ਪੰਜਾਬ ਦੀ ਨਵੀਂ ਸਰਕਾਰ: ਪਿੰਡ ਹਾਲੇ ਬੱਝਾ ਨਹੀਂ, ਉਚੱਕੇ ਪਹਿਲਾਂ ਹੀ ਤਿਆਰ ਖੜੇ ਨੇ - ਜਤਿੰਦਰ ਪਨੂੰ
ਵੀਹ ਫਰਵਰੀ ਦੇ ਦਿਨ ਜਦੋਂ ਪੰਜਾਬ ਵਿਧਾਨ ਸਭਾ ਲਈ ਵੋਟਾਂ ਪੈਣ ਦਾ ਕੰਮ ਸਿਰੇ ਚੜ੍ਹ ਚੁੱਕਾ ਸੀ, ਅਗਲੇ ਦਿਨ ਸਾਨੂੰ ਅਚਾਨਕ ਇੱਕ ਸੱਜਣ ਦਾ ਫੋਨ ਆ ਗਿਆ, ਜਿਹੜਾ ਪੰਜਾਬ ਦੀਆਂ ਸਾਰੀਆਂ ਸਰਕਾਰਾਂ ਦੇ ਵਕਤ ਰਾਜ ਦਰਬਾਰ ਦੇ ਗਲਿਆਰਿਆਂ ਵਿੱਚ ਜਾਣਿਆ-ਪਛਾਣਿਆ ਨਾਂਅ ਬਣਿਆ ਰਹਿੰਦਾ ਹੈ। ਮੈਂ ਉਸ ਨੂੰ ਕੋਈ ਤੀਹ ਤੋਂ ਵੱਧ ਸਾਲਾਂ ਤੋਂ ਜਾਣਦਾ ਸਾਂ ਅਤੇ ਹਾਸੇ-ਠੱਠੇ ਵਿੱਚ ਗੰਭੀਰ ਕਿਸਮ ਦੇ ਇਸ਼ਾਰੇ ਕਰਨ ਦਾ ਉਹ ਮਾਹਰ ਕਿਹਾ ਜਾਂਦਾ ਹੈ। ਬਹੁਤ ਸਾਰੇ ਹੋਰਨਾਂ ਲੋਕਾਂ ਵਾਂਗ ਸਾਡੀ ਦੋਵਾਂ ਦੀ ਗੱਲਬਾਤ ਵੀ ਏਥੋਂ ਹੀ ਸ਼ੁਰੂ ਹੋਈ ਕਿ ਕਿਸ ਪਾਰਟੀ ਦੀਆਂ ਕਿੰਨੀਆਂ ਕੁ ਸੀਟਾਂ ਆਉਣ ਦੇ ਹਾਲਾਤ ਹਨ ਅਤੇ ਸਰਕਾਰ ਕਿਸ ਦੀ ਬਣੇਗੀ। ਅਚਾਨਕ ਅਸੀਂ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਦੀ ਹਾਲਤ ਬਾਰੇ ਪੁੱਛ ਲਿਆ ਤਾਂ ਜਵਾਬ ਵਿੱਚ ਉਸ ਨੇ ਕਿਹਾ ਕਿ ਉਸ ਨਾਲ ਏਨੀ ਮਾੜੀ ਹੋਣ ਵਾਲੀ ਹੈ ਕਿ ਪਟਿਆਲੇ ਦੀ ਉਸ ਦੀ ਆਪਣੀ ਸੀਟ ਜਿੱਤਣੀ ਵੀ ਯਕੀਨੀ ਨਹੀਂ। ਮੈਂ ਉਸ ਦੀ ਗੱਲ ਨਾਲ ਸਹਿਮਤ ਨਹੀਂ ਸੀ ਅਤੇ ਇਸ ਇਸ਼ਾਰੇ ਨੂੰ ਰੱਦ ਕਰਨ ਦਾ ਵੀ ਮੇਰੇ ਕੋਲ ਕੋਈ ਠੋਸ ਕਾਰਨ ਨਹੀਂ ਸੀ, ਇਸ ਲਈ ਉਲਟਾ ਉਸ ਨੂੰ ਅਮਰਿੰਦਰ ਸਿੰਘ ਦੇ ਏਨੇ ਮਾੜੇ ਹਾਲਾਤ ਹੋਣ ਦਾ ਖਾਸ ਕਾਰਨ ਪੁੱਛ ਲਿਆ। ਅਗਲੀ ਸਾਰੀ ਲਿਖਤ ਉਸ ਦੇ ਜਵਾਬ ਉੱਤੇ ਆਧਾਰਤ ਹੈ।
ਉਸ ਮਿੱਤਰ ਨੇ ਪਹਿਲਾਂ ਇਹ ਚੇਤੇ ਕਰਵਾਇਆ ਕਿ ਪਹਿਲੀ ਵਾਰ ਮੁੱਖ ਮੰਤਰੀ ਬਣੇ ਅਮਰਿੰਦਰ ਸਿੰਘ ਦੀ ਕਿੰਨੀ ਚੜ੍ਹਤ ਸੀ ਅਤੇ ਉਸ ਦੀ ਈਮਾਨਦਾਰੀ ਦੀ ਧੁੰਮ ਸੀ, ਪਰ ਰਵੀ ਸਿੱਧੂ ਵਾਲੇ ਜਿਸ ਕੇਸ ਨਾਲ ਉਸ ਦੀ ਚੜ੍ਹਤ ਬਣੀ, ਉਹੋ ਕੇਸ ਫਿਰ ਉਸ ਸਰਕਾਰ ਦੇ ਜੜ੍ਹੀਂ ਬਹਿਣ ਵਾਲਾ ਸਾਬਤ ਹੋਇਆ ਸੀ। ਜਦੋਂ ਭ੍ਰਿਸ਼ਟਾਚਾਰ ਦੀ ਹਨੇਰੀ ਝੁਲਾ ਚੁੱਕੇ ਰਵੀ ਸਿੱਧੂ ਦੇ ਬੈਂਕ ਲਾਕਰ ਖੋਲ੍ਹੇ ਤਾਂ ਉਨ੍ਹਾਂ ਲਾਕਰਾਂ ਵਿੱਚੋਂ ਮਿਲੇ ਨੋਟ ਦਰੀ ਉੱਤੇ ਵਿਛਾਉਣ ਨਾਲ ਬੈਂਕ ਦਾ ਫਰਸ਼ ਢੱਕਿਆ ਗਿਆ ਸੀ। ਫਿਰ ਉਸ ਦੌਲਤ ਨੂੰ ਜਿਹੜੇ ਚਾਟੜਿਆਂ ਨੇ ਕੁੰਡੀ ਲਾਈ ਸੀ, ਬਦਨਾਮੀ ਦਾ ਮੁੱਢ ਉਨ੍ਹਾਂ ਨੇ ਬੰਨ੍ਹਿਆ ਸੀ। ਉਸ ਦੇ ਬਾਅਦ ਇੱਕ ਦਿਨ ਖਬਰ ਆਈ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇੱਕ ਮੰਤਰੀ ਨੂੰ ਬਰੇਕ ਫਾਸਟ ਦੇ ਲਈ ਘਰ ਸੱਦਿਆ ਅਤੇ ਪ੍ਰੇਮ ਨਾਲ ਖਾਣਾ ਖੁਆਉਣ ਦੇ ਬਾਅਦ ਕਹਿ ਦਿੱਤਾ ਸੀ ਕਿ ਫਲਾਣੇ ਬੰਦੇ ਤੋਂ ਮੇਰੇ ਨਾਂਅ ਉੱਤੇ ਜਿਹੜੇ ਪੈਸੇ ਤੁਸੀਂ ਲਏ ਹਨ, ਉਹ ਵਾਪਸ ਕਰ ਦਿਓ। ਹੋਰ ਕੁਝ ਕਹੇ ਬਿਨਾਂ ਏਨੀ ਗੱਲ ਨਾਲ ਹਰ ਕਿਸੇ ਨੂੰ ਸੰਦੇਸ਼ ਦੇ ਦਿੱਤਾ ਸੀ ਕਿ ਅਮਰਿੰਦਰ ਸਿੰਘ ਨੂੰ ਬੇਈਮਾਨੀ ਬਰਦਾਸ਼ਤ ਨਹੀਂ ਹੋਵੇਗੀ, ਪਰ ਰਵੀ ਸਿੱਧੂ ਵਾਲੇ ਲਾਕਰਾਂ ਦੇ ਕਿੱਸੇ ਮਗਰੋਂ ਉਹ ਸੰਦੇਸ਼ ਰੁਲ ਕੇ ਰਹਿ ਗਿਆ ਤੇ ਬਦਨਾਮੀ ਕਰਵਾ ਕੇ ਅਗਲੀ ਵਾਰੀ ਚੋਣਾਂ ਵਿੱਚ ਉਹ ਬੁਰੀ ਤਰ੍ਹਾਂ ਹਾਰ ਗਏ ਸਨ।
ਇਸ ਕਹਾਣੀ ਦੇ ਬਾਅਦ ਉਸ ਮਿੱਤਰ ਨੇ ਕਿਹਾ ਕਿ ਦਸ ਸਾਲ ਰਾਜ-ਸੱਤਾ ਤੋਂ ਬਨਵਾਸ ਮਗਰੋਂ ਮਸਾਂ ਪੰਜਾਬ ਦੇ ਲੋਕਾਂ ਦਾ ਭਰੋਸਾ ਮਿਲਿਆ ਅਤੇ ਕੈਪਟਨ ਅਮਰਿੰਦਰ ਸਿੰਘ ਦੂਸਰੀ ਵਾਰੀ ਮੁੱਖ ਮੰਤਰੀ ਬਣਿਆ, ਪਰ ਇਸ ਵਾਰ ਉਸ ਨੇ ਮੁੱਖ ਮੰਤਰੀ ਵਜੋਂ ਕੰਮ ਹੀ ਨਹੀਂ ਕੀਤਾ, ਸਾਰਾ ਕੁਝ ਚਹੇਤਿਆਂ ਨੂੰ ਸੌਂਪ ਦਿੱਤਾ ਤੇ ਉਹ ਚੇਲੇ ਲੈ ਡੁੱਬੇ ਸਨ। ਚਹੇਤੇ ਕੌਣ ਸਨ ਅਤੇ ਉਨ੍ਹਾਂ ਨੇ ਕੈਪਟਨ ਦੀ ਕਿਸ਼ਤੀ ਡੁੱਬਣ ਦਾ ਸਬੱਬ ਕਿੱਦਾਂ ਬਣਾਇਆ, ਰਾਜ-ਦਰਬਾਰ ਵਿੱਚ ਚਲਤੇ-ਪੁਰਜ਼ੇ ਵਜੋਂ ਜਾਣੇ ਜਾਂਦੇ ਉਸ ਸੱਜਣ ਨੇ ਇਹ ਵੀ ਦੱਸ ਦਿੱਤਾ। ਉਸ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਕਦੇ ਸਰਕਾਰੀ ਫਾਈਲਾਂ ਵੇਖਦਾ ਨਹੀਂ ਸੀ ਅਤੇ ਇਹ ਕੰਮ ਉਸ ਨੇ ਜਿਹੜੇ ਚਹੇਤਿਆਂ ਦੇ ਜ਼ਿੰਮੇ ਲਾ ਰੱਖਿਆ ਸੀ, ਉਨ੍ਹਾਂ ਦੀ ਕਮਾਨ ਉਨ੍ਹਾਂ ਅਫਸਰਾਂ ਦੇ ਹੱਥ ਸੀ, ਜਿਨ੍ਹਾਂ ਨੇ ਸਾਰੀ ਉਮਰ ਈਮਾਨਦਾਰੀ ਦਾ ਢੋਲ ਵਜਾਇਆ ਤੇ ਰਿਟਾਇਰ ਹੋਣ ਦੇ ਨੇੜੇ ਜਾ ਕੇ ਸਾਰੀ ਉਮਰ ਦੀ ਕਸਰ ਕੱਢ ਲਈ ਸੀ। ਉਹ ਅਫਸਰ ਪਿਛਲੀ ਬਾਦਲ ਸਰਕਾਰ ਦੇ ਵਕਤ ਅਕਾਲੀ ਦਲ ਦੇ ਪ੍ਰਧਾਨ ਦੇ ਸਭ ਤੋਂ ਵੱਧ ਭਰੋਸੇਮੰਦ ਗਿਣੇ ਜਾਂਦੇ ਰਹੇ ਸਨ ਤੇ ਬਿਜਲੀ ਕੰਪਨੀਆਂ ਨਾਲ ਸਮਝੌਤੇ ਕਰਾਉਣ ਦੇ ਕੰਮ ਵਿੱਚ ਚੋਖੀ ਮੋਟੀ ਦਲਾਲੀ ਲੈਣ ਦੀ ਚਰਚਾ ਵੀ ਉਨ੍ਹਾ ਦੀ ਹੁੰਦੀ ਰਹੀ ਸੀ, ਪਰ ਕੈਪਟਨ ਅਮਰਿੰਦਰ ਸਿੰਘ ਦਾ ਰਾਜ ਆਇਆ ਤਾਂ ਅਫਸਰਸ਼ਾਹੀ ਦੀ ਨੱਥ ਮੁੜ ਕੇ ਉਨ੍ਹਾਂ ਅਫਸਰਾਂ ਦੇ ਹੱਥ ਫੜਾ ਦਿੱਤੀ ਗਈ। ਇਸ ਕਾਰਨ ਹੇਠਲੇ ਅਫਸਰ ਆਪਣੇ ਸਿਰ ਉੱਤੇ ਸਵਾਰ ਉਨ੍ਹਾਂ ਸ਼ਾਹੀ ਚਹੇਤਿਆਂ ਦੇ ਖਿਲਾਫ ਹਰ ਗੱਲ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਵੀ ਤੇ ਮੀਡੀਏ ਨੂੰ ਵੀ ਉਚੇਚ ਨਾਲ ਪੁਚਾਉਂਦੇ ਰਹਿੰਦੇ ਸਨ, ਪਰ ਅਫਸਰੀ ਧਾੜ ਦੇ ਆਪਸੀ ਪਾਟਕ ਦੇ ਕਾਰਨ ਹਰ ਕੋਈ ਆਪਣਾ ਪੱਲਾ ਬਚਾਉਣ ਲਈ ਜ਼ੋਰ ਲਾਉਂਦਾ ਸੀ, ਕੈਪਟਨ ਅਮਰਿੰਦਰ ਸਿੰਘ ਦੇ ਅਕਸ ਦੀ ਚਿੰਤਾ ਕਿਸੇ ਨੂੰ ਬਿਲਕੁਲ ਨਹੀਂ ਸੀ। ਇਸ ਦੀ ਥਾਂ ਸਗੋਂ ਉਨ੍ਹਾਂ ਵਿੱਚੋਂ ਹਰ ਕੋਈ ਕਾਰਿੰਦਾ ਮੁੱਖ ਮੰਤਰੀ ਦੇ ਚਹੇਤਿਆਂ ਦੀ ਟੀਮ ਵਿਚਲੇ ਆਪਣੇ ਨਾਲ ਖਾਰ ਖਾਣ ਵਾਲੇ ਦੂਸਰੇ ਅਫਸਰ ਖਿਲਾਫ ਜਾਣ ਵਾਲੀ ਹਰ ਗੱਲ ਆਪਣੇ ਖਾਸ ਨੇੜਲੇ ਗਿਣੇ ਜਾਂਦੇ ਪੱਤਰਕਾਰਾਂ ਨੂੰ ਖੁਦ ਲੀਕ ਕਰਦਾ ਰਹਿੰਦਾ ਸੀ।
ਤੀਸਰੀ ਗੱਲ ਉਸ ਨੇ ਹੋਰ ਵੀ ਹੈਰਾਨੀ ਵਾਲੀ ਦੱਸੀ ਕਿ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਨੇੜੇ ਗਿਣੇ ਜਾ ਰਹੇ ਮੰਤਰੀ ਵੀ ਕਾਂਗਰਸ ਛੱਡ ਕੇ ਉਸ ਨਾਲ ਇਸ ਲਈ ਨਹੀਂ ਗਏ ਕਿ ਅਫਸਰਾਂ ਦੀ ਬੇਹੂਦਗੀ ਦਾ ਸੇਕ ਉਨ੍ਹਾਂ ਨੂੰ ਵੀ ਲੱਗਾ ਸੀ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਇੱਕ ਸਿਰਕੱਢ ਮੰਤਰੀ ਦਾ ਨਾਂਅ ਲੈ ਕੇ ਉਸ ਨੇ ਕਿਹਾ ਕਿ ਉਸ ਮੰਤਰੀ ਦੀ ਬੇਇੱਜ਼ਤੀ ਉਸ ਦੇ ਕੁੜਮਾਚਾਰੀ ਦੇ ਰਿਸ਼ਤੇਦਾਰਾਂ ਦੇ ਸਾਹਮਣੇ ਕੈਪਟਨ ਦੇ ਚਹੇਤੇ ਇੱਕ ਅਫਸਰ ਨੇ ਇੰਜ ਕੀਤੀ ਸੀ ਕਿ ਉਹ ਓਸੇ ਰਾਤ ਮੁੱਖ ਮੰਤਰੀ ਨੂੰ ਅਸਤੀਫਾ ਦੇਣ ਚੱਲਿਆ ਸੀ। ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਲੱਗਾ ਤਾਂ ਉਸ ਨੇ ਆਪ ਫੋਨ ਕੀਤਾ ਅਤੇ ਮੰਤਰੀ ਨੂੰ ਅਸਤੀਫਾ ਨਾ ਦੇਣ ਲਈ ਮਨਾਇਆ ਸੀ, ਪਰ ਉਸ ਦੇ ਮਨ ਵਿਚਲੀ ਉਹ ਕੌੜ ਫਿਰ ਜੜ੍ਹਾਂ ਜਮਾਈ ਬੈਠੀ ਰਹੀ ਅਤੇ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਛੱਡੀ ਤਾਂ ਉਸ ਦੇ ਵਾਰ-ਵਾਰ ਕੀਤੇ ਫੋਨ ਦੇ ਬਾਵਜੂਦ ਉਸ ਨਾਲ ਜਾਣਾ ਨਹੀਂ ਸੀ ਮੰਨਿਆ, ਹਾਲਾਂਕਿ ਦੋਵਾਂ ਦੇ ਸੰਬੰਧ ਬਹੁਤ ਨਿੱਘੇ ਰਹਿ ਚੁੱਕੇ ਸਨ। ਜਿਹੜੇ ਬੰਦਿਆਂ ਉੱਤੇ ਕੈਪਟਨ ਅਮਰਿੰਦਰ ਸਿੰਘ ਦਾ ਬਹੁਤਾ ਭਰੋਸਾ ਸੀ, ਉਹ ਵੀ ਉਸ ਦੇ ਨਾਲ ਨਹੀਂ ਰਹਿ ਗਏ, ਪਰ ਉਨ੍ਹਾਂ ਦੇ ਕੈਪਟਨ ਦਾ ਸਾਥ ਛੱਡਣ ਦਾ ਕਾਰਨ ਇਹ ਸੀ ਕਿ ਗਿਰਝਾਂ ਵਾਂਗ ਤਾਜ਼ਾ ਮਾਸ ਚੂੰਡ ਕੇ ਖਾਣ ਤੇ ਪਰੋਸਣ ਦੇ ਸ਼ੌਕੀਨ ਉਨ੍ਹਾਂ ਲੋਕਾਂ ਨੂੰ ਪਤਾ ਸੀ ਕਿ ਗੱਦੀਉਂ ਲੱਥੇ ਲੀਡਰ ਦੇ ਨਾਲ ਰਹਿਣ ਦਾ ਯੁੱਗ ਨਹੀਂ ਰਹਿ ਗਿਆ। ਉਨ੍ਹਾਂ ਨੂੰ ਖਤਰਾ ਸੀ ਕਿ ਨਵੀਂ ਸਰਕਾਰ ਜੇ ਕਿਤੇ ਏਦਾਂ ਦੀ ਆ ਗਈ, ਜਿਹੜੀ ਪੁਰਾਣੇ ਕਿੱਸੇ ਫੋਲਣ ਲੱਗ ਸਕਦੀ ਹੋਈ ਤਾਂ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦਾ ਬਚਾਅ ਕਰਨ ਦੀ ਸਥਿਤੀ ਵਿੱਚ ਨਹੀਂ, ਇਸ ਕਰ ਕੇ ਉਹ ਸਿੱਧੇ ਦਿੱਲੀ ਵਾਲੇ ਉਨ੍ਹਾਂ ਆਗੂਆਂ ਕੋਲ ਪਹੁੰਚਣ ਲੱਗੇ ਹਨ, ਜਿਨ੍ਹਾਂ ਨਾਲ ਸਿਆਸਤ ਦੀ ਸਾਂਝ ਦੇ ਭਰਮ ਹੇਠ ਅਮਰਿੰਦਰ ਸਿੰਘ ਖੁਦ ਆਪਣੇ ਬਹਾਲੀ ਦੇ ਯਤਨ ਕਰਦਾ ਪਿਆ ਹੈ।
ਹੈਰਾਨੀ ਦੀ ਗੱਲ ਹੈ ਕਿ ਜਿਹੜੇ ਚਾਟੜੇ ਲੰਮਾ ਸਮਾਂ ਕੈਪਟਨ ਅਮਰਿੰਦਰ ਸਿੰਘ ਨਾਲ ਲੱਗੇ ਰਹੇ ਸਨ ਅਤੇ ਉਨ੍ਹਾਂ ਵਿੱਚੋਂ ਕੁਝ ਪਿਛਲੀ ਬਾਦਲ ਸਰਕਾਰ ਦੇ ਦੋ-ਤਿੰਨ ਸਰਕਰਦਾ ਸਿਰਾਂ ਨਾਲ ਵੀ ਨੇੜ ਦਾ ਨਿੱਘ ਮਾਣਦੇ ਰਹੇ ਸਨ, ਹਾਲਾਤ ਦਾ ਪਲਟਾ ਵੱਜਦੇ ਸਾਰ ਉਹ ਦਿੱਲੀ ਵਾਲੀ ਸੜਕੇ ਪੈ ਗਏ। ਓਧਰ ਦਿੱਲੀ ਤੋਂ ਆਉਂਦੀਆਂ ਕਨਸੋਆਂ ਇਹ ਦੱਸਦੀਆਂ ਹਨ ਕਿ ਏਦਾਂ ਦੇ ਸੱਜਣਾਂ ਦੀ ਓਥੇ ਵਿਖਾਵੇ ਜੋਗੀ ਬਹਿਜਾ-ਬਹਿਜਾ ਤਾਂ ਹੁੰਦੀ ਹੈ, ਪਰ ਇਨ੍ਹਾਂ ਉੱਤੇ ਖਾਸ ਇਤਬਾਰ ਨਹੀਂ ਕੀਤਾ ਜਾ ਰਿਹਾ, ਕਿਉਂਕਿ ਓਥੋਂ ਵਾਲਿਆਂ ਨੂੰ ਪਤਾ ਹੈ ਕਿ ਇਹ ਲੋਕ ਜਿਸ ਥਾਲੀ ਵਿੱਚ ਖਾਣ, ਮੌਕਾ ਮਿਲਦੇ ਹੀ ਉਸ ਵਿੱਚ ਵੀ ਛੇਕ ਕਰਿਆ ਕਰਦੇ ਹਨ। ਰੂਸ ਦੇ ਚਿੰਤਕ ਤੇ ਇਨਕਲਾਬੀ ਆਗੂ ਲੈਨਿਨ ਨੇ ਇੱਕ ਵਾਰੀ ਲਿਖਿਆ ਸੀ ਕਿ ਮੱਧ ਵਰਗ ਦੇ ਲੋਕ ਮੌਕੇ ਦੀ ਤਾੜ ਵਿੱਚ ਰਹਿੰਦੇ ਹਨ, ਜੇ ਤੁਸੀਂ ਜਿੱਤਦੇ ਜਾਪਦੇ ਹੋਵੋ ਤਾਂ ਤੁਹਾਡੇ ਹੱਥੋਂ ਕਿਰਪਾਨ ਖੋਹ ਕੇ ਤੁਹਾਡੇ ਤੋਂ ਪਹਿਲਾਂ ਤੁਹਾਡੇ ਦੁਸ਼ਮਣ ਦਾ ਸਿਰ ਲਾਹ ਦੇਣਗੇ, ਪਰ ਜੇ ਤੁਸੀਂ ਹਾਰਦੇ ਨਜ਼ਰ ਆਏ ਤਾਂ ਦੁਸ਼ਮਣ ਦੀ ਕਿਰਪਾਨ ਚੁੱਕ ਕੇ ਤੁਹਾਨੂੰ ਵੀ ਟੁੱਕ ਸਕਦੇ ਹਨ। ਅੱਜਕੱਲ੍ਹ ਪੰਜਾਬ ਦੀ ਰਾਜਨੀਤੀ ਵਿੱਚ ਵੀ ਏਦਾਂ ਦਾ 'ਮੱਧ-ਵਰਗ' ਕਿਸੇ ਵੀ ਹੋਰ ਧਿਰ ਤੋਂ ਵੱਧ ਤਕੜੀ ਧਾੜ ਦੇ ਰੂਪ ਵਿੱਚ ਆਪਣੀ ਨਿਵੇਕਲੀ ਥਾਂ ਬਣਾ ਚੁੱਕਾ ਹੈ, ਜਿਹੜਾ ਕਿਸੇ ਵੀ ਹਾਕਮ ਦੀ ਖਿਦਮਤ ਦੇ ਲਈ ਕਿਸੇ ਵੀ ਹੱਦ ਤੱਕ, ਰਾਤਾਂ ਦੀਆਂ ਮਹਿਫਲਾਂ ਦੇ ਰੰਗ ਭਰਨ ਤੱਕ ਵੀ, ਜਾ ਸਕਦਾ ਹੈ ਅਤੇ ਹਾਲਾਤ ਦਾ ਪਲਟਾ ਵੱਜ ਜਾਵੇ ਤਾਂ ਕੱਲ੍ਹ ਦੇ ਹਾਕਮਾਂ ਨੂੰ ਜੇਲ੍ਹ ਦੀਆਂ ਸੀਖਾਂ ਤੱਕ ਪੁਚਾਉਣ ਲਈ ਵੀ ਤਿਆਰ ਹੋ ਸਕਦਾ ਹੈ।
ਅਸੀਂ ਨਹੀਂ ਜਾਣਦੇ ਕਿ ਦਸ ਮਾਰਚ ਨੂੰ ਆਏ ਚੋਣਾਂ ਦੇ ਨਤੀਜਿਆਂ ਪਿੱਛੋਂ ਪੰਜਾਬ ਦੀ ਵਾਗ ਕਿਸ ਪਾਰਟੀ ਦੇ ਕਿਸ ਲੀਡਰ ਨੇ ਸੰਭਾਲਣੀ ਹੈ, ਪਰ ਇਹ ਕਹਿਣਾ ਚਾਹਾਂਗੇ ਕਿ ਸੱਤਾ ਦਾ ਨਸ਼ਾ ਸਿਰ ਚੜ੍ਹ ਜਾਵੇ ਤਾਂ ਹਾਕਮਾਂ ਦੀ ਮੱਤ ਮਾਰਨ ਦੇ ਲਈ ਏਦਾਂ ਦਾ 'ਸਿਆਸੀ ਮੱਧ-ਵਰਗ' ਉਨ੍ਹਾਂ ਦਾ ਘੇਰਾ ਘੱਤਣ ਨੂੰ ਤਿਆਰ ਖੜਾ ਹੁੰਦਾ ਹੈ। ਹਾਕਮ ਕੋਈ ਵੀ ਬਣ ਜਾਵੇ, ਪੰਜਾਬ ਦੇ ਲੋਕਾਂ ਦਾ ਭਲਾ ਇਸ ਗੱਲ ਵਿੱਚ ਹੈ ਕਿ ਨਵੇਂ ਹਾਕਮ ਪਿਛਲਿਆਂ ਦੀ ਕੰਮਾਂ ਦੀ ਥਾਂ ਉਨ੍ਹਾਂ ਦੀਆਂ ਗਲਤੀਆਂ ਤੋਂ ਸਿੱਖਣ ਦਾ ਯਤਨ ਕਰਨ, ਜਿਹੜੀਆਂ ਉਨ੍ਹਾਂ ਦੇ ਜੜ੍ਹੀ ਬੈਠੀਆਂ ਸਨ। ਪੰਜਾਬੀ ਦਾ ਮੁਹਾਵਰਾ ਹੈ ਕਿ 'ਪਿੰਡ ਹਾਲੇ ਬੱਝਾ ਨਹੀਂ ਤੇ ਉਚੱਕੇ ਤਿਆਰ ਖੜੇ ਨੇ'। ਇਹ ਕਹਾਵਤ ਠੋਸ ਸੱਚਾਈ ਦੀ ਪ੍ਰਤੀਕ ਹੈ। ਪੰਜਾਬ ਦੀ ਨਵੀਂ ਸਰਕਾਰ ਦਾ ਪਿੰਡ ਜਾਂ ਚੱਕਾ ਬੱਝਣ ਤੋਂ ਪਹਿਲਾਂ ਉਚੱਕੇ ਤਿਆਰ ਖੜੇ ਨੇ। ਹਾਲਾਤ ਦੀ ਮੰਗ ਹੈ ਕਿ ਨਵੇਂ ਹਾਕਮ ਪਹਿਲਿਆਂ ਤੋਂ ਵੱਖਰੇ ਨਿਕਲਣ। ਉਨ੍ਹਾਂ ਨੇ ਵੱਖਰੇ ਨਿਕਲਣਾ ਹੈ ਜਾਂ ਨਹੀਂ, ਨਵਿਆਂ ਦੀ ਮਰਜ਼ੀ ਵੀ ਹੋਵੇਗੀ ਤੇ ਉਨ੍ਹਾਂ ਦਾ ਨਸੀਬਾ ਵੀ।