ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

31.01.2022
ਪੈਗਾਸਸ ਮਾਮਲੇ ’ਚ ਕੇਂਦਰ ਦੀ ਚੁੱਪ ਚਿੰਤਾਜਨਕ-ਮਾਇਆਵਤੀ
ਵਿਹੜੇ ਵੜਦਾ ਖੜਕ ਨਹੀਉਂ ਕਰਦਾ, ਬਾਬੇ ਗਲ਼ ਟੱਲ ਪਾ ਦਿਉ।
‘ਆਪ’ ਦੇ ਵਿਰੋਧ ਪਿੱਛੇ ਅਕਾਲੀ ਦਲ ਦਾ ਹੱਥ- ਕੇਜਰੀਵਾਲ
ਉਡ ਕੇ ਚਿੰਬੜ ਗਿਆ, ਕਿਸੇ ਚੰਦਰੀ ਵਾੜ ਦਾ ਛਾਪਾ।
ਪ੍ਰਤਾਪ ਸਿੰਘ ਬਾਜਵਾ ਨੇ ਵੀ ਮੁੱਖ ਮੰਤਰੀ ਦੇ ਅਹੁੱਦੇ ਦਾ ਦਾਅਵਾ ਠੋਕਿਆ- ਇਕ ਖ਼ਬਾਰ
ਇਕ ਅਨਾਰ, ਸੌ ਬਿਮਾਰ।
ਅੰਮ੍ਰਿਤਸਰ ਪੂਰਬੀ ਤੋਂ ਮਜੀਠੀਆ ਤੇ ਸਿੱਧੂ ਹੋਣਗੇ ਆਹਮੋ-ਸਾਹਮਣੇ- ਇਕ ਖ਼ਬਰ
ਕੁੰਢੀਆਂ ਦੇ ਸਿੰਗ ਫਸ ਗਏ, ਕੋਈ ਨਿੱਤਰੂ ਵੜੇਵੇਂ ਖਾਣੀ।  
ਭੁੱਲਰ ਦੀ ਰਿਹਾਈ ਵਿਚ ਕੇਜਰੀਵਾਲ ਸਭ ਤੋਂ ਵੱਡਾ ਅੜਿੱਕਾ-ਸੁਖਬੀਰ ਬਾਦਲ
ਤੇਰਾ ਭਾਪਾ ਤਾਂ ਭੁੱਲਰ ਨੂੰ ਪੰਜਾਬ ਵਿਚ ਲਿਆਉਣ ਦੇ ਵੀ ਵਿਰੁੱਧ ਸੀ।
ਜ਼ਮਾਨਤ ਰੱਦ ਹੁੰਦਿਆਂ ਸਾਰ ਹੀ ਮਜੀਠੀਆ ਹੋਏ ਰੂਪੋਸ਼- ਇਕ ਖ਼ਬਰ
ਉੜਨ ਖਟੋਲੇ ਪੇ ਉੜ ਜਾਊਂਗੀ, ਤੇਰੇ ਹਾਥ ਨਾ ਆਊਂਗੀ।
ਭਾਰਤ ਤੇ ਪੰਜਾਬ ਸਰਕਾਰਾਂ ਬੇਅਦਬੀਆਂ ਦੇ ਦੋਸ਼ੀ ਨੂੰ ਬੇਪਰਦ ਕਰਨ ਲਈ ਜਾਂਚ ਕਰਵਾਉਣ- ਜਥੇਦਾਰ ਅਕਾਲ ਤਖ਼ਤ
ਜਥੇਦਾਰ ਜੀ, ਜਸਟਿਸ ਰਣਜੀਤ ਸਿੰਘ ਦੀ ਹੁਣੇ ਹੁਣੇ ਲਿਖੀ ਕਿਤਾਬ ਪੜ੍ਹ ਲਉ।
ਪ੍ਰਕਾਸ਼ ਸਿੰਘ ਬਾਦਲ ਨੂੰ ਹਸਪਤਾਲ ਤੋਂ ਛੁੱਟੀ ਮਿਲੀ- ਇਕ ਖ਼ਬਰ
ਹੋ ਜਾ ਭਾਈਆ ਤਿਆਰ ਡਬਲ ਸ਼ਿਫ਼ਟ ਲਈ।
ਕੇਜਰੀਵਾਲ ਪੰਜਾਬ ਨੂੰ ਨਸ਼ਾ ਮੁਕਤ ਨਹੀਂ ਕਰਨਾ ਚਾਹੁੰਦੇ- ਜੀਵਨ ਗੁਪਤਾ
ਇਕੱਲਾ ਕੇਜਰੀਵਾਲ ਹੀ ਨਹੀਂ, ਕੋਈ ਸਰਕਾਰ ਵੀ ਨਹੀਂ ਚਾਹੁੰਦੀ।
ਸੁਖਪਾਲ ਖਹਿਰਾ ਨੂੰ ਜੇਲ੍ਹ ਜਾਣ ਦਾ ਕੋਈ ਮਲਾਲ ਨਹੀਂ- ਇਕ ਖ਼ਬਰ
ਖਾਤਰ ਧਰਮ ਦੀ ਸੀਸ ਕੁਰਬਾਨ ਹੁੰਦੇ, ਲਹਿੰਦੀ ਆਸ਼ਕਾਂ ਦੀ ਪੁੱਠੀ ਲੋਕੋ।
ਬਸਪਾ ਨੇ ਆਪਣਾ ਆਪ ਅਕਾਲੀ ਦਲ ਕੋਲ ਵੇਚਿਆ- ਚੰਨੀ
ਸੁੱਤੀ ਪਈ ਨੇ ਲੁਹਾਈਆਂ ਚੂੜੀਆਂ, ਅਜੇ ਵੀ ਘੁਰਾੜੇ ਮਾਰਦੀ।
ਪੰਜਾਬ ਮਹਿਲਾ ਕਾਂਗਰਸ ਨੂੰ ਇਕ ਵੀ ਟਿਕਟ ਨਹੀਂ ਮਿਲੀ- ਰਾਣੀ ਸੋਢੀ
ਨੀ ਐਡਾ ਤੇਰਾ ਕਿਹੜਾ ਦਰਦੀ, ਸੁੱਤੀ ਪਈ ਨੂੰ ਪੱਖੀ ਦੀ ਝੱਲ ਮਾਰੇ।
ਦਿੱਲੀ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਰਣਜੀਤ ਕੌਰ ਆਮ ਆਦਮੀ ਪਾਰਟੀ ‘ਚ ਸ਼ਾਮਲ- ਇਕ ਖ਼ਬਰ
ਲੈ ਚਲ ਵੇ ਮਿੱਤਰਾ, ਹੁਣ ਮੈ ਨਾ ਨਾਨਕੇ ਰਹਿੰਦੀ।
ਮਾਇਆਵਤੀ ਨੇ ‘ਸਪਾ’ਅਤੇ ਭਾਜਪਾ ‘ਤੇ ਨਿਸ਼ਾਨਾ ਸੇਧਿਆ-ਇਕ ਖ਼ਬਰ
ਅੱਖ ਕੁੜੀ ਦੀ ਕਹਿੰਦੇ ਟੂਣੇਹਾਰੀ, ਦੋ ਦੋ ਨਿਸ਼ਾਨੇ ਮਾਰਦੀ।
ਕੈਪਟਨ ਵਿਰੁੱਧ ਚੋਣ ਲੜਨ ਲਈ ਤਿਆਰ ਨੇ ਲਾਲ ਸਿੰਘ- ਇਕ ਖ਼ਬਰ
ਦਾਰੂ ਪੀ ਕੇ ਮਿੱਤਰਾਂ ਨੇ, ਤੇਰੇ ਬੂਹੇ ਅੱਗੇ ਡਾਂਗ ਖੜਕਾਉਣੀ।