ਜੰਗ ਦਾ ਮਸਲਾ ਅਤੇ ਨਵੇਂ ਸੰਸਾਰ ਦੀ ਉਮੀਦ - ਅਵਿਜੀਤ ਪਾਠਕ
ਜਦੋਂ ਮੈਂ ਇਹ ਸਤਰਾਂ ਲਿਖ ਰਿਹਾ ਹਾਂ ਤਾਂ ਟੈਲੀਵਿਜ਼ਨਾਂ ਉੱਤੇ ਸਮਾਚਾਰ ਚੈਨਲ ਉਸ ਤਬਾਹਕਾਰੀ ਜੰਗ ਬਾਰੇ ਲਗਾਤਾਰ ਕੁਮੈਂਟਰੀ ਕਰਨ ਲੱਗੇ ਹੋਏ ਹਨ ਜਿਸ ਵਿਚ ਘਾਤਕ ਹਥਿਆਰਾਂ ਨਾਲ ਮਦਹੋਸ਼ ਰੂਸੀ ਫ਼ੌਜ ਯੂਕਰੇਨ ਦੇ ਸ਼ਹਿਰਾਂ ਨੂੰ ਨੇਸਤੋ-ਨਾਬੂਦ ਕਰਦੀ ਜਾ ਰਹੀ ਹੈ। ਮੀਡੀਆ ਦੇ ਪ੍ਰਸੰਗਾਂ ਅਤੇ ਮਨੋਵਿਗਿਆਨਕ ਕਮਜ਼ੋਰੀ ਦੇ ਇਸ ਦੌਰ ਵਿਚ ਇਹੋ ਜਿਹੀ ਘਾਤਕ ਜੰਗ ਕਿਸੇ ਨੂੰ ਦਰਸ਼ਨੀ ਲੱਗ ਸਕਦੀ ਹੈ। ਜਿੰਨੀ ਦੇਰ ਤੱਕ ਇਹ ਸਾਡੇ ਉੱਤੇ ਸਿੱਧਾ ਅਸਰ ਨਹੀਂ ਪਾਉਂਦੀ ਤਾਂ ਅਸੀਂ ਕਿਸੇ ਵੀਡੀਓ ਗੇਮ ਵਾਂਗ ਇਸ ਨੂੰ ਇਕ ਕਿਸਮ ਦੇ ਮਨੋਰੰਜਨ ਦਾ ਜ਼ਰੀਆ ਸਮਝ ਬੈਠਦੇ ਹਾਂ! ਜੰਗਾਂ ਭਾਵੇਂ ਆਰਥਿਕ, ਸੱਭਿਆਚਾਰਕ ਤੇ ਹੋਂਦ ਦੇ ਤੌਰ ਤੇ ਕਿੰਨੀਆਂ ਵੀ ਤਰਾਸਦਿਕ ਹੋਣ ਪਰ ਸਾਡੇ ਜਰਨੈਲ, ਟੈਕਨੋ-ਫਾਸ਼ੀਵਾਦੀ, ਖ਼ੁਦਪ੍ਰਸਤ ਆਗੂ ਤੇ ਹਥਿਆਰ ਬਣਾਉਣ ਵਾਲੇ ਸਾਮਰਾਜ ਜੰਗ ਲਈ ਸਾਜ਼ਗਾਰ ਮਾਹੌਲ ਬਣਾਉਂਦੇ ਰਹਿੰਦੇ ਹਨ, ਜਾਂ ਫਿਰ ਜਿਵੇਂ ਵਿਹਾਰਵਾਦੀ ਕਹਿੰਦੇ ਹਨ ਕਿ ਅਸੀਂ ਵੀ ਹਮਲਾਵਰੀ ਅਤੇ ਹਿੰਸਾ ਦੀ ਲੋਕਮੱਤ ਦੇ ਆਦੀ ਹੋ ਜਾਂਦੇ ਹਾਂ ਅਤੇ ਜੰਗ ਨੂੰ ਕਿਸੇ ਨਾ ਕਿਸੇ ਰੂਪ ਵਿਚ ਅੰਗੀਕਾਰ ਕਰ ਲੈਂਦੇ ਹਾਂ।
ਸੰਭਵ ਹੈ ਕਿ ਬਰਬਾਦੀ ਦੇ ਇਸ ਯੁੱਗ ਵਿਚ ਅਸੀਂ ਟਰੰਪ, ਪੂਤਿਨ, ਜਾਰਜ ਡਬਲਿਊ ਬੁਸ਼ ਜਾਂ ਸੱਦਾਮ ਹੁਸੈਨ ਨੂੰ ਮਹਾਤਮਾ ਗਾਂਧੀ ਤੇ ਮਾਰਟਿਨ ਲੂਥਰ ਕਿੰਗ ਜੂਨੀਅਰ ਜਾਂ ਦਲਾਈਲਾਮਾ ਤੇ ਥਿਚ ਨਾਤ ਹਾਨ ਨਾਲੋਂ ਹਕੀਕੀ ਬਿੰਬ ਵਜੋਂ ਦੇਖਦੇ ਹਾਂ। ਕੀ ਪਤਾ ਅਸੀ ਅਮਨਪ੍ਰਸਤਾਂ ਦੀ ਜੰਗ ਵਿਰੋਧੀ ਪੁਜ਼ੀਸ਼ਨ ਦਾ ਮਜ਼ਾਕ ਉਡਾਉਂਦੇ ਹੋਈਏ ਅਤੇ ਉਨ੍ਹਾਂ ਨੂੰ ‘ਖਿਆਲੀ ਪੁਲਾਓ’ ਅਤੇ ਗ਼ੈਰ-ਵਿਹਾਰਕ ਕਰਾਰ ਦਿੰਦੇ ਹੋਈਏ? ਕੀ ਉਦੋਂ ਅਸੀਂ ਜੰਗ, ਮਾਨਸਿਕ ਸਦਮੇ, ਸ਼ਰਨਾਰਥੀਆਂ ਦੀ ਆਮਦ, ਬੇਘਰੇਪਣ ਅਤੇ ਹਮਲੇ ਦੇ ਸ਼ਿਕਾਰ ਹੋਏ ਮੁਲਕਾਂ ਦੀਆਂ ਵਸਨੀਕ ਔਰਤਾਂ ਨਾਲ ਹੋਈਆਂ ਵਧੀਕੀਆਂ ਦੇ ਰੂਪ ਵਿਚ ਕੀਮਤ ਤਾਰਨ ਲਈ ਤਿਆਰ ਹੋ ਰਹੇ ਹੁੰਦੇ ਹਾਂ?
ਮਨੁੱਖੀ ਇਤਿਹਾਸ ਜੰਗ ਦੇ ਬਿਰਤਾਂਤਾਂ ਨਾਲ ਅੱਟਿਆ ਪਿਆ ਹੈ। ਬਹਰਹਾਲ, ਸਾਨੂੰ ਜੋ ਗੱਲ ਪ੍ਰੇਸ਼ਾਨ ਕਰਦੀ ਹੈ, ਉਹ ਹੈ ਆਧੁਨਿਕਤਾ ਦੀ ਹੋਣੀ। ਇਹ ਕਿਉਂ ਹੈ ਕਿ ਆਧੁਨਿਕਤਾ ਦੇ ਯੁੱਗ ਨੂੰ ਤਰੱਕੀ, ਤਰਕ ਅਤੇ ਆਜ਼ਾਦੀ ਦਾ ਅਲੰਬਰਦਾਰ ਆਖਿਆ ਜਾਂਦਾ ਹੈ ਪਰ ਫਿਰ ਵੀ ਸਾਡੀ ਚੇਤਨਾ ਇੰਨੀ ਕੁੰਦ ਹੁੰਦੀ ਜਾ ਰਹੀ ਹੈ? ਸਾਨੂੰ ਅਮਨ ਅਤੇ ਇਕਜੁੱਟਤਾ ਦੀ ਧਰਤ ਮੁਹੱਈਆ ਕਰਾਉਣ ਦੀ ਬਜਾਇ ਆਧੁਨਿਕਤਾ ਨੇ ਬੇਹੱਦ ਸਟੀਕ ਹਿਸਾਬ ਅਤੇ ਹਿੰਸਾ ਤੇ ਜਨ-ਤਬਾਹੀ ਦੇ ਮਾਰੂ ਹਥਿਆਰਾਂ ਦੀ ਤਕਨੀਕ ਜ਼ਰੀਏ ਸਾਨੂੰ ਜੰਗਾਂ ਦੇ ਕਦੇ ਨਾ ਖ਼ਤਮ ਹੋਣ ਵਾਲੇ ਚੱਕਰ ਵਿਚ ਫਸਾ ਦਿੱਤਾ ਹੈ। ਸਭਿਅਤਾ ਅਤੇ ਲੋਕਰਾਜ ਨੂੰ ਬਹਾਲ ਕਰਨ ਦੇ ਨਾਂ ਉੱਤੇ ਲੜੀ ਗਈ ਖਾੜੀ ਦੀ ਜੰਗ ਹੋਵੇ ਜਾਂ ਯੂਕਰੇਨ ਵਿਚ ਪੂਤਿਨ ਦੇ ਸ਼ਬਦਾਂ ਵਿਚ ਇਸ ਨੂੰ ‘ਨਵ ਨਾਜ਼ੀਆਂ’ ਦੀ ਚੁੰਗਲ ਤੋਂ ਬਚਾਉਣ ਲਈ ਖੇਡਿਆ ਜਾ ਰਿਹਾ ਤਬਾਹੀ ਦਾ ਤਾਂਡਵ ਹੋਵੇ, ਜੰਗ ਨੂੰ ਕਦੇ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।
ਸੰਭਵ ਹੈ ਕਿ ਆਧੁਨਿਕਤਾ ਜੰਗਾਂ ਨਾਲੋਂ ਆਪਣਾ ਨਾਤਾ ਕਿਉਂ ਨਹੀਂ ਤੋੜ ਸਕੀ, ਇਸ ਦੇ ਤਿੰਨ ਮਿਲੇ ਜੁਲੇ ਤਬਾਹਕਾਰੀ ਕਾਰਨ ਹਨ- ਅਤਿ ਰਾਸ਼ਟਰਵਾਦ ਦਾ ਬਿਰਤਾਂਤ ਜਿਸ ਨੂੰ ਅਕਸਰ ਟੈਕਨੋ-ਨਿਰੰਕੁਸ਼ ਸਟੇਟ ਅਤੇ ਇਸ ਦੇ ਹਿਟਲਰ ਤੇ ਪੂਤਿਨ ਜਿਹੇ ਖ਼ੁਦਪ੍ਰਸਤ ਆਗੂਆਂ ਵਲੋਂ ਪਵਿੱਤਰਤਾ ਦਾ ਦਰਜਾ ਦਿੱਤਾ ਜਾਂਦਾ ਹੈ, ਜੰਗ-ਪਸੰਦੀ ਨੂੰ ਮਰਦਾਨਗੀ ਦੀ ਨਿਸ਼ਾਨੀ ਗਿਣਿਆ ਜਾਂਦਾ ਹੈ ਜੋ ਦੁਸ਼ਮਣਾਂ ਤੋਂ ਭੈਅ ਦਾ ਮਾਹੌਲ ਸਿਰਜਦੀ ਹੈ ਤੇ ਸਿੰਜਦੀ ਹੈ ਅਤੇ ਇਸ ਤਰ੍ਹਾਂ ਦੇਸ਼ਭਗਤੀ ਅਤੇ ਕੁਰਬਾਨੀ ਦੇ ਨਾਂ ਉੱਤੇ ਇਸ ਨੂੰ ਪਾਵਨਤਾ ਦਾ ਦਰਜਾ ਦਿੱਤਾ ਜਾਂਦਾ ਹੈ, ਤੇ ਸਭ ਤੋਂ ਵਧ ਕੇ ਇਸ ਨਾਲ ਆਧੁਨਿਕ ਪੂੰਜੀਵਾਦ, ਸੱਤਾਵਾਦੀ ਸਮਾਜਵਾਦ ਅਤੇ ਇਸ ਦੀਆਂ ਬਸਤੀਵਾਦੀ ਤੇ ਸਾਮਰਾਜੀ ਖਾਹਸ਼ਾਂ ਨਾਲ ਜੁੜਿਆ ਹੋਇਆ ਜ਼ਾਹਰਾ ਲਾਲਚ। ਇਸ ਲਈ ਇਸ ਤੇ ਕੋਈ ਹੈਰਾਨੀ ਨਹੀਂ ਹੁੰਦੀ ਕਿ ਅਸੀਂ ਇਹੋ ਜਿਹੀ ਦੁਨੀਆ ਵਿਚ ਮੌਤ ਨਾਲ ਨੱਚ ਸਕਦੇ ਹਾਂ, ਦੂਜੀ ਸੰਸਾਰ ਜੰਗ ਵਿਚ ਸਾਢੇ ਸੱਤ ਕਰੋੜ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਸਕਦੇ ਹਾਂ ਅਤੇ ਜ਼ਿਗਮੌਂਟ ਬੌਮਨ ਦੇ ਸ਼ਬਦਾਂ ਵਿਚ ਵਿਗਿਆਨਕ ਯੋਜਨਾਬੰਦੀ ਜ਼ਰੀਏ ਨਸਲਘਾਤ ਬਾਰੇ ਸੋਚ ਸਕਦੇ ਹਾਂ। 1956 ਵਿਚ ਅਸੀਂ ਸੋਵੀਅਤ ਟੈਂਕਾਂ ਤੇ ਦਸਤਿਆਂ ਨੂੰ ਹੰਗਰੀ ਵਿਚ ਹੋਏ ਕੌਮੀ ਵਿਦਰੋਹ ਨੂੰ ਕੁਚਲਦਿਆਂ ਦੇਖਿਆ ਹੈ ਜਾਂ ਫਿਰ ਅਮਰੀਕਾ ਨੂੰ 1991 ਵਿਚ ਇਰਾਕ ਉਪਰ ਹਜ਼ਾਰਾਂ ਬੰਬ ਵਰ੍ਹਾਉਂਦੇ ਹੋਏ ਆਪਣੀ ਫ਼ੌਜੀ ਤਾਕਤ ਦਾ ਮੁਜ਼ਾਹਰਾ ਕਰਦੇ ਹੋਏ ਦੇਖਿਆ ਹੈ। ਵੀਅਤਨਾਮ ਤੋਂ ਲੈ ਕੇ ਅਫ਼ਗਾਨਿਸਤਾਨ ਤੇ ਯੂਕਰੇਨ ਤੱਕ ਇਹੀ ਕਹਾਣੀ ਵਾਰ ਵਾਰ ਚਲਦੀ ਆ ਰਹੀ ਹੈ।
ਅਫ਼ਸੋਸ ਦੀ ਗੱਲ ਹੈ ਕਿ ਮੌਜੂਦਾ ਸਿੱਖਿਆ ਪੱਧਤੀ ਨੌਜਵਾਨ ਜਗਿਆਸੂਆਂ ਨੂੰ ਕਦੇ ਕਦਾਈਂ ਫ਼ੌਜੀ ਰਾਸ਼ਟਰਵਾਦ ਅਤੇ ਇਸ ਦੀ ਵਿਚਾਰਧਾਰਾ ਨਾਲ ਜੁੜਨ ਲਈ ਪ੍ਰੇਰਦੀ ਹੈ। ਜੇ ਤੁਸੀਂ ਕਿਸੇ ਔਸਤਨ ਸਕੂਲੀ ਜਾਂ ਕਾਲਜੀਏਟ ਵਿਦਿਆਰਥੀ ਨੂੰ ਪੁੱਛੋਗੇ ਤਾਂ ਦੇਖੋਗੇ ਕਿ ਕਿਵੇਂ ਉਸ ਦੇ ਦਿਮਾਗ ਪਹਿਲਾਂ ਹੀ ਕੁਝ ਧਾਰਨਾਵਾਂ ਨੂੰ ਸਵੀਕਾਰਨ ਲਈ ਤਿਆਰ ਕਰ ਦਿੱਤਾ ਜਾਂਦਾ ਹੈ, ਮਸਲਨ, ਪਾਕਿਸਤਾਨ ਸਾਡਾ ਦੁਸ਼ਮਣ ਹੈ, ਫ਼ੌਜੀ ਹਮਲਾ ਬੁਰੀ ਚੀਜ਼ ਨਹੀਂ ਹੈ ਕਿਉਂਕਿ ਸਾਡੇ ਫ਼ੌਜੀ ਸੱਚੇ ਦੇਸ਼ਭਗਤ ਦੇ ਤੌਰ ਤੇ ਸਾਡੇ ਰਾਸ਼ਟਰ ਦੀ ਰੱਖਿਆ ਕਰ ਰਹੇ ਹਨ! ਸਾਡੀ ਸਿੱਖਿਆ ਪ੍ਰਣਾਲੀ ਨੌਜਵਾਨ ਵਿਦਿਆਰਥੀਆਂ ਨੂੰ ਵੱਖੋ ਵੱਖਰੇ ਰੰਗਾਂ ਦੇ ਲੜਾਕੇ - ਸਮਾਜਿਕ ਡਾਰਵਿਨਵਾਦ ਦੀ ਧਾਰਨਾ ਵਾਲੇ ਅਤਿ ਦੇ ਮੁਕਾਬਲੇਬਾਜ਼ ਕੈਰੀਅਰਵਾਦੀ, ਤਰਕ ਪੂਜਕ ਟੈਕਨੋ-ਮੈਨੇਜਰ ਜਾਂ ਸਰੀਰਕ ਤਾਕਤ ਦੇ ਲਾਲਸੀ ਬਣਾਉਂਦੀ ਹੈ ਜੋ ਸੌਖਿਆਂ ਹੀ ਨਿਰੰਕੁਸ਼ ਸ਼ਖ਼ਸੀਅਤਾਂ ਦੇ ਪ੍ਰਭਾਵ ਹੇਠ ਆ ਜਾਂਦੇ ਹਨ।
ਫਿਰ ਉਨ੍ਹਾਂ ਲੋਕਾਂ ਨੂੰ ਅੱਗੇ ਆ ਕੇ ਜੰਗ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਅਤੇ ਅਮਨਪਸੰਦੀ ਦੀ ਲਹਿਰ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਹਾਲੇ ਵੀ ਮਨੁੱਖੀ ਚੰਗਿਆਈ ਵਿਚ ਭਰੋਸਾ ਨਹੀਂ ਗੁਆਇਆ। ਇਸ ਲਈ ਸਾਡੀ ਸੰਸਾਰ ਦ੍ਰਿਸ਼ਟੀ ਵਿਚ ਬੁਨਿਆਦੀ ਤਬਦੀਲੀ ਲਿਆਉਣ ਦੀ ਲੋੜ ਹੈ। ਦੂਜਿਆਂ ਉੱਤੇ ਹਾਵੀ ਹੋਣ ਬਿਨਾਂ ਸਾਡੀਆ ਵਹਿਸ਼ੀ ਖਾਹਸ਼ਾਂ ਤੇ ਖੁਦਪ੍ਰਸਤ ਲਾਲਸਾ ਤੋਂ ਐਰਿਕ ਫਰੌਮ ਦੇ ਸ਼ਬਦਾਂ ਵਿਚ ‘ਮੁਹੱਬਤ ਦੀ ਕਲਾ’ ਵਿਚ, ਸੱਤਾ ਦੀ ਮਨਵਚਨੀ ਨੂੰ ਥਿਚ ਨਾਤ ਹਾਨ੍ਹ ਦੇ ਸ਼ਬਦਾਂ ਵਿਚ ਸਨੇਹ ਤੇ ਕਰੁਨਾਮਈ ਢੰਗ ਨਾਲ ਸੁਣਨ, ਬਸਤੀਵਾਦੀ ਆਕਰਮਣ ਤੇ ਜੰਗ-ਪਸੰਦੀ ਤੋਂ ਗਾਂਧੀ ਦੇ ਲਫ਼ਜ਼ਾਂ ਵਿਚ ਅਹਿੰਸਾ ਤੇ ਸਤਿਆਗ੍ਰਹਿ ਦੀ ਕਲਾ ਵਿਚ, ਜਾਂ ਜੋਹਾਨ ਗੈਲਟੰਗ ਦੇ ਸ਼ਬਦਾਂ ਵਿਚ ਟਕਰਾਅ ਨਿਬੇੜੇ ਦੀ ਵਿਧੀ ਵਿਚ, ਵਿਗਿਆਨ ਤੇ ਤਕਨੀਕੀ ਹਿੰਸਾ ਤੋਂ ਚੌਗਿਰਦੇ ਦੀ ਪਾਵਨਤਾ ਜਾਂ ਜਿਸ ਨੂੰ ਨਾਰੀਵਾਦੀ ਮਾਰਮਿਕਤਾ ਦੇ ਇਖ਼ਲਾਕ ਕਰਾਰ ਦਿੰਦੇ ਹਨ, ਵਿਚ ਤਬਦੀਲੀ ਦਰਕਾਰ ਹੈ। ਈਸਾ ਮਸੀਹ ਹੋਣ ਜਾਂ ਬੁੱਧ ਜਾਂ ਫਿਰ ਲਿਓ ਤਾਲਸਤਾਏ ਦੀ ‘ਦਿ ਕਿੰਗਡਮ ਆਫ ਗੌਡ ਇਜ਼ ਵਿਦਿਨ ਯੂ’ ਅਤੇ ਟੈਗੋਰ ਦੀ ‘ਗੀਤਾਂਜਲੀ’, ਉਨ੍ਹਾਂ ਵਿਚੋਂ ਅਸੀਂ ਮਾਨਵਤਾ ਦੀ ਪਰਵਾਜ਼ ਦੀ ਬਿਹਤਰੀਨ ਉਮੰਗ ਦੇਖਦੇ ਹਾਂ।
ਇਸ ਓਰਵੈਲੀਅਨ ਜਾਂ ਫੂਕੋਈਅਨ ਸੰਸਾਰ ਵਿਚ ਗਿਣਤੀ ਦੇ ਹੀ ਲੋਕ ਹੋਣਗੇ ਜੋ ਅਮਨਪਸੰਦਾਂ ਦੀ ਗੱਲ ਦੇ ਕਾਇਲ ਹੋਣਗੇ। ਇਹ ਭਾਵੇਂ ਯੂਟੋਪੀਆ ਹੀ ਲੱਗੇ, ਤਾਂ ਵੀ ਸਾਨੂੰ ਸੱਤਿਆਗ੍ਰਹਿ ਦੀ ਸੂਖਮ ਕਲਾ ਲਈ ਪ੍ਰੇਰਨਾ ਲੈਣ ਲਈ ਇਸ ਦੀ ਲੋੜ ਹੈ ਜਾਂ ਸ਼ਾਂਤਮਈ ਦੁਨੀਆ ਦੇ ਬੀਜ ਬੀਜਣ ਲਈ ਰਚਨਾਤਮਿਕ ਸੂਖਮ ਅਤੇ ਨੈਤਿਕ ਤੌਰ ਤੇ ਉਨਤ ਸਿੱਖਿਆ ਦੇ ਤੌਰ ਤੇ ਇਸ ਦੀ ਲੋੜ ਹੈ। ਸਾਨੂੰ ਇਸ ਯੂਟੋਪੀਆ ਦੀ ਇਸ ਕਰ ਕੇ ਵੀ ਲੋੜ ਹੈ ਤਾਂ ਕਿ ਸਾਡੇ ਬੱਚੇ ਇਹ ਅਹਿਸਾਸ ਕਰ ਸਕਣ ਕਿ ਜੰਗ-ਪਸੰਦੀ ਵਾਲਾ ਬਿੰਬ ਚੰਗਾ ਨਹੀਂ ਹੁੰਦਾ ਹੈ, ਪਰਮਾਣੂ ਹਥਿਆਰਾਂ ਦੀ ਈਜਾਦ ਸਾਡੇ ਨੈਤਿਕ ਨਿਘਾਰ ਦਾ ਪ੍ਰਤੀਕ ਹੈ ਅਤੇ ਖ਼ੁਦਪ੍ਰਸਤੀ ਕੋਈ ਦਲੇਰਾਨਾ ਇਜ਼ਹਾਰ ਨਹੀਂ ਸਗੋਂ ਨਿਰੰਤਰ ਡਰ ਤੇ ਮਾਨਸਿਕ ਅਸੁਰੱਖਿਆ ਦੀ ਨਿਸ਼ਾਨੀ ਹੈ, ਤੇ ਪਰਮਾਣੂ ਬੰਬਾਂ ਦੀ ਤਾਕਤ ਪਿਆਰ ਤੇ ਕਰੁਨਾ ਤੋਂ ਵਡੇਰੀ ਨਹੀਂ ਹੈ। ਮਾੜੇ ਤੋਂ ਮਾੜੇ ਹਾਲਾਤ ਵਿਚ ਨਵੇਂ ਸੰਸਾਰ ਦੀ ਉਮੀਦ ਬੁਝਣੀ ਨਹੀਂ ਚਾਹੀਦੀ। ਇਸ ਚਲਦੀ ਜੰਗ ਦੌਰਾਨ ਜਿਵੇਂ ਅਸੀਂ ਮਾਸਕੋ ਦੀਆਂ ਗਲੀਆਂ ਅਤੇ ਸੜਕਾਂ ਉੱਤੇ ਅਮਨਪਸੰਦ ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਜੰਗ ਵਿਰੋਧੀ ਨਾਅਰੇ ਲਾਉਂਦੇ ਅਤੇ ਅਮਨ ਦੇ ਹੱਕ ਵਿਚ ਝੰਡਾ ਬੁਲੰਦ ਕਰਦੇ ਹੋਏ ਦੇਖਿਆ ਹੈ ਜੋ ਦਿਲਾਂ ਨੂੰ ਧਰਵਾਸ ਦਿੰਦੇ ਹਨ। ਭਲਾ, ਸਾਨੂੰ ਇਸ ਉਮੀਦ ਦੀ ਮੁਕਤੀਦਾਤੀ ਤਾਕਤ ਦੇ ਖੰਡਨ ਤੋਂ ਕੀ ਮਿਲੇਗਾ?
* ਲੇਖਕ ਸਮਾਜ ਸ਼ਾਸਤਰੀ ਹੈ।