ਸੰਘੀ ਸਾਜ਼ਿਸ਼ਾਂ ਨੂੰ ਠੱਲ੍ਹਣਾ ਪਵੇਗਾ - ਚੰਦ ਫਤਿਹਪੁਰੀ
ਰਾਮਨੌਮੀ ਦੇ ਮੌਕੇ 'ਤੇ ਹਿੰਦੂਤਵੀ ਸੰਗਠਨਾਂ ਵੱਲੋਂ ਵੱਖ-ਵੱਖ ਸ਼ਹਿਰਾਂ ਵਿੱਚ ਕੀਤੀ ਗਈ ਹਿੰਸਾ ਪਿੱਛੋਂ ਪ੍ਰਸ਼ਾਸਨ ਨੇ ਜਿਸ ਤਰ੍ਹਾਂ ਇੱਕਤਰਫ਼ਾ ਕਾਰਵਾਈ ਕੀਤੀ ਹੈ, ਉਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਸਾਰਾ ਕੁਝ ਸਿਖਰਲੀ ਸੱਤਾ ਦੇ ਇਸ਼ਾਰੇ 'ਤੇ ਯੋਜਨਾਬੱਧ ਢੰਗ ਨਾਲ ਕੀਤਾ ਗਿਆ ਸੀ । ਸਮੁੱਚੇ ਭਾਰਤ ਵਿੱਚ ਫਿਰਕੂ ਕਤਾਰਬੰਦੀ ਲਈ ਫਿਰਕੂ ਦੰਗਿਆਂ ਦਾ ਮਾਹੌਲ ਬਿਨਾਂ ਰੋਕ-ਟੋਕ ਸਿਰਜਿਆ ਜਾ ਰਿਹਾ ਹੈ । ਹਿੰਦੂਤਵੀ ਸਾਧ-ਸਾਧਣੀਆਂ ਹਿੰਦੂਆਂ ਨੂੰ ਘਰਾਂ ਵਿੱਚ ਹਥਿਆਰ ਰੱਖਣ, ਮੁਸਲਮਾਨਾਂ ਦਾ ਕਤਲੇਆਮ ਕਰਨ ਤੇ ਹਿੰਦੂਆਂ ਨੂੰ 4-4 ਬੱਚੇ ਪੈਦਾ ਕਰਨ ਦੇ ਸੱਦੇ ਦੇ ਰਹੇ ਹਨ । ਭਾਜਪਾਈ ਆਗੂ ਮੁਸਲਮਾਨਾਂ ਦੇ ਘਰਾਂ 'ਤੇ ਬੁਲਡੋਜ਼ਰ ਚਲਾਉਣ ਦੀਆਂ ਧਮਕੀਆਂ ਦੇ ਰਹੇ ਹਨ । ਪ੍ਰਸ਼ਾਸਨ ਇਸ ਨੂੰ ਅਮਲੀਜਾਮਾ ਪਹਿਨਾ ਰਿਹਾ ਹੈ ।
ਮੱਧ ਪ੍ਰਦੇਸ਼ ਦੇ ਖਰਗੋਨ ਵਿੱਚ ਵਸੀਮ ਸ਼ੇਖ ਦੇ ਘਰ 'ਤੇ ਇਹ ਦੋਸ਼ ਲਾ ਕੇ ਬੁਲਡੋਜ਼ਰ ਚਲਾ ਦਿੱਤਾ ਗਿਆ ਕਿ ਉਸ ਨੇ ਰਾਮਨੌਮੀ ਦੇ ਜਲੂਸ ਉੱਤੇ ਪੱਥਰਬਾਜ਼ੀ ਕੀਤੀ ਸੀ । ਵਸੀਮ ਸ਼ੇਖ ਦੀਆਂ ਦੋਵੇਂ ਬਾਹਵਾਂ 2005 ਵਿੱਚ ਹੋਏ ਇੱਕ ਹਾਦਸੇ ਵਿੱਚ ਕੱਟੀਆਂ ਗਈਆਂ ਸਨ । ਜਲੂਸ ਵਾਲੇ ਦਿਨ 7-8 ਵਿਅਕਤੀਆਂ ਨੇ ਇਬਰਸ ਖਾਨ ਦੀ ਹੱਤਿਆ ਕਰ ਦਿੱਤੀ । ਪੁਲਸ ਨੇ 7 ਦਿਨ ਤੱਕ ਉਸ ਦੀ ਖ਼ਬਰ ਘਰਦਿਆਂ ਨੂੰ ਨਾ ਦਿੱਤੀ ਤੇ ਲਾਸ਼ ਦੱਬੀ ਬੈਠੀ ਰਹੀ । ਖਰਗੋਨ ਵਿੱਚ 55 ਕੇਸ ਦਰਜ ਹੋਏ ਹਨ । ਇਨ੍ਹਾਂ ਵਿੱਚ 148 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 142 ਮੁਸਲਮਾਨ ਹਨ । ਦੋ ਵਿਅਕਤੀ ਜੇਲ੍ਹ ਵਿੱਚ ਬੰਦ ਹਨ, ਇੱਕ ਹੋਰ ਉਸ ਦਿਨ ਕਰਨਾਟਕ ਵਿੱਚ ਸੀ ਤੇ ਇੱਕ ਹਸਪਤਾਲ ਵਿੱਚ ਦਾਖਲ, ਇਨ੍ਹਾਂ ਸਭ 'ਤੇ ਪੱਥਰਬਾਜ਼ੀ ਦੇ ਦੋਸ਼ ਵਿੱਚ ਕੇਸ ਦਰਜ ਕੀਤੇ ਗਏ ਹਨ । ਬੁਲਡੋਜ਼ਰ ਵੀ ਅੰਨ੍ਹੇਵਾਹ ਚਲਾਏ ਗਏ ਸਨ । ਸੱਠ ਸਾਲਾ ਹਸੀਨਾ ਫਾਖਰੂ ਦੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ ਮਿਲੇ ਮਕਾਨ ਨੂੰ ਵੀ ਮਲਬੇ ਵਿੱਚ ਤਬਦੀਲ ਕਰ ਦਿੱਤਾ ਗਿਆ । ਇਸ ਹਕੀਕਤ ਨੇ ਪ੍ਰਸ਼ਾਸਨ ਦੇ ਇਸ ਦਾਅਵੇ ਉਤੇ ਹੀ ਬੁਲਡੋਜ਼ਰ ਫੇਰ ਦਿੱਤਾ ਕਿ ਇਹ ਘਰ ਕਬਜ਼ਾ ਕਰਕੇ ਬਣਾਏ ਗਏ ਸਨ ।
ਦਿੱਲੀ ਦੇ ਜਹਾਂਗੀਰਪੁਰੀ ਵਿੱਚ ਹਨੂੰਮਾਨ ਜਯੰਤੀ ਉੱਤੇ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਨੇ ਬਿਨਾਂ ਇਜਾਜ਼ਤ ਜਲੂਸ ਕੱਢਿਆ । ਬੰਦੂਕਾਂ, ਪਿਸਤੌਲਾਂ ਤੇ ਨੰਗੀਆਂ ਤਲਵਾਰਾਂ ਦਾ ਸ਼ਰੇਆਮ ਦਿਖਾਵਾ ਕੀਤਾ ਗਿਆ । ਮਸਜਿਦ ਉੱਤੇ ਭਗਵਾਂ ਝੰਡਾ ਲਹਿਰਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਕਾਰਨ ਦੰਗਾ ਭੜਕਿਆ । ਦਿੱਲੀ ਪੁਲਸ ਨੇ ਇਸ ਮਾਮਲੇ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਮੁਖੀ ਨੂੰ ਗ੍ਰਿਫ਼ਤਾਰ ਕਰ ਲਿਆ । ਵਿਸ਼ਵ ਹਿੰਦੂ ਪ੍ਰੀਸ਼ਦ ਨੇ ਦਿੱਲੀ ਪੁਲਸ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੇ ਕਾਰਕੁਨ ਨੂੰ ਨਾ ਛੱਡਿਆ ਤਾਂ ਜੰਗ ਛੇੜ ਦਿੱਤੀ ਜਾਵੇਗੀ ।
ਮੋਦੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਗਊ-ਹੱਤਿਆ ਦੇ ਨਾਂਅ 'ਤੇ ਭੀੜਤੰਤਰੀ ਹੱਤਿਆਵਾਂ ਦਾ ਦੌਰ ਸ਼ੁਰੂ ਹੋਇਆ ਸੀ । ਕੁਝ ਨੂੰ ਛੱਡ ਕੇ ਆਮ ਤੌਰ 'ਤੇ ਇਨ੍ਹਾਂ ਘਟਨਾਵਾਂ ਨਾਲ ਸੰਵਿਧਾਨਕ ਤਰੀਕੇ ਨਾਲ ਨਜਿੱਠਿਆ ਗਿਆ ਤੇ ਕੁਝ ਕੇਸਾਂ ਵਿੱਚ ਸਜ਼ਾਵਾਂ ਵੀ ਹੋਈਆਂ ਸਨ, ਪ੍ਰੰਤੂ ਪਿਛਲੇ ਇੱਕ ਸਾਲ ਤੋਂ ਫਿਰਕੂ ਹਿੰਸਾ ਤੇ ਘੱਟ-ਗਿਣਤੀਆਂ ਵਿਰੁੱਧ ਜਬਰ ਦੀਆਂ ਘਟਨਾਵਾਂ ਪ੍ਰਤੀ ਪ੍ਰਸ਼ਾਸਨਿਕ ਰਵੱਈਆ ਇੱਕਪਾਸੜ ਰਿਹਾ ਹੈ । ਇਸ ਦਾ ਹੀ ਨਤੀਜਾ ਹੈ ਕਿ ਫਿਰਕੂ ਤੇ ਵੰਡਪਾਊ ਸੰਸਥਾਵਾਂ ਬਿਨਾ ਡਰ ਦੇ ਖੁਲ੍ਹੇਆਮ ਖੇਡ ਰਹੀਆਂ ਹਨ । ਦੰਗਾ ਭੜਕਾਉਣ ਵਾਲਿਆਂ ਪ੍ਰਤੀ ਹਕੂਮਤ ਦੀ ਚੁੱਪ ਤੇ ਮੁਸਲਮਾਨਾਂ ਵਿਰੁੱਧ ਪੱਖਪਾਤੀ ਰਵੱਈਏ ਨੇ ਇਸ ਵਰਤਾਰੇ ਨੂੰ ਸਰਕਾਰੀ ਸਰਪ੍ਰਸਤੀ ਦਾ ਰੂਪ ਦੇ ਦਿੱਤਾ ਹੈ ।
ਭਾਰਤ ਵਿੱਚ ਫਿਰਕੂ ਹਿੰਸਾ ਦੀਆਂ ਤਕਰੀਬਨ ਸਭ ਘਟਨਾਵਾਂ ਪਿੱਛੇ ਸਿਆਸੀ ਕਾਰਨ ਹੁੰਦਾ ਹੈ । ਸੱਤਾਧਾਰੀ ਧਿਰ ਜਦੋਂ ਫਿਰਕੂ ਕਤਾਰਬੰਦੀ ਕਰਨਾ ਚਾਹੁੰਦੀ ਹੈ ਤਾਂ ਉਹ ਬਹੁਗਿਣਤੀ ਨੂੰ ਸ਼ਿਸ਼ਕਾਰ ਕੇ ਘੱਟ ਗਿਣਤੀਆਂ 'ਤੇ ਹਮਲਿਆਂ ਰਾਹੀਂ ਉਨ੍ਹਾਂ ਵਿੱਚ ਡਰ ਪੈਦਾ ਕਰਦੀ ਹੈ । ਪੁਲਸ ਅਜਿਹੇ ਕੇਸਾਂ ਵਿੱਚ ਸੱਤਾ ਪੱਖ ਦੀ ਮਰਜ਼ੀ ਮੁਤਾਬਕ ਕਾਰਵਾਈ ਕਰਦੀ ਹੈ । ਨਫ਼ਰਤ ਭਰੇ ਬਿਆਨਾਂ ਰਾਹੀਂ ਸੱਤਾਧਾਰੀ ਪਾਰਟੀ ਦੇ ਆਗੂ ਅਜਿਹਾ ਮਾਹੌਲ ਸਿਰਜਦੇ ਹਨ, ਜਿਸ ਨਾਲ ਬਹੁ-ਗਿਣਤੀ ਭਾਈਚਾਰੇ ਵਿੱਚ ਭੜਕਾਹਟ ਪੈਦਾ ਹੋਵੇ । ਇਸ ਸਮੇਂ ਬੁਲਡੋਜ਼ਰ ਦੀ ਰਾਜਨੀਤੀ ਅਧੀਨ ਸਰਕਾਰਾਂ ਵੀ ਇਸ ਵਰਤਾਰੇ ਵਿੱਚ ਸ਼ਾਮਲ ਹੋ ਗਈਆਂ ਹਨ । ਪੁਲਸ ਵਿੱਚ ਝੂਠੀਆਂ ਸ਼ਿਕਾਇਤਾਂ ਰਾਹੀਂ ਘੱਟ ਗਿਣਤੀ ਤੇ ਕਮਜ਼ੋਰ ਤਬਕਿਆਂ ਵਿਰੁੱਧ ਕਾਨੂੰਨ ਦੀ ਦੁਰਵਰਤੋਂ ਵੀ ਦਿਨੋ-ਦਿਨ ਵਧ ਰਹੀ ਹੈ ।
ਇਸ ਵਰਤਾਰੇ ਦੇ ਇੱਕਦਮ ਤੇਜ਼ ਹੋ ਜਾਣ ਪਿੱਛੇ ਇੱਕ ਹੋਰ ਕਾਰਨ ਵੀ ਹੈ । ਇਸ ਵੇਲੇ ਮਹਿੰਗਾਈ ਸਿਖਰ ਉੱਤੇ ਹੈ । ਰੁਜ਼ਗਾਰ ਮਿਲਣਾ ਮੁਸ਼ਕਲ ਹੈ । ਲੋਕਾਂ ਦੀ ਖਰੀਦ ਸ਼ਕਤੀ ਨੀਵੇਂ ਪੱਧਰ ਉੱਤੇ ਚਲੀ ਗਈ ਹੈ । ਛੋਟੇ ਤੇ ਦਰਮਿਆਨੇ ਦੁਕਾਨਦਾਰਾਂ ਦਾ ਧੰਦਾ ਚੌਪਟ ਹੋ ਚੁੱਕਾ ਹੈ । ਇਸ ਹਾਲਤ ਨੇ ਸਰਕਾਰ ਵਿਰੁੱਧ ਗੁੱਸਾ ਸਿਖਰ ਉੱਤੇ ਪੁਚਾ ਦਿੱਤਾ ਹੈ । ਤਬਾਹ ਹੋ ਰਹੇ ਕਾਰੋਬਾਰੀਆਂ ਦੇ ਤਿੱਖੇ ਬੋਲਾਂ ਤੇ ਭੁੱਖਿਆਂ ਦੀਆਂ ਚੀਕਾਂ ਨੂੰ ਧਾਰਮਕ ਜਲੂਸਾਂ ਵਿੱਚ ਤੇਜ਼ ਨਫ਼ਰਤੀ ਨਾਅਰਿਆਂ ਦੇ ਸ਼ੋਰ ਵਿੱਚ ਦਬਾਇਆ ਜਾ ਰਿਹਾ ਹੈ | ਏਨਾ ਹੀ ਕਾਫ਼ੀ ਨਹੀਂ, ਹਿੰਦੂ ਭਾਈਚਾਰੇ ਦੇ ਸਾਹਮਣੇ ਇੱਕ ਦੁਸ਼ਮਣ ਵੀ ਹੋਣਾ ਜ਼ਰੂਰੀ ਹੈ । ਉਹ ਦੁਸ਼ਮਣ ਦੇਸ਼ ਦੀਆਂ ਘੱਟ ਗਿਣਤੀਆਂ ਹਨ, ਜਿਨ੍ਹਾਂ ਨੂੰ ਵੱਡਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ । ਕੇਂਦਰੀ ਹਕੂਮਤ ਆਪਣੀਆਂ ਸਭ ਨਾਕਾਮੀਆਂ ਨੂੰ ਲੁਕੋਣ ਲਈ ਇੱਕ ਯੋਜਨਾਬੱਧ ਤਰੀਕੇ ਨਾਲ ਅੱਗੇ ਵਧ ਰਹੀ ਹੈ, ਤਾਂ ਜੋ 2024 ਦੀਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕੀਤੀ ਜਾ ਸਕੇ । ਸੰਘੀ ਲਾਣਾ ਇਸ ਸਮੇਂ ਦੇਸ਼ ਨੂੰ ਜਿੱਧਰ ਲਿਜਾ ਰਿਹਾ ਹੈ, ਉਹ ਬਰਬਾਦੀ ਵਾਲਾ ਰਾਹ ਹੈ । ਇਸ ਨੂੰ ਰੋਕਣਾ ਅਤੀ ਜ਼ਰੂਰੀ ਹੈ | ਇਸ ਲਈ ਦੇਸ਼ ਦੀਆਂ ਸਭ ਜਮਹੂਰੀ ਸੰਸਥਾਵਾਂ, ਪਾਰਟੀਆਂ ਤੇ ਜਾਗਰੂਕ ਨਾਗਰਿਕਾਂ ਨੂੰ ਸੰਘੀ ਸਾਜ਼ਿਸ਼ਾਂ ਦੇ ਮੁਕਾਬਲੇ ਲਈ ਮੈਦਾਨ ਮੱਲਣਾ ਪਵੇਗਾ ।