫ਼ ਦੇ ਬੀਤੀ।

ਪੰਜਾਬ ਸਰਕਾਰ ਨੂੰ ਕੇਜਰੀਵਾਲ ਰਿਮੋਟ ਕੰਟਰੋਲ ਨਾਲ ਚਲਾ ਰਿਹਾ ਹੈ- ਪ੍ਰਤਾਪ ਸਿੰਘ ਬਾਜਵਾ

ਬਾਂਹ ਨਾ ਮੂਰਖਾ ਫੜੀਏ, ਨਾਰ ਬਿਗਾਨੀ ਦੀ।

ਪ੍ਰਸ਼ਾਂਤ ਕਿਸ਼ੋਰ ਵਲੋਂ ਸੋਨੀਆ ਨਾਲ ਮੀਟਿੰਗਾਂ ਦਾ ਦੌਰ ਜ਼ਾਰੀ- ਇਕ ਖ਼ਬਰ

ਮੈਂ ਬੇਰੀਆਂ ‘ਚੋਂ ਬੇਰ ਲਿਆਇਆ, ਨੀਂ ਭਾਬੀ ਤੇਰੀ ਗੱਲ੍ਹ ਵਰਗਾ।

ਹਾਰਦਿਕ ਪਟੇਲ ਵਲੋਂ ਕਾਂਗਰਸ ਦੀ ਆਲੋਚਨਾ ਤੇ ਭਾਜਪਾ ਦੀ ਸ਼ਲਾਘਾ- ਇਕ ਖ਼ਬਰ

ਲਗਦੈ ਪੱਠਾ ਪਰ ਤੋਲ ਰਿਹੈ, ਭਾਜਪਾ ‘ਚ ਉਡਾਰੀ ਮਾਰਨ ਲਈ।  

ਦੇਸ਼ ਨੂੰ ਇਕ ਹੋਰ ਵੱਡੇ ਸੰਘਰਸ਼ ਦੀ ਲੋੜ- ਟਿਕੈਤ

ਝੂਟਾ ਦੇ ਜਾ ਵੇ ਗੁਲਾਬੀ ਚੀਰੇ ਵਾਲਿਆ, ਪੀਂਘ ਪਾਈ ਤੇਰੇ ਆਸਰੇ।

ਸੌਦਾ ਸਾਧ ਨੇ ਕਿਹਾ ਮੈਂ ਪੰਜਾਬ ਨਹੀਂ ਜਾਣਾ- ਇਕ ਖ਼ਬਰ

ਵਾਰਸ ਸ਼ਾਹ ਹੈ ਚੁਗਲ ਦੀ ਸ਼ਕਲ ਕੈਦੋ, ਇਹ ਮੂਲ਼ ਹੈ ਸਭ ਬਖੇੜਿਆਂ ਦਾ।

ਭਾਜਪਾ ਨੇ ਪੰਜਾਬ ਦੇ ਹਾਲਾਤ ਬਾਰੇ ਅਮਿਤ ਸ਼ਾਹ ਨੂੰ ਪੱਤਰ ਲਿਖਿਆ- ਇਕ ਖ਼ਬਰ

ਚਿੱਠੀਆਂ ਸਾਹਿਬਾਂ ਜੱਟੀ ਨੇ, ਲਿਖ ਮਿਰਜ਼ੇ ਵਲ ਪਾਈਆਂ।

ਕਾਂਗਰਸ ਦਾ ਵਫ਼ਦ ਜਹਾਂਗੀਰਪੁਰੀ ਪਹੁੰਚਿਆ, ਪੁਲਸ ਨੇ ਰੋਕਿਆ- ਇਕ ਖ਼ਬਰ

ਆਗੇ ਮੱਤ ਜਾਏਂ, ਸਰਕਾਰੀ ਕਾਮ ਚਲ ਰਹਾ ਹੈ।

ਦੇਸ਼ ਵਾਸੀਆਂ ਨੂੰ ਰੋਟੀ.ਕੱਪੜਾ, ਮਕਾਨ ਤੇ ਰੋਜ਼ਗ਼ਾਰ ਚਾਹੀਦੈ, ਫਿਰਕਾਪ੍ਰਸਤੀ ਨਹੀਂ-ਕੁਲਦੀਪ ਗੁਦਰਾਣਾ

ਮਸਲਿਆਂ ਵਿਚੋਂ ਨਿਕਲਣ ਵੋਟਾਂ, ਅਸੀਂ ਵੋਟਾਂ ਦੇ ਵਣਜਾਰੇ, ਕਰਦੇ ਕਾਰੇ।

ਇਮਰਾਨ ਖਾਨ ਨੇ ਆਪਣੀ ਬਰਖ਼ਾਸਤਗੀ ਲਈ ਜਨਰਲ ਬਾਜਵਾ ਨੂੰ ਜ਼ਿੰਮੇਵਾਰ ਠਹਿਰਾਇਆ-ਇਕ ਖ਼ਬਰ

ਮੇਰੇ ਨਰਮ ਕਾਲਜੇ ਲੜ ਗਏ, ਲੱਡੂ ਖਾ ਲਏ ਬਾਜਵੇ ਦੇ।

ਸਰਕਾਰ ਚਲਾਉਣਾ ਆਮ ਆਦਮੀ ਪਾਰਟੀ ਦੇ ਵੱਸ ਦਾ ਰੋਗ ਨਹੀਂ- ਸਿੱਧੂ

ਪਿੱਛੇ ਮੁੜ ਜਾ ਸੋਹਣਿਆਂ ਵੇ, ਸੌਖਾ ਨਹੀਂ ਇਸ਼ਕ ਕਮਾਉਣਾ।

ਸਰਕਾਰੀ ਸਕੂਲਾਂ ਦੇ ਵਿਦਿਆਰਥੀ ਕਿਤਾਬਾਂ ਤੋਂ ਸੱਖਣੇ- ਇਕ ਖ਼ਬਰ

ਸਰਕਾਰ ਜੀ ਜੇ ਕਿਤਾਬਾਂ ਨਹੀਂ ਦੇਣੀਆਂ ਤਾਂ ਟੈਂਕੀਆਂ ‘ਤੇ ਚੜ੍ਹਨ ਦੀ ਟ੍ਰੇਨਿੰਗ ਤਾਂ ਦੇ ਦਿਉ

ਲਾੜੇ ਨੇ ਜਿਵੇਂ ਹੀ ਪਾਈ ਜੈਮਾਲਾ, ਲਾੜੀ ਨੇ ਕਰ ਦਿਤੀ ਥੱਪੜਾਂ ਦੀ ਬੁਛਾੜ- ਇਕ ਖ਼ਬਰ

ਜਦੋਂ ਛਿੱਤਰਾਂ ਦੀ ਹੋਈ ਬਰਸਾਤ, ਜੈਮਾਲਾ ਬਿਖਰ ਗਈ।

ਚੰਨੀ ਵਾਲੀ ਬੱਕਰੀ ਨੂੰ ਪਾਲਾ ਖ਼ਾਨ ਤੋਂ ਨਵੇਂ ਮਾਲਕ ਖ਼ਰੀਦ ਕੇ ਲੈ ਗਏ- ਇਕ ਖ਼ਬਰ

ਪੈਰੀਂ ਝਾਂਜਰਾਂ ਗਲ਼ੇ ਦੇ ਵਿਚ ਗਾਨੀ, ਤੋਰ ਦਿਤੀ ਪਾਲਾ ਖ਼ਾਨ ਨੇ।

ਲਾਲ ਕਿਲ੍ਹੇ ‘ਤੇ ਹੋਣ ਵਾਲੇ ਸਮਾਗਮ ਲਈ ਕਰੋੜਾਂ ਦੀ ਰਕਮ ਬਾਰੇ ਭਖੀ ਸਿਆਸਤ-ਇਕ ਖ਼ਬਰ

ਇਕ ਘੜੀ ਦੇ ਵਿਚ ਅਕਾਲੀਆਂ ਨੇ, ਲਿਆ ਦਾਲ਼ ਫੁਲਕਾ ਉੱਥੇ ਵੰਡ ਮੀਆਂ।

                        =============