ਜਦੋਂ ਆਹ ਕੁਝ ਵਾਪਰਦਾ ਹੋਵੇ ਤਾਂ ਦੁਨੀਆ ਦੀਆਂ ਨਜ਼ਰਾਂ ਭਾਰਤ ਵੱਲ ਉੱਠਣਗੀਆਂ ਹੀ - ਜਤਿੰਦਰ ਪਨੂੰ
ਇਹ ਗੱਲ ਸਾਨੂੰ ਬੜੀ ਵਾਰੀ ਸੁਣਨ ਨੂੰ ਮਿਲਦੀ ਰਹੀ ਹੈ ਤੇ ਅਜੇ ਵੀ ਕਈ ਵਾਰੀ ਸੁਣੀਂਦੀ ਹੈ ਕਿ ਦੁਨੀਆ ਦੀਆਂ ਨਜ਼ਰਾਂ ਸਾਡੇ ਭਾਰਤ ਵੱਲ ਲੱਗੀਆਂ ਹੋਈਆਂ ਹਨ। ਸਾਨੂੰ ਉਹ ਸਮਾਂ ਚੇਤੇ ਨਹੀਂ ਆ ਰਿਹਾ, ਜਦੋਂ ਦੁਨੀਆ ਦੀਆਂ ਨਜ਼ਰਾਂ ਸਾਡੇ ਭਾਰਤ ਵੱਲ ਲੱਗੀਆਂ ਨਹੀਂ ਸੀ। ਜਦੋਂ ਭਾਰਤ ਗੁਲਾਮੀ ਵਿੱਚ ਸਹਿਕਦਾ ਪਿਆ ਅਤੇ ਵਿਦੇਸ਼ੀ ਹਾਕਮਾਂ ਵੱਲੋਂ ਲੜੀਆਂ ਜਾਂਦੀਆਂ ਜੰਗਾਂ ਵਿੱਚ ਆਪਣੇ ਪੁੱਤਰ ਭੇਜ ਕੇ ਮਰਵਾਉਣ ਪਿੱਛੋਂ ਵਿਦੇਸ਼ੀ ਧਰਤੀਆਂ ਉੱਤੇ ਹੁੰਦੀਆਂ ਜੰਗਾਂ ਦੇ ਕਿੱਸੇ ਸੁਣਾ ਕੇ ਦਿਲ ਨੂੰ ਧਰਵਾਸ ਦੇਂਦਾ ਹੁੰਦਾ ਸੀ, ਦੁਨੀਆ ਭਰ ਦੀਆਂ ਨਜ਼ਰਾਂ ਓਦੋਂ ਵੀ ਸਾਡੇ ਭਾਰਤ ਵੱਲ ਲੱਗੀਆਂ ਹੁੰਦੀਆਂ ਸਨ ਕਿ ਇਹ ਬੇਗਾਨੀਆਂ ਬੁੱਤੀਆਂ ਕਰਦਿਆਂ ਆਪਣੇ ਪੁੱਤ ਮਰਵਾਈ ਜਾਂਦਾ ਹੈ। ਫਿਰ ਭਾਰਤ ਦੇ ਲੋਕਾਂ ਦੀ ਹਿੰਮਤ ਨਾਲ ਦੇਸ਼ ਆਜ਼ਾਦ ਹੋ ਗਿਆ, ਆਜ਼ਾਦੀ ਲਈ ਹਜ਼ਾਰਾਂ ਲੋਕ ਕੁਰਬਾਨ ਹੋ ਗਏ, ਪਰ ਏਥੇ ਸਿਰਫ ਇਹੋ ਸੁਣਨ ਨੂੰ ਮਿਲਦਾ ਰਿਹਾ ਕਿ 'ਸਾਬਰਮਤੀ ਕੇ ਬਾਪੂ, ਤੂ ਨੇ ਕਰ ਦੀਆ ਕਮਾਲ, ਲੇਕਰ ਦੀ ਆਜ਼ਾਦੀ ਹਮ ਕੋ ਬਿਨਾਂ ਖੜਗ ਔਰ ਢਾਲ।' ਲੋਕਾਂ ਵਿੱਚ ਇਸ ਇੱਕੋ ਧਾਰਨਾ ਨੂੰ ਪ੍ਰਚਾਰਿਆ ਗਿਆ ਤੇ ਬਾਕੀ ਸਭ ਕੁਝ ਪਿੱਛੇ ਪਾਉਣ ਦੇ ਬਾਅਦ ਦੁਨੀਆ ਨੂੰ ਇਹੋ ਦੱਸਿਆ ਜਾਂਦਾ ਰਿਹਾ ਕਿ ਭਾਰਤ ਅਹਿੰਸਾ ਨਾਲ ਜੰਗਾਂ ਜਿੱਤਣ ਦਾ ਫਾਰਮੂਲਾ ਜਾਣਦਾ ਹੈ। ਨਾਲ ਦੀ ਨਾਲ ਭਾਰਤ ਦੇ ਰਾਜ ਕਰਤੇ ਆਪਣੇ ਸਾਇੰਸਦਾਨਾਂ ਨੂੰ ਐਟਮੀ ਸ਼ਕਤੀ ਦੀ ਖੋਜ ਕਰਨ ਲਈ ਹੱਲਾਸ਼ੇਰੀ ਦੇਂਦੇ ਰਹੇ ਅਤੇ ਜਦੋਂ ਐਟਮ ਬੰਬ ਦੀ ਪਰਖ ਸਫਲ ਹੋ ਗਈ ਤਾਂ ਇਹ ਨਹੀਂ ਸੀ ਦੱਸਿਆ ਕਿ ਮਾਰੂ ਮਸਾਲਾ ਸਹੀ ਹੈ, ਸਗੋਂ ਇਹ ਸੰਦੇਸ਼ ਭੇਜ ਕੇ ਦਿੱਲੀ ਬੈਠੀ ਕੇਂਦਰ ਸਰਕਾਰ ਨੂੰ ਖੁਸ਼ ਕੀਤਾ ਸੀ ਕਿ 'ਬੁੱਧ ਮੁਸਕੁਰਾ ਪਿਆ ਹੈ'। ਵਾਹ, ਇੱਕੋ ਝਟਕੇ ਵਿੱਚ ਲੱਖਾਂ ਲੋਕ ਮਾਰ ਦੇਣ ਵਾਲੇ ਬੰਬ ਦੇ ਧਮਾਕੇ ਨਾਲ ਸ਼ਾਂਤੀ ਦਾ ਪੁਜਾਰੀ ਬੁੱਧ 'ਮੁਸਕੁਰਾ ਪਿਆ', ਹੈ ਨਾ ਕਮਾਲ ਦੀ ਗੱਲ! ਦੁਨੀਆ ਦੇ ਲੋਕ ਉਸ ਵਕਤ ਵੀ ਭਾਰਤ ਵੱਲ ਵੇਖਦੇ ਪਏ ਸਨ ਕਿ ਇਸ ਦੇਸ਼ ਦੇ ਹਾਕਮ ਕਹਿੰਦੇ ਕੀ ਹਨ ਤੇ ਅਮਲ ਵਿੱਚ ਕਰਦੇ ਕੀ ਪਏ ਹਨ, ਪਰ ਸਾਨੂੰ ਇਸ ਨਾਲ ਮਤਲਬ ਨਹੀਂ ਸੀ, ਸਗੋਂ ਇਹ ਕਹਿਣਾ ਕਾਫੀ ਸੀ ਕਿ ਦੁਨੀਆ ਸਾਨੂੰ ਵੇਖਦੀ ਪਈ ਸੀ।
ਭਾਰਤ ਨੂੰ ਇਸ ਗੱਲ ਦਾ ਮਾਣ ਹੈ ਕਿ ਉਹ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਇਸ ਗੱਲ ਦਾ ਇਹ ਅਰਥ ਨਹੀਂ ਕਿ ਭਾਰਤ ਲੋਕਤੰਤਰੀ ਰਿਵਾਇਤਾਂ ਦੀ ਪਾਲਣਾ ਕਰਨ ਵਿੱਚ ਬਾਕੀ ਸਭਨਾਂ ਤੋਂ ਵੱਡੇ ਕਿਰਦਾਰ ਵਾਲਾ ਹੋਣ ਦਾ ਮਾਣ ਹਾਸਲ ਕਰ ਗਿਆ ਹੈ, ਸਗੋਂ ਇਹ ਹੈ ਕਿ ਜਿਹੜੇ ਦੇਸ਼ਾਂ ਵਿੱਚ ਲੋਕਤੰਤਰੀ ਸਿਸਟਮ ਚੱਲਦਾ ਹੈ, ਉਨ੍ਹਾਂ ਸਭਨਾਂ ਨਾਲੋਂ ਵੱਧ ਲੋਕਾਂ ਦੀਆਂ ਵੋਟਾਂ ਨਾਲ ਚੁਣੀ ਹੋਈ ਸਰਕਾਰ ਵਾਲਾ ਲੋਕਤੰਤਰੀ ਦੇਸ਼ ਭਾਰਤ ਹੈ। ਜਿੰਨੀ ਤੇਜ਼ੀ ਨਾਲ ਇਹ ਦੇਸ਼ ਆਪਣੇ ਵੋਟਰਾਂ ਦੀ ਗਿਣਤੀ ਦਾ ਵਾਧਾ ਕਰੀ ਜਾ ਰਿਹਾ ਹੈ, ਅਗਲੀ ਸਦੀ ਵਿੱਚ ਕੋਈ ਹੋਰ ਦੇਸ਼ ਇਸ ਪੱਖੋਂ ਇਸ ਦੇ ਨੇੜੇ ਪਹੁੰਚਣ ਦਾ ਸੁਫਨਾ ਵੀ ਨਹੀਂ ਲੈ ਸਕਦਾ। ਜਿਹੜੇ ਧਾਰਮਿਕ ਪੁਰਸ਼ਾਂ ਨੇ ਖੁਦ ਗ੍ਰਹਿਸਤ ਦਾ ਮਾਰਗ ਨਹੀਂ ਧਾਰਨ ਕੀਤਾ, ਵਿਆਹ ਦੇ ਬੰਧਨ ਵਿੱਚ ਕਦੇ ਨਹੀਂ ਬੱਝੇ, ਉਹ ਦੂਸਰਿਆਂ ਨੂੰ ਇਹ ਸੱਦੇ ਦੇਂਦੇ ਹਨ ਕਿ ਧਰਮ ਦੀ ਚੜ੍ਹਦੀ ਕਲਾ ਕਰਨ ਲਈ ਵੱਧ ਤੋਂ ਵੱਧ ਬੱਚੇ ਪੈਦਾ ਕਰੋ। ਧਰਮ ਦੀ ਚੜ੍ਹਦੀ ਕਲਾ ਹੋਵੇ ਨਾ ਹੋਵੇ, ਧਰਮ ਦੇ ਆਧਾਰ ਉੱਤੇ ਆਪਸ ਵਿੱਚ ਲੜਨ ਲਈ ਫੌਜਾਂ ਖੜੀਆਂ ਕਰਨ ਵਾਲਾ ਸੰਸਾਰ ਵਿੱਚ ਸਭ ਤੋਂ ਵੱਡਾ ਲੋਕਤੰਤਰ ਤਾਂ ਭਾਰਤ ਫਿਰ ਹੀ ਰਹੇਗਾ। ਇਸ ਦਾ ਇਹ ਰੁਤਬਾ ਹੋਰ ਕੋਈ ਨਹੀਂ ਖੋਹ ਸਕਦਾ। ਇਸ ਪੱਖੋਂ ਵੀ ਦੁਨੀਆ ਦੀਆਂ ਨਜ਼ਰਾਂ ਭਾਰਤ ਵੱਲ ਹਨ, ਪਰ ਕੋਈ ਮਾੜੀ ਗੱਲ ਨਹੀਂ!
ਉਂਜ ਅਸੀਂ ਵੋਟਰ ਬਣਨ ਯੋਗ ਲੋਕਾਂ ਦੀ ਗਿਣਤੀ ਦੇ ਪੱਖੋਂ ਸਾਰਿਆਂ ਤੋਂ ਵੱਡਾ ਲੋਕਤੰਤਰ ਅਖਵਾ ਸਕਦੇ ਹਾਂ, ਪਰ ਲੋਕਤੰਤਰੀ ਰਿਵਾਇਤਾਂ ਨੂੰ ਜਦੋਂ ਮਰਜ਼ੀ ਝਕਾਨੀ ਦੇ ਲਈਏ, ਓਦੋਂ ਸਾਨੂੰ ਇਹ ਚਿੰਤਾ ਨਹੀਂ ਹੁੰਦੀ ਕਿ ਸੰਸਾਰ ਭਰ ਦੀਆਂ ਨਜ਼ਰਾਂ ਸਾਡੇ ਉੱਤੇ ਗੱਡੀਆਂ ਹੋਈਆਂ ਹਨ। ਇੰਦਰਾ ਗਾਂਧੀ ਸੰਸਾਰ ਦੀ ਗੁੱਟ ਨਿਰਪੱਖ ਲਹਿਰ ਦੀ ਲੋਕਤੰਤਰੀ ਆਗੂ ਬਣ ਕੇ ਮਾਣ ਮਹਿਸੂਸ ਕਰਦੀ ਸੀ, ਪਰ ਆਪਣੇ ਦੇਸ਼ ਵਿੱਚ ਐਮਰਜੈਂਸੀ ਲਾਈ ਅਤੇ ਆਪਣੇ ਛੋਟੇ ਪੁੱਤਰ ਦੀ ਅਗਵਾਈ ਹੇਠ ਚਾਰ ਜਣਿਆਂ ਦੀ ਬਦਨਾਮ ਜੁੰਡੀ ਨੂੰ ਲੋਕਾਂ ਦਾ ਘਾਣ ਕਰਨ ਦੀ ਖੁੱਲ੍ਹ ਦੇ ਦਿੱਤੀ। ਉਸ ਨੇ ਇਹ ਸੋਚਿਆ ਹੀ ਨਹੀਂ ਸੀ ਕਿ ਦੁਨੀਆ ਦੀਆਂ ਨਜ਼ਰਾਂ ਸਾਡੇ ਵੱਲ ਲੱਗੀਆਂ ਸਨ। ਭਾਰਤ ਦੇ ਹਾਕਮ ਇਹੋ ਜਿਹੀਆਂ ਗੱਲਾਂ ਦੀ ਚਿੰਤਾ ਨਹੀਂ ਕਰਦੇ।
ਅੱਜਕੱਲ੍ਹ ਫਿਰ ਸਾਰਾ ਸੰਸਾਰ ਭਾਰਤ ਵੱਲ ਵੇਖਦਾ ਪਿਆ ਹੈ। ਸਾਨੂੰ ਇਹੋ ਦੱਸਿਆ ਜਾ ਰਿਹਾ ਹੈ ਕਿ ਸੰਸਾਰ ਦੀਆਂ ਅੱਖਾਂ ਭਾਰਤ ਵੱਲ ਇਸ ਦੀ ਤਰੱਕੀ ਦੇ ਕਾਰਨ ਲੱਗੀਆਂ ਹਨ, ਕਿਉਂਕਿ ਭਾਰਤ ਐਟਮੀ ਸ਼ਕਤੀ ਬਣਨ ਤੋਂ ਬਾਅਦ ਪੁਲਾੜ ਵਿੱਚ ਵੀ ਵਡੇਰੀਆਂ ਪੁਲਾਂਘਾਂ ਪੁੱਟ ਰਿਹਾ ਹੈ। ਜੇ ਇਹ ਪ੍ਰਾਪਤੀਆਂ ਕੀਤੀਆਂ ਹਨ ਤਾਂ ਇਸ ਵਿੱਚ ਸਾਲਾਂ-ਬੱਧੀ ਜੂਝਦੇ ਰਹੇ ਸਾਇੰਸਦਾਨਾਂ ਦੀ ਮਿਹਨਤ ਹੈ, ਜਿਹੜੇ ਆਗੂ ਇਹ ਕਹਿੰਦੇ ਹਨ ਕਿ ਭਾਰਤ ਦੀ ਤਰੱਕੀ ਵੱਲ ਦੁਨੀਆਂ ਦੀਆਂ ਨਜ਼ਰਾਂ ਹਨ, ਉਨ੍ਹਾਂ ਦਾ ਕੋਈ ਯੋਗਦਾਨ ਨਹੀਂ। ਏਦਾਂ ਦੀ ਕੋਈ ਪ੍ਰਾਪਤੀ ਸਾਨੂੰ ਨਾ ਪਹਿਲਿਆਂ ਸਿਆਸੀ ਆਗੂਆਂ ਦੀ ਲੱਭੀ ਹੈ ਤੇ ਨਾ ਹੀ ਅੱਜ ਵਾਲਿਆਂ ਦੀ ਲੱਭਦੀ ਹੈ, ਜਿਸ ਨੂੰ ਚੁੱਕ ਕੇ ਅਸੀਂ ਦੁਨੀਆ ਭਰ ਦੇ ਲੋਕਾਂ ਨੂੰ ਦਿਖਾ ਸਕੀਏ ਕਿ ਆਹ ਕੰਮ ਭਾਰਤ ਦੇ ਲੋਕਤੰਤਰੀ ਲੀਡਰਾਂ ਨੇ ਕੀਤਾ ਹੈ, ਜਿਸ ਨਾਲ ਦੁਨੀਆ ਦੀ ਨਜ਼ਰਾਂ ਸਾਡੇ ਵੱਲ ਲੱਗੀਆਂ ਹਨ। ਫਿਰ ਵੀ ਜਦੋਂ ਇਹ ਕਿਹਾ ਜਾਂਦਾ ਹੈ ਕਿ ਦੁਨੀਆ ਦੀਆਂ ਨਜ਼ਰਾਂ ਅੱਜ ਵੀ ਭਾਰਤ ਵੱਲ ਲੱਗੀਆਂ ਹੋਈਆਂ ਹਨ ਤਾਂ ਇਹ ਗੱਲ ਗਲਤ ਨਹੀਂ, ਸਚੱਮੁਚ ਦੁਨੀਆ ਭਾਰਤ ਵੱਲ ਵੇਖਦੀ ਪਈ ਹੈ, ਪਰ ਕਿਸੇ ਨੇਕ ਦਿੱਖ ਕਾਰਨ ਨਹੀਂ ਵੇਖਦੀ। ਉਰਦੂ ਕਹਾਵਤ ਹੈ ਕਿ 'ਹੋਂਗੇ ਗਰ ਬਦਨਾਮ ਤੋ ਕਿਆ ਨਾਮ ਨਾ ਹੋਗਾ'। ਓਸੇ ਕਹਾਵਤ ਵਾਂਗ ਅੱਜ ਭਾਰਤ ਵਿੱਚ ਉੱਠਦੇ ਫਿਰਕੂਪੁਣੇ ਕਾਰਨ ਜੋ ਕੁਝ ਸਾਰੇ ਦੇਸ਼ ਵਿੱਚ ਆਏ ਦਿਨ ਹੁੰਦਾ ਪਿਆ ਹੈ, ਉਸ ਦੇ ਚਰਚੇ ਦੁਨੀਆ ਵਿੱਚ ਹੋ ਰਹੇ ਹਨ ਤੇ ਸਾਰੇ ਸੰਸਾਰ ਦੇ ਲੋਕ ਭਾਰਤ ਵੱਲ ਵੇਖ ਰਹੇ ਹਨ। ਕਿਸੇ ਦੂਰ-ਦੁਰਾਡੇ ਰਾਜ ਵਿੱਚ ਕੁਝ ਹੁੰਦਾ ਹੋਵੇ ਤਾਂ ਬਾਕੀ ਦੁਨੀਆ ਦੀਆਂ ਨਜ਼ਰਾਂ ਤੋਂ ਓਹਲਾ ਰੱਖਿਆ ਜਾ ਸਕਦਾ ਹੈ, ਪਰ ਜਦੋਂ ਭਾਰਤ ਦੀ ਰਾਜਧਾਨੀ ਵਿੱਚ ਉਹ ਕੁਝ ਵਾਪਰ ਰਿਹਾ ਹੋਵੇ, ਜਿਸ ਨਾਲ ਇਸ ਦੇਸ਼ ਦੀ ਦਿੱਖ ਦਾਗੀ ਹੁੰਦੀ ਹੋਵੇ, ਦੁਨੀਆ ਦੀਆਂ ਨਜ਼ਰਾਂ ਭਾਰਤ ਵੱਲ ਲੱਗਣੀਆਂ ਹੀ ਹਨ। ਅਲੋਕਾਰ ਗੱਲ ਇਹ ਕੋਈ ਨਹੀਂ।
ਪਿਛਲੇ ਦਿਨੀਂ ਰਾਜਧਾਨੀ ਦਿੱਲੀ ਵਿੱਚ ਫਿਰ ਦੰਗੇ ਹੋਣ ਦੀ ਖਬਰ ਬਣੀ। ਇਸ ਦੇ ਬਾਅਦ ਪੜਤਾਲ ਕਰਨ ਦੌਰਾਨ ਇਹ ਦੋਸ਼ ਲੱਗਦਾ ਰਿਹਾ ਕਿ ਜਾਂਚ ਇੱਕ-ਤਰਫਾ ਹੁੰਦੀ ਹੈ ਅਤੇ ਚੋਣਵੇਂ ਨਿਸ਼ਾਨੇ ਫੁੰਡੇ ਜਾ ਰਹੇ ਹਨ। ਏਥੋਂ ਤੱਕ ਵੀ ਗੱਲ ਸੀਮਤ ਨਾ ਰਹੀ ਤੇ ਫਿਰ ਬੁਲਡੋਜ਼ਰ ਚੱਲਣ ਦਾ ਮੁੱਦਾ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਵਿੱਚ ਗਿਆ ਤਾਂ ਸੁਣਿਆ ਗਿਆ ਕਿ ਬੁਲਡੋਜ਼ਰ ਵੀ ਫਿਰਕੂ ਹੋ ਗਿਆ ਹੈ, ਇੱਕ ਜਾਂ ਦੂਸਰੇ ਧਰਮ ਦੇ ਲੋਕਾਂ ਦੀਆਂ ਦੁਕਾਨਾਂ ਜਾਂ ਘਰਾਂ ਦਾ ਵਖਰੇਵਾਂ ਕਰ ਕੇ ਕਾਰਵਾਈ ਕਰਦਾ ਹੈ। ਏਦਾਂ ਦਾ ਕੰਮ ਇਸ ਤੋਂ ਪਹਿਲਾਂ ਕੁਝ ਹੋਰ ਰਾਜਾਂ ਵਿੱਚ ਵੀ ਹੋਇਆ, ਪਰ ਉਸ ਦਾ ਰੌਲਾ ਭਾਰਤ ਤੱਕ ਸੀਮਤ ਰਿਹਾ ਸੀ, ਇਸ ਵਾਰੀ ਰਾਜਧਾਨੀ ਦਿੱਲੀ ਵਿੱਚ ਜਦੋਂ ਇਹੋ ਕੁਝ ਹੋਇਆ ਹੈ, ਜਿੱਥੇ ਦੂਸਰੇ ਦੇਸ਼ਾਂ ਦੇ ਦੂਤ ਵੀ ਬੈਠੇ ਹਨ ਤਾਂ ਇਸ ਦੀ ਕਹਾਣੀ ਸੰਸਾਰ ਭਰ ਵਿੱਚ ਫੈਲ ਗਈ। ਸਰਕਾਰ ਲੱਖ ਸਫਾਈਆਂ ਦੇਂਦੀ ਰਹੇ, ਦੁਨੀਆ ਦੇ ਲੋਕਾਂ ਦੀ ਨਜ਼ਰ ਵਿੱਚ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਕਹਾਉਣ ਵਾਲੇ ਦੇਸ਼ ਦੇ ਹਾਕਮਾਂ ਉੱਤੇ ਆਪਣੇ-ਪਰਾਏ ਦੋ ਧਰਮਾਂ ਵਿੱਚ ਵਖਰੇਵੇਂ ਨਾਲ ਵਿਹਾਰ ਕਰਨ ਦੇ ਦੋਸ਼ ਲੱਗਣ ਲੱਗ ਪਏ। ਜਿਹੜੀ ਲੀਡਰਸ਼ਿਪ ਇਹ ਕਿਹਾ ਕਰਦੀ ਸੀ ਕਿ ਭਾਰਤ ਦੀ ਤਰੱਕੀ ਕਾਰਨ ਸਾਰੇ ਸੰਸਾਰ ਦੀਆਂ ਨਜ਼ਰਾਂ ਸਾਡੇ ਭਾਰਤ ਵੱਲ ਲੱਗੀਆਂ ਪਈਆਂ ਹਨ, ਉਹ ਆਪਣੀ ਬੋਲੀ ਬਦਲ ਕੇ ਇਹ ਕਹਿਣ ਲੱਗ ਪਈ ਕਿ ਜਿਨ੍ਹਾਂ ਨੂੰ ਅੱਜਕੱਲ੍ਹ ਹਰ ਗੱਲ ਵਾਸਤੇ ਸਿਰਫ ਭਾਰਤ ਨਜ਼ਰ ਆਉਂਦਾ ਹੈ, ਉਨ੍ਹਾਂ ਨੂੰ ਆਪਣੇ ਦੇਸ਼ ਅੰਦਰ ਵੀ ਝਾਤੀ ਮਾਰਨੀ ਚਾਹੀਦੀ ਹੈ। ਭਾਰਤੀ ਹਾਕਮ ਤਾਂ ਦੂਸਰਿਆਂ ਦੇ ਨੁਕਸ ਗਿਣਾਉਣ ਲੱਗ ਪਏ।
ਮੈਂ ਭਾਰਤ ਦੀ ਲੀਡਰਸ਼ਿਪ ਦਾ ਕਿਹਾ ਗਲਤ ਨਹੀਂ ਮੰਨਦਾ ਕਿ ਭਾਰਤ ਦੀ ਭੰਡੀ ਕਰਨ ਵਾਲਿਆਂ ਨੂੰ ਆਪਣੇ ਦੇਸ਼ਾਂ ਵਿੱਚ ਜੋ ਕੁਝ ਹੁੰਦਾ ਹੈ, ਉਹ ਵੀ ਵੇਖਣਾ ਚਾਹੀਦਾ ਹੈ, ਪਰ ਜੇ ਉਹ ਆਪਣੇ ਘਰਾਂ ਵਿੱਚ ਹੁੰਦਾ ਸਭ ਕੁਝ ਵੇਖ ਲੈਣ ਤਾਂ ਕੀ ਇਸ ਨਾਲ ਭਾਰਤ ਦੇ ਅੰਦਰ ਗਲਤ ਹੁੰਦਾ ਫਿਰ ਗਲਤ ਨਹੀਂ ਰਹਿ ਜਾਵੇਗਾ? ਇਹ ਮੈਥ ਦਾ ਕੋਈ ਫਾਰਮੂਲਾ ਤਾਂ ਹੈ ਨਹੀਂ ਕਿ ਮਾਈਨਸ ਨਾਲ ਮਾਈਨਸ ਨੂੰ ਗੁਣਾ ਕਰੋ ਤਾਂ ਪਲੱਸ ਬਣ ਜਾਵੇਗਾ। ਜ਼ਿੰਦਗੀ ਦੀਆਂ ਹਕੀਕਤਾਂ ਹੋਰ ਹੁੰਦੀਆਂ ਹਨ ਅਤੇ ਕਠੋਰ ਹੁੰਦੀਆਂ ਹਨ। ਏਥੇ ਗਲਤ ਦੇ ਜਵਾਬ ਵਿੱਚ ਗਲਤ ਕੀਤਾ ਠੀਕ ਨਹੀਂ ਬਣ ਸਕਦਾ। ਦੋ ਗਲਤ ਹੋਣ ਨਾਲ ਵੀ ਹੋਰ ਗਲਤ ਗਿਣੇ ਜਾਣਗੇ, ਪਰ ਆਪਣੇ ਘਰ ਦਾ ਕੋਝਾਪਣ ਠੀਕ ਨਹੀਂ ਠਹਿਰਾਇਆ ਜਾ ਸਕਣਾ। ਜੇ ਭਾਰਤ ਦੀ ਹਕੂਮਤ ਨੂੰ ਆਪਣੀ ਤਰੱਕੀ ਉੱਤੇ ਦੁਨੀਆ ਦੀਆਂ ਅੱਖਾਂ ਟਿਕੀਆਂ ਦਾ ਮਾਣ ਸੀ ਤਾਂ ਆਪਣੇ ਕੋਝਾਪੁਣੇ ਉੱਤੇ ਦੁਨੀਆ ਦੀਆਂ ਅੱਖਾਂ ਟਿਕੀਆਂ ਦਾ ਵੀ ਗੁੱਸਾ ਨਹੀਂ ਕਰਨਾ ਚਾਹੀਦਾ, ਪੀੜ੍ਹੀ ਹੇਠ ਸੋਟਾ ਫੇਰ ਲੈਣਾ ਚਾਹੀਦਾ ਹੈ। ਭਾਰਤ ਉਸ ਤਰ੍ਹਾਂ ਦਾ ਭਾਰਤੀ ਲੋਕਤੰਤਰ ਬਣਨਾ ਚਾਹੀਦਾ ਹੈ, ਜਿਸ ਨੂੰ ਸਿਰਫ ਆਬਾਦੀ ਦੇ ਪੱਖੋਂ ਨਹੀਂ, ਅਮਲ ਵਾਲੀ ਪਰਖ ਨੂੰ ਵੇਖਣ ਦੇ ਬਾਅਦ ਸੱਚੇ ਅਰਥਾਂ ਵਿੱਚ ਦੁਨੀਆ ਦਾ 'ਸਭ ਤੋਂ ਲੋਕਤੰਤਰ' ਕਿਹਾ ਜਾ ਸਕੇ, ਪਰ ਉਹ ਘੜੀ ਅਜੇ ਤੱਕ ਨਹੀਂ ਆਈ।