(ਡਾਇਰੀ ਦਾ ਪੰਨਾ) ਤਾਇਆ ਮੈਨੂੰ ਮਾਫ ਕਰੀਂ! - ਨਿੰਦਰ ਘੁਗਿਆਣਵੀ 

ਗੁਰਦਾਸਪੁਰੀ ਤਾਇਆ, ਅੱਜ ਤੇਰਾ ਭੋਗ ਸੀ। ਮੈਂ ਨਹੀਂ ਆ ਸਕਿਆ ਉਦੋਵਾਲੀ ਤੇਰੇ ਡੇਰੇ ਤੇਰੇ ਭੋਗ ਉਤੇ। ਮੈਨੂੰ ਏਹਦਾ  ਝੋਰਾ ਰਹੇਗਾ। ਪਛਤਾਂਦਾ  ਰਹਾਂਗਾ ਮੈਂ।  ਤੇਰੇ ਛੋਟੇ ਭਰਾ ਵਰਗੇ ਲੁਧਿਆਣੇ ਰਹਿੰਦੇ ਗੁਰਭਜਨ ਗਿੱਲ  ਨੂੰ ਪਹਿਲਾਂ  ਈ ਪਤਾ ਸੀ ਕਿ ਨਿੰਦਰ ਭਤੀਜ ਨਹੀਂ  ਆ ਸਕੇਗਾ ਤੇਜ ਬੁਖ਼ਾਰ ਕਰਕੇ ਤੇ ਤੇਰੇ ਅਮਰੀਕਾ ਵੱਸਦੇ ਪੁੱਤਰ  ਤੇਜ ਵਿਕਰਮ ਸਿੰਘ ਦਾ ਫੋਨ ਵੀ ਆਇਆ ਕਿ ਭਾਜੀ, ਕਿਥੇ ਕੁ ਅੱਪੜੇ ਓ ਤੁਸੀਂ, ਅਸੀਂ ਉਡੀਕੀ ਜਾਨੇ ਆਂ?  
ਪਰ ਮੈਂ ਤਾਂ ਘਰ 'ਚ ਬੰਦੀ ਸਾਂ।   ਮੈਂ ਕਿਓਂ ਘਰ ਸਾਂ? ਏਹ ਮੈਂ ਈ ਜਾਣਦਾਂ।                     
 ਗੁਰਦਾਸਪੁਰੀ ਤਾਇਆ, ਤੂੰ  ਕਿਤੇ ਨਹੀਂ ਗਿਆ। ਸਦਾ ਸਦਾ ਲਈ ਸਾਡੇ ਦਿਲਾਂ-ਦਿਮਾਗਾਂ ਵਿਚ ਵੱਸਿਆ ਹੋਇਆ ਏਂ ਤੂੰ।  ਪੱਥਰਾਂ ਨੂੰ ਮੰਤਰ-ਮੁਗਧ  ਕਰਨ ਵਾਲੀ ਤੇਰੀ ਅਲੌਕਿਕ ਸੁਰੀਲੀ ਤੇ ਦਰਦੀਲੀ ਆਵਾਜ਼  ਨੇ ਕਿਧਰੇ ਨੀ ਜਾਣਾ ਤਾਇਆ! ਏਹ ਗੁਵਾਇਆਂ ਵੀ ਨੀ ਗੁਆਚਣੀ। ਨਾ ਗੁਵਾਚਣ ਦੇਣੀ ਏਂ ਤੇਰੇ ਸਰੋਤਿਆਂ, ਤੇਰੇ ਚਹੇਤਿਆਂ ।                                                     2 ਫਰਵਰੀ ਦੇ ਦਿਨ, "ਗੌਰਵ ਪੰਜਾਬ ਪੁਰਸਕਾਰ" ਲੈਣ ਆਇਆ ਸੈਂ ਜਦ ਤੂੰ  ਪੰਜਾਬ ਕਲਾ ਭਵਨ ਚੰਡੀਗੜ੍ਹ  ਦੀਆਂ  ਪਥਰੀਲੀਆਂ ਪੌੜੀਆਂ ਚੜ ਰਿਹਾ ਮੈਂ ਦੇਖਿਆ ਸੀ, ਡੋਬੂ ਪਿਆ ਦਿਲ ਨੂੰ, ਤਾਂ ਉਸੇ ਵੇਲੇ ਤੇਰੀ ਫੋਟੋ ਖਿਚਦਿਆਂ  ਮੈਂ ਹੌਕਾ  ਭਰਿਆ ਸੀ ਤੇ ਮੇਰੇ ਅੰਦਰੋਂ ਆਵਾਜ਼ ਆਈ ਸੀ ਕਿ ਤਾਏ ਗੁਰਦਾਸਪੁਰੀ  ਦੀ ਇਹ  ਚੰਡੀਗੜ੍ਹ  ਦੀ ਆਖੀਰਲੀ  ਫੇਰੀ ਹੈ।  ਇਵੇ  ਹੀ ਹੋਇਆ ਏ।
ਤਾਇਆ, ਮੈਨੂੰ 2019 ਦੀ ਆਥਣ ਵੀ ਚੇਤੇ ਆਈ ਓਦਣ,
ਜਦ ਤੂੰ ਤੇ ਤਾਈ ਆਏ ਸੀ ਕਲਾ ਭਵਨ, ਤੇ ਤੇਰੇ ਬਾਰੇ ਮੇਰੀ ਡਾਕੂਮੈਂਟਰੀ ਫਿਲਮ "ਮੇਰੀਆਂ  ਪੈੜਾਂ" ਦਿਖਾਈ ਗਈ ਸੀ ਪੰਜਾਬ ਸੰਗੀਤ ਨਾਟਕ ਅਕਾਦਮੀ ਤਰਫੋਂ। ਪਰਧਾਨ ਕੇਵਲ ਧਾਲੀਵਾਲ  ਕਹਿ  ਰਿਹਾ ਸੀ ਕਿ ਪੁੱਛ  ਤੇਰਾ ਤਾਇਆ ਕਿੱਥੇ ਕੁ ਪੁੱਜਾ ਐ?  ਤੇਰਾ ਭਤੀਜ ਮੰਤਰੀ ਸ੍ਰ  ਸੁਖਜਿੰਦਰ ਸਿੰਘ ਰੰਧਾਵਾ ਵੀ ਸਾਹੋ-ਸਾਹ ਹੋਇਆ ਡੇਰਾ ਬਾਬਾ ਨਾਨਕ ਤੋਂ  ਸਿੱਧਮ -ਸਿੱਧਾ ਚੰਡੀਗੜ੍ਹ  ਨੂੰ ਚੱਲਿਆ ਤੇ  ਤੇਰੀ ਫਿਲਮ ਦੇਖਣ ਆਇਆ ਸੀ।
ਤਾਇਆ, ਮੈਂ ਨਾ ਤਾਂ ਤੇਰੇ ਕਿਸੇ ਛੋਟੇ ਭਰਾ ਨੂੰ ਨਾ ਦੇਖਿਆ ਏ, ਨਾ ਮਿਲਿਆ ਹਾਂ ਤੇ ਨਾ  ਜਾਣਦਾ ਹਾਂ, ਪਰ ਲੁਧਿਆਣੇ  ਵੱਸਦੇ ਗੁਰਭਜਨ ਗਿੱਲ ਨੂੰ ਹੁਣ ਕੌਣ ਵਰਾਊ?     
ਭਾਈ ਮਰਨ ਤੇ ਜਾਂਦੀਆਂ  
ਭੱਜ ਬਾਹਾਂ,
ਗਾਵਣ ਵਾਲਿਆ ਗੁਰਦਾਸਪੁਰੀਆ ਤਾਇਆ! ਦੱਸ ਮੈਨੂੰ? ਖੈਰ!               
ਤਾਇਆ, ਤੇਰੀ ਉਮਰ ਨਹੀਂ, ਤੇਰਾ  ਪੰਧ ਵੇਖਿਆ ਜਾ ਰਿਹੈ। ਤੈਂ ਆਪਣੇ ਪੰਧ ਵਿਚ ਜੋ ਤੈਂ ਖੱਟਿਆ-ਕਮਾਇਆ, ਗੁਵਾਇਆ-ਗਵੀਚਿਆ, ਏਹਦਾ ਕੋਈ ਲੇਖਾ-ਜੋਖਾ ਨਹੀਂ ਏਂ। ਪਰ ਜੋ ਤੈਂ ਕਮਾਇਆ ਜਾਂ ਸਾਨੂੰ ਦੇਕੇ ਗਿਉਂ  ਸਾਨੂੰ, ਏਹਦੇ ਹਿਸਾਬ -ਕਿਤਾਬ ਵਾਸਤੇ  ਕੋਈ ਵਹੀ  ਨਹੀਂ ਲਭਦੀ ਪਈ ਤਾਇਆ ਸਾਨੂੰ। ਲੇਖਾ-ਜੋਖਾ ਸਮਾਜ ਕਰ ਰਿਹਾ ਏ ਅੱਜ। ਤੈਨੂੰ ਚੇਤੇ ਰੱਖਾਂਗੇ, ਪਰ ਤੂੰ ਨਾ ਸਾਨੂੰ ਭੁਲਾਵੀਂ। ਮੈਂ ਜਦ ਕਦੇ ਡੇਰੇ ਬਾਬਾ ਨਾਨਕ  ਆਇਆ, ਤਾਂ ਉਦੋਂ ਵਾਲੀ ਦੀਆਂ ਸੜਕਾਂ ਸੱਪ ਦੀ ਜੀਭੀ  ਜਾਪਣਗੀਆਂ ਮੈਨੂੰ, ਪਰ ਮੈਂ ਜਾਵਾਂਗਾ  ਤਾਇਆ, ਤਾਈ ਗੁਰਦੀਪ ਕੌਰ ਨੂੰ ਮਿਲਣ
ਤਾਇਆ!  ਮਾਫ਼ ਕਰੀਂ ਇਕੱਲ੍ਹਾ ਬੈਠਾ ਕਿਸ ਨਾਲ ਦਰਦ ਸਾਂਝਾ ਕਰਾਂ ਤੇਰੇ ਬਗੈਰ! ਤਾਇਆ! ਤੈਂ 1987 ਚ ਉਸਤਾਦ ਯਮਲਾ ਜੱਟ ਦੇ ਡੇਰੇ ਤੇ ਮੇਰੀ ਉਂਗਲੀ ਫੜੀ ਸੀ, ਜੱਸੋਵਾਲ ਤੇ ਗੁਰਭਜਨ ਗਿੱਲ ਦੀ ਹਾਜ਼ਰੀ ਵਿੱਚ, ਹੁਣ ਛੁਡਾ ਕੇ ਤੁਰ ਗਿਆ, ਜਗਤ ਮੇਲੇ ਚੋਂ ਮੈਨੂੰ ਇਕੱਲਿਆਂ ਛੱਡ ਕੇ।
ਅੱਲਾ ਬੇਲੀ,ਖ਼ੁਦਾ ਖੈਰ ਕਰੇ!
ਤੇਰਾ ਭਤੀਜ,
ਨਿੰਦਰ