ਚੁੰਝਾਂ-ਪ੍ਹੌਂਚੇ  - ਨਿਰਮਲ ਸਿੰਘ ਕੰਧਾਲਵੀ

19.04.2022

ਇਕ ਕਬਰਿਸਤਾਨ ਅਤੇ ਦੋ ਸ਼ਮਸ਼ਾਨਘਾਟਾਂ ਦੇ ਲੋਹੇ ਦੇ ਮੇਨ ਗੇਟ ਚੋਰੀ-ਇਕ ਖ਼ਬਰ

ਭੁੱਖ ਨੰਗ ਦੀ ਏਥੇ ਪ੍ਰਵਾਹ ਨਾਹੀਂ, ਹੁਕਮ ਹੋਵੇ ਤਾਂ ਦੇਗਾਂ ਨੂੰ ਚੱਟੀਏ ਜੀ।

ਪੀ.ਟੀ.ਸੀ.ਦੀ ਨੈੱਟਵਰਕ ਟੀਮ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਪੱਤਰ ਭੇਜਿਆ- ਇਕ ਖ਼ਬਰ

ਛੇਤੀ ਬਹੁੜੀਂ ਵੇ ਤਬੀਬਾ ਨਹੀਂ ਤਾਂ ਮੈਂਡੀ ਜਿੰਦ ਗਈਆ

ਭੱਠਲ ਕਾਲਜ ਦੇ ਖ਼ੁਦਕੁਸ਼ੀ ਕਰਨ ਵਾਲੇ ਦਵਿੰਦਰ ਸਿੰਘ ਨੂੰ ਭਰਪੂਰ ਸ਼ਰਧਾਂਜਲੀਆਂ- ਇਕ ਖ਼ਬਰ

ਜਿਹਨਾਂ ਨੇ ਉਸ ਨੂੰ ਤਿੰਨ ਸਾਲ ਤਨਖ਼ਾਹ ਨਹੀਂ ਦਿਤੀ, ਉਹਨਾਂ ਨੂੰ ਕਦੋਂ ਫਾਹੇ ਟੰਗੋਂਗੇ?

ਟੈਕਸ ਕੁਲੈਕਸ਼ਨ ਵਧਣ ਨਾਲ ਭਾਰਤ ਪੰਜ ਖ਼ਰਬ ਡਾਲਰ ਦਾ ਅਰਥਚਾਰਾ ਬਣਨ ਦੇ ਰਾਹ-ਇਕ ਖ਼ਬਰ

ਇਕ ਪਾਸੇ ਡਾਲਰਾਂ ਦੇ ਅੰਬਾਰ, ਗ਼ਰੀਬ ਰੋਟੀ ਤੋਂ ਵੀ ਲਾਚਾਰ।

ਕੈਨੇਡਾ ‘ਚ ‘ਨੰਗ ਤਰੀਨ’ ਨਾਮ ਦੇ ਬੰਦੇ ਦੀ ਨਿਕਲੀ 113 ਕਰੋੜ ਦੀ ਲਾਟਰੀ- ਇਕ ਖ਼ਬਰ

ਓ ਭਾਈ ਹੁਣ ਤੂੰ ਆਪਣਾ ਨਾਮ ਬਦਲ ਜਲਦੀ, ਹੁਣ ਤੂੰ ਨੰਗ ਨਹੀਂ ਰਿਹਾ।

ਨਵਾਜ਼ ਸ਼ਰੀਫ਼ ਤੇ ਇਸਹਾਕ ਡਾਰ ਦੇ ਪਾਸਪੋਰਟ ਨਵਿਆਉਣ ਦੇ ਨਿਰਦੇਸ਼- ਇਕ ਖ਼ਬਰ

ਭਈਆ ਭਏ ਕੋਤਵਾਲ, ਅਬ ਡਰ ਕਾਹੇ ਕਾ।

ਬਿਜਲੀ ਲਈ ਲੋਕਾਂ ਨੂੰ ਪਹਿਲੀ ਜੁਲਾਈ ਤੱਕ ਉਡੀਕ ਕਿਉਂ ਕਰਵਾਈ ਜਾ ਰਹੀ ਹੈ? ਕਾਂਗਰਸ

ਕਾਂਗਰਸ ਵਾਲਿਉ ਤਵੇ ਤੋਂ ਪੈਰ ਚੁੱਕ ਲਉ, ਸੜ ਜਾਣਗੇ।

ਨੀਤੀ ਆਯੋਗ ਦੇ ਮੈਂਬਰ ਵਲੋਂ ਖੇਤੀ ਕਾਨੂੰਨਾਂ ਸਬੰਧੀ ਬਿਆਨ ਦੇਣ ਬਾਅਦ ਚਰਚਾ ਛਿੜੀ- ਇਕ ਖ਼ਬਰ

ਊਠ ਨਹੀਂ ਕੁੱਦਦੇ ਬਈ ਬੋਰੇ ਕੁੱਦਦੇ ਐ।

ਵਿਧਾਇਕ ਨੇ ਚੌਕੀ ਇੰਚਾਰਜ ਨੂੰ ਸਾਥੀ ਨਾਲ ਸ਼ਰਾਬ ਪੀਂਦਿਆਂ ਰੰਗੇ-ਹੱਥੀਂ ਫੜਿਆ- ਇਕ ਖ਼ਬਰ

ਵਾਦੜੀਆਂ ਸਜਾਦੜੀਆਂ, ਨਿਭਣ ਸਿਰਾਂ ਦੇ ਨਾਲ਼।

ਕੇਜਰੀਵਾਲ ਦੇ ਘਰ ਦੇ ਬਾਹਰ ਭੰਨ-ਤੋੜ ਕਰਨ ਵਾਲਿਆਂ ਦੀ ਹੋਈ ਜ਼ਮਾਨਤ- ਇਕ ਖ਼ਬਰ

ਵਾਅ ਤੱਤੜੀ ਨਾ ਲੱਗੇ, ਸਾਡਿਆਂ ਮਿੱਤਰਾਂ ਨੂੰ।

ਨਾਜਾਇਜ਼ ਕਬਜ਼ਿਆਂ ਦੇ ਮਾਮਲਿਆਂ ‘ਚ ‘ਆਪ’ ਆਗੂ ਵੀ ਕਰਨ ਲੱਗੇ ਸਿਫ਼ਾਰਸ਼ਾਂ-ਇਕ ਖ਼ਬਰ

ਤੇਲੀ ਕਰ ਕੇ ਰੁੱਖਾ ਕਿਉਂ ਖਾਈਏ ਬਈ?

ਸ਼੍ਰੋਮਣੀ ਕਮੇਟੀ ਵਿਦਿਆ ਦੇ ਪਸਾਰ ਲਈ ਆਪਣੇ ਪੈਰ ਪਿੱਛੇ ਖਿੱਚਣ ਲੱਗੀ- ਇਕ ਖ਼ਬਰ

ਵੜੀ ਵਿਦਿਆ ਨੂੰ ਦੇਖਾਂਗੇ ਫੇਰ ਭਾਈ, ‘ਵੱਡੇ ਮਾਲਕਾਂ’ ਨੂੰ ਪਹਿਲਾਂ ਬਚਾ ਲਈਏ।

ਸਾਬਕਾ ਜਥੇ: ਇਕਬਾਲ ਸਿੰਘ ਨੇ ਮਨਮਰਜ਼ੀ ਦਾ ਡੇਰਾ ਮੁਖੀ ਥਾਪ ਕੇ ਆਪਣੀ ਲਾਹ-ਪਾਹ ਕਰਵਾਈ-ਇਕ ਖ਼ਬਰ

ਨਿੱਤ ਨਵੇਂ ਪੁਆੜੇ ਪਾਉਂਦਾ ਨੀਂ, ਮਰ ਜਾਣਾ ਅਮਲੀ।

ਰਾਜ ਸਭਾ ਤੋਂ ਮਿਲਣ ਵਾਲੀ ਤਨਖਾਹ ਕਿਸਾਨਾਂ ਦੀਆਂ ਧੀਆਂ ਦੀ ਵਿਦਿਆ ‘ਤੇ ਖ਼ਰਚ ਕਰੇਗਾ ਹਰਭਜਨ-ਇਕ ਖ਼ਬਰ

ਪੰਜਾਬ ਦੇ ਮਸਲਿਆਂ ‘ਤੇ ਗੂੰਗਾ ਬਣੇ ਰਹਿਣ ਲਈ ਕੀਮਤ ਤਾਂ ਦੇਣੀ ਹੀ ਪੈਣੀ ਹੈ।  

ਸਿੱਧੂ ਵਲੋਂ ਇਕ ਦਰਜਨ ਸਾਬਕਾ ਵਿਧਾਇਕਾਂ ਨਾਲ਼ ਬੰਦ ਕਮਰਾ ਮੀਟਿੰਗ-ਇਕ ਖ਼ਬਰ

ਕੁੱਲੀ ਨੀਂ ਫਕੀਰ ਦੀ ਵਿਚੋਂ, ਅੱਲ੍ਹਾ ਹੂ ਦਾ ਆਵਾਜ਼ਾ ਆਵੇ।

ਪਾਕਿਸਤਾਨ ਦੀ ਨਵੀਂ ਸਰਕਾਰ ਨਾਲ ਕੰਮ ਕਰਨ ਲਈ ਉਤਸ਼ਾਹਿਤ-  ਅਮਰੀਕਾ

ਡੋਰ ਵੱਟ ਕੇ ਗਲ਼ੇ ਦੇ ਵਿਚ ਪਾਵਾਂ, ਮਿੱਤਰਾ ਤਵੀਤ ਬਣ ਜਾ।

                   ========