ਲੋਕਾਂ ਨੂੰ ਵਿਗਿਆਨ ਨਾਲ ਜੋੜਨ ਦੀ ਲੋੜ - ਦਿਨੇਸ਼ ਸੀ. ਸ਼ਰਮਾ
ਹਰ ਸਾਲ 28 ਫਰਵਰੀ ਨੂੰ ਕੌਮੀ ਵਿਗਿਆਨ ਦਿਵਸ (ਐਨਐੱਸਡੀ) ਵਜੋਂ ਮਨਾਇਆ ਜਾਂਦਾ ਹੈ। ਇਸੇ ਦਿਨ 1928 ਵਿਚ ਮਹਾਨ ਵਿਗਿਆਨੀ ਸੀ.ਵੀ. ਰਮਨ ਨੇ ਆਪਣੀ ਖੋਜ ‘ਰਮਨ ਪ੍ਰਭਾਵ’ (Raman Effect) ਦਾ ਐਲਾਨ ਕੀਤਾ ਸੀ ਜਿਸ ਨੇ ਦੋ ਸਾਲਾਂ ਬਾਅਦ ਭੌਤਿਕ ਵਿਗਿਆਨ (physics) ਦਾ ਨੋਬੇਲ ਪੁਰਸਕਾਰ ਜਿੱਤਿਆ। ਕੌਮੀ ਵਿਗਿਆਨ ਦਿਵਸ ਦੀ ਸ਼ੁਰੂਆਤ 1988 ਵਿਚ ਉਨ੍ਹਾਂ ਦੇ ਜਨਮ ਸ਼ਤਾਬਦੀ (ਜਨਮ 7 ਨਵੰਬਰ 1888) ਸਮਾਗਮਾਂ ਤਹਿਤ ਗਈ ਸੀ। ਇਹ ਵਿਚਾਰ ਅੱਗੇ ਵਧਾਉਣ ਵਾਲੀ ਸੰਸਥਾ ਸਾਇੰਸ ਤੇ ਤਕਨਾਲੋਜੀ ਸੰਚਾਰ ਕੌਮੀ ਕੌਂਸਲ (National Council of Science and Technology Communication ਭਾਵ NCSTC) ਨੇ ਕੌਮੀ ਵਿਗਿਆਨ ਦਿਵਸ ਮਨਾਉਣ ਲਈ ਸ੍ਰੀ ਰਮਨ ਦੀ ਖੋਜ ਦੇ ਐਲਾਨ ਵਾਲੇ ਦਿਨ ਦੀ ਚੋਣ ਕੀਤੀ, ਨਾ ਕਿ ਉਨ੍ਹਾਂ ਦੇ ਜਨਮ ਦਿਨ ਭਾਵ 7 ਨਵੰਬਰ ਦੀ। ਇਸ ਪਿੱਛੇ ਇਹੋ ਸੋਚ ਕੰਮ ਕਰਦੀ ਸੀ ਕਿ ਸਾਨੂੰ ਸ੍ਰੀ ਰਮਨ ਦੇ ਨਿੱਜੀ ਹਾਸਲਾਂ ਜਾਂ ਉਨ੍ਹਾਂ ਦੇ ਨੋਬੇਲ ਇਨਾਮ ਦੇ ਜਸ਼ਨ ਮਨਾਉਣ ਦੀ ਥਾਂ ਖੋਜ ਦੇ ਮਹਾਨ ਕਾਰਜ ਦੇ ਜਸ਼ਨ ਮਨਾਉਣ ਦੀ ਲੋੜ ਹੈ। ਇਸ ਵਾਰ ਦੇਸ਼ ਦੀ ਆਜ਼ਾਦੀ ਦੇ 75 ਸਾਲਾ ਜਸ਼ਨਾਂ ਦੇ ਹਿੱਸੇ ਵਜੋਂ ਕੌਮੀ ਵਿਗਿਆਨ ਦਿਵਸ ਨੂੰ ਅਗਾਊਂ ਸ਼ੁਰੂ ਕਰ ਕੇ ਹਫ਼ਤਾ ਭਰ ਦੇ ਸਮਾਗਮ ਵਿਚ ਬਦਲ ਦਿੱਤਾ ਗਿਆ। ਅਜਿਹੇ ਜਸ਼ਨਾਂ ਜਾਂ ਸਮਾਗਮਾਂ ਦੀ ਖ਼ਾਸ ਤਰ੍ਹਾਂ ਦੀ ਬਰਾਂਡਿੰਗ ਕੀਤੇ ਜਾਣ ਦੇ ਮੌਜੂਦਾ ਰੁਝਾਨ ਦੇ ਮੱਦੇਨਜ਼ਰ ਇਸ ਵਿਗਿਆਨ ਹਫ਼ਤੇ ਦਾ ਨਾਮਕਰਣ ਵੀ ‘ਵਿਗਿਆਨ ਸਰਵਤ੍ਰ ਪੂਜਯਤੇ’ (‘Vigyan Sarvatra Pujyate’) ਕੀਤਾ ਗਿਆ।
ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਕਿ ਇਸ ਵਰ੍ਹੇ ਕੌਮੀ ਵਿਗਿਆਨ ਦਿਵਸ ਦੇ ਪਿਛੋਕੜ ਵਿਚ ‘ਆਜ਼ਾਦੀ ਦਾ ਅੰਮ੍ਰਿਤ ਮਹੋਤਸਵ’ ਰਿਹਾ, ਇਹ 1947 ਤੋਂ ਬਾਅਦ ਵਿਗਿਆਨ ਅਤੇ ਤਕਨਾਲੋਜੀ ਵਿਚ ਭਾਰਤ ਦੀਆਂ ਪ੍ਰਾਪਤੀਆਂ ਨੂੰ ਦੇਖਣ ਤੇ ਘੋਖਣ ਦਾ ਢੁਕਵਾਂ ਮੌਕਾ ਬਣਿਆ। ਹਾਲਾਂਕਿ ਇਸ ਜਸ਼ਨ ਨੂੰ ਇਕ ਸੱਭਿਆਚਾਰਕ ਰੰਗ ਵਿਚ ਉਲੀਕਿਆ ਗਿਆ - ਇਸ ਦੀ ਸੰਸਕ੍ਰਿਤ ਭਾਸ਼ਾ ’ਤੇ ਆਧਾਰਿਤ ਟੈਗਲਾਈਨ ਸੀ ਅਤੇ ਇਹ ‘ਸਵਦੇਸ਼ੀ/ਰਵਾਇਤੀ ਵਿਗਿਆਨ ਅਤੇ ਤਕਨਾਲੋਜੀ ਦੀਆਂ ਕਾਢਾਂ ਤੇ ਨਵੀਆਂ ਕਾਢਾਂ’ ਦੇ ਜਸ਼ਨਾਂ ਦਾ ਦਿਨ ਵੀ ਸੀ। ਟੈਗਲਾਈਨ ‘ਵਿਗਿਆਨ ਸਰਵਤ੍ਰ ਪੂਜਯਤੇ’ ਦਾ ਮਤਲਬ ਹੈ ‘ਵਿਗਿਆਨ ਹਰ ਥਾਂ ਪੂਜਣਯੋਗ ਹੈ’। ਇਸ ਤੋਂ ਇਹ ਪ੍ਰਭਾਵ ਜਾਂਦਾ ਹੈ ਕਿ ਇਹ ਟੈਗਲਾਈਨ ਕਿਸੇ ਪ੍ਰਾਚੀਨ ਗ੍ਰੰਥ ਤੋਂ ਲਈ ਗਈ ਹੈ, ਪਰ ਅਜਿਹਾ ਨਹੀਂ ਹੈ। ਇਸ ਨੂੰ ਸੰਸਕ੍ਰਿਤ ਭਾਸ਼ਾ ਦੀ ਇਕ ਕਹਾਵਤ ‘ਵਿਦਵਾਨ ਸਰਵਤ੍ਰ ਪੂਜਯਤੇ’ ਤੋਂ ਲਿਆ ਗਿਆ ਹੈ। ਇਸ ਸ਼ਲੋਕ ਦਾ ਮੋਟਾ ਜਿਹਾ ਅਨੁਵਾਦ ਇਹ ਹੈ ਕਿ ‘ਜਿੱਥੇ ਕਿਸੇ ਮੂਰਖ ਦੀ ਬੱਲੇ ਬੱਲੇ ਸਿਰਫ਼ ਉਸ ਦੇ ਘਰ ਵਿਚ ਹੀ ਹੁੰਦੀ ਹੈ, ਪਿੰਡ ਦੇ ਸਰਪੰਚ ਦਾ ਸਤਿਕਾਰ ਉਸ ਦੇ ਪਿੰਡ ਵਿਚ ਹੀ ਹੁੰਦਾ ਹੈ, ਇਕ ਰਾਜੇ ਦੀ ਪੂਜਾ ਉਸ ਦੇ ਦੇਸ਼ ਵਿਚ ਹੀ ਹੁੰਦੀ ਹੈ, ਪਰ ਇਕ ਵਿਦਵਾਨ ਦੀ ਪੂਜਾ ਹਰ ਥਾਈਂ ਹੁੰਦੀ ਹੈ’। ਇਸ ਦਿਵਸ ਦੇ ਪ੍ਰਬੰਧਕਾਂ ਸੱਭਿਆਚਾਰ ਮੰਤਰਾਲੇ ਅਤੇ ਪ੍ਰਮੁੱਖ ਵਿਗਿਆਨਕ ਸਲਾਹਕਾਰ (ਪੀਐੱਸਏ) ਨੂੰ ਇਹ ਦੱਸਣਾ ਚਾਹੀਦਾ ਹੈ ਕਿ ਇਸ ਸ਼ਲੋਕ ਨੂੰ ਤੋੜ-ਮਰੋੜ ਕੇ ਇਸ ਵਿਚ ‘ਵਿਦਵਾਨ’ ਦੀ ਥਾਂ ‘ਵਿਗਿਆਨ’ ਕਿਉਂ ਲਿਖਿਆ ਗਿਆ। ਇਹ ਕਾਰਵਾਈ ਇਨ੍ਹਾਂ ਦੋਵਾਂ ਏਜੰਸੀਆਂ ਵੱਲੋਂ ਕੀਤੀ ਗਈ ਬੌਧਿਕ ਬੇਈਮਾਨੀ ਦੇ ਤੁੱਲ ਸੀ। ਇਹ ਦਿੱਤੀ ਗਈ ਮਰੋੜੀ ਬਹੁਤ ਗੰਭੀਰ ਮਾਮਲਾ ਹੈ, ਕਿਉਂਕਿ ਕੋਈ ਵਿਅਕਤੀ ਕਿਸੇ ਵਿਦਵਾਨ ਦਾ ਸ਼ਰਧਾਲੂ ਹੋ ਸਕਦਾ ਹੈ, ਪਰ ਵਿਗਿਆਨ ਦਾ ਨਹੀਂ। ਵਿਗਿਆਨ ਪ੍ਰਤੀ ਸ਼ਰਧਾਵਾਨ ਹੋਣਾ ਦਰਅਸਲ ਜਗਿਆਸੂ ਹੋਣ ਅਤੇ ਸਵਾਲ ਕਰਨ ਦੀ ਮੂਲ ਭਾਵਨਾ ਦੇ ਖ਼ਿਲਾਫ਼ ਹੈ ਅਤੇ ਇਹ ਭਾਵਨਾ ਭਾਰਤੀ ਰਵਾਇਤਾਂ ਦਾ ਵੀ ਅਟੁੱਟ ਹਿੱਸਾ ਹੈ।
ਕੌਮੀ ਵਿਗਿਆਨ ਦਿਵਸ ਨੂੰ ਇਸ ਵੱਖਰੀ ਤਰ੍ਹਾਂ ਦੀ ਬਰਾਂਡਿੰਗ ਤਹਿਤ ਜਿਵੇਂ ਮਨਾਇਆ ਗਿਆ, ਇਸ ਨੇ ਇਹ ਇਕ ਮਾੜੀ ਤਰ੍ਹਾਂ ਚਿਤਵਿਆ ਗਿਆ ਸਰਕਾਰੀ ਤਮਾਸ਼ਾ ਬਣਾ ਦਿੱਤਾ। ਸਭ ਕੁਝ ਨੂੰ 75-75 ਦੀਆਂ ਘਟਨਾਵਾਂ ਨਾਲ ਜੋੜਨ, ਜਿਵੇਂ 75 ਪੋਸਟਰ, 75 ਫਿਲਮਾਂ ਆਦਿ - ਨੇ ਕੌਮੀ ਵਿਗਿਆਨ ਦਿਵਸ ਦੇ ਅਸਲ ਮਕਸਦ ਨੂੰ ਛੁਟਿਆਇਆ। ਵਿਗਿਆਨ ਨੂੰ ਮਕਬੂਲ ਬਣਾਉਣ ਦਾ ਅਮਲ ਮਹਿਜ਼ ਭਾਰਤ ਦੀਆਂ ਵਿਗਿਆਨ ਵਿਚ ਪ੍ਰਾਪਤੀਆਂ ਅਤੇ ਇਨ੍ਹਾਂ ਦੇ ਮੀਲ-ਪੱਥਰਾਂ ਦੀ ਨੁਮਾਇਸ਼ ਤੱਕ ਹੀ ਸੀਮਤ ਨਹੀਂ ਕੀਤਾ ਜਾਣਾ ਚਾਹੀਦਾ ਸੀ ਸਗੋਂ ਇਸ ਵਿਚ ਵਿਗਿਆਨਕ ਜੁਗਤਾਂ ਦਾ ਪ੍ਰਚਾਰ, ਅੰਧ-ਵਿਸ਼ਵਾਸਾਂ ਤੇ ਮਿੱਥਾਂ ਦੇ ਪਾਜ ਉਘੇੜਨਾ ਅਤੇ ਵਿਗਿਆਨ ਨੂੰ ਆਮ ਆਦਮੀ ਕੇ ਕਰੀਬ ਲਿਆਉਣਾ ਵੀ ਸ਼ਾਮਲ ਹੋਣਾ ਚਾਹੀਦਾ ਸੀ। ਅਜਿਹਾ ਭਾਈਚਾਰਿਆਂ, ਆਮ ਸਮਾਜ ਅਤੇ ਸਰਕਾਰੀ ਏਜੰਸੀਆਂ ਦੇ ਘੇਰੇ ਤੋਂ ਬਾਹਰਲੇ ਕਾਰਕੁਨਾਂ ਦੀ ਸਰਗਰਮ ਸ਼ਮੂਲੀਅਤ ਰਾਹੀਂ ਕੀਤਾ ਜਾ ਸਕਦਾ ਸੀ। ਆਪਣੇ ਸ਼ੁਰੂਆਤੀ ਦਿਨਾਂ ਦੌਰਾਨ ਐਨਸੀਐੱਸਟੀਸੀ ਨੇ ਭੋਪਾਲ ਗੈਸ ਤ੍ਰਾਸਦੀ ਤੋਂ ਬਾਅਦ ਆਪਣੇ ਉਭਾਰ ਦੇ ਮੱਦੇਨਜ਼ਰ ਸਵੈ-ਇੱਛਕ ਗਰੁੱਪਾਂ ਨੂੰ ਆਲ ਇੰਡੀਆ ਪੀਪਲਜ਼ ਸਾਇੰਸ ਮੂਵਮੈਂਟ ਦੀ ਛਤਰਛਾਇਆ ਹੇਠ ਇਕੱਤਰ ਕਰਨ ਪੱਖੋਂ ਮੁੱਖ ਪ੍ਰੇਰਕ ਦੀ ਭੂਮਿਕਾ ਨਿਭਾਈ ਸੀ। ਲਗਭਗ ਉਸੇ ਸਮੇਂ ਦੌਰਾਨ ਹੀ ‘ਕੇਰਲ ਸਾਸ਼ਤਰ ਸਾਹਿਤ ਪ੍ਰੀਸ਼ਦ’ ਨੂੰ ‘ਕੌਮੀ ਸਾਖਰਤਾ ਮਿਸ਼ਨ’ ਨਾਲ ਅਤੇ ਦੇਸ਼ ਵਿਆਪੀ ਅੰਦੋਲਨ ‘ਭਾਰਤ ਜਨ ਵਿਗਿਆਨ ਜਥਾ’ ਦੀ ਸਿਰਜਣਾ ਨਾਲ ਜੋੜਿਆ ਗਿਆ। ਐਨਸੀਐੱਸਟੀਸੀ ਅਜਿਹੀ ਪਹਿਲੀ ਕੋਸ਼ਿਸ਼ ਸੀ ਜਿਸ ਨੇ ਜਨਤਾ ਵਿਚ ਵਿਗਿਆਨਕ ਕਦਰਾਂ-ਕੀਮਤਾਂ ਨੂੰ ਹੁਲਾਰਾ ਦੇਣ ਲਈ ਸਵੈ-ਇੱਛਕ, ਸਰਕਾਰੀ ਅਤੇ ਨੀਮ-ਸਰਕਾਰੀ ਸੰਸਥਾਵਾਂ ਦੀ ਨੈੱਟਵਰਕਿੰਗ ਨੂੰ ਸੰਸਥਾਗਤ ਰੂਪ ਦਿੱਤਾ। ਐਨਸੀਐੱਸਟੀਸੀ ਨੇ ਅਜਿਹੇ ਸਮੂਹਾਂ ਦੀ ਮਦਦ ਕੀਤੀ ਜਿਹੜੇ ਪਿੰਡਾਂ ਵਿਚ ‘ਬਾਬਿਆਂ ਜਾਂ ਤਾਂਤਰਿਕਾਂ’ ਆਦਿ ਵੱਲੋਂ ਦਿਖਾਏ ਜਾਂਦੇ ਚਮਤਕਾਰਾਂ ਦਾ ਖੰਡਨ ਕਰਦੇ ਸਨ ਅਤੇ ਇਸ ਨੇ ਸੂਰਜ ਤੇ ਚੰਦ ਗ੍ਰਹਿਣ ਆਦਿ ਨਾਲ ਜੁੜੇ ਹੋਏ ਅੰਧ-ਵਿਸ਼ਵਾਸਾਂ ਖ਼ਿਲਾਫ਼ ਵੀ ਜ਼ੋਰਦਾਰ ਮੁਹਿੰਮ ਵਿੱਢੀ। ਵਿਗਿਆਨ ਨੂੰ ਹੁਲਾਰਾ ਦੇਣ ਜਾਂ ਇਸ ਨੂੰ ਸਮਾਜ ਨਾਲ ਜੋੜਨ ਦੇ ਦਾਅਵੇ ਜਾਂ ਭਵਿੱਖਬਾਣੀਆਂ ਕਰਨ ਵਾਲੀਆਂ ਸਰਕਾਰੀ ਏਜੰਸੀਆਂ ਅਜਿਹੀਆਂ ਮਕਬੂਲੀਅਤ ਵਾਲੀਆਂ ਸਰਗਰਮੀਆਂ ਨੂੰ ਸਹਿਯੋਗ ਨਹੀਂ ਦਿੰਦੀਆਂ ਅਤੇ ਇਹ ਸਵੈ-ਇੱਛਕ ਸੰਸਥਾਵਾਂ ਨਾਲ ਮਿਲ ਕੇ ਕੰਮ ਕਰਨਾ ਭੁੱਲ ਜਾਂਦੀਆਂ ਹਨ। ਇਸ ਦੇ ਸਿੱਟੇ ਵਜੋਂ ਉਨ੍ਹਾਂ ਦੇ ਸਾਰੇ ਪ੍ਰੋਗਰਾਮ ਕੇਂਦਰੀ ਪੱਧਰ ’ਤੇ ਬਣਾਏ ਅਤੇ ਕਰਵਾਏ ਜਾਣ ਵਾਲੇ ‘ਸਮਾਗਮਾਂ’ ਤੱਕ ਸੀਮਤ ਹੋ ਕੇ ਰਹਿ ਜਾਂਦੇ ਹਨ ਜਿਨ੍ਹਾਂ ਨੂੰ ਮਹਿਜ਼ ਮੰਤਰੀਆਂ ਅਤੇ ਅਧਿਕਾਰੀਆਂ ਦੀਆਂ ਸਰਗਰਮੀਆਂ ਦੇ ਦਿਖਾਵੇ ਵਜੋਂ ਤਸਵੀਰਕਸ਼ੀ ਲਈ ਤਿਆਰ ਕੀਤਾ ਜਾਂਦਾ ਹੈ ਅਤੇ ਬਾਅਦ ਵਿਚ ਇਨ੍ਹਾਂ ਦਾ ਸੋਸ਼ਲ ਮੀਡੀਆ ਮੰਚਾਂ ਰਾਹੀਂ ਪ੍ਰਸਾਰ ਤੇ ਪ੍ਰਚਾਰ ਕੀਤਾ ਜਾਂਦਾ ਹੈ। ਵਿਦਿਆਰਥੀਆਂ ਨੂੰ ਇਨ੍ਹਾਂ ਵਿਚ ਸ਼ਾਮਲ ਤਾਂ ਕੀਤਾ ਜਾਂਦਾ ਹੈ, ਪਰ ਕਿਸੇ ਅਰਥਭਰਪੂਰ ਕੰਮ ਲਈ ਨਹੀਂ ਸਗੋਂ ਮਹਿਜ਼ ਗਿੰਨੀਜ਼ ਬੁੱਕ ਲਈ ਸ਼ੱਕੀ ਜਿਹੇ ਰਿਕਾਰਡ ਬਣਾਉਣ ਦੀਆਂ ਫ਼ਜ਼ੂਲ ਕਿਸਮ ਦੀਆਂ ਸਰਗਰਮੀਆਂ ਲਈ, ਜਿਵੇਂ ‘ਆਇੰਸਟਾਈਨ ਵਾਲੀ ਪੁਸ਼ਾਕ ਪਹਿਨੀਂ ਲੋਕਾਂ ਦੀ ਸਭ ਤੋਂ ਵੱਡੀ ਇਕੱਤਰਤਾ’ ਜਾਂ ‘ਇਕੋ ਥਾਂ ਸਭ ਤੋਂ ਵੱਡੀ ਗਿਣਤੀ ਲੋਕਾਂ ਵੱਲੋਂ ਬਾਰਸ਼ ਦਾ ਪਾਣੀ ਬਚਾਉਣ ਦੀਆਂ ਕਿੱਟਾਂ ਆਨਲਾਈਨ ਜੋੜਨ (assembling) ਦੀ ਕਾਰਵਾਈ’। ਸੂਬਾਈ ਸਾਇੰਸ ਅਤੇ ਤਕਨਾਲੋਜੀ ਕੌਂਸਲਾਂ ਦੀ ਸਥਾਪਨਾ 1980ਵਿਆਂ ਵਿਚ ਕੀਤੀ ਗਈ ਸੀ, ਪਰ ਇਨ੍ਹਾਂ ਵਿਚੋਂ ਬਹੁਤੀਆਂ ਜਾਂ ਤਾਂ ਨਕਾਰਾ ਹੋ ਗਈਆਂ ਹਨ ਜਾਂ ਸਿਰਫ਼ ਕਾਗਜ਼ਾਂ ਵਿਚ ਹੀ ਕਾਇਮ ਹਨ।
ਅੱਜ ਜ਼ਰੂਰੀ ਹੈ ਕਿ ਐਨਸੀਐੱਸਟੀਸੀ ਵਰਗੀਆਂ ਏਜੰਸੀਆਂ ਅਤੇ ਇਨ੍ਹਾਂ ਦੀਆਂ ਮੂਲ ਸੰਸਥਾਵਾਂ ਆਪਣੀ ਭੂਮਿਕਾ ਉੱਤੇ ਮੁੜ ਗ਼ੌਰ ਕਰਨ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਆਪ ਨੂੰ ਸੱਚਮੁੱਚ ਵਿਗਿਆਨ ਦੀ ਮਕਬੂਲੀਅਤ ਕਰਨ ਵਾਲੇ ਵਾਜਬ ਅਦਾਰਿਆਂ ਵਜੋਂ ਸਥਾਪਤ ਕਰਨ ਅਤੇ ਖ਼ੁਦ ਨੂੰ ਮਹਿਜ਼ ਵਿਗਿਆਨ ਮੰਤਰੀ ਜਾਂ ਸਰਕਾਰੀ ਪ੍ਰਚਾਰ ਕਰਨ ਲਈ ਵਰਤੇ ਜਾਣ ਤੋਂ ਬਚਣ। ਇਹ ਅਦਾਰੇ ਵਿਗਿਆਨ ਦੀ ਮਕਬੂਲੀਅਤ ਲਈ ਲੋੜੀਂਦਾ ਸਾਜ਼ੋ-ਸਾਮਾਨ ਅਤੇ ਮੁਹਾਰਤ ਮੁਹੱਈਆ ਕਰਵਾ ਕੇ ਕੌਮੀ ਲੈਬਾਰਟਰੀਆਂ, ਯੂਨੀਵਰਸਿਟੀਆਂ, ਆਈਆਈਟੀਜ਼ ਅਤੇ ਸੂਬਾਈ ਸਰਕਾਰਾਂ ਲਈ ਵਿਗਿਆਨ ਨੂੰ ਆਮ ਜਨਤਾ ਨਾਲ ਜੋੜਨ ਖ਼ਾਤਰ ਵਸੀਲਾ ਕੇਂਦਰਾਂ (resource centres) ਦਾ ਰੂਪ ਧਾਰ ਸਕਦੇ ਹਨ। ਅਜਿਹੇ ਬਹੁਤ ਸਾਰੇ ਤਰੀਕੇ ਹਨ ਜਿਨ੍ਹਾਂ ਰਾਹੀਂ ਸਾਡੇ ਵਿਗਿਆਨਕ ਅਦਾਰੇ ਸਮਾਜ ਤੇ ਭਾਈਚਾਰਿਆਂ ਨਾਲ ਜੁੜ ਸਕਦੇ ਅਤੇ ਮਿਲ ਕੇ ਕੰਮ ਕਰ ਸਕਦੇ ਹਨ। ਮਿਸਾਲ ਵਜੋਂ ਵਿਗਿਆਨੀ ਅਤੇ ਉਚੇਰੀ ਵਿੱਦਿਆ ਪੜ੍ਹਨ ਵਾਲੇ ਵਿਗਿਆਨ ਦੇ ਵਿਦਿਆਰਥੀ ਆਪਣੇ ਨੇੜੇ-ਤੇੜੇ ਦੇ ਸਕੂਲਾਂ ਵਿਚ ਵਿਗਿਆਨ ਦੀ ਪੜ੍ਹਾਈ ਵਿਚ ਸੁਧਾਰ ਲਈ ਮਦਦ ਕਰ ਸਕਦੇ ਹਨ। ਉਹ ਬੱਚਿਆਂ ਨੂੰ ਵਿਗਿਆਨ ਨੂੰ ਆਪਣੇ ਕਰੀਅਰ ਵਜੋਂ ਅਪਣਾਉਣ ਲਈ ਪ੍ਰੇਰਿਤ ਕਰ ਸਕਦੇ ਹਨ।
ਇਸ ਮੁਤੱਲਕ ਕੁਝ ਸਫ਼ਲ ਮਾਡਲ ਪਹਿਲਾਂ ਹੀ ਚੱਲ ਰਹੇ ਹਨ ਜਿਵੇਂ ਮੁੰਬਈ ਸਥਿਤ ਟਾਟਾ ਇੰਸਟੀਚਿਊਟ ਆਫ਼ ਫੰਡਾਮੈਂਟਲ ਰਿਸਰਚ ਜਾਂ ਪੁਣੇ ਸਥਿਤ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਵੱਲੋਂ ਚਲਾਏ ਜਾਂਦੇ ਪ੍ਰੋਗਰਾਮ। ਭਾਈਚਾਰੇ ਨੂੰ ਵਿਗਿਆਨ ਦੇ ਮੁੱਦੇ ਨਾਲ ਜੋੜਨ ਦੀ ਇਕ ਵੱਡੀ ਮਿਸਾਲ ਹੈ, ਡੀਬੀਟੀ/ਵੈਲਕਮ ਟਰੱਸਟ ਇੰਡੀਆ ਅਲਾਇੰਸ ਵੱਲੋਂ ਉਤਸ਼ਾਹਿਤ ਐਂਟੀਬਾਈਟਿਕ ਟਾਕਰੇ ਸਬੰਧੀ ਪਹਿਲ, ਜਿਸ ਨੂੰ ‘ਸੁਪਰਹੀਰੋਜ਼ ਅਗੇਂਸਟ ਸੁਪਰਬਗਜ਼’ ਦਾ ਨਾਂ ਦਿੱਤਾ ਗਿਆ ਹੈ। ਇਸੇ ਤਰ੍ਹਾਂ ਐਸਟਰੋਨੌਮਿਕਲ ਸੁਸਾਇਟੀ ਆਫ਼ ਇੰਡੀਆ ਦੇ ਜਨਤਾ ਨੂੰ ਨਾਲ ਜੋੜਨ ਵਾਲੇ ਪ੍ਰਾਜੈਕਟ ਵੀ ਪੁਲਾੜ ਵਿਗਿਆਨ (astronomy) ਬਾਰੇ ਗਿਆਨ ਦੇ ਪਸਾਰ ਵਿਚ ਸਹਾਈ ਹੋ ਰਹੇ ਹਨ। ਇਸੇ ਤਰ੍ਹਾਂ ਮੁਲਕ ਦੇ ਵੱਖ-ਵੱਖ ਹਿੱਸਿਆਂ ਵਿਚ ਕਈ ‘ਨਾਗਰਿਕ ਵਿਗਿਆਨ’ ਪਹਿਲਕਦਮੀਆਂ ਦੇਖਣ ਨੂੰ ਮਿਲੀਆਂ ਹਨ, ਜਿਵੇਂ ‘ਵੈਦਰ ਵਾਚ’ (Weather Watch) ਅਤੇ ‘ਆਰਏਡੀ ਐਟ ਹੋਮ ਐਸਟਰੋਨੋਮੀ ਕੋਲੈਬੋਰੇਟਰੀ’ (RAD@home Astronomy Collaboratory) ਆਦਿ। ਅਜਿਹੇ ਸਾਰੇ ਪ੍ਰਾਜੈਕਟਾਂ ਨੂੰ ਸਹਿਯੋਗ ਦੀ ਲੋੜ ਹੈ ਤਾਂ ਕਿ ਨਾ ਸਿਰਫ਼ ਇਨ੍ਹਾਂ ਨੂੰ ਮਜ਼ਬੂਤੀ ਮਿਲੇ ਸਗੋਂ ਇਨ੍ਹਾਂ ਨੂੰ ਦੁਹਰਾਇਆ ਵੀ ਜਾ ਸਕੇ ਭਾਵ ਇਨ੍ਹਾਂ ਵਰਗੇ ਹੋਰ ਪ੍ਰੋਗਰਾਮ ਚਲਾਏ ਜਾ ਸਕਣ ਜਾਂ ਇਨ੍ਹਾਂ ਦਾ ਘੇਰਾ ਹੋਰ ਵਧਾਇਆ ਜਾ ਸਕੇ। ਵਾਤਾਵਰਨ ਦੀ ਤਬਦੀਲੀ, ਊਰਜਾ, ਅੰਨ ਸੁਰੱਖਿਆ, ਪਾਣੀ ਦੀ ਸੰਭਾਲ, ਰੀਸਾਈਕਲਿੰਗ, ਈ-ਵੇਸਟ, ਬਿਜਲਈ ਗਤੀਸ਼ੀਲਤਾ ਅਤੇ ਜੰਗਲੀ ਜੀਵਨ ਦੀ ਸੁਰੱਖਿਆ ਆਦਿ ਮੁੱਦਿਆਂ ਨੂੰ ਲਗਾਤਾਰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨਾਲ ਜੋੜਨ ਦੀ ਜ਼ਰੂਰਤ ਹੈ। ਸਾਇੰਸ ਦੀ ਮਕਬੂਲੀਅਤ ਦੇ ਕੰਮ ਲਈ ਜ਼ਿੰਮੇਵਾਰ ਸਰਕਾਰੀ ਏਜੰਸੀਆਂ ਨੂੰ ਜਨਤਾ ਦਾ ਪੈਸਾ ਦਿਖਾਵੇ ਦੇ ਸਮਾਗਮਾਂ ਉੱਤੇ ਬਰਬਾਦ ਕਰਨ ਦੀ ਥਾਂ ਆਪਣੇ ਵਸੀਲਿਆਂ ਨੂੰ ਲੋਕਾਂ ਤੇ ਭਾਈਚਾਰਿਆਂ ਨਾਲ ਸੱਚਮੁੱਚ ਜੁੜਨ ਤੇ ਤਾਲਮੇਲ ਬਣਾਉਣ ਲਈ ਇਸਤੇਮਾਲ ਕਰਨਾ ਚਾਹੀਦਾ ਹੈ।
* ਲੇਖਕ ਵਿਗਿਆਨਕ ਵਿਸ਼ਲੇਸ਼ਕ ਹੈ।