ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

07.03.2022

ਅਕਾਲੀ ਦਲ ਦੀ ਸਰਕਾਰ ਬਣਨ ਤੋਂ ਕੋਈ ਨਹੀਂ ਰੋਕ ਸਕਦਾ-ਪ੍ਰਕਾਸ਼ ਸਿੰਘ ਬਾਦਲ

ਬਾਬਾ, ਸਿੱਧਾ ਕਿਉਂ ਨਹੀਂ ਕਹਿੰਦਾ ਕਿ ਭਾਜਪਾ ਨਾਲ਼ ਪੀਂਘ ਝੂਟਣੀ ਐ

ਸਿਆਸੀ ਭੇਤ: ਬੀ.ਬੀ.ਐਮ.ਬੀ. ਦੇ ਮਾਮਲੇ ‘ਚ ਚੰਨੀ ਦੀ ਭੇਤ-ਭਰੀ ਚੁੱਪ ‘ਤੇ ਸਵਾਲ-ਇਕ ਖ਼ਬਰ

ਮੈਨੂੰ ਬਹੁਤਾ ਨਾ ਬੁਲਾਉ ਕੁੜੀਉ, ਮੇਰਾ ਜੀਅ ਨਹੀਂ ਅੱਜ ਟਿਕਾਣੇ।

ਕੇਂਦਰ ਦੀ ਦਾਦਾਗਿਰੀ ਅੱਗੇ ਨਹੀਂ ਝੁਕੇਗਾ ਪੰਜਾਬ- ਚੰਦੂਮਾਜਰਾ

ਆਰ.ਐਸ.ਐਸ. ਦੇ ਪੈਰਾਂ ‘ਚ ਡਿਗੇ ਹੋਏ ਸੁਪਰ ਮੁੱਖ ਮੰਤਰੀ ਦਾ ਵੀਡੀਉ ਦੇਖ ਲੈਣਾ ਸੀ।

ਹੰਗਰੀ ਦੇ ਵਸਨੀਕਾਂ ਨੇ ਕਿਹਾ ਕਿ ਸਿੱਖਾਂ ਤੋਂ ਪ੍ਰਭਾਵਿਤ ਹੋ ਕੇ ਹੀ ਉਹਨਾਂ ਨੇ ਵੀ ਲੰਗਰ ਲਗਾਏ ਹਨ-ਇਕ ਖ਼ਬਰ

ਬਾਬੇ ਨਾਨਕ  ਦੇ ਫ਼ਲਸਫ਼ੇ “ ਉੱਜੜ ਜਾਉ, ਵਸਦੇ ਰਹੋ “ ਦਾ ਪ੍ਰਤੱਖ ਪਰਮਾਣ।

ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ‘ਤੇ ਰੋਕ ਤੋਂ ਸੁਪਰੀਮ ਕੋਰਟ ਵੀ ਹੈਰਾਨ- ਇਕ ਖ਼ਬਰ

ਸੁਪਰੀਮ ਕੋਰਟ ਜੀ ਕਾਹਦੀ ਹੈਰਾਨੀ? ਤਾਅਲੁਕ ਕੰਮ ਕਰਦੇ ਐ ਜਨਾਬ।

ਭੁੱਲਰ ਦੀ ਰਿਹਾਈ ਰੋਕ ਕੇ ਕੇਜਰੀਵਾਲ ਨੇ ਸਿੱਖ ਵਿਰੋਧੀ ਹੋਣ ਦਾ ਸਬੂਤ ਦਿਤਾ- ਸੁਖਬੀਰ

ਤੁਹਾਡੇ ਬਾਪੂ ਨੇ ਤਾਂ ਭੁੱਲਰ ਨੂੰ ਪੰਜਾਬ ‘ਚ ਵੀ ਲਿਆਉਣ ਨਹੀਂ ਸੀ ਦਿਤਾ।

ਭਾਰਤ ਵਿਸ਼ਵ ਸ਼ਾਂਤੀ ਦਾ ਹਮਾਇਤੀ- ਰਾਜਨਾਥ

ਇਹ ਗੱਲ ਅਲੱਗ ਹੈ ਕਿ ਸਾਡਾ ਆਪਣਾ ਕੰਮ ਅਸ਼ਾਂਤੀ ਬਿਨਾਂ ਨਹੀਂ ਚਲਦਾ।

ਫਰਲੋ ਪੂਰੀ ਕਰਨ ਪਿੱਛੋਂ ਡੇਰਾ ਮੁਖੀ ਮੁੜ ਪਹੁੰਚਿਆ ਜੇਲ੍ਹ- ਇਕ ਖ਼ਬਰ

ਕੰਮ ਮੁੱਕ ਗਿਆ ਵੋਟਾਂ ਦਾ, ਹੁਣ ਚਲੋ ਸਾਧ ਜੀ ‘ਡੇਰੇ’।

ਚੋਣਾਂ ਦੇ ਨਤੀਜੇ ਜੋ ਮਰਜ਼ੀ ਆਉਣ, ਯੂ.ਪੀ.ਛੱਡ ਕੇ ਨਹੀਂ ਜਾਵਾਂਗੀ- ਪ੍ਰਿਯੰਕਾ ਗਾਂਧੀ

ਮੈਨੂੰ ਨਰਮ ਕੁੜੀ ਨਾ ਜਾਣੀ, ਲੜ ਜੂੰ ਭਰਿੰਡ ਬਣ ਕੇ।

ਰੂਸ ‘ਤੇ ਵਿਤੀ ਪਾਬੰਦੀਆਂ ਲਾਉਣ ’ਚ ਸ਼ਾਮਲ ਨਹੀਂ ਹੋਵਾਂਗੇ- ਚੀਨ

ਡੋਰ ਵੱਟ ਕੇ ਗਲ਼ੇ ਦੇ ਵਿਚ ਪਾਵਾਂ, ਮਿੱਤਰਾਂ ਤਵੀਤ ਬਣ ਜਾ।

ਪੰਜਾਬ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼- ਇਕ ਖ਼ਬਰ

ਨਿੰਮ ਨਾਲ਼ ਝੂਟਦੀਏ, ਤੋਤਾ ਪੀ ਗਿਆ ਗੁਲਾਬੀ ਰੰਗ ਤੇਰਾ।

ਪੰਜਾਬ ‘ਚ ਇਸ ਵੇਲੇ ਸਭ ਤੋਂ ਵੱਡਾ ਮੁੱਦਾ ਬੇਰੁਜ਼ਗਾਰੀ ਦਾ- ਇਕ ਖ਼ਬਰ

ਸਰਕਾਰਾਂ ਆਟਾ ਦਾਲ਼ ਤਾਂ ਲੋਕਾਂ ਨੂੰ ਦੇ ਰਹੀਆਂ, ਹੋਰ ਕੀ ਕਰਨ ਬਈ? 

ਯੂਕਰੇਨ ‘ਚ ਭਾਰਤੀ ਦੂਤਾਵਾਸ ਮਹਿਜ਼ ਸਲਾਹਾਂ ਦੇ ਕੇ ਬੁੱਤਾ ਸਾਰਨ ਲੱਗਿਆ- ਇਕ ਖ਼ਬਰ

ਤੇਰੇ ਵਰਗੇ ਨੂੰ , ਗੱਲੀਂ ਰਾਤ ਲੰਘਾਵਾਂ।

ਜਿਹਲ ‘ਚ ਮੁਲਾਕਾਤਾਂ ਲਈ ਮਜੀਠੀਆ ‘ਤੇ ਮਿਹਰਬਾਨ ਹੋਈ ਪੰਜਾਬ ਸਰਕਾਰ- ਇਕ ਖ਼ਬਰ

ਉਧਰੋਂ ਰੁਮਾਲ ਹਿੱਲਿਆ, ਮੇਰੀ ਇੱਧਰੋਂ ਹਿਲੀ ਫੁਲਕਾਰੀ।

ਕਾਂਗਰਸ ਵਲੋਂ ਆਪਣੇ ਉਮੀਦਵਾਰਾਂ ਨੂੰ ਰਾਜਸਥਾਨ ਜਾਂ ਛੱਤੀਸਗੜ੍ਹ ਭੇਜਣ ਦੀ ਤਿਆਰੀ- ਇਕ ਖ਼ਬਰ

ਆਟੇ ਦੀ ਤੌਣ! ਅੰਦਰ ਚੂਹੇ ਖਾਂਦੇ, ਬਾਹਰ ਕਾਂ ਪੈਂਦੇ।