ਰੂਸ-ਯੂਕਰੇਨ ਜੰਗ ਦੌਰਾਨ ਅਮਰੀਕਾ ਦਾ ਦਬਾਅ ਤੇ ਭਾਰਤ ਦੀ ਗੁੱਟ-ਨਿਰਪੱਖਤਾ ਦੀ ਰਿਵਾਇਤ - ਜਤਿੰਦਰ ਪਨੂੰ
ਕਾਫੀ ਲੰਮੇ ਅਰਸੇ ਤੋਂ ਅਸੀਂ ਸੰਸਾਰ ਪੱਧਰ ਦੀ ਹਲਚਲ ਬਾਰੇ ਨਹੀਂ ਲਿਖਿਆ। ਅਸਲ ਵਿੱਚ ਭਾਰਤ ਵਿੱਚ ਵੀ ਤੇ ਸਾਡੇ ਪੰਜਾਬ ਵਿੱਚ ਵੀ ਹਾਲਾਤ ਦੀ ਤੋਰ ਏਨੀ ਤਿੱਖੀ ਬਣੀ ਰਹੀ ਸੀ ਕਿ ਬਾਹਰ ਵੱਲ ਝਾਕਣ ਜਾਂ ਕਦੇ ਝਾਕ ਵੀ ਲਿਆ ਤਾਂ ਉਸ ਬਾਰੇ ਲਿਖਣ ਦਾ ਕੰਮ ਸਾਨੂੰ ਆਪਣੇ ਚੁਫੇਰੇ ਦੇ ਹਾਲਾਤ ਕਾਰਨ ਕਈ ਵਾਰੀ ਟਾਲਣਾ ਪਿਆ। ਪੰਜਾਬ ਵਿਚਲੀ ਹਾਲਤ ਭਾਵੇਂ ਅਜੇ ਵੀ ਉਸ ਪੜਾਅ ਉੱਤੇ ਨਹੀਂ ਪਹੁੰਚੀ ਕਿ ਉਸ ਦੀ ਚਿੰਤਾ ਮਨਾਂ ਤੋਂ ਲਹਿ ਸਕੇ, ਪਰ ਕੁਝ ਕੁ ਸਥਿਤੀ ਏਦਾਂ ਦੀ ਬਣ ਗਈ ਹੈ ਕਿ ਹੋਰਨਾਂ ਮੁੱਦਿਆਂ ਲਈ ਸਮਾਂ ਕੱਢਿਆ ਜਾ ਸਕਦਾ ਹੈ। ਜਦੋਂ ਹੋਰਨਾਂ ਮੁੱਦਿਆਂ ਲਈ ਵਕਤ ਕੱਢੇ ਜਾਣ ਦੀ ਸਥਿਤੀ ਬਣ ਗਈ ਤਾਂ ਅਸੀਂ ਚਲੰਤ ਸਾਲ ਦੇ ਅੰਤਲੇ ਮਹੀਨੇ ਦਸੰਬਰ ਵਿੱਚ ਆ ਰਹੀਆਂ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਦੀ ਚਰਚਾ ਵੀ ਛੇੜ ਸਕਦੇ ਹਾਂ, ਪਰ ਉਸ ਚਰਚਾ ਨੂੰ ਹਾਲ ਦੀ ਘੜੀ ਲਾਂਭੇ ਰੱਖਦੇ ਹੋਏ ਅਸੀਂ ਇਸ ਵਾਰੀ ਸੰਸਾਰ ਦੀ ਸਥਿਤੀ ਅਤੇ ਇਸ ਵਿੱਚ ਰੂਸ-ਯੂਕਰੇਨ ਜੰਗ ਨੂੰ ਪਹਿਲਾਂ ਵਿਚਾਰਨਾ ਠੀਕ ਸਮਝਿਆ ਹੈ।
ਰੂਸ-ਯੂਕਰੇਨ ਜੰਗ ਦੀ ਚਰਚਾ ਕਰਨਾ ਇਸ ਵੇਲੇ ਇਸ ਲਈ ਜ਼ਰੂਰੀ ਹੋ ਗਿਆ ਹੈ ਕਿ ਜਿਵੇਂ ਅਮਰੀਕਾ ਤੇ ਉਸ ਦੇ ਪਿਛਲੱਗ ਦੇਸ਼ਾਂ ਨੇ ਸੰਸਾਰ ਦੀ ਹਰ ਪੰਚਾਇਤੀ ਸੱਥ ਵਿੱਚ ਸਿਰਫ ਰੂਸ ਨੂੰ ਜੰਗ ਦਾ ਇਕਲੌਤਾ ਦੋਸ਼ੀ ਦੱਸਣ ਦਾ ਰਾਗ ਸ਼ੁਰੂ ਕੀਤਾ ਪਿਆ ਹੈ, ਉਹ ਸਾਨੂੰ ਇੱਕਦਮ ਠੀਕ ਨਹੀਂ ਲੱਗਦਾ। ਇਸ ਦਾ ਇਹ ਮਤਲਬ ਬਿਲਕੁਲ ਨਹੀਂ ਕਿ ਅਸੀਂ ਰੂਸ ਦੇ ਜੰਗੀ ਦਾਅ ਨੂੰ ਜਾਇਜ਼ ਮੰਨਦੇ ਹਾਂ, ਏਦਾਂ ਦੀ ਕੋਈ ਗੱਲ ਅਸੀਂ ਕਦੇ ਨਹੀਂ ਕਹਾਂਗੇ, ਪਰ ਇਹ ਕਹਿਣ ਤੋਂ ਸਾਨੂੰ ਕੋਈ ਝਿਜਕ ਨਹੀਂ ਕਿ ਇਸ ਜੰਗ ਦਾ ਇਕਲੌਤਾ ਦੋਸ਼ੀ ਰੂਸ ਨੂੰ ਕਹਿਣਾ ਔਖਾ ਹੈ। ਜਦੋਂ ਅਣਲਿਖੀ ਜਿਹੀ ਸਹਿਮਤੀ ਚਿਰੋਕਣੀ ਬਣ ਚੁੱਕੀ ਸੀ ਕਿ ਕਮਿਊਨਿਸਟ ਵਿਰੋਧ ਦੇ ਨਾਂਅ ਬਣਾਈ ਹੋਈ ਨਾਟੋ (ਨਾਰਥ ਐਟਲਾਂਟਿਕ ਟਰੀਟੀ ਆਰਗੇਨਾਈਜ਼ੇਸ਼ਨ) ਆਪਣੇ ਭਾਈਬੰਦ ਦੇਸ਼ਾਂ ਦਾ ਵਾਧਾ ਕਰਦਿਆਂ ਰੂਸ ਦੀਆਂ ਜੜ੍ਹਾਂ ਤੱਕ ਨਹੀਂ ਜਾਵੇਗੀ ਤਾਂ ਉਸ ਨੂੰ ਯੂਕਰੇਨ ਨੂੰ ਇਸ ਵਿੱਚ ਸ਼ਾਮਲ ਕਰਨ ਦੀਆਂ ਸੁਰਾਂ ਨਹੀਂ ਸਨ ਕੱਢਣੀਆਂ ਚਾਹੀਦੀਆਂ। ਇਨ੍ਹਾਂ ਸੁਰਾਂ ਦੇ ਕਾਰਨ ਹੀ ਰੂਸ ਵਾਲਿਆਂ ਨੂੰ ਇਹ ਫਿਕਰ ਪਿਆ ਕਿ ਯੂਕਰੇਨ ਜਦੋਂ ਨਾਟੋ ਨਾਲ ਜੁੜੇਗਾਾ, ਨਾਟੋ ਦੀਆਂ ਫੌਜਾਂ ਸਾਡੇ ਗਵਾਂਢ ਵਿੱਚ ਐਟਮੀ ਮਿਜ਼ਾਈਲਾਂ ਬੀੜਨਗੀਆਂ, ਇਸ ਲਈ ਯੂਕਰੇਨ ਨੂੰ ਨਾਟੋ ਦਾ ਮੈਂਬਰ ਬਣਨ ਦਾ ਰਾਹ ਰੋਕਿਆ ਜਾਵੇ। ਵਾਰ-ਵਾਰ ਕਹਿਣ ਦੇ ਬਾਵਜੂਦ ਨਾ ਤਾਂ ਨਾਟੋ ਵਾਲਿਆਂ ਨੇ ਇਸ ਚਾਲ ਤੋਂ ਪੈਰ ਪਿੱਛੇ ਖਿੱਚਿਆ ਅਤੇ ਨਾ ਯੂਕਰੇਨ ਦੇ ਰਾਸ਼ਟਰਪਤੀ ਨੇ ਏਦਾਂ ਕਰਨ ਦਾ ਖੰਡਨ ਕੀਤਾ, ਪਰ ਜਦੋਂ ਉਹ ਰੂਸ ਨਾਲ ਜੰਗ ਵਿੱਚ ਫਸ ਗਿਆ ਤੇ ਨਾਟੋ ਵਾਲਿਆਂ ਨੇ ਆਪਣਾ ਪੱਲਾ ਬਚਾ ਕੇ ਰੂਸ ਦੇ ਨਾਲ ਜੰਗ ਵਿੱਚ ਉਸ ਦਾ ਦੂਰੋਂ ਸਾਥ ਦੇਣ ਦੀਆਂ ਗੱਲਾਂ ਕਹੀਆਂ ਤਾਂ ਉਹ ਬੋਲੀ ਬਦਲ ਗਿਆ। ਪਿਛਲੇ ਹਫਤੇ ਤੋਂ ਉਹ ਕਹਿਣ ਲੱਗ ਪਿਆ ਕਿ ਨਾਟੋ ਵਾਲੇ ਡਰਾਕਲ ਹਨ, ਜਿਹੜੇ ਰੂਸ ਤੋਂ ਡਰੀ ਜਾ ਰਹੇ ਹਨ, ਅਸੀਂ ਉਨ੍ਹਾਂ ਦੀ ਮੈਂਬਰੀ ਲੈਣ ਦੀ ਲੋੜ ਨਹੀਂ ਸਮਝਦੇ। ਜੇ ਏਨੀ ਗੱਲ ਕੁਝ ਚਿਰ ਪਹਿਲਾਂ ਕਹੀ ਹੁੰਦੀ ਤਾਂ ਸ਼ਾਇਦ ਜੰਗ ਹੀ ਨਹੀਂ ਸੀ ਲੱਗਣੀ। ਫਿਰ ਵੀ ਹਾਲਾਤ ਬਾਰੇ ਇਸ ਵਿਆਖਿਆ ਦਾ ਇਹ ਮਤਲਬ ਨਹੀਂ ਕਿ ਰੂਸ ਵੱਲੋਂ ਹਮਲਾ ਕਰਨਾ ਠੀਕ ਸੀ, ਕੀਤਾ ਰੂਸ ਨੇ ਗਲਤ ਹੀ ਹੈ।
ਇਹ ਬਿਲਕੁਲ ਠੀਕ ਹੈ ਕਿ ਹਾਲਾਤ ਜੋ ਵੀ ਸਨ, ਰੂਸ ਨੇ ਹਮਲਾ ਕਰ ਕੇ ਗਲਤ ਕੀਤਾ ਸੀ, ਪਰ ਅਮਰੀਕਾ ਅਤੇ ਉਸ ਦੇ ਸਾਥੀਆਂ ਦਾ ਇਸ ਜੰਗ ਦੇ ਪਹਿਲੇ ਦਿਨ ਤੋਂ ਜੋ ਰੋਲ ਸੀ, ਉਹ ਵੀ ਜੰਗ ਰੋਕਣ ਲਈ ਕੁਝ ਕਰਨ ਦੀ ਥਾਂ ਬਲਦੀ ਉੱਤੇ ਤੇਲ ਪਾਉਣ ਵਾਲਾ ਸੀ। ਆਪ ਉਹ ਜੰਗ ਵਿੱਚ ਕੁੱਦਣ ਤੋਂ ਬਚਦੇ ਰਹੇ ਤੇ ਜਦੋਂ ਰੂਸ ਨੇ ਸਾਫ ਆਖਿਆ ਕਿ ਜੇ ਉਹ ਜੰਗ ਵਿੱਚ ਆਏ ਤਾਂ ਲੜਾਈ ਸਿਰਫ ਯੂਕਰੇਨ ਤੱਕ ਸੀਮਤ ਨਹੀਂ ਰਹਿਣੀ ਤਾਂ ਬਿਲਕੁਲ ਯਰਕ ਗਏ ਅਤੇ ਪਰਦੇ ਪਿੱਛੋਂ ਜੰਗ ਲਈ ਯੂਕਰੇਨ ਨੂੰ ਮਦਦ ਭੇਜਦੇ ਰਹੇ, ਪਰ ਇਸ ਮੌਕੇ ਉਨ੍ਹਾਂ ਨੇ ਰੂਸ ਵਿਰੁੱਧ ਕਈ ਮੋਰਚੇ ਹੋਰ ਖੋਲ੍ਹਣ ਵਾਲਾ ਕੰਮ ਆਰੰਭ ਕਰ ਦਿੱਤਾ। ਪਹਿਲਾ ਇਹ ਕੀਤਾ ਕਿ ਆਪਣੇ ਦੇਸ਼ ਵੱਲੋਂ ਵੀ ਅਤੇ ਆਪਣੇ ਪਿਛਲੱਗ ਦੇਸ਼ਾਂ ਵੱਲੋਂ ਵੀ ਰੂਸ ਵਿਰੁੱਧ ਪਾਬੰਦੀਆਂ ਲਵਾਉਣੀਆਂ ਸ਼ੁਰੂ ਕਰ ਦਿੱਤੀਆਂ। ਅੱਗੋਂ ਰੂਸ ਨੇ ਵੀ ਪਾਬੰਦੀਆਂ ਲਾ ਦਿੱਤੀਆਂ। ਫਿਰ ਅਮਰੀਕਾ ਸੰਸਾਰ ਸੱਥ ਯੂ ਐੱਨ ਓ ਦੇ ਵੱਖ-ਵੱਖ ਫੋਰਮਾਂ ਵਿੱਚ ਰੂਸ ਦੇ ਖਿਲਾਫ ਮਤੇ ਪਾਸ ਕਰਵਾਉਣ ਤੁਰ ਪਿਆ ਅਤੇ ਏਥੇ ਆ ਕੇ ਇੱਕ ਕੰਮ ਹੋਰ ਕੀਤਾ, ਜਿਸ ਦਾ ਅਮਰੀਕਾ ਦਾ ਪਿਛਲਾ ਇਤਹਾਸ ਸੀ, ਪਰ ਕਾਫੀ ਲੰਮੇ ਸਮੇਂ ਤੋਂ ਏਦਾਂ ਦੀ ਬਾਕਾਇਦਾ ਮੁਹਿੰਮ ਉਸ ਨੇ ਨਹੀਂ ਸੀ ਚਲਾਈ ਅਤੇ ਇਸ ਨਾਲ ਉਹ ਭਾਰਤ ਨੂੰ ਵੀ ਵਿਵਾਦ ਵਿੱਚ ਫਸਾਉਣ ਲੱਗ ਪਿਆ।
ਸਾਨੂੰ ਯਾਦ ਹੈ ਕਿ ਜਦੋਂ ਅਫਗਾਨਿਸਤਾਨ ਵਿੱਚ ਅਮਰੀਕਾ ਨੇ ਜੰਗ ਲੜਨੀ ਸੀ ਤਾਂ ਉਸ ਦੇ ਰਾਸ਼ਟਰਪਤੀ ਜਾਰਜ ਬੁੱਸ਼ ਜੂਨੀਅਰ ਨੇ ਆਖਿਆ ਸੀ ਕਿ ਕੋਈ ਨਿਰਪੱਖ ਨਹੀਂ ਗਿਣਿਆ ਜਾਵੇਗਾ, ਜਿਹੜਾ ਕੋਈ ਸਾਡੇ ਨਾਲ ਨਹੀਂ ਖੜੋਵੇਗਾ, ਉਹ ਦੁਸ਼ਮਣ ਨਾਲ ਮੰਨਿਆ ਜਾਵੇਗਾ। ਵੀਹ ਸਾਲਾਂ ਬਾਅਦ ਓਸੇ ਦੁਸ਼ਮਣ ਤਾਲਿਬਾਨ ਨਾਲ ਉਸ ਨੇ ਜਦੋਂ ਸਮਝੌਤਾ ਕੀਤਾ ਤਾਂ ਸਾਥੀ ਦੇਸ਼ਾਂ ਨੂੰ ਪੁੱਛਿਆ ਵੀ ਨਹੀਂ। ਦੁਨੀਆ ਅਮਰੀਕਾ ਦੀਆਂ ਕੂਟਨੀਤਕ ਲੋੜਾਂ ਵਾਲੇ ਪਾਵੇ ਨਾਲ ਨਹੀਂ ਬੱਝ ਸਕਦੀ, ਹਰ ਖੁਦ-ਮੁਖਤਿਆਰ ਦੇਸ਼ ਨੂੰ ਆਪਣੀ ਨੀਤੀ ਮੁਤਾਬਕ ਚੱਲਣ ਦਾ ਹੱਕ ਹੈ। ਉਸ ਵਕਤ ਭਾਰਤ ਦੀ ਅਗਵਾਈ ਕਰ ਰਹੇ ਅਟਲ ਬਿਹਾਰੀ ਵਾਜਪਾਈ ਨੇ ਇੱਕ ਪਲ ਲਾਏ ਬਿਨਾਂ ਅਮਰੀਕਾ ਨਾਲ ਖੜੋਣ ਦਾ ਐਲਾਨ ਕਰ ਕੇ ਠੀਕ ਨਹੀਂ ਸੀ ਕੀਤਾ, ਪਰ ਇਸ ਵਾਰੀ ਜਦੋਂ ਰੂਸ ਦੇ ਖਿਲਾਫ ਅਮਰੀਕਾ ਨੇ ਇਹੋ ਜਿਹੀ ਮੁਹਿੰਮ ਚਲਾਈ ਹੈ ਤਾਂ ਭਾਰਤ ਦੀ ਮੌਜੂਦਾ ਸਰਕਾਰ ਨੇ ਆਮ ਕਰ ਕੇ ਲਗਾਤਾਰ ਠੀਕ ਪੈਂਤੜਾ ਲਿਆ ਹੈ। ਬਹੁਤ ਸਾਰੇ ਭਾਰਤੀ ਵਿਦਿਆਰਥੀਆਂ ਦਾ ਭਵਿੱਖ ਜਿਸ ਯੂਕਰੇਨ ਨਾਲ ਜੁੜਿਆ ਹੈ, ਉਸ ਦੀ ਸਰਕਾਰ ਦੀ ਨਾਰਾਜ਼ਗੀ ਵੀ ਸਹੇੜ ਲਈ ਤੇ ਅਮਰੀਕੀ ਸਰਕਾਰ ਦਾ ਬੋਲ-ਕੁਬੋਲ ਵੀ ਸਹਾਰਨ ਦੀ ਕੌੜੀ ਗੋਲੀ ਚੱਬ ਲਈ, ਪਰ ਗੁੱਟ-ਨਿਰਪੱਖਤਾ ਦਾ ਪੱਲਾ ਨਹੀਂ ਛੱਡਿਆ। ਜਦੋਂ ਵੀ ਤੇ ਜਿਸ ਵੀ ਸੰਸਾਰ ਪੱਧਰ ਦੇ ਫੋਰਮ ਵਿੱਚ ਰੂਸ-ਯੂਕਰੇਨ ਮੁੱਦੇ ਉੱਤੇ ਵੋਟਾਂ ਪੈਣ ਲੱਗੀਆਂ, ਵੱਡੀ ਬਹੁ-ਗਿਣਤੀ ਦੇਸ਼ ਅਮਰੀਕਾ ਨਾਲ ਖੜੇ ਵੇਖਣ ਦੇ ਬਾਵਜੂਦ ਭਾਰਤ ਸਰਕਾਰ ਇੱਕੋ ਰੱਟ ਲਾਈ ਗਈ ਕਿ ਜੰਗ ਦੇ ਖਾਤਮੇ ਤੇ ਅਮਨ ਦੀ ਕਾਇਮੀ ਲਈ ਡਿਪਲੋਮੇਸੀ ਵਰਤਣੀ ਚਾਹੀਦੀ ਹੈ, ਇਹੋ ਜਿਹਾ ਪਾਬੰਦੀਆਂ ਲਾਉਣ ਦਾ ਰਾਹ ਕੋਈ ਹੱਲ ਨਹੀਂ ਕੱਢ ਸਕਦਾ। ਇਸ ਦੇ ਬਾਅਦ ਭਾਰਤ ਆਮ ਕਰ ਕੇ ਹਰ ਮੌਕੇ ਵੋਟਿੰਗ ਵਿੱਚ ਕਿਸੇ ਪਾਸੇ ਖੜੇ ਹੋਣ ਤੋਂ ਸਿਰ ਫੇਰ ਦੇਂਦਾ ਰਿਹਾ ਅਤੇ ਠੀਕ ਕਰਦਾ ਰਿਹਾ।
ਭਾਰਤ ਦੀ ਇੱਕ ਸ਼ਾਨਦਾਰ ਵਿਰਾਸਤ ਹੈ ਅਤੇ ਰਿਵਾਇਤ ਵੀ। ਕਿਸੇ ਵੇਲੇ ਸੰਸਾਰ ਵਿੱਚ ਜਦੋਂ ਕਮਿਊਨਿਸਟ ਅਤੇ ਗੈਰ-ਕਮਿਊਨਿਸਟ ਦੇ ਦੋ ਗਰੁੱਪ ਨਾਟੋ ਅਤੇ ਵਾਰਸਾ-ਪੈਕਟ ਦੀਆਂ ਦੋ ਧਿਰਾਂ ਸੀਤ-ਯੁੱਧ ਵਾਲੇ ਦੌਰ ਵਿੱਚ ਸਾਰੇ ਸੰਸਾਰ ਨੂੰ ਤੀਸਰੀ ਸੰਸਾਰ ਜੰਗ ਲੱਗਣ ਦਾ ਖਤਰਾ ਵਿਖਾ ਰਹੀਆਂ ਸਨ, ਭਾਰਤ ਉਸ ਵੇਲੇ ਤੀਸਰੀ ਧਿਰ; ਗੁੱਟ-ਨਿਰਪੱਖ ਧੜੇ ਦੇ ਪਹਿਲੇ ਆਗੂਆਂ ਵਿੱਚੋਂ ਜਾਣਿਆ ਗਿਆ ਸੀ। ਯੁਗੋਸਲਾਵੀਆ ਦੀ ਰਾਜਧਾਨੀ ਬੈਲਗਰੇਡ ਵਿੱਚ ਇਸ ਮਕਸਦ ਲਈ ਜਦੋਂ ਪਹਿਲੀ ਕਾਨਫਰੰਸ ਕੀਤੀ ਗਈ ਅਤੇ ਉਸ ਵਿੱਚ ਗੁੱਟ-ਨਿਰਪੱਖਤਾ ਦੀ ਲਹਿਰ ਦਾ ਮੁੱਢ ਬੰਨ੍ਹਿਆ ਸੀ, ਉਸ ਵਿੱਚ ਪਹਿਲੇ ਪੰਜ ਆਗੂਆਂ ਵਿੱਚ ਭਾਰਤ ਦਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵੀ ਸ਼ਾਮਲ ਸੀ। ਬਾਕੀ ਚਾਰ ਪ੍ਰਮੁੱਖ ਲੀਡਰਾਂ ਵਿੱਚ ਪਹਿਲਾ ਆਗੂ ਕਾਨਫਰੰਸ ਕਰਵਾ ਰਹੇ ਦੇਸ਼ ਯੁਗੋਸਲਾਵੀਆ ਦਾ ਰਾਸ਼ਟਰਪਤੀ ਜੋਜ਼ਫ ਬਰੋਜ਼ ਟੀਟੋ ਸੀ ਤੇ ਉਸ ਦੇ ਨਾਲ ਮਿਸਰ ਦਾ ਰਾਸ਼ਟਰਪਤੀ ਜਮਾਲ ਅਬਦੁਲ ਨਾਸਰ ਅਤੇ ਇੰਡੋਨੇਸ਼ੀਆ ਦਾ ਰਾਸ਼ਟਰਪਤੀ ਸੁਕਾਰਨੋ ਵੀ ਸਨ। ਘਾਨਾ ਵਰਗੇ ਛੋਟੇ ਦੇਸ਼ ਦਾ ਰਾਸ਼ਟਰਪਤੀ ਕਵਾਂਮੇ ਨਕਰੂਮਾਹ ਵੀ ਉਨ੍ਹਾਂ ਨਾਲ ਸੀ, ਪਰ ਉਸ ਦੀ ਬਹੁਤੀ ਚਰਚਾ ਨਹੀਂ ਹੁੰਦੀ, ਕਿਉਂਕਿ ਉਸ ਦੇ ਆਪਣੇ ਦੇਸ਼ ਦੇ ਹਾਲਾਤ ਕਾਰਨ ਉਸ ਨੂੰ ਵੱਧ ਧਿਆਨ ਆਪਣੇ ਦੇਸ਼ ਵਿੱਚ ਦੇਣਾ ਪੈਂਦਾ ਸੀ।
ਜਿਹੜਾ ਭਾਰਤ ਕਿਸੇ ਸਮੇਂ ਅਮਨ ਦੀ ਘੁੱਗੀ ਉਡਾਉਣ ਵਾਲੀ ਗੁੱਟ-ਨਿਰਪੱਖ ਲਹਿਰ ਦਾ ਮੋਢੀ ਹੁੰਦਾ ਸੀ, ਵਕਤ ਦੇ ਨਾਲ ਜਦੋਂ ਰੂਸ ਵਿੱਚ ਕਮਿਊਨਿਸਟ ਰਾਜ ਦਾ ਭੋਗ ਪੈ ਗਿਆ, ਉਸ ਦੇ ਬਾਅਦ ਵੀ ਭਾਰਤ ਦੀਆਂ ਸਰਕਾਰਾਂ ਆਮ ਕਰ ਕੇ ਉਸ ਪੁਰਾਣੀ ਰਿਵਾਇਤ ਦੀ ਪਾਲਣਾ ਕਰਦੀਆਂ ਰਹੀਆਂ। ਇਸ ਵਾਰੀ ਜਦੋਂ ਰੂਸ-ਯੂਕਰੇਨ ਦਾ ਪੇਚਾ ਪਿਆ ਤਾਂ ਭਾਰਤ ਨੇ ਫਿਰ ਕਈ ਕਾਰਨਾਂ ਕਰ ਕੇ ਦੋਵਾਂ ਵਿਚਾਲੇ ਨਿਰਪੱਖ ਰਹਿ ਕੇ ਸਾਂਝੇ ਪੰਚਾਇਤੀਏ ਦਾ ਰਾਹ ਫੜਿਆ। ਰੂਸ ਦਾ ਵਿਦੇਸ਼ ਮੰਤਰੀ ਪਿਛਲੇ ਹਫਤੇ ਭਾਰਤ ਆਇਆ ਤਾਂ ਉਸ ਨੂੰ ਸਵਾਲ ਪੁੱਛਿਆ ਗਿਆ ਕਿ ਭਾਰਤ ਤੁਹਾਡੇ ਨਾਲ ਨਹੀਂ ਖੜਾ ਹੋਣ ਤੋਂ ਕਿਉਂ ਝਿਜਕਦਾ ਹੈ ਤਾਂ ਉਸ ਨੇ ਕਿਹਾ ਸੀ ਕਿ ਭਾਰਤ ਦੀ ਇੱਕ ਆਪਣੀ ਆਜ਼ਾਦ ਨੀਤੀ ਅਤੇ ਆਜ਼ਾਦ ਹਸਤੀ ਹੈ ਅਤੇ ਅਸੀਂ ਇਸ ਦੇਸ਼ ਦੀ ਇਸ ਨੀਤੀ ਦਾ ਸਤਿਕਾਰ ਕਰਦੇ ਹਾਂ। ਦੂਸਰੇ ਪਾਸੇ ਅਮਰੀਕਾ ਵਾਲਿਆਂ ਨੂੰ ਕਿਸੇ ਨੇ ਪੁੱਛਿਆ ਵੀ ਨਾ ਹੋਵੇ ਤਾਂ ਇੱਕੋ ਗੱਲ ਕਹੀ ਜਾਂਦੇ ਹਨ ਕਿ ਭਾਰਤ ਨੂੰ ਰੂਸ ਦੀ ਦੋਸਤੀ ਮਹਿੰਗੀ ਪੈ ਸਕਦੀ ਹੈ, ਉਸ ਨੂੰ ਇਸ ਮੌਕੇ ਸਾਡੇ ਨਾਲ ਖੜੇ ਹੋ ਕੇ ਰੂਸ ਦਾ ਵਿਰੋਧ ਕਰਨ ਦੀ ਨੀਤੀ ਵਰਤਣੀ ਚਾਹੀਦੀ ਹੈ। ਇਹੋ ਗੱਲ ਭਾਰਤ ਵੀ ਪੁੱਛ ਸਕਦਾ ਹੈ ਕਿ ਜਦੋਂ ਭਾਰਤ ਦੇ ਵਿਰੁੱਧ ਯੂ ਐੱਨ ਓ ਵਿੱਚ ਮਤੇ ਪਾਸ ਹੁੰਦੇ ਸਨ, ਅਮਰੀਕਾ ਭਾਰਤ ਨਾਲ ਖੜਾ ਕਿਉਂ ਨਹੀਂ ਸੀ ਹੁੰਦਾ ਤੇ ਹਰ ਵਾਰੀ ਭਾਰਤ ਦੇ ਵਿਰੁੱਧ ਪਾਕਿਸਤਾਨ ਨਾਲ ਖੜਾ ਕਿਉਂ ਹੁੰਦਾ ਸੀ? ਅਮਰੀਕਾ ਦੀ ਨੀਤੀ ਉਂਜ ਵੀ ਹਰ ਕਿਸੇ ਦੀ ਸਮਝ ਵਿੱਚ ਪੈਣ ਵਾਲੀ ਨਹੀਂ, ਇਹ ਕੰਧ ਉੱਤੇ ਲੱਗੇ ਕਲਾਕ ਦੇ ਪੈਂਡਲਮ ਵਾਂਗ ਖੱਬੇ-ਸੱਜੇ ਵੱਲ ਝੂਲਦੀ ਹੋਣ ਕਰ ਕੇ ਯਕੀਨ ਨਹੀਂ ਹੁੰਦਾ ਕਿ ਜਿਨ੍ਹਾਂ ਨਾਲ ਅਮਰੀਕਾ ਅੱਜ ਖੜਾ ਹੈ, ਜਾਂ ਉਨ੍ਹਾਂ ਨੂੰ ਆਪਣੇ ਨਾਲ ਲਾਈ ਫਿਰਦਾ ਹੈ, ਉਹ ਭਲਕੇ ਉੇਨ੍ਹਾਂ ਨਾਲ ਖੜਾ ਰਹੇਗਾ। ਪਾਕਿਸਤਾਨ ਨੂੰ ਵਰਤ ਕੇ ਪਰੇ ਧੱਕ ਦੇਣ ਵਾਂਗ ਏਸੇ ਤਰ੍ਹਾਂ ਹਰ ਕਿਸੇ ਨਾਲ ਕਰ ਸਕਦਾ ਹੈ।
ਕਿਸੇ ਵੀ ਦੇਸ਼ ਵਿੱਚ ਏਦਾਂ ਕਦੇ ਨਹੀਂ ਹੁੰਦਾ ਕਿ ਸਾਰੇ ਲੋਕ ਆਪਣੇ ਦੇਸ਼ ਦੇ ਮੁਖੀ ਦੀ ਹਮਾਇਤ ਹੀ ਕਰਦੇ ਹੋਣ, ਭਾਰਤ ਵਿੱਚ ਵੀ ਨਹੀਂ। ਹਰ ਹੋਰ ਦੇਸ਼ ਵਾਂਗ ਭਾਰਤ ਵਿੱਚ ਵੀ ਰਾਜਨੀਤਕ ਤੇ ਵਿਚਾਰਧਾਰਕ ਮੱਤਭੇਦਾਂ ਏਨੇ ਕੁ ਹਨ ਕਿ ਗਿਣੇ ਨਹੀਂ ਜਾ ਸਕਦੇ। ਇਸ ਕਰ ਕੇ ਵਿਰੋਧੀ ਪਾਰਟੀਆਂ ਧਿਰਾਂ ਨੂੰ ਪ੍ਰਧਾਨ ਮੰਤਰੀ ਦਾ ਵਿਰੋਧ ਬੜੀ ਵਾਰ ਕਰਨਾ ਪੈਂਦਾ ਹੈ ਤੇ ਉਹ ਆਪਣੇ ਇਸ ਲੋਕਤੰਤਰੀ ਹੱਕ ਨੂੰ ਵਰਤਦੀਆਂ ਹਨ, ਪਰ ਭਾਰਤ ਦੀ ਇੱਕ ਪੁਰਾਣੀ ਰਿਵਾਇਤ ਇਹ ਹੈ ਕਿ ਉਸ ਦੇ ਅੰਦਰੂਨੀ ਮੱਤਭੇਦ ਵਿਦੇਸ਼ੀ ਮਾਮਲਿਆਂ ਵਿੱਚ ਕਦੇ ਹੱਦਾਂ ਨਹੀਂ ਟੱਪਦੇ। ਮਰਿਆਦਾ ਦਾ ਖਿਆਲ ਰੱਖਿਆ ਜਾਂਦਾ ਰਿਹਾ ਹੈ ਅਤੇ ਉਹ ਮਰਿਆਦਾ ਇਸ ਵੇਲੇ ਵੀ ਕਾਇਮ ਹੈ। ਰੂਸ ਅਤੇ ਯੂਕਰੇਨ ਦੀ ਜੰਗ ਦੇ ਮੁੱਦੇ ਤੋਂ ਕੋਈ ਖਾਸ ਮੱਤਭੇਦ ਭਾਰਤ ਵਿੱਚ ਨਹੀਂ ਉੱਭਰਿਆ, ਸਗੋਂ ਸਾਰੀਆਂ ਧਿਰਾਂ ਨੇ ਗੁੱਟਾਂ ਤੋਂ ਨਿਰਪੱਖ ਰਹਿ ਕੇ ਅਮਨ ਦੇ ਲਈ ਯਤਨ ਜਾਰੀ ਰੱਖਣ ਦਾ ਪੱਖ ਲਿਆ ਹੈ। ਠੀਕ ਨੀਤੀ ਵੀ ਇਹ ਹੀ ਹੈ, ਜਿਹੜੀ ਭਾਰਤ ਨੇ ਕਈ ਦਹਾਕਿਆਂ ਤੋਂ ਅਪਣਾ ਰੱਖੀ ਹੈ ਤੇ ਇਸ ਗੱਲ ਲਈ ਦੇਸ਼ ਦੇ ਸਾਰੇ ਲੋਕਾਂ ਨੂੰ ਸਹਿਮਤ ਹੋਣਾ ਚਾਹੀਦਾ ਹੈ ਕਿ ਭਵਿੱਖ ਵਿੱਚ ਵੀ ਗੁੱਟ-ਨਿਰਪੱਖਤਾ ਵਾਲੀ ਇਸ ਨੀਤੀ ਉੱਤੇ ਭਾਰਤ ਏਸੇ ਤਰ੍ਹਾਂ ਪਹਿਰਾ ਦੇਂਦਾ ਰਹੇ, ਇਸ ਨਾਲ ਸੰਸਾਰ ਸੱਥ ਵਿੱਚ ਸਤਿਕਾਰ ਵਧਦਾ ਰਹੇਗਾ।