ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

07.02.2022
ਪ੍ਰਕਾਸ਼ ਸਿੰਘ ਬਾਦਲ ਦੀ ਆਮਦਨ ਪੰਜ ਸਾਲਾਂ ‘ਚ 52 ਲੱਖ ਘਟੀ- ਇਕ ਖ਼ਬਰ
ਚਿੜੀ ਚੋਂਚ ਭਰ ਲੇ ਗਈ, ਨਦੀ ਨਾ ਘਟਿਉ ਨੀਰ।
ਕਾਲਕਾ ਨੇ ਬਾਦਲ ਦਲ ਅਕਾਲੀ ਦਲ ਤੋਂ ਦਿਤਾ ਅਸਤੀਫ਼ਾ- ਇਕ ਖ਼ਬਰ
ਮੈਨੂੰ ਖੜ੍ਹਾ ਉਡੀਕੇ ਸਿਰਸਾ, ਕਮਲ ਫੁੱਲ ਫੜ ਕੇ, ਕਮਲ ਫੁੱਲ ਫੜ ਕੇ।
ਪੈਗਾਸਸ ‘ਤੇ ਕੋਈ ਵੱਖਰੀ ਚਰਚਾ ਨਹੀਂ ਹੋਵੇਗੀ- ਕੇਂਦਰ ਸਰਕਾਰ
ਕਾਲੇ ਦਾ ਇਕ ਛੱਪੜ ਸੁਣੀਂਦਾ, ਪਾਣੀ ਉਹਦਾ ਖਾਰਾ।
ਧਰਮ ਸੰਕਟ ਵਿਚ ਫਸੀ ਲੱਗ ਰਹੀ ਹੈ ਮਹਾਰਾਣੀ ਪ੍ਰਨੀਤ ਕੌਰ ਦੀ ਸਿਆਸੀ ਬੇੜੀ- ਇਕ ਖ਼ਬਰ
ਅੱਧੀ ਤੇਰੀ ਆਂ ਮੁਲਾਹਜ਼ੇਦਾਰਾ, ਅੱਧੀ ਆਂ ਗ਼ਰੀਬ ਜੱਟ ਦੀ।
 ਪੰਜਾਬ ਭਰ ‘ਚ 18 ਤੋਂ 20 ਫ਼ਰਵਰੀ ਤੱਕ ਸ਼ਰਾਬ ਦੇ ਠੇਕੇ ਬੰਦ ਰਹਿਣਗੇ- ਇਕ ਖ਼ਬਰ
ਜਦ ਮੁਫ਼ਤ ਦੀ ਮਿਲੇਗੀ ਤਾਂ ਕਿਹੜਾ ਮੂਰਖ ਠੇਕੇ ਤੋਂ ਖ਼ਰੀਦੇਗਾ।
ਸਿੱਧੂ ਨੇ ਅਜੇ ਤੱਕ ਮੈਨੂੰ ਨਹੀਂ ਦਿਖਾਇਆ ਆਪਣਾ ਪੰਜਾਬ ਮਾਡਲ- ਮਨਪ੍ਰੀਤ ਬਾਦਲ
ਪਿੱਛੇ ਮੁੜ ਜਾ ਸੋਹਿਣਆਂ ਵੇ, ਸੌਖਾ ਨਹੀਂ ਇਸ਼ਕ ਕਮਾਉਣਾ।
ਕੇਜਰੀਵਾਲ ਤੇ ਕਾਂਗਰਸ ਤੋਂ ਸਾਵਧਾਨ ਰਹਿਣ ਪੰਜਾਬੀ- ਹਰਸਿਮਰਤ ਬਾਦਲ
ਬੀਬਾ ਜੀ ਕਿਆ ਚੰਗਾ ਹੁੰਦਾ ਜੇ ਨਾਲ ਬਾਦਲ ’ਕਾਲੀ ਦਲ ਵੀ ਕਹਿ ਦਿੰਦੇ।
ਕਾਂਗਰਸ ਦੇ ਰਾਜ ਵਿਚ ਨਸ਼ਾ ਤਸਕਰ ਤੇ ਗੈਂਗਸਟਰ ਵਧੇ- ਸੁਖਬੀਰ ਬਾਦਲ
ਇਹ ਬੀਜ ਤੁਹਾਡੇ ਹੀ ਬੀਜੇ ਹੋਏ ਹਨ ਬਾਦਲ ਸਾਬ।
ਕੇਂਦਰ ਦੇ ਸਹਿਯੋਗ ਤੋਂ ਬਿਨਾਂ ਸੂਬੇ ਨੂੰ ਚਲਾਉਣਾ ਮੁਸ਼ਕਿਲ- ਕੈਪਟਨ
ਠੀਕ ਕੈਪਟਨ ਸਾਬ, ਸਾਢੇ ਚਾਰ ਸਾਲ ‘ਚ ਤੁਸੀਂ ਸਾਬਤ ਕਰ ਦਿੱਤਾ ਜੀ।
ਤਾਲਾਬੰਦੀ ਦੇ ਨਿਯਮਾਂ ਦੀ ਉਲੰਘਣਾ ਲਈ ਬੋਰਿਸ ਜਾਹਨਸਨ ਦੀ ਤਿੱਖੀ ਆਲੋਚਨਾ- ਇਕ ਖ਼ਬਰ
ਕੁਛ ਤੋ ਲੋਗ ਕਹੇਂਗੇ ਲੋਗੋਂ ਕਾ ਕਾਮ ਹੈ ਕਹਿਨਾ,
ਛੋੜੋ ਬੇਕਾਰ ਕੀ ਬਾਤੋਂ ਕੋ ਕਹੀਂ ਬੀਤ ਨਾ ਜਾਏ ਰੈਨਾ।
ਬਾਜਵਾ ਦੇ ਰੋਡ ਸ਼ੋਅ ਦੌਰਾਨ ਭਾਜਪਾਈ ਆਪਸ ‘ਚ ਹੋਏ ਥੱਪੜੋ-ਥੱਪੜੀ- ਇਕ ਖ਼ਬਰ
ਕੂੰਡੇ ਟੁੱਟ ਗਏ ਘੋਟਣੇ ਭੱਜ ਗਏ, ਤਕੀਏ ਮਲੰਗ ਲੜ ਪਏ।
ਕੇਜਰੀਵਾਲ ਡਰਾਮੇਬਾਜ਼, ਕਾਂਗਰਸ ਦੇਸ਼ ਦੀ ਦੁਸ਼ਮਣ ਤੇ ਅਕਾਲੀ ਸੁਆਰਥੀ- ਮਨਜਿੰਦਰ ਸਿਰਸਾ
ਸਿਰਸਾ ਸਾਬ ਆਪਣੇ ਆਪ ਨੂੰ ਵੀ ਕਿਸੇ ਖਾਨੇ ‘ਚ ਫਿੱਟ ਕਰ ਲੈਂਦੇ।
ਅਜੇ ਤੱਕ ਪੰਜਾਬ ਦੇ ਮੁੱਦਿਆਂ ਦੀ ਗੱਲ ਕਿਸੇ ਨੇ ਕਿਉ ਨਹੀਂ ਛੇੜੀ?- ਇਕ ਸਵਾਲ
ਪੁੱਤ ਪੋਤਿਆਂ ਦੀਆਂ ਪੀੜ੍ਹੀਆਂ ਸਵਾਰੀਏ, ਪੰਜਾਬ ਕਿਹੜਾ ਭੱਜ ਚੱਲਿਐ!
ਧਰਮਵੀਰ ਗਾਂਧੀ ਨੇ ਨਵਜੋਤ ਸਿੱਧੂ ਦੇ ਹੱਕ ‘ਚ ਪ੍ਰਚਾਰ ਕਰਨ ਦਾ ਕੀਤਾ ਐਲਾਨ- ਇਕ ਖ਼ਬਰ
ਮੈਂ ਜਾਣਾ ਜੋਗੀ ਦੇ ਨਾਲ਼, ਕੰਨੀਂ ਮੁੰਦਰਾਂ ਪਾ ਕੇ ਮੈਂ ਜਾਣਾ ਜੋਗੀ ਦੇ ਨਾਲ਼।
ਸ਼੍ਰੋਮਣੀ ਅਕਾਲੀ ਦਲ ਨਾਲ਼ ਮੁੜ ਸਮਝੌਤੇ ਦੀ ਕੋਈ ਸੰਭਾਵਨਾ ਨਹੀਂ-ਪੁਰੀ
ਜੇ ਅੰਦਰੋ ਅੰਦਰੀ ਮਸਲੇ ਹੱਲ ਹੁੰਦੇ ਹੋਣ ਤਾਂ ਦਿਖਾਵੇ ਦਾ ਸਮਝੌਤਾ ਜ਼ਰੂਰ ਕਰਨਾ।
ਭਾਜਪਾ ਤੇ ਅਕਾਲੀ ਦਲ ਅੱਜ ਵੀ ਇਕੱਠੇ-ਹਾਰਦਿਕ ਪਟੇਲ
ਉਂਜ ਵੇਖਣ ਨੂੰ ਅਸੀਂ ਦੋ, ਕਿ ਤੇਰੀ ਮੇਰੀ ਇਕ ਜਿੰਦੜੀ।
ਸਾਡੀ ਸਰਕਾਰ ਆਉਣ ‘ਤੇ 12000 ਪਿੰਡਾਂ ਦਾ ਬੁਨਿਆਦੀ ਢਾਂਚਾ ਸੁਧਾਰਾਂਗੇ- ਸੁਖਬੀਰ ਬਾਦਲ
ਹੁਣ ਤੱਕ ਤਾਂ ਵਿਕਾਸ ਦੀਆਂ ਟਾਹਰਾਂ ਮਾਰਦੇ ਸੀ, ਅੱਜ ਬੁਨਿਆਦੀ ਢਾਂਚੇ ‘ਤੇ ਉੱਤਰ ਆਏ।
ਮੈਨੂੰ ਜਲਾਲਾਬਾਦ ਹਲਕੇ ਨਾਲ ਬਹੁਤ ਪਿਆਰ ਹੈ- ਸੁਖਬੀਰ ਬਾਦਲ
ਯਾਰ ਖਾਧੀ ਪੀਤੀ ‘ਚ ਕਹਿ ਹੋ ਜਾਂਦੈ, ਐਵੇਂ ਸੱਚ ਨਾ ਮੰਨ ਲਈਓ।