ਕਿਤੇ ਪੰਜਾਬੀਆਂ ਨਾਲ ਧੋਖਾ ਨਾ ਕਰ ਬੈਠਿਓ! - ਬਲਵੰਤ ਸਿੰਘ ਗਿੱਲ
75 ਸਾਲਾਂ ਬਾਅਦ ਪੰਜਾਬੀਆਂ ਨੇ ਰਾਜਨੀਤਿਕ ਇਨਕਲਾਬ ਲਿਆ ਦਿੱਤਾ। ਰਵਾਇਤੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਦੀ ਅਜਾਰੇਦਾਰੀ ਨੂੰ ਸਿਰਿਓਂ ਨਿਕਾਰ ਕੇ ਇਤਿਹਾਸ ਵਿੱਚ ਇੱਕ ਨਵਾਂ ਅਧਿਆਇ ਲਿਖ ਦਿੱਤਾ। ਜਿਸ ਦਾ ਨਤੀਜਾ ਇਹ ਹੋਇਆ ਕਿ ਜਿਸ ਰਾਜਨੀਤਿਕ ਪਾਰਟੀ ਨੂੰ ਐਵੇਂ ਨਿਗੁਣੀ ਜਾਂ ਪਰਾਈ ਪਾਰਟੀ ਆਖਿਆ ਜਾਂਦਾ ਸੀ ਉਸ ਆਮ ਪਾਰਟੀ ਨੂੰ ਧੜੱਲੇਦਾਰ ਜਿੱਤ ਦੁਆ ਕੇ ਇਹ ਸਾਬਤ ਕਰ ਦਿੱਤਾ ਕਿ ਜਿਹੜੇ ਪੰਜਾਬੀ ਗੋਰਿਆਂ ਤੋਂ ਇੱਕ ਮੁਲਕ ਨੂੰ ਆਜ਼ਾਦ ਕਰਵਾ ਸਕਦੇ ਹਨ, ਉਹਨਾਂ ਸਾਹਮਣੇ ਦੇਸੀ ਪਾਰਟੀਆਂ ਕਿਸ ਦੀਆਂ ਪਾਣੀਹਾਰ ਹਨ। ਆਮ ਆਦਮੀ ਪਾਰਟੀ ਦੇ ਹੱਕ ਵਿੱਚ ਐਗਜ਼ਿਟ ਪੋਲ ਨੇ ਜਿਹੜੀ ਹਾਮੀ ਭਰੀ ਸੀ ਉਸ ਨੂੰ ਅਸੀਂ ਵਿਦੇਸ਼ਾਂ ਵਿੱਚ ਬੈਠੇ ਪ੍ਰਵਾਸੀ ਵੀ ਬਹੁਤਾ ਯਕੀਨ ਨਹੀਂ ਸੀ ਕਰ ਰਹੇ। ਹਰ ਇੱਕ ਸੋਚ ਰਿਹਾ ਸੀ ਕਿ ਐਤਕੀਂ ਪੰਜਾਬ ਦੀ ਸਰਕਾਰ ਐਵੇਂ ਖਿਚੜੀ ਜਹੀ ਹੀ ਬਣੇਗੀ। ਕੁਝ ਲੋਕੀਂ ਆਮ ਪਾਰਟੀ ਨੂੰ ਮਸਾਂ ਸਰਕਾਰ ਬਣਾਉਣ ਜੋਗੀ ਬਹਮੱਤ ਦਿੰਦੇ ਸਨ। ਬਹੁਤੇ ਲੋਕਾਂ ਦਾ ਖ਼ਿਆਲ ਸੀ ਕਿ ਆਮ ਪਾਰਟੀ ਵਿੱਚ ਦੂਸਰੀਆਂ ਪਾਰਟੀਆਂ ਛੱਡ ਕੇ ਆਏ ਮੌਕਾ ਪ੍ਰਸਤ ਟਿਕਟਾਂ ਦੇ ਚਾਹਵਾਨ ਝੱਟ ਛੜੱਪਾ ਮਾਰ ਕੇ ਆਪਣੀਆਂ ਰਵਾਇਤੀ ਪਾਰਟੀਆਂ ਵਿੱਚ ਜਾ ਰਲਣਗੇ ਜਾਂ ਫਿਰ ਬੀਜੇਪੀ ਦੀ ਕੇਂਦਰੀ ਸਰਕਾਰ ਪਿਛਲੀਆਂ ਗੋਆ ਸੂਬੇ ਦੀਆਂ ਚੋਣਾਂ ਵਾਂਗ ਕਾਂਗਰਸ ਨੂੰ ਬਹੁ ਗਿਣਤੀ ਵਿੱਚ ਹੁੰਦਿਆਂ ਹੋਇਆਂ ਵੀ ਠਿੱਬੀ ਲਾ ਕੇ ਆਪਣੀ ਸਰਕਾਰ ਬਣਾ ਲੈਣਗੇ।
ਪੰਜਾਬੀਆਂ ਦਾ ਸੁਭਾਅ ਹਮੇਸ਼ਾ ਇਨਕਲਾਬੀ ਕਰਕੇ ਜਾਣਿਆ ਜਾਂਦਾ ਹੈ। ਸੁਭਾਅ ਦੀ ਦੂਸਰੀ ਸਿਫ਼ਤ ਇਹ ਹੈ ਕਿ ਜਿਸ ਲੋੜਵੰਦ ਦੀ ਬਾਂਹ ਪਕੜਦੇ ਹਨ, ਥੋੜ੍ਹੇ ਕੀਤੇ ਛੱਡਦੇ ਨਹੀਂ। ਅਗਰ ਕੋਈ ਧੋਖਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਪੰਜਾਬੀ ਥੋੜ ਚਿਰੀ ਧੋਖਾ ਤਾਂ ਖਾ ਲੈਣਗੇ ਪਰ ਮੌਕਾ ਪੈਣ ਤੇ ਗਲੋਂ ਫੜ ਕੇ ਥੱਲੇ ਵੀ ਸੁੱਟਣਾ ਵੀ ਜਾਣਦੇ ਹਨ। ਪੰਜਾਬੀ ਕੌਮ 2012 ਤੋਂ ਲੈ ਕੇ ਅਗਲੀਆਂ ਦੋ ਚੋਣਾਂ ਵਿੱਚ ਕਿਸੇ ਸੁਚੱਜੇ ਬਦਲਾਅ ਲਿਆਉਣ ਦੀ ਤਾਂਘ ਵਿੱਚ ਸੀ। ਸਰਦਾਰ ਮਨਪ੍ਰੀਤ ਸਿੰਘ ਬਾਦਲ ਦੀ ਪੰਜਾਬ ਪਿਊਪਲ ਪਾਰਟੀ ਨੂੰ ਸੱਤਾ ਵਿੱਚ ਲਿਆਉਣ ਲਈ ਪੰਜਾਬੀਆਂ ਨੇ ਖ਼ਾਸ ਕਰਕੇ ਪ੍ਰਵਾਸੀ ਪੰਜਾਬੀਆਂ ਨੇ ਕਿਹੜਾ ਯੋਗਦਾਨ ਨਹੀਂ ਪਾਇਆ। ਕੈਨੇਡਾ, ਇੰਗਲੈਂਡ ਅਤੇ ਆਸਟ੍ਰੇਲੀਆ ਤੋਂ ਜਹਾਜ਼ ਭਰ ਕੇ ਪੰਜਾਬੀ ਆਪਣੇ ਸੂਬੇ ਵਿੱਚ ਪਹੁੰਚੇ। ਪੀ.ਪੀ.ਪੀ. ਨੂੰ ਜਿਤਾਉਣ ਲਈ ਹਰ ਸੰਭਵ ਸਹਾਇਤਾ ਦਿੱਤੀ। ਪਾਰਟੀ ਜਿੱਤ ਨਾ ਸਕੀ ਅਤੇ ਮਨਪ੍ਰੀਤ ਜੀ ਸੁਆਰਥੀ ਨਿਕਲੇ। ਆਪਣੀ ਪਾਰਟੀ ਵਿੱਚੇ ਛੱਡ ਕੇ ਕਾਂਗਰਸ 'ਚ ਜਾ ਰਲੇ। 2017 ਦੀਆਂ ਚੋਣਾਂ ਵਿੱਚ ਆਮ ਪਾਰਟੀ ਦੀ ਖੁੱਲ੍ਹ ਕੇ ਮਦਦ ਕੀਤੀ। ਇਸ ਵਾਰ ਕਾਂਗਰਸ ਅਤੇ ਅਕਾਲੀ ਰਲ ਗਏ ਅਤੇ ਆਮ ਆਦਮੀ ਪਾਰਟੀ ਨੂੰ ਜਿੱਤਣ ਨਹੀਂ ਦਿੱਤਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਮ ਆਦਮੀ ਪਾਰਟੀਆਂ ਦੀਆਂ ਕੁਝ ਕਮਜ਼ੋਰੀਆਂ ਸਨ, ਜਿਨ੍ਹਾਂ ਕਰਕੇ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਸ ਵਾਰ ਚੋਣ ਵਿਚ ਆਮ ਆਦਮੀ ਪਾਰਟੀ ਨੇ ਆਪਣੀਆਂ ਪਿਛਲੀਆਂ ਕਮਜ਼ੋਰੀਆਂ ਨੂੰ ਦੂਰ ਕਰਕੇ ਪੰਜਾਬ ਨੂੰ ਇੱਕ ਸਵੱਛ ਅਤੇ ਵਧੀਆ ਸਰਕਾਰ ਦੇਣ ਦੀਆਂ ਗਰੰਟੀਆਂ ਦਿੱਤੀਆਂ। ਪੰਜਾਬੀ ਤਾਂ ਪਹਿਲੋਂ ਹੀ ਕਿਸੇ ਬਦਲਾਵ ਦੀ ਭਾਲ ਵਿੱਚ ਸਨ। ਉਪਰੋਂ ਅਕਾਲੀਆਂ ਦੇ ਪਰਿਵਾਰਵਾਦ, ਭਰਿਸ਼ਟ ਪ੍ਰਸ਼ਾਸਨ, ਧਾਰਮਿਕ ਬੇਅਦਬੀਆਂ, ਬੇਰੁਜ਼ਗਾਰੀ, ਨਸ਼ੇਪੱਤੀ ਦੀ ਮਾਰ ਅਤੇ ਕਿਰਸਾਨਾਂ ਦੇ ਕਰਜ਼ਿਆਂ ਅਤੇ ਸਰਕਾਰੀ ਖ਼ਜ਼ਾਨੇ ਨੂੰ ਢਾਹ ਲਾ ਕੇ ਖ਼ਾਲੀ ਕਰਨ ਵਰਗੀਆਂ ਅਲਾਮਤਾਂ ਸਨ। ਕਾਂਗਰਸ ਨੂੰ ਆਗੂਆਂ ਦੀ ਫੁੱਟ ਅਤੇ ਪਿਛਲੀਆਂ ਚੋਣਾਂ ਵਿੱਚ ਕੀਤੇ ਵਾਅਦਿਆਂ ਤੋਂ ਪਰ੍ਹੇ ਰਹਿਣ ਦਾ ਇਤਿਹਾਸ ਢਾਹ ਲਾ ਗਿਆ, ਜਿਹੜਾ ਕਿ ਆਮ ਆਦਮੀ ਪਾਰਟੀ ਨੂੰ ਪੂਰੀ ਤਰਾਂ ਰਾਸ ਆਇਆ। ਦਿੱਲੀ ਵਿੱਚ ਕੀਤੇ ਕੁੱਝ ਚੰਗੇ ਕੰਮਾਂ ਦੀ ਕਾਰਗੁਜ਼ਾਰੀ ਜਿਵੇਂ ਕਿ ਮੁਫ਼ਤ ਬਿਜਲੀ, ਚੰਗੀ ਸਿਹਤ , ਚੰਗੀ ਵਿਦਿਆ ਅਤੇ ਨਾਲ ਹੀ ਪ੍ਰਸ਼ਾਸਨ ਵਿੱਚ ਭ੍ਰਿਸ਼ਟਾਚਾਰ ਤੇ ਨੱਥ ਪਾਉਣੀ ਆਦਿ ਕੁੱਝ ਉਸਾਰੂ ਕੰਮ ਸਨ। ਪ੍ਰਸ਼ਾਸਨ ਨੂੰ ਆਮ ਜਨਤਾ ਦੇ ਲਾਗੇ ਲਿਆ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹਮਦਰਦੀ ਨਾਲ ਸੁਨਣਾ ਅਤੇ ਉਨ੍ਹਾਂ ਸਮੱਸਿਆਵਾਂ ਦਾ ਢੁੱਕਵਾਂ ਹੱਲ ਲੱਭਣਾ, ਦਿੱਲੀ ਸਰਕਾਰ ਦੀਆਂ ਕੁੱਝ ਕਾਮਯਾਬੀਆਂ ਵਿੱਚੋਂ ਹਨ।
ਹੁਣ ਆਮ ਆਦਮੀ ਪਾਰਟੀ ਦੀ ਸਰਕਾਰ 16 ਮਾਰਚ 2022 ਨੂੰ ਸਹੁੰ ਚੁੱਕਣ ਜਾ ਰਹੀ ਹੈ। ਸੂਬੇ ਦੀਆਂ 117 ਵਿਧਾਨ ਸਭਾ ਹਲਕਿਆਂ ਵਿੱਚੋਂ 92 ਹਲਕਿਆਂ ਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਇਕੱਲੀ ਜਿੱਤ ਹੀ ਪ੍ਰਾਪਤ ਨਹੀਂ ਕੀਤੀ ਸਗੋਂ ਬਾਦਲ ਵਰਗੇ ਪਰਿਵਾਰ ਦੀ ਪੰਜਾਬ ਸਰਕਾਰ ਵਾਲੀ ਅਜਾਰੇਦਾਰੀ ਖ਼ਤਮ ਕਰ ਦਿੱਤੀ ਹੈ। ਬਾਦਲਾਂ ਦੇ ਨਾਲ-ਨਾਲ ਪੁਰਾਣੇ ਥੰਮ ਕੈਪਟਨ ਅਮਰਿੰਦਰ ਸਿੰਘ, ਸ: ਸੁਖਦੇਵ ਸਿੰਘ ਢੀਂਡਸਾ, ਡਾਕਟਰ ਦਲਜੀਤ ਸਿੰਘ ਚੀਮਾ, ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਵਰਗਿਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ। ਮਾਝੇ ਦੇ ਜਰਨੈਲ ਸਰਕਾਰ ਮਜੀਠਿਆ ਵਰਗਿਆਂ ਨੂੰ ਆਪਣੀ ਹਾਰ ਦਾ ਅਜੇ ਵੀ ਯਕੀਨ ਨਹੀਂ ਆ ਰਿਹਾ। ਪੰਜਾਬ ਦੇ ਲੋਕ ਰਵਾਇਤੀ ਰਾਜਨੀਤਕ ਪਾਰਟੀਆਂ ਦੀਆਂ ਨੀਤੀਆਂ ਤੋਂ ਬੁਰੀ ਤਰ੍ਹਾਂ ਸਤਾਏ ਹੋਏ ਸਨ। ਜਦੋਂ ਅਸੀਂ ਆਮ ਆਦਮੀ ਦੇ ਜੇਤੂ ਵਿਧਾਇਕਾਂ ਦੇ ਰਾਜਨੀਤਿਕ ਇਤਿਹਾਸ ਜਾਂ ਤਜ਼ਰਬੇ ਤੇ ਨਿਗਾਹ ਮਾਰਦੇ ਹਾਂ ਤਾਂ ਇਨ੍ਹਾਂ 92 ਵਿਧਾਇਕਾਂ ਵਿੱਚੋਂ ਤਕਰੀਬਨ 90% ਰਾਜਨੀਤਿਕ ਤਜ਼ਰਬੇ ਤੋਂ ਕੋਰੇ ਹਨ। ਪੰਜਾਬੀ ਵੋਟਰਾਂ ਨੇ ਇਨ੍ਹਾਂ ਕਮਜ਼ੋਰੀਆਂ ਨੂੰ ਨਜ਼ਰਅੰਦਾਜ਼ ਕਰਕੇ ਫੇਰ ਵੀ ਉਨ੍ਹਾਂ ਦੇ ਹੱਕ ਵਿੱਚ ਫ਼ਤਵਾ ਦੇ ਦਿੱਤਾ। ਕਾਰਨ ਇਹ ਸੀ ਕਿ ਪੰਜਾਬ ਹਰ ਹਾਲਤ ਵਿੱਚ ਇਨ੍ਹਾਂ ਰਵਾਇਤਾਂ ਆਗੂਆਂ ਤੋਂ ਪਿੱਛਾ ਛਡਵਾਇਆ ਚਾਹੁੰਦੇ ਸਨ। ਪੰਜਾਬੀਆਂ ਨੇ ਵਾਰ-ਵਾਰ ਮੌਕੇ ਦੇ ਕੇ ਦੇਖ ਲਿਆ ਸੀ ਕਿ ਜੇਕਰ ਇਹ ਪੁਰਾਣੀਆਂ ਪਾਰਟੀਆਂ ਪਿਛਲੇ 75 ਸਾਲਾਂ ਵਿੱਚ ਪੰਜਾਬ ਦਾ ਲੋੜੀਂਦਾ ਵਿਕਾਸ ਨਹੀਂ ਕਰ ਸਕੀਆਂ, ਤਾਂ ਇਹ ਹੁਣ ਅੱਗੇ ਹੋਰ ਕੀ ਕਰਨਗੇ?
ਆਮ ਆਦਮੀ ਪਾਰਟੀਆਂ ਵਾਲਿਓ! ਪੰਜਾਬੀਆਂ ਨੇ ਤੁਹਾਨੂੰ ਇੱਕ ਸੁਨਹਿਰੀ ਮੌਕਾ ਦਿੱਤਾ ਹੈ। ਅਗਰ ਤੁਸੀਂ ਇਹ ਮੌਕਾ ਆਪਣੇ ਨਿੱਜਵਾਦ ਜਾਂ ਪਰਿਵਾਰਵਾਦ ਲਈ ਹੀ ਵਰਤਣਾ ਹੈ ਤਾਂ ਭੁੱਲ ਜਾਇਓ ਕਿ ਪੰਜਾਬੀ ਤੁਹਾਨੂੰ ਹੋਰ ਮੌਕਾ ਦੇਣਗੇ। ਪੰਜਾਬੀ ਵੋਟਰ ਹੁਣ ਸਿਆਣਾ ਹੋ ਗਿਆ ਹੈ। ਕਿਸ ਨੂੰ ਪਤਾ ਸੀ ਕਿ ਪੰਜਾਬੀ ਬਾਕੀ ਮੁਲਕ ਦੇ ਵੋਟਰਾਂ ਤੋਂ ਵੱਖਰਾ ਇੱਕ ਨਵਾਂ ਇਤਿਹਾਸ ਸਿਰਜਣਗੇ। ਪੰਜਾਬੀਆਂ ਦੀ ਫਰਾਖ਼ਦਿਲੀ ਦਾ ਨਜ਼ਾਇਜ ਫ਼ਾਇਦਾ ਚੁੱਕਣ ਦੀ ਭੁੱਲ ਨਾ ਕਰ ਬੈਠਿਓ। ਪੰਜਾਬ ਅਗਰ ਰਵਾਇਤੀ ਪਾਰਟੀਆਂ ਦੀ ਕਈ ਦਹਾਕਿਆਂ ਦੀ ਅਜਾਰੇਦਾਰੀ ਤੋੜ ਸਕਦੇ ਹਨ ਤਾਂ ਤੁਹਾਡੀ ਕੁਰਸੀ ਦੇ ਪਾਵੇ ਵੀ ਇੰਨੇ ਮਜ਼ਬੂਤ ਨਹੀਂ ਕਿ ਬਹੁਤੀ ਦੇਰ ਟਿਕਣਗੇ। ਪੰਜਾਬੀਆਂ ਨੇ ਜੇਕਰ ਆਪਣੀ ਤਕਦੀਰ ਤੁਹਾਡੀ ਝੋਲੀ ਵਿੱਚ ਪਾਈ ਹੈ ਤਾਂ ਪੂਰੀ ਨੀਤ ਅਤੇ ਨੀਅਤ ਅਤੇ ਇਮਾਨਦਾਰੀ ਨਾਲ ਪੰਜਾਬ ਦੇ ਵਿਕਾਸ ਵੱਲ ਵਹੀਰਾਂ ਘੱਤ ਲਵੋ।
ਪੰਜਾਬੀ ਤੁਹਾਡੇ ਤੋਂ ਕੀ ਮੰਗਾਂ ਕਰਦੇ ਹਨ? ਇਨ੍ਹਾਂ ਮੰਗਾਂ ਬਾਰੇ ਤੁਹਾਨੂੰ ਭਲੀ ਭਾਂਤ ਪਤਾ ਹੈ ਅਤੇ ਤੁਸੀਂ ਆਪਣੇ ਚੋਣ ਮਨੋਰਥ ਵਿੱਚ ਪੂਰੀ ਤਰ੍ਹਾਂ ਕਬੂਲਿਆ ਵੀ ਹੈ। ਪੰਜਾਬ ਦੀ ਸਿਆਸੀ ਅਤੇ ਆਰਥਿਕ ਹਾਲਤ ਦਾ ਤਾਂ ਤਾਣਾ ਹੀ ਉਲਝਿਆ ਪਿਆ ਹੈ।ਪੰਜਾਬ ਦਾ ਖਜਾਨਾ ਸਿਰਫ਼ ਖਾਲੀ ਹੀ ਨਹੀਂ ਬਲਕਿ 3 ਲੱਖ ਕਰੋੜ ਤੋਂ ਵੀ ਜਿਆਦਾ ਕਰਜੇ ਥੱਲੇ ਹੈ। ਪੰਜਾਬ ਦੀ ਜੁਆਨੀ ਬੇਰੁਜਗਾਰੀ ਦੀ ਮਾਰ ਝੱਲ ਰਹੀ ਹੈ। ਵੱਢੀ ਅਤੇ ਭਰਿਸ਼ਟਾਚਾਰ ਦਾ ਸੱਪ ਫ਼ੰਨ ਖਿਲਾਰੀ ਖੜਾ ਹੈ। ਬੇਰੁਜਗਾਰ ਅਤੇ ਦਿਸ਼ਾਹੀਨ ਨੌਜਵਾਨ ਨਸ਼ਿਆਂ ਦਾ ਸਹਾਰਾ ਲੈ ਰਹੇ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੁਕਣ ਦਾ ਨਾ ਨਹੀਂ ਲੈ ਰਹੀ। ਪੰਜਾਬ ਦਾ ਪਾਣੀ ਅਤੇ ਵਾਤਾਵਰਣ ਪਰਦੂਸ਼ਤ ਹੋ ਰਿਹਾ ਹੈ ਅਤੇ ਮੁੱਕਣ ਕੰਢੇ ਹੈ। ਫਸਲਾਂ, ਸਬਜੀਆਂ ਅਤੇ ਫ਼ਲ਼ਾ ਨੂੰ ਮਿਲਣ ਵਾਲੀ ਘੱਟੋ ਘੱਟ ਕੀਮਤ ਨਾ ਮਿਲਣ ਦਾ ਮਸਲਾ ਹੈ। ਗੱਲ ਕੀ ਪੰਜਾਬ ਦੇ ਅਨੇਕਾਂ ਮਸਲੇ ਹੱਲ ਹੋਣੇ ਬਾਕੀ ਹਨ। ਮੈਂ ਮੰਨਦਾ ਹਾਂ ਕਿ ਜਿਹੜਾ ਗੰਦ ਪਿਛਲੇ ਕਈ ਦਹਾਕਿਆਂ ਤੋਂ ਪਿਆ ਹੋਇਆ ਹੈ, ਉਸਨੂੰ ਪੰਜਾਂ ਸਾਲਾਂ ਵਿੱਚ ਪੂਰੀ ਤਰ੍ਹਾਂ ਸਾਫ਼ ਨਹੀਂ ਕੀਤਾ ਜਾ ਸਕਦਾ। ਤੁਹਾਨੂੰ ਪੰਜਾਬ ਦੀਆਂ ਅਨੇਕਾਂ ਸਮੱਸਿਆਵਾਂ ਨੂੰ ਤਰਤੀਬ ਵਿੱਚ ਲਿਆਉਣਾ ਪਵੇਗਾ। ਮੇਰੀ ਜਾਚੇ ਜੇਕਰ ਤੁਸੀਂ ਮੇਰੇ ਦੱਸੇ ਕੁੱਝ ਸੁਝਾਵਾਂ ਤੇ ਅਮਲ ਕਰੋ ਤਾਂ ਤੁਹਾਡੀ ਸਰਕਾਰ ਦੀ ਇੱਕ ਚੰਗੀ ਸ਼ੁਰੂਆਤ ਮੰਨੀ ਜਾ ਸਕਦੀ ਹੈ।
ਪਹਿਲੀ ਸਮੱਸਿਆ ਜਿਹੜੀ ਆਮ ਜਨਤਾ ਨੂੰ ਪ੍ਰੇਸ਼ਾਨ ਕਰਦੀ ਹ,ੈ ਉਹ ਪ੍ਰਸ਼ਾਸਨ ਵਿੱਚ ਭ੍ਰਿਸ਼ਟਾਚਾਰ, ਵੱਢੀਖ਼ੋਰੀ ਅਤੇ ਬੇਈਮਾਨੀ ਵਰਗੀਆਂ ਬੀਮਾਰੀਆਂ ਹਨ। ਲੋਕੀਂ ਸਰਕਾਰੀ ਅਦਾਰਿਆਂ ਜਿਵੇਂ ਕਿ ਤਹਿਸੀਲਾਂ, ਥਾਣਿਆਂ ਅਤੇ ਹੋਰ ਸਰਕਾਰੀ ਦਫ਼ਤਰਾਂ ਵਿੱਚ ਹਰ ਰੋਜ਼ ਪ੍ਰੇਸ਼ਾਨ ਹੁੰਦੇ ਹਨ। ਬਿਨਾਂ ਪੈਸਾ ਦਿੱਤਿਆਂ ਕੋਈ ਕੰਮ ਸਿਰੇ ਨਹੀਂ ਚੜ੍ਹਦਾ। ਵੱਢੀ ਮੰਤਰੀਆਂ ਤੋਂ ਲੈ ਕੇ ਛੋਟੇ ਅਫ਼ਸਰਾਂ ਤੱਕ ਫੈਲੀ ਹੋਈ ਹੈ। ਵੱਢੀਆਂ ਦੇ ਕੇ ਨੌਕਰੀਆਂ ਲੈ ਕੇ ਬਣੇ ਅਫ਼ਸਰ ਆਪਣੇ ਪੱਲਿਓਂ ਲਾਏ ਪੈਸੇ ਪਹਿਲੋਂ ਪੂਰੇ ਕਰਦੇ ਹਨ ਅਤੇ ਫੇਰ ਆਪਣੇ ਭਵਿੱਖ ਦਾ ਸੋਚਦੇ ਹਨ।ਪਿਛਲੀਆਂ ਸਰਕਾਰਾਂ ਦੇ ਵਿਧਾਇਕ ਅਤੇ ਮੰਤਰੀ ਸਰਕਾਰੀ ਖ਼ਜ਼ਾਨਾ ਖਾਲੀ ਹੋਣ ਦੀ ਦੁਹਾਈ ਤਾਂ ਪਾ ਰਿਹਾ ਸਨ, ਪਰ ਉਨ੍ਹਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਖ਼ਜ਼ਾਨਾ ਖਾਲੀ ਵੀ ਤਾਂ ਤੁਸੀਂ ਹੀ ਕੀਤਾ ਸੀ। ਖ਼ਜ਼ਾਨੇ ਵਿੱਚ ਇੰਨੀਆਂ ਮੋਰੀਆਂ ਕਰ ਦਿੱਤੀਆਂ ਹਨ ਕਿ ਜਿੰਨਾਂ ਪੈਸਾ ਖ਼ਜ਼ਾਨੇ ਦੇ ਭਾਂਡੇ ਵਿੱਚ ਜਾਂਦਾ ਉੰਨਾਂ ਹੀ ਭਾਂਡੇ ਦਾ ਥੱਲਾ ਨਾ ਹੋਣ ਕਰਕੇ ਭਰਿਸ਼ਟ ਵਿਧਾਇਕਾਂ, ਮੰਤਰੀਆਂ ਅਤੇ ਅਫ਼ਸਰਾਂ ਦੀਆਂ ਜੇਬਾਂ ਵਿੱਚ ਚਲਿਆ ਜਾਂਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਛੱਡਣ ਤੋਂ ਬਾਅਦ ਆਪ ਖ਼ੁਦ ਮੰਨਿਆ ਕਿ ਉਸ ਦੀ ਆਪਣੀ ਸਰਕਾਰ ਦੇ ਕਈ ਪ੍ਰਮੁੱਖ ਮੰਤਰੀ ਰੇਤਾਂ ਦੀਆਂ ਖੱਡਾਂ, ਸ਼ਰਾਬ ਅਤੇ ਹੋਰ ਮਾਫ਼ੀਆ ਵਿੱਚ ਗ੍ਰਸੇ ਹੋਏ ਹਨ। ਭਗਵੰਤ ਜੀ! ਤੁਹਾਡੀ ਪਹਿਲ ਇਸ ਭ੍ਰਿਸ਼ਟ ਪ੍ਰਸ਼ਾਸਨ ਤੇ ਨੱਥ ਪਾਉਣੀ ਹੋਏਗੀ। ਜਿਨ੍ਹਾਂ ਮੰਤਰੀਆਂ ਅਤੇ ਅਧਿਕਾਰੀਆਂ ਨੇ ਪਿਛਲੇ ਦਹਾਕਿਆਂ ਵਿੱਚ ਆਪਣੇ ਨਿੱਜੀ ਘਰ ਭਰੇ ਹਨ, ਉਨ੍ਹਾਂ ਨੂੰ ਕਟਹਿਰੇ ਵਿੱਚ ਖੜ੍ਹਾ ਕਰਨਾ ਹੋਏਗਾ।ਤੁਸੀਂ ਸਾਰੀ ਫਸਲ ਬਚਾਉਣ ਲਈ ਇੱਕ ਕਾਂ ਮਾਰ ਕੇ ਟੰਗਣ ਦੀ ਉਦਾਹਰਣ ਤੇ ਅਮਲ ਕਰੋ। ਕੰਮ ਹੈ ਤਾਂ ਔਖਾ ਪਰ ਹੁਣ ਤੁਹਾਡੇ ਕੋਲ ਸਿਆਸੀ ਤਾਕਤ ਹੈ।ਤੁਸੀਂ ਜ਼ਰੂਰ ਹੀ ਇਸ ਵਿੱਚ ਸੁਧਾਰ ਲਿਆ ਸਕਦੇ ਹੋ। ਆਮ ਜਨਤਾ ਦੀ ਦਿਨ-ਪ੍ਰਤੀ-ਦਿਨ ਦੀ ਇਹ ਪ੍ਰੇਸ਼ਾਨੀ ਦੂਰ ਕਰਨੀ ਤੁਹਾਡੀ ਪਹਿਲ ਹੋਣੀ ਚਾਹੀਦੀ ਹੈ।ਹਰ ਇੱਕ ਕੰਮ ਸਮਾਂ ਬੰਦ ਹੋਣਾ ਚਾਹੀਦਾ ਹੈ।ਇਹ ਨਾ ਹੋਵੇ ਤੁਸੀਂ ਵੀ ਸਾਢੇ ਚਾਰ ਸਾਲਾਂ ਬਾਅਦ ਕੰਮਾਂ ਦੀ ਸ਼ੁਰੂਆਤ ਕਰਿਓ।
ਦੂਸਰਾ ਸੁਧਾਰ ਤੁਹਾਡੀ ਪੁਲੀਸ ਮਹਿਕਮੇ ਨੂੰ ਤਾਕਤ ਦੇ ਕੇ ਅਤੇ ਉਨ੍ਹਾਂ ਦਾ ਦਿਲ ਜਿੱਤ ਕੇ ਆਮ ਜਨਤਾ ਦੇ ਰਾਖੇ ਬਣਾਉਣਾ ਹੋਏਗਾ। ਲੋਕ ਪੱਛਮੀ ਦੇਸ਼ਾਂ ਵਾਂਗ ਪੁਲੀਸ ਨੂੰ ਆਪਣੇ ਰਾਖੇ ਸਮਝਣ ਨਾ ਕਿ ਖੌਫ਼ ਦੇ ਪ੍ਰਤੀਕ।ਪੁਲੀਸ ਨੂੰ ਵੀ ਆਪਣਾ ਕੁਰੱਪਟ ਅਤੇ ਬੁੱਚੜਾਂ ਵਾਲਾ ਅੱਕਸ ਸੁਧਾਰਨਾ ਹੋਏਗਾ। ਇਨ੍ਹਾਂ ਤੋਂ ਹੀ ਤੁਸੀਂ ਭ੍ਰਿਸ਼ਟ ਅਫ਼ਸਰਾਂ ਤੇ ਨੱਥ ਪਾਉਣ ਦਾ ਕੰਮ ਲੈਣਾ ਹੈ। ਇਮਾਨਦਾਰ ਅਫ਼ਸਰਾਂ ਦੀ ਇੱਜ਼ਤ ਕਰੋ ਅਤੇ ਤਰੱਕੀਆਂ ਦੇਵੋ। ਭ੍ਰਿਸ਼ਟ ਪੁਲੀਸ ਕਰਮਚਾਰੀਆਂ ਨੂੰ ਬੇਈਮਾਨੀ ਕਰਨ ਤੋਂ ਰੋਕੋ। ਅਗਰ ਖੇਤ ਦੀ ਵਾੜ ਹੀ ਖੇਤ ਨੂੰ ਖਾਈ ਜਾਵੇ ਤਾਂ ਖੇਤ ਮਾਲਕ ਦਾ ਕੀ ਬਣੇਗਾ? ਭਗਵੰਤ ਜੀ! ਤੁਸੀਂ ਖ਼ੁਦ ਅਤੇ ਤੁਹਾਡੇ ਵਿਧਾਇਕ ਅਤੇ ਵਜ਼ੀਰ ਆਮ ਜਨਤਾ ਵਿੱਚ ਵਿਚਰਨ। ਲੋਕਾਂ ਦੀਆਂ ਦੁੱਖ ਤਕਲੀਫ਼ਾਂ ਨੇੜੇ ਹੋ ਕੇ ਸੁਨਣ ਅਤੇ ਉਨ੍ਹਾਂ ਦੇ ਢੁੱਕਵੇਂ ਹੱਲ ਲੱਭਣ। ਦਿੱਲੀ ਸੂਬੇ ਵਾਂਗ ਹਰ ਹਲਕੇ ਵਿੱਚ ਡਿਊਟੀ ਅਫ਼ਸਰ ਉਨ੍ਹਾਂ ਦੀਆਂ ਸਮੱਸਿਆਵਾਂ ਸੁਨਣ ਲਈ ਫ਼ੋਨ ਦੀ ਦੂਰੀ ਤੇ ਹੀ ਹੋਣ। ਅਗਰ ਫੋਨ ਰਾਹੀਂ ਸਮੱਸਿਆ ਹੱਲ ਹੁੰਦੀ ਹੈ ਤਾਂ ਠੀਕ ਹੈ, ਨਹੀਂ ਤਾਂ ਆਪ ਖ਼ੁਦ ਆ ਕੇ ਉਸ ਲੋੜਵੰਦ ਇਨਸਾਨ ਦੀ ਮਦਦ ਕੀਤੀ ਜਾਵੇ। ਆਮ ਜਨਤਾ ਨੂੰ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਢ ਕੇ ਪ੍ਰੇਸ਼ਾਨ ਨਾ ਹੋਣਾ ਪਵੇ। ਤਹਿਸੀਲਾਂ ਵਿੱਚ ਛੋਟੇ ਮੋਟੇ ਕੰਮਾਂ ਲਈ ਸਵੇਰ ਤੋਂ ਬੈਠੇ ਕਿਸੇ ਆਮ ਇਨਸਾਨ ਨੂੰ ਸ਼ਾਮ ਨੂੰ ਇਹ ਨਾ ਸੁਨਣਾ ਪਵੇ ਕਿ ਅੱਜ ਤਾਂ ਤਹਿਸੀਲਦਾਰ ਦਾ ਸਮਾਂ ਖ਼ਤਮ ਹੋ ਗਿਆ ਹੈ, ਕੱਲ੍ਹ ਨੂੰ ਦੁਬਾਰਾ ਫੇਰ ਆਇਓ। ਜਾਂ ਫਿਰ ਥਾਣੇ ਵਿੱਚ ਕਿਸੇ ਸਰਪੰਚ ਦੀ ਆਮਦ ਤੋਂ ਬਿਨਾਂ ਕੋਈ ਕੰਮ ਸਿਰੇ ਨਾ ਚੜ੍ਹੇ। ਆਮ ਜਨਤਾ ਨੂੰ ਵੀ ਟੈਕਸਾਂ ਦੀ ਚੋਰੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਅਗਰ ਤੁਹਾਡੀ ਕਾਰ ਜਾਂ ਵਾਹਣ ਵਿੱਚ ਕੋਈ ਕਮੀ ਹੈ ਤਾਂ ਪੁਲੀਸ ਜਾਂ ਟ੍ਰੈਫ਼ਿਕ ਵਾਲੇ ਦੀ ਜੇਬ ਗਰਮ ਕਰਨ ਨਾਲੋਂ ਚਲਾਨ ਕਟਾਉਣਾ ਬਹਿਤਰ ਹੋਏਗਾ ਤਾਂ ਕਿ ਸਰਕਾਰੀ ਖ਼ਜ਼ਾਨੇ ਵਿੱਚ ਚਾਰ ਪੈਸੇ ਜਾਣ।
ਇਹਨਾਂ ਫੌਰੀ ਕੰਮਾਂ ਤੋਂ ਬਾਅਦ ਆਮ ਆਦਮੀ ਦੀ ਸਰਕਾਰ ਨੂੰ ਵਿੱਦਿਆ ਖੇਤਰ ਵਿੱਚ ਸੁਧਾਰ ਲਿਆਉਣ ਦੀ ਜ਼ਰੂਰਤ ਹੈ। ਅੱਜ ਤੋਂ ਵੀਹ ਤੀਹ ਸਾਲ ਪਹਿਲਾਂ ਜਦੋਂ ਨਿੱਜੀ ਜਾਂ ਪ੍ਰਾਈਵੇਟ ਸਕੂਲਾਂ ਦੀ ਭਰਮਾਰ ਨਹੀਂ ਪਈ ਸੀ ਉਦੋਂ ਆਮ ਵਿਦਿਆਰਥੀ ਸਰਕਾਰੀ ਸਕੂਲੋਂ ਅਤੇ ਕਾਲਜਾਂ ਤੋਂ ਵੱਡੀਆਂ-ਵੱਡੀਆਂ ਡਿਗਰੀਆਂ ਲੈ ਕੇ ਆਈ. ਏ. ਐੱਸ., ਆਈ. ਪੀ. ਐੱਸ. ਅਤੇ ਸਿਵਲ ਸਰਵਿਸ ਵਿੱਚ ਸਲੈਕ ਹੁੰਦੇ ਸਨ। ਹੁਣ ਦੀਆਂ ਵੱਡੀਆਂ ਫ਼ੀਸਾਂ ਆਮ ਜਨਤਾ ਦੀ ਪਹੁੰਚ ਤੋਂ ਬਾਹਰ ਹਨ। ਇਸੇ ਕਰਕੇ ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਦੇ ਵੱਡੇ ਅਫ਼ਸਰ ਸਿਲੈਕਟ ਨਹੀਂ ਹੋ ਰਹੇ। ਵਿਦਿਆਰਥੀ ਮੁਲਕ ਦੀ ਬੇਰੁਜ਼ਗਾਰੀ ਨੂੰ ਦੇਖ ਕੇ ਪਲੱਸ ਟੂ ਦੀ ਪੜ੍ਹਾਈ ਕਰਨ ਤੋਂ ਬਾਅਦ ਆਈਲੈਟਸ ਕਰਕੇ ਵਿਦੇਸ਼ਾਂ ਨੂੰ ਭੱਜਣ ਦੀ ਪਹਿਲ ਦੇ ਰਹੇ ਹਨ। ਇਸ ਨਾਲ ਪੰਜਾਬ ਦੀ ਜੁਆਨੀ ਅਤੇ ਪੈਸੇ ਦੋਹਾਂ ਦੀ ਬਰਬਾਦੀ ਹੁੰਦੀ ਹੈ। ਬੱਚੇ ਬਾਹਰ ਜਾਣ ਤੋਂ ਬਾਅਦ ਮਾਪਿਆਂ ਨੂੰ ਵਿਦੇਸ਼ਾਂ ਵਿੱਚ ਮੰਗਵਾ ਲੈਂਦੇ ਹਨ ਜਿਸ ਨਾਲ ਪੰਜਾਬ ਦੇ ਘੁੱਗ ਵੱਸਦੇ ਪਿੰਡਾਂ ਦੀਆਂ ਕੋਠੀਆਂ ਨੂੰ ਜਿੰਦਰੇ ਲੱਗ ਰਹੇ ਹਨ। ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਦਾ ਸੁਧਾਰ ਕਰਕੇ ਅਧਿਆਪਕਾਂ ਅਤੇ ਪ੍ਰੋਫ਼ੈਸਰਾਂ ਦੀਆਂ ਅਸਾਮੀਆਂ ਭਰੀਆਂ ਜਾਣ। ਯੋਗ ਅਤੇ ਗੁਜ਼ਾਰੇ ਜੋਗੀ ਤਨਖਾਹ ਮਿਲੇ। ਵਿੱਦਿਆ ਦੇ ਇਤਿਹਾਸ ਦੇ ਵਿਸ਼ੇ ਵਿੱਚ ਸਰਕਾਰੀ ਰਿਲਾਵਟ ਬੰਦ ਕੀਤੀ ਜਾਏ। ਸਹੀ ਇਤਿਹਾਸ ਪੜ੍ਹਾਇਆ ਜਾਵੇ। ਅਧਿਆਪਕਾਂ ਤੋਂ ਅਧਿਆਪਕਾਂ ਵਾਲਾ ਹੀ ਕੰਮ ਲਿਆ ਜਾਵੇ, ਨਾਂ ਕਿ ਗ਼ੈਰ ਵਿਦਿਅਕ ਜ਼ਿੰਮੇਵਾਰੀਆਂ ਲਾਈਆਂ ਜਾਣ।ਪੰਜਾਬੀ ਮਾਂ ਬੋਲੀ ਨੂੰ ਦਫ਼ਤਰਾਂ ਵਿੱਚ ਨਿੱਠ ਕੇ ਲਾਗੂ ਕੀਤਾ ਜਾਵੇ ਅਤੇ ਨਿੱਜੀ ਸਕੂਲਾਂ ਵਿੱਚ ਵੀ ਪੰਜਾਬੀ ਜਬਾਨ ਨੂੰ ਬਣਦਾ ਥਾਂ ਮਿਲੇ।
ਸਿਹਰ ਵਿਭਾਗ ਵਿੱਚ ਇਨਕਲਾਬੀ ਤਬਦੀਲੀਆਂ ਦੀ ਜ਼ਰੂਰਤ ਹੈ। ਵਿੱਦਿਆ ਵਾਂਗ ਹੀ ਅੱਜਕੱਲ੍ਹ ਨਿੱਜੀ ਜਾਂ ਪ੍ਰਾਈਵੇਟ ਹਸਪਤਾਲ ਧੜਾ ਧੜ ਖੁੱਲ੍ਹ ਰਹੇ ਹਨ, ਜਿਹੜੇ ਆਮ ਜਨਤਾ ਦੀਆਂ ਸਿਹਤ ਪੱਖੀ ਪਹੁੰਚ ਤੋਂ ਪਰ੍ਹੇ ਹਨ। ਪਿੰਡਾਂ ਦਾ ਗ਼ਰੀਬ ਕਿਰਸਾਨ ਅਤੇ ਮਜ਼ਦੂਰ ਜਿਸ ਪਾਸ ਮਸਾਂ ਦੋ ਡੰਗ ਦੀ ਰੋਟੀ ਪਕਾਉਣ ਲਈ ਚੁੱਲ੍ਹਾ ਨਹੀਂ ਗਰਮ ਹੁੰਦਾ, ਉਹ ਕਿਵੇਂ ਲੱਖਾਂ ਰੁਪਏ ਲਾ ਕੇ ਪ੍ਰਾਈਵੇਟ ਹਸਪਤਾਲਾਂ ਵਿੱਚ ਆਪਣਾ ਇਲਾਜ ਕਰਾਵੇ? ਹਸਪਤਾਲਾਂ ਵਿੱਚ ਵਿਕਣ ਵਾਲੀ ਦਵਾਈ ਮੰਤਰੀਆਂ ਜਾਂ ਉਨ੍ਹਾਂ ਦੇ ਚਹੇਤਿਆਂ ਦੀਆਂ ਫ਼ੈਕਟਰੀਆਂ ਵਿੱਚ ਬਣਦੀ ਹੈ। ਜਿਸ ਦਵਾਈ ਦੀ ਵਿਕਰੀ ਵਿੱਚ ਡਾਕਟਰਾਂ ਤੋਂ ਲੈ ਕੇ ਮੰਤਰੀਆਂ ਤੱਕ ਹਿੱਸੇ ਪਤੀ ਚਲਦੀ ਹੈ। ਭਗਵੰਤ ਜੀ! ਸਿਹਤ ਵਿਭਾਗ ਨੂੰ ਆਮ ਜਨਤਾ ਦੀ ਪਹੁੰਚ ਵਿੱਚ ਲਿਆਉ। ਗ਼ਰੀਬ ਜਨਤਾ ਨੂੰ ਇਲਾਜ਼ ਮੁਫ਼ਤ ਮਿਲੇ।
ਇਨ੍ਹਾਂ ਮਸਲਿਆਂ ਦੇ ਨਾਲ-ਨਾਲ ਆਮ ਆਦਮੀ ਦੀ ਸਰਕਾਰ ਨੂੰ ਪੰਜਾਬ ਦੇ ਕਾਫ਼ੀ ਸਮੇਂ ਦੇ ਲਟਕਦੇ ਮਸਲੇ ਹੱਲ ਕਰਨੇ ਹੋਣਗੇ, ਜਿਨ੍ਹਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਧਾਰਮਿਕ ਗ੍ਰੰਥਾਂ ਦੀ ਹੋਈ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ, ਬਰਗਾੜੀ ਵਿੱਚ ਹੋਏ ਦੋ ਸ਼ਹੀਦਾਂ ਦੇ ਪਰਿਵਾਰਾਂ ਨੂੰ ਇਨਸਾਫ਼, ਪੰਜਾਬ ਦੀ ਨੌਜਵਾਨੀ ਦਾ ਨਸ਼ਿਆਂ ਵਿੱਚ ਹੋ ਰਿਹਾ ਘਾਣ, ਕਿਰਸਾਨਾਂ ਦੇ ਸਿਰ ਚੜ੍ਹੇ ਲੱਖਾਂ ਰੁਪਇਆਂ ਦੇ ਕਰਜ਼ੇ ਨੂੰ ਭਰਨ ਦੀ ਕੋਈ ਤਰਤੀਬ, ਜਿਵੇਂ ਕਿ ਟੈਕਸ ਚੋਰੀ ਨੁੰ ਰੋਕਣਾ ਅਤੇ ਪੰਜਾਬ ਦੇ ਕੁਦਰਤੀ ਸਰੋਤਾਂ ਦਾ ਸਹੀ ਇਸਤੇਮਾਲ, ਪੰਜਾਬ ਦੇ ਖੇਤੀ ਨਾਲ ਸਬੰਧਿਤ ਮਸਲੇ ਜਿਵੇਂ ਕਿ ਕਣਕ ਅਤੇ ਝੋਨੇ ਤੋਂ ਬਿਨਾਂ ਫ਼ਸਲਾਂ, ਸਬਜੀਆਂ ਅਤੇ ਫਲਾਂ ਲਈ ਐਮ ਐਸ ਪੀ, ਪੰਜਾਬ ਦਾ ਮੁੱਕਦਾ ਜਾਂਦਾ ਪਾਣੀ ਅਤੇ ਇਸ ਦੀ ਪ੍ਰਦੂਸ਼ਿਤਾ। ਪੰਜਾਬ ਦੇ ਖਾਧ ਪਦਾਰਥਾਂ ਵਿੱਚ ਦਿਨ-ਪ੍ਰਤੀ-ਦਿਨ ਹੁੰਦੀ ਮਿਲਾਵਟ ਅਤੇ ਪੰਜਾਬ ਦਾ ਪ੍ਰਦੂਸ਼ਿਤ ਵਾਤਾਵਰਣ। ਬੇਰੁਜਗਾਰੀ ਨੂੰ ਦੂਰ ਕਰਨ ਲਈ ਉਦਯੋਗ ਚਾਲੂ ਕਰਨੇ, ਕਰਮਚਾਰੀਆਂ ਦੀਆਂ ਪੱਕੀਆਂ ਨੌਕਰੀਆਂ ਦੀ ਭਰਤੀ ਅਤੇ ਹੋਰ ਰੁਜ਼ਗਾਰ ਪੈਦਾ ਕਰਨਾ। ਪੰਜਾਬ ਦਾ ਬਾਹਰਲੇ ਸੂਬੇ ਵਿੱਚ ਜਾ ਚੁੱਕੇ ਉਦਯੋਗ ਨੂੰ ਪੰਜਾਬ ਵਿੱਚ ਹੀ ਲੋੜੀਂਦੀਆਂ ਸਹੂਲਤਾਂ ਦੇ ਕੇ ਵਾਪਸ ਪੰਜਾਬ ਵਿੱਚ ਲੈ ਕੇ ਆਉਣਾ।ਪੰਜਾਬ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਦੀ ਲੱਤ ਤੋਂ ਹਟਾ ਕੇ ਖੇਡਾਂ ਵੱਲ ਪ੍ਰੇਰਿਤ ਕਰਨਾ ਅਤੇ ਪੀੜਤ ਨਸ਼ੇੜੀਆਂ ਨੂੰ ਮਰੀਜ ਸਮਝ ਕੇ ਉਨਾਂ ਦਾ ਇਲਾਜ ਕਰਨਾ।ਖੇਡਾਂ ਵਾਸਤੇ ਯੋਗ ਸਟੇਡੀਅਮਾਂ ਅਤੇ ਕੋਚਾਂ ਦਾ ਪ੍ਰਬੰਧ ਕਰਨਾ। ਪੰਜਾਂ ਛੇਆਂ ਪਿੰਡਾਂ ਵਿੱਚ ਸਮੇਂ-ਸਮੇਂ ਬਾਅਦ ਵਿੱਦਿਅਕ ਕੋਚਾਂ ਦਾ ਪ੍ਰਬੰਧ ਕਰਨਾ ਜਿਸ ਨਾਲ ਆਮ ਵਿਦਿਆਰਥੀ ਉਚੇਰੀ ਵਿੱਦਿਆ ਕਰਨ ਲਈ ਯੋਗ ਵਿਸ਼ੇ ਚੁਣ ਸਕਣ। ਪਿੰਡਾਂ ਵਿੱਚ ਲਾਇਬ੍ਰੇਰੀਆਂ ਬਨਣ ਅਤੇ ਢੁੱਕਵੀਆਂ ਕਿਤਾਬਾਂ ਦਾ ਪ੍ਰਬੰਧ ਕੀਤਾ ਜਾਵੇ।
ਪੰਜਾਬ ਦੇ ਅਨੇਕਾਂ ਮਸਲੇ ਹਨ। ਮੈਨੂੰ ਪਤਾ ਹੈ ਕਿ ਤੁਹਾਨੂੰ ਇਸ ਉਲਝੀ ਹੋਈ ਤਾਣੀ ਨੂੰ ਸੁਲਝਾਉਣ ਲਈ ਸਮਾਂ ਅਤੇ ਪੈਸਾ ਚਾਹੀਦਾ ਹੈ। ਜੇਕਰ ਤੁਹਾਡੇ ਪਾਸ ਚੰਗੀ ਨੀਅਤ ਅਤੇ ਯੋਗ ਨੀਤੀਆਂ ਹਨ ਤਾਂ ਤੁਹਾਨੂੰ ਪੰਜਾਬ ਦੀ ਤਰੱਕੀ ਕਰਾਉਣ ਵਿੱਚ ਕੋਈ ਅੜਚਣ ਨਹੀਂ ਹੋਣੀ ਚਾਹੀਦੀ। ਤੁਹਾਡੇ ਪਾਸ ਦਿੱਲੀ ਵਿੱਚ ਹੋਈਆਂ ਤਰੱਕੀ ਦੀਆਂ ਉਦਾਹਰਣਾਂ ਹਨ। ਦਿੱਲੀ ਤਾਂ ਇੱਕ ਯੂਨੀਅਨ ਟੈਰੇਟਰੀ (ਕੇਂਦਰੀ ਪ੍ਰਸ਼ਾਸਿਤ ਸੂਬਾ) ਹੈ। ਪਰ ਪੰਜਾਬ ਤਾਂ ਇੱਕ ਪੂਰਾ ਸੂਬਾ ਤੁਹਾਡੇ ਵਾਸਤੇ ਹਾਜ਼ਰ ਕੀਤਾ ਹੈ। ਤੁਹਾਨੂੰ ਦਿੱਲੀ ਵਾਂਗ ਕਿਸੇ ਲੈਫ਼ਟੀਨੈਂਟ ਗਵਰਨਰ ਜਾਂ ਰਾਜਪਾਲ ਦੀ ਇਜਾਜ਼ਤ ਦੀ ਜ਼ਰੂਰਤ ਨਹੀਂ। ਤੁਹਾਡੇ ਪਾਸ ਅਸੈਂਬਲੀ ਵਿੱਚ ਭਰਪੂਰ ਬਹੁ-ਮੱਤ ਹੈ। ਨਵੇਂ ਕਾਨੂੰਨ ਬਣਾਓ, ਪੁਰਾਣਿਆਂ ਕਾਨੂੰਨਾਂ ਵਿੱਚ ਸੋਧ ਕਰਕੇ ਪੰਜਾਬ ਨੂੰ ਮੁੜ ਫੇਰ ਲੀਹਾਂ ਤੇ ਖੜ੍ਹਾ ਕਰੋ। ਪੰਜਾਬੀ ਲੋਕ ਮੋਹਰਲੇ ਪੰਜਾਂ ਸਾਲਾਂ ਵਿੱਚ ਵਿਕਾਸ ਦੀ ਆਸ ਕਰਨਗੇ। ਤੁਸੀਂ ਇੱਕ ਦਿਨ ਵੀ ਅਵੇਸਲੇ ਨਹੀਂ ਹੋ ਸਕਦੇ। ਜਿਵੇਂ ਤੁਸੀਂ ਚੋਣਾਂ ਵੇਲੇ ਗਰੰਟੀਆਂ ਅਤੇ ਵਾਇਦੇ ਦਿੱਤੇ ਹਨ, ਉਨ੍ਹਾਂ ਤੇ ਹੁਣ ਅਮਲ ਕਰਨਾ ਹੋਏਗਾ। ਮੈਂ ਮੰਨਦਾ ਹਾਂ ਕਿ ਨਵੇਂ ਬਣੇ ਵਿਧਾਇਕਾਂ ਪਾਸ ਸਿਆਸੀ ਤਜ਼ਰਬਾ ਨਹੀਂ। ਪਰ ਤੁਸੀਂ ਯੋਗ ਸਲਾਹਕਾਰ ਨਿਰਧਾਰਿਤ ਕਰਕੇ ਇਨ੍ਹਾਂ ਵਿਧਾਇਕਾਂ ਅਤੇ ਮੰਤਰੀਆਂ ਨੂੰ ਸਮੇਂ ਸਮੇਂ ਪੰਜਾਬ ਪੱਖੀ ਸਲਾਹ ਦੇ ਸਕਦੇ ਹੋ।ਵਿਧਾਇਕਾਂ ਨੂੰ ਵੀ ਆਪਣੀ ਮਸਾਂ ਮਿਲੀ ਸਿਆਸੀ ਤਾਕਤ ਦਾ ਨਜਾਇਜ ਫ਼ਾਇਦਾ ਨਹੀਂ ਲੈਣਾ ਚਾਹੀਦਾ।ਮਨ ਵਿੱਚ ਬਿਠ ਲੈਣਾ ਚਾਹੀਦਾ ਹੈ ਕਿ ਉਹ ਜਨਤਾ ਦੇ ਸੇਵਕ ਹਨ, ਮਾਲਕ ਨਹੀਂ। ਪੰਜਾਬ ਦੇ ਚਿਰਾਂ ਤੋਂ ਰਾਜਧਾਨੀ ਦਾ ਮਸਲਾ, ਪੰਜਾਬ ਦੇ ਪਾਣੀਆਂ ਅਤੇ ਪੰਜਾਬੀ ਬੋਲਦੇ ਇਲਾਕਿਆਂ ਦੇ ਮਸਲੇ ਅਤੇ ਆਪਣੀਆਂ ਪੂਰੀਆਂ ਸਜਾਵਾਂ ਭੁੱਕਤ ਚੁੱਕੇ ਸਿੰਘਾ ਨੂੰ ਰਿਹਾ ਕਰਾਉਣਾ ਆਦਿ ਕਈ ਮਸਲੇ ਲਟਕਦੇ ਆ ਰਹੇ ਹਨ। ਕੇਜਰੀਵਾਲ ਜੀ ਲਈ ਇਹ ਮਸਲੇ ਕਾਫ਼ੀ ਪੇਚੀਦਾ ਹਨ। ਪਰ ਇਹੋ ਜਿਹਾ ਵਿਚੋਲਾ ਵਿੱਚ ਪੈ ਕੇ ਇਹ ਮਸਲੇ ਹੱਲ ਕਰਵਾ ਸਕਦਾ ਹੈ। ਭਗਵੰਤ ਜੀ ਨੂੰ ਕੇਂਦਰ ਨਾਲ ਵੀ ਬਣਾ ਕੇ ਰੱਖਣੀ ਹੋਏਗੀ। ਪੰਜਾਬ ਨੂੰ ਮੁੜ ਵਿਕਾਸ ਲੀਹਾਂ ਤੇ ਲਿਆਉਣ ਲਈ ਬਹੁਤੀ ਮਾਇਕ ਸਹਾਇਤਾਂ ਕੇਂਦਰ ਤੋਂ ਆਉਣੀ ਹੈ। ਇਸ ਦਾ ਮਤਲਬ ਇਹ ਨਹੀਂ ਕਿ ਇਨ੍ਹਾਂ ਲੋੜਾਂ ਲਈ ਕੇਂਦਰ ਦੇ ਗ਼ੁਲਾਮ ਬਣ ਜਾਇਓ। ਪਰ ਇੱਕ ਸਮਝਦਾਰ ਅਤੇ ਸੂਝਵਾਨ ਨੇਤਾ ਦੋਵੇਂ ਕੰਮ ਕਰ ਸਕਦਾ ਹੈ। ਸੱਪ ਵੀ ਮਾਰ ਦਿੰਦਾ ਹੈ ਅਤੇ ਸੋਟੀ ਵੀ ਟੁੱਟਣ ਨਹੀਂ ਦਿੰਦਾ। ਭਗਵੰਤ ਮਾਨ ਅਤੇ ਕੇਜਰੀਵਾਲ ਜੀ! ਪੰਜਾਬੀਆਂ ਨੇ ਤੁਹਾਡੇ ਤੇ ਭਰੋਸਾ ਜਤਾਇਆ ਹੈ। ਹੁਣ ਤੁਹਾਡੀ ਵਾਰੀ ਹੈ, ਉਸ ਭਰੋਸੇ ਤੇ ਪੂਰਾ ਉਤਰਨ ਦੀ। ਅਗਰ ਐਸਾ ਨਹੀਂ ਹੋ ਸਕਿਆ ਤਾਂ ਪੰਜਾਬੀ ਤੁਹਾਨੂੰ ਬਖਸ਼ਣਗੇ ਨਹੀਂ।ਅਸੀਂ ਵਿਦੇਸ਼ਾਂ ਵਿੱਚ ਬੈਠੇ ਲੱਖਾਂ ਪੰਜਾਬੀ ਆਪਣਾ ਸੂਬਾ ਫਿਰ ਖੁਸ਼ਹਾਲ ਅਤੇ ਘੁੱਗ ਵਸਦਾ ਦੇਖਣਾ ਚਾਹੁੰਦੇ ਹਾਂ।ਮੇਰੀਆ ਸ਼ੁੱਭ ਇਛਾਵਾਂ ਤੁਹਾਡੇ ਨਾਲ ਹਨ।
ਬਲਵੰਤ ਸਿੰਘ ਗਿੱਲ
ਬੈਡਫ਼ੋਰਡ