ਮਹਿੰਗਾਈ ਦੇ ਪਰਦੇ ਹੇਠ ਕਾਰਪੋਰੇਟ ਮੁਨਾਫ਼ੇ - ਦਵਿੰਦਰ ਸ਼ਰਮਾ
ਪ੍ਰਚੂਨ ਮਹਿੰਗਾਈ ਵਿਚ ਬੇਤਹਾਸ਼ਾ ਵਾਧਾ ਹੁੰਦਾ ਜਾ ਰਿਹਾ ਹੈ ਜਿਸ ਨਾਲ ਦੁਨੀਆ ਅੰਦਰ ਨਵਾਂ ਵਰਤਾਰਾ ਦੇਖਣ ਨੂੰ ਮਿਲ ਰਿਹਾ ਹੈ। ਅਤੀਤ ਵਿਚ ਵੀ ਇਹ ਵਰਤਾਰਾ ਬਹੁਤ ਸਾਰੇ ਰੂਪਾਂ ਵਿਚ ਮੌਜੂਦ ਰਿਹਾ ਹੈ ਪਰ ਪਹਿਲਾਂ ਇਹ ਇੰਨਾ ਪ੍ਰਤੱਖ ਕਦੇ ਵੀ ਨਹੀਂ ਸੀ। ਜਿਵੇਂ ਜਿਵੇਂ ਮਹਿੰਗਾਈ ਵਧ ਰਹੀ ਹੈ, ਤਿਵੇਂ ਤਿਵੇਂ ਕੰਪਨੀਆਂ ਦੇ ਮੁਨਾਫ਼ੇ ਵੀ ਵਧ ਰਹੇ ਹਨ, ਤੇ ਇਸ ਵਾਰ ਇਨ੍ਹਾਂ ਦੋਵਾਂ ਵਿਚ ਇਤਿਹਾਸਕ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਕੰਪਨੀਆਂ ਦੇ ਮੁਨਾਫ਼ੇ ਵਧਣ ਨਾਲ ਇਨ੍ਹਾਂ ਦੇ ਕਾਰ-ਮੁਖ਼ਤਾਰਾਂ (ਸੀਈਓਜ਼) ਅਤੇ ਹੋਰਨਾਂ ਸਿਖਰਲੇ ਅਧਿਕਾਰੀਆਂ ਦੀਆਂ ਤਨਖ਼ਾਹਾਂ ਵਿਚ ਭਾਰੀ ਵਾਧਾ ਕਰ ਦਿੱਤਾ ਜਾਂਦਾ ਹੈ, ਸ਼ੇਅਰਾਂ ਦੀ ਖਰੀਦ ਵਧ ਜਾਂਦੀ ਹੈ ਅਤੇ ਲਾਭੰਸ਼ ਅਦਾਇਗੀਆਂ ਵਧ ਜਾਂਦੀਆਂ ਹਨ।
ਕੰਪਨੀਆਂ ਦਾ ਕਹਿਣਾ ਹੈ ਕਿ ਉਹ ਇਸ ਬਾਰੇ ਕੁਝ ਨਹੀਂ ਕਰ ਸਕਦੀਆਂ ਜਦਕਿ ਖਪਤਕਾਰਾਂ ਨੂੰ ਆਖਿਆ ਜਾਂਦਾ ਹੈ ਕਿ ਗ਼ੈਰ-ਮਾਮੂਲੀ ਢੰਗ ਨਾਲ ਵਧ ਰਹੀ ਮਹਿੰਗਾਈ ਉੱਚੀਆਂ ਉਜਰਤਾਂ ਅਤੇ ਉਤਪਾਦਨ ਲਾਗਤਾਂ ਵਿਚ ਭਾਰੀ ਵਾਧਾ ਹੋਣ ਦਾ ਸਿੱਟਾ ਹੈ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਮਹਾਮਾਰੀ ਕਰ ਕੇ ਸਪਲਾਈ ਚੇਨਾਂ ਵਿਚ ਵਿਘਨ ਪਿਆ ਸੀ ਪਰ ਦੁਨੀਆ ਭਰ ਵਿਚ ਜਿਹੋ ਜਿਹੀ ਮਹਿੰਗਾਈ ਦੇਖਣ ਨੂੰ ਮਿਲ ਰਹੀ ਹੈ, ਉਸ ਦਾ ਪੂਰਤੀ-ਮੰਗ ਵਿਚ ਵਿਘਨ ਦੇ ਸਾਧਾਰਨ ਤਰਕ ਨਾਲ ਕੋਈ ਵਾਹ-ਵਾਸਤਾ ਨਹੀਂ ਹੈ। ਇਸ ਪਿੱਛੇ ਹੋਰ ਬਹੁਤ ਕੁਝ ਛੁਪਿਆ ਹੋਇਆ ਹੈ।
ਜਨਵਰੀ ਮਹੀਨੇ ਅਮਰੀਕਾ ਵਿਚ ਪ੍ਰਚੂਨ ਮਹਿੰਗਾਈ 7.5 ਫ਼ੀਸਦ ਦੀ ਸਿਖਰ ਤੇ ਸੀ ਜੋ ਪਿਛਲੇ 40 ਸਾਲਾਂ ਵਿਚ ਆਪਣੇ ਸਭ ਤੋਂ ਉੱਚੇ ਪੱਧਰ ਉੱਤੇ ਪੁੱਜ ਗਈ ਸੀ। ਬਰਤਾਨੀਆ ਵਿਚ ਮਹਿੰਗਾਈ ਦਾ ਪਿਛਲੇ 30 ਸਾਲਾਂ ਦਾ ਰਿਕਾਰਡ ਟੁੱਟ ਗਿਆ ਤੇ ਇਹ 5.4 ਫ਼ੀਸਦ ਹੋ ਗਈ ਸੀ ਅਤੇ ਬੈਂਕ ਆਫ ਇੰਗਲੈਂਡ ਨੇ ਚਿਤਾਵਨੀ ਦਿੱਤੀ ਹੈ ਕਿ ਅਪਰੈਲ ਤੱਕ ਮਹਿੰਗਾਈ ਵਧ ਕੇ 7.1 ਫ਼ੀਸਦ ਹੋ ਸਕਦੀ ਹੈ। ਭਾਰਤ ਵਿਚ ਮਹਿੰਗਾਈ ਦਰ ਵਧ ਕੇ 6.1 ਫ਼ੀਸਦ ਤੇ ਪਹੁੰਚ ਜਾਣ ਨਾਲ ਇਹ ਖ਼ਦਸ਼ੇ ਲੱਗ ਰਹੇ ਹਨ ਕਿ ਦਰਾਮਦੀ ਮਹਿੰਗਾਈ ਨਾਲ ਖਪਤਕਾਰ ਕੀਮਤਾਂ ਹੋਰ ਵਧ ਜਾਣਗੀਆਂ। ਆਰਥਿਕ ਸਰਵੇਖਣ 2022 ਵਿਚ ਚਿਤਾਵਨੀ ਦਿੱਤੀ ਗਈ ਸੀ- “ਭਾਰਤ ਨੂੰ ਦਰਾਮਦੀ ਮਹਿੰਗਾਈ, ਖ਼ਾਸਕਰ ਵਧਦੀਆਂ ਆਲਮੀ ਊਰਜਾ ਕੀਮਤਾਂ ਤੋਂ ਘਬਰਾਉਣ ਦੀ ਲੋੜ ਨਹੀਂ ਹੈ।” ਇਸ ਦੌਰਾਨ, ਕੌਮਾਂਤਰੀ ਕਾਰੋਬਾਰੀ ਅਖ਼ਬਾਰ ‘ਦਿ ਫਾਇਨੈਂਸ਼ੀਅਲ ਟਾਈਮਜ਼’ (7 ਫਰਵਰੀ) ਦੀ ਸੁਰਖੀ ‘ਟਾਇਸਨ ਫੂਡਜ਼ ਲਵਜ਼ ਇਨਫਲੇਸ਼ਨ’ (ਟਾਇਸਨ ਫੂਡਜ਼ ਨੂੰ ਮਹਿੰਗਾਈ ਨਾਲ ਪਿਆਰ ਹੈ) ਵੱਲ ਮੇਰਾ ਧਿਆਨ ਗਿਆ ਤੇ ਹੈਰਾਨ ਹੋਇਆ ਕਿ ਦੁਨੀਆ ਭਰ ਵਿਚ ਵਧ ਰਹੀ ਮਹਿੰਗਾਈ ਦਰ ਪਿੱਛੇ ਵਿਤੋਂ ਬਾਹਰੇ ਕਾਰਨ ਹਨ ਜਾਂ ਇਸ ਕਾਰਪੋਰੇਟ ਆਪਣੇ ਲਾਲਚ ਨੂੰ ਮਹਿੰਗਾਈ ਦੇ ਲਬਾਦੇ ਵਿਚ ਲਪੇਟ ਕੇ ਵੇਚ ਰਿਹਾ ਹੈ।
ਜਦੋਂ ਮੈਂ ਹੋਰ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਕਿਵੇਂ ਲਾਲਚ ਨੂੰ ਬੜੀ ਆਸਾਨੀ ਨਾਲ ਮਹਿੰਗਾਈ ਦੇ ਲਬਾਦੇ ਵਿਚ ਛੁਪਾਇਆ ਜਾ ਰਿਹਾ ਹੈ। ਇਸ ਨੂੰ ਸਮਝਣ ਲਈ ਸਭ ਤੋਂ ਪਹਿਲਾਂ ਟਾਇਸਨ ਫੂਡਜ਼ ਨੂੰ ਲੈਂਦੇ ਹਾਂ ਜੋ ਚਾਰ ਸਭ ਤੋਂ ਵੱਡੀਆਂ ਪਸ਼ੂ-ਧਨ ਕੰਪਨੀਆਂ ਵਿਚੋਂ ਇਕ ਹੈ ਅਤੇ ਇਨ੍ਹਾਂ ਚਾਰੋਂ ਕੰਪਨੀਆਂ ਦਾ ਅਮਰੀਕਾ ਦੀ ਮੀਟ ਮਾਰਕਿਟ ਤੇ 85 ਫ਼ੀਸਦ ਕਬਜ਼ਾ ਹੈ। ਰਾਸ਼ਟਰਪਤੀ ਜੋਅ ਬਾਇਡਨ ਨੇ ਕੁਝ ਸਮਾਂ ਪਹਿਲਾਂ ਇਨ੍ਹਾਂ ਉੱਤੇ ‘ਮਹਾਮਾਰੀ ਦਾ ਮੁਨਾਫ਼ਾ’ ਕਮਾਉਣ ਦਾ ਦੋਸ਼ ਲਾਇਆ ਸੀ। ‘ਫੋਰਬਸ’ ਦੇ ਵਿਸ਼ਲੇਸ਼ਣ ਵਿਚ ਸੰਕੇਤ ਦਿੱਤਾ ਗਿਆ ਹੈ ਕਿ ਕਿਵੇਂ ਟਾਇਸਨ ਫੂਡਜ਼ ਖਰਚੇ ਘਟਾ ਰਹੀ ਹੈ ਤੇ ਜ਼ਿਆਦਾ ਕਮਾ ਰਹੀ ਹੈ। ਮੰਨਿਆ ਜਾ ਸਕਦਾ ਹੈ ਕਿ ਖੁਰਾਕ ਤੇ ਢੋਅ ਢੁਆਈ ਦੀਆਂ ਲਾਗਤਾਂ ਵਧ ਰਹੀਆਂ ਹਨ ਪਰ ਤੱਥ ਇਹ ਹੈ ਕਿ ਮਹਾਮਾਰੀ ਤੋਂ ਪਹਿਲਾਂ ਦੇ ਦਿਨਾਂ ਨਾਲੋਂ ਟਾਇਸਨ ਫੂਡਜ਼ ਦੇ ਮੁਨਾਫ਼ੇ ਲਗਭਗ ਦੁੱਗਣੇ ਹੋ ਗਏ ਹਨ।
ਚਾਰ ਪਸ਼ੂ-ਧਨ ਕੰਪਨੀਆਂ ਦੇ ਮੁਨਾਫ਼ੇ 300 ਫ਼ੀਸਦ ਵਧ ਗਏ ਹਨ, ਮੀਟ ਦੀਆਂ ਪ੍ਰਚੂਨ ਕੀਮਤਾਂ ਵਿਚ ਵੀ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ ਤੇ ਬੀਫ ਕਰੀਬ 20 ਫ਼ੀਸਦ ਮਹਿੰਗਾ ਹੋ ਗਿਆ ਹੈ। ਇਹ ਸਭ ਕੁਝ ਉਦੋਂ ਹੋ ਰਿਹਾ ਹੈ ਜਦੋਂ ਪਸ਼ੂ-ਧਨ ਪਾਲਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਕੀਮਤਾਂ ਪਿਛਲੇ 50 ਸਾਲਾਂ ਦੌਰਾਨ ਆਪਣੇ ਸਭ ਤੋਂ ਹੇਠਲੇ ਪੱਧਰ ਤੇ ਹਨ। ਜੇ ਤੁਸੀਂ ਬੀਅਰ ਪੀਂਦੇ ਹੋ ਤਾਂ ਤੁਹਾਡੇ ਲਈ ਮਾੜੀ ਖ਼ਬਰ ਹੈ। ‘ਗਾਰਡੀਅਨ’ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਯੂਰੋਪ ਵਿਚ ਬੀਅਰ ਦੇ ਹਰਮਨਪਿਆਰੇ ਬ੍ਰਾਂਡ ਹਾਇਨਕਿਨ ਦੀ ਵਿਕਰੀ ਵਿਚ 4.3 ਫ਼ੀਸਦ ਵਾਧਾ ਹੋਇਆ ਹੈ ਤੇ ਇਸ ਨਾਲ ਕੁੱਲ ਮੁਨਾਫ਼ੇ ਵਿਚ 80 ਫ਼ੀਸਦ ਵਾਧਾ ਹੋਇਆ ਹੈ। 2021 ਵਿਚ ਰਿਕਾਰਡ 2.26 ਅਰਬ ਡਾਲਰ ਦਾ ਮੁਨਾਫ਼ਾ ਹੋਇਆ ਸੀ ਤੇ ਕੰਪਨੀ ਨੇ ਆਉਣ ਵਾਲੇ ਮਹੀਨਿਆਂ ਵਿਚ ਕੀਮਤਾਂ ਵਿਚ ਹੋਰ ਵਾਧਾ ਕਰਨ ਦਾ ਐਲਾਨ ਕਰ ਦਿੱਤਾ ਹੈ। ਪਿਛਲੇ ਦੋ ਸਾਲਾਂ ਦੌਰਾਨ ਬੀਅਰ ਦੀਆਂ ਕੀਮਤਾਂ ਵਿਚ ਦੋ-ਤਿੰਨ ਵਾਰ ਵਾਧਾ ਕੀਤਾ ਜਾ ਚੁੱਕਿਆ ਹੈ। ਇਸ ਦੌਰਾਨ ਬੀਅਰ ਦੇ ਇਕ ਹੋਰ ਹਰਮਨਪਿਆਰੇ ਬ੍ਰਾਂਡ ‘ਕੋਬਰਾ’ ਨੇ ਐਲਾਨ ਕਰ ਦਿੱਤਾ ਹੈ ਕਿ ਗ੍ਰਾਹਕਾਂ ਨੂੰ ਉਤਪਾਦਨ ਲਾਗਤਾਂ ਵਿਚ ਵਾਧੇ ਦੇ ਕੁਚੱਕਰ ਦੇ ਮੱਦੇਨਜ਼ਰ ਹੋਰ ਬੋਝ ਸਹਿਣ ਲਈ ਤਿਆਰ ਰਹਿਣਾ ਚਾਹੀਦਾ ਹੈ।
ਹੁਣ ਗੱਲ ਕਰਦੇ ਹਾਂ ਸਟਾਰਬੱਕ ਦੀ। ਯਕੀਨਨ, ਇਹ ਬਹੁਤ ਉਮਦਾ ਕੌਫ਼ੀ ਗਿਣੀ ਜਾਂਦੀ ਹੈ ਪਰ ਇਹ ਮਹਿੰਗੀ ਵੀ ਬਹੁਤ ਹੈ। 2021 ਦੀ ਆਖਰੀ ਤਿਮਾਹੀ ਵਿਚ ਇਸ ਦੇ ਮੁਨਾਫ਼ੇ ਵਿਚ 31 ਫ਼ੀਸਦ ਦਾ ਵਾਧਾ ਹੋਇਆ ਸੀ ਤੇ ਹੁਣ ਇਸ ਨੇ ਫਿਰ ਕੀਮਤਾਂ ਵਧਾਉਣ ਦਾ ਐਲਾਨ ਕਰ ਦਿੱਤਾ ਹੈ। 2021 ਵਿਚ ਸਟਾਰਬੱਕ ਦਾ ਕੁੱਲ ਕਾਰੋਬਾਰ 8.1 ਅਰਬ ਡਾਲਰ ਨੂੰ ਪਾਰ ਕਰ ਗਿਆ ਸੀ। ਦਿਲਚਸਪ ਗੱਲ ਇਹ ਹੈ ਕਿ ਇਸ ਦੇ ਸੀਈਓ ਦਾ ਸਾਲਾਨਾ ਪੈਕੇਜ ਵਧ ਕੇ 20.4 ਮਿਲੀਅਨ ਡਾਲਰ ਦਾ ਹੋ ਗਿਆ ਹੈ। ਉਧਰ, ਕੌਫ਼ੀ ਦੇ ਉਤਪਾਦਕ ਕਿਸਾਨਾਂ ਨੂੰ ਸਭ ਤੋਂ ਘੱਟ ਭਾਅ ਦਿੱਤੇ ਜਾ ਰਹੇ ਹਨ ਪਰ ਕੰਪਨੀ ਦੇ ਕਾਰ-ਮੁਖ਼ਤਾਰਾਂ ਦੀਆਂ ਉਜਰਤਾਂ ਦੇ ਤੱਗ ਟੁੱਟ ਗਏ ਹਨ। ਇਸ ਦਾ ਮੂਲ ਮੰਤਰ ਇਹੀ ਹੈ ਕਿ ਮੁਨਾਫ਼ੇ ਆਪਣੀਆਂ ਜੇਬਾਂ ਵਿਚ ਸੁੱਟ ਲਓ ਤੇ ਘਾਟੇ ਸਮਾਜ ਨੂੰ ਵੰਡ ਦਿਓ।
ਅਮਰੀਕੀ ਸੈਨੇਟਰ ਬਰਨੀ ਸੈਂਡਰਜ਼ ਇਕ ਹੋਰ ਮਿਸਾਲ ਦਿੰਦੇ ਹੋਏ ਆਪਣੇ ਇਕ ਟਵੀਟ ਵਿਚ ਕਹਿੰਦੇ ਹਨ : “ਕਾਰਪੋਰੇਟ ਲਾਲਚ ਕਰ ਕੇ ਚਿਪੋਟਲ (ਪੱਛਮੀ ਦੇਸ਼ਾਂ ਵਿਚਲੀ ਵੱਡੀ ਰੈਸਤਰਾਂ ਕੰਪਨੀ) ਦੇ ਮੁਨਾਫੇ ਵਿਚ ਪਿਛਲੇ ਸਾਲ 181 ਫ਼ੀਸਦ ਵਾਧਾ ਹੋਣ ਨਾਲ ਇਹ 76.40 ਕਰੋੜ ਡਾਲਰ ਤੇ ਪਹੁੰਚ ਗਏ ਸਨ ਜਿਸ ਨਾਲ 2020 ਵਿਚ ਇਸ ਦੇ ਸੀਈਓ ਦੀ ਤਨਖ਼ਾਹ ਵਿਚ 137 ਫ਼ੀਸਦ ਵਾਧਾ ਕਰ ਕੇ ਇਹ 3.8 ਕਰੋੜ ਡਾਲਰ ਤੇ ਪਹੁੰਚ ਗਈ ਸੀ ਪਰ ਜਦੋਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿਚ ਵਾਧੇ ਦਾ ਸਵਾਲ ਆਇਆ ਤਾਂ ਕੰਪਨੀ ਬਰਿਟੋ (ਬੀਫ਼ ਤੇ ਫਲੀ ਦੀ ਮੈਕਸਿਕਨ ਡਿਸ਼) ਦੀ ਲਾਗਤ ਵਿਚ ਵਾਧੇ ਦਾ ਰੋਣਾ ਲੈ ਕੇ ਬਹਿ ਗਈ ਤੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿਚ 50 ਫ਼ੀਸਦ ਵਾਧਾ ਹੀ ਕੀਤਾ ਗਿਆ। ਇਹ ਮਹਿੰਗਾਈ ਨਹੀਂ ਸਗੋਂ ਕੀਮਤਾਂ ਦੀ ਸੀਨਾਜ਼ੋਰੀ ਹੈ।”
ਸਿਆਟਲ ਆਧਾਰਿਤ ਕ੍ਰੈਡਿਟ ਕਾਰਡ ਪ੍ਰਾਸੈਸਿੰਗ ਕੰਪਨੀ ‘ਗ੍ਰੈਵਿਟੀ ਪੇਅਮੈਂਟਸ’ ਦੇ ਬਾਨੀ ਡੈਨ ਪ੍ਰਾਈਸ ਨੇ ਇਕ ਹੋਰ ਟਵੀਟ ਵਿਚ ‘ਨਿਊ ਯਾਰਕ ਟਾਈਮਜ਼’ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਪੁੱਛਿਆ ਹੈ- “ਕਰਿਆਨੇ ਦਾ ਸਾਮਾਨ ਇੰਨਾ ਮਹਿੰਗਾ ਕਿਉਂ ਹੁੰਦਾ ਜਾ ਰਿਹਾ ਹੈ? ਕਰੌਗਰ (ਅਮਰੀਕੀ ਪ੍ਰਚੂਨ ਕੰਪਨੀ) ਦੇ ਮੁਨਾਫ਼ੇ ਆਸਮਾਨ ਛੂਹ ਰਹੇ ਹਨ। ਇਸ ਦੇ ਸੀਈਓ ਦੀ ਤਨਖ਼ਾਹ ਵਿਚ 45 ਫ਼ੀਸਦ ਵਾਧਾ ਕੀਤਾ ਗਿਆ ਤੇ ਇਹ 2.2 ਕਰੋੜ ਡਾਲਰ ਹੋ ਗਈ ਹੈ ਜੋ ਆਮ ਮੁਲਾਜ਼ਮ ਦੀ ਤਨਖ਼ਾਹ ਤੋਂ 909 ਗੁਣਾ ਜ਼ਿਆਦਾ ਬਣਦੀ ਹੈ। ਇਸ ਦੇ 75 ਫ਼ੀਸਦ ਕਾਮਿਆਂ ਨੂੰ ਖਾਣਾ ਵੀ ਪੂਰਾ ਨਹੀਂ ਪੈਂਦਾ, 63 ਫ਼ੀਸਦ ਆਪਣੇ ਬਿੱਲ ਨਹੀਂ ਚੁਕਾ ਪਾਉਂਦੇ ਅਤੇ ਬਹੁਤ ਸਾਰੇ ਹੋਰ ਰਿਆਇਤੀ ਖਾਣੇ (ਫੂਡ ਸਟੈਂਪਜ਼) ਤੇ ਨਿਰਭਰ ਰਹਿੰਦੇ ਹਨ।”
ਸਾਫ਼ ਲਫ਼ਜ਼ਾਂ ਵਿਚ ਕਿਹਾ ਜਾਵੇ ਤਾਂ ਕਾਰਪੋਰੇਟਾਂ ਦੇ ਵਾਰੇ ਨਿਆਰੇ ਹਨ। ਕਰਿਆਨੇ ਤੋਂ ਲੈ ਕੇ ਦਵਾ ਨਿਰਮਾਣ ਕੰਪਨੀਆਂ, ਕੌਫੀ ਤੋਂ ਲੈ ਕੇ ਖਪਤਕਾਰ ਵਸਤਾਂ ਤੇ ਤੇਲ ਕੰਪਨੀਆਂ, ਹੋਰ ਤਾਂ ਹੋਰ ਨੈੱਟਫਲਿਕਸ ਤੇ ਅਮੇਜ਼ਨ ਪ੍ਰਾਈਮ ਤੱਕ ਸਭ ਨੇ ਅੱਛਾ ਖਾਸਾ ਮੁਨਾਫ਼ਾ ਕਮਾਉਣ ਦੇ ਬਾਵਜੂਦ ਕੀਮਤਾਂ ਵਧਾ ਦਿੱਤੀਆਂ ਹਨ ਤੇ ਇਨ੍ਹਾਂ ਦੀਆਂ ਟੈਕਸ ਦੇਣਦਾਰੀਆਂ ਹੇਠਲੇ ਪੱਧਰ ਤੇ ਹਨ। ਜਿੱਥੋਂ ਤੱਕ ਤੇਲ ਕੰਪਨੀਆਂ ਦੀ ਗੱਲ ਹੈ ਤਾਂ ਐਗਜ਼ਾੱਨ ਮੋਬਿਲ, ਬ੍ਰਿਟਿਸ਼ ਪੈਟਰੋਲੀਅਮ, ਸ਼ੈੱਲ, ਸ਼ੈਵਰਾਨ ਜਿਹੀਆਂ ਕੰਪਨੀਆਂ ਨੇ ਪਿਛਲੇ ਸੱਤ ਸਾਲਾਂ ਦੌਰਾਨ ਸਭ ਤੋਂ ਵੱਧ ਮੁਨਾਫ਼ੇ ਕਮਾਏ ਹਨ ਪਰ ਪੈਟਰੋਲ ਤੇ ਡੀਜ਼ਲ ਦੀਆਂ ਉੱਚੀਆਂ ਕੀਮਤਾਂ ਦਾ ਸਾਰਾ ਬੋਝ ਖਪਤਕਾਰਾਂ ਦੇ ਸਿਰ ਪਾਇਆ ਜਾਂਦਾ ਹੈ।
ਹੈਰਾਨੀ ਵਾਲੀ ਗੱਲ, ਰਿਪੋਰਟਾਂ ਮਿਲੀਆਂ ਹਨ ਕਿ ਉਤਪਾਦਨ ਲਾਗਤਾਂ ਵਧਣ ਦੇ ਬਾਵਜੂਦ 2021 ਦੀ ਦੂਜੀ ਤਿਮਾਹੀ ਵਿਚ ਅਮਰੀਕੀ ਕਾਰਪੋਰੇਟ ਕੰਪਨੀਆਂ ਦੇ ਮੁਨਾਫ਼ਿਆਂ ਵਿਚ ਰਿਕਾਰਡ 2.8 ਖਰਬ ਡਾਲਰਾਂ ਦਾ ਵਾਧਾ ਹੋਇਆ ਸੀ। ਭਾਰਤੀ ਕੰਪਨੀਆਂ ਦੇ ਵੀ ਇੰਝ ਹੀ ਵਾਰੇ ਨਿਆਰੇ ਹੋ ਰਹੇ ਹਨ ਪਰ ਮਿਹਨਤਕਸ਼ ਤੇ ਗ਼ਰੀਬ ਵਰਗ ਮਹਿੰਗਾਈ ਦੀ ਮਾਰ ਝੱਲ ਰਹੇ ਹਨ। ਉਪਰਲੇ ਇਕ ਫ਼ੀਸਦ ਲੋਕ ਬੇਤਹਾਸ਼ਾ ਕਮਾਈ ਕਰ ਰਹੇ ਹਨ। ਇਸ ਸਾਲ ਲਗਜ਼ਰੀ ਯੌਟਾਂ (ਜਹਾਜ਼ਾਂ) ਦੀ ਵਿਕਰੀ ਵਿਚ 77 ਫ਼ੀਸਦ ਦਾ ਵਾਧਾ ਦਰਜ ਕੀਤਾ ਗਿਆ ਹੈ ਤੇ ਇਵੇਂ ਹੀ ਚਾਰਟਰਡ ਹਵਾਈ ਜਹਾਜ਼ਾਂ ਦੀ ਖਰੀਦ ਵੀ ਵਧੀ ਹੈ। ਬਾਜ਼ਾਰ ਦੇ ਅਰਥ-ਸ਼ਾਸਤਰੀਆਂ ਦਾ ਇਕ ਤਬਕਾ ਮਹਿੰਗਾਈ ਅਤੇ ਕਾਰਪੋਰੇਟ ਲੋਭ ਵਿਚਕਾਰ ਕੋਈ ਕੜੀ ਜੋੜਨ ਦੀ ਜ਼ਹਿਮਤ ਨਹੀਂ ਕਰਨਾ ਚਾਹੇਗਾ ਪਰ ਹੁਣ ਇਹ ਹਕੀਕਤ ਸਭ ਦੇ ਸਾਹਮਣੇ ਹੈ ਤੇ ਹੁਣ ਇਸ ਤੇ ਕੋਈ ਹੈਰਾਨੀ ਨਹੀਂ ਹੁੰਦੀ।
ਸੰਪਰਕ : hunger55@gmail.com