ਚੋਣਾਂ ਦਾ ਚੱਕਰ ਨਤੀਜੇ ਸੌਂਪ ਕੇ ਨਿਕਲ ਗਿਆ, ਅੱਗੇ ਕਦਮ ਵਧਾਉਣ ਬਾਰੇ ਸੋਚੀਏ - ਜਤਿੰਦਰ ਪਨੂੰ
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਣ ਪਿੱਛੋਂ ਨਤੀਜੇ ਨਿਕਲ ਚੁੱਕੇ ਹਨ ਅਤੇ ਆਮ ਆਦਮੀ ਪਾਰਟੀ ਇਹੋ ਜਿਹੀ ਤਾਕਤ ਬਣ ਕੇ ਉੱਭਰੀ ਹੈ, ਜਿਸ ਦਾ ਕਿਸੇ ਨੂੰ ਖਿਆਲ ਵੀ ਨਹੀਂ ਸੀ। ਉਸ ਨੂੰ ਇੱਕ ਸੌ ਸਤਾਰਾਂ ਵਿੱਚੋਂ ਬਾਨਵੇਂ ਸੀਟਾਂ ਮਿਲਣ ਦਾ ਕਾਰਨ ਏਥੋਂ ਪਤਾ ਲੱਗਦਾ ਹੈ ਕਿ ਕੁੱਲ ਭੁਗਤੀਆਂ ਵੋਟਾਂ ਵਿੱਚੋਂ ਬਤਾਲੀ ਫੀਸਦੀ ਲੋਕਾਂ ਨੇ ਉਸ ਨੂੰ ਵੋਟ ਪਾਈ ਹੈ, ਜਦ ਕਿ ਉਸ ਦੀ 'ਨੇੜਲੀ ਵਿਰੋਧੀ' ਕਾਂਗਰਸ ਪਾਰਟੀ ਨੂੰ ਤੇਈ ਫੀਸਦੀ ਤੋਂ ਵੀ ਘੱਟ ਵੋਟਾਂ ਮਿਲੀਆਂ ਹਨ। ਏਨੇ ਵੱਡੇ ਪਾੜੇ ਵੱਲ ਵੇਖੀਏ ਤਾਂ ਕਾਂਗਰਸ ਨੂੰ ਉਸ ਦੀ 'ਨੇੜਲੀ ਵਿਰੋਧੀ' ਕਹਿੰਦਿਆਂ ਵੀ ਹੱਸ ਪਈਦਾ ਹੈ। ਜਿਹੜੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਈ ਵਾਰੀ ਇਹ ਕਿਹਾ ਸੀ ਕਿ 'ਪਿਛਲੀ ਵਾਰੀ ਮੈਂ ਡਿਪਟੀ-ਡੁਪਟੀ ਹੁੰਦਾ ਸਾਂ, ਇਸ ਵਾਰੀ ਪੂਰਾ ਮੁੱਖ ਮੰਤਰੀ ਬਣਾਂਗਾ', ਉਸ ਦੀ ਪਾਰਟੀ ਨੂੰ ਸਿਰਫ ਤਿੰਨ ਸੀਟਾਂ ਮਿਲੀਆਂ ਤੇ ਵੋਟਾਂ ਸਾਢੇ ਅਠਾਰਾਂ ਫੀਸਦੀ ਤੋਂ ਹੇਠਾਂ ਰਹਿ ਗਈਆਂ ਹਨ। ਪੰਜਾਬ ਦੇ ਤਿੰਨ ਖੇਤਰ ਮਾਝਾ, ਦੋਆਬਾ ਅਤੇ ਮਾਲਵਾ ਹਨ ਅਤੇ ਅਕਾਲੀ ਦਲ ਨੂੰ ਤਿੰਨਾਂ ਵਿੱਚ ਇੱਕ-ਇੱਕ ਸੀਟ, ਮਾਝੇ ਵਿੱਚ ਮਜੀਠਾ, ਦੋਆਬੇ ਵਿੱਚ ਬੰਗਾ ਤੇ ਮਾਲਵੇ ਦੀ ਦਾਖਾ ਮਿਲੀ ਹੈ, ਬਾਕੀ ਸਾਰੇ ਪੰਜਾਬ ਵਿੱਚ ਉਸ ਨੂੰ ਝਾੜੂ ਵਾਲਿਆਂ ਨੇ ਮਾਂਜਾ ਮਾਰ ਕੇ ਖੂੰਜੇ ਲਾ ਦਿੱਤਾ ਹੈ। ਇਹ ਆਪਣੇ ਆਪ ਵਿੱਚ ਹੈਰਾਨੀ ਜਨਕ ਹੈ।
ਹੈਰਾਨੀ ਜਨਕ ਇਹ ਵੀ ਹੈ ਕਿ ਪੰਜਾਬ ਦਾ ਪੰਜ ਵਾਰੀਆਂ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਲੰਬੀ ਹਲਕੇ ਵਾਲੀ ਪੱਕੀ ਮੰਨੀ ਜਾਂਦੀ ਸੀਟ ਤੋਂ ਉਮਰ ਦੇ ਆਖਰੀ ਪਹਿਰ ਵਿੱਚ ਹਾਰ ਕੇ ਸਾਰੀ ਉਮਰ ਦੇ ਕਦੇ ਨਾ ਹਾਰਨ ਵਾਲੇ ਆਗੂ ਦਾ ਅਕਸ ਮਿੱਟੀ ਵਿੱਚ ਮਿਲਾ ਬੈਠਾ ਹੈ। ਉਸ ਦੇ ਨੇੜਲੇ ਸਲਾਹਕਾਰਾਂ ਤੇ ਸਾਰੀ ਉਮਰ ਦੇ ਸਾਥੀਆਂ ਨੇ ਸਲਾਹ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਉਸ ਨੂੰ ਸਦੀ ਪੂਰੀ ਕਰਨ ਤੋਂ ਮਸਾਂ ਛੇ ਕੁ ਸਾਲ ਘੱਟ ਹੁੰਦਿਆਂ ਇਸ ਉਮਰ ਵਿੱਚ ਚੋਣ ਲੜਨ ਤੇ ਅਕਸ ਨੂੰ ਦਾਅ ਉੱਤੇ ਲਾਉਣ ਤੋਂ ਬਚਣਾ ਚਾਹੀਦਾ ਹੈ। ਬਾਦਲ ਪਰਵਾਰ ਵਿੱਚ ਜਿਸ ਦੀ ਸਭ ਤੋਂ ਵੱਧ ਚੱਲਦੀ ਹੈ ਅਤੇ ਉਸ ਦੇ ਮੂਹਰੇ ਕੋਈ ਸਿਰ ਨਹੀਂ ਚੁੱਕ ਸਕਦਾ, ਉਸ ਨੇ ਕਿਹਾ ਸੀ ਕਿ 'ਪਾਪਾ ਨੂੰ ਇਸ ਵਾਰੀ ਸੁਪਰ ਸੀ ਐੱਮ ਬਣਾਉਣਾ ਹੈ, ਇਸ ਲਈ ਇਹ ਚੋਣ ਲੜਨੀ ਹੀ ਲੜਨੀ ਹੈ।' ਨਤੀਜਾ ਬਹੁਤ ਬੁਰਾ ਨਿਕਲਿਆ ਅਤੇ ਓਦੋਂ ਵੀ ਬੁਰੀ ਗੱਲ ਕਿ ਬਾਦਲ ਸਾਹਿਬ ਦਾ ਪਹਿਲਾਂ ਡਿਪਟੀ ਮੁੱਖ ਮੰਤਰੀ ਰਹਿ ਚੁੱਕਾ ਪੁੱਤਰ ਇਸ ਵਾਰੀ 'ਡਿਪਟੀ-ਡੁਪਟੀ' ਦੀ ਥਾਂ ਪੂਰਾ ਮੁੱਖ ਮੰਤਰੀ ਬਣਨ ਦੇ ਸੁਫਨੇ ਲੈਂਦਾ ਆਪਣੀ ਜਲਾਲਾਬਾਦ ਸੀਟ ਤੋਂ ਨਵੇਂ ਉੱਭਰੇ ਆਗੂ ਜਗਦੀਪ ਕੰਬੋਜ ਤੋਂ ਲੱਗਭਗ ਇਕੱਤੀ ਹਜ਼ਾਰ ਵੋਟਾਂ ਦੇ ਫਰਕ ਨਾਲ ਬੁਰੀ ਤਰ੍ਹਾਂ ਹਾਰ ਗਿਆ ਹੈ। ਬਾਦਲ ਸਾਹਿਬ ਦਾ ਦਾਮਾਦ ਵੀ ਪੱਟੀ ਸੀਟ ਤੋਂ ਗਿਆਰਾਂ ਹਜ਼ਾਰ ਵੋਟਾਂ ਨਾਲ ਹਾਰ ਗਿਆ ਤੇ ਪੁੱਤਰ ਦਾ ਸਾਲਾ ਬਿਕਰਮ ਸਿੰਘ ਮਜੀਠੀਆ ਵੀ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਪੰਝੀ ਹਜ਼ਾਰ ਵੋਟਾਂ ਲੈ ਕੇ ਤੀਸਰੀ ਥਾਂ ਆਇਆ ਹੈ। ਆਮ ਆਦਮੀ ਪਾਰਟੀ ਵੱਲੋਂ ਓਥੇ ਸਿਆਸੀ ਖੇਤਰ ਵਿੱਚ ਅਸਲੋਂ ਨਵੀਂ ਉੱਭਰੀ ਆਗੂ ਜੀਵਨਜੋਤ ਕੌਰ ਨੂੰ ਜਿਤਾਉਣ ਲਈ ਚਾਲੀ ਹਜ਼ਾਰ ਦੇ ਕਰੀਬ ਲੋਕਾਂ ਨੇ ਵੋਟਾਂ ਪਾਈਆਂ ਤੇ ਪੰਜਾਬ ਕਾਂਗਰਸ ਦਾ ਬੜਬੋਲਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਉਸ ਨਾਲੋਂ ਪੌਣੇ ਸੱਤ ਹਜ਼ਾਰ ਵੋਟਾਂ ਦੇ ਫਰਕ ਨਾਲ ਹਾਰ ਪੱਲੇ ਪੁਆ ਬੈਠਾ ਹੈ। ਅਕਾਲੀ ਦਲ ਦੇ ਬਜਾਏ ਕਾਂਗਰਸ ਵੱਲੋਂ ਸਹੀ, ਪ੍ਰਕਾਸ਼ ਸਿੰਘ ਬਾਦਲ ਦਾ ਭਤੀਜਾ ਮਨਪ੍ਰੀਤ ਸਿੰਘ ਬਾਦਲ, ਜਿਹੜਾ ਪੰਜ ਸਾਲਾਂ ਤੋਂ ਕਾਂਗਰਸ ਦੀ ਸਰਕਾਰ ਦਾ ਖਜ਼ਾਨਾ ਮੰਤਰੀ ਸੀ ਅਤੇ ਕਿਹਾ ਜਾ ਰਿਹਾ ਸੀ ਕਿ ਬਾਦਲ ਪਰਵਾਰ ਅੰਦਰ-ਖਾਤੇ ਆਪਸ ਵਿੱਚ ਇੱਕ ਦੂਸਰੇ ਦੀ ਮਦਦ ਲਈ ਸਾਂਝ ਪਾ ਚੁੱਕਾ ਹੈ, ਬਠਿੰਡੇ ਦੀ ਸੀਟ ਤੋਂ ਉਹ ਸਾਢੇ ਤਰੇਹਠ ਹਜ਼ਾਰ ਵੋਟਾਂ ਦੇ ਫਰਕ ਨਾਲ ਸ਼ਰਮਿੰਦਗੀ ਵਾਲੀ ਹਾਰ ਦਾ ਭਾਗੀ ਬਣਿਆ ਹੈ। ਇਸ ਨਤੀਜੇ ਨੇ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਪੰਜਾਬ ਦੀ ਵਿਧਾਨ ਸਭਾ ਬਾਦਲ-ਮੁਕਤ ਕਰ ਦਿੱਤੀ ਹੈ। ਇਹੀ ਨਹੀਂ, ਪਾਰਟੀ ਦੇ ਵੱਡੇ ਚਿਹਰਿਆਂ ਵਿੱਚੋਂ ਜਥੇਦਾਰ ਤੋਤਾ ਸਿੰਘ ਵਰਗਾ ਅੱਧੀ ਸਦੀ ਤੋਂ ਵੱਧ ਪੁਰਾਣਾ ਅਕਾਲੀ ਆਗੂ ਆਪਣੀ ਧਰਮਕੋਟ ਵਾਲੀ ਸੀਟ ਹਾਰ ਗਿਆ ਤੇ ਉਸ ਦਾ ਪੁੱਤਰ ਬਰਜਿੰਦਰ ਸਿੰਘ ਮੋਗੇ ਤੋਂ ਹਾਰ ਗਿਆ। ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਪੱਕਾ ਸਿਆਸੀ ਫਰਜ਼ੰਦ ਕਿਹਾ ਜਾਂਦਾ ਪ੍ਰੇਮ ਸਿੰਘ ਚੰਦੂਮਾਜਰਾ ਆਪਣੀ ਘਨੌਰ ਵਾਲੀ ਸੀਟ ਤੋਂ ਅਤੇ ਉਸ ਦਾ ਪੁੱਤਰ ਨਾਲ ਦੀ ਸਨੌਰ ਸੀਟ ਤੋਂ ਹਾਰ ਗਿਆ ਹੈ। ਪਾਰਟੀ ਦਾ ਹੋਰ ਕਿਹੜਾ-ਕਿਹੜਾ ਆਗੂ ਕਿੱਦਾਂ ਹਾਰਿਆ, ਇਸ ਬਾਰੇ ਚਰਚਾ ਕਰਨ ਦੀ ਲੋੜ ਨਹੀਂ ਰਹਿੰਦੀ।
ਕਾਂਗਰਸ ਪਾਰਟੀ ਨੇ ਜਦੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਸੀ ਤਾਂ ਅਸੀਂ ਸਵਾਗਤ ਕੀਤਾ ਤੇ ਕਿਹਾ ਸੀ ਕਿ ਇਹ ਪੰਜਾਬ ਦੀ ਰਾਜਨੀਤੀ ਦਾ ਸੁਲੱਖਣਾ ਪੱਖ ਹੈ ਕਿ ਅਸਲੋਂ ਦੱਬੇ-ਕੁਚਲੇ ਘਰ ਵਿੱਚ ਜਨਮਿਆ ਬੱਚਾ ਵੀ ਇਸ ਰਾਜ ਦੀ ਸਿਖਰਲੀ ਸਿਆਸੀ ਕੁਰਸੀ ਉੱਤੇ ਬੈਠਾ ਹੈ। ਉਹ ਉਸ ਕੁਰਸੀ ਉੱਤੇ ਬੈਠ ਕੇ ਜਿਸ ਤਰ੍ਹਾਂ ਚੱਲਿਆ, ਅਗਲੇ ਦਿਨਾਂ ਵਿੱਚ ਨਾ ਪਾਰਟੀ ਦਾ ਕੁਝ ਬਣਾ ਸਕਿਆ ਅਤੇ ਨਾ ਦੋ ਥਾਂਈਂ ਕਾਗਜ਼ ਭਰ ਕੇ ਇੱਕ ਵੀ ਸੀਟ ਨੂੰ ਖੁਦ ਜਿੱਤਣ ਜੋਗਾ ਨਿਕਲਿਆ ਹੈ। ਉਸ ਦੀ ਪਾਰਟੀ ਦਾ ਜਿਹੜਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣਾ ਬਣਾਇਆ 'ਪੰਜਾਬ ਮਾਡਲ' ਲੋਕਾਂ ਨੂੰ ਵਿਖਾ ਕੇ ਸੱਤਰ ਸੀਟਾਂ ਜਿੱਤਣ ਦਾ ਦਾਅਵਾ ਕਰਦਾ ਸੀ, ਉਹ ਆਪਣੀ ਅੰਮ੍ਰਿਤਸਰ ਪੂਰਬੀ ਦੀ ਸੀਟ ਤੋਂ ਪਾਰ ਲੱਗਣ ਯੋਗ ਨਹੀਂ ਨਿਕਲਿਆ ਅਤੇ ਨਾਲ ਦੀ ਸੀਟ ਤੋਂ ਪਾਰਟੀ ਦਾ ਡਿਪਟੀ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਵੀ ਹਾਰ ਗਿਆ ਹੈ। ਇਸ ਪਾਰਟੀ ਨੂੰ ਮਸਾਂ ਡੇਢ ਦਰਜਨ ਸੀਟਾਂ ਮਿਲੀਆਂ ਹਨ ਅਤੇ ਏਨੀਆਂ ਮਿਲਣ ਤੋਂ ਵੀ ਲੋਕ ਹੈਰਾਨ ਹਨ, ਕਿਉਂਕਿ ਕਾਂਗਰਸ ਆਗੂ ਜਦੋਂ ਚੱਲਦੀ ਚੋਣ ਦੌਰਾਨ ਵੀ ਇੱਕ ਦੂਸਰੇ ਦੇ ਗਿੱਟੇ ਸੇਕਦੇ ਰਹੇ ਤਾਂ ਇਸ ਤੋਂ ਵੱਖਰਾ ਨਤੀਜਾ ਨਿਕਲਣ ਦੀ ਆਸ ਵੀ ਕਿਸੇ ਨੂੰ ਨਹੀਂ ਸੀ। ਚੱਲਦੀ ਚੋਣ ਦੌਰਾਨ ਨਵਜੋਤ ਸਿੰਘ ਸਿੱਧੂ ਦੂਸਰੇ ਕਾਂਗਰਸੀ ਲੀਡਰਾਂ ਅਤੇ ਆਪਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਵੀ ਰੋਜ਼ ਭੜਾਸ ਕੱਢਦਾ ਰਿਹਾ ਤੇ ਅੱਗੋਂ ਉਸ ਦੇ ਖਿਲਾਫ ਵੀ ਪਾਰਟੀ ਦੇ ਕਈ ਲੀਡਰ ਜਨਤਕ ਤੌਰ ਉੱਤੇ ਬੋਲਦੇ ਰਹੇ ਸਨ। ਪਾਰਟੀ ਦੇ ਪੰਜ ਪਾਰਲੀਮੈਂਟ ਮੈਂਬਰਾਂ ਨੇ, ਜਿਨ੍ਹਾਂ ਵਿੱਚ ਚਾਰ ਲੋਕ ਸਭਾ ਵਾਲੇ ਅਤੇ ਇੱਕ ਰਾਜ ਸਭਾ ਵਾਲਾ ਸੀ, ਚੱਲਦੀ ਚੋਣ ਮੌਕੇ ਵੀ ਆਪਣੀ ਪਾਰਟੀ ਦੇ ਖਿਲਾਫ ਖੁੱਲ੍ਹੀ ਬਿਆਨਬਾਜ਼ੀ ਕਰਨੀ ਜਾਰੀ ਰੱਖੀ ਸੀ ਤਾਂ ਲੋਕ ਮੂਰਖ ਨਹੀਂ ਸਨ ਕਿ ਇਹੋ ਜਿਹੀ ਕੋੜਮੇ ਦੀ ਜੰਗ ਵਿੱਚ ਉਲਝੀ ਹੋਈ ਪਾਰਟੀ ਨੂੰ ਜਿਤਾ ਦੇਂਦੇ।
ਭਾਜਪਾ ਵਾਲਿਆਂ ਨੇ ਦਾਅਵੇ ਬਹੁਤ ਵੱਡੇ ਕੀਤੇ ਕਿ ਉਹ ਪੰਜਾਬ ਦੀ ਸਰਕਾਰ ਬਣਾਉਣ ਲਈ ਪੂਰਾ ਨਕਸ਼ਾ ਬਣਾ ਕੇ ਚੱਲਦੇ ਪਏ ਹਨ ਅਤੇ ਦਸ ਮਾਰਚ ਪਿੱਛੋਂ ਨਤੀਜਿਆਂ ਤੋਂ ਬਾਅਦ ਸਰਕਾਰ ਸੀਸਵਾਂ ਵਾਲੇ ਮਹਿਲ ਤੋਂ ਚਲਾਉਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਟੀਮ ਵੀ ਅਗੇਤਾ ਹੀ ਕਹਿੰਦੀ ਰਹੀ। ਜਦੋਂ ਨਤੀਜਾ ਨਿਕਲਿਆ ਤਾਂ ਭਾਜਪਾ ਸਿਰਫ ਦੋਂਹ ਸੀਟਾਂ ਉੱਤੇ ਰੁਕ ਗਈ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਨਾ ਆਪਣੀ ਸੀਟ ਆਈ ਤੇ ਨਾ ਕੋਈ ਸੰਗੀ-ਸਾਥੀ ਕਿਸੇ ਵੀ ਸੀਟ ਤੋਂ ਜਿੱਤ ਸਕਿਆ। ਇਹੋ ਹਾਲ ਉਨ੍ਹਾਂ ਨਾਲ ਜੁੜੇ ਸੁਖਦੇਵ ਸਿੰਘ ਢੀਂਡਸਾ ਦੇ ਗਰੁੱਪ ਦਾ ਹੋਇਆ ਹੈ। ਅੱਗੋਂ ਜਿਹੜੀ ਹਾਲਤ ਦਿੱਸ ਰਹੀ ਹੈ, ਉਸ ਵਿੱਚ ਇਹ ਦੋਵੇਂ ਧੜੇ ਦੋਬਾਰਾ ਆਪਣੇ ਸਿਰ ਉੱਠਣ ਜੋਗੇ ਨਹੀਂ ਲੱਗਦੇ ਤੇ ਜਿਸ ਕਿਸੇ ਧਿਰ ਨਾਲ ਇਹ ਜੁੜਨਗੇ, ਓਥੇ ਹੋਰ ਜੋ ਵੀ ਮਿਲ ਜਾਵੇ, ਇੱਜ਼ਤ-ਮਾਣ ਮਿਲਣ ਵਾਲੀ ਗੱਲ ਨਹੀਂ ਹੋਣੀ। ਭਵਿੱਖ ਦੇ ਪੱਖ ਤੋਂ ਇਨ੍ਹਾਂ ਲੀਡਰਾਂ ਨੂੰ ਸੰਨਿਆਸ ਦਾ ਜੀਵਨ ਗੁਜ਼ਾਰਨ ਲਈ ਮਾਨਸਿਕ ਤੌਰ ਉੱਤੇ ਤਿਆਰ ਹੋਣਾ ਚਾਹੀਦਾ ਹੈ।
ਇਸ ਵਕਤ ਪੰਜਾਬ ਵਿੱਚ ਇੱਕ ਨਵਾਂ ਦੌਰ ਸ਼ੁਰੂ ਹੋ ਰਿਹਾ ਹੈ। ਲੋਕਾਂ ਨੇ ਦਿੱਲੀ ਵਰਗਾ ਰਾਜ ਪੰਜਾਬ ਵਿੱਚ ਕਾਇਮ ਕਰਨ ਲਈ ਅਰਵਿੰਦ ਕੇਜਰੀਵਾਲ ਅਤੇ ਉਸ ਦੀ ਟੀਮ ਨੂੰ ਭਗਵੰਤ ਮਾਨ ਦੀ ਅਗਵਾਈ ਵਿੱਚ ਇੱਕ ਮੌਕਾ ਦਿੱਤਾ ਹੈ ਅਤੇ ਹਰ ਕੋਈ ਅੱਖ ਉਨ੍ਹਾਂ ਉੱਤੇ ਲੱਗੀ ਹੋਈ ਹੈ। ਬਹੁਤ ਸਾਰੇ ਲੋਕਾਂ ਨੂੰ ਇਹ ਪਾਰਟੀ ਸਾਰੇ ਨੁਕਸਾਂ ਤੋਂ ਅਸਲੋਂ ਪਾਕਿ ਦਿਖਾਈ ਦੇ ਸਕਦੀ ਹੈ, ਪਰ ਹਕੀਕਤ ਇਹ ਹੈ ਕਿ ਇਸ ਦੇ ਜਿਹੜੇ ਵਿਧਾਇਕ ਚੋਣਾਂ ਜਿੱਤ ਸਕੇ ਹਨ, ਉਨ੍ਹਾਂ ਵਿੱਚੋਂ ਕਈ ਏਦਾਂ ਦੇ ਹਨ ਕਿ ਉਨ੍ਹਾਂ ਉੱਤੇ ਬਹੁਤਾ ਲੰਮਾ ਸਮਾਂ ਚੱਲਣ ਦਾ ਭਰੋਸਾ ਨਹੀਂ ਬੱਝ ਸਕਦਾ। ਪਹਿਲਾਂ ਕੁਝ ਹੋਰ ਪਾਰਟੀਆਂ ਵਿੱਚ ਰਹਿ ਚੁੱਕੇ ਇਨ੍ਹਾਂ ਲੋਕਾਂ ਵਿੱਚੋਂ ਕਿਹੜਾ ਕਦੋਂ ਅੱਧੀ ਰਾਤ ਵੇਲੇ ਕਿਸੇ ਹੋਰ ਧਿਰ ਤੋਂ ਕਿਸੇ ਵੀ ਕਿਸਮ ਵੀ ਲਾਭ ਲੈਣ ਲਈ ਉਨ੍ਹਾਂ ਨਾਲ ਜਾ ਮਿਲੇ, ਇਸ ਬਾਰੇ ਕੋਈ ਨਹੀਂ ਦੱਸ ਸਕਦਾ। ਉਂਜ ਇਹ ਪਾਰਟੀ ਕਿਸੇ ਖਾਸ ਸਿਆਸੀ ਸਿਧਾਂਤ ਨੂੰ ਅਪਣਾਈ ਨਾ ਹੋਣ ਕਾਰਨ ਸਿਰਫ ਭ੍ਰਿਸ਼ਟਾਚਾਰ ਦੇ ਵਿਰੋਧ ਦੇ ਸਿਰ ਉੱਤੇ ਚੋਣਾਂ ਜਿੱਤ ਕੇ ਅੱਗੇ ਆਈ ਹੈ, ਇਸ ਲਈ ਹਰ ਕੋਈ ਆਗੂ ਆਪੋ ਆਪਣੀ ਬੋਲੀ ਬੋਲਦਾ ਸੁਣਦਾ ਹੈ। ਜਦੋਂ ਇਹ ਲੋਕ ਕੰਮ ਸ਼ੁਰੂ ਕਰਨਗੇ, ਇਨ੍ਹਾਂ ਦੇ ਕੰਮ ਦੇ ਸਿੱਟਿਆਂ ਤੇ ਸੇਧਾਂ ਬਾਰੇ ਅੰਦਾਜ਼ਾ ਲੱਗਣ ਵਿੱਚ ਮਸਾਂ ਦੋ ਕੁ ਮਹੀਨੇ ਲੱਗਣਗੇ, ਉਸ ਦੀ ਸਾਰੀ ਗੱਲ ਅਸੀਂ ਓਦੋਂ ਕਰ ਲਵਾਂਗੇ। ਇਸ ਵਕਤ ਇਨ੍ਹਾਂ ਨਵੇਂ ਜਿੱਤਿਆਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਚੋਣਾਂ ਦਾ ਚੱਕਰ ਤਾਂ ਨਤੀਜੇ ਸੌਂਪ ਕੇ ਨਿਕਲ ਗਿਆ ਹੈ, ਉਨ੍ਹਾਂ ਦੇ ਕੋਲ ਅਗਲਾ ਕਦਮ ਵਧਾਉਣ ਦਾ ਮੌਕਾ ਹੈ, ਜਿਸ ਵਿੱਚ ਕੀਤੀ ਗਈ ਦੇਰੀ ਜਾਂ ਗਲਤੀ ਦੋਵੇਂ ਲੋਕਾਂ ਨੂੰ ਦਿੱਸ ਪੈਣਗੀਆਂ।