ਯੂਕਰੇਨ ਵਿਚ ਰੂਸੀ ਦੁਸਾਹਸ ਦੇ ਸਬਕ - ਸ਼ਿਆਮ ਸਰਨ

ਯੂਕਰੇਨ ਵਿਚ ਰੂਸ ਦਾ ਦੁਸਾਹਸ ਕਿਸੇ ਸਟੇਟ/ਰਿਆਸਤ ਦੀ ਪੇਤਲੀ ਪੈ ਰਹੀ ਦਮਨਕਾਰੀ ਸ਼ਕਤੀ ਦੀ ਇਕ ਹੋਰ ਮਿਸਾਲ ਬਣ ਗਿਆ ਹੈ। ਇਸ ਜੰਗ ਦਾ ਸਿੱਟਾ ਭਾਵੇਂ ਕੁਝ ਵੀ ਨਿਕਲੇ ਪਰ ਰੂਸ ਇਹ ਜੰਗ ਪਹਿਲਾਂ ਹੀ ਹਾਰ ਚੁੱਕਿਆ ਹੈ। ਇੱਥੋਂ ਤੱਕ ਕਿ ਜੇ ਯੂਕਰੇਨ ਦੀ ਫ਼ੌਜ ਦੀ ਹਾਰ ਦੇ ਰੂਪ ਵਿਚ ਰੂਸ ਜਿੱਤ ਦਰਜ ਵੀ ਕਰ ਲਵੇ ਤਾਂ ਵੀ ਲੰਮੇ ਸਮੇਂ ਲਈ ਵਿਦਰੋਹ ਚਲਦਾ ਰਹੇਗਾ ਤੇ ਕਾਬਜ਼ ਹੋਈ ਸ਼ਕਤੀ ਦੇ ਗ਼ਲ ਵਿਚ ਸੱਪ ਲਟਕਿਆ ਰਹੇਗਾ। ਯੂਕਰੇਨ ਜਿਸ ਦਾ ਬੁਨਿਆਦੀ ਢਾਂਚਾ ਨੇਸਤੋ-ਨਾਬੂਦ ਕਰ ਦਿੱਤਾ ਗਿਆ, ਅਰਥਚਾਰਾ ਤਬਾਹ ਹੋ ਗਿਆ ਤੇ ਇਸ ਦੀ ਆਬਾਦੀ ਗੁੱਸੇ ਤੇ ਬਦਲੇ ਦੀ ਅੱਗ ਵਿਚ ਸੜ ਰਹੀ ਹੈ ਤਾਂ ਇਸ ਨੂੰ ਕਿਸੇ ਵੀ ਤਰ੍ਹਾਂ ਜਿੱਤ ਤਸਲੀਮ ਨਹੀਂ ਕੀਤਾ ਜਾ ਸਕਦਾ। ਜੇ ਰੂਸ ਨੂੰ ਯੂਕਰੇਨ ਦੇ ਮੁੜ ਨਿਰਮਾਣ ਅਤੇ ਇਸ ਦੀ ਅਰਥਚਾਰੇ ਦੀ ਸੁਰਜੀਤੀ ਦਾ ਕਾਰਜ ਨਿਭਾਉਣਾ ਪੈਂਦਾ ਹੈ ਤਾਂ ਇਸ ਦੀ ਬੇਹਿਸਾਬ ਲਾਗਤ ਅਦਾ ਕਰਨੀ ਪਵੇਗੀ। ਜੇ ਇਸ ਕੰਮ ਵਿਚ ਚੀਨ ਵੀ ਹੱਥ ਵਟਾਵੇ ਤਾਂ ਵੀ ਇਹੀ ਸੂਰਤ ਬਣੀ ਰਹੇਗੀ। ਜੇ ਰੂਸ ’ਤੇ ਆਰਥਿਕ ਪਾਬੰਦੀਆਂ ਜਾਰੀ ਰਹਿੰਦੀਆਂ ਹਨ ਤਾਂ ਮੁੜ ਨਿਰਮਾਣ ਲਈ ਵਿੱਤੀ ਸਾਧਨ ਤੇ ਸਮੱਗਰੀ ਮੁਹੱਈਆ ਕਰਾਉਣਾ ਵੀ ਚੁਣੌਤੀਪੂਰਨ ਹੋਵੇਗਾ। ਜੇ ਇਨ੍ਹਾਂ ਭਿਆਨਕ ਸਿੱਟਿਆਂ ਦੇ ਸਨਮੁਖ ਰੂਸ ਜਿੱਤ ਦਾ ਐਲਾਨ ਕਰ ਕੇ ਆਪਣੀਆਂ ਫ਼ੌਜਾਂ ਵਾਪਸ ਬੁਲਾ ਲੈਂਦਾ ਹੈ ਤਾਂ ਇਨ੍ਹਾਂ ਭਾਰੀ ਸਿਆਸੀ ਤੇ ਆਰਥਿਕ ਲਾਗਤਾਂ ਦੇ ਮੱਦੇਨਜ਼ਰ ਇਸ ਕੋਲ ਲੋਕਾਂ ਨੂੰ ਦਿਖਾਉਣ ਲਈ ਕੁਝ ਨਹੀਂ ਹੋਵੇਗਾ। ਸਜ਼ਾ ਦੇ ਤੌਰ ’ਤੇ ਯੂਕਰੇਨ ਨੂੰ ਮਲਬੇ ਦੇ ਢੇਰ ਵਿਚ ਤਬਦੀਲ ਕਰ ਕੇ ਛੱਡ ਦੇਣ ਨੂੰ ਜਿੱਤ ਵਜੋਂ ਵਡਿਆਇਆ ਨਹੀਂ ਜਾ ਸਕਦਾ, ਖ਼ਾਸਕਰ ਉਦੋਂ ਜਦੋਂ ਰੂਸ ਇਸ ਗੁਆਂਢੀ ਨਾਲ ਇਤਿਹਾਸਕ, ਸਭਿਆਚਾਰਕ ਤੇ ਅਟੁੱਟ ਰਿਸ਼ਤੇ ਹੋਣ ਦਾ ਦਮ ਭਰਦਾ ਹੈ।
        ਸੀਤ ਯੁੱਧ ਦੇ ਦੌਰ ਤੋਂ ਬਾਅਦ ਜਦੋਂ ਅਮਰੀਕਾ ਇਕਲੌਤੀ ਮਹਾਸ਼ਕਤੀ ਦਾ ਲੁਤਫ਼ ਲੈ ਰਿਹਾ ਸੀ, ਤਦ ਉਸ ਦੇ ਇਸ ਕਿਸਮ ਦੇ ਦੁਸਾਹਸਾਂ ਤੋਂ ਰੂਸ ਨੂੰ ਸਬਕ ਸਿੱਖਣਾ ਚਾਹੀਦਾ ਸੀ। ਵੀਅਤਨਾਮ ਜੰਗ ਵੇਲੇ ਅਮਰੀਕਾ ਸੋਵੀਅਤ ਸੰਘ ਅਤੇ ਚੀਨ ਉਪਰ ਇਹ ਦੋਸ਼ ਮੜ੍ਹ ਸਕਦਾ ਸੀ ਕਿ ਇਹ ਦੇਸ਼ ਉਸ ਦੀਆਂ ਸ਼ਾਂਤਮਈ ਮੁਹਿੰਮਾਂ ਦੇ ਰਾਹ ਵਿਚ ਖੜ੍ਹੇ ਹਨ ਜਿਸ ਕਰ ਕੇ ਅਖੀਰ ਉਸ ਨੂੰ ਲਗਭਗ ਅਪਮਾਨਜਨਕ ਹਾਲਾਤ ਵਿਚ ਵਾਪਸ ਮੁੜਨਾ ਪਿਆ ਪਰ ਸੀਤ ਯੁੱਧ ਖਤਮ ਹੋਣ ਤੋਂ ਬਾਅਦ ਇਹ ਨਹੀਂ ਕਿਹਾ ਜਾ ਸਕਦਾ ਸੀ ਜਦੋਂ ਨਾ ਰੂਸ ਤੇ ਨਾ ਹੀ ਚੀਨ ਉਸ ਲਈ ਕੋਈ ਵੱਡੀ ਚੁਣੌਤੀ ਰਹਿ ਗਏ ਸਨ। ਹਾਲਾਂਕਿ ਵੱਡੇ ਫ਼ੌਜੀ ਮਾਅਰਕਿਆਂ ਦੇ ਬਾਵਜੂਦ ਨਾ ਇਰਾਕ ਤੇ ਨਾ ਹੀ ਅਫ਼ਗਾਨਿਸਤਾਨ ਵਿਚ ਸ਼ੁਰੂਆਤੀ ਸ਼ਾਨਦਾਰ ਜਿੱਤਾਂ ਨੂੰ ਬਰਕਰਾਰ ਨਹੀਂ ਰੱਖਿਆ ਜਾ ਸਕਿਆ। ਫ਼ੌਜਾਂ ਦੀ ਵਾਪਸੀ ਹੀ ਇਕਮਾਤਰ ਤਰਕਪੂਰਨ ਰਾਹ ਬਚਿਆ ਤਾਂ ਕਿ ਫ਼ੌਜੀਆਂ ਤੇ ਵਿੱਤੀ ਖਰਚ ਦੇ ਰੂਪ ਵਿਚ ਅਸਹਿ ਹੁੰਦੇ ਜਾ ਰਹੇ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ। ਇਖ਼ਲਾਕੀ ਦਲੀਲ ਨੂੰ ਦਰਕਿਨਾਰ ਵੀ ਕਰ ਦਿੱਤਾ ਜਾਵੇ ਤਾਂ ਵੀ ਸ਼ੁੱਧ ਰਾਜਤੰਤਰ ਦੇ ਕਿਸੇ ਵੀ ਪੈਮਾਨੇ ’ਤੇ ਇਨ੍ਹਾਂ ਜੰਗਾਂ ਨੂੰ ਪਰਖਦਿਆਂ ਇਹ ਨਹੀਂ ਕਿਹਾ ਜਾ ਸਕਦਾ ਕਿ ਇਨ੍ਹਾਂ ਨੇ ਕੋਈ ਭਰੋਸੇਮੰਦ ਮਕਸਦ ਹਾਸਲ ਕੀਤਾ ਸੀ। ਅੱਜ ਤਾਲਿਬਾਨ ਦੀ ਅਫ਼ਗਾਨਿਸਤਾਨ ਵਿਚ ਜਿੱਤ ਬਾਰੇ ਵੀ ਇਹੀ ਸੱਚ ਹੈ। ਇਹ ਅਜਿਹਾ ਇਨਾਮ ਹੈ ਜੋ ਮਹਾ ਨਾਕਾਮੀ ਬਣ ਰਿਹਾ ਹੈ। ਦਰਅਸਲ, ਦਖ਼ਲਅੰਦਾਜ਼ੀ ਦੇ ਟੀਚੇ ਗੁੱਸੇ ਤੇ ਵਿਦਰੋਹ ਦੇ ਅਜਿਹੇ ਕਾਕਪਿਟ ਬਣ ਗਏ ਜਿਨ੍ਹਾਂ ਨੇ ਸਾਡੇ ਆਲਮੀ ਤੇ ਅੰਤਰ-ਸਬੰਧਿਤ ਦੁਨੀਆ ਅੰਦਰ ਮੁਕਾਮੀ ਟਕਰਾਵਾਂ ਤੇ ਨਿਰੰਤਰ ਹਿੰਸਾ ਨੂੰ ਦੂਰ ਦੂਰ ਤੱਕ ਫੈਲਾ ਦਿੱਤਾ ਹੈ। ਇਸ ਨਾਲ ਹਰ ਜਗ੍ਹਾ ਅਮਨ ਤੇ ਸੁਰੱਖਿਆ ਲਈ ਖ਼ਤਰਾ ਪੈਦਾ ਹੋ ਗਿਆ ਹੈ। ਦੁਨੀਆ ਭਰ ਵਿਚ ਹਿੰਸਾ, ਅਸਥਿਰਤਾ ਅਤੇ ਭਾਰੀ ਮਾਨਵੀ ਤੇ ਵਾਤਾਵਰਨੀ ਤਬਾਹੀਆਂ ਦੇ ਮੰਜ਼ਰ ਪੈਦਾ ਹੋ ਰਹੇ ਹਨ ਅਤੇ ਇਕ ਤੋਂ ਬਾਅਦ ਇਕ ਤਬਾਹੀ ਨਾਲ ਸਮੁੱਚੀ ਦੁਨੀਆ ਹੀ ਇਸ ਤਬਾਹੀ ਦਾ ਅਖਾੜਾ ਬਣਦੀ ਜਾਪ ਰਹੀ ਹੈ। ਯੂਕਰੇਨ ਜੰਗ ਇਨ੍ਹਾਂ ਖ਼ਤਰਨਾਕ ਮੰਜ਼ਰਾਂ ਦੀ ਮਿਸਾਲ ਹੈ।
        ਇਕ ਦੂਜੇ ਨਾਲ ਮੁਕਾਬਲੇ ਵਿਚ ਉਲਝੀਆਂ ਸਟੇਟਾਂ/ਰਿਆਸਤਾਂ ਤੋਂ ਬਣੇ ਭੂ-ਰਾਜਸੀ ਧਰਾਤਲ ਉਪਰ ਸੱਤਾ ਤੇ ਲਾਹੇ ਲਈ ਜ਼ੋਰ ਅਜ਼ਮਾਈ ਹੋਣੀ ਲਾਜ਼ਮੀ ਹੈ। ਇਸ ਤਰ੍ਹਾਂ ਦੇ ਟਕਰਾਵਾਂ ਨੂੰ ਹਥਿਆਰਾਂ ਦੀ ਖਤਰਨਾਕ ਹੋੜ ਵਿਚ ਬਦਲਣ ਤੋਂ ਰੋਕਣ ਲਈ ਕੂਟਨੀਤੀ ਅਹਿਮ ਭੂਮਿਕਾ ਨਿਭਾ ਸਕਦੀ ਹੈ ਜਿਵੇਂ ਆਮ ਤੌਰ ’ਤੇ ਦੇਖਿਆ ਜਾਂਦਾ ਹੈ ਕਿ ਇਸ ਨਾਲ ਕਿਸੇ ਵੀ ਧਿਰ ਦੀ ਜਿੱਤ ਨਹੀਂ ਹੁੰਦੀ। ਆਧੁਨਿਕ ਯੁੱਧਕਲਾ ਦਾ ਸੁਭਾਅ ਇਸ ਕਿਸਮ ਦਾ ਹੈ ਜੋ ਜੰਗ ਤੋਂ ਬਾਅਦ ਇਕ ਹਾਰੀ ਹੋਈ ਨਕਾਰਾ ਸਟੇਟ ਬਚ ਜਾਂਦੀ ਹੈ ਜੋ ਜੇਤੂ ਸਟੇਟ ਜਾਂ ਰਿਆਸਤ ਲਈ ਅਸਾਸੇ ਦੀ ਬਜਾਇ ਬੋਝ ਬਣ ਜਾਂਦੀ ਹੈ। ਜੇ ਇਹ ਕਠੋਰ ਹਕੀਕਤ ਬਣ ਚੁੱਕੀ ਹੈ ਤਾਂ ਹਥਿਆਰਾਂ ਦੇ ਅਜਿਹੇ ਖਤਰਨਾਕ ਟਕਰਾਵਾਂ ਨੂੰ ਟਾਲਣਾ ਅਣਸਰਦੀ ਲੋੜ ਹੈ। ਜ਼ੋਰ ਅਜ਼ਮਾਈ ਦਾ ਬਿਹਤਰੀਨ ਰਾਹ ਕੂਟਨੀਤੀ ਹੀ ਹੈ ਜਿਸ ਰਾਹੀਂ ਕਿਸੇ ਵੀ ਧਿਰ ਦੇ ਪੱਖ ਜਾਂ ਵਿਰੋਧ ਵਿਚ ਪੜਾਅਵਾਰ ਸਿੱਟੇ ਕੱਢੇ ਜਾ ਸਕਦੇ ਹਨ। ਇਹ ਸ਼ਕਤੀ ਸੰਤੁਲਨ ਦਾ ਬਿੰਬ ਹੁੰਦੇ ਹਨ ਪਰ ਇਨ੍ਹਾਂ ਜ਼ਰੀਏ ਤੈਅ ਨਹੀਂ ਕੀਤੇ ਜਾਂਦੇ। ਇਹ ਉਮੀਦਾਂ ਸਾਵੀਂਆਂ ਹੋ ਸਕਦੀਆਂ ਹਨ ਪਰ ਅੱਜ ਦੀ ਦੁਨੀਆ ਵਿਚ ਇਹੀ ਉਮੀਦਾਂ ਹਕੀਕੀ ਮੰਨੀਆਂ ਜਾਂਦੀਆਂ ਹਨ। ਯੂਕਰੇਨ ਜੰਗ ਦੇ ਮਾਮਲੇ ਵਿਚ ਅਸੀਂ ਦੇਖਿਆ ਹੈ ਕਿ ਕਿਸੇ ਇਕ ਸਟੇਟ ’ਤੇ ਲਾਈਆਂ ਪਾਬੰਦੀਆਂ ਲਾਉਣ ਵਾਲਿਆਂ ਨੂੰ ਹੀ ਨਹੀਂ ਸਗੋਂ ਕਈ ਹੋਰਨਾਂ ਨੂੰ ਵੀ ਇਸ ਦੀ ਕੀਮਤ ਤਾਰਨੀ ਪੈਂਦੀ ਹੈ। ਰੂਸ ਤੋਂ ਕਣਕ ਦੀ ਸਪਲਾਈ ਵਿਚ ਵਿਘਨ ਪੈਣ ਅਤੇ ਕੀਮਤਾਂ ਚੜ੍ਹਨ ਕਰ ਕੇ ਅਫਰੀਕਾ ਵਿਚ ਬਹੁਤ ਸਾਰੇ ਲੋਕਾਂ ਨੂੰ ਭੁੱਖ ਨਾਲ ਮਰਨਾ ਪੈ ਸਕਦਾ ਹੈ। ਰੂਸ ਕੋਲ ਕਣਕ ਤਾਂ ਪਈ ਹੈ ਪਰ ਉਹ ਅਫਰੀਕੀ ਬੰਦਰਗਾਹਾਂ ਤੱਕ ਅੱਪੜਦੀ ਨਹੀਂ ਕਰ ਸਕਦਾ। ਕੌਮਾਂਤਰੀ ਅਦਾਇਗੀ ਪ੍ਰਣਾਲੀ ‘ਸਵਿਫਟ’ ਨਾਲੋਂ ਅਲੱਗ ਥਲੱਗ ਹੋ ਜਾਣ ਕਰ ਕੇ ਰੂਸ ਨਾਰਮਲ ਚੈਨਲਾਂ ਰਾਹੀਂ ਆਪਣੀਆਂ ਬਰਾਮਦਾਂ ਦੀਆਂ ਅਦਾਇਗੀਆਂ ਪ੍ਰਾਪਤ ਨਹੀਂ ਕਰ ਸਕੇਗਾ।
         ਅਸੀਂ ਦੇਖ ਰਹੇ ਹਾਂ ਕਿ ਦੁਨੀਆ ਆਪਣੀ ਸਮੱਰਥਾ ਮੁਤਾਬਕ ਸੰਸਾਰੀਕਰਨ ਦੇ ਫਾਇਦੇ ਤਾਂ ਲੈ ਰਹੀ ਹੈ ਪਰ ਦੌਲਤ ਪੈਦਾ ਕਰਨ ਅਤੇ ਤਕਨੀਕੀ ਕਾਢਾਂ ਨੂੰ ਹੁਲਾਰਾ ਦੇਣ ਦੀ ਇਸ ਸਮੱਰਥਾ ਮੁਤਾਬਕ ਇਸ (ਸੰਸਾਰੀਕਰਨ) ਦੀ ਸਿਆਸਤ ਨੂੰ ਸੰਭਾਲ ਕੇ ਚਲਾਇਆ ਨਹੀਂ ਜਾ ਸਕਿਆ। ਠੀਕ ਅਜਿਹੇ ਵਕਤ ਜਦੋਂ ਸਾਨੂੰ ਆਲਮੀ ਸ਼ਾਸਨ ਦੀਆਂ ਮਜ਼ਬੂਤ ਸੰਸਥਾਵਾਂ ਅਤੇ ਸੰਸਾਰੀਕਰਨ ਨਾਲ ਉਪਜੀਆਂ ਚੁਣੌਤੀਆਂ ਨਾਲ ਸਿੱਝਣ ਲਈ ਬਹੁ-ਪਰਤੀ ਪ੍ਰਕਿਰਿਆਵਾਂ ’ਤੇ ਟੇਕ ਰੱਖਣ ਦੀ ਲੋੜ ਹੈ, ਅਸੀਂ ਉਲਟੀ ਦਿਸ਼ਾ ਵੱਲ ਚੱਲ ਪਏ ਹਾਂ। ਠੀਕ ਜਦੋਂ ਸਾਨੂੰ ਦੁਵੱਲੇ ਤੌਰ ’ਤੇ ਪ੍ਰਵਾਨਤ ਨਤੀਜਿਆਂ ’ਤੇ ਅੱਪੜਨ ਲਈ ਕੂਟਨੀਤੀ ’ਤੇ ਕਿਤੇ ਮਜ਼ਬੂਤ ਨਿਰਭਰਤਾ ਦੀ ਲੋੜ ਹੈ ਤਾਂ ਅਸੀਂ ਦੇਖਦੇ ਹਾਂ ਕਿ ਅਸੀਂ ਗੱਲਬਾਤ ਅਤੇ ਕੂਟਨੀਤੀ ਦਾ ਘੱਟ ਸਹਾਰਾ ਲੈ ਰਹੇ ਹਾਂ ਤੇ ਇਸ ਦੇ ਮੁਕਾਬਲੇ ਫ਼ੌਜੀ ਔਜ਼ਾਰਾਂ ਦਾ ਵੱਧ ਇਸਤੇਮਾਲ ਕਰਨ ਲੱਗ ਪਏ ਹਾਂ। ਦੂਰਅੰਦੇਸ਼ੀ ਦੀ ਸਾਦਗੀ ਉਪਰ ਫ਼ੌਜੀ ਧੜਵੈਲਪੁਣਾ ਭਾਰੀ ਪੈ ਰਿਹਾ ਹੈ। ਆਪਣੇ ਆਪ ਨੂੰ ਮਜ਼ਬੂਤ ਆਗੂ ਵਜੋਂ ਪੇਸ਼ ਕਰਨ ਲਈ ਕਿਸੇ ਚੁਣੇ ਜਾਂ ਅਣਚੁਣੇ ਆਗੂ ਨੂੰ ਫ਼ੌਜੀ ਵਰਦੀ ਧਾਰਨ ਕਰਨ, ਕੋਈ ਘਾਤਕ ਹਥਿਆਰ ਦੀ ਨੁਮਾਇਸ਼ ਕਰਨ ਅਤੇ ਦੁਸ਼ਮਣਾਂ ਨੂੰ ਖ਼ਤਰਨਾਕ ਸਿੱਟਿਆਂ ਦੀ ਧਮਕੀ ਦੇਣ ਦਾ ਰਾਹ ਅਖਤਿਆਰ ਕਰਨਾ ਪੈ ਰਿਹਾ ਹੈ। ਇਸ ਨਾਲ ਵੋਟਾਂ ਮਿਲਦੀਆਂ ਹਨ ਤੇ ਲੋਕ ਵਾਹ ਵਾਹ ਕਰਦੇ ਹਨ। ਸ਼ਾਂਤੀ ਤੇ ਭਾਈਚਾਰੇ ਦੀ ਗੱਲ ਤੁੱਛ ਜਾਪਣ ਲਗਦੀ ਹੈ।
       ਕਿਹਾ ਜਾਂਦਾ ਹੈ ਕਿ ਸੰਸਾਰੀਕਰਨ ਦੀ ਪ੍ਰਕਿਰਿਆ ਪਿੱਛਲਖੁਰੀ ਮੁੜ ਰਹੀ ਹੈ ਅਤੇ ਵੱਡੇ ਤੇ ਛੋਟੇ ਸਾਰੇ ਦੇਸ਼ ਆਪਣੇ ਆਪ ਨੂੰ ਆਤਮ-ਨਿਰਭਰਤਾ ਦੀ ਦਿਸ਼ਾ ਵੱਲ ਮੋੜ ਰਹੇ ਹਨ। ਕੁਸ਼ਲਤਾ ਦੇ ਮੁਕਾਬਲੇ ਨਿਰਭਰਤਾ ਦੀ ਵੁੱਕਤ ਪੈ ਰਹੀ ਹੈ ਅਤੇ ਜਿਵੇਂ ਸਪਲਾਈ ਚੇਨਾਂ ਵਿਚ ਵਿਘਨ, ਹਿੰਸਾ ਦੀ ਵਧਦੀ ਧਮਕੀ ਅਤੇ ਭੂ-ਰਾਜਸੀ ਮਾਹੌਲ ਵਿਚ ਉਥਲ-ਪੁਥਲ ਦੇ ਪੇਸ਼ੇਨਜ਼ਰ ਇਹ ਸਮਝਦਾਰੀ ਵਾਲਾ ਰਾਹ ਗਿਣਿਆ ਜਾਂਦਾ ਹੈ। ਉਂਝ, ਆਲਮੀ ਤਰਜ਼ ਦੀਆਂ ਕੁਝ ਅਜਿਹੀਆਂ ਚੁਣੌਤੀਆਂ ਹਨ ਜਿਨ੍ਹਾਂ ਨਾਲ ਕੋਈ ਵੀ ਆਤਮ-ਨਿਰਭਰਤਾ ਸਿੱਝ ਨਹੀਂ ਸਕਦੀ। ਇਨ੍ਹਾਂ ਵਿਚ ਆਲਮੀ ਮਹਾਮਾਰੀਆਂ ਜਿਨ੍ਹਾਂ ਨਾਲ ਅਸੀਂ ਅਜੇ ਤੱਕ ਸਿੱਝ ਰਹੇ ਹਾਂ ਜਾਂ ਬੇਕਾਬੂ ਹੋ ਰਹੀ ਜਲਵਾਯੂ ਤਬਦੀਲੀ ਸ਼ਾਮਲ ਹਨ, ਦੇ ਸਿੱਟੇ ਸਾਡੇ ਸਮੁੱਚੇ ਗ੍ਰਹਿ ਲਈ ਬਹੁਤ ਭਿਆਨਕ ਹੋ ਸਕਦੇ ਹਨ। ਸੁਰੱਖਿਅਤ ਅਤੇ ਭਰੋਸੇਮੰਦ ਸਾਇਬਰ ਸਪੇਸ ਬਣਾਉਣ ਅਤੇ ਸਾਡੀ ਸਾਂਝੀ ਵਿਰਾਸਤ, ਬਾਹਰੀ ਪੁਲਾੜ ਦੇ ਫ਼ੌਜੀਕਰਨ ਤੋਂ ਰੋਕਥਾਮ ਵਿਚ ਸਾਡੀ ਅਸਮੱਰਥਾ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਨਰਕ ਬਣਾ ਕੇ ਰੱਖ ਦੇਵੇਗੀ। ਇਨ੍ਹਾਂ ਆਲਮੀ ਚੁਣੌਤੀਆਂ ਦਾ ਮੁਕਾਬਲਾ ਕੌਮਾਂਤਰੀ ਇਕਜੁੱਟਤਾ ਦੀ ਭਾਵਨਾ ਵਾਲੀ ਕੌਮਾਂਤਰੀ ਸਾਂਝ ਭਿਆਲੀ ਰਾਹੀਂ ਹੀ ਕੀਤਾ ਜਾ ਸਕਦਾ ਹੈ। ਤੁਸੀਂ ਫ਼ੌਜੀ ਬਖ਼ਤਰਬੰਦ ਟੁਕੜੀਆਂ ਦੀ ਤਾਇਨਾਤੀ ਨਾਲ ਜਲਵਾਯੂ ਤਬਦੀਲੀ ਦਾ ਰਾਹ ਨਹੀਂ ਡੱਕ ਸਕਦੇ। ਵਾਇਰਸ ’ਤੇ ਘਾਤਕ ਮਿਜ਼ਾਇਲਾਂ ਦਾਗ ਕੇ ਮਹਾਮਾਰੀਆਂ ਨੂੰ ਫੈਲਣ ਤੋਂ ਨਹੀਂ ਰੋਕਿਆ ਜਾ ਸਕਦਾ। ਕੋਈ ਸੂਖਮ ਜੀਵ ਕਿਸੇ ਦਮਨਕਾਰੀ ਸ਼ਕਤੀ ਨੂੰ ਨਕਾਰਾ ਬਣਾਉਣ ਦੀ ਸਮੱਰਥਾ ਰੱਖਦਾ ਹੈ। ਇਸ ਲਈ ਸਾਨੂੰ ਮਾਨਵੀ ਰਾਹ ਅਖਤਿਆਰ ਕਰਨਾ ਚਾਹੀਦਾ ਹੈ।
* ਲੇਖਕ ਸਾਬਕਾ ਵਿਦੇਸ਼ ਸਕੱਤਰ ਅਤੇ ਸੈਂਟਰ ਫਾਰ ਪਾਲਿਸੀ ਰਿਸਰਚ ਦਾ ਸੀਨੀਅਰ ਫੈਲੋ ਹੈ।