ਨਵੀਂ ਸਰਕਾਰ ਤੋਂ ਨਵੀਂਆਂ ਆਸਾਂ, ਕਿਰਦੇ ਜਾਂਦੇ ਸਮੇਂ ਨੂੰ ਵਰਤਣਾ ਤੇ ਕੁਝ ਕਰ ਕੇ ਦਿਖਾਉਣਾ ਪਵੇਗਾ - ਜਤਿੰਦਰ ਪਨੂੰ
ਪੰਜਾਬ ਇੱਕ ਵੱਡੀ ਤਬਦੀਲੀ ਦਾ ਗਵਾਹ ਬਣਦਾ ਪਿਆ ਹੈ। ਸਗੋਂ ਵੱਧ ਠੀਕ ਕਿਹਾ ਜਾਵੇ ਤਾਂ ਇਹ ਤਬਦੀਲੀ ਦਾ ਗਵਾਹ ਬਣ ਚੁੱਕਾ ਹੈ। ਪਿਛਲਾ ਸਮਾਂ ਨਾ ਵੀ ਗਿਣੀਏ ਤਾਂ ਹਰਿਆਣੇ ਨੂੰ ਕੱਢ ਦੇਣ ਪਿੱਛੋਂ ਬਾਕੀ ਬਚੇ ਮੌਜੂਦਾ ਪੰਜਾਬ ਵਿੱਚ ਤੇਈ-ਤੇਈ ਸਾਲਾਂ ਤੋਂ ਵੱਧ ਅਗਵਾਈ ਕਰ ਚੁੱਕੀਆਂ ਦੋ ਵੱਡੀਆਂ ਪਾਰਟੀਆਂ, ਕਾਂਗਰਸ ਤੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਲੋਕਾਂ ਨੇ ਰੱਦ ਕਰ ਕੇ ਇੱਕ ਨਵੀਂ ਪਾਰਟੀ ਨੂੰ ਅਗਵਾਈ ਸੌਂਪ ਦਿੱਤੀ ਹੈ। ਇਸ ਪਾਰਟੀ ਦੀ ਜਿੱਤ ਵੀ ਏਨੀ ਜ਼ੋਰਦਾਰ ਹੈ ਕਿ ਇੱਕ ਸੌ ਸਤਾਰਾਂ ਵਿੱਚੋਂ ਬਾਨਵੇਂ ਵਿਧਾਇਕ ਇਸ ਇੱਕੋ ਪਾਰਟੀ ਦੇ ਚੁਣੇ ਗਏ ਤੇ ਦੂਸਰਿਆਂ ਦੀ ਸ਼ਰਮਨਾਕ ਹਾਰ ਹੋਈ ਹੈ। ਕਾਂਗਰਸ ਪਾਰਟੀ ਮਸਾਂ ਡੇਢ ਦਰਜਨ ਵਿਧਾਇਕ ਜਿਤਵਾ ਸਕੀ ਤੇ ਅਕਾਲੀ ਦਲ ਲਈ ਪੰਜਾਬ ਦੇ ਤਿੰਨਾਂ ਖੇਤਰਾਂ ਮਾਝਾ, ਮਾਲਵਾ ਤੇ ਦੋਆਬਾ ਤੋਂ ਮਸਾਂ ਇੱਕ-ਇੱਕ ਵਿਧਾਇਕ ਮਿਲਾ ਕੇ ਤਿੰਨ ਜਣੇ ਜਿੱਤ ਸਕੇ ਹਨ ਤੇ ਦੋਵਾਂ ਪਾਰਟੀਆਂ ਦੀ ਮੁੱਖ ਲੀਡਰਸ਼ਿਪ ਅਸਲੋਂ ਰੁਲ ਗਈ ਹੈ। ਲੋਕਾਂ ਨੇ ਇੱਕੋ ਵਾਰ ਕਾਂਗਰਸੀ ਮੁੱਖ ਮੰਤਰੀ ਨੂੰ ਦੋ ਹਲਕਿਆਂ ਵਿੱਚੋਂ ਹਰਾ ਦਿੱਤਾ ਅਤੇ ਇਸ ਪਾਰਟੀ ਦੇ ਦੋ ਸਾਬਕਾ ਮੁੱਖ ਮੰਤਰੀ ਵੀ ਇਸ ਚੋਣ ਵਿੱਚ ਹਾਰ ਗਏ। ਪੰਜਾਬ ਦੇ ਸਿਆਸੀ ਖੇਤਰ ਵਿੱਚ ਕਾਂਗਰਸ ਦੀ ਅੱਧੀ ਸਦੀ ਤੋਂ ਵੱਧ ਸਮਾਂ ਸ਼ਰੀਕਣੀ ਬਣਦੀ ਰਹੀ ਅਕਾਲੀ ਪਾਰਟੀ ਦਾ ਪੰਜ ਵਾਰ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਬੜੀ ਤੁਰੀ ਤਰ੍ਹਾਂ ਹਾਰ ਗਿਆ ਤੇ ਉਸ ਦਾ ਸਾਬਕਾ ਡਿਪਟੀ ਮੁੱਖ ਮੰਤਰੀ ਪੁੱਤਰ ਵੀ ਪੂਰਾ ਮੁੱਖ ਮੰਤਰੀ ਬਣਨ ਦੇ ਸੁਫਨੇ ਲੈਂਦਾ ਹਾਰ ਦਾ ਗਮ ਲੈ ਕੇ ਬਹਿ ਗਿਆ। ਜਿਹੜੀ ਪਾਰਟੀ ਪੰਜ ਸਾਲ ਪਹਿਲਾਂ ਦੀ ਚੋਣ ਵਿੱਚ ਪੰਜਾਬ ਦੀ ਕਮਾਨ ਸਾਂਭਣ ਦਾ ਦਾਅਵਾ ਕਰਦੀ ਮਸਾਂ ਵੀਹ ਸੀਟਾਂ ਜਿੱਤ ਸਕੀ ਤੇ ਬਾਹਰਿਲਆਂ ਦੀ ਚੁੱਕ ਹੇਠ ਇਸ ਦੇ ਦਸ ਵਿਧਾਇਕ ਪਾਰਟੀ ਛੱਡ ਕੇ ਇਸ ਲਈ ਨਮੋਸ਼ੀ ਦਾ ਕਾਰਨ ਬਣੇ ਸਨ, ਇਨ੍ਹਾਂ ਚੋਣਾਂ ਵਿੱਚ ਉਸ ਧਿਰ ਨੂੰ ਫਿਰ ਨਿਕੰਮਾ ਤੇ ਕਈ ਕੁਝ ਹੋਰ ਕਿਹਾ ਜਾਂਦਾ ਰਿਹਾ ਸੀ, ਪਰ ਉਹ ਪੰਜਾਬ ਦੀਆਂ ਦੋਵਾਂ ਮੁੱਖ ਧਿਰਾਂ ਨੂੰ ਹਰਾ ਕੇ ਜਿੱਤ ਗਈ ਹੈ। ਉਸ ਪਾਰਟੀ ਦੇ ਮੁਖੀ ਭਗਵੰਤ ਮਾਨ ਨੇ ਹਰਮਨ ਪਿਆਰਤਾ ਦੇ ਪੱਖ ਤੋਂ ਸਾਰੇ ਪਿਛਲੇ ਮੁੱਖ ਮੰਤਰੀਆਂ ਨੂੰ ਪਛਾੜ ਦਿੱਤਾ ਹੈ।
ਇਸ ਰਾਜ ਵਿੱਚ ਇਸ ਪੱਖੋਂ ਤਬਦੀਲੀ ਦਾ ਪਹਿਲਾ ਪ੍ਰਗਟਾਵਾ ਇਹ ਸੀ ਕਿ ਨਵੇਂ ਮੁੱਖ ਮੰਤਰੀ ਦੇ ਸਹੁੰ ਚੁੱਕਣ ਦੀ ਰਸਮ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿੱਚ ਕੀਤੀ ਗਈ ਹੈ। ਨਵੇਂ ਮੁੱਖ ਮੰਤਰੀ ਦੀ ਕਾਰਗੁਜ਼ਾਰੀ ਦੇ ਬਾਰੇ ਬਾਕੀ ਦਾ ਲੇਖਾ ਬਾਅਦ ਵਿੱਚ ਕੀਤਾ ਜਾਵੇਗਾ, ਪਰ ਸਰਕਾਰ ਸੰਭਾਲਦੇ ਸਾਰ ਜਿਹੜੇ ਪਹਿਲੇ ਕਦਮ ਉਠਾਏ ਹਨ, ਉਹ ਪੰਜਾਬ ਦੇ ਲੋਕਾਂ ਦੀ ਸ਼ਲਾਘਾ ਖੱਟਣ ਵਾਲੇ ਹਨ। ਚਾਰਜ ਲੈਂਦੇ ਸਾਰ ਨਵੇਂ ਮੁੱਖ ਮੰਤਰੀ ਨੇ ਅਫਸਰਾਂ ਦੀ ਬੈਠਕ ਵਿੱਚ ਸਾਫ ਕਹਿ ਦਿੱਤਾ ਕਿ ਲੋਕਤੰਤਰ ਵਿੱਚ ਸਾਡੇ ਸਭਨਾਂ ਤੋਂ ਵੱਡੇ ਲੋਕ ਹੁੰਦੇ ਹਨ, ਜਿਹੜੇ ਕਿਸੇ ਨੂੰ ਫਰਸ਼ ਤੋਂ ਅਰਸ਼ ਤੱਕ ਪੁਚਾਉਣ ਦੀ ਤਾਕਤ ਦੇ ਮਾਲਕ ਹਨ ਤੇ ਅਰਸ਼ ਉੱਤੇ ਪਹੁੰਚਿਆ ਆਗੂ ਜੇ ਆਸਾਂ ਉੱਤੇ ਪੂਰਾ ਨਹੀਂ ਉੱਤਰਦਾ ਤਾਂ ਫਰਸ਼ ਉੱਤੇ ਵੀ ਸੁੱਟਣ ਦੇ ਸਮਰੱਥ ਹਨ ਅਤੇ ਅਫਸਰਸ਼ਾਹੀ ਲੋਕਾਂ ਲਈ ਹਾਕਮ ਨਹੀਂ, ਸੇਵਕ ਹੋਣੀ ਚਾਹੀਦੀ ਹੈ। ਅਫਸਰਾਂ ਨੂੰ ਇਹ ਵੀ ਕਹਿ ਦਿੱਤਾ ਕਿ ਜਿਹੜੇ ਅਫਸਰ ਚੰਗਾ ਕੰਮ ਕਰਨਗੇ, ਉਨ੍ਹਾਂ ਦਾ ਸਨਮਾਨ ਸਰਕਾਰ ਕਰੇਗੀ ਤੇ ਜਿਨ੍ਹਾਂ ਦੀ ਆਮ ਲੋਕਾਂ ਨਾਲ ਕਿਸੇ ਮਾੜੇ ਵਿਹਾਰ ਦੀ ਸ਼ਿਕਾਇਤ ਆਈ, ਉਹ ਕਿਸੇ ਹਮਦਰਦੀ ਦੀ ਝਾਕ ਵੀ ਨਾ ਰੱਖਣ। ਅਗਲੇ ਦਿਨ ਮੁੱਖ ਮੰਤਰੀ ਨੇ ਨਰਮੇ ਵਾਲੇ ਕਿਸਾਨਾਂ ਨੂੰ ਸੁੰਡੀ ਨਾਲ ਖਰਾਬ ਹੋਈ ਫਸਲ ਦਾ ਚਿਰਾਂ ਦਾ ਰੁਕਿਆ ਮੁਆਵਜ਼ਾ ਦੇਣ ਲਈ ਹੁਕਮ ਜਾਰੀ ਕੀਤਾ ਤਾਂ ਨਾਲ ਨਰਮੇ ਦੀ ਚੁਗਾਈ ਕਰ ਕੇ ਪਰਵਾਰ ਪਾਲਣ ਵਾਲੇ ਮਜ਼ਦੂਰਾਂ ਦੇ ਪਰਵਾਰਾਂ ਦਾ ਖਿਆਲ ਵੀ ਰੱਖਿਆ ਅਤੇ ਉਨ੍ਹਾਂ ਦੀ ਮਦਦ ਲਈ ਵੀ ਬਣਦੀ ਨਕਦ ਸਹਾਇਤਾ ਦੇਣ ਦਾ ਹੁਕਮ ਵੀ ਦੇ ਦਿੱਤਾ ਹੈ।
ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਇਹ ਸਰਕਾਰ ਗੱਲਾਂ ਤਾਂ ਬਹੁਤ ਕਰਦੀ ਹੈ, ਅਮਲ ਵਿੱਚ ਕੰਮ ਕਰਨਾ ਏਨਾ ਸੌਖਾ ਨਹੀਂ ਹੁੰਦਾ, ਇਸ ਕੋਲੋਂ ਕੀਤੇ ਗਏ ਵਾਅਦਿਆਂ ਮੁਤਾਬਕ ਸਿੱਟੇ ਨਹੀਂ ਨਿਕਲ ਸਕਣੇ। ਸਾਡੀ ਸਮਝ ਕਹਿੰਦੀ ਹੈ ਕਿ ਕਰਨ ਵਾਲੇ ਦੀ ਨੀਤ ਸਾਫ ਹੋਣ ਨਾਲ ਉਹ ਕੰਮ ਵੀ ਹੋ ਜਾਂਦੇ ਹਨ, ਜਿਹੜੇ ਕਿਸੇ ਹੋਰ ਨੇ ਨਹੀਂ ਕੀਤੇ ਤੇ ਏਸੇ ਸਰਕਾਰੀ ਮਸ਼ੀਨਰੀ ਤੋਂ ਕਰਵਾਉਣ ਦੀਆਂ ਮਿਸਾਲਾਂ ਵੀ ਮੌਜੂਦ ਹਨ। ਇਸ ਦੀ ਇੱਕ ਮਿਸਾਲ ਇਸ ਵਾਰ ਅਸੈਂਬਲੀ ਚੋਣਾਂ ਦੇ ਵਕਤ ਮਿਲ ਗਈ। ਪੰਜਾਬ ਦੇ ਮੌਜੂਦਾ ਮੁੱਖ ਚੋਣ ਅਫਸਰ ਡਾਕਟਰ ਕਰੁਣਾ ਰਾਜੂ ਦੀ ਨੀਤ ਉੱਤੇ ਕੋਈ ਸ਼ੱਕ ਨਹੀਂ ਕਰ ਸਕਦਾ। ਉਨ੍ਹਾਂ ਨੇ ਸਾਫ-ਸਾਫ ਕਹਿ ਦਿੱਤਾ ਕਿ ਕਾਨੂੰਨ ਦੀ ਉਲੰਘਣਾ ਨਹੀਂ ਹੋਣ ਦੇਣਗੇ ਅਤੇ ਹੋਣ ਵੀ ਨਹੀਂ ਦਿੱਤੀ। ਹੋਰ ਤਾਂ ਹੋਰ, ਇਸ ਵਾਰੀ ਕਾਨੂੰਨ ਤੋਂ ਭਗੌੜੇ ਏਨੇ ਅਪਰਾਧੀ ਸਿਰਫ ਚੋਣਾਂ ਦੌਰਾਨ ਫੜੇ ਗਏ ਕਿ ਪੁਰੀ ਗਿਣਤੀ ਦਾ ਪਤਾ ਲੱਗਣ ਨਾਲ ਬੰਦਾ ਹੈਰਾਨ ਹੋ ਜਾਂਦਾ ਹੈ। ਵੋਟਾਂ ਪੈਣ ਤੋਂ ਦੋ ਦਿਨ ਪਹਿਲਾਂ ਇੱਕ ਆਮ ਨਾਗਰਿਕ ਨੇ ਉਨ੍ਹਾਂ ਨੂੰ ਇੱਕ ਸੁਨੇਹਾ ਭੇਜ ਦਿੱਤਾ ਕਿ ਫਲਾਣੇ ਇਲਾਕੇ ਵਿੱਚ ਇੱਕ ਗੈਂਗਸਟਰ ਫਿਰਦਾ ਹੈ, ਜਿਹੜਾ ਵੋਟਾਂ ਵਾਲੇ ਦਿਨ ਕੋਈ ਚੰਦ ਚਾੜ੍ਹ ਸਕਦਾ ਹੈ। ਡਾਕਟਰ ਕਰੁਣਾ ਰਾਜੂ ਨੇ ਸੰਬੰਧਤ ਜ਼ਿਲੇ ਦੇ ਪੁਲਸ ਮੁਖੀ ਨੂੰ ਕਿਹਾ ਅਤੇ ਨਾਲ ਉਸ ਤੋਂ ਡੀ ਐੱਸ ਪੀ ਦਾ ਨੰਬਰ ਵੀ ਲੈ ਲਿਆ, ਜਿਸ ਨੇ ਇਹ ਕੰਮ ਕਰਨਾ ਸੀ। ਫਿਰ ਉਸ ਡੀ ਐੱਸ ਪੀ ਨੂੰ ਫੋਨ ਕਰ ਕੇ ਹਰ ਅੱਧੇ ਘੰਟੇ ਪਿੱਛੋਂ ਕਾਰਵਾਈ ਕੀਤੀ ਦੀ ਰਿਪੋਰਟ ਦੇਣ ਅਤੇ ਆਪਣੀ ਲੋਕੇਸ਼ਨ ਦੱਸਣ ਨੂੰ ਕਹਿ ਦਿੱਤਾ ਤੇ ਜਦੋਂ ਡੀ ਐੱਸ ਪੀ ਨੇ ਗੱਲਾਂ ਵਿੱਚ ਘੁੰਮਾਉਣ ਲਈ ਥੋੜ੍ਹਾ ਸਮਾਂ ਖਾਲੀ ਲੰਘਾ ਦਿੱਤਾ ਤਾਂ ਉਸ ਨੂੰ ਕਹਿ ਦਿੱਤਾ ਕਿ ਜੇ ਗੈਂਗਸਟਰ ਨਾ ਫੜਿਆ ਤਾਂ ਇੱਕ ਘੰਟੇ ਵਿੱਚ ਏਥੇ ਨਵਾਂ ਡੀ ਐੱਸ ਪੀ ਆਵੇਗਾ ਅਤੇ ਤੁਸੀਂ ਕਾਰਵਾਈ ਦਾ ਸਾਹਮਣਾ ਕਰੋਗੇ। ਵਰਦੀ ਲਹਿ ਜਾਣ ਦੀ ਚਿੰਤਾ ਵਿੱਚ ਅਜੇ ਤੱਕ ਗੱਲ ਟਾਲਦੇ ਰਹੇ ਡੀ ਐੱਸ ਪੀ ਨੇ ਅੱਧੇ ਘੰਟੇ ਤੋਂ ਪਹਿਲਾਂ ਰਿਪੋਰਟ ਭੇਜ ਦਿੱਤੀ ਕਿ ਗੈਂਗਸਟਰ ਫੜ ਲਿਆ ਹੈ, ਕਿਉਂਕਿ ਲੱਭਣ ਦੀ ਲੋੜ ਨਹੀਂ ਸੀ, ਉਸ ਨੂੰ ਪਤਾ ਹੋਵੇਗਾ ਕਿ ਬੰਦਾ ਕਿਸ ਰਾਜਸੀ ਆਗੂ ਨੇ ਕਿੱਥੇ ਲੁਕਾਇਆ ਹੈ!
ਇਹ ਸਿਰਫ ਇੱਕ ਮਿਸਾਲ ਹੈ, ਪਰ ਇੱਕੋ-ਇੱਕੋ ਨਹੀਂ, ਅਗਲੇ ਦਿਨਾਂ ਵਿੱਚ ਏਦਾਂ ਦੀਆਂ ਕਈ ਮਿਸਾਲਾਂ ਹੋਰ ਵੀ ਮਿਲਣ ਦੀ ਆਸ ਹੈ। ਸਰਕਾਰ ਜਦੋਂ ਕੁਝ ਅਗਲੇ ਕਦਮ ਉਠਾਵੇਗੀ ਤੇ ਦਫਤਰਾਂ ਵਿੱਚ ਸਿਰਫ ਲੋਕ ਲੁਭਾਊ ਛਾਪਿਆਂ ਦੀ ਕਾਰਵਾਈ ਪਾਉਣ ਰੁੱਝੇ ਹੋਏ ਆਪਣੇ ਵਿਧਾਇਕਾਂ ਨੂੰ ਡਿਸਿਪਲਿਨ ਵਿੱਚ ਰੱਖੇਗੀ, ਉਸ ਮਗਰੋਂ ਉਸ ਬਾਰੇ ਅਗਲੇ ਪੜਾਵਾਂ ਵਿੱਚ ਸੋਚਿਆ ਜਾ ਸਕਦਾ ਹੈ, ਪਰ ਮੁੱਢਲੇ ਪੱਧਰ ਉੱਤੇ ਲੋਕਾਂ ਨੂੰ ਉਸ ਤੋਂ ਆਸਾਂ ਬਹੁਤ ਹਨ। ਆਮ ਲੋਕਾਂ ਦੀਆਂ ਇਨ੍ਹਾਂ ਵੱਡੀਆਂ ਆਸਾਂ ਮੁਤਾਬਕ ਕੰਮ ਕਰਨਾ ਅਤੇ ਸਿੱਟੇ ਕੱਢਣਾ ਇਸ ਪਾਰਟੀ ਲਈ ਵੱਡਾ ਇਮਤਿਹਾਨ ਹੈ। ਪੰਜਾਬ ਦੇ ਲੋਕਾਂ ਨੇ ਜਿੱਦਾਂ ਦਾ ਫਤਵਾ ਦਿੱਤਾ ਹੈ, ਉਸ ਦੇ ਬਾਅਦ ਨਾਅਰੇ ਭਾਵੇਂ ਇਨਕਲਾਬ ਦੇ ਲੱਗਦੇ ਰਹੇ ਹੋਣ, ਇਹ ਕੋਈ ਵਿਚਾਰਧਾਰਕ ਜਾਂ ਵੱਖਰੇ ਸਮਾਜ ਦੀ ਸਿਧਾਂਤਕ ਪਹੁੰਚ ਵਾਲਾ ਇਨਕਲਾਬ ਨਹੀਂ ਮੰਨਣਾ ਚਾਹੀਦਾ। ਇਹ ਇੱਕ ਤਬਦੀਲੀ ਜ਼ਰੂਰ ਹੈ, ਪਰ ਤਬਦੀਲੀ ਇਸੇ ਸਿਆਸੀ ਢਾਂਚੇ ਅੰਦਰ ਆਏ ਵਿਗਾੜਾਂ ਨੂੰ ਏਸੇ ਸੰਵਿਧਾਨ ਤੇ ਅਜੋਕੇ ਨਿਯਮਾਂ ਦੇ ਅਧੀਨ ਚੱਲਦੇ ਹੋਏ ਹੀ ਸਮਾਜ ਨੂੰ ਸੁਧਾਰ ਕੇ ਲੀਹ ਉੱਤੇ ਪਾਉਣ ਵੱਲ ਸੇਧਤ ਹੈ। ਸਮਾਜ ਸੁਧਾਰਕ ਅੰਨਾ ਹਜ਼ਾਰੇ ਨੇ ਭਾਰਤ ਦੇ ਲੋਕਾਂ ਦੀ ਚੇਤਨਾ ਨੂੰ ਜਦੋਂ ਟੁੰਬਿਆ ਤੇ ਉਨ੍ਹਾਂ ਨੂੰ ਸਿਰਫ ਭ੍ਰਿਸ਼ਟਾਚਾਰ ਵਿਰੋਧ ਦੇ ਇੱਕ ਨੁਕਤੇ ਉੱਤੇ ਲਾਮਬੰਦੀ ਦੇ ਰਾਹ ਪਾਇਆ ਸੀ, ਉਹ ਵੀ ਕੋਈ ਸਿਧਾਂਤਕ ਪੱਖ ਤੋਂ ਇਨਕਲਾਬ ਦੀ ਲਹਿਰ ਨਹੀਂ, ਇਸੇ ਸਿਸਟਮ ਦੇ ਅੰਦਰ ਆ ਚੁੱਕੇ ਵਿਗਾੜਾਂ ਨੂੰ ਸੁਧਾਰਨ ਦੀ ਕੋਸ਼ਿਸ਼ ਸੀ। ਜਦੋਂ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਦਾ ਕ੍ਰਿਸ਼ਮਾ ਹੋਇਆ ਤੇ ਭਾਰਤ ਦੀ ਰਾਜਧਾਨੀ ਦੇ ਲੋਕਾਂ ਨੇ ਉਸ ਦਾ ਕੰਮ ਹੁੰਦਾ ਵੇਖਿਆ ਤਾਂ ਅਗਲੀ ਵਾਰ ਫਿਰ ਕੇਜਰੀਵਾਲ ਦੀ ਅਗਵਾਈ ਦੇ ਹੱਕ ਵਿੱਚ ਫਤਵਾ ਦੇ ਦਿੱਤਾ ਸੀ। ਉਸ ਦੀਆਂ ਲਗਾਤਾਰ ਇਨ੍ਹਾਂ ਦੋ ਜਿੱਤਾਂ ਨੇ ਭਾਰਤੀ ਲੋਕਾਂ ਨੂੰ ਵਿਖਾ ਦਿੱਤਾ ਸੀ ਕਿ ਸਿਰਫ ਕਿਸੇ ਇੱਕ ਧਰਮ ਦੇ ਨਾਂਅ ਉੱਤੇ ਆਮ ਲੋਕਾਂ ਨੂੰ ਉਕਸਾ ਕੇ ਹੀ ਰਾਜ ਦੀ ਮਿਆਦ ਲੰਮੀ ਨਹੀਂ ਕੀਤੀ ਜਾਂਦੀ, ਆਮ ਲੋਕਾਂ ਦਾ ਸਾਹ ਅਮਲ ਵਿੱਚ ਸੁਖਾਲਾ ਕੀਤਾ ਜਾਵੇ ਤਾਂ ਲੋਕ ਇਸ ਦੀ ਵੀ ਏਨੀ ਕਦਰ ਪਾਉਂਦੇ ਹਨ ਕਿ ਬਾਕੀ ਸਭ ਗੱਲਾਂ ਰੱਦ ਕਰ ਦੇਂਦੇ ਹਨ। ਪੰਜਾਬ ਵਿੱਚ ਜਿਹੜੀ ਤਬਦੀਲੀ ਆਈ ਹੈ, ਉਹ ਕਿਸੇ ਸਿਧਾਂਤਕ ਸੋਚਣੀ ਦੀ ਪ੍ਰਤੀਕ ਨਹੀਂ, ਪੰਜਾਬ ਦੇ ਆਮ ਲੋਕਾਂ ਦੀ ਇਸ ਇੱਛਾ ਦੀ ਪ੍ਰਤੀਕ ਹੈ ਕਿ ਇਸ ਰਾਜ ਵਿੱਚ ਆਮ ਲੋਕਾਂ ਦੀ ਕਦਰ ਕਦੇ ਨਾ ਕਦੇ ਪੈਣੀ ਚਾਹੀਦੀ ਹੈ। ਇਸ ਨੇਕ ਸੋਚ ਲਈ ਲੋਕਾਂ ਨੇ ਵੋਟਾਂ ਪਾਈਆਂ ਹਨ ਅਤੇ ਇਸ ਸੋਚ ਲਈ ਨਵੀਂ ਸਰਕਾਰ ਨੂੰ ਅਗਲੇ ਕਦਮ ਪੁੱਟਣੇ ਪੈਣਗੇ ਅਤੇ ਯਾਦ ਰੱਖਣਾ ਹੋਵੇਗਾ ਕਿ ਜਿੰਨਾ ਵੀ ਲੰਮਾ ਸਮਝਿਆ ਜਾਵੇ, ਪੰਜ ਸਾਲ ਵਾਲਾ ਸਮਾਂ ਨਾ ਕੰਮ ਕਰਨ ਦੇ ਲਈ ਬਹੁਤਾ ਹੁੰਦਾ ਹੈ, ਨਾ ਲੋਕਾਂ ਨੂੰ ਗੱਲਾਂ ਵਿੱਚ ਲਾ ਕੇ ਡੰਗ ਟਪਾਉਣ ਲਈ ਮਿਲਿਆ ਹੁੰਦਾ ਹੈ। ਇੱਕ-ਇੱਕ ਦਿਨ ਕਰ ਕੇ ਕਿਰਦੇ ਜਾ ਸਕਦੇ ਇਸ ਪੰਜ ਸਾਲਾਂ ਵਾਲੇ ਸਮੇਂ ਵਿੱਚ ਹਰ ਪਲ ਲੋਕਾਂ ਦੇ ਲੇਖੇ ਲਾਉਣਾ ਪਵੇਗਾ। ਸਿੱਟੇ ਤਦੇ ਹੀ ਨਿਕਲਣਗੇ।