ਪੰਜਾਬ ਇਨ੍ਹਾਂ ਚੋਣਾਂ ਮਗਰੋਂ ਰਾਜਸੀ ਤੇ ਸਮਾਜੀ ਪੱਖੋਂ ਅਸਲੋਂ ਬਦਲਿਆ ਵੇਖਣ ਨੂੰ ਮਿਲ ਸਕਦੈ - ਜਤਿੰਦਰ ਪਨੂੰ
ਆਪਣੇ ਪਾਠਕਾਂ ਨਾਲ ਸਾਂਝ ਪਾਉਣ ਵਾਲੀ ਇਹ ਲਿਖਤ ਲਿਖਣ ਤੱਕ ਪੰਜਾਬ ਦੇ ਲੋਕਾਂ ਦੇ ਪ੍ਰਤੀਨਿਧ ਬਣਨ ਦੇ ਚਾਹਵਾਨਾਂ ਦੀਆਂ ਨਾਮਜ਼ਦਗੀਆਂ ਦਾ ਕੰਮ ਪੂਰਾ ਹੋ ਚੁੱਕਾ ਹੈ। ਜਿਨ੍ਹਾਂ ਦੇ ਕਾਗਜ਼ ਰੱਦ ਹੋਣ ਵਾਲੇ ਸਨ, ਹੋ ਗਏ ਤੇ ਜਿਸ ਕਿਸੇ ਨੇ ਇੱਕ ਜਾਂ ਦੂਸਰੀ ਧਿਰ ਨਾਲ ਸੈਨਤ ਮਿਲਾ ਕੇ ਕਾਗਜ਼ ਵਾਪਸ ਲੈਣੇ ਸਨ, ਉਹ ਇਹ ਕੰਮ ਕਰ ਚੁੱਕਾ ਹੈ। ਇਸ ਦੇ ਬਾਅਦ ਵੀ ਕੁਝ ਉਮੀਦਵਾਰਾਂ ਨੇ ਦਲਬਦਲੀ ਕਰਨੀ ਅਤੇ ਇੱਕ ਜਾਂ ਦੂਸਰੀ ਪਾਰਟੀ ਜਾਂ ਉਮੀਦਵਾਰ ਦੀ ਹਮਾਇਤ ਦਾ ਪਾਖੰਡ ਕਰ ਕੇ ਚੋਣ ਮੈਦਾਨ ਤੋਂ ਹਟਣ ਦਾ ਐਲਾਨ ਕਰਨਾ ਹੈ। ਇਹ ਕੰਮ ਚੋਣਾਂ ਵਾਲੇ ਦਿਨ ਤੱਕ ਹੁੰਦਾ ਰਹਿਣਾ ਹੈ ਤੇ ਏਦਾਂ ਦੀ ਖੇਡ ਖੇਡਣ ਲਈ ਕੁਝ ਇਹੋ ਜਿਹੇ ਗੈਰ-ਗੰਭੀਰ ਉਮੀਦਵਾਰ ਮੈਦਾਨ ਵਿੱਚ ਹਨ, ਜਿਹੜੇ ਵਿਧਾਨ ਸਭਾ ਤੇ ਪਾਰਲੀਮੈਂਟ ਸਮੇਤ ਹਰ ਚੋਣ ਲੜਨ ਲਈ ਕਾਗਜ਼ ਭਰਦੇ ਅਤੇ ਚੁੱਕਦੇ ਹਨ। ਕਈ ਵਾਰੀ ਚੋਣ ਲੜ ਰਿਹਾ ਉਮੀਦਵਾਰ ਉਨ੍ਹਾਂ ਨੂੰ ਇਸ ਕੰਮ ਲਈ ਚਾਰ ਪੈਸੇ ਦੇ ਕੇ ਹਮਾਇਤ ਕਰਵਾ ਲੈਂਦਾ ਹੈ ਤੇ ਕਈ ਵਾਰੀ ਜੇ ਕੋਈ ਏਦਾਂ ਦੀ ਗੱਲ ਕਹਿਣ ਵਾਲਾ ਨਾ ਆਵੇ ਤਾਂ ਚੋਣਾਂ ਤੋਂ ਚਾਰ ਕੁ ਦਿਨ ਪਹਿਲਾਂ ਉਹ ਖੁਦ ਜਾ ਕੇ ਹਮਾਇਤ ਕਰਨ ਵਾਲੀ ਪੇਸ਼ਕਸ਼ ਕਰ ਕੇ ਫੋਟੋ ਖਿੱਚਵਾ ਲੈਂਦੇ ਹਨ। ਇਸ ਵਿੱਚ ਵੀ ਕੋਈ ਖਾਸ ਰਾਜ਼ ਹੁੰਦਾ ਹੈ। ਜਲੰਧਰ ਵਿੱਚ ਇੱਕ ਤਾਕਤ ਦਾ ਬਾਦਸ਼ਾਹ ਅਖਵਾਉਣ ਵਾਲਾ ਜਾਅਲੀ ਡਾਕਟਰ ਲਗਭਗ ਹਰ ਚੋਣ ਵਿੱਚ ਏਦਾਂ ਖੜਾ ਹੁੰਦਾ ਹੈ, ਪਰ ਕਿਸੇ ਨੂੰ ਵੋਟਾਂ ਦੀ ਬੇਨਤੀ ਕਰਨ ਨਹੀਂ ਜਾਂਦਾ, ਵੋਟਿੰਗ ਦੇ ਦਿਨ ਨੇੜੇ ਜਾ ਕੇ ਕਿਸੇ ਦੀ ਹਮਾਇਤ ਕਰ ਕੇ ਉਸ ਦੀ ਪਾਰਟੀ ਦੇ ਵੱਡੇ ਆਗੂ ਨਾਲ ਫੋਟੋ ਖਿਚਵਾ ਲਿਆਉਂਦਾ ਅਤੇ ਆਪਣੇ ਕਲਿਨਿਕ ਵਿੱਚ ਲਾ ਲੈਂਦਾ ਹੈ। ਉਸ ਨੇ ਇੱਕ ਵਾਰੀ ਪੰਜਾਬ ਦੇ ਮੁੱਖ ਮੰਤਰੀ ਬਜ਼ੁਰਗ ਨਾਲ ਫੋਟੋ ਖਿਚਵਾਈ ਤੇ ਫਿਰ ਆਪਣੇ ਗ੍ਰਾਹਕਾਂ ਨੂੰ ਕਈ ਸਾਲ ਕਹਿੰਦਾ ਰਿਹਾ ਸੀ ਕਿ ਮੁੱਖ ਮੰਤਰੀ ਹੂੁੰਦਿਆਂ ਵੀ ਇਨ੍ਹਾਂ ਲਈ ਤਾਕਤ ਦੀ ਦਵਾਈ ਹਰ ਹਫਤੇ ਮੈਂ ਦੇਣ ਜਾਇਆ ਕਰਦਾ ਸਾਂ। ਸਾਬਕਾ ਮੁੱਖ ਮੰਤਰੀ ਇਹ ਗੱਲ ਕਦੀ ਨਹੀਂ ਸੀ ਜਾਣ ਸਕਿਆ ਕਿ ਉਸ ਨੂੰ ਬ੍ਰਾਂਡ ਅੰਬੈਸਡਰ ਬਣਾ ਕੇ ਕਿਸ ਕਿਸਮ ਦੀ ਦਵਾਈ ਵਿਕ ਰਹੀ ਸੀ।
ਗੈਰ-ਗੰਭੀਰ ਉਮੀਦਵਾਰਾਂ ਦੀ ਗੱਲ ਛੱਡ ਕੇ ਅਸੀਂ ਗੰਭੀਰ ਸਥਿਤੀ ਦੀ ਗੱਲ ਕਰੀਏ ਤਾਂ ਇਸ ਵਾਰੀ ਪੰਜਾਬ ਦੇ ਲੋਕਾਂ ਨੂੰ ਜੋ ਕੁਝ ਦਿੱਸਦਾ ਹੈ, ਉਹ ਸਿਰਫ ਸਾਹਮਣੇ ਲਟਕੀ ਤਸਵੀਰ ਹੈ, ਜਦ ਕਿ ਪਰਦੇ ਦੇ ਓਹਲੇ ਬੜਾ ਕੁਝ ਇਹੋ ਜਿਹਾ ਹੋ ਰਿਹਾ ਹੈ, ਜਿਸ ਦੀ ਜਾਣਕਾਰੀ ਬਹੁਤ ਘੱਟ ਲੋਕਾਂ ਨੂੰ ਹੈ। ਕਿਸਾਨਾਂ ਦੇ ਸੰਘਰਸ਼ ਦੀ ਸਵਾ ਸਾਲ ਤੋਂ ਵੱਧ ਸਮਾਂ ਅਗਵਾਈ ਕਰ ਕੇ ਆਏ ਕਿਸਾਨ ਆਗੂਆਂ ਦੇ ਇੱਕ ਹਿੱਸੇ ਨੇ ਚੋਣਾਂ ਲੜਨ ਦਾ ਮਨ ਬਣਾਇਆ ਤਾਂ ਉਮੀਦਵਾਰ ਵਜੋਂ ਇਹੋ ਜਿਹੇ ਕੁਝ ਲੋਕ ਵੀ ਉਨ੍ਹਾਂ ਦੀ ਟਿਕਟ ਲੈਣ ਵਿੱਚ ਸਫਲ ਹੋ ਗਏ ਹਨ, ਜਿਹੜੇ ਦਿੱਲੀ ਦੀ ਫਿਰਨੀ ਉੱਤੇ ਦਿਖਾਈ ਹੀ ਕਦੇ ਨਹੀਂ ਸੀ ਦਿੱਤੇ। ਜਿਹੜੇ ਲੀਡਰ ਦਿੱਲੀ ਵਿੱਚ ਸਾਂਝੇ ਮੰਚ ਤੋਂ ਇੱਕੋ ਜਿਹੀ ਸੁਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕੀਤਾ ਕਰਦੇ ਸਨ, ਚੋਣ ਦੇ ਵਕਤ ਪੰਜਾਬ ਵਿੱਚ ਉਹ ਵੱਖੋ-ਵੱਖ ਸਿਆਸੀ ਧਿਰਾਂ ਦੇ ਨਾਲ ਸਿੱਧੇ ਜੁੜੇ ਹੋਏ ਜਾਂ ਅਸਿੱਧੀ ਸਾਂਝ ਨਿਭਾਉਂਦੇ ਨਜ਼ਰ ਪੈਂਦੇ ਹਨ। ਬਲਬੀਰ ਸਿੰਘ ਰਾਜੇਵਾਲ ਵਰਗੇ ਕੁਝ ਨੇਤਾ ਇਨ੍ਹਾਂ ਚੋਣਾਂ ਵਿੱਚ ਦਿਲੋਂ ਸੰਘਰਸ਼ ਕਰਦੇ ਜਾਪਦੇ ਹਨ, ਪਰ ਉਨ੍ਹਾਂ ਲਈ ਕਿਸੇ ਹੋਰ ਤੋਂ ਵੱਧ ਖਤਰਾ ਆਪਣੇ ਪੁਰਾਣੇ ਦੋਸਤਾਂ ਵੱਲੋਂ ਗੁੱਝੀ ਮਾਰ ਪੈਣ ਦਾ ਹੈ। ਫਿਰ ਵੀ ਕਈ ਲੋਕਾਂ ਦੀ ਹਮਦਰਦੀ ਉਨ੍ਹਾਂ ਨਾਲ ਕਹੀ ਜਾਂਦੀ ਹੈ।
ਕਾਂਗਰਸ ਪਾਰਟੀ ਆਪਣੇ ਕੋੜਮਾ-ਕਲੇਸ਼ ਤੋਂ ਨਿਕਲਣ ਵਿੱਚ ਏਨੀ ਦੇਰ ਕਰ ਚੁੱਕੀ ਹੈ ਕਿ ਅਗਲੇ ਦਿਨਾਂ ਵਿੱਚ ਉਹ ਇਸ ਅਜਾਈਂ ਗੰਵਾਏ ਸਮੇਂ ਦੀ ਭਰਪਾਈ ਕਰਨ ਜੋਗੀ ਨਹੀਂ ਜਾਪਦੀ। ਉਸ ਦੇ ਆਪਣੇ ਬਾਗੀਆਂ ਨੇ ਕਈ ਹਲਕੇ ਇਸ ਪਾਰਟੀ ਦੇ ਵਿਰੋਧੀਆਂ ਦੀ ਝੋਲੀ ਪਾਉਣ ਦੀ ਸਹੁੰ ਖਾਧੀ ਜਾਪਦੀ ਹੈ ਅਤੇ ਇਨ੍ਹਾਂ ਬਾਗੀਆਂ ਵਿੱਚ ਮੁੱਖ ਮੰਤਰੀ ਦਾ ਆਪਣਾ ਸਕਾ ਭਰਾ ਵੀ ਸ਼ਾਮਲ ਹੈ, ਜਿਹੜਾ ਬੱਸੀ ਪਠਾਣਾਂ ਤੋਂ ਲੱਤ ਅੜਾਈ ਬੈਠਾ ਹੈ। ਕੁਝ ਸੀਟਾਂ ਕਾਂਗਰਸੀ ਬਾਗੀਆਂ ਵੱਲੋਂ ਜਿੱਤਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਅਕਾਲੀ ਦਲ ਵਿੱਚ ਇਹੋ ਜਿਹੀ ਬਿਮਾਰੀ ਕੁਝ ਘੱਟ ਹੈ। ਜਿਹੜਾ ਕੋਈ ਉਲਝਣ ਵਧਾਉਣ ਲੱਗਦਾ ਹੈ, ਬਿਨਾ ਕਿਸੇ ਕਮੇਟੀ ਦੀ ਮੀਟਿੰਗ ਕਰਨ ਤੋਂ ਸੁਖਬੀਰ ਸਿੰਘ ਬਾਦਲ ਖੁਦ ਹੀ ਉਸ ਨੂੰ ਪਾਰਟੀ ਵਿੱਚੋਂ ਬਾਹਰ ਕਰ ਦੇਂਦਾ ਹੈ ਤੇ ਇਹੋ ਜਿਹੇ ਲੋਕਾਂ ਲਈ ਭਾਜਪਾ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਧੜੇ ਨੇ ਦਰਵਾਜ਼ੇ ਰਾਤ-ਦਿਨ ਖੋਲ੍ਹੀ ਰੱਖੇ ਅਤੇ ਕਈ ਲੋਕਾਂ ਨੂੰ ਟਿਕਟਾਂ ਨਾਲ ਨਵਾਜ਼ਿਆ ਹੈ। ਉਨ੍ਹਾਂ ਵਿੱਚੋਂ ਵੀ ਕੁਝ ਉਮੀਦਵਾਰਾਂ ਦੇ ਜਿੱਤਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਭਾਜਪਾ ਦਾ ਆਪਣਾ ਕੋਈ ਵਿਰਲਾ-ਵਾਂਝਾ ਬਾਗੀ ਹੋਇਆ ਹੈ ਤੇ ਅਗਲੇ ਪਾਸੇ ਕਿਸੇ ਨੇ ਉਸ ਆਗੂ ਨਾਲ ਖਾਸ ਮੋਹ ਨਹੀਂ ਜਤਾਇਆ, ਉਹ ਰੋਂਦਾ ਰਹਿ ਗਿਆ ਹੈ। ਮਦਨ ਮੋਹਨ ਮਿੱਤਲ ਵਰਗੇ ਲਈ ਅਕਾਲੀ ਦਲ ਨੇ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ, ਪਰ ਉਸ ਨੂੰ ਜਾਂ ਉਸ ਦੇ ਪੁੱਤਰ ਨੂੰ ਸਿਰਫ ਅਕਾਲੀ ਦਲ ਕੋਲੋਂ ਸਿਰੋਪਾ ਹੀ ਮਿਲਿਆ ਹੈ, ਚੋਣ ਲੜਨ ਲਈ ਜਿਸ ਟਿਕਟ ਦੀ ਝਾਕ ਸੀ, ਉਹ ਨਹੀਂ ਮਿਲ ਸਕੀ।
ਆਮ ਆਦਮੀ ਪਾਰਟੀ ਇਸ ਵਹਿਮ ਦੀ ਸ਼ਿਕਾਰ ਹੋਈ ਪਈ ਹੈ ਕਿ ਉਸ ਦੇ ਮੁੱਖ ਮੰਤਰੀ ਦੇ ਉਮੀਦਵਾਰ ਲਈ ਲੱਖਾਂ ਪੰਜਾਬੀਆਂ ਨੇ ਫੋਨ ਨੰਬਰ ਉੱਤੇ ਕਲਿੱਕ ਕੀਤੀ ਸੀ ਅਤੇ ਇਸ ਲਈ ਅਸੀਂ ਜਿੱਤ ਹੀ ਜਾਣਾ ਹੈ। ਇਸ ਵਹਿਮ ਦੀ ਮਾਰ ਕਾਰਨ ਉਨ੍ਹਾਂ ਦੇ ਕੁਝ ਉਮੀਦਵਾਰ ਬੇਰੀ ਹੇਠ ਮੂੰਹ ਖੋਲ੍ਹ ਕੇ ਪਏ ਅਮਲੀ ਵਾਂਗ ਵਿਹਾਰ ਕਰਦੇ ਹਨ ਕਿ ਜਦੋਂ ਬੇਰ ਡਿੱਗੇਗਾ ਤਾਂ ਮੇਰੇ ਹੀ ਮੂੰਹ ਵਿੱਚ ਡਿੱਗੇਗਾ। ਉਹ ਵੀਹ ਫਰਵਰੀ ਦੇ ਦਿਨ ਵੋਟਾਂ ਪੈਣ ਵੇਲੇ ਮਾਰ ਖਾ ਸਕਦੇ ਹਨ। ਮਾਰਚ ਦੀ ਉਡੀਕ ਕੀੇਤੇ ਬਿਨਾਂ ਹੀ ਕਈ ਕਾਹਲੇ ਸੱਜਣ ਆਪਣੇ ਵਾਸਤੇ ਵਜ਼ੀਰੀ ਦਾ ਜੁਗਾੜ ਕਰਨ ਦੀ ਖੇਡ ਵਿੱਚ ਰੁੱਝੇ ਸੁਣੇ ਜਾ ਰਹੇ ਹਨ। ਇਹ ਵੱਡੀ ਖਾਹਿਸ਼ ਉਨ੍ਹਾਂ ਦੀ ਪਿਛਲੀ ਕੀਤੀ-ਕੱਤਰੀ ਖੂਹ ਵਿੱਚ ਵੀ ਪਾ ਸਕਦੀ ਹੈ।
ਅਕਾਲੀ ਦਲ ਪਿਛਲੇ ਸਾਲ ਦੇ ਪਹਿਲੇ ਨੌਂ ਮਹੀਨਿਆਂ ਤੱਕ ਸਾਰਿਆਂ ਤੋਂ ਵੱਧ ਅਣਚਾਹੀ ਧਿਰ ਬਣਿਆ ਪਿਆ ਸੀ, ਪਰ ਉਸ ਦੇ ਬਾਅਦ ਉਸ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਨੂੰ ਸਿਆਸੀ ਖੇਤਰ ਵਿੱਚ ਆਪਣੀ ਹੋਂਦ ਦਾ ਸਵਾਲ ਬਣਾ ਕੇ ਜਿਹੜੀ ਸਰਗਰਮੀ ਕੀਤੀ ਹੈ, ਉਸ ਨੇ ਪਾਰਟੀ ਦੀ ਹਾਲਤ ਕਾਫੀ ਸੁਧਾਰੀ ਹੈ। ਅਜੇ ਇਸ ਪਾਰਟੀ ਦੀ ਪੰਜਾਬ ਪੱਧਰ ਦੀ ਜਿੱਤ ਦੀ ਭਵਿੱਖਬਾਣੀ ਕਰਨੀ ਔਖੀ ਹੈ, ਪਰ ਪਹਿਲਾਂ ਵਾਂਗ ਅਸਲੋਂ ਨਿਤਾਣੀ ਵੀ ਇਹ ਪਾਰਟੀ ਨਹੀਂ ਕਹੀ ਜਾ ਸਕਦੀ। ਜਿਸ ਮਾਲਵੇ ਵਿੱਚ ਇਸ ਨੂੰ ਬਾਹਲੀ ਮਾਰ ਪੈਣ ਦੇ ਸੰਕੇਤ ਸਨ, ਉਸ ਪਾਸਿਉਂ ਦੂਸਰੀਆਂ ਧਿਰਾਂ ਦੇ ਆਗੂ ਟੁੱਟ ਕੇ ਜਦੋਂ ਇਸ ਪਾਰਟੀ ਵਿੱਚ ਜੁੜਨ ਲੱਗੇ ਹਨ ਤਾਂ ਇਸ ਦਾ ਕੋਈ ਕਾਰਨ ਹੈ। ਪਾਰਟੀ ਦੀ ਚੋਣ ਕਮਾਨ ਇਸ ਵਕਤ ਸੁਖਬੀਰ ਸਿੰਘ ਬਾਦਲ ਦੇ ਹੱਥ ਨਹੀਂ, ਪਾਰਟੀ ਦੇ ਸਰਪ੍ਰਸਤ ਤੇ ਪੰਜਾਂ ਵਾਰੀਆਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਖੁਦ ਆ ਸੰਭਾਲੀ ਹੈ। ਉਸ ਨੇ ਕਿਹਾ ਹੈ ਕਿ ਆਪਣੇ ਲਈ ਨਹੀਂ, ਪਾਰਟੀ ਲਈ ਖੇਚਲ ਕਰ ਰਿਹਾ ਹਾਂ। ਉਹ ਕਈ ਪੱਤਣਾਂ ਦਾ ਤਾਰੂ ਬਾਬਾ ਇਸ ਵੇਲੇ ਪੰਜਾਬ ਭਰ ਵਿੱਚ ਪੁਰਾਣੇ ਸੰਪਰਕਾਂ ਅਤੇ ਸੁਖਬੀਰ ਸਿੰਘ ਨਾਲ ਨਾਰਾਜ਼ ਹੋਏ ਆਗੂਆਂ ਨੂੰ ਫੋਨ ਕਰ ਕੇ ਪੁਰਾਣੀ ਸਾਂਝ ਦਾ ਵਾਸਤਾ ਦੇਂਦਾ ਹੈ ਤਾਂ ਇਸ ਦਾ ਅਸਰ ਵੀ ਪੈਂਦਾ ਜਾਪਦਾ ਹੈ।
ਸਭ ਤੋਂ ਹੈਰਾਨੀ ਵਾਲੀ ਸਰਗਰਮੀ ਭਾਜਪਾ ਦੀ ਹੈ। ਉਸ ਦੀ ਸਾਰੀ ਸਿਖਰਲੀ ਲੀਡਰਸ਼ਿਪ ਇਸ ਵਕਤ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਜੰਗ ਵਾਂਗ ਲੜਨ ਦੇ ਇਰਾਦੇ ਨਾਲ ਲੈ ਰਹੀ ਹੈ ਅਤੇ ਜ਼ਾਹਰਾ ਤੌਰ ਉੱਤੇ ਬਾਹਲੀ ਭਾਜੜ ਵਿਖਾਏ ਬਿਨਾਂ ਉਹ ਆਪਣੇ ਕਈ ਰਾਜਾਂ ਦੇ ਕਾਡਰ ਨੂੰ ਪੰਜਾਬ ਵਿੱਚ ਠੇਲ੍ਹ ਕੇ ਅੰਦਰੋ-ਅੰਦਰ ਏਦਾਂ ਦੀ ਯੋਜਨਾ ਤਹਿਤ ਕੰਮ ਕਰ ਰਹੇ ਹਨ ਕਿ ਜਿਨ੍ਹਾਂ ਨੂੰ ਇਸ ਦੀ ਜਾਣਕਾਰੀ ਹੈ, ਉਹ ਹੈਰਾਨ ਹੋ ਰਹੇ ਹਨ। ਭਾਜਪਾ ਨਾਲ ਨੇੜਿਉਂ ਜੁੜੇ ਲੋਕ ਇਹ ਸਾਫ ਕਹਿੰਦੇ ਹਨ ਕਿ ਇਸ ਵਾਰੀ ਸਰਕਾਰ ਸਾਡੀ ਬਣਨੀ ਹੈ ਤੇ ਉਨ੍ਹਾਂ ਦੀ ਮੀਸਣੀ ਮੁਸਕਣੀ ਦੱਸਦੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦਾ ਖੁਲਾਸਾ ਨਹੀਂ ਕਰਨਗੇ, ਪਰ ਇਹ ਗੱਲ ਫਿਰ ਵੀ ਬਾਹਰ ਆ ਗਈ ਹੈ ਕਿ ਕਿਸੇ ਵੀ ਪਾਰਟੀ ਵਿੱਚੋਂ ਜਿਹੜੇ ਲੋਕ ਬਾਗੀ ਹੋ ਕੇ ਖੜੇ ਹਨ, ਉਨ੍ਹਾਂ ਵਿੱਚੋਂ ਬਹੁਤਿਆਂ ਦਾ ਖਰਚਾ ਭਾਜਪਾ ਦੇ ਰਹੀ ਹੈ। ਉਹ ਲੋਕ ਭਾਜਪਾ ਨਾਲ ਅੰਦਰ-ਖਾਤੇ ਦੀ ਇਸ ਸਾਂਝ ਹੇਠ ਚੋਣ ਲੜ ਰਹੇ ਹਨ ਕਿ ਚੋਣਾਂ ਦੌਰਾਨ ਭਾਜਪਾ ਦਾ ਨਾਂਅ ਲਿਆ ਤਾਂ ਮਹਿੰਗਾ ਪੈਣ ਦਾ ਡਰ ਹੈ, ਚੋਣ ਜਿੱਤਦੇ ਸਾਰ ਉਹ ਭਾਜਪਾ ਦੇ ਨਾਲ ਜਾ ਜੁੜਨਗੇ। ਹੋਰ ਤਾਂ ਹੋਰ, ਕਾਂਗਰਸ ਅਤੇ ਅਕਾਲੀ ਦਲ ਦੇ ਕਈ ਉਮੀਦਵਾਰ ਵੀ ਚੋਣਾਂ ਵਿੱਚ ਭਾਜਪਾ ਦੇ ਖਿਲਾਫ ਬੋਲਦੇ ਸੁਣੇ ਜਾ ਰਹੇ ਹਨ, ਪਰ ਉਨ੍ਹਾਂ ਦੀ ਤਾਰ ਅੰਦਰੋਂ ਭਾਜਪਾ ਨਾਲ ਜੁੜੀ ਹੋਣ ਦੇ ਸੰਕੇਤ ਥੋੜ੍ਹੀ ਜਿਹੀ ਕੋਸ਼ਿਸ਼ ਕਰਨ ਨਾਲ ਹੀ ਦਿਖਾਈ ਦੇ ਜਾਂਦੇ ਹਨ। ਉਹ ਧਿਰ ਭਲਕ ਨੂੰ ਕਿਹੜਾ ਦਾਅ ਕਿੱਥੇ ਵਰਤਦੀ ਹੈ, ਇਹ ਤਾਂ ਪਤਾ ਨਹੀਂ, ਪਰ ਇੱਕ ਗੱਲ ਪੱਕੀ ਹੈ ਕਿ ਉਹ ਭੁਆਂਟਣੀ ਦੇਣ ਦੇ ਰੌਂਅ ਵਿੱਚ ਹੈ।
ਅਜੇ ਉਹ ਵਕਤ ਨਹੀਂ ਆਇਆ, ਜਦੋਂ ਇੱਕ ਜਾਂ ਦੂਸਰੀ ਪਾਰਟੀ ਜਾਂ ਉਮੀਦਵਾਰ ਦੇ ਜਿੱਤਣ ਜਾਂ ਹਾਰਨ ਬਾਰੇ ਕੋਈ ਗੱਲ ਕਹੀ ਜਾ ਸਕੇ, ਪਰ ਏਨੀ ਗੱਲ ਅੱਜ ਵੀ ਕਹੀ ਜਾ ਰਹੀ ਹੈ ਕਿ ਪੰਜਾਬ ਦੀਆਂ ਇਨ੍ਹਾਂ ਚੋਣਾਂ ਵਿੱਚ ਹੋਰ ਕੁਝ ਹੋਵੇ ਜਾਂ ਨਾ, ਭਾਜਪਾ ਪੰਜਾਬ ਵਿੱਚ ਪਹਿਲਾਂ ਨਾਲੋਂ ਵੱਧ ਜਕੜ ਜਮਾਈ ਹੋਈ ਵੇਖਣਾ ਚਾਹੁੰਦੀ ਹੈ। ਬਾਕੀ ਪਾਰਟੀਆਂ ਦੇ ਲੀਡਰਾਂ ਵਿੱਚੋਂ ਕਿੰਨਿਆਂ ਨੂੰ ਇਸ ਦਾ ਪਤਾ ਹੈ ਤੇ ਕਿੰਨਿਆਂ ਨੂੰ ਨਹੀਂ, ਕਹਿ ਸਕਣਾ ਔਖਾ ਹੈ। ਹਾਲਾਤ ਜਿਹੜੇ ਪਾਸੇ ਨੂੰ ਜਾ ਰਹੇ ਹਨ, ਇਸ ਚੋਣ ਦੇ ਬਾਅਦ ਪੰਜਾਬ ਦੀ ਰਾਜਨੀਤੀ ਦਾ ਰੰਗ ਹੀ ਨਹੀਂ, ਸਮਾਜੀ ਹਾਲਾਤ ਵੀ ਅਸਲੋਂ ਬਦਲਣ ਵਾਲੇ ਪਾਸੇ ਨੂੰ ਜਾ ਸਕਦੇ ਹਨ। ਉਸ ਵਕਤ ਰੰਗ ਕਿੱਦਾਂ ਦਾ ਹੋਵੇਗਾ, ਪਤਾ ਨਹੀਂ।