ਰੂਸ-ਯੂਕਰੇਨ ਜੰਗ ਦੌਰਾਨ ਮੁੱਦਾ ਭਾਰਤ ਦੀ ਗੁੱਟ ਨਿਰਪੱਖਤਾ ਦਾ - ਜਤਿੰਦਰ ਪਨੂੰ
ਰੂਸ ਦੇ ਕੋਲ ਚੋਖੇ ਠੋਸ ਕਈ ਬਹਾਨੇ ਹੋਣ ਦੇ ਬਾਵਜੂਦ ਯੂਕਰੇਨ ਉੱਤੇ ਉਸ ਦੇ ਹਮਲੇ ਨੂੰ ਜਾਇਜ਼ ਮੰਨਣ ਲਈ ਮੈਂ ਮਾਨਸਿਕ ਤੌਰ ਉੱਤੇ ਤਿਆਰ ਨਹੀਂ ਹੋ ਸਕਿਆ। ਉਸ ਨੂੰ ਹਮਲਾ ਨਹੀਂ ਸੀ ਕਰਨਾ ਚਾਹੀਦਾ। ਇਸ ਤੋਂ ਉਲਟ ਜਿਹੜੀ ਗੱਲ ਮੈਨੂੰ ਚੁਭ ਰਹੀ ਹੈ, ਉਹ ਇਹ ਕਿ ਜਦੋਂ ਅਮਰੀਕਾ ਨੇ ਬਿਨਾਂ ਯੋਗ ਕਾਰਨਾਂ ਤੋਂ ਕਈ ਦੇਸ਼ਾਂ ਵਿਰੁੱਧ ਏਹੀ ਹਮਲਾਵਰੀ ਕੀਤੀ ਸੀ ਤਾਂ ਰੂਸ ਨੂੰ ਸੰਸਾਰ ਦੀ ਸੱਥ ਵਿੱਚ ਓਸੇ ਤਰ੍ਹਾਂ ਉਸ ਦਾ ਵਿਰੋਧ ਕਰਨ ਦੀ ਲੋੜ ਸੀ, ਜਿਵੇਂ ਅੱਜ ਅਮਰੀਕਾ ਅਤੇ ਉਸ ਦੇ ਹਮਾਇਤੀ ਦੇਸ਼ ਰੂਸ ਦੇ ਖਿਲਾਫ ਕਰੀ ਜਾ ਰਹੇ ਹਨ। ਦੂਸਰੀ ਸੰਸਾਰ ਜੰਗ ਲੱਗਣ ਤਕ ਪਹਿਲੀ ਸੰਸਾਰ ਜੰਗ ਨੂੰ 'ਪਹਿਲੀ' ਕਹਿਣ ਦੀ ਥਾਂ ਸਿਰਫ 'ਸੰਸਾਰ ਜੰਗ' ਆਖਿਆ ਜਾਂਦਾ ਸੀ, ਕਿਉਂਕਿ ਪਤਾ ਨਹੀਂ ਸੀ ਕਿ ਦੂਸਰੀ ਸੰਸਾਰ ਜੰਗ ਲੱਗਣ ਦੀ ਨੌਬਤ ਵੀ ਆ ਜਾਣੀ ਹੈ। ਕਿਸੇ ਹੋਰ ਵੱਡੀ ਜੰਗ ਨੂੰ ਰੋਕਣ ਲਈ ਓਦੋਂ ਲੀਗ ਆਫ ਨੇਸ਼ਨਜ਼ ਬਣਾਈ ਗਈ ਸੀ, ਜਿਸ ਤੋਂ ਜਿਹੜੀ ਆਸ ਸੀ, ਉਹ ਪੂਰੀ ਨਾ ਹੋਈ ਤਾਂ ਦੂਸਰੀ ਸੰਸਾਰ ਜੰਗ ਲੱਗ ਜਾਣ ਪਿੱਛੋਂ ਉਹ ਲੀਗ ਬੇਲੋੜੀ ਮੰਨ ਕੇ ਉਸ ਨੂੰ ਤੋੜਨਾ ਪਿਆ ਸੀ। ਉਸ ਦੇ ਬਾਅਦ ਯੁਨਾਈਟਿਡ ਨੇਸ਼ਨਜ਼ ਆਰਗੇਨਾਈਜ਼ੇਸ਼ਨ (ਯੂ ਐੱਨ ਓ) ਬਣਨ ਦਾ ਸਬੱਬ ਇਸ ਲਈ ਬਣਿਆ ਸੀ ਕਿ ਜਿਹੜਾ ਕੰਮ ਪਹਿਲੀ ਲੀਗ ਆਫ ਨੇਸ਼ਨਜ਼ ਨਹੀਂ ਸੀ ਕਰ ਸਕੀ, ਅਗਲੀ ਕਿਸੇ ਵੀ ਹੋਰ ਜੰਗ ਨੂੰ ਰੋਕਣ ਦਾ ਉਹੋ ਕੰਮ ਯੂ ਐੱਨ ਓ ਕਰੇਗੀ। ਸਮੇਂ ਨੇ ਸਾਬਤ ਕੀਤਾ ਕਿ ਇਹ ਵੀ ਸਿਰਫ ਗੱਪ-ਸ਼ੱਪ ਦਾ ਸੰਸਾਰ ਪੱਧਰ ਦਾ ਅੱਡਾ ਹੀ ਸਾਬਤ ਹੋਈ ਹੈ, ਜ਼ੋਰਾਵਰੀ ਕਰਦੀ ਕਿਸੇ ਧਿਰ ਦੀ ਹਮਲਾਵਰੀ ਰੋਕਣ ਜੋਗੀ ਨਹੀਂ ਨਿਕਲੀ।
ਅਸੀਂ 'ਜ਼ੋਰਾਵਰ ਦਾ ਸੱਤੀਂ ਵੀਹੀਂ ਸੌ' ਦਾ ਮੁਹਾਵਰਾ ਸੁਣਿਆ ਹੋਇਆ ਹੈ। ਅਮਰੀਕਾ ਦੀਆਂ ਸਰਕਾਰਾਂ ਇਤਹਾਸ ਨੂੰ ਮਰਜ਼ੀ ਮੁਤਾਬਕ ਘੁਮਾਉਣ ਦੇ ਯਤਨ ਵਿੱਚ ਯੂ ਐੱਨ ਓ ਨੂੰ ਟਿੱਚ ਜਾਣਦੀਆਂ ਰਹੀਆਂ ਹਨ। ਉਨ੍ਹਾਂ ਦੇ ਖਿਲਾਫ ਜਿਹੜੇ ਵੀ ਮੋੜ ਉੱਤੇ ਕਦੇ ਕਿਸੇ ਕੇਸ ਵਿੱਚ ਯੂ ਐੱਨ ਓ ਦੀ ਕਿਸੇ ਵੀ ਸੰਸਥਾ ਨੇ ਕੋਈ ਫੈਸਲਾ ਉਨ੍ਹਾਂ ਦੀ ਮਰਜ਼ੀ ਦਾ ਨਹੀਂ ਸੀ ਦਿੱਤਾ, ਉਸ ਫੈਸਲੇ ਪਿੱਛੋਂ ਅਮਰੀਕੀ ਹਾਕਮਾਂ ਨੇ ਯੂ ਐੱਨ ਓ ਦੇ ਖਿਲਾਫ ਰੱਜਵੀਂ ਕੌੜ ਕੱਢੀ ਸੀ। ਅਮਰੀਕਾ ਦਾ ਪਿਛਲਾ ਰਾਸ਼ਟਰਪਤੀ ਡੋਨਾਲਡ ਟਰੰਪ ਤਾਂ ਇਸ ਸੰਸਥਾ ਦੇ ਕਈ ਅੰਗਾਂ ਦੀ ਮੈਂਬਰੀ ਤੱਕ ਛੱਡਣ ਤੁਰ ਪਿਆ ਸੀ ਅਤੇ ਸਮੁੱਚੀ ਯੂ ਐੱਨ ਨੂੰ ਛੱਡਣ ਦੀਆਂ ਗੱਲਾਂ ਵੀ ਉਸ ਦੇ ਵਕਤ ਅਮਰੀਕਾ ਵਿੱਚ ਸ਼ੁਰੂ ਹੋ ਗਈਆਂ ਸਨ। ਰੂਸ ਨੇ ਵੀ ਕਈ ਮੌਕਿਆਂ ਉੱਤੇ ਯੂ ਐੱਨ ਓ ਨੂੰ ਟਿੱਚ ਜਾਣਿਆ ਅਤੇ ਚੀਨ ਨੇ ਵੀ ਕਈ ਵਾਰੀ ਇਸ ਤਰ੍ਹਾਂ ਕੀਤਾ ਹੋਇਆ ਹੈ। ਇਸ ਵਿੱਚ ਖਾਸ ਗੱਲ ਇਹ ਹੈ ਕਿ ਯੂ ਐੱਨ ਓ ਨੂੰ ਟਿੱਚ ਜਾਣਨ ਦੀ ਜੁਰਅੱਤ ਕੋਈ ਛੋਟਾ ਦੇਸ਼ ਨਹੀਂ ਕਰਦਾ, ਆਮ ਕਰ ਕੇ ਵੀਟੋ ਤਾਕਤ ਵਾਲੇ ਪੰਜ ਦੇਸ਼ਾਂ ਵਿੱਚੋਂ ਹੀ ਕੋਈ ਕਰਦਾ ਹੈ, ਜਿਨ੍ਹਾਂ ਨੂੰ ਇਸ ਸੰਸਥਾ ਦਾ ਵੱਕਾਰ ਵਧਾਉਣ ਲਈ ਸੰਸਾਰ ਦੀ ਅਗਵਾਈ ਕਰਨੀ ਅਤੇ ਸੰਸਾਰ ਅਮਨ ਕਾਇਮ ਰਹਿਣਾ ਯਕੀਨੀ ਕਰਨ ਲਈ ਹਰ ਕਿਸਮ ਦੀ ਪਹਿਲ-ਕਦਮੀ ਕਰਨੀ ਚਾਹੀਦੀ ਹੈ।
ਰੂਸ ਨੇ ਤਾਜ਼ਾ ਹਮਲਾ ਇਸ ਦਲੀਲ ਨਾਲ ਕੀਤਾ ਹੈ ਕਿ ਯੂਕਰੇਨ ਨੂੰ ਨਾਟੋ ਦੇ ਅਮਰੀਕੀ ਅਗਵਾਈ ਹੇਠਲੇ ਫੌਜੀ ਗੱਠਜੋੜ ਵਿੱਚ ਮਿਲਾ ਕੇ ਉਸ ਦੀ ਧਰਤੀ ਉੱਤੋਂ ਰੂਸ ਵੱਲ ਸੇਧ ਕੇ ਭਵਿੱਖ ਵਿੱਚ ਐਟਮੀ ਮਿਜ਼ਾਈਲਾਂ ਬੀੜੀਆਂ ਜਾਣ ਦਾ ਸ਼ੱਕ ਹੈ। ਉਸ ਦਾ ਇਹ ਸ਼ੱਕ ਬਾਕੀ ਦੇਸ਼ਾਂ ਅਤੇ ਖਾਸ ਕਰ ਕੇ ਨਾਟੋ ਗੱਠਜੋੜ ਨੂੰ ਦੂਰ ਕਰਨਾ ਚਾਹੀਦਾ ਅਤੇ ਇਸ ਮਾਮਲੇ ਵਿੱਚ ਇਹ ਯਕੀਨ ਦਿਵਾਉਣਾ ਚਾਹੀਦਾ ਸੀ ਕਿ ਓਥੇ ਏਦਾਂ ਦਾ ਕੁਝ ਨਹੀਂ ਹੋਵੇਗਾ। ਉਨ੍ਹਾਂ ਨੇ ਇਸ ਦੀ ਲੋੜ ਨਹੀਂ ਸਮਝੀ, ਸਗੋਂ ਯੂਕਰੇਨ ਨੂੰ ਇਹ ਕਹਿ ਕੇ ਉਕਸਾਈ ਗਏ ਸਨ ਕਿ ਉਸ ਨੂੰ ਡਰਨ ਦੀ ਲੋੜ ਨਹੀਂ, ਸਾਰੇ ਨਾਟੋ ਦੇਸ਼ ਉਸ ਦੀ ਪਿੱਠ ਉੱਤੇ ਆਉਣ ਨੂੰ ਤਿਆਰ ਹਨ। ਜਦੋਂ ਯੂਕਰੇਨ ਉੱਤੇ ਰੂਸ ਨੇ ਹਮਲਾ ਕੀਤਾ ਤਾਂ ਇਨ੍ਹਾਂ ਦੇਸ਼ਾਂ ਵਿੱਚੋਂ ਕੋਈ ਯੂਕਰੇਨ ਵਿੱਚ ਲੜਨ ਨਹੀਂ ਆਇਆ, ਅਤੇ ਇਸ ਤਰ੍ਹਾਂ ਚੰਗਾ ਹੀ ਹੋਇਆ ਹੈ, ਵਰਨਾ ਗੱਲ ਹੋਰ ਵਧਣ ਦਾ ਡਰ ਸੀ, ਪਰ ਜਿਨ੍ਹਾਂ ਨੇ ਉਸ ਛੋਟੇ ਜਿਹੇ ਦੇਸ਼ ਨੂੰ ਆਪਣੇ ਗਵਾਂਢ ਵਿੱਚ ਖੜੋਤੀ ਇੱਕ ਵੱਡੀ ਤਾਕਤ ਨਾਲ ਲੜਨ ਨੂੰ ਉਕਸਾਇਆ ਸੀ ਤੇ ਇਹ ਹਾਲਾਤ ਬਣਾਏ ਸਨ, ਉਹ ਆਪਣੀ ਗਲਤੀ ਕਦੇ ਨਹੀਂ ਮੰਨਣਗੇ। ਇਸ ਦੀ ਥਾਂ ਉਹ ਯੂ ਐੱਨ ਓ ਨੂੰ ਵਰਤਣ ਤੇ ਰੂਸ ਨੂੰ ਕਟਹਿਰੇ ਵਿੱਚ ਖੜੇ ਕਰਨ ਲਈ ਤਾਣ ਲਾ ਰਹੇ ਹਨ, ਜਿਸ ਵਿੱਚ ਅਮਰੀਕੀ ਦਬਾਅ ਹੇਠਲੇ ਸੰਸਾਰ ਦੇ ਦੇਸ਼ ਉਨ੍ਹਾਂ ਨਾਲ ਖੜੇ ਵੀ ਹੋ ਗਏ, ਪਰ ਸੰਸਾਰ ਦੇ ਸਾਰੇ ਦੇਸ਼ ਇਸ ਨਾਲ ਸਹਿਮਤ ਨਹੀਂ ਹੋ ਸਕੇ। ਰੂਸ ਦੇ ਖਿਲਾਫ ਮਤੇ ਪੇਸ਼ ਹੋਏ ਤਾਂ ਭਾਰਤ ਨੇ ਹਮਾਇਤ ਜਾਂ ਵਿਰੋਧ ਕਰਨ ਦੀ ਥਾਂ ਵੋਟਿੰਗ ਤੋਂ ਲਾਂਭੇ ਰਹਿਣ ਦਾ ਪੈਂਤੜਾ ਮੱਲ ਲਿਆ, ਜਿਸ ਨਾਲ ਅਮਰੀਕਾ ਦੇ ਕਈ ਭਗਤ ਨਾਰਾਜ਼ ਹੋ ਗਏ, ਪਰ ਉਹ ਇਹ ਨਹੀਂ ਵੇਖ ਸਕੇ ਕਿ ਜਿਸ ਪਾਕਿਸਤਾਨ ਖਾਤਰ ਅਮਰੀਕਾ ਬਹੁਤ ਵਾਰੀ ਭਾਰਤ ਦੇ ਖਿਲਾਫ ਯੂ ਐੱਨ ਓ ਵਿੱਚ ਖੜੋਂਦਾ ਰਿਹਾ ਸੀ, ਉਹ ਪਾਕਿਸਤਾਨ ਵੀ ਉਸ ਨਾਲ ਖੜਾ ਨਹੀਂ ਹੋਇਆ। ਇਸ ਸੰਬੰਧ ਵਿੱਚ ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਡੋਨਾਲਡ ਟਰੰਪ ਦੇ ਵਕਤ ਅਮਰੀਕਾ ਅਤੇ ਪਾਕਿਸਤਾਨ ਦੇ ਸੰਬੰਧ ਕੁਝ ਖਰਾਬ ਹੋ ਗਏ ਸਨ, ਪਰ ਇਹ ਗੱਲ ਭੁਲਾ ਦਿੱਤੀ ਜਾਂਦੀ ਹੈ ਕਿ ਅਫਗਾਨਿਸਤਾਨ ਵਿੱਚ ਆਪਣੀਆਂ ਲੋੜਾਂ ਲਈ ਅਮਰੀਕੀ ਫੌਜ ਨੂੰ ਅੱਜ ਵੀ ਪਾਕਿਸਤਾਨ ਆਪਣੀਆਂ ਸਾਰੀਆਂ ਫੌਜੀ ਸਹੂਲਤਾਂ ਦੇਈ ਜਾਂਦਾ ਹੈ। ਅਮਰੀਕੀ ਬਲਾਕ ਵੱਲੋਂ ਰੂਸ ਵਿਰੁੱਧ ਪੇਸ਼ ਕੀਤੇ ਮਤਿਆਂ ਵੇਲੇ ਬੰਗਲਾ ਦੇਸ਼ ਤੇ ਕੁਝ ਹੋਰਨਾਂ ਨੇ ਵੀ ਭਾਰਤ ਵਾਲਾ ਪੈਂਤੜਾ ਹੀ ਲਿਆ ਹੈ। ਭਾਰਤ ਦੇ ਇਸ ਪੈਂਤੜੇ ਦਾ ਵਿਰੋਧ ਕਰਨ ਵਾਲੇ ਲੋਕ ਇਸ ਮੁੱਦੇ ਉੱਤੇ ਭਾਰਤ ਵਾਲਾ ਪੈਂਤੜਾ ਲੈਣ ਵਾਲੇ ਕਿਸੇ ਹੋਰ ਦੇਸ਼ ਦੇ ਖਿਲਾਫ ਏਹੋ ਜਿਹੀ ਨੁਕਤਾਚੀਨੀ ਨਹੀਂ ਕਰਦੇ ਅਤੇ ਯੂਕਰੇਨ ਵਿੱਚ ਫਸੇ ਨੌਜਵਾਨਾਂ ਦੇ ਦੁੱਖਾਂ ਨੂੰ ਭਾਰਤ ਦੇ ਪੈਂਤੜੇ ਨਾਲ ਜੋੜ ਰਹੇ ਹਨ।
ਭਾਰਤ ਦੇ ਅੱਜ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਕਈ ਗੱਲਾਂ ਦੇ ਅਸੀਂ ਲੋਕ ਵੀ ਵਿਰੋਧੀ ਹੋ ਸਕਦੇ ਹਾਂ, ਪਰ ਇਸ ਜੰਗ ਵਾਲੇ ਮਾਮਲੇ ਵਿੱਚ ਭਾਰਤ ਦੀ ਨਿਰਪੱਖਤਾ ਹੀ ਸਹੀ ਹੈ। ਇਹ ਯਾਦ ਰੱਖਣਾ ਚਾਹੀਦਾ ਹੈ ਕਿ ਭਾਰਤ ਦੀ ਆਜ਼ਾਦੀ ਅਤੇ ਦੇਸ਼ ਦੀ ਵੰਡ ਦੇ ਬਾਅਦ ਨਵੇਂ ਜਨਮੇ ਦੇਸ਼ ਪਾਕਿਸਤਾਨ ਦੇ ਪੱਖ ਵਿੱਚ ਯੂ ਐੱਨ ਓ ਵਿੱਚ ਜਦੋਂ ਕਦੇ ਕੋਈ ਮਤਾ ਭਾਰਤ ਦੇ ਖਿਲਾਫ ਪੇਸ਼ ਹੋਇਆ, ਰੂਸ ਨੇ ਪਿਛਲੇ ਕਮਿਊਨਿਸਟ ਰਾਜ ਵੇਲੇ ਵੀ ਅਤੇ ਅਜੋਕੇ ਵਲਾਦੀਮੀਰ ਪੂਤਿਨ ਵਾਲੇ ਗੈਰ ਕਮਿਊਨਿਸਟ ਦੌਰ ਵਿੱਚ ਵੀ ਹਮੇਸ਼ਾ ਭਾਰਤ ਦੇ ਪੱਖ ਵਿੱਚ ਸਟੈਂਡ ਲਿਆ ਹੈ। ਔਕੜ ਦੇ ਵਕਤ ਪਰਖੇ ਹੋਏ ਏਦਾਂ ਦੇ ਮਿੱਤਰ ਦੇਸ਼ ਦੇ ਕਿਸੇ ਕਦਮ ਨਾਲ ਸਹਿਮਤੀ ਨਾ ਵੀ ਹੋਵੇ ਤਾਂ ਉਸ ਨਾਲ ਗੱਲ ਕੀਤੀ ਜਾ ਸਕਦੀ ਹੈ, ਪਰ ਉਸ ਦੇ ਵਿਰੁੱਧ ਉਨ੍ਹਾਂ ਦੇਸ਼ਾਂ ਨਾਲ ਖੜੇ ਹੋਣਾ ਔਖਾ ਹੋ ਜਾਂਦਾ ਹੈ, ਜਿਨ੍ਹਾਂ ਨੇ ਹਮੇਸ਼ਾ ਭਾਰਤ ਦਾ ਵਿਰੋਧ ਕੀਤਾ ਹੈ। ਭਾਰਤ ਅੱਧੀ ਸਦੀ ਤੋਂ ਵੱਧ ਸਮਾਂ ਸੰਸਾਰ ਰਾਜਨੀਤੀ ਵਿੱਚ ਗੁੱਟ-ਨਿਰਪੱਖ ਰਿਹਾ ਹੈ ਅਤੇ ਉਸ ਦੌਰ ਵਿੱਚ ਇਸ ਦੀ ਇੱਜ਼ਤ ਵੀ ਅਜੋਕੇ ਦੌਰ ਨਾਲੋਂ ਹਮੇਸ਼ਾ ਵੱਧ ਹੁੰਦੀ ਸੀ। ਇਸ ਨੂੰ ਉਹ ਭੂਮਿਕਾ ਫਿਰ ਨਿਭਾਉਣ ਦੀ ਲੋੜ ਹੈ। ਕਿਸੇ ਵਕਤੀ ਭੜਕਾਹਟ ਕਾਰਨ ਭਾਰਤ ਨੂੰ ਕਿਸੇ ਨਾਟੋ ਵਰਗੇ ਫੌਜੀ ਗੱਠਜੋੜ ਨੂੰ ਚਲਾਉਣ ਵਾਲਿਆਂ ਦਾ ਪਿਛਲੱਗ ਨਹੀਂ ਬਣਨਾ ਚਾਹੀਦਾ।
ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ ਅਮਰੀਕਾ ਨੇ ਅਫਗਾਨਿਸਤਾਨ ਵਿੱਚ ਲੜਨ ਜਾਣਾ ਸੀ ਤਾਂ ਉਸ ਵੇਲੇ ਦੇ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਸੀ ਕਿ ਜਿਹੜਾ ਅਮਰੀਕਾ ਨਾਲ ਨਹੀਂ, ਉਹ ਸਾਡਾ ਦੁਸ਼ਮਣ ਨਾਲ ਮੰਨਿਆ ਜਾਵੇਗਾ। ਇਸ ਘੂਰੀ ਹੇਠ ਉਸ ਵੇਲੇ ਦੀ ਭਾਰਤ ਸਰਕਾਰ ਨੇ ਝੱਟ ਉਸ ਦਾ ਸਾਥ ਦੇਣ ਦਾ ਐਲਾਨ ਕਰ ਦਿੱਤਾ ਸੀ, ਪਰ ਓਦੋਂ ਵੀ ਭਾਰਤ ਦੇ ਲੋਕਾਂ ਦੀ ਬਹੁ-ਗਿਣਤੀ ਇਹ ਸਮਝਦੀ ਸੀ ਕਿ ਹਾਲਾਤ ਜੋ ਵੀ ਹੋਣ, ਭਾਰਤ ਨੂੰ ਬੇਗਾਨੀ ਜੰਗ ਵਿੱਚ ਆਪਣਾ ਸਿਰ ਨਹੀਂ ਫਸਾਉਣਾ ਚਾਹੀਦਾ। ਭਾਰਤ ਦੇ ਲੋਕ ਅੱਜ ਵੀ ਇਹੋ ਚਾਹੁਣਗੇ। ਕਮਿਊਨਿਸਟ ਬਲਾਕ ਦੀ ਹੋਂਦ ਖਤਮ ਹੋਣ ਦੇ ਬਾਅਦ ਬੇਸ਼ੱਕ ਇਹ ਕਿਹਾ ਜਾ ਰਿਹਾ ਹੈ ਕਿ ਇਸ ਵੇਲੇ ਦੁਨੀਆ ਵਿੱਚ ਇੱਕੋ ਮਹਾਂਸ਼ਕਤੀ ਅਮਰੀਕਾ ਰਹਿ ਗਿਆ ਹੈ, ਪਰ ਅਮਲ ਵਿੱਚ ਅੱਜ ਵੀ ਅਮਰੀਕਾ ਤੇ ਰੂਸ ਦੋ ਮਹਾਂਸ਼ਕਤੀਆਂ ਦੀ ਹੋਂਦ ਕਾਇਮ ਹੈ ਤੇ ਇਸ ਨਾਲ ਇੱਕ ਹੋਰ ਮਹਾਂਸ਼ਕਤੀ ਚੀਨ ਲਗਾਤਾਰ ਆਪਣੇ ਉਭਾਰ ਦੇ ਸਬੂਤ ਦੇ ਰਿਹਾ ਹੈ। ਸੰਸਾਰ ਮਹਾਂਸ਼ਕਤੀਆਂ ਨੇ ਜਦੋਂ ਵੱਡੀ ਲੜਾਈ, ਜਿਸ ਨੂੰ 'ਸੰਸਾਰ ਜੰਗ' ਕਹਿੰਦੇ ਸਨ, ਲੜੀ ਸੀ, ਉਸ ਦਾ ਕਾਰਨ ਮਾਲ ਵੇਚਣ ਲਈ ਮੰਡੀਆਂ ਮੰਨੇ ਜਾਂਦੇ ਦੇਸ਼ਾਂ ਉੱਤੇ ਕਬਜ਼ੇ ਦੀ ਸੋਚ ਸੀ ਤੇ ਏਦਾਂ ਦੀ ਸੋਚ ਅਜੇ ਕਾਇਮ ਹੈ। ਜਦੋਂ ਅਮਰੀਕਾ ਦੇ ਇੱਕ ਇਸ਼ਾਰੇ ਉੱਤੇ ਸੰਸਾਰ ਦੀਆਂ ਪ੍ਰਮੁੱਖ ਟੈਕਨੀਕ ਵਾਲੀਆਂ ਕੰਪਨੀਆਂ ਕਿਸੇ ਦੇਸ਼ ਵਿਰੁੱਧ ਪਾਬੰਦੀਆ ਲਾਉਣ ਤੁਰ ਪੈਂਦੀਆਂ ਹਨ ਤਾਂ ਇਸ ਦਾ ਅਰਥ ਵੀ ਦੁਨੀਆ ਦੇ ਦੇਸ਼ਾਂ ਨੂੰ ਸਮਝ ਪੈਣਾ ਚਾਹੀਦਾ ਹੈ। ਇਹ ਸੰਸਾਰ ਪੱਧਰ ਦੀ ਉਸ ਖਿੱਚੋਤਾਣ ਦਾ ਪਹਿਲਾ ਪੜਾਅ ਹੈ, ਜਿਸ ਦਾ ਅਗਲਾ ਪੜਾਅ ਤੀਸਰੀ ਸੰਸਾਰ ਜੰਗ ਹੋ ਸਕਦਾ ਹੈ। ਭਾਰਤ ਨੂੰ ਉਸ ਤੋਂ ਬਚਣ ਦੀ ਲੋੜ ਹੈ। ਯੂ ਐੱਨ ਨਾਕਾਮ ਹੋਈ ਹੈ, ਉਸ ਦੇ ਪੱਲੇ ਕੁਝ ਨਹੀਂ ਰਿਹਾ ਜਾਪਦਾ, ਇਸ ਲਈ ਹਰ ਤਰ੍ਹਾਂ ਦੀ ਬਹਿਸ ਅਮਰੀਕਾ ਦੀ ਅੱਖ ਦੇ ਇਸ਼ਾਰੇ ਮੁਤਾਬਕ ਹੁੰਦੀ ਜਾਪਣ ਲੱਗੀ ਹੈ। ਇਹ ਅੱਖ ਦਾ ਇਸ਼ਾਰਾ ਬਹੁਤ ਖਤਰਨਾਕ ਹੋ ਸਕਦਾ ਹੈ ਅਤੇ ਵਿਕਾਸ ਕਰਦੇ ਦੇਸ਼ਾਂ ਵਾਲਿਆਂ ਨੂੰ ਏਦਾਂ ਦੇ ਇਸ਼ਾਰਿਆਂ ਅੱਗੇ ਸਾਬਤ ਕਦਮੀ ਨਾਲ ਟਿਕਣ ਦੀ ਲੋੜ ਹੈ, ਇਸ ਵੇਲੇ ਥਿੜਕਣਾ ਭਵਿੱਖ ਵਿੱਚ ਮਹਿੰਗਾ ਪੈ ਸਕਦਾ ਹੈ।