ਨਫ਼ਰਤ ਤੇ ਖ਼ੌਫ਼ ਦੀ ਭੇਟ ਕਿੱਥੋਂ ਮਿਲੀ? - ਰਾਮਚੰਦਰ ਗੁਹਾ
ਸ੍ਰੀਲੰਕਾ ਦੇ ਮਾਨਵ-ਵਿਗਿਆਨੀ ਐਸ ਜੇ ਤੰਬਈਆ ਨੇ 1980ਵਿਆਂ ਵਿਚ ਆਪਣੇ ਦੇਸ਼ ਅੰਦਰਲੇ ਨਸਲੀ ਤਣਾਅ ਬਾਰੇ ਲਿਖਦਿਆਂ, ਸਿੰਹਾਲੀ ਲੋਕਾਂ ਦੀ ਤਸ਼ਬੀਹ ‘ਇਕ ਅਜਿਹੀ ਬਹੁਗਿਣਤੀ ਨਾਲ ਕੀਤੀ ਸੀ ਜੋ ਘੱਟਗਿਣਤੀ ਮਨੋਦਸ਼ਾ ਦੀ ਸ਼ਿਕਾਰ ਹੈ।’ ਸਿੰਹਾਲੀ ਕੁੱਲ ਜਨਸੰਖਿਆ ਦਾ 70 ਫ਼ੀਸਦੀ ਤੋਂ ਵੱਧ ਹਨ, ਦੇਸ਼ ਦੀ ਰਾਜਨੀਤੀ ’ਤੇ ਉਨ੍ਹਾਂ ਦਾ ਕਬਜ਼ਾ ਹੈ ਅਤੇ ਅਫ਼ਸਰਸ਼ਾਹੀ ਤੇ ਫ਼ੌਜ ’ਤੇ ਉਨ੍ਹਾਂ ਦਾ ਦਬਦਬਾ ਹੈ, ਉਨ੍ਹਾਂ ਦਾ ਬੁੱਧਮਤ ਦੇਸ਼ ਦਾ ਸਰਕਾਰੀ ਧਰਮ ਹੈ, ਉਨ੍ਹਾਂ ਦੀ ਭਾਸ਼ਾ ਸਿੰਹਾਲਾ ਨੂੰ ਹੋਰਨਾਂ ਭਾਸ਼ਾਵਾਂ ਨਾਲੋਂ ਸਰਕਾਰੀ ਤੌਰ ’ਤੇ ਉੱਚ ਦਰਜਾ ਮਿਲਿਆ ਹੋਇਆ ਹੈ। ਇਸ ਸਭ ਕੁਝ ਦੇ ਬਾਵਜੂਦ ਸਿੰਹਾਲੀ ਲੋਕ ਆਪਣੇ ਪੀੜਤ ਹੋਣ ਦੀ ਭਾਵਨਾ ਨਾਲ ਭਰੇ ਹੋਏ ਹਨ। ਉਨ੍ਹਾਂ ਨੂੰ ਘੱਟਗਿਣਤੀ ਤਮਿਲ ਭਾਈਚਾਰੇ ਤੋਂ ਖ਼ਤਰਾ ਮਹਿਸੂਸ ਹੁੰਦਾ ਹੈ ਅਤੇ ਉਹ ਸ਼ਿਕਾਇਤ ਕਰਦੇ ਰਹਿੰਦੇ ਹਨ ਕਿ ਤਮਿਲ ਲੋਕੀਂ ਜ਼ਿਆਦਾ ਪੜ੍ਹੇ ਲਿਖੇ ਹਨ ਕਿਉਂਕਿ ਜਦੋਂ ਇਸ ਟਾਪੂ ’ਤੇ ਅੰਗਰੇਜ਼ਾਂ ਦਾ ਰਾਜ ਸੀ ਤਾਂ ਉਨ੍ਹਾਂ (ਤਮਿਲਾਂ) ਨਾਲ ਵਿਸ਼ੇਸ਼ ਰਿਆਇਤ ਕੀਤੀ ਜਾਂਦੀ ਸੀ, ਉਨ੍ਹਾਂ ਨੂੰ ਇਸ ਗੱਲ ਦਾ ਗਰੂਰ ਰਹਿੰਦਾ ਹੈ ਕਿ ਭਾਰਤ (ਜੋ ਸ੍ਰੀਲੰਕਾ ਨਾਲੋਂ ਕਿਤੇ ਵੱਡਾ ਤੇ ਫ਼ੌਜੀ ਤੌਰ ’ਤੇ ਤਾਕਤਵਰ ਦੇਸ਼ ਹੈ) ਦੀ ਹਮਾਇਤ ਹਾਸਲ ਹੈ ਅਤੇ ਜੇ ਇਨ੍ਹਾਂ ਦੀ ਵਧਦੀ ਤਾਕਤ ਨੂੰ ਨਾ ਰੋਕਿਆ ਗਿਆ ਤਾਂ ਸਿੰਹਲੀਆਂ ਦੇ ਆਪਣੇ ਇਕਲੌਤੇ ਦੇਸ਼ ਵਿਚ ਹੀ ਤਮਿਲ ਉਨ੍ਹਾਂ ’ਤੇ ਦਾਬਾ ਕਾਇਮ ਕਰ ਲੈਣਗੇ।
ਕੁਝ ਦਿਨ ਪਹਿਲਾਂ ਜਦੋਂ ਮੈਂ ਕਰਨਾਟਕ ਦੇ ਉਡੁੱਪੀ ਵਿਚ ਕੁਝ ਨਾਗਰਿਕਾਂ ਅਤੇ ਪੇਜਾਵਰ ਮੱਠ ਦੇ ਸਵਾਮੀ ਦੀ ਮੀਟਿੰਗ ਬਾਰੇ ਇਕ ਰਿਪੋਰਟ ਅਖ਼ਬਾਰ ਵਿਚ ਪੜ੍ਹੀ ਤਾਂ ਮੈਨੂੰ ਤੰਬਈਆ ਦੀ ਧਾਰਨਾ ਦਾ ਚੇਤਾ ਆ ਗਿਆ। ਉਡੁੱਪੀ ਜ਼ਿਲ੍ਹਾ ਤੇ ਸ਼ਹਿਰ ਪਿਛਲੇ ਕੁਝ ਸਾਲਾਂ ਤੋਂ ਕਰਨਾਟਕ ਵਿਚ ਕੱਟੜਪੰਥੀਆਂ ਦੀ ਪ੍ਰਯੋਗਸ਼ਾਲਾ ਬਣਿਆ ਹੋਇਆ ਹੈ। ਇਹ ਉਹੀ ਸ਼ਹਿਰ ਹੈ ਜਿੱਥੇ ਇਕ ਸਿਆਸੀ ਆਗੂ ਦੀ ਸ਼ਹਿ ’ਤੇ ਇਕ ਕਾਲਜ ਵੱਲੋਂ ਹਿਜਾਬ ਪਹਿਨਣ ’ਤੇ ਪਾਬੰਦੀ ਲਾਈ ਗਈ ਸੀ। ਇਸ ਨਾਲ ਦੇਸ਼ਵਿਆਪੀ ਵਿਵਾਦ ਖੜ੍ਹਾ ਹੋ ਗਿਆ ਸੀ ਜਿਸ ਦੇ ਫ਼ਿਰਕੂ ਇਕਸੁਰਤਾ ਲਈ ਗੰਭੀਰ ਖ਼ਤਰੇ ਨਿਕਲ ਸਕਦੇ ਸਨ। ਪੇਜਾਵਰ ਮੱਠ ਦਾ ਸ਼ੁਮਾਰ ਉਨ੍ਹਾਂ ਅੱਠ ਧਾਰਮਿਕ ਸੰਗਠਨਾਂ ਵਿਚ ਹੁੰਦਾ ਹੈ ਜੋ ਸਮੂਹਿਕ ਰੂਪ ਵਿਚ ਉਡੁੱਪੀ ਦੇ ਪ੍ਰਸਿੱਧ ਧਾਰਮਿਕ ਅਸਥਾਨ ਦਾ ਪ੍ਰਬੰਧ ਚਲਾਉਂਦੇ ਹਨ।
ਹਿਜਾਬ ’ਤੇ ਪਾਬੰਦੀ ਲਾ ਕੇ ਬਹੁਤ ਸਾਰੀਆਂ ਲੜਕੀਆਂ ਨੂੰ ਸਿੱਖਿਆ ਦੇ ਹੱਕ ਤੋਂ ਵਿਰਵਾ ਕਰਨ ਦੀ ਸਫ਼ਲਤਾ ਪਾਉਣ ਤੋਂ ਬਾਅਦ ਉਡੁੱਪੀ ਦੇ ਕੱਟੜਪੰਥੀ ਬੁਰਛਾਗਰਦਾਂ ਨੇ ਆਗਿਆਕਾਰੀ ਪ੍ਰਸ਼ਾਸਨ ਨੂੰ ਇਕ ਨਵਾਂ ਫਰਮਾਨ ਚਾੜ੍ਹ ਦਿੱਤਾ ਕਿ ਮੰਦਰਾਂ ਤੇ ਤਿਓਹਾਰਾਂ ਮੌਕੇ ਲੱਗਦੇ ਮੇਲਿਆਂ ’ਤੇ ਮੁਸਲਮਾਨ ਦੁਕਾਨਦਾਰਾਂ ’ਤੇ ਦੁਕਾਨਾਂ ਲਾਉਣ ਦੀ ਪਾਬੰਦੀ ਲਾਈ ਜਾਵੇ। ਨਾਗਰਿਕਾਂ ਦੇ ਇਕ ਵਫ਼ਦ ਜਿਸ ਵਿਚ ਕੁਝ ਮੁਸਲਮਾਨ ਵੀ ਸ਼ਾਮਲ ਸਨ, ਨੇ ਪੇਜਾਵਰ ਮੱਠ ਦੇ ਸਵਾਮੀ ਨਾਲ ਮੁਲਾਕਾਤ ਕੀਤੀ ਕਿਉਂਕਿ ਉਨ੍ਹਾਂ ਪਤਾ ਸੀ ਕਿ ਰਾਜ ਸਰਕਾਰ ਜਾਂ ਅਦਾਲਤਾਂ ਨੇ ਉਨ੍ਹਾਂ ਦੀ ਬਾਂਹ ਨਹੀਂ ਫੜਨੀ। ਉਨ੍ਹਾਂ ਸਵਾਮੀ ਨੂੰ ਮੁਸਲਮਾਨ ਦੁਕਾਨਦਾਰਾਂ ’ਤੇ ਲਾਈ ਗਈ ਪਾਬੰਦੀ ਖਿਲਾਫ਼ ਦਖ਼ਲ ਦੇਣ ਦੀ ਅਪੀਲ ਕੀਤੀ ਤਾਂ ਕਿ ਫ਼ਿਰਕੂ ਇਕਸੁਰਤਾ ਨਾ ਵਿਗੜੇ। ਇਸ ’ਤੇ ਸਵਾਮੀ ਨੇ ਉਨ੍ਹਾਂ ਨੂੰ ਆਖਿਆ ਕਿ ਹਿੰਦੂ ਸਮਾਜ ਨੇ ਬੀਤੇ ਸਮਿਆਂ ਵਿਚ ਬਹੁਤ ਸੰਤਾਪ ਹੰਢਾਇਆ ਹੈ। ਇਕ ਅਖ਼ਬਾਰ ਵਿਚ ਸਵਾਮੀ ਦਾ ਇਹ ਬਿਆਨ ਛਪਿਆ ਕਿ ‘‘ਜਦੋਂ ਕਿਸੇ ਤਬਕੇ ਜਾਂ ਸਮੂਹ ਨੂੰ ਨਿਰੰਤਰ ਬੇਇਨਸਾਫ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇਸ ਦੀ ਮਾਯੂਸੀ ਅਤੇ ਗੁੱਸਾ ਉਬਾਲਾ ਖਾ ਜਾਂਦਾ ਹੈ। ਹਿੰਦੂ ਸਮਾਜ ਬੇਇਨਸਾਫ਼ੀ ਤੋਂ ਅੱਕ ਚੁੱਕਿਆ ਹੈ।’’
ਸਵਾਮੀ ਨੇ ਇਤਿਹਾਸ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਹੈ ਕਿ ‘ਹਿੰਦੂ ਸਮਾਜ ਨੂੰ ਅਤੀਤ ਵਿਚ ਬਹੁਤ ਦੁੱਖ ਝਾਗਣੇ ਪਏ ਸਨ।’ ਮੇਰਾ ਖ਼ਿਆਲ ਹੈ ਕਿ ਉਨ੍ਹਾਂ ਦਾ ਇਸ਼ਾਰਾ ਉਨ੍ਹਾਂ ਮੁਸਲਿਮ ਰਾਜਿਆਂ ਵੱਲ ਸੀ ਜਿਨ੍ਹਾਂ ਨੇ ਮੱਧਕਾਲ ਦੌਰਾਨ ਹਿੰਦੁਸਤਾਨ ਉਪਰ ਰਾਜ ਕੀਤਾ ਸੀ। ਬੇਸ਼ੱਕ ਇਹ ਹਵਾਲੇ ਇਕਪਾਸੜ ਪ੍ਰਵਚਨ ਵਿਚ ਭਰੇ ਪਏ ਹਨ ਜੋ ਪਿਛਲੇ ਕੁਝ ਮਹੀਨਿਆਂ ਦੌਰਾਨ ਉੱਤਰ ਪ੍ਰਦੇਸ਼ ਵਿਚ ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਅਤੇ ਰਾਜ ਦੇ ਮੁੱਖ ਮੰਤਰੀ ਵੱਲੋਂ ਵਾਰ ਵਾਰ ਦਿੱਤੇ ਜਾਂਦੇ ਰਹੇ ਹਨ। ਸਬੱਬੀਂ, ਇਕ ਧਰਮ ਨੂੰ ਛੱਡ ਕੇ ਅੱਜ 2022 ਵਿਚ ਲਖਨਊ ਜਾਂ ਉਡੁੱਪੀ ਵਿਚ ਰਹਿੰਦੇ ਮੁਸਲਮਾਨ ਮਿਹਨਤਕਸ਼ ਲੋਕਾਂ ਦਾ ਅਤੀਤ ਦੇ ਮੁਸਲਿਮ ਸ਼ਾਸਕਾਂ ਨਾਲ ਕੁਝ ਵੀ ਸਾਂਝਾ ਨਹੀਂ ਹੈ ਜੀਹਦੇ ਕਰਕੇ ਉਨ੍ਹਾਂ ਨੂੰ ਇੰਝ ਧਮਕਾਇਆ ਤੇ ਸ਼ਰਮਿੰਦਾ ਕੀਤਾ ਜਾਵੇ।
ਅੱਜਕੱਲ੍ਹ ਇਹ ਰਿਵਾਜ ਹੀ ਬਣ ਗਿਆ ਹੈ ਕਿ ਭਾਰਤੀ ਮੁਸਲਮਾਨਾਂ ਨੂੰ ਸਦੀਆਂ ਪਹਿਲਾਂ ਮੁਗ਼ਲਾਂ ਜਾਂ ਫਿਰ ਟੀਪੂ ਸੁਲਤਾਨ ਵੱਲੋਂ ਕੀਤੇ ਕੰਮਾਂ ਬਦਲੇ ਦੋਸ਼ੀ ਠਹਿਰਾਇਆ ਜਾਵੇ। ਬਹਰਹਾਲ, ਗੌਰਤਲਬ ਗੱਲ ਇਹ ਹੈ ਕਿ ਪੇਜਾਵਰ ਦੇ ਸਵਾਮੀ ਹਿੰਦੂਆਂ ਨਾਲ ਬੇਇਨਸਾਫ਼ੀ ਦੀ ਬਾਤ ਪਾਉਂਦਿਆਂ ਵਰਤਮਾਨ ਵਿਚ ਪ੍ਰਵੇਸ਼ ਕਰ ਗਏ ਪਰ ਉਨ੍ਹਾਂ ਇਹ ਨਹੀਂ ਦੱਸਿਆ ਕਿ ਹੁਣ ਹਿੰਦੂਆਂ ਨਾਲ ਬੇਇਨਸਾਫ਼ੀ ਕੌਣ ਕਰ ਰਿਹਾ ਹੈ? ਆਬਾਦੀ ਦੇ ਲਿਹਾਜ਼ ਤੋਂ ਇਸ ਵੇਲੇ ਭਾਰਤ ਵਿਚ ਹਿੰਦੂਆਂ ਦਾ ਅਨੁਪਾਤ ਸ੍ਰੀਲੰਕਾ ਦੇ ਸਿੰਹਾਲੀਆਂ ਨਾਲੋਂ ਵੀ ਜ਼ਿਆਦਾ ਹੈ। ਪ੍ਰਸ਼ਾਸਨ ਅਤੇ ਅਮਨ ਕਾਨੂੰਨ ਵਿਵਸਥਾ ਉੱਤੇ ਇਨ੍ਹਾਂ ਦਾ ਮੁਕੰਮਲ ਗਲਬਾ ਹੈ। ਕਰਨਾਟਕ ਦੇ ਮੁਸਲਮਾਨ ਸਿਆਸੀ, ਆਰਥਿਕ, ਸਮਾਜੀ ਤੇ ਸਭਿਆਚਾਰਕ ਤੌਰ ’ਤੇ ਬਿਲਕੁਲ ਨਿਤਾਣੇ ਹਨ। ਵਿਧਾਨ ਪਾਲਿਕਾ, ਨਾਗਰਿਕ ਸੇਵਾਵਾਂ ਤੇ ਪੁਲੀਸ, ਨਿਆਂ ਪਾਲਿਕਾ ਅਤੇ ਪੇਸ਼ੇਵਰ ਕਿੱਤਿਆਂ ਵਿਚ ਉਨ੍ਹਾਂ ਦੀ ਗਿਣਤੀ ਨਾਂਮਾਤਰ ਹੈ। ਉਨ੍ਹਾਂ ਦਾ ਆਰਥਿਕ ਦਰਜਾ ਬਹੁਤ ਖ਼ਰਾਬ ਹੈ। ਕਮਾਲ ਦੀ ਗੱਲ ਇਹ ਹੈ ਕਿ ਇਸ ਵੇਲੇ ਕਰਨਾਟਕ ਅਤੇ ਸਮੁੱਚੇ ਭਾਰਤ ਵਿਚ ਹਿੰਦੂ ਸ੍ਰੇਸ਼ਠਤਾ ਦੇ ਮੰਤਵ ਨੂੰ ਸਮਰਪਿਤ ਪਾਰਟੀ ਰਾਜ ਚਲਾ ਰਹੀ ਹੈ।
ਇਸ ਦੇ ਬਾਵਜੂਦ ਸਵਾਮੀ ਆਰਾਮ ਨਾਲ ਇਹ ਗੱਲ ਕਹਿ ਦਿੰਦਾ ਹੈ ਕਿ ਹਿੰਦੂਆਂ ਨਾਲ ਵਿਤਕਰਾ ਤੇ ਬੇਇਨਸਾਫ਼ੀ ਹੋ ਰਹੀ ਹੈ। ਜਦੋਂ ਕੋਈ ਪ੍ਰਾਚੀਨ, ਉੱਤਮ ਦਰਜੇ ਦੀ ਸਤਿਕਾਰਤ ਧਾਰਮਿਕ ਵਿਵਸਥਾ ਇਸ ਕਿਸਮ ਦੀ ਗੱਲ ਕਰਦੀ ਹੈ ਤਾਂ ਅਸੀਂ ਸਮਝ ਸਕਦੇ ਹਾਂ ਕਿ ਸਾਡੀ ਬਹੁਗਿਣਤੀ ਇਕ ਕਿਸਮ ਦੀ ਘੱਟਗਿਣਤੀ ਮਨੋਦਸ਼ਾ ਦਾ ਸ਼ਿਕਾਰ ਹੈ। ਅਹਿਸਾਸ ਦੇ ਪੱਧਰ ’ਤੇ ਅਤੇ ਵਿਹਾਰਕ ਪੱਖ ਤੋਂ ਹਿੰਦੁਤਵ ਤਹਿਤ ਹਿੰਦੂਆਂ ਦਾ ਇਕ ਘੱਟਗਿਣਤੀ ਮਨੋਦਸ਼ਾ ਵਾਲੀ ਬਹੁਗਿਣਤੀ ਬਣਦੇ ਜਾਣ ਦਾ ਖ਼ਤਰਾ ਹੈ ਜੋ ਖੌਫ਼ ਤੇ ਅੱਤਿਆਚਾਰ ਦੀ ਭਾਵਨਾ ਨਾਲ ਗ੍ਰਸੀ ਹੋਵੇ। ਆਪਣੀ ਸੰਖਿਆ ਦੇ ਜ਼ੋਰ ’ਤੇ ਉਹ ਰਾਜ, ਪ੍ਰਸ਼ਾਸਨ, ਮੀਡੀਆ ਅਤੇ ਇੱਥੋਂ ਤੱਕ ਕਿ ਨਿਆਂ ਪਾਲਿਕਾ ਦੇ ਕੁਝ ਵਰਗਾਂ ਦੇ ਕੰਟਰੋਲ ਜ਼ਰੀਏ ਬੇਕਿਰਕੀ ਨਾਲ ਆਪਣੀ ਇੱਛਾ ਗ਼ੈਰ-ਹਿੰਦੂਆਂ ’ਤੇ ਠੋਸਣ ਦਾ ਯਤਨ ਕਰਦੇ ਹਨ। ਹਿਜਾਬ, ਹਲਾਲ ਮੀਟ ਅਤੇ ਅਜ਼ਾਨ ’ਤੇ ਪਾਬੰਦੀਆਂ ਲਾਉਣ ਦੀਆਂ ਘਟਨਾਵਾਂ ਇਸ ਬਹੁਗਿਣਤੀਵਾਦ ਦੀਆਂ ਸੱਜਰੀਆਂ ਮਿਸਾਲਾਂ ਹਨ।
ਭਾਰਤੀ ਮੁਸਲਮਾਨਾਂ ਉਪਰ ਕੱਟੜਪੰਥੀ ਹਮਲੇ ਦੇ ਦੋ ਮਖ਼ਸੂਸ ਪਰ ਅੰਤਰ-ਸੰਬੰਧਿਤ ਪਹਿਲੂ ਹਨ। ਪਹਿਲਾ ਹੈ ਸਿਆਸੀ ਪਹਿਲੂ ਜੋ ਬਹੁਗਿਣਤੀ ਫ਼ਿਰਕੇ ਦਾ ਇਕ ਜੇਤੂ ਵੋਟ ਬੈਂਕ ਕਾਇਮ ਕਰਨ ਦੇ ਉੱਦਮ ਦਾ ਢੰਡੋਰਾ ਪਿੱਟਦਾ ਹੈ ਜਿਸ ਤਹਿਤ ਦਲਿਤਾਂ ਅਤੇ ਹੋਰਨਾਂ ਪੱਛੜੇ ਵਰਗਾਂ ਦੇ ਕੁਝ ਪ੍ਰਮੁੱਖ ਹਿੱਸਿਆਂ ਨੂੰ ਹਿੰਦੁਤਵੀ ਖੇਮੇ ਹੇਠ ਲਿਆ ਕੇ ਸਭਿਆਚਾਰਕ ਤੇ ਸਮਾਜਿਕ ਸ੍ਰੇਸ਼ਠਤਾ ਦਾ ਅਹਿਸਾਸ ਕਰਾਉਣਾ ਹੈ। ਜ਼ਿਆਦਾਤਰ ਸੂਬਿਆਂ ਵਿਚ ਅਮੂਮਨ 80 ਫ਼ੀਸਦੀ ਵੋਟਰ ਹਿੰਦੂ ਹਨ। ਜੇ ਭਾਜਪਾ ਪਹਿਲ ਹਿੰਦੂ ਤੇ ਮੁਸਲਮਾਨ ਰਹਿਤ ਰਣਨੀਤੀ ਮੁਤਾਬਿਕ ਇਨ੍ਹਾਂ ’ਚੋਂ 60 ਫ਼ੀਸਦੀ ਵੋਟਾਂ ਲੈ ਜਾਵੇ ਤਾਂ ਉਸ ਦੀ ਜਿੱਤ ਪੱਕੀ ਹੋ ਜਾਂਦੀ ਹੈ। (ਇਹੀ ਉਹ ਖੇਤਰ ਹੈ ਜਿੱਥੇ ਭਾਜਪਾ ਦੇ ਵਿਰੋਧ ਵਿਚ ਮਹਿਜ਼ ਇਕ ਹੀ ਵੱਡੀ ਸਿਆਸੀ ਪਾਰਟੀ ਮੌਜੂਦ ਹੈ ਜਦੋਂਕਿ ਸੂਬਿਆਂ ਵਿਚ ਹਿੱਸਾ ਵੰਡਾਉਣ ਵਾਲੀਆਂ ਕਈ ਪਾਰਟੀਆਂ ਹਨ ਜਿੱਥੇ ਭਾਜਪਾ ਨੂੰ ਜਿੱਤਣ ਲਈ ਬਹੁਗਿਣਤੀ ਵੋਟ ਬੈਂਕ ਦੀਆਂ 50 ਫ਼ੀਸਦ ਵੋਟਾਂ ਲਿਜਾਣੀਆਂ ਹੀ ਕਾਫ਼ੀ ਹਨ।)
ਘੱਟਗਿਣਤੀਆਂ ਉਪਰ ਕੱਟੜਪੰਥੀ ਹਮਲੇ ਦਾ ਦੂਜਾ ਪਹਿਲੂ ਵਿਚਾਰਧਾਰਕ ਹੈ- ਭਾਵ ਇਹ ਧਾਰਨਾ ਹੈ ਕਿ ਹਿੰਦੂ ਹੀ ਇਸ ਦੇਸ਼ ਦੇ ਸੱਚੇ ਸੁੱਚੇ, ਖਰੇ, ਭਰੋਸੇਮੰਦ ਨਾਗਰਿਕ ਹਨ ਅਤੇ ਭਾਰਤੀ ਮੁਸਲਮਾਨਾਂ (ਕੁਝ ਹੱਦ ਤੱਕ ਇਸਾਈਆਂ ’ਤੇ ਵੀ) ਭਰੋਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ (ਸਾਵਰਕਰ ਦੀ ਮਾੜੀ ਧਾਰਨਾ ਤਹਿਤ) ਉਨ੍ਹਾਂ ਦੀ ਪੁੰਨਭੂਮੀ ਆਪਣੀ ਪਿੱਤਰਭੂਮੀ ਤੋਂ ਬਾਹਰ ਸਥਿਤ ਹੈ। ਇਸ ਸਰਜ਼ਮੀਨ ਦੇ ਸੱਚੇ ਮਾਲਕ ਹੋਣ ਦੀ ਇਹ ਭਾਵਨਾ ਹੀ ਹਿੰਦੁਤਵੀ ਕਾਰਕੁਨਾਂ ਨੂੰ ਨਿਰੰਤਰ ਭਾਰਤੀ ਮੁਸਲਮਾਨਾਂ ਨੂੰ ਉਨ੍ਹਾਂ ਦੇ ਪਹਿਰਾਵੇ, ਉਨ੍ਹਾਂ ਦੇ ਖਾਣ-ਪਾਨ, ਰੀਤੀ ਰਿਵਾਜ, ਰੋਜ਼ੀ ਰੋਟੀ ਦੇ ਆਰਥਿਕ ਕਿੱਤਿਆਂ ਮੁਤੱਲਕ ਨਿਸ਼ਾਨੇ ’ਤੇ ਲਿਆਉਂਦੇ ਰਹਿਣ ਲਈ ਉਕਸਾਉਂਦੀ ਰਹਿੰਦੀ ਹੈ।
ਇਸ ਮਾਮਲੇ ਵਿਚ ਜਨਤਕ ਦਖ਼ਲ ਦੀ ਇਕ ਸੱਜਰੀ ਮਿਸਾਲ ਮੈਸੂਰ ਵਿਚ ਦੇਖਣ ਨੂੰ ਮਿਲੀ ਹੈ ਜਿੱਥੇ ਇਕ ਦਲੇਰ ਤੇ ਬਹੁਤ ਹੀ ਸਤਿਕਾਰਤ ਕੰਨੜ ਲੇਖਕ ਦੇਵਨੂਰ ਮਹਾਦੇਵਾ ਕੱਟੜਪੰਥੀ ਗੁੰਡਿਆਂ ਨੂੰ ਲਲਕਾਰਦੇ ਹੋਏ ਹਲਾਲ ਮੀਟ ਖਰੀਦ ਕੇ ਲਿਆਏ ਸਨ। ਇਸ ਮੌਕੇ ਮਹਾਦੇਵਾ ਨੇ ਆਖਿਆ ‘‘ਨਫ਼ਰਤ ਕੱਟੜਪੰਥੀਆਂ ਲਈ ਐਨਰਜੀ ਡਰਿੰਕ ਦੀ ਤਰ੍ਹਾਂ ਹੁੰਦੀ ਹੈ।’’ ਇਹ ਵਾਕਈ ਇਕ ਬਾਕਮਾਲ ਵਿਆਖਿਆ ਸੀ ਜਿਸ ਨਾਲ ਮੈਂ ਇੰਨੀ ਕੁ ਗੱਲ ਜੋੜਨ ਦੀ ਆਗਿਆ ਮੰਗਦਾ ਹਾਂ ਕਿ ਇਸ ਐਨਰਜੀ ਡਰਿੰਕ ਵਿਚ ਨਫ਼ਰਤ ਦੇ ਨਾਲ ਖ਼ੌਫ਼ ਦੀ ਪੁੱਠ ਵੀ ਚਾੜ੍ਹੀ ਹੁੰਦੀ ਹੈ। ਇਸ ਕੱਟੜਵਾਦੀ ਵਿਚਾਰਧਾਰਾ ਦੇ ਪ੍ਰਭਾਵ ਹੇਠ ਹਿੰਦੂ ਨਾ ਕੇਵਲ ਅਸੁਰੱਖਿਅਤ ਮਹਿਸੂਸ ਕਰਨ ਲੱਗ ਪਏ ਹਨ ਸਗੋਂ ਅਕਾਰਨ ਹੀ ਆਪਣੇ ਮਨਾਂ ਵਿਚ ਆਪਣੇ ਹਮਵਤਨਾਂ ਪ੍ਰਤੀ ਨਫ਼ਰਤ ਪਾਲ ਬੈਠੇ ਹਨ।
ਸੰਖੇਪ ਸਾਰ ਇਹ ਹੈ ਕਿ ਵਿਹਾਰਕ ਰੂਪ ’ਚ ਇਸ ਵਿਚਾਰਧਾਰਾ ਦੇ ਪਸਾਰ ਨਾਲ ਭਾਰਤ ਦੀ ਵੱਡੀ ਘੱਟਗਿਣਤੀ ਨੂੰ ਤਾਂ ਗਹਿਰਾ ਆਘਾਤ ਪਹੁੰਚੇਗਾ ਹੀ (ਜਿਵੇਂ ਕਿ ਪਹਿਲਾਂ ਹੀ ਹੋ ਰਿਹਾ ਹੈ)। ਉਂਝ, ਲੰਮੇ ਦਾਅ ਤੋਂ ਹਿੰਦੂਆਂ ਨੂੰ ਵੀ ਇਸ ਦੇ ਨਤੀਜੇ ਭੁਗਤਣੇ ਪੈਣਗੇ। ਸ੍ਰੀਲੰਕਾ ਵਿਚ ਸਿੰਹਾਲੀ ਜਨਤਾ ਨੇ ਜਿਵੇਂ ਤਮਿਲਾਂ ਨੂੰ, ਪਾਕਿਸਤਾਨ ਵਿਚ ਸੁੰਨੀਆਂ ਨੇ ਹਿੰਦੂਆਂ, ਇਸਾਈਆਂ, ਅਹਿਮਦੀਆ ਅਤੇ ਸ਼ੀਆ ਲੋਕਾਂ ਨੂੰ, ਮਿਆਂਮਾਰ ਵਿਚ ਬੋਧੀਆਂ ਨੇ ਰੋਹਿੰਗੀਆ ਭਾਈਚਾਰੇ ਨੂੰ ਭੰਡਿਆ ਤੇ ਨਿਸ਼ਾਨਾ ਬਣਾਇਆ ਸੀ, ਇਹ ਇਸੇ ਕਿਸਮ ਦੇ ਖ਼ਤਰੇ ਦੀਆਂ ਘੰਟੀਆਂ ਹਨ। ਜੇ ਕਿਤੇ ਇਹ ਤਿੰਨੋਂ ਦੇਸ਼ ਮਜ਼ਹਬੀ ਬਹੁਗਿਣਤੀਵਾਦ ਦੀ ਵਿਚਾਰਧਾਰਾ ਦੀ ਗ੍ਰਿਫ਼ਤ ਵਿਚ ਨਾ ਆਏ ਹੁੰਦੇ ਤਾਂ ਅੱਜ ਇਨ੍ਹਾਂ ਦੇ ਹਾਲਾਤ ਕਾਫ਼ੀ ਬਿਹਤਰ ਹੋਣੇ ਸਨ। ਨਫ਼ਰਤ ਤੇ ਖ਼ੌਫ਼ ਉਹ ਸਾਧਨ ਹਰਗਿਜ਼ ਨਹੀਂ ਹਨ ਜਿਨ੍ਹਾਂ ਰਾਹੀਂ ਸ਼ਾਂਤਮਈ ਤੇ ਖੁਸ਼ਹਾਲ ਸਮਾਜਾਂ ਦਾ ਨਿਰਮਾਣ ਤੇ ਪੋਸ਼ਣ ਕੀਤਾ ਜਾਂਦਾ ਹੈ।