ਚੁੰਝਾਂ-ਪ੍ਹੌਂਚੇ - - ਨਿਰਮਲ ਸਿੰਘ ਕੰਧਾਲਵੀ
21.03.2022
ਚੋਣ ਵਾਅਦੇ ਹਰ ਹਾਲ ਪੂਰੇ ਕਰਾਂਗੇ- ਕੇਜਰੀਵਾਲ
ਤੈਨੂੰ ਲੈ ਦਉਂ ਸਲੀਪਰ ਕਾਲ਼ੇ, ਭਾਵੇਂ ਮੇਰੀ ਮੱਝ ਵਿਕ ਜਾਏ।
ਸੋਨੀਆ ਗਾਂਧੀ ਦੇ ਹੱਥ ਹੀ ਰਹੇਗੀ ਕਾਂਗਰਸ ਦੀ ਕਮਾਂਡ- ਇਕ ਖ਼ਬਰ
ਜਿਤਨਾ ਚਿਰ ਭੋਗ ਨਹੀਂ ਪੈ ਜਾਂਦਾ।
ਬਾਦਲ ਪਰਵਾਰ ਅਕਾਲੀ ਦਲ ਤੋਂ ਕਬਜ਼ਾ ਛੱਡੇ- ਢੀਂਡਸਾ, ਰਾਮੂਵਾਲੀਆ
ਚੁੱਕ ਚਰਖ਼ਾ ਪਰ੍ਹਾਂ ਕਰ ਪੀੜ੍ਹੀ, ਛੜਿਆਂ ਨੇ ਬੋਕ ਬੰਨ੍ਹਣਾਂ।
‘ਆਪ’ ਆਗੂਆਂ ਵਲੋਂ ‘ਲਾਮ ਲਸ਼ਕਰ’ ਨਾਲ ਗੁਰੂ-ਘਰ ਮੱਥਾ ਟੇਕਣਾ ਪ੍ਰੰਪਰਾ ਦੇ ਉਲਟ- ਚੰਦੂਮਾਜਰਾ
ਜਦੋਂ ਮਜੀਠੀਆ ਤੇ ਸੁਖਬੀਰ ‘ਲਾਮ ਲਸ਼ਕਰ’ ਨਾਲ ਜਾਂਦੇ ਐ, ਉਦੋਂ ਕਿਉਂ ਨਹੀਂ ਬੋਲਦੇ ਬਈ?
ਜਥੇਦਾਰ ਜੀ, ਅਕਾਲੀ ਫੂਲਾ ਸਿੰਘ ਬਣੋ ਤੇ ਬਾਦਲਾਂ ਨੂੰ ਸੱਦ ਕੇ ਅਸਤੀਫ਼ੇ ਮੰਗੋ-ਬੀਰ ਦਵਿੰਦਰ ਸਿੰਘ
ਨਾ ਖੰਜਰ ਉਠੇਗਾ ਨਾ ਤਲਵਾਰ ਹੀ ਉਠੇਗੀ, ਯੇਹ ਬਾਜ਼ੂ ਮਿਰੇ ਆਜ਼ਮਾਏ ਹੂਏ ਹੈਂ।
ਪੰਜਾਬ ਵਿਚ ਕਾਂਗਰਸ ਦੀ ਹਾਰ ਲਈ ਗਾਂਧੀ ਪਰਵਾਰ ਜ਼ਿੰਮੇਵਾਰ- ਕੈਪਟਨ
ਤੁਝੇ ਪਰਾਈ ਕਿਆ ਪੜੀ, ਤੂ ਅਪਨੀ ਨਿਬੇੜ।
ਈ.ਡੀ. ਅਧਿਕਾਰੀ ਭ੍ਰਿਸ਼ਟਾਚਾਰ ਦੇ ਕੇਸ ‘ਚ ਨਾਮਜ਼ਦ- ਇਕ ਖ਼ਬਰ
ਇਕ ਨੂੰ ਕੀ ਰੋਨੀਂ ਏਂ, ਊਤ ਗਿਆ ਈ ਆਵਾ।
ਵਿਧਾਇਕਾਂ ਵਲੋਂ ਸਹੁੰ ਚੁੱਕਣ ਤੋਂ ਪਹਿਲਾਂ ਹੀ ਅਧਿਕਾਰੀਆਂ ਨੂੰ ਦਬਕੇ ਮਾਰਨ ਦੀ ਚਰਚਾ- ਇਕ ਖ਼ਬਰ
ਭੁੱਖੇ ਜੱਟ ਕਟੋਰੀ ਲੱਭੀ, ਪਾਣੀ ਪੀ ਪੀ ਆਫਰਿਆ।
ਮਨਪ੍ਰੀਤ ਸਿੰਘ ਇਯਾਲੀ ਅਕਾਲੀ ਦਲ ਵਿਧਾਇਕ ਦਲ ਦੇ ਨੇਤਾ ਹੋਣਗੇ- ਇਕ ਖ਼ਬਰ
ਅਕਾਲੀ ਦਲ ਦਾ ਵਿਧਾਇਕ ਦਲ? ਕਿਹੜਾ ਦਲ ਬਈ?
‘ਆਪ’ ਦਾ ਨਾਮ ਵਰਤਣ ਵਾਲੇ ਮਰੀਜ਼ਾਂ ਤੋਂ ਸਰਕਾਰੀ ਡਾਕਟਰ ਪਰੇਸ਼ਾਨ- ਇਕ ਖ਼ਬਰ
ਪਿੰਡ ਪਏ ਨਹੀਂ, ਉਚੱਕੇ ਪਹਿਲਾਂ ਹੀ।
ਅਮਰੀਕਾ ਨੇ ਪੂਤਿਨ ਦੇ ਖ਼ਿਲਾਫ਼ ਭਾਰਤ ਤੋਂ ਸਹਿਯੋਗ ਮੰਗਿਆ- ਇਕ ਖ਼ਬਰ
ਸੱਪ ਦੇ ਮੂੰਹ ‘ਚ ਕੋਹੜ ਕਿਰਲੀ, ਖਾਵੇ ਤਾਂ ਕੋਹੜੀ ਛੱਡੇ ਤਾਂ ਕਲੰਕੀ।
ਭਾਜਪਾ ਅਕਾਲੀ ਦਲ ਨਾਲ਼ ਸਮਝੌਤਾ ਨਹੀਂ ਕਰੇਗੀ- ਕਾਲੜਾ
ਡਰਿਓ ਲੋਕੋ ਡਰਿਓ ਵੇ, ਲੰਬੜਾਂ ਦੀ ਸੇਪ ਨਾ ਕਰਿਓ ਵੇ।
ਸੋਨੀਆ ਗਾਂਧੀ ਦੀ ਅਗਵਾਈ ‘ਤੇ ਕੋਈ ਸਵਾਲ ਨਹੀਂ- ਗੁਲਾਮ ਨਬੀ ਆਜ਼ਾਦ
ਤੇਰੇ ਦੁਆਰ ਖੜ੍ਹਾ ਇਕ ਯੋਗੀ, ਨਾ ਮਾਂਗੇ ਯੇਹ ਸੋਨਾ ਚਾਂਦੀ, ਮਾਂਗੇ ਦਰਸ਼ਨ ਦੇਵੀ।
ਚੋਣਾਂ ‘ਚ ਹਾਰ ਜਿੱਤ ਤਾਂ ਚਲਦੀ ਰਹਿੰਦੀ ਹੈ- ਪ੍ਰਕਾਸ਼ ਸਿੰਘ ਬਾਦਲ
ਭਾਈਆ ਹਾਰ ਅਤੇ ਨਮੋਸ਼ੀ ਭਰੀ ਹਾਰ ਵਿਚ ਬਹੁਤ ਫ਼ਰਕ ਹੁੰਦਾ ਹੈ।
ਜਾਖੜ ਨੇ ਅੰਬਿਕਾ ਸੋਨੀ ਖ਼ਿਲਾਫ਼ ਮੋਰਚਾ ਖੋਲ੍ਹਿਆ- ਇਕ ਖ਼ਬਰ
ਘੜਾ ਤਾਂ ਤੇਰਾ ਭੰਨ ਦਿਆਂ ਮੁਟਿਆਰੇ ਨੀਂ, ਲੱਜ ਕਰਾਂ ਟੋਟੇ ਚਾਰ ਬਾਂਕੀਏ ਨਾਰੇ ਨੀਂ।
ਆਖਰੀ ਸਾਹ ਤੱਕ ‘ਘਰ ਦੀ ਕਾਂਗਰਸ’ ਦੇ ਵਿਰੁੱਧ ਲੜਦਾ ਰਹਾਂਗਾ- ਕਪਿਲ ਸਿੱਬਲ
ਉਸ ਬਲੀ ਸ਼ਹਿਜ਼ਾਦੇ ਦਾ ਤੇਜ ਭਾਰੀ, ਜਿਸ ਕਿਲ੍ਹੇ ਨੂੰ ਮੋਰਚਾ ਲਾਇਆ ਜੀ।
ਬਾਦਲਾਂ ਦੀ ਚਿੰਤਾ ਛੱਡ ਕੇ ਸਮੁੱਚੀ ਕੌਮ ਦੀ ਅਗਵਾਈ ਕਰਨ ਜਥੇਦਾਰ- ਸੁਖਜਿੰਦਰ ਸਿੰਘ ਰੰਧਾਵਾ
ਪਹਾੜਾ ਸਿੰਘ ਸੀ ਯਾਰ ਫਰੰਗੀਆਂ ਦਾ, ਸਿੰਘਾਂ ਨਾਲ ਸੀ ਉਸ ਦੀ ਗ਼ੈਰਸਾਲੀ।