ਗੋਰਖ ਨਾਥ ਦਾ ਚੇਲਾ – ਦੇਵ ਥਰੀਕੇ ਵਾਲਾ  - ਗੁਰਮੀਤ ਕੜਿਆਲਵੀ

(ਪੰਜਾਬੀ ਦਾ ਉੱਘਾ ਗੀਤਕਾਰ/ ਗੀਤ, ਕਲੀਆਂ ਤੇ ਲੋਕ ਗਾਥਾਾਵਾਂ ਲਿਖਣ ਵਾਲਾ, ਦੇਵ ਥਰੀਕਿਆਂ ਵਾਲਾ ਸਦੀਵੀ ਵਿਛੋੜਾ ਦੇ ਗਿਆ, ਉਸਦੀ ਯਾਦ ਵਿਚ ਪੰਜਾਬੀ ਦੇ ਨਾਮਵਰ ਸਾਹਿਤਕਾਰ ਗੁਰਮੀਤ ਕੜਿਆਲਵੀ ਦਾ ਲਿਖਿਆ ਇਹ ਲੇਖ ਪੜ੍ਹਨਯੋਗ ਹੈ। ਅਸੀਂ ਆਪਣੇ ਪਾਠਕਾਂ ਨੂੰ ਦੇਵ ਥਰੀਕਿਆਂ ਵਾਲੇ ਦੀ ਜ਼ਿੰਦਗੀ ਬਾਰੇ ਜਾਣਕਾਰੀ ਦੇਣ ਵਜੋਂ ਛਾਪ ਰਹੇ ਹਾਂ)
---------------------------

ਤੇਰੇ ਟਿੱਲੇ ਤੋਂ ਔਹ--ਸੂਰਤ ਦੀਂਹਦੀ ਆ ਹੀਰ ਦੀ

ਗੋਰਖ ਨਾਥ ਦਾ ਚੇਲਾ – ਦੇਵ ਥਰੀਕੇ ਵਾਲਾ  - ਗੁਰਮੀਤ ਕੜਿਆਲਵੀ

ਥਰੀਕਿਆਂ ਵਾਲੇ ਦੇਵ ਨੇ ਪੰਜਾਬੀ ਗੀਤਕਾਰੀ ਦੇ ਅੰਬਰ 'ਤੇ ਬੜੀ ਉੱਚੀ ਉਡਾਰੀ ਭਰੀ ਹੈ - ਉਕਾਬ ਵਰਗੀ। ਕੋਈ ਵਕਤ ਸੀ ਜਦੋਂ ਪੰਜਾਬ ਦੀ ਫਿ਼ਜ਼ਾ 'ਚ ਕੁਲਦੀਪ ਮਾਣਕ ਦੀ ਆਵਾਜ਼ 'ਚ ਥਰੀਕਿਆਂ ਵਾਲੇ ਦੇ ਗੀਤ ਸੁਣਦੇ ਸਨ। ਇਹਨਾਂ ਬੋਲਾਂ 'ਚ ਥਰੀਕਿਆਂ ਵਾਲੇ ਦੇਵ ਦੀ ਜਿੰਦ ਧੜਕਦੀ ਸੀ। ਦੇਵ ਦਾ ਸਿਰਜਿਆ ਗੀਤ "ਦੀਵਿਆਂ ਵੇਲੇ ਦਰ ਆਪਣੇ ਦਾ ਕਿਸ ਕੁੰਢਾ ਖੜਕਾਇਆ, ਨੀ ਉੱਠ ਵੇਖ ਨਨਾਣੇ ਕੌਣ ਪ੍ਰਾਹੁਣਾ ਆਇਆ" ਦਿਨ 'ਚ ਚਾਰ ਪੰਜ ਵਾਰ ਰੇਡੀਓ 'ਤੇ ਵੱਜਦਾ ਸੀ। ਦੁਪਿਹਰ ਵੇਲੇ ਆਉਂਦੇ "ਭੈਣਾਂ ਦੇ ਪ੍ਰੋਗਰਾਮ" ਅਤੇ ਆਥਣੇ ਠੰਡੂ ਰਾਮ ਹੁਰਾਂ ਵਲੋਂ ਪੇਸ਼ ਕੀਤੇ ਜਾਂਦੇ 'ਦਿਹਾਤੀ ਪ੍ਰੋਗਰਾਮ' ਤੋਂ ਇਲਾਵਾ ਹੋਰ ਵੀ ਕਈ ਪ੍ਰੋਗਰਾਮਾਂ 'ਚ ਇਹ ਗੀਤ ਸੁਣਾਇਆ ਜਾਂਦਾ। ਉਹਨਾਂ ਭਲੇ ਦਿਨਾਂ 'ਚ ਗਾਇਕੀ ਅਜੇ ਸ਼ੋਰ ਸ਼ਰਾਬਾ ਨਹੀਂ ਸੀ ਬਣੀ। ਗੀਤਕਾਰੀ ਦੇ ਨਾਂ ਹੇਠ ਵੀ ਬਹੁਤਾ ਊਲ ਜਲੂਲ ਨਹੀਂ ਸੀ ਲਿਖਿਆ ਜਾਣ ਲੱਗਾ। ਬਕੌਲ ਮਾਣਕ, ਪੰਜਾਬੀ ਗਾਇਕ ਹਿੱਕ ਦੇ ਜ਼ੋਰ ਨਾਲ ਗਾਉਂਦੇ ਸਨ। ਗਾਇਕ ਤੇ ਗਾਇਕਾਵਾਂ ਨੇ ਖਾਹ ਮਖਾਹ ਦੀਆਂ ਡੱਡੂ ਟਪੂਸੀਆਂ ਮਾਰਨੀਆਂ ਨਹੀਂ ਸੀ ਸਿੱਖੀਆਂ। ਗੀਤਕਾਰਾਂ ਦੇ ਗੀਤਾਂ 'ਚ ਬੰਬ ਬੰਦੂਕਾਂ ਤੇ ਕਹੀਆਂ ਕੁਹਾੜੀਆਂ ਚੱਲਣੀਆਂ ਸ਼ੁਰੂ ਨਹੀਂ ਸੀ ਹੋਈਆਂ। ਇਹ ਨਹੀਂ ਕਿ ਮਿਆਰ ਤੋਂ ਨੀਵੇ ਬੋਲ ਨਹੀਂ ਸਨ ਹੁੰਦੇ - ਹੁੰਦੇ ਸਨ ਪਰ ਵਿਰਲੇ ਵਿਰਲੇ। ਚੰਨ ਗੁਰਾਇਆ ਮਾਰਕਾ "ਮੇਰਾ ਕੱਟਾ ਹੈ ਬ੍ਰਹਮਚਾਰੀ" "ਮੇਰੀ ਪਾਟੀ ਹੋਈ ਟੂਪ ਨੂੰ ਪੈਂਚਰ ਲਾ ਬਾਬਾ" ਵਰਗੇ ਗੀਤ ਵੀ ਏਸੇ ਦੌਰ 'ਚ ਚੱਲ ਰਹੇ ਸਨ। ਕਈ ਢਾਡੀ ਵੀ 'ਘੱਗਰੇ ਦੀ ਲੌਣ ਚੱਕ ਕੇ' ਵਰਗੇ ਗੈਰ ਮਿਆਰੀ ਗੌਣ ਗਾਈ ਜਾਂਦੇ। ਇਹ ਗੀਤ ਮਾਨ ਸਨਮਾਨ ਦਾ ਨਹੀਂ ਬਲਕਿ ਸ਼ਰਮ ਦਾ ਸਬੱਬ ਬਣਦੇ। ਅਜਿਹਾ ਗੈਰ ਮਿਆਰੀ ਲਿਖਣ ਵਾਲੇ ਗੀਤਕਾਰ ਹਿੱਕ ਚੌੜੀ ਕਰਕੇ ਨਹੀਂ ਸੀ ਤੁਰਦੇ ਸਗੋਂ ਮੂੰਹ ਛੁਪਾਉਂਦੇ ਰਹਿੰਦੇ।
         ਦੇਵ ਥਰੀਕਿਆਂ ਵਾਲੇ ਨੇ ਲੰਮਾ ਸਮਾਂ ਪੰਜਾਬੀ ਗੀਤਕਾਰੀ ਦਾ ਆਕਾਸ਼ ਮੱਲੀ ਰੱਖਿਆ ਹੈ। ਉਹ ਗੋਰਖ ਨਾਥ ਦੇ ਟਿੱਲੇ ਤੋਂ ਪੰਜਾਬੀ ਜਨਮਾਨਸ ਨੂੰ ਉਹਨਾਂ ਦੇ ਦਿਲਾਂ 'ਚ ਡੂੰਘੀ ਧਸੀ ਪਈ ਹੀਰ ਦੇ ਦਰਸ਼ਨ ਕਰਾਉਂਦਾ ਰਿਹਾ। ਉਸਦੇ ਗੀਤਾਂ ਵਿਚਲਾ ਰਾਂਝਾ ਗੁਰੂ ਗੋਰਖ ਨਾਥ ਨੂੰ "ਟਿੱਲੇ ਵਾਲਿਆ ਮਿਲਾਦੇ ਜੱਟੀ ਹੀਰ ਨੂੰ" ਆਖਦਿਆਂ ਹੀਰ ਮਿਲਾ ਦੇਣ ਲਈ ਤਰਲੇ ਮਿੰਨਤਾਂ ਵੀ ਕਰਦਾ ਹੈ ਤੇ ਅੱਕਿਆ ਹੋਇਆ "ਤੇਰੀ ਖਾਤਰ ਹੀਰੇ ਛੱਡਿਆ ਤਖਤ ਹਜ਼ਾਰੇ ਨੂੰ" ਕਹਿਕੇ ਮੇਹਣੇ ਤਾਅਨੇ ਵੀ ਮਾਰਨ ਲੱਗ ਜਾਂਦਾ। ਦੇਵ ਥਰੀਕਿਆਂ ਵਾਲੇ ਨੇ ਪਹੌੜ ਮੱਲ ਬਾਣੀਏ ਦੀ ਸਿਆਲਕੋਟੀਏ ਰਾਜੇ ਰਸਾਲੂ ਦੇ ਵਜ਼ੀਰ ਬੀਜੇ ਨਾਲ ਵਿਆਹੀ ਹੋਈ ਧੀ ਕੌਲਾਂ ਦਾ ਦਰਦ ਲਿਖਿਆ, ਜਿਵੇਂ ਪੰਜਾਬ ਦੀਆਂ ਲੱਖਾਂ ਧੀਆਂ ਦੀ ਬੇਵਸੀ ਨੁੰ ਜ਼ੁਬਾਨ ਦੇ ਦਿੱਤੀ ਹੋਵੇ। ਗੀਤ ਸੁਣਦਿਆਂ ਪਤੀਆਂ ਦੇ ਘਰਾਂ 'ਚੋਂ ਧੱਕੀਆਂ ਧੀਆਂ ਧਿਆਣੀਆਂ ਦੇ ਅੱਥਰੂ ਵਹਿਣ ਲੱਗਦੇ।
        ਥਰੀਕਿਆਂ ਵਾਲੇ ਨੇ ਪੰਜਾਬ ਦੀ ਹਰੇਕ ਲੋਕ ਗਾਥਾ ਨੂੰ ਆਪਣੀ ਕਲਮ ਨਾਲ ਅਜਿਹੀਆਂ ਕਲਾਮਈ ਛੋਹਾਂ ਦਿੱਤੀਆਂ ਕਿ ਇਹ ਗਾਥਾਵਾਂ ਪੰਜਾਬੀਆਂ ਦੇ ਮਨਾਂ 'ਚ ਹੋਰ ਡੂੰਘੀਆਂ ਉੱਤਰ ਗਈਆਂ। ਦੇਵ ਦਾ ਸਿਰਜਿਆ ਦੁੱਲਾ ਭੱਟੀ, ਮਾਂ ਲੱਧੀ ਦੇ ਚੁੰਘੇ ਹੋਏ ਦੱਧ ਦੀ ਲੱਜ ਪਾਲਦਾ ਹਾਕਮਾਂ ਤੇ ਰਜਵਾੜਿਆਂ ਨੂੰ ਸਿੱਧਾ ਟੱਕਰਦਾ ਹੈ। ਉਹ ਸਮੇਂ ਦੇ ਹਾਕਮਾਂ ਦੀਆਂ ਵਧੀਕੀਆਂ ਤੋਂ ਅੱਕਿਆ ਮਾਂ ਦੇ ਰੋਕਿਆਂ ਵੀ ਨਹੀਂ ਰੁਕਦਾ ਸਗੋਂ ਮਾਂ ਨੂੰ "ਮੇਰਾ ਨਾਂ ਨਾ ਦੁੱਲਾ ਰੱਖਦੀ-ਰੱਖ ਦਿੰਦੀ ਕੁੱਝ ਹੋਰ ਨੀ" ਆਖ ਕੇ ਚੇਤੇ ਕਰਾਉਂਦਾ ਕਿ ਉਸਦੀਆਂ ਰਗਾਂ 'ਚ ਵਹਿੰਦੇ ਖੂਨ ਵਿੱਚ ਜੋਸ਼, ਗੈਰਤ ਤੇ ਗਰਮੀ ਭਰਨ 'ਚ ਤੇਰੇ ਰੱਖੇ ਨਾਂ ਦੀ ਵੀ ਅਹਿਮ ਭੂਮਿਕਾ ਹੈ। ਬੰਦਾ ਸਿੰਘ ਬਹਾਦਰ ਦੀ ਵਾਰ ਲਿਖਕੇ ਉਸਨੇ ਪੰਜਾਬ ਦੀ ਮਿੱਟੀ ਦੇ ਜਾਇਆਂ ਨੂੰ ਹਰ ਤਰ੍ਹਾਂ ਦੀ ਜੁ਼ਲਮ ਜਿ਼ਆਦਤੀ ਦੇ ਅੱਗੇ ਹਿੱਕ ਡਾਹ ਕੇ ਖੜ ਜਾਣ ਦੀ ਪ੍ਰੇਰਨਾ ਦਿੱਤੀ। 'ਜੱਗੇ' 'ਸੁੱਚੇ' ਅਤੇ 'ਜਿਉਣੇ ਮੌੜ' ਵਰਗੇ ਦੇਵ ਲਈ ਨਾਇਕ ਨੇ ਜੋ ਅਣਖ ਇਜ਼ਤ ਦੀ ਖਾਤਰ ਵੱਡੇ ਤੋਂ ਵੱਡੇ ਰਾਠਾਂ ਨਾਲ ਭਿੜ ਜਾਂਦੇ ਹਨ। ਜਿਹੜੇ ਅਮੀਰਾਂ ਸ਼ਾਹੂਕਾਰਾਂ ਨੂੰ ਲੁੱਟ ਕੇ ਗਰੀਬਾਂ 'ਚ ਵੰਡਦੇ ਹਨ। ਹਰਦੇਵ ਦਿਲਗੀਰ ਉਰਫ਼ ਦੇਵ ਥਰੀਕਿਆਂ ਵਾਲਾ ਚਾਰ ਦਹਾਕਿਆਂ ਤੋਂ ਵੀ ਵੱਧ ਸਮਾਂ ਲੋਕ ਗਾਥਾਵਾਂ ਅਤੇ ਹੋਰ ਸਦਾ ਬਹਾਰ ਗੀਤਾਂ ਨਾਲ ਧਰਤੀ ਤੇ ਅੰਬਰ ਨੂੰ ਸਾਵੇਂ ਰੰਗ ਦੀ ਟਾਕੀ ਨਾਲ ਬੰਨ੍ਹੀ ਫਿਰਦਾ ਰਿਹਾ।
       ਥਰੀਕਿਆਂ ਵਾਲੇ ਦੇਵ ਨੂੰ ਮੈਂ ਉਦੋਂ ਤੋਂ ਜਾਣਦਾ ਹਾਂ ਜਦੋਂ ਅਜੇ ਚੌਥੀ ਜਮਾਤੇ ਪੜ੍ਹਦਾ ਸਾਂ। ਉਹਨਾਂ ਦਿਨਾਂ 'ਚ ਮੇਰੇ ਪਿੰਡ ਧਾਲੀਵਾਲਾਂ ਦੀ ਧਰਮਸ਼ਾਲਾ 'ਚ ਕੁਲਦੀਪ ਮਾਣਕ ਦਾ ਅਖਾੜਾ ਲੱਗਾ ਸੀ। ਮਾਣਕ ਨੂੰ ਸੁਨਣ ਵਾਸਤੇ ਆਸੇ ਪਾਸੇ ਦੇ ਪਿੰਡਾਂ 'ਚੋਂ ਲੋਕ ਵਹੀਰਾਂ ਘੱਤ ਕੇ ਆਏ। ਉਦੋਂ ਆਏਂ ਹੁੰਦਾ ਸੀ। ਗਾਇਕ ਅਜੇ ਟੈਲੀਵਿਜ਼ਨ ਦੀ ਸਕਰੀਨ 'ਚ ਬੰਦ ਨਹੀਂ ਸੀ ਹੋਏ। ਗਾਇਕਾਂ ਦੇ ਅਖਾੜਿਆਂ 'ਚ ਓੜਕਾਂ ਦੀ ਭੀੜ ਜੁੜ ਜਾਂਦੀ ਸੀ। ਉਸ ਦਿਨ ਵੀ ਧਰਮਸ਼ਾਲਾ 'ਚ ਪੈਰ ਧਰਨ ਨੂੰ ਵੀ ਥਾਂ ਨਹੀਂ ਸੀ ਲੱਭਦੀ। ਮੈਂ ਭੀੜ 'ਚੋਂ ਖਿਸਕਦਾ ਖਿਸਕਦਾ ਸਟੇਜ ਦੇ ਐਨ ਮੂਹਰੇ ਚਲਾ ਗਿਆ ਸਾਂ। ਗੰਦਮੀ ਰੰਗ ਦੇ ਹੌਲੇ ਸਰੀਰ ਵਾਲੇ ਮਾਣਕ ਨੇ ਗੇਰੂਏ ਰੰਗ ਦਾ ਕੁੜਤਾ ਚਾਦਰਾ ਪਾਇਆ ਹੋਇਆ ਸੀ। ਮਾਵੇ ਲੱਗੀ ਹੋਈ ਤੇ ਲੜ ਛੱਡ ਕੇ ਬੰਨ੍ਹੀ ਚਿੱਟੀ ਪੱਗ ਦਾ ਤੁਰਲਾ ਕੁੱਕੜ ਦੀ ਕਲਗੀ ਵਾਂਗ ਆਕੜਿਆ ਪਿਆ ਸੀ। ਮਾਣਕ ਕੰਨ 'ਤੇ ਹੱਥ ਧਰ ਕੇ ਨੀਵਾਂ ਹੋਇਆ ਤੇ "ਲੈ ਕੇ ਕਲਗੀਧਰ ਤੋਂ ਥਾਪੜਾ" ਦੀ ਹੇਕ ਲਾਉਂਦਿਆਂ ਬੰਦਾ ਸਿੰਘ ਬਹਾਦਰ ਦੀ ਵਾਰ ਸ਼ੁਰੂ ਕੀਤੀ ਤਾਂ ਧਰਮਸ਼ਾਲਾ 'ਚ ਲੱਗੇ ਪਿੱਪਲਾਂ 'ਤੇ ਬੈਠੇ ਜਾਨਵਰ ਅੰਬਰ ਵੱਲ ਉਡਾਰੀ ਮਾਰ ਗਏ। ਕਮਜ਼ੋਰ ਪਏ ਪੀਲੇ ਪੱਤੇ ਖੜ ਖੜ ਕਰਕੇ ਝੜਨ ਲੱਗੇ। ਮੇਰੇ ਬਾਲ ਮਨ ਨੂੰ ਲੱਗਾ ਜਿਵੇਂ ਮਾਣਕ ਦੀ ਤਿੱਖੀ ਆਵਾਜ਼ ਨਾਲ ਧਰਮਸ਼ਾਲਾ ਦੀ ਛੱਤ 'ਤੇ ਮੰਜੇ ਜੋੜ ਕੇ ਟੰਗੇ ਸਪੀਕਰ ਚਿੱਬੇ ਹੋ ਗਏ ਹੋਣਗੇ ਪਰ ਮੇਰਾ ਇਹ ਖਦਸ਼ਾ ਸੱਚ ਨਹੀਂ ਸੀ। ਮਾਣਕ ਦੀ ਟਾਟ ਵਰਗੀ ਤਿੱਖੀ ਆਵਾਜ਼ ਨਾਲ ਗੂੰਜ ਜਰੂਰ ਪੈਣ ਲੱਗ ਜਾਂਦੀ ਜਿਸਨੂੰ ਸਪੀਕਰ ਵਾਲਾ ਭਾਈ ਘੜੀ ਮੁੜੀ ਸੈੱਟ ਕਰਦਾ ਸੀ।
        ਕੁਲਦੀਪ ਮਾਣਕ ਨੇ ਵਕਤ ਨੂੰ ਢਾਈ ਤਿੰਨ ਘੰਟੇ ਧਰਮਸ਼ਾਲਾ ਦੀਆਂ ਥੰਮੀਆਂ ਨਾਲ ਬੰਨ੍ਹੀ ਰੱਖਿਆ। 'ਛੇਤੀ ਕਰ ਸਰਵਣ ਬੱਚਾ, ਪਾਣੀ ਪਿਲਾਦੇ ਉਏ' ਤੋਂ ਲੈ ਕੇ 'ਤੇਰੇ ਟਿੱਲੇ ਤੋਂ ਉਏ ਸੂਰਤ ਦੀਂਹਦੀ ਆ ਹੀਰ ਦੀ-ਔਹ ਲੈ ਵੇਖ ਗੋਰਖਾ ਉੱਡਦੀ ਆ ਫੁੱਲਕਾਰੀ' ਤੱਕ ਪਤਾ ਨਹੀਂ ਕਿੰਨੇ ਕੁ ਗੀਤ ਸੁਣਾਏ ਸਨ। ਘਰਦੀ ਕੱਢੀ ਦੇਸੀ ਦਾਰੂ ਨਾਲ ਟੁੰਨ ਹੋਏ ਬਾਰਾਤੀ ਘੜੀ ਮੁੜੀ ਗੋਰਖ ਨਾਥ ਦੇ ਟਿਲੇ ਤੋਂ ਹੀਰ ਸੁਨਣ ਦੀ ਜਿ਼ੱਦ ਕਰਦੇ ਰਹੇ। ਮਾਣਕ ਨੂੰ ਪੰਜ–ਛੇ ਵਾਰ ਇਹ ਗੀਤ ਗਾਉਣਾ ਪਿਆ ਸੀ। ਗੀਤ ਦੇ ਆਖੀਰ 'ਚ ਆਉਂਦੇ ਸ਼ਬਦ 'ਥਰੀਕੇ ਵਾਲਿਆ' 'ਥਰੀਕੇ ਵਾਲੜਾ' 'ਦੇਵ ਥਰੀਕਿਆਂ ਵਾਲਿਆ' 'ਚੋਂ 'ਥਰੀਕੇ' ਨੂੰ ਮਾਣਕ ਬੜਾ ਘਰੋੜ ਕੇ ਬੋਲਦਾ। ਉਸ ਵਲੋਂ 'ਥੱਥਾ' ਸ਼ਬਦ 'ਤੇ ਜਿਆਦਾ ਹੀ ਜ਼ੋਰ ਪਾ ਕੇ ਬੋਲਿਆ 'ਥ---ਥਰੀਕੇ' ਮੱਲੋਮੱਲੀ ਮੇਰੇ ਵਰਗਿਆਂ ਦੇ ਜ਼ਿਹਨ 'ਚ ਅੜ ਜਾਂਦਾ। ਉਦੋਂ ਐਨਾ ਨਹੀਂ ਸੀ ਪਤਾ ਕਿ ਗਾਏ ਜਾਣ ਵਾਲੇ ਗੀਤਾਂ ਨੂੰ ਕੋਈ ਲਿਖਦਾ ਵੀ ਹੈ। ਉਦੋਂ ਨਹੀਂ ਸੀ ਪਤਾ ਕਿ ਮਾਣਕ ਦੇ ਜਿੰਨਾਂ ਗੀਤਾਂ 'ਤੇ ਲੋਕ ਝੂੰਮ ਰਹੇ ਨੇ, ਉਹ ਕਿਸੇ 'ਦੇਵ ਥਰੀਕਿਆਂ ਵਾਲੇ' ਨਾਂ ਦੇ ਗੀਤਕਾਰ ਨੇ ਲਿਖੇ ਹੋਏ ਹਨ। ਉਦੋਂ ਤਾਂ ਸੋਚਿਆ ਵੀ ਨਹੀਂ ਸੀ ਅੱਗੇ ਚੱਲ ਕੇ ਥਰੀਕਿਆਂ ਵਾਲੇ ਦੇਵ ਦੀ ਮੁਹੱਬਤ ਮਾਨਣ ਦਾ ਮੌਕਾ ਵੀ ਮਿਲੇਗਾ।
        ਉਹਨਾਂ ਦਿਨਾਂ 'ਚ ਨਰਿੰਦਰ ਬੀਬਾ ਦਾ ਗਾਇਆ ਗੀਤ "ਰਣ ਗਗਨ ਦਮਾਮਾ ਵੱਜਿਆ ਸਿੰਘੋ ਸਰਦਾਰੋ, ਅੱਜ ਵੈਰੀ ਚੜ੍ਹਕੇ ਆ ਗਿਆ ਤੁਸੀਂ ਜਾ ਲਲਕਾਰੋ" ਸੁਨਣ ਵਾਲਿਆਂ ਅੰਦਰ ਜੋਸ਼ ਭਰ ਦਿੰਦਾ ਸੀ। ਬੀਬਾ ਦੀ ਆਵਾਜ਼ 'ਚ ਹੀ ਰੇਡੀਓ 'ਤੋਂ "ਕਾਹਨੂੰ ਮਾਰਦਾਂ ਚੰਦਰਿਆਂ ਛਮਕਾਂ, ਮੈਂ ਕੱਚ ਦੇ ਗਿਲਾਸ ਵਰਗੀ" ਵੀ ਘੜੀ ਮੁੜੀ ਸੁਨਣ ਨੂੰ ਮਿਲਦਾ। ਹੁਣ ਗੀਤਾਂ ਦੇ ਬੋਲਾਂ ਦੀ ਕੁੱਝ ਕੁੱਝ ਸਮਝ ਪੈਣ ਲੱਗੀ। ਇਹ ਵੀ ਪਤਾ ਲੱਗਣ ਲੱਗਾ ਕਿ ਗਾਏ ਜਾਂਦੇ ਗੀਤ ਆਕਾਸ਼ 'ਚੋਂ ਨਹੀਂ ਆਉਂਦੇ ਬਲਕਿ ਇਹਨਾਂ ਨੂੰ "ਥਰੀਕਿਆਂ ਵਾਲੇ ਦੇਵ" ਵਰਗੇ ਲੇਖਕ ਲਿਖਦੇ ਹਨ। ਮੈਂ ਸੋਚਦਾ ਕਿ ਗੀਤ ਲਿਖਣ ਵਾਲੇ ਆਮ ਲੋਕ ਨਹੀਂ ਹਨ-ਇਹ ਜਰੂਰ ਕਿਸੇ ਹੋਰ ਦੁਨੀਆ ਤੋਂ ਆਏ ਹੋਣਗੇ। ਕੋਈ ਆਮ ਬੰਦਾ ਇੰਜ ਪੈਂਤੀ ਅੱਖਰਾਂ ਨੂੰ ਜੋੜ ਕੇ ਗੀਤ ਕਿਵੇਂ ਬਣਾ ਸਕਦਾ ਹੈ ?
         ਉਹਨਾਂ ਦਿਨਾਂ 'ਚ ਦਿਮਾਗ ਇਹ ਸੋਚ ਹੀ ਨਹੀਂ ਸੀ ਸਕਦਾ ਕਿ 'ਤੇਰੇ ਟਿੱਲੇ ਤੋਂ ਔਹ ਸੂਰਤ ਦੀਂਹਦੀ ਐ ਹੀਰ ਦੀ' ਵਰਗੇ ਗੀਤ ਲਿਖਣ ਵਾਲਾ 'ਥਰੀਕਿਆਂ ਵਾਲਾ ਦੇਵ' ਸਾਡੇ ਵਾਂਗ ਹੀ ਸਕੂਲ ਦੇ ਤੱਪੜਾਂ 'ਤੇ ਬੈਠ ਕੇ ਪੜ੍ਹਦਾ ਰਿਹਾ ਹੈ। ਲਲਤੋਂ ਕਲਾਂ ਦੇ ਸਕੂਲ 'ਚ ਗਿਆਨੀ ਹਰੀ ਸਿੰਘ ਦਿਲਬਰ ਕੋਲ ਪੜ੍ਹਦਾ ਇਹ ਵਿਦਿਆਰਥੀ ਆਪਣੇ ਲੇਖਕ ਅਧਿਆਪਕ ਦੀ ਦੇਖਾ ਦੇਖੀ ਪੜ੍ਹਨ ਲਿਖਣ ਲੱਗਾ ਹੋਵੇਗਾ। ਸੰਗਾਊ ਤੇ ਸਰੀਰੋਂ ਕਮਜ਼ੋਰ ਜਿਹੇ ਮੁੰਡੇ ਹਰਦੇਵ ਨੇ ਸਕੂਲ ਦੀ ਬਾਲ ਸਭਾ 'ਚ ਸੁਨਾਉਣ ਲਈ 'ਚੱਕ ਭੈਣੇ ਬਸਤਾ ਸਕੂਲ ਚੱਲੀਏ" ਗੀਤ ਲਿਖਿਆ ਹੋਵੇਗਾ ਤੇ ਆਪਣੇ ਵਕਤ ਦੇ ਉੱਘੇ ਨਾਵਲਕਾਰ ਕਹਾਣੀਕਾਰ ਮਾਸਟਰ ਗਿਆਨੀ ਹਰੀ ਸਿੰਘ ਨੇ ਇਸ ਗੀਤ ਨੂੰ "ਬਾਲ ਦਰਬਾਰ" ਨਾਂ ਦੇ ਮੈਗਜ਼ੀਨ 'ਚ ਛਪਾ ਕੇ ਉਸਨੂੰ ਲਿਖਣ ਦੇ ਰਾਹ ਪਾ ਦਿੱਤਾ ਹੋਵੇਗਾ। ਹਰਦੇਵ ਸਿੰਘ ਤੋਂ ਹਰਦੇਵ ਦਿਲਗੀਰ ਬਣਿਆ ਇਹ ਮੁੰਡਾ ਬਾਲ ਗੀਤਾਂ ਦੇ ਨਾਲ ਨਾਲ ਕਹਾਣੀਆਂ ਵੀ ਜੋੜਨ ਲੱਗ ਪਿਆ ਹੋਵੇਗਾ ਤੇ ਫਿਰ ਉਸਨੇ ਨਾਵਲ ਵੀ ਝਰੀਟ ਦਿੱਤਾ ਹੋਵੇਗਾ।
       ਉਹਨਾਂ ਦਿਨਾਂ 'ਚ ਰੇਡੀਓ 'ਤੇ ਵੱਜਦੇ ਇੱਕ ਗੀਤ ਨਾਲ ਬੜੀ ਗੂੜ੍ਹੀ ਮੁਹੱਬਤ ਹੋ ਗਈ। ਰੇਡੀਓ ਤੋਂ ਇਸ ਗੀਤ ਦੇ ਆਉਣ ਦੀ ਉਡੀਕ ਲੱਗੀ ਰਹਿੰਦੀ। ਜਦੋਂ ਹੀ ਅਨਾਊਂਸਰ "ਹੁਣ ਸੁਣੋ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦੀ ਆਵਾਜ਼ 'ਚ ਦੇਵ ਥਰੀਕੇ ਵਾਲੇ ਦਾ ਲਿਖਿਆ ਗੀਤ "ਕੌਣ ਪ੍ਰਾਹੁਣਾ ਆਇਆ" ਆਖਦਾ ਤਾਂ ਦਿਲ 'ਚ ਗੁਦਗੁਦੀ ਜਿਹੀ ਹੋਣ ਲੱਗਦੀ। ਇਹ ਪਹਿਲਾ ਗੀਤ ਸੀ ਜੋ ਮੈਂ ਰੇਡੀਓ ਤੋਂ ਸੁਣਕੇ ਸਕੂਲ ਵਾਲੀ ਕਾਪੀ ਦੇ ਪਿਛਲੇ ਵਰਕੇ 'ਤੇ ਉਤਾਰਿਆ ਸੀ। ਗੀਤ ਦੇ ਬੋਲ ਮੇਰੇ ਦਿਮਾਗ 'ਚ ਗੂੰਜਦੇ ਰਹਿੰਦੇ :-
ਦੀਵਿਆਂ ਵੇਲੇ ਦਰ ਅਪਣੇ ਦਾ ਕਿਸ ਕੁੰਡਾ ਖੜਕਾਇਆ
ਨੀ ਉੱਠ ਵੇਖ ਨਨਾਣੇ ਕੌਣ ਪ੍ਰਾਹੁਣਾ ਆਇਆ।
ਫੁੱਲਾਂ ਵਰਗੀ ਮਹਿਕ ਜਿਹੀ ਕੀ, ਵੀਹੀ ਵਿੱਚੋਂ ਆਵੇ
ਰੱਬ ਕਰਕੇ ਨੀ ਰਾਤ ਵਾਲਾ ਮੇਰਾ, ਸੁਫਨਾ ਸੱਚ ਹੋ ਜਾਵੇ
ਚੁੱਲ੍ਹੇ ਮੂਹਰੇ ਬੈਠੀ ਦਾ ਨੀ ਮੇਰਾ, ਅੰਗ ਅੰਗ ਨਸ਼ਿਆਇਆ
ਨੀ ਉੱਠ ਵੇਖ ਨਨਾਣੇ ਕੌਣ ਪ੍ਰਾਹੁਣਾ ਆਇਆ।
ਨੀ ਨਣਦੇ ਨੀ ਬੀਬੀਏ ਨਣਦੇ, ਬਿੜਕ ਪੈਰਾਂ ਦੀ ਆਈ
ਇਉਂ ਜਾਪੇ ਨੀ ਬਾਹਰ ਖੜ੍ਹਾ ਹੈ, ਚੰਨ ਵਰਗਾ ਤੇਰਾ ਭਾਈ
ਮੇਰਾ ਨਾਓਂ ਲੈ ਕੇ ਨੀ, ਕਿਸਨੂੰ ਹੋਰ ਬੁਲਾਇਆ
ਨੀ ਉੱਠ ਵੇਖ ਨਨਾਣੇ ਕੌਣ ਪ੍ਰਾਹੁਣਾ ਆਇਆ।
ਭੁੱਲ ਭੁਲੇਖੇ ਸ਼ੀਸ਼ੇ ਮੂਹਰੇ, ਜਦ ਬੈਠਾਂ ਮੈਂ ਆ ਕੇ,
ਪੁੱਠੀਆਂ ਸਿੱਧੀਆਂ ਗੱਲਾਂ ਨੀ, ਪਾ ਲੈਂਦੀਆਂ ਘੇਰਾ ਆ ਕੇ
ਪਰਸੋਂ ਰੋਂਦੀਆਂ ਰੀਝਾਂ ਨੂੰ ਮੈਂ, ਲਾਰਿਆਂ ਨਾਲ ਵਰਾਇਆ
ਨੀ ਉੱਠ ਵੇਖ ਨਨਾਣੇ ਕੌਣ ਪ੍ਰਾਹੁਣਾ ਆਇਆ।
       ਇਹ ਮੇਰੀ ਉਮਰ ਦੇ ਉਹ ਦਿਨ ਸਨ ਜਦੋਂ ਮੈਨੂੰ ਕਦੇ ਖਿਡਾਰੀ ਚੰਗੇ ਲੱਗਣ ਲੱਗਦੇ ਤੇ ਕਦੇ ਲਿਖਾਰੀ। ਮੈਂ ਨੇੜੇ ਤੇੜੇ ਹੁੰਦੇ ਖੇਡ ਮੇਲੇ ਅਤੇ ਅਖਾੜੇ ਵੇਖਣੋ ਨਾ ਖੁੰਝਦਾ। ਮੇਰਾ ਮਾੜਚੂ ਸਰੀਰ ਕਬੱਡੀ ਦੇ ਖਿਡਾਰੀਆਂ ਦੀਆਂ ਧੌਲਾਂ ਸਹਿਣ ਜੋਗਾ ਨਹੀਂ ਸੀ। ਮੈਂ ਹਿਸਾਬ ਲਾਇਆ-ਖਿਡਾਰੀ ਨਹੀਂ ਤਾਂ ਲਿਖਾਰੀ ਤਾਂ ਬਣਿਆ ਹੀ ਜਾ ਸਕਦਾ ਹੈ। ਮੈਂ ਸ਼ਬਦਾਂ ਨਾਲ ਖੇਡਣ ਦਾ ਅਭਿਆਸ ਕਰਨ ਲੱਗਾ। ਕਵਿਤਾਵਾਂ ਤੋਂ ਹੁੰਦਾ ਹੋਇਆ ਕਹਾਣੀਆਂ 'ਤੇ ਵੀ ਹੱਥ ਅਜਮਾਈ ਕਰਨ ਲੱਗਾ। ਕਹਾਣੀਆਂ ਤੇ ਕਵਿਤਾਵਾਂ ਅਖਬਾਰਾਂ ਮੈਗਜ਼ੀਨਾਂ 'ਚ ਛਪਣ ਵੀ ਲੱਗੀਆਂ। ਸਾਹਿਤਕਾਰਾਂ ਨਾਲ ਜਾਣ ਪਛਾਣ ਹੋਣ ਲੱਗੀ। ਸਾਹਿਤ ਸਭਾਵਾਂ 'ਚ ਜਾਣ ਲੱਗਾ। ਗੀਤਾਂ, ਕਵਿਤਾਵਾਂ ਦੇ ਬੋਲਾਂ ਅੰਦਰਲੇ ਅਰਥਾਂ ਦੇ ਮਚਲਦੇ ਸਾਗਰ 'ਚ ਡੁੱਬਣ ਤਰਨ ਲੱਗਾ। ਗਾਇਕ ਗਾਇਕਾਵਾਂ ਦੀ ਆਵਾਜ਼ ਦੇ ਨਾਲ ਨਾਲ ਗੀਤਾਂ ਦੀ ਸ਼ਬਦਾਵਲੀ ਬਾਰੇ ਵੀ ਸੋਚਣ ਲੱਗਦਾ। ਅੰਦਰੇ ਅੰਦਰ ਗੀਤਾਂ ਦੀ ਆਲੋਚਨਾ ਵੀ ਹੋਣ ਲੱਗੀ। ਗਾਇਕਾਂ ਨਾਲੋਂ ਵੱਧ ਗੀਤਾਂ ਦੇ ਸਿਰਜਣਹਾਰਿਆਂ ਨਾਲ ਲਗਾਅ ਹੋਣ ਲੱਗਾ। ਗੀਤਕਾਰਾਂ ਨੂੰ ਮਿਲਣ ਦੀ ਇੱਛਾ ਵੀ ਪੈਦਾ ਹੋਣ ਲੱਗੀ। ਮੇਰੀ ਇੱਛਾ 'ਚ ਸਭ ਤੋਂ ਪਹਿਲਾ ਨਾਂ "ਦੀਵਿਆਂ ਵੇਲੇ ਦਰ ਆਪਣੇ ਦਾ ਕਿਸ ਕੁੰਡਾ ਖੜਕਾਇਆ' ਵਾਲੇ ਦੇਵ ਥਰੀਕੇ ਦਾ ਹੁੰਦਾ।
        ਇਹ ਜਗਦੇਵ ਸਿੰਘ ਜੱਸੋਵਾਲ ਵਲੋਂ ਪ੍ਰਫੈਸਰ ਮੋਹਨ ਸਿੰਘ ਦੇ ਨਾਂ 'ਤੇ ਲਾਏ ਜਾਂਦੇ ਗਾਇਕੀ ਮੇਲੇ ਦੀ ਚੜਤ ਦੇ ਦਿਨਾਂ ਦੀਆਂ ਗੱਲਾਂ ਨੇ। ਉਸ ਵਰ੍ਹੇ ਮੇਲੇ 'ਚ ਕਨੇਡਾ ਤੋਂ ਆਏ ਕੋਟ ਪੈਂਟ ਵਾਲੇ ਉੱਚੇ ਲੰਮੇ ਮੁੰਡੇ ਹਰਭਜਨ ਮਾਨ ਨੇ "ਚਿੱਠੀਏ ਨੀ ਚਿੱਠੀਏ-ਹੰਝੂਆਂ ਨਾ ਲਿਖੀਏ" ਗਾ ਕੇ ਮੇਲਾ ਲੁੱਟ ਲਿਆ ਸੀ। ਅਸੀਂ ਕਾਲਜੋਂ ਉਡਾਰੀ ਮਾਰ ਕੇ ਮੇਲਾ ਵੇਖਣ ਗਏ ਸਾਂ। ਲੌਢੇ ਵੇਲੇ ਕੁਲਦੀਪ ਮਾਣਕ ਸਟੇਜ 'ਤੇ ਆਇਆ। ਇਕੱਠ 'ਚ ਰੌਲਾ ਪੈ ਗਿਆ—ਮਾਣਕ ਆ ਗਿਆ—ਮਾਣਕ ਆ ਗਿਆ। ਫਿਰ ਮੈਨੂੰ ਆਸਿਓਂ ਪਾਸਿਓਂ ਕੁਝ ਹੋਰ ਆਵਾਜ਼ਾਂ ਵੀ ਸੁਣਾਈ ਦਿੱਤੀਆਂ- "ਔਹ ਥਰੀਕਿਆਂ ਵਾਲਾ ਦੇਵ ਐ।" ਉੱਚੀ ਟੋਅ ਵਾਲੀ ਚਿੱਟੇ ਰੰਗ ਦੀ ਪੱਗ ਵਾਲੇ ਗੋਰੇ ਨਿਛੋਹ ਰੰਗ ਦੇ ਅੱਧਖੜ ਬੰਦੇ ਨੂੰ ਮਾਣਕ ਦੇ ਨਾਲ ਖੜਿਆਂ ਵੇਖ ਕੇ ਮੇਰਾ ਦਿਲ ਬਾਗੋ ਬਾਗ ਹੋ ਗਿਆ। ਮਾਣਕ ਨੇ ਉਸਨੂੰ ਜੱਫੀ 'ਚ ਘੁੱਟ ਲਿਆ। ਮਾਣਕ ਨੇ ਇੱਕ ਇੱਕ ਕਰਕੇ ਕਿੰਨੇ ਗੀਤ ਸੁਣਾਏ। ਦਾਰੂ ਨਾਲ ਡੱਕੀ ਮੁੰਡੀਹਰ ਨੇ ਚੀਕਾਂ ਕੂਕਾਂ ਵੀ ਮਾਰੀਆਂ। ਉਂਗਲੀਓਂ ਛੁੱਟੇ ਜੁਆਕ ਵਾਂਗ ਬਹੁਤੇ ਗੀਤਾਂ ਦੇ ਸ਼ਬਦ ਮੁੰਡੀਹਰ ਦੇ ਰੌਲੇ ਵਿੱਚ ਹੀ ਗੁਆਚ ਗਏ। ਇਹ ਕਿਹੜੇ ਗੀਤ ਸਨ, ਮੈਨੂੰ ਕੁੱਝ ਵੀ ਪਤਾ ਨਾ ਲੱਗਾ। ਦਰਅਸਲ ਮੇਰਾ ਤਾਂ ਸਾਰਾ ਧਿਆਨ ਸਟੇਜ ਦੀ ਨੁਕਰੇ ਖੜੇ ਦੇਵ ਥਰੀਕੇ ਵੱਲ ਹੀ ਲੱਗਾ ਰਿਹਾ। ਜਦੋਂ ਮਾਣਕ ਗਾਉਣੋ ਹਟਿਆ ਤਾਂ ਜਗਦੇਵ ਸਿੰਘ ਜੱਸੋਵਾਲ ਨੇ ਮਾਇਕ ਫੜਕੇ ਕਿੰਨਾ ਚਿਰ ਮਾਣਕ ਅਤੇ ਥਰੀਕਿਆਂ ਵਾਲੇ ਦੇਵ ਦੀ ਗੁੱਡੀ ਬੰਨ੍ਹੀ। ਫਿਰ ਲੰਮੇ ਚੌੜੇ ਜੱਸੋਵਾਲ ਨੇ ਆਪਣੀ ਇੱਕ ਵੱਖੀ ਨਾਲ ਇਕਹਿਰੀ ਹੱਡੀ ਦੇ ਕੁਲਦੀਪ ਮਾਣਕ ਅਤੇ ਦੂਜੀ ਵੱਖੀ ਨਾਲ ਆਪਣੇ ਗੀਤਾਂ ਵਰਗੇ ਹੀ ਗੋਰੇ ਚਿੱਟੇ ਦੇਵ ਨੂੰ ਘੁੱਟ ਲਿਆ।
        ਆਪਣੇ ਹਿੱਸੇ ਦਾ ਸਨਮਾਨ ਲੈ ਕੇ ਮਾਣਕ ਸਟੇਜ ਤੋਂ ਉੱਤਰਿਆ ਤਾਂ ਦੇਵ ਵੀ ਉਸਦੇ ਨਾਲ ਹੀ ਥੱਲੇ ਉਤਰ ਗਿਆ। ਮੈਂ ਨਾਲਦਿਆਂ ਨੂੰ "ਹੁਣੇ ਆਇਆ" ਕਹਿ ਕੇ ਕਾਹਲੀ ਕਾਹਲੀ ਪੰਡਾਲ 'ਚੋਂ ਖਿਸਕ ਗਿਆ। ਮੈਂ ਟਿੱਲੇ ਤੋਂ ਹੀਰ ਦਿਖਾਉਣ ਵਾਲੇ ਥਰੀਕਿਆਂ ਵਾਲੇ ਦੇਵ ਨੂੰ ਮਿਲਣਾ ਚਾਹੁੰਦਾ ਸਾਂ। ਮੈਂ ਭੀੜ 'ਚੋਂ ਆਸਾ ਪਾਸਾ ਮਾਰਦਿਆਂ ਦੇਵ ਦੇ ਸਾਹਮਣੇ ਜਾ ਪੁੱਜਾ ਪਰ ਮੇਰੀ ਦੋਵੇਂ ਹੱਥ ਜੋੜ ਕੇ ਬੁਲਾਈ ਸਤਿ ਸ੍ਰੀ ਅਕਾਲ ਉਹਨਾਂ ਦੇ ਪ੍ਰਸੰਸਕਾਂ ਦੇ ਰੌਲੇ ਰੱਪੇ 'ਚ ਗੁਆਚ ਗਈ। ਭੀੜ 'ਚ ਘਿਰੇ ਦੋਵੇਂ ਗਏ। ਇੱਕ ਦੂਜੇ ਨੂੰ ਗਲਵਕੜੀ ਪਾਈ ਝੂਲਦੇ ਜਾਂਦੇ ਦੋਵੇਂ ਆਪਣੀ ਗੱਡੀ ਵੱਲ ਚਲੇ ਗਏ। ਮਾਣਕ ਦੀਆਂ ਰਵਾਂਹ ਦੀਆਂ ਫਲੀਆਂ ਵਰਗੀਆਂ ਉਂਗਲਾਂ 'ਚ ਪਾਈਆਂ ਤੋਲੇ ਤੋਲੇ ਦੀਆਂ ਛਾਪਾਂ ਲਿਸ਼ਕਾਰੇ ਮਾਰਦੀਆਂ ਸਨ। ਮੈਂ ਗਹੁ ਨਾਲ ਵੇਖਿਆ ਦੇਵ ਦੀ ਦੂਰੋਂ ਚਿੱਟੀ ਨਜ਼ਰ ਆਉਣ ਵਾਲੀ ਪੱਗ ਕਰੀਮ ਰੰਗ ਦੀ ਸੀ ਜਿਸ ਵਿੱਚ ਦੇਵ ਦਾ ਰੰਗ ਸੂਹੀ ਭਾਅ ਮਾਰਦਾ ਸੀ। ਮੈਂ ਦੋਵਾਂ ਨੂੰ ਖੜਾ ਵੇਂਹਦਾ ਰਹਿ ਗਿਆ। ਜਿਵੇਂ ਕੋਈ ਦਰਿਆ ਦੇ ਕਿਨਾਰੇ ਜਾ ਕੇ ਵੀ ਪਿਆਸਾ ਰਹਿ ਜਾਵੇ। ਇਸਦੇ ਬਾਵਜੂਦ ਮੈਨੂੰ ਬੜੀ ਤਸੱਲੀ ਸੀ। ਲੋਕ ਗਾਥਾਵਾਂ ਲਿਖਣ ਵਾਲੇ ਮਸ਼ਹੂਰ ਗੀਤਕਾਰ ਨੂੰ ਮੈਂ ਨੇੜੇ ਤੋਂ ਵੇਖ ਲਿਆ ਸੀ।
       ਦੇਵ ਨੂੰ ਹੋਰ ਨੇੜਿਓਂ ਵੇਖਣ ਤੇ ਮਿਲਣ ਦਾ ਸਬੱਬ ਅਗਲੇ ਸਾਲ ਬਣ ਗਿਆ। ਸਥਾਨ ਪਹਿਲਾਂ ਵਾਲਾ ਹੀ ਸੀ-ਪੰਜਾਬੀ ਭਵਨ ਲੁਧਿਆਣਾ। ਪ੍ਰੋ: ਮੋਹਨ ਸਿੰਘ ਵਾਲੇ ਮੇਲੇ 'ਚ ਐਂਤਕੀ ਵੀ ਤਿਲ ਸੁੱਟਣ ਲਈ ਥਾਂ ਨਹੀਂ ਸੀ। ਪੰਜਾਬ ਦੇ ਸੰਤਾਪੇ ਦੌਰ 'ਚ ਪਿਸ ਰਹੇ ਲੋਕਾਂ ਨੂੰ ਇਸ ਮੇਲੇ 'ਚ ਆ ਕੇ ਆਪਣੇ ਅੰਦਰਲੇ ਭੈਅ ਨੂੰ ਦੂਰ ਵਗਾਹ ਮਾਰਨ ਦਾ ਮੌਕਾ ਮਿਲ ਜਾਂਦਾ ਸੀ। ਉਸ ਵਰ੍ਹੇ ਪੰਜਾਬੀ ਭਵਨ 'ਚ ਬਰਾ ਬਰੋਬਰ ਦੋ ਸਟੇਜਾਂ ਲੱਗੀਆਂ ਸਨ। ਪੰਜਾਬੀ ਦੇ ਓਪਨ ਏਅਰ ਥੀਏਟਰ ਦੀ ਸਟੇਜ 'ਤੇ ਖਾਸੇ ਸਰਕਾਰੀ ਅਧਿਕਾਰੀ ਜੁੜੇ ਹੋਏ ਸਨ। ਇਸ ਦੇ ਮੁਕਾਬਲੇ ਲੋਕਾਂ ਨੇ ਪੰਜਾਬੀ ਭਵਨ ਦੇ ਖੁੱਲੇ ਮੈਦਾਨ 'ਚ ਖੜੇ ਪੈਰ ਆਰਜੀ ਸਟੇਜ ਬਣਾ ਲਈ। ਮੇਰੇ ਵਰਗੇ ਪੰਜਾਬੀ ਭਵਨ ਦੀ ਇਸ ਖੁੱਲੀ ਸਟੇਜ 'ਤੇ ਮਾਣਕ ਵਰਗਿਆਂ ਨੂੰ ਸੁਨਣ ਲੱਗੇ। ਜਿੰਨ੍ਹਾਂ ਨੂੰ ਅੰਦਰਲੀ ਸਟੇਜ ਤੋਂ ਗਾਉਣ ਦਾ ਟਾਈਮ ਨਹੀਂ ਸੀ ਮਿਲਣਾ, ਉਹ ਬਾਹਰਲੀ ਖੁੱਲੀ ਸਟੇਜ ਤੋਂ ਹਾਜ਼ਰੀ ਲੁਆ ਗਏ। ਮਾਣਕ ਨੇ ਢਾਈ ਤਿੰਨ ਘੰਟੇ ਰੰਗ ਬੰਨ੍ਹੀ ਰੱਖਿਆ। ਉਸ ਦਿਨ ਪਹਿਲੀ ਵਾਰ ਦੇਵ ਥਰੀਕੇ ਵਾਲੇ ਨੂੰ ਬੜੀ ਨੇੜੇ ਤੋਂ ਵੇਖਿਆ। ਉਹ ਅੰਗੂਰਾਂ ਦੀ ਜਾਈ ਦੇ ਲੋਰ 'ਚ ਝੂਮ ਰਿਹਾ ਸੀ ਤੇ ਸਾਥੀ ਗੀਤਕਾਰਾਂ ਤੇ ਗਾਇਕਾਂ ਨਾਲ ਢੋਲੇ ਦੀਆਂ ਲਾ ਰਿਹਾ ਸੀ। ਮੈਨੂੰ ਥੋੜਾ ਧੱਕਾ ਜਿਹਾ ਵੀ ਲੱਗਾ। ਉਦੋਂ ਕੀ ਪਤਾ ਸੀ ਕਿ ਇਹ ਤੇਰਵਾਂ ਰਤਨ ਤਾਂ ਬਾਈ ਦੇਵ ਨੂੰ ਵਿਰਸੇ 'ਚੋਂ ਹੀ ਮਿਲਿਆ ਹੈ।
       ਪੰਜਾਬੀ ਭਵਨ ਵਾਲੀ ਇਸ ਮਿਲਣੀ ਨੂੰ ਕਈ ਵਰ੍ਹੇ ਲੰਘ ਗਏ। ਇੱਕ ਦਿਨ ਘਰ ਵਾਲੇ ਲੈਂਡ ਲਾਈਨ ਫੋਨ 'ਤੇ ਬਾਈ ਦੇਵ ਦਾ ਫੋਨ ਆਇਆ।
        "ਕੜਿਆਲਵੀ ਮੈਂ ਦੇਵ ਬੋਲਦਾਂ। ਦੇਵ ਥਰੀਕੇ ਵਾਲਾ।" ਕਿੰਨਾ ਚਿਰ ਮੈਨੂੰ ਯਕੀਨ ਹੀ ਨਾ ਆਇਆ। ਪੰਜਾਬ ਦੇ ਐੱਡੇ ਵੱਡੇ ਗੀਤਕਾਰ ਨੇ ਮੈਨੂੰ ਫੋਨ ਕੀਤਾ ਸੀ। ਮੈਨੂੰ ਆਪਣਾ ਆਪ ਖਾਸ ਬਣ ਗਿਆ ਮਹਿਸੂਸ ਹੋਇਆ।
     "ਕੜਿਆਲਵੀ, ਯਾਰ ਇਹ ਸਾਡੇ ਸਮਾਜ ਦੀ ਬਦਕਿਸਮਤੀ ਐ। ਅਸੀਂ ਕਾਮਰੇਡ ਝਬਾਲ ਵਰਗੇ ਨਿਰਸਵਾਰਥੀ ਆਗੂਆਂ ਦੀ ਸਹੀ ਕਦਰ ਨਹੀਂ ਪਾ ਸਕੇ। ਇਥੇ ਤਾਂ ਉਹ ਗੱਲ ਹੋਈ ਪਈ ਐ-ਅਖੇ ਸ਼ੇਰਾਂ ਦੀਆਂ ਮਾਰਾਂ 'ਤੇ ਗਿੱਦੜ ਕਰਨ ਕਾਲੋਲ। ਅੰਗਰੇਜ਼ਾਂ ਨਾਲ ਰਲਕੇ ਦੇਸ਼ ਨਾਲ ਗਦਾਰੀਆਂ ਕਰਨ ਵਾਲੇ ਤੇ ਦੇਸ਼ ਭਗਤਾਂ ਨੂੰ ਫੜਾਉਣ ਵਾਲੇ ਗੱਦੀਆਂ ਸਾਂਭ ਕੇ ਬਹਿਗੇ ਤੇ ਘਰ ਘਾਟ ਗਵਾ ਕੇ ਕੁਰਬਾਨੀਆਂ ਕਰਨ ਵਾਲਿਆਂ ਨੂੰ ਕੋਈ ਨਹੀਂ ਪੁੱਛਦਾ। ਮਾੜਾ ਸਮਾਂ ਆ ਗਿਆ। ਦਰਸ਼ਨ ਸਿੰਘ ਝਬਾਲ ਵਰਗੇ ਆਗੂ ਹੁਣ ਨ੍ਹੀ ਮਿਲਦੇ। ਫਕੀਰ ਆਦਮੀ ਸੀ। ਕਿਰਤੀਆਂ ਦਾ ਆਗੂ।" ਉਹ ਮੇਰੇ ਨਾਲ ਖਾਸਾ ਚਿਰ ਗੱਲਾਂ ਮਾਰਦਾ ਰਿਹਾ। ਉਸ ਦਿਨ 'ਨਵਾਂ ਜ਼ਮਾਨਾ' ਅਖਬਾਰ 'ਚ ਕਾਮਰੇਡ ਦਰਸ਼ਨ ਸਿੰਘ ਝਬਾਲ ਦੀ ਛਪੀ ਹੋਈ ਜੀਵਨੀ 'ਤੇ ਮੇਰੇ ਵਲੋਂ ਲਿਖਿਆ ਫੋਕਸ ਛਪਿਆ ਸੀ। ਇਹ ਜੀਵਨੀ ਕਾਮਰੇਡ ਬਲਵਿੰਦਰ ਝਬਾਲ ਨੇ ਛਾਪੀ ਸੀ। ਕਾਮਰੇਡ ਦਰਸ਼ਨ ਸਿੰਘ ਝਬਾਲ ਇੱਕ ਗਰੀਬ ਖੇਤ ਮਜ਼ਦੂਰ ਸੀ ਜਿਹੜਾ ਮਾਰਕਸਵਾਦੀ ਕਮਿਊਨਿਸਟ ਪਾਰਟੀ ਵਲੋਂ ਝਬਾਲ ਹਲਕੇ ਤੋਂ ਐਮ ਐਲ ਏ ਚੁਣਿਆ ਜਾਂਦਾ ਰਿਹਾ। ਐਮ ਐਲ ਏ ਹੁੰਦਿਆਂ ਉਹ ਲੋਕਾਂ ਦੇ ਕੰਮ ਧੰਦੇ ਕਰਾਉਣ ਲਈ ਬੱਸ ਜਾਂ ਆਪਣੀ ਪੁਰਾਣੀ ਸਾਈਕਲ 'ਤੇ ਹੀ ਚੰਡੀਗੜ੍ਹ ਵਗ ਜਾਂਦਾ ਸੀ।
       "ਗੁਰਮੀਤ ! ਯਾਰ ਇਹ ਜੀਵਨੀ ਕਿੱਥੋਂ ਮਿਲੂ ? ਕਿਹੜੇ ਪਬਲੀਸ਼ਰ ਨੇ ਛਾਪੀ ਐ ? ਪੰਜਾਬੀ ਭਵਨ 'ਚੋਂ ਮਿਲਜੂ ? ਗੁਲਾਟੀ ਕੋਲੋਂ ?"
      "ਇਹ ਕਾਮਰੇਡ ਦੇ ਪਰਿਵਾਰ ਨੇ ਈ ਛਾਪੀ ਐ। ਮੈਨੂੰ ਨਹੀਂ ਲੱਗਦਾ ਪੰਜਾਬੀ ਭਵਨ 'ਚੋਂ ਮਿਲੇ।"
     "ਮੈਂ ਪੜ੍ਹਨੀ ਐ ਯਾਰ, ਮੰਗਵਾ ਕੇ ਦੇ ਜਿਵੇਂ ਕਿਵੇਂ।" ਬਾਈ ਦੇਵ ਨੇ ਕਾਮਰੇਡ ਦੀ ਜੀਵਨੀ ਪੜ੍ਹਨ ਦੀ ਇੱਛਾ ਜ਼ਾਹਰ ਕੀਤੀ।
     "ਕੋਈ ਨ੍ਹੀ-ਮੈਂ ਆਪਣੇ ਵਾਲੀ ਕਾਪੀ ਭੇਜਦੂੰ।"
     ਇਸ ਫੋਨ ਨੇ ਮੈਨੂੰ ਬਾਈ ਦੇਵ ਦੇ ਖਿੱਚ ਕੇ ਨੇੜੇ ਕਰ ਦਿੱਤਾ। ਮੇਰੇ ਅੰਦਰਲੀ ਝਿਜਕ ਖਤਮ ਹੋ ਗਈ। ਫੇਰ ਉਹਨਾਂ ਨਾਲ ਅਕਸਰ ਗੱਲ ਹੋਣ ਲੱਗੀ। ਜਦੋਂ ਕਦੇ ਲੁਧਿਆਣੇ ਪੰਜਾਬੀ ਭਵਨ ਗੇੜਾ ਵੱਜਦਾ, ਬਾਈ ਨਾਲ ਮੇਲ ਹੋ ਜਾਂਦਾ। ਕਦੇ ਸ਼ਤੀਸ਼ ਗੁਲਾਟੀ ਦੀ ਚੇਤਨਾ ਪ੍ਰਕਾਸ਼ਨ ਵਾਲੀ ਦੁਕਾਨ 'ਤੇ ਕਦੇ ਪੰਜਾਬੀ ਭਵਨ ਦੇ ਕਿਸੇ ਸਮਾਗਮ 'ਤੇ। ਕਦੇ ਲੰਘਦਿਆਂ ਕਰਦਿਆਂ ਥਰੀਕੇ ਬਾਈ ਦੇਵ ਦੇ ਹੁਜ਼ਰੇ 'ਤੇ ਚਲੇ ਜਾਣਾ।
      ਸੰਗਰੂਰ ਜਿਲ੍ਹੇ 'ਚ ਪੈਂਦਾ 'ਰੋਹੀੜਾ' ਬਾਈ ਦੇਵ ਦਾ ਜੱਦੀ ਪਿੰਡ ਹੈ ਜਿਹੜਾ ਇਤਿਹਾਸਕ ਪਿੰਡ 'ਕੁੱਪ' ਦੇ ਬਿਲਕੁੱਲ ਨਾਲ ਹੈ ਤੇ ਜਿੱਥੇ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨੇ ਦੂਜਾ ਘੱਲੂਘਾਰਾ ਵਰਤਾ ਕੇ ਸਿੱਖਾਂ ਨੂੰ ਖ਼ਤਮ ਕਰਨ ਦਾ ਭਰਮ ਸਿਰਜਿਆ ਸੀ।
      "ਬਾਈ ਜੇ ਬਜੁ਼ਰਗ ਰੋਹੀੜੇ ਈ ਰਹਿੰਦਾ, ਫੇਰ ? " ਗੱਲਾਂ ਗੱਲਾਂ 'ਚ ਇੱਕ ਵਾਰ ਮੈਂ ਪੁੱਛਿਆ ਸੀ।
     "ਮੇਰਾ ਕੀ ਐ ਰੋਹੀੜੇ ? ਬਾਪੂ ਆਇਆ ਸੀ ਉੱਥੋਂ। ਉਹ ਵੀ ਉਦੋਂ ਜਦੋਂ ਚਾਰ ਸਾਲਾਂ ਦਾ ਸੀ। ਉਸਦੇ ਮਾਂ ਪਿਉ ਦੀ ਮੌਤ ਹੋ ਗਈ ਸੀ। ਬਾਪੂ ਉਦੋਂ ਮਸੀਂ ਚਾਰ ਸਾਲਾਂ ਦਾ ਸੀ। ਮਾਂ ਮਸੋਰ ਐਥੇ ਭੂਆ ਕੋਲ ਆ ਗਿਆ। ਫੁੱਫੜ ਇੰਜਨੀਅਰ ਸੀ। ਫੇਰ ਫੁੱਫੜ ਦੀ ਵੀ ਕਿਸੇ ਬਿਮਾਰੀ ਨਾਲ ਮੌਤ ਹੋ ਗਈ। ਬਾਪ ਨੂੰ ਉਹਦੀ ਭੂਆ ਨੇ ਹੀ ਪਾਲਿਆ ਤੇ ਪੜ੍ਹਾਇਆ ਲਿਖਾਇਆ। ਬਾਪੂ ਉਦੋਂ ਦੀਆਂ ਦਸ ਜਮਾਤਾਂ ਪਾਸ ਸੀ। ਗਿਆਨੀ ਹਰੀ ਸਿੰਘ ਦਿਲਬਰ ਨਾਲ ਪੜ੍ਹਦਾ ਰਿਹਾ ਬਾਪੂ। ਬਾਪੂ ਨੇ ਜੱਦੀ ਪੁਸ਼ਤੀ ਤਰਖਾਣਾ ਕੰਮ ਤੋਂ ਲੈ ਕੇ ਆਟੇ ਵਾਲੀ ਚੱਕੀ ਲਾਉਣ ਤੱਕ ਪਤਾ ਨ੍ਹੀ ਕਿੰਨੇ ਕੁ ਵਹਿਣ ਵਿਹਾਏ। ਟਿਕ ਕੇ ਕੰਮ ਨ੍ਹੀ ਸੀ ਕਰ ਸਕਦਾ। ਦਾਰੂ ਬਹੁਤ ਪੀਂਦਾ ਸੀਗਾ। ਇਉਂ ਸਮਝ ਲੈ ਵ੍ਹੀ ਦਾਰੂ ਤਾਂ ਮੈਨੂੰ ਵਿਰਾਸਤ 'ਚੋਂ ਈ ਮਿਲੀ ਐ।" ਜੁਆਬ 'ਚ ਕੌਲੀ 'ਚ ਪਾਏ ਰੋੜਾਂ ਵਾਂਗ ਬਾਈ ਦੇਵ ਦਾ ਹਾਸਾ ਛਣਕਣ ਲੱਗਿਆ ਸੀ।
"ਬੇਬੇ ਨੇ ਮੈਨੂੰ ਕਹਿਣਾ, 'ਵੇ ਦੇਵ, ਤੂੰ ਮਾਸਟਰ ਲੱਗ ਗਿਐਂ। ਦਾਰੂ ਨਾ ਪੀਆ ਕਰ, ਕੌਲ ਸੜਜੂ।' ਮੈਂ ਸੋਚਣਾ ਵ੍ਹੀ ਅੰਦਰ ਸਾਲਾ ਕਿਹੜਾ ਕੌਲ ਰੱਖਿਆ ਹੋਇਆ। ਬੇਬੇ ਐਵੇਂ ਬੋਲੀ ਜਾਂਦੀ ਐ। ਹੁਣ ਪਤਾ ਲੱਗਦਾ ਬੇਬੇ ਸੱਚ ਆਂਹਦੀ ਸੀ। ਬੇਬੇ ਦਾ ਮਤਲਬ ਸੀ ਦਾਰੂ ਕਾਲਜਾ ਸਾੜ ਦੇਊ। ਐਨੀ ਅਕਲ ਈ ਨ੍ਹੀ ਸੀ ਉਦੋਂ--। ਕੜਿਆਲਵੀ, ਸਾਲੀ ਹੁਣ ਨ੍ਹੀ ਛੁੱਟਦੀ। ਹੁਣ ਤਾਂ ਇਹ ਨਾਲ ਈ ਜਾਊ।"
ਉਹ ਕੁੱਝ ਚੁੱਪ ਹੋ ਕੇ ਖਿਲਾਅ ਵਿੱਚ ਦੇਖਣ ਲੱਗ ਜਾਂਦਾ ਜਿਵੇਂ ਕੁੱਝ ਗੁਆਚ ਗਿਆ ਭਾਲ ਰਿਹਾ ਹੋਵੇ।
       "ਗੁਰਮੀਤ ! ਸਾਲੀ ਦਾਰੂ ਨੇ ਵੱਡੇ ਵੱਡੇ ਕਲਾਕਾਰ, ਲੇਖਕ ਤੇ ਬੁੱਧੀਜੀਵੀ ਖਾ ਲਏ। ਕਿਸੇ ਵੇਲੇ ਚਾਂਦੀ ਰਾਮ ਚਾਂਦੀ ਦੀ ਦੋਗਾਣਾ ਗਾਇਕੀ 'ਚ ਤੂਤੀ ਬੋਲਦੀ ਸੀ-ਲੈ ਜਾ ਛੱਲੀਆਂ ਭੁੰਨਾ ਲਈਂ ਦਾਣੇ ਵੇ ਮਿੱਤਰਾ ਦੂਰ ਦਿਆ। ਪਿੰਡਾਂ ਆਲੇ ਵਹੀਰਾਂ ਘੱਤ ਘੱਤ ਆਉਂਦੇ ਸੀਗੇ ਚਾਂਦੀ ਰਾਮ ਚਾਂਦੀ ਨੂੰ ਸੁਨਣ ਵਾਸਤੇ। ਦਾਰੂ ਨੇ ਡੁਬੋ ਲਿਆ ਆਵਦੇ 'ਚ। "ਸਾਡਾ ਐਵੇਂ ਤਾਂ ਨ੍ਹੀ ਹੋਇਆ ਇਹ ਫਕੀਰਾਂ ਵਾਲਾ ਹਾਲ" ਗਾਉਂਦਾ ਗਾਉਂਦਾ ਤੁਰ ਗਿਆ। ਦੀਦਾਰ ਸੰਧੂ ਦਾ ਜਿਗਰ ਵੀ ਦਾਰੂ ਨੇ ਖਾ ਲਿਆ ਸੀਗਾ। ਅੰਦਰੋਂ ਖੂਨ ਆਉਣ ਲੱਗ ਪਿਆ। ਡੀ ਐਮ ਸੀ ਵਾਲਿਆਂ ਨੇ ਜੁਆਬ ਦੇਤਾ ਸੀਗਾ। ਹੋਰ ਵੀ ਬਥੇਰੇ ਹੈਗੇ। ਆਪਣਾ ਸ਼ਿਵ ਕੁਮਾਰ---? ਯਾਰੋ ਲੂਣਾ ਵਰਗੀ ਰਚਨਾ ਲਿਖਲੂ ਕੋਈ? ਮੈਂ ਉਸਦਾ ਗੀਤ "ਜਿੱਥੇ ਇਤਰਾਂ ਦੇ ਵਗਦੇ ਨੇ ਚੋਅ, ਉੱਤੇ ਮੇਰਾ ਯਾਰ ਵਸਦਾ" ਵਾਰ ਵਾਰ ਸੁਣਦਾ ਰਹਿਨੈ। ਐੱਡੀ ਛੇਤੀ ਜਾਣ ਵਾਲਾ ਹੈਨੀ ਸੀ ਸ਼ਿਵ ਕੁਮਾਰ—ਬੱਸ ਦਾਰੂ ਲੈਗੀ।"
       "ਬਾਈ ਜੇ ਕੁੱਪ ਰੋਹੀੜੇ ਰਹਿੰਦਾ ਹੁੰਦਾ --- ਰੋਹੀੜੇ ਨੂੰ ਗੀਤਾਂ 'ਚ ਕਿਵੇਂ ਫਿੱਟ ਕਰਿਆ ਕਰਦਾ ? ਰੋਹੀੜੇ ਦੇ "ੜਾੜੇ" ਨੇ ਤਾਂ ਫਸ ਜਾਇਆ ਕਰਨਾ ਸੀ?"
      "ਕੀ ਪਤਾ ਫਿਰ ਕੀ ਹੁੰਦਾ? ਮੈਨੂੰ ਨ੍ਹੀ ਲੱਗਦਾ ਮੈਂ ਗੀਤਕਾਰ ਹੁੰਦਾ। ਮੇਰਾ ਤਾਂ ਜਨਮ ਈ ਥਰੀਕੇ ਹੋਇਆ। ਜੇ ਰੋਹੀੜੇ ਜੰਮਿਆ ਹੁੰਦਾ—ਨਾ ਥਰੀਕੇ ਦੇ ਪ੍ਰਾਇਮਰੀ ਸਕੂਲ 'ਚ ਪੜ੍ਹਦਾ। ਨਾ ਲਲਤੋਂ ਦੇ ਸਕੂਲ 'ਚ ਗਿਆਨੀ ਹਰੀ ਸਿੰਘ ਦਿਲਬਰ ਕੋਲ ਪੜ੍ਹਨ ਲੱਗਦਾ। ਨਾ ਗਿਆਨੀ ਜੀ ਤੋਂ ਸਾਹਿਤ ਪੜ੍ਹਨ ਦੀ ਚੇਟਕ ਲੱਗਦੀ। ਨਾ ਬਾਲ ਸਭਾ 'ਚ ਗਾਉਣ ਵਾਸਤੇ ਗੀਤ ਲਿਖਦਾ। ਨਾ ਕਹਾਣੀਆਂ ਲਿਖਦਾ। ਨਾ ਹਰਦੇਵ ਸਿੰਘ ਤੋਂ ਹਰਦੇਵ ਦਿਲਗੀਰ ਬਣਦਾ। ਨਾ ਕਹਾਣੀਆਂ ਦੀ ਕਿਤਾਬ "ਰੋਹੀ ਦਾ ਫੁੱਲ" ਛਪਦੀ। ਨਾ ਲੁਧਿਆਣੇ ਦੀਆਂ ਸਾਹਿਤ ਸਭਾਵਾਂ 'ਚ ਜਾਣ ਲੱਗਦਾ। ਨਾ ਇੰਦਰਜੀਤ ਹਸਨਪੁਰੀ ਨਾਲ ਮੇਲ ਹੁੰਦਾ। ਗੀਤ ਲਿਖਣ ਵਾਲੇ ਪਾਸੇ ਕੀਹਨੇ ਆਉਣਾ ਸੀਗਾ ? ਗੀਤਕਾਰੀ ਤਾਂ ਛੱਡੋ ਮੈਨੂੰ ਲੱਗਦਾ ਮੈਂ ਮਾਸਟਰ ਹਰਦੇਵ ਸਿਹੁੰ ਵਨੀ ਸੀ ਹੋਣਾ।"
      ਮੈਂ ਉਸਦੀਆਂ ਗੱਲਾਂ ਵਿੱਚ ਗੁੰਮ ਹੋਇਆ ਹਰਦੇਵ ਸਿੰਘ ਦੇ ਹਰਦੇਵ ਦਿਲਗੀਰ ਤੇ ਫਿਰ ਦੇਵ ਥਰੀਕਿਆਂ ਵਾਲਾ ਬਨਣ ਤੱਕ ਦੇ ਸਫਰ ਬਾਰੇ ਸੋਚਣ ਲੱਗਾ। ਲੁਧਿਆਣੇ ਦੇ ਮਾਲਵਾ ਖਾਲਸਾ ਸਕੂਲ 'ਚੋਂ ਪੜ੍ਹਕੇ, ਜਗਰਾਓਂ ਦੀ ਜਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਤੋਂ ਜੇ ਬੀ ਟੀ ਕਰਕੇ ਮਾਸਟਰ ਤਾਂ ਉਹ ਬਣ ਹੀ ਗਿਆ ਸੀ। ਹਰਦੇਵ ਦਿਲਗੀਰ ਦੇ ਨਾਂ ਨਾਲ ਕਹਾਣੀਆਂ ਵੀ ਲਿਖਣ ਲੱਗਾ ਸੀ। ਲਿਖਦਾ ਰਹਿੰਦਾ ਤਾਂ ਕਹਾਣੀਆਂ ਦੀਆਂ ਕਈ ਕਿਤਾਬਾਂ ਛਪ ਜਾਂਦੀਆਂ। ਨਾਵਲ ਵੀ ਲਿਖਦਾ ਧੜਾਧੜ। ਕਈ ਇਨਾਮ ਸ਼ਨਾਮ ਵੀ ਡੁੱਕ ਲੈਂਦਾ। ਜੇ ਗੀਤ ਨਾ ਲਿਖਦਾ ਹੁੰਦਾ ਤਾਂ ਕੀ ਹੁੰਦਾ ? ਕੀ ਥਰੀਕੇ ਪਿੰਡ ਹੁਣ ਵਾਂਗੂੰ ਦੁਨੀਆ ਦੇ ਨਕਸ਼ੇ 'ਤੇ ਹੁੰਦਾ ?
"ਕੀ ਸੋਚੀ ਜਾਨੈ ?"
"ਸੋਚਦਾਂ, ਹਰਦੇਵ ਦਿਲਗੀਰ-ਦੇਵ ਥਰੀਕੇ ਵਾਲਾ ਕਿਵੇਂ ਬਣ ਗਿਆ ?"
"ਜੇ ਇੰਦਰਜੀਤ ਹਸਨਪੁਰੀ ਮੇਰੇ ਆਖੇ ਗੀਤ ਲਿਖ ਦਿੰਦਾ ਤਾਂ ਮੈਂ ਥਰੀਕੇ ਵਾਲਾ ਕਾਹਨੂੰ ਬਨਣਾ ਸੀਗਾ।" ਬਾਈ ਨੇ ਜੁਆਬ ਨਾਲ ਇੱਕ ਘੁੰਡੀ ਹੋਰ ਪਾ ਦਿੱਤੀ।
"ਹਸਨਪੁਰੀ ਦੇ ਗੀਤਾਂ ਨਾਲ ਥੋਡਾ ਕੀ ਤਾਲੁਅਕ ?"
       "ਕੜਿਆਲਵੀ ! ਮੈਂ ਪੜ੍ਹਾਉਂਦਾ ਹੁੰਦਾ ਸੀਗਾ ਨੌਲੱਖਾ ਰੋਡ ਵਾਲੇ ਹਾਇਰ ਸੈਕੰਡਰੀ ਸਕੂਲ 'ਚ। ਉਸੇ ਰੋਡ 'ਤੇ ਹਸਨਪੁਰੀ ਦੀ ਪੇਟਿੰਗ ਦੀ ਦੁਕਾਨ ਸੀ। ਹਸਨਪੁਰੀ ਦਾ ਉਦੋਂ ਨਾਂਅ ਚੱਲਦਾ ਸੀਗਾ। ਬਹੁਤ ਸਾਰੇ ਗਾਇਕਾਂ ਦੀ ਆਵਾਜ਼ 'ਚ ਉਹਦੇ ਗੀਤ ਰਿਕਾਰਡ ਹੋ ਚੁੱਕੇ ਸੀ। ਉਹਦੀ ਦੁਕਾਨ ਦੇ ਨੇੜੇ ਡਾ. ਦੱਤੇ ਦਾ ਕਲੀਨਿਕ ਸੀ ਜਿੱਥੇ ਮੇਰਾ ਬਹਿਣ ਉੱਠਣ ਸੀਗਾ। ਉਹਨਾਂ ਦਿਨਾਂ 'ਚ ਐਚ ਐਮ ਵੀ ਕੰਪਨੀ ਦਾ ਮਨੇਜਰ ਛੇ ਮਹੀਨੇ ਬਾਅਦ ਨਵੇਂ ਗਾਇਕਾਂ ਦਾ ਟੈਸਟ ਲੈਣ ਲੁਧਿਆਣੇ ਆਉਂਦਾ ਹੁੰਦਾ ਸੀਗਾ। ਸਿਲੈਕਟ ਹੋਏ ਗਾਇਕਾਂ ਨੂੰ ਦਿੱਲੀ ਜਾ ਕੇ ਚਿੱਠੀ ਪਾ ਦਿੰਦਾ ਵ੍ਹੀ ਆ ਕੇ ਰਿਕਾਰਡਿੰਗ ਕਰਾ ਜਾਓ। ਕੇਰਾਂ ਮਨੇਜਰ ਲੁਧਿਆਣੇ ਆਇਆ। ਸਾਡਾ ਇੱਕ ਵਾਕਫ਼ ਸੀਗਾ ਪ੍ਰੇਮ ਸ਼ਰਮਾ। ਉਹ ਫਿਲਮੀ ਗਾਣੇ ਗਾਉਂਦਾ ਹੁੰਦਾ ਸੀਗਾ। ਉਹਨੇ ਵੀ ਟੈਸਟ ਦਿੱਤਾ। ਉਹਨੂੰ ਦਿੱਲੀਓਂ ਚਿੱਠੀ ਆਗੀ ਕਿ ਆਕੇ ਰਿਕਾਰਡ ਕਰਾ ਜਾਉ। ਉਦੋਂ ਰਿਕਾਰਡਿੰਗ ਦਿੱਲੀ ਹੁੰਦੀ ਸੀਗੀ। ਪ੍ਰੇਮ ਸ਼ਰਮਾ ਮੈਨੂੰ ਕਹਿੰਦਾ ਹਸਨਪੁਰੀ ਥੋਡਾ ਜਾਣੂ ਐ, ਮੈਨੂੰ ਗੀਤ ਦੁਆਓ ਰਿਕਾਰਡਿੰਗ ਕਰਵਾਉਣ ਵਾਸਤੇ। ਮੈਂ ਆਖਿਆ ਇਹ ਕਿਹੜੀ ਗੱਲ ਐ, ਆਪਾਂ ਹੁਣੇ ਚੱਲਦੇ ਆਂ ਹਸਨਪੁਰੀ ਕੋਲ। ਹਸਨਪੁਰੀ ਨੂੰ ਮੈਂ ਸਾਹਿਤ ਸਭਾਵਾਂ ਦੀਆਂ ਮੀਟਿੰਗਾਂ 'ਚ ਮਿਲਦਾ ਹੁੰਦਾ ਸੀਗਾ।"
       "ਫਿਰ ਗਏ ਹਸਨਪੁਰੀ ਕੋਲ ?"
      "ਸੁਣ ਤਾਂ ਸਹੀ। ਅਸੀਂ ਗਏ-ਉਹ ਕਹਿੰਦਾ ਦੋ ਦਿਨਾਂ ਨੂੰ ਲੈ ਜਾਇਓ। ਦੋ ਦਿਨਾਂ ਨੂੰ ਗਏ ਤਾਂ ਕਹਿੰਦਾ ਚਹੁੰ ਦਿਨਾਂ ਨੂੰ ਆਇਓ। ਅਸੀਂ ਸਮਝਗੇ ਵ੍ਹੀ ਇਹਨੇ ਗੀਤ ਦੇਣੇ ਨ੍ਹੀ, ਐਵੇਂ ਲਾਰੇ ਲੱਪੇ ਲਾਈ ਜਾਂਦਾ। ਅਸੀਂ ਡਾ. ਦੱਤੇ ਕੋਲ ਗੱਲ ਕੀਤੀ ਵ੍ਹੀ ਹਸਨਪੁਰੀ ਗੀਤ ਨ੍ਹੀ ਦਿੰਦਾ, ਲਾਰੇ ਲੱਪੇ ਲਾਈ ਜਾਂਦਾ। ਉਹ ਮੈਨੂੰ ਕਹਿੰਦਾ, "ਤੂੰ ਕਹਾਣੀਆਂ ਵੀ ਤਾਂ ਲਿਖ ਈ ਲੈਨਾ। ਆਪ ਕਿਉਂ ਨ੍ਹੀ ਲਿਖ ਲੈਂਦਾ ਗੀਤ, ਲਿਖਲਾ ਔਖਾ ਸੌਖਾ ਹੋਕੇ।' ਲੈ ਵ੍ਹੀ ਕੜਿਆਲਵੀ, ਉਹਨੇ ਤਾਂ ਪਾਤੀ ਸਾਰੀ ਜਿੰਮੇਵਾਰੀ ਮੇਰੇ 'ਤੇ। ਮੈਂ ਖਾਲਸਾ ਟਰੇਡਿੰਗ ਕੰਪਨੀ ਕੋਲ ਚਲਿਆ ਗਿਆ। ਉਹਨਾਂ ਤੋਂ ਹਸਨਪੁਰੀ ਦਾ ਗੀਤ 'ਸਾਧੂ ਹੁੰਦੇ ਰੱਬ ਵਰਗੇ, ਘੁੰਡ ਕੱਢ ਕੇ ਖੈਰ ਨਾ ਪਾਈਏ' ਕਈ ਵਾਰੀ ਸੁਣਿਆ। ਹੋਰ ਵੀ ਗੀਤ ਸੁਣੇ। ਹਿਸਾਬ ਕਿਤਾਬ ਜਿਆ ਲਾ ਲਿਆ ਵ੍ਹੀ ਸ਼ਬਦ ਚਿਣੇ ਕਿਵੇਂ ਜਾਂਦੇ ਐ। ਫੇਰ ਕੀ ਰਾਤ ਨੂੰ ਆ ਕੇ ਗੀਤ ਝਰੀਟ ਦਿੱਤਾ, 'ਭਾਬੀ ਤੇਰੀ ਧੌਣ ਦੇ ਉੱਤੇ ਗੁੱਤ ਮੇਲਦੀ ਨਾਗ ਬਣ ਕਾਲਾ'। ਲੈ ਇਉਂ ਤਾਂ ਜਨਮ ਹੋਇਆ ਥਰੀਕੇ ਆਲੇ ਦੇਵ ਦਾ। ਚਾਰ ਗੀਤ ਲਿਖਕੇ ਦੇ ਦਿੱਤੇ ਪ੍ਰੇਮ ਸ਼ਰਮੇ ਨੂੰ। ਉਹ ਦਿੱਲੀ ਜਾ ਕੇ ਰਿਕਾਰਡ ਕਰਵਾ ਆਇਆ। ਥੋੜੇ ਦਿਨਾਂ ਬਾਅਦ ਮੈਨੂੰ ਚਾਲੀ ਰੁਪਈਆਂ ਦਾ ਮਨੀਆਰਡਰ ਆ ਗਿਆ। ਉਦੋਂ ਕੰਪਨੀ ਗੀਤਕਾਰ ਨੂੰ ਇੱਕ ਗੀਤ ਦੇ ਉੱਕੇ ਪੁੱਕੇ ਦਸ ਰੁਪਈਏ ਦਿੰਦੀ ਹੁੰਦੀ ਸੀਗੀ। ਰਾਇਲਟੀ ਨ੍ਹੀ ਸੀ ਦਿੰਦੀ। ਹਿੰਦੀ ਫਿਲਮੀ ਗੀਤ ਲਿਖਣ ਵਾਲੇ ਸਾਹਿਰ ਲੁਧਿਆਣਵੀ ਵਰਗੇ ਗੀਤਕਾਰਾਂ ਨੂੰ ਵੀ ਰਾਇਲਟੀ ਨ੍ਹੀ ਸੀ ਮਿਲਦੀ ਹੁੰਦੀ। ਸਾਹਿਰ ਲੁਧਿਆਣਵੀ ਹੋਣਾ ਨੇ ਰੌਲਾ ਪਾਇਆ ਸੀਗਾ ਵ੍ਹੀ ਗੀਤਕਾਰ ਨੂੰ ਵੀ ਰਾਇਲਟੀ ਮਿਲਣੀ ਚਾਹੀਦੀ ਐ। ਉਹਨਾਂ ਨੂੰ ਮਿਲਣ ਲੱਗਗੀ। ਮਗਰੋਂ ਗੁਰਦੇਵ ਮਾਨ ਨੇ ਰੌਲਾ ਰੂਲਾ ਪਾ ਕੇ ਪੰਜਾਬੀ ਗੀਤਕਾਰਾਂ ਵਾਸਤੇ ਵੀ ਚਾਲੂ ਕਰਵਾ ਲਈ।"
       "ਚਾਲੀ ਰੁਪਈਏ ਤਾਂ ਉਹਨਾਂ ਦਿਨਾਂ 'ਚ ਖਾਸੀ ਵੱਡੀ ਰਕਮ ਹੋਊ?"
      "ਹੋਰ ਕੀ, ਚਾਲੀਆਂ ਰੁਪਈਆਂ 'ਚ ਦਾਰੂ ਦੀਆਂ ਤਿੰਨ ਬੋਤਲਾਂ ਆ ਜਾਂਦੀਆਂ ਸੀਗੀਆਂ। ਜਿਹੜਾ ਮਨੀਆਰਡਰ ਆਇਆ ਉਹਦੀਆਂ ਦਾਰੂ ਦੀਆਂ ਬੋਤਲਾਂ ਲੈ ਆਂਦੀਆਂ। ਖੁਸ਼ੀ 'ਚ ਪਾਰਟੀ ਕਰਲੀ। ਹੁਣ ਤੂੰ ਆਪ ਹਿਸਾਬ ਲਾ ਲੈ। ਜੇ ਹਸਨਪੁਰੀ ਮੇਰੇ ਆਖੇ ਪ੍ਰੇਮ ਸ਼ਰਮੇ ਨੂੰ ਗੀਤ ਲਿਖ ਕੇ ਦੇ ਦਿੰਦਾ, ਮੈਂ ਕਿੱਥੇ ਮੱਥਾ ਮਾਰਨਾ ਸੀਗਾ। ਨਾ ਚਾਲੀ ਰੁਪਈਏ ਮਿਲਦੇ। ਨਾ ਪਾਰਟੀ ਕਰਦੇ। ਨਾ ਥਰੀਕੇ ਦਾ ਨਾਓਂ ਲੌਡ ਸਪੀਕਰਾਂ 'ਚ ਵੱਜਦਾ, ਨਾ ਗੀਤਕਾਰੀ ਵੱਲ ਆਉਂਦਾ। ਆਵਦਾ ਕਹਾਣੀਆਂ ਨਾਵਲ ਲਿਖਦਾ। ਵਧੀਆ ਸਾਹਿਤਕਾਰ ਹੁੰਦਾ। ਕੜਿਆਲਵੀ ! ਗੀਤ ਬੜੀ ਕੋਮਲ ਸਿਨਫ ਐ। ਗੀਤ ਲਿਖਣੇ ਸੌਖੇ ਨ੍ਹੀ ਪਰ ਸਾਹਿਤ ਦੇ ਪਾਰਖੂ ਗੀਤਕਾਰਾਂ ਨੂੰ ਸਾਹਿਤਕਾਰ ਨ੍ਹੀ ਮੰਨਦੇ। ਇਹ ਗੱਲ ਅਜੇ ਵੀ ਅੰਦਰ ਧੁਖਦੀ ਰਹਿੰਦੀ ਐ ਵ੍ਹੀ ਮੈਂ ਵੱਡਾ ਸਾਹਿਤਕਾਰ ਨ੍ਹੀ ਬਣ ਸਕਿਆ। ਗੀਤਕਾਰੀ 'ਚ ਐਸਾ ਖੁੱਭਿਆ—ਕਹਾਣੀ ਲਿਖਣੀ ਬੜੀ ਦੂਰ ਰਹਿ ਗਈ। ਪੜ੍ਹਦਾ ਮੈਂ ਹੁਣ ਵੀ ਕਹਾਣੀਆਂ, ਨਾਵਲ ਤੇ ਸਫਰਨਾਮੇ ਈ ਆਂ। ਗੀਤ ਨ੍ਹੀ ਪੜ੍ਹਦਾ। ਗਲਪ ਦੀ ਕੋਈ ਚੰਗੀ ਕਿਤਾਬ ਨ੍ਹੀ ਛੱਡਦਾ। ਕਹਾਣੀ ਅੰਦਰੋਂ ਹੁਲਾਰੇ ਮਾਰਦੀ ਰਹਿੰਦੀ ਐ--।" ਗੀਤਕਾਰੀ ਦੇ ਅੰਬਰੀ ਉਡਾਰੀਆਂ ਲਾਉਣ ਦੇ ਬਾਵਜੂਦ ਕਹਾਣੀਕਾਰ ਤੇ ਨਾਵਲਕਾਰ ਵਜੋਂ ਸਥਾਪਿਤ ਨਾ ਹੋ ਸਕਣ ਦਾ ਹੇਰਵਾ ਉਸਦੇ ਅੰਦਰੋਂ ਅਕਸਰ ਬੋਲਦਾ ਰਹਿੰਦਾ ਹੈ।
      "ਵਧੀਆ ਰਹਿ ਗਿਆਂ ਬਾਈ। ਸਾਹਿਤਕਾਰ ਹੁੰਦਾ ਤਾਂ ਇਨਾਮਾਂ ਸਨਮਾਨਾਂ ਦੀ ਕੁੱਤੇਝਾਕ 'ਚ ਪਿਆ ਰਹਿੰਦਾ। ਕੋਈ ਨਾ ਕੋਈ ਜੁਗਾੜ ਲੜਾਉਣ ਦੇ ਗਧੀ ਗੇੜ 'ਚ ਉਲਝੇ ਰਹਿਣਾ ਸੀ। ਖੱਟਣ ਕਮਾਉਣ ਨੂੰ ਫੇਰ ਵੀ ਕੁੱਝ ਨਹੀਂ ਸੀ ਮਿਲਣਾ। ਜਿੰਨੀ ਰਾਸ਼ੀ ਦਾ ਐਵਾਰਡ ਮਿਲਣਾ ਸੀ ਉਦੂੰ ਵੱਧ ਨੱਠ ਭੱਜ 'ਚ ਖਰਚ ਹੋ ਜਾਇਆ ਕਰਨੇ ਸੀ। ਹੁਣ ਮੌਜ ਨਾਲ ਰਾਇਲਟੀ ਆਈ ਜਾਂਦੀ ਆ। ਦੁਨੀਆ 'ਚ ਥਰੀਕੇ-ਥਰੀਕੇ ਹੁੰਦੀ ਪਈ ਐ।"
      "ਗੱਲਾਂ ਤਾਂ ਤੇਰੀਆਂ ਠੀਕ ਆ ਕੜਿਆਲਵੀ --- ਪਰ ਫੇਰ ਵੀ।" ਬਾਈ ਦੇਵ ਦਾ ਕੁੱਤਾ ਫੇਰ ਸਾਹਿਤਕਾਰੀ 'ਤੇ ਆ ਅੜਦਾ ਹੈ।
       ਜਿੰਨਾ ਵੇਲਿਆਂ 'ਚ ਦੇਵ ਨੇ ਲਿਖਣਾ ਸ਼ੁਰੂ ਕੀਤਾ ਸੀ, ਉਹਨਾਂ ਵੇਲਿਆਂ 'ਚ ਦੋਗਾਣਾ ਗਾਇਕੀ ਦੀ ਧਾਰਾ ਤੇਜ਼ੀ ਨਾਲ ਵਹਿ ਰਹੀ ਸੀ। ਦੋਗਾਣਾ ਜੋੜੀਆਂ ਦੇ ਅਖਾੜਿਆਂ 'ਚ ਭੀੜ ਉਮੜ ਪੈਂਦੀ। ਮੁੰਬਈ ਜੋ ਉਦੋਂ ਬੰਬਈ ਜਾਂ ਬੰਬੇ ਹੁੰਦਾ ਸੀ, ਦੀ ਫਿਲਮ ਇੰਡਸਟਰੀ ਵਾਂਗ ਲੁਧਿਆਣਾ ਪੰਜਾਬੀ ਗਾਇਕਾਂ ਦੀ ਮੰਡੀ ਵਜੋਂ ਉਭਰ ਆਇਆ ਸੀ। ਬੱਸ ਅੱਡੇ ਦੇ ਆਲੇ ਦੁਆਲੇ ਦੀਆਂ ਬਿਲਡਿੰਗਾਂ ਮੂਹਰੇ ਪੰਜਾਬੀ ਗਾਇਕਾਂ ਦੀ ਮਸ਼ਹੂਰੀ ਕਰਦੇ ਸੈਂਕੜੇ ਬੋਰਡ ਲਟਕਣ ਲੱਗੇ ਸਨ। ਪਿੰਡਾਂ ਦੇ ਲੋਕ ਦਿਨ ਵੇਲੇ ਗਾਇਕ ਜੋੜੀਆਂ ਦੇ ਚੋਹਲ ਮੋਹਲ ਕਰਨ ਵਾਲੇ ਦੋਗਾਣਿਆਂ ਦਾ ਸੁਆਦ ਮਾਣਦੇ ਅਤੇ ਰਾਤ ਵੇਲੇ ਨੱਥੂਵਾਲੀਏ ਨਾਹਰ, ਦਰਸ਼ਨ ਸ਼ੌਕੀ, ਦਲੀਪ ਸਿੰਘ ਮਸਤ ਤੇ ਗੁਰਚਰਨ ਜੱਸਲ ਵਰਗਿਆਂ ਦੇ ਕਾਮਰੇਡੀ ਡਰਾਮੇ ਵੇਖਦੇ। ਦੇਵ ਦੇ ਗੀਤਕਾਰੀ ਦੇ ਪਿੜ 'ਚ ਆਉਣ ਨਾਲ ਇੱਕ ਨਵੀਂ ਰੌਂਅ ਵਹਿਣ ਲੱਗੀ। ਉਸਨੇ ਹੀਰ ਰਾਂਝਾ, ਸੱਸੀ ਪੁਨੂੰ, ਸੋਹਣੀ ਮਹੀਂਵਾਲ, ਰਾਜਾ ਰਸਾਲੂ, ਕੌਲਾਂ ਸ਼ਾਹਣੀ, ਸੁੱਚਾ ਸੂਰਮਾ, ਰੂਪ ਬਸੰਤ, ਪੂਰਨ ਭਗਤ, ਜਿਉਣਾ ਮੌੜ, ਦੁੱਲਾ ਭੱਟੀ, ਜੈਮਲ ਫੱਤਾ, ਜੱਗਾ ਡਾਕੂ, ਆਦਿ ਇਤਿਹਾਸਕ ਮਿਥਿਹਾਸਿਕ ਪਾਤਰਾਂ ਦੀਆਂ ਪੰਜਾਬੀ ਜਨਮਾਨਸ ਦੇ ਚੇਤਿਆਂ 'ਚ ਧਸੀਆਂ ਪਈਆਂ ਲੋਕ ਕਹਾਣੀਆਂ ਤੇ ਗਾਥਾਵਾਂ ਨੂੰ ਆਪਣੀ ਗਤਿਕਾਰੀ 'ਚ ਪੇਸ਼ ਕਰਨਾ ਸ਼ੁਰੂ ਕੀਤਾ। ਪਹਿਲਾਂ ਤੋਂ ਹੀ ਪ੍ਰਚੱਲਿਤ ਕਿੱਸਿਆਂ ਨੂੰ ਛੰਦਾਬੰਦੀ ਦੀ ਚਾਸ਼ਣੀ 'ਚ ਗੁੰਨ੍ਹ ਕੇ ਨਵੇਂ ਅੰਦਾਜ਼ 'ਚ ਪੇਸ਼ ਕਰ ਦਿੱਤਾ। ਕੁਲਦੀਪ ਮਾਣਕ ਦੀ ਤਿੱਖੀ ਤੇ ਬੁਲੰਦ ਆਵਾਜ਼ ਦੇ ਘਨੇੜੇ ਚੜੀਆਂ ਲੋਕ ਗਾਥਾਵਾਂ ਲਾਊਡ ਸਪੀਕਰਾਂ ਰਾਹੀਂ ਪੇਂਡੂ ਲੋਕਾਂ ਦੇ ਮਨਾਂ 'ਤੇ ਟੂਣਾ ਕਰਨ ਲੱਗੀਆਂ। ਲੋਕਾਂ ਨੂੰ ਇਹਨਾਂ 'ਚੋਂ ਢਾਡੀਆਂ ਵਾਲਾ ਬੀਰਤਾ ਰਸ ਵੀ ਮਿਲਣ ਲੱਗਾ। ਦੇਵ ਥਰੀਕੇ ਦੀ ਕਲਮ 'ਚੋਂ ਨਿਕਲੀਆਂ ਲੋਕ ਗਾਥਾਵਾਂ ਸੁਣਦਿਆਂ ਲੋਕ "ਮਾਣਕ ਮਾਣਕ" ਕਰਨ ਲੱਗੇ।
      ਇਹ ਹਰੀ ਕ੍ਰਾਂਤੀ ਤੋਂ ਬਾਅਦ ਦਾ ਦੌਰ ਸੀ। ਲੋਕਾਂ ਦੀਆਂ ਜੇਬਾਂ 'ਚ ਰੰਗ ਬਿਰੰਗੇ ਨੋਟ ਆਉਣ ਲੱਗੇ ਸਨ। ਹਰੀ ਕ੍ਰਾਤੀ ਵਾਂਗ ਲੋਕਾਂ ਦੀ ਸੋਚ 'ਚ ਵੀ ਤੇਜ਼ੀ ਨਾਲ ਤਬਦੀਲ ਹੋਣ ਲੱਗੀ ਸੀ। ਲੋਕ ਕਵੀ ਦਰਬਾਰਾਂ 'ਚ ਸ਼ਿਵ ਕੁਮਾਰ ਦੇ ਬਿਰਹੋਂ ਭਰੇ ਗੀਤ ਕਵਿਤਾਵਾਂ ਵੀ ਸੁਣ ਰਹੇ ਸਨ ਤੇ ਵੱਡੇ ਵੱਡੇ ਇਕੱਠਾਂ 'ਚ ਸੰਤ ਰਾਮ ਉਦਾਸੀ ਦੀ ਹਾਕਮਾਂ ਨੂੰ ਵੰਗਾਰਨ ਵਾਲੀ ਇਨਕਲਾਬੀ ਹੂਕ ਨੂੰ ਵੀ ਹੁੰਗਾਰਾ ਭਰੀ ਜਾਂਦੇ ਸਨ। ਮੁਹੰਮਦ ਸਦੀਕ ਤੇ ਰਣਜੀਤ ਕੌਰ ਦੀ ਆਵਾਜ਼ 'ਚ ਬਾਬੂ ਸਿੰਘ ਮਾਨ ਮਰਾੜਾਂ ਵਾਲੇ ਦੀ ਠੇਠ ਪੇਂਡੂ ਸ਼ਬਦਾਵਲੀ ਵਾਲੇ ਗੀਤ ਲੋਕਾਂ ਦੇ ਕੁਤਕਤਾੜੀਆਂ ਕੱਢਦੇ ਤੇ ਚਤਰ ਸਿੰਘ ਪ੍ਰਵਾਨੇ ਜਿਹੇ ਚਲੰਤ ਗਾਇਕ "ਮਿਤਰਾਂ ਦੇ ਟਿਊਬਵੈੱਲ 'ਤੇ, ਲੀੜੇ ਧੋਣ ਦੇ ਬਹਾਨੇ ਆਜਾ।" ਵੀ ਗਾਈ ਜਾਂਦੇ ਸਨ। ਗਾਇਕੀ ਦੀ ਘੜਮੱਸ ਚੌਂਦੇ 'ਚ ਹਰਚਰਨ ਗਰੇਵਾਲ ਤੇ ਸੀਮਾਂ ਦੀ ਜੋੜੀ "ਸੀਮਾ ਚੱਕ ਕੇ ਚਰੀ ਦਾ ਰੁੱਗ ਲਾਵੇ ਗਰੇਵਾਲ ਕੁਤਰਾ ਕਰੇ" ਗਾਉਂਦਿਆਂ ਕਈ ਕੁੱਝ ਦਾ ਕੁਤਰਾ ਕਰੀ ਜਾਂਦੀ ਸੀ ਤੇ ਭਰੋਵਾਲੀਆ ਦੀਦਾਰ ਸੰਧੂ ਵੀ ਮਹਿਬੂਬਾ ਦੇ ਦਰਵਾਜ਼ੇ ਨੂੰ ਕੋਟ ਕਪੂਰੇ ਦੇ ਫਾਟਕ ਵਾਗੂੰ ਬੰਦ ਪਏ ਰਹਿਣ ਦਾ ਮਿਹਣਾ ਦਿੰਦਿਆ "ਬੰਦ ਪਿਆ ਦਰਵਾਜ਼ਾ ਜੋ ਫਾਟਕ ਕੋਟ ਕਪੂਰੇ ਦਾ" ਗਾ ਰਿਹਾ ਸੀ। ਯਮਲੇ ਜੱਟ ਦੀ ਤੂੰਬੀ "ਸਤਿਗੁਰ ਤੇਰੀ ਲੀਲਾ ਨਿਆਰੀ ਐ" 'ਤੇ ਟੁਣਕਦੀ ਹੋਈ ਵੱਖਰਾ ਸਥਾਨ ਬਣਾਈ ਬੈਠੀ ਸੀ। ਵਿੱਚ ਵਿਚਾਲੇ ਹੋਰ ਗਾਇਕ ਜੋੜੀਆਂ ਵੀ ਆਪੋ ਆਪਣੇ ਜਲਵੇ ਬਿਖੇਰੀ ਜਾਂਦੀਆਂ ਸਨ। ਨਰਿੰਦਰ ਬੀਬਾ ਪੰਜਾਬ ਦੇ ਮੰਨੇ ਪ੍ਰਮੰਨੇ ਸਟੇਜੀ ਕਵੀ ਤੇ ਗੀਤਕਾਰ ਚਰਨ ਸਿੰਘ ਸਫਰੀ ਦੇ ਧਾਰਮਿਕ ਗੀਤਾਂ 'ਤੇ ਹੇਕਾਂ ਲਾਈ ਜਾਂਦੀ ਸੀ। ਟਣਕਵੀ ਆਵਾਜ਼ ਨਾਲ ਕੀਲ ਲੈਣ ਵਾਲੀ ਸੁਰਿੰਦਰ ਕੌਰ ਨੂੰ ਲੋਕ ਪੰਜਾਬ ਦੀ ਕੋਇਲ ਕਹਿਣ ਲੱਗੇ ਸਨ। ਉਹ ਬਿਰਹੋਂ ਦੇ ਸ਼ਾਇਰ ਸ਼ਿਵ ਕੁਮਾਰ ਨੂੰ ਵੀ ਗਾਈ ਜਾਂਦੀ ਸੀ ਤੇ ਥਰੀਕਿਆਂ ਵਾਲੇ ਦੇਵ ਨੂੰ ਵੀ। ਵਿੱਚ ਵਿਚਾਲੇ ਉਹ ਚਰਚਿਤ ਗਾਇਕਾਂ ਨਾਲ ਦੋਗਾਣੇ ਵੀ ਰਿਕਾਰਡ ਕਰਵਾ ਦਿੰਦੀ।
        ਗੀਤਕਾਰਾਂ ਤੇ ਗਾਇਕ ਗਾਇਕਾਵਾਂ ਦੀ ਭਾਰੀ ਭੀੜ ਸੀ ਜਿਸ ਵਿੱਚੋਂ ਦੋ ਧਾਰਾਵਾਂ ਨੇ ਆਪਣੀ ਪਛਾਣ ਜਿ਼ਆਦਾ ਗੂੜ੍ਹੀ ਕਰ ਲਈ ਸੀ। ਇੱਕ ਧਾਰਾ ਮੁਹੰਮਦ ਸਦੀਕ-ਰਣਜੀਤ ਕੌਰ ਦੀ ਗਾਇਕ ਜੋੜੀ ਅਤੇ ਗੀਤਕਾਰ ਬਾਬੂ ਸਿੰਘ ਮਾਨ ਮਰਾੜਾਂ ਵਾਲੇ ਦੀ ਸੀ ਜਿਹੜੀ ਦੋਗਾਣਿਆਂ ਦੇ ਪਿੜ 'ਚ ਗਰਦਾ ਗੋਰ ਕਰੀ ਫਿਰਦੀ ਸੀ। ਦੂਜੀ ਧਾਰਾ ਕੁਲਦੀਪ ਮਾਣਕ ਤੇ ਦੇਵ ਥਰੀਕੇ ਵਾਲੇ ਦੀ ਜੋੜੀ ਨੇ ਲੋਕ ਗਾਥਾਵਾਂ ਦੇ ਰੂਪ 'ਚ ਵਹਾ ਰੱਖੀ ਸੀ। ਪੰਜਾਬ ਦੇ ਅਖਾੜਾ ਗਾਇਕੀ ਸੁਨਣ ਵਾਲੇ ਤੇ ਤਵਿਆਂ/ਟੇਪਾਂ ਦੇ ਸ਼ੌਕੀਨ ਕਦੇ ਕਿਸੇ ਜੋੜੀ ਨੂੰ ਅੱਗੇ ਕਹਿੰਦੇ ਕਦੇ ਕਿਸੇ ਨੂੰ। ਕਦੇ ਉਹ ਦੋਵਾਂ ਨੂੰ ਰੇਲਗੱਡੀ ਦੀਆਂ ਲਾਈਨਾਂ ਵਾਂਗ ਬਰਾ ਬਰੋਬਰ ਰੱਖਦੇ। ਵੈਸੇ ਇਹ ਵੀ ਸਮੇਂ ਦਾ ਹੀ ਸਬੱਬ ਸੀ ਕਿ ਮੁਹੰਮਦ ਸਦੀਕ ਨੇ ਮਾਨ ਮਰਾੜਾਂ ਵਾਲੇ ਨਾਲ ਜੁੜਨ ਤੋਂ ਪਹਿਲਾਂ ਦੇਵ ਥਰੀਕੇ ਵਾਲੇ ਦੇ "ਲੌਂਗ ਬਿਸ਼ਨੀਏ ਤੇਰਾ" ਵਰਗੇ ਗੀਤ ਗਾਏ ਤੇ ਰਿਕਾਰਡ ਕਰਵਾਏ ਸਨ ਅਤੇ ਕੁਲਦੀਪ ਮਾਣਕ ਨੇ ਆਪਣੀ ਗਾਇਕੀ ਦੀ ਸ਼ੁਰੂਆਤ ਮਾਨ ਮਰਾੜਾਂ ਵਾਲੇ ਦੇ ਗੀਤਾਂ ਨਾਲ ਕੀਤੀ ਸੀ।
         "ਕੜਿਆਲਵੀ ! ਮਾਣਕ ਨਾਲ ਮੇਲ ਵੀ ਸਬੱਬ ਈ ਬਣਿਆ। ਮੇਰੀ ਬਦਲੀ ਗਿਆਸਪੁਰਾ ਦੇ ਸਕੂਲ 'ਚ ਹੋਗੀ। ਉੱਥੇ ਸਾਡੇ ਨਾਲ ਹੁੰਦਾ ਸੀ ਗੁਰਦਿਆਲ ਸਿਹੁੰ ਪੀ ਟੀ ਮਾਸਟਰ। ਮਾਣਕ ਉਹਦੇ ਸੰਪਰਕ 'ਚ ਸੀਗਾ। ਉਦੋਂ ਉਹਦਾ ਨਾਂ ਹੈਨੀ ਸੀਗਾ। ਗੁਰਦਿਆਲ ਮੈਨੂੰ ਕਹਿੰਦਾ, 'ਯਾਰ ਦੇਵ ਇੱਕ ਮੁੰਡਾ ਹੈਗਾ। ਆਵਾਜ਼ ਵੀ ਚੰਗੀ ਐ। ਰਾਗਾਂ ਬਾਰੇ ਜਾਣਦਾ। ਨਰਿੰਦਰ ਬੀਬਾ ਕੋਲੇ ਰਹਿੰਦਾ। ਕਦੇ ਕਦਾਈਂ ਹਰਚਰਨ ਗਰੇਵਾਲ ਨਾਲ ਚਲਾ ਜਾਂਦਾ। ਯਾਰ ਆਪਣੇ ਗੀਤ ਦੇ ਕੇ ਉਹਦੀ ਰਿਕਾਰਡਿੰਗ ਕਰਵਾ।" ਮੈਂ ਮਾਣਕ ਨੂੰ ਸੁਣਿਆ। ਮੈਂ ਆਖਿਆ ਤੇਰੀ ਆਵਾਜ਼ ਦੋਗਾਣਿਆਂ ਵਾਲੀ ਨ੍ਹੀ, ਲੋਕ ਗਾਥਾਵਾਂ ਵਾਲੀ ਐ। ਮੈਂ ਚਾਰ ਲੋਕ ਗਾਥਾਵਾਂ ਲਿਖ ਕੇ ਦਿੱਤੀਆਂ ਉਹਨੂੰ। ਉਹਨੇ ਰਿਕਾਰਡ ਕਰਵਾ ਦਿੱਤੀਆਂ। ਚਾਰ ਗੀਤਾਂ ਦਾ ਈ ਪੀ ਰਿਕਾਰਡ ਮਾਰਕੀਟ 'ਚ ਆਇਆ ਤਾਂ ਚਾਰੇ ਪਾਸੇ ਮਾਣਕ ਮਾਣਕ ਹੋਗੀ। 'ਤੇਰੀ ਖਾਤਰ ਹੀਰੇ ਛੱਡਿਆ ਤਖਤ ਹਜ਼ਾਰੇ ਨੂੰ' ਗੀਤ ਚਾਰ ਚੁਫੇਰੇ ਗੂੰਜਣ ਲੱਗਾ। ਐਨਾ ਚੱਲਿਆ ਐਨਾ ਚੱਲਿਆ—ਜਾਣੀਦਾ ਰਿਕਾਟ ਈ ਤੋੜਤੇ। ਕਰਮਜੀਤ ਧੂਰੀ ਮੇਰੇ ਨਾਲ ਨਾਰਾਜ਼ ਹੋ ਗਿਆ। ਕਈ ਵਰ੍ਹੇ ਨ੍ਹੀ ਬੋਲਿਆ।"
"ਕਿਉਂ ?"
"ਏਸੇ ਕਰਕੇ ਵ੍ਹੀ ਮਾਣਕ ਨੂੰ ਗੀਤ ਕਾਹਤੋਂ ਦੇਤੇ। ਮੈਨੂੰ ਕਿਉਂ ਨ੍ਹੀ ਦਿੱਤੇ। ਊਂ ਇੱਕ ਗੱਲ ਐ, ਮੈਂ ਕਰਮਜੀਤ ਨੂੰ ਗੀਤ ਦੇ ਵੀ ਦਿੰਦਾ, ਉਹਤੋਂ ਗੱਲ ਨ੍ਹੀ ਸੀ ਬਨਣੀ। ਬੇਸ਼ੱਕ ਉਹਦੀ ਹੇਕ ਲੰਮੀ ਸੀ ਪਰ ਉਹ ਮਾਣਕ ਵਾਲੀ ਪਿੱਚ 'ਤੇ ਨ੍ਹੀ ਸੀ ਗਾ ਸਕਦਾ। ਮਾਣਕ ਤਾਂ ਬੱਸ ਮਾਣਕ ਈ ਸੀ।"
        ਮਾਣਕ ਦੇ ਦੇਵ ਦੀ ਜੋੜੀ ਢਾਈ ਦਹਾਕੇ ਪੰਜਾਬੀਆਂ ਦੇ ਦਿਲਾਂ 'ਚ ਡੇਰਾ ਲਾਕੇ ਰਹਿੰਦੀ ਰਹੀ ਹੈ। ਦੋਵੇ ਇੱਕੋ ਸਿੱਕੇ ਦੇ ਦੋ ਪਾਸੇ ਸਨ। ਬਾਈ ਦੇਵ ਆਪਣੇ ਅੰਦਰ ਮਾਣਕ ਦੀਆਂ ਢੇਰਾਂ ਯਾਦਾਂ ਸਾਂਭੀ ਫਿਰਦਾ ਹੈ। ਮਾਣਕ ਨੂੰ ਯਾਦ ਕਰਦਿਆਂ ਉਸਦੀਆਂ ਅੱਖਾਂ 'ਚ ਪਾਣੀ ਭਰ ਆਉਂਦਾ ਹੈ।
         "ਮਾਣਕ ਆਵਦੀ ਕਿਸਮ ਦਾ ਈ ਬੰਦਾ ਸੀਗਾ। ਸਿਰੇ ਦਾ ਅੜਬ। ਦਿਲ ਦਾ ਸੱਚਾ। ਐਥੇ ਥਰੀਕੇ ਵੀ ਉਹਨੂੰ ਮੈਂ ਈ ਲੈ ਕੇ ਆਇਆ ਸੀਗਾ। ਮੇਰੇ ਤਾਂ ਪਰਿਵਾਰ ਦਾ ਈ ਹਿੱਸਾ ਸੀਗਾ। ਕੇਰਾਂ ਦੀ ਗੱਲ ਦੱਸਦਾਂ। ਮੈਂ ਰੇਡੀਓ ਸਟੇਸ਼ਨ ਰਿਕਾਰਡਿੰਗ ਕਰਵਾਉਣ ਜਾਣਾ ਸੀਗਾ। ਪੱਗ ਬੰਨ੍ਹੀ ਜਾਵਾਂ। ਏਧਰੋਂ ਏਹ ਆ ਗਿਆ। ਪੈਰੀਂ ਚੱਪਲਾਂ ਪਾਈਆਂ। ਉੁੱਤੋਂ ਠੰਡ ਦਾ ਮੌਸਮ। ਮੈਨੂੰ ਕਹਿੰਦਾ ਬੁੜਿਆ ਮੈਂ ਘਰ ਨ੍ਹੀ ਜਾਣਾ। ਐਥੇ ਤੇਰੇ ਕੋਲ ਈ ਰਹਿਣਾ। ਮੈਂ ਕਿਹਾ ਮੈ ਤਾਂ ਜਲੰਧਰ ਚੱਲਿਆਂ ਰਿਕਾਰਡਿੰਗ ਕਰਾਉਣ। ਉਹ ਤਾਂ ਪੈ ਗਿਆ ਮਗਰ। ਜਿ਼ੱਦ ਕਰਨ ਕਰਨ ਲੱਗਾ ਅਖੇ ਮੈਂ ਤਾਂ ਨਾਲ ਈ ਜਾਣਾ। ਮੈਂ ਬਥੇਰਾ ਘੂਰਿਆ ਵ੍ਹੀ ਤੇਰੇ ਕੱਪੜੇ ਵਨ੍ਹੀ ਚੱਜਦੇ। ਪੈਰੀਂ ਚੱਪਲਾਂ ਪਾਈਆਂ। ਫੇਰ ਨਾ ਜੀ ਕਿਸੇ ਮੁੰਡੇ ਨੂੰ ਭੇਜ ਕੇ ਉਹਦੇ ਵਾਸਤੇ ਅਧੀਆ ਮੰਗਵਾ ਕੇ ਦਿੱਤਾ ਦਾਰੂ ਦਾ। ਕਹਿੰਦਾ ਬੁੜਿਆ ਘਰੇ ਛੱਡ ਕੇ ਆ ਨਾਲੇ ਸਰਬਜੀਤ ਨੂੰ ਘੂਰ ਕੇ ਆਵੀਂ। ਐਵੇਂ ਲੜਦੀ ਆ ਮੇਰੇ ਨਾਲ। ਉਹਨੂੰ ਘਰੇ ਛੱਡ ਕੇ ਆਇਆ ਫੇਰ ਕਿਤੇ ਜਲੰਧਰ ਗਿਆ। ਐਹੋ ਜਿਆ ਤਾਂ ਪਤੰਦਰ ਮਾਣਕ ਸੀਗਾ। ਕਈ ਵਾਰ ਤਾਂ ਜੁਆਕਾਂ ਆਗੂੰ ਰਿਹਾੜ ਕਰਨ ਲੱਗ ਪੈਂਦਾ ਸੀਗਾ। ਕੇਰਾਂ ਦੀ ਗੱਲ ਸੁਨਾਉਣਾ--।" ਬਾਈ ਦੇਵ ਘਰ ਆਏ ਮੁੰਡੇ ਨੂੰ ਪਰਦੇ ਨਾਲ ਪੈਸੇ ਫੜਾ ਕੇ ਆਪਣੇ ਜਰੂਰੀ ਕੰਮ ਭੇਜ ਦਿੰਦਾ ਹੈ। ਸਾਨੂੰ ਗੁੱਝੀ ਹਾਸੀ ਹੱਸਦਿਆਂ ਨੂੰ ਤਾੜ ਲੈਂਦਾ ਹੈ।
       "ਪਿੱਛੇ ਜਏ ਹਸਪਤਾਲ ਰਹਿਣਾ ਪਿਆ। ਡਾਕਟਰ ਨੇ ਸਾਰੇ ਟੈਸਟ ਟੂਸਟ ਕਰਲੇ। ਕੇਰਾਂ ਤਾਂ ਬਚਾਤਾ ਦਵਾਈ ਬੂਟੀ ਕਰਕੇ। ਬੜਾ ਸਤਿਕਾਰ ਕਰਦਾ ਮੇਰਾ। ਮੈਂ ਕਹਿਤਾ ਵ੍ਹੀ ਦਾਰੂ ਤਾਂ ਨ੍ਹੀ ਛੱਡੀ ਜਾਣੀ। ਦੋ ਪੈੱਗ ਤਾਂ ਮੈਂ ਲਾਊਂ ਈ ਲਾਊਂ। ਦੋ ਪੈੱਗ ਅਲਾਊਡ ਕਰਤੇ ਉਹਨੇ। ਕਹਿੰਦਾ ਦੋ ਤੋਂ ਵੱਧ ਨ੍ਹੀ ਲਾਉਣੇ। ਬੱਸ ਆਵਦੇ ਜੋਗੀ ਮੰਗਾ ਲਈਦੀ ਆ।"
"ਹੁਣ ਛੱਡਣੀ ਠੀਕ ਵ੍ਹੀ ਨ੍ਹੀ।"
"ਹੁਣ ਕਿੱਥੇ ਛੁੱਟਣੀ।"
"ਇੱਕ ਅੱਧੇ ਪੈੱਗ ਦਾ ਕੋਈ ਡਰ ਨ੍ਹੀ।" ਅਸੀਂ ਨਾ ਚਾਹੁੰਦਿਆਂ ਵੀ ਬਾਈ ਦੀ ਹਾਂ 'ਚ ਹਾਂ ਮਿਲਾਉਂਦੇ ਹਾਂ।
      "ਹੱਛਾ ਮੈਂ ਮਾਣਕ ਦੀ ਗੱਲ ਦੱਸਣ ਲੱਗਾ ਸੀਗਾ। ਕੇਰਾਂ ਦੀ ਗੱਲ ਐ। ਸੰਦਲੀ ਪੈੜਾਂ ਵਾਲੇ ਹਰਜੀਤ ਸਿੰਘ ਨੇ ਮਾਣਕ ਨੂੰ ਦੂਰਦਰਸ਼ਨ 'ਤੇ ਰਿਕਾਰਡਿੰਗ ਕਰਾਉਣ ਵਾਸਤੇ ਬੁਲਾਇਆ। ਅਸੀਂ ਚਲੇ ਗਏ। ਸਾਡੇ ਜਾਂਦਿਆਂ ਨੂੰ ਦੂਰਦਰਸ਼ਨ ਦੇ ਸਾਰੇ ਸਾਜਿੰਦੇ ਸੰਗੀਤ ਦੇਣ ਲਈ ਤਿਆਰ ਬਰ ਤਿਆਰ ਹੋਏ ਬੈਠੇ ਸੀਗੇ। ਮਾਣਕ ਕਹਿੰਦਾ ਮੈਂ ਤਾਂ ਆਪਣੇ ਸਾਜਿੰਦਿਆਂ ਨਾਲ ਈ ਰਿਕਾਰਡਿੰਗ ਕਰਾਊਂ। ਹਰਜੀਤ ਨੇ ਬਥੇਰਾ ਸਮਝਾਇਆ ਵ੍ਹੀ ਆਏ ਨ੍ਹੀ ਹੁੰਦਾ। ਅਸੀਂ ਅਰੇਂਜਮੈਂਟ ਕਰ ਬੈਠੈ ਆਂ, ਐਤਕੀਂ ਰਿਕਾਰਡਿੰਗ ਕਰਵਾ ਦੇ ਅੱਗੋਂ ਤੋਂ ਆਵਦੇ ਸਾਜਿੰਦਿਆਂ ਨਾਲ ਈ ਕਰਵਾ ਲਿਆ ਕਰੀਂ। ਮਾਣਕ ਮੈਨੂੰ ਪਾਸੇ ਕਰਕੇ ਕਹਿੰਦਾ, "ਬੁੜਿਆ, ਆਹ ਜਿਹੜੇ ਸਾਜਿੰਦੇ ਆਪਾਂ ਨਾਲ ਲਿਆਂਦੇ ਆ ਇਹਨਾਂ ਨੂੰ ਖਰਚਾ ਕਿੱਥੋਂ ਦਿਆਂਗੇ?" ਲਉ ਜੀ ਉਹ ਹਰਜੀਤ ਨੂੰ ਕਹਿੰਦਾ ਅਸੀਂ ਹੁਣੇ ਆਏ। ਉੱਥੋਂ ਬਹਾਨਾ ਲਾ ਕੇ ਮੈਨੂੰ ਲੈ ਕੇ ਖਿਸਕ ਆਇਆ। ਗੱਡੀ ਚੱਕੀ 'ਤੇ ਫਗਵਾੜੇ ਢਾਬੇ 'ਤੇ ਲਾਈ। ਇੱਥੇ ਆਕੇ ਦਾਰੂ ਪੀ ਲਈ। ਮਗਰੋਂ ਹਰਜੀਤ ਦਾ ਫੋਨ ਆ ਗਿਆ। ਮੈਨੂੰ ਕਹਿੰਦਾ ਕਿਵੇਂ ਨਾ ਕਿਵੇਂ ਮਾਣਕ ਨੂੰ ਲੈ ਕੇ ਆ। ਰਿਕਾਰਡਿੰਗ ਕਰਨੀ ਐ। ਮੈਂ ਕਿਹਾ ਹੁਣ ਨ੍ਹੀ ਆਉਣਾ ਇਹਨੇ। ਇਹ ਤਾਂ ਦਾਰੂ ਨਾਲ ਡੱਕਿਆ ਬੈਠਾ। ਅਸੀਂ ਅਗਲੇ ਹਫ਼ਤੇ ਆਕੇ ਰਿਕਾਰਡਿੰਗ ਕਰਵਾ ਜਾਵਾਂਗੇ। ਜਾਣੀਦਾ ਇਹ ਗੱਲਾਂ ਉਦੋਂ ਦੀਆਂ ਜਦੋਂ ਦੂਰਦਰਸ਼ਨ 'ਤੇ ਗਾਉਣ ਵਾਸਤੇ ਗਾਇਕ ਤਰਲੇ ਮਾਰਦੇ ਹੁੰਦੇ ਸੀਗੇ। ਮਾਣਕ ਚੰਗੀ ਭਲੀ ਰਿਕਾਰਡਿੰਗ ਛੱਡਕੇ ਆ ਗਿਆ।"
         ਬਾਈ ਦੇਵ ਨੇ ਅੱਖਾਂ 'ਚ ਉੱਤਰ ਆਈ ਨਮੀ ਨੂੰ ਸੱਜੇ ਹੱਥ ਦੀ ਉਂਗਲ ਨਾਲ ਸਾਫ ਕੀਤਾ।
      "ਮਾਣਕ ਅੱਥਰਾ ਤੇ ਮੂੰਹਜ਼ੋਰ ਜਰੂਰ ਸੀ ਪਰ ਸ਼ਾਤਰ ਨ੍ਹੀ ਸੀਗਾ। ਓਨੂੰ ਆਪਣੀ ਗਾਇਕੀ 'ਤੇ ਮਾਣ ਈ ਬਾਹਲਾ ਸੀਗਾ। ਉਹਨੇ ਤਾਂ ਪਤੰਦਰ ਨੇ ਆਲਮ ਲੁਹਾਰ ਨਾਲ ਪੰਗਾ ਲੈ ਲਿਆ ਸੀ। ਆਲਮ ਲੁਹਾਰ ਨੇ ਕਿਤੇ ਚੜ੍ਹਦੇ ਪੰਜਾਬ ਦੀ ਗਾਇਕੀ ਬਾਰੇ ਉਲਟਾ ਸਿੱਧਾ ਆਖ ਦਿੱਤਾ ਅਖੇ ਇਹ ਟਰੱਕਾਂ ਵਾਲਿਆਂ ਦੀ ਗਾਇਕੀ ਐ। ਮਾਣਕ ਨੂੰ ਗੁੱਸਾ ਆ ਗਿਆ, ਏਨੇ ਏਥੇ ਸਟੇਜ 'ਤੇ ਈ ਵੰਗਾਰ ਲਿਆ ਆਲਮ ਲੁਹਾਰ ਨੂੰ। ਕਹਿੰਦਾ-ਤੂੰ ਮੇਰੇ ਮੁਕਾਬਲੇ ਗਾ ਕੇ ਦਿਖਾ। ਆਖਿਆ ਈ ਨ੍ਹੀ ਗਾ ਕੇ ਦਿਖਾਇਆ ਵੀ। ਆਲਮ ਲੁਹਾਰ ਨੂੰ ਮਨਾ ਕੇ ਛੱਡਿਆ। ਜਿਹੜਾ ਮਾਣਕ ਸੀ ਨਾ, ਕਿਸੇ ਦੀ ਗੱਲ ਨ੍ਹੀ ਸੀ ਸਹਾਰਦਾ। ਲੋਕ ਗਾਥਾਵਾਂ ਗਾਉਣ 'ਚ ਪੰਜਾਬ ਦਾ ਹੋਰ ਕੋਈ ਗਾਇਕ ਉਹਦੇ ਨੇੜੇ ਨ੍ਹੀ ਸੀ ਢੁੱਕਦਾ। ਯਾਰ ਮਾਣਕ ਤਾਂ ਬੱਸ --- ਮਾਣਕ ਈ ਸੀ। ਮਾਣਕ ਕਿਤੇ ਹਾਰੀ ਸਾਰੀ ਨੇ ਬਣ ਜਾਣਾ। ਸ਼ਰਾਬ ਲੈ ਬੈਠੀ --- ਉਹਨੂੰ ਹਜੇ ਜਾਣਾ ਨ੍ਹੀ ਸੀ ਚਾਹੀਦਾ। ਪਤੰਦਰ ਐਮੇ ਤੁਰ ਗਿਆ ਭੰਗ ਦੇ ਭਾਅ।"
       ਮਾਣਕ ਦੀ ਮੌਤ ਨੇ ਦੇਵ ਨੂੰ ਬੁਰੀ ਤਰ੍ਹਾਂ ਤੋੜ ਸੁੱਟਿਆ ਸੀ। ਆਪਣੇ ਗੱਭਰੂ ਪੁੱਤ ਹਰਪ੍ਰੀਤ ਬਿੱਟੂ ਦੀ ਮੌਤ ਜਿੰਨਾ ਹੀ ਦੁੱਖ ਮਾਣਕ ਦੇ ਜਾਣ ਦਾ ਹੋਇਆ। ਪੰਜਾਬ ਦਾ ਸ਼ਾਇਦ ਹੀ ਕੋਈ ਗਾਇਕ ਜਾਂ ਗਾਇਕਾ ਹੋਊ ਜਿਸ ਨੇ ਦੇਵ ਦੇ ਕਲਾਮ ਨੂੰ ਆਪਣੀ ਆਵਾਜ਼ ਨਾ ਦਿੱਤੀ ਹੋਊ, ਪਰ ਉਸਦੀ ਜੋ ਸਾਂਝ ਮਾਣਕ ਨਾਲ ਬਣੀ-ਹੋਰ ਕਿਸੇ ਨਾਲ ਨਾ ਹੋ ਸਕੀ। ਸੁਰਿੰਦਰ ਛਿੰਦੇ ਨਾਲ ਵੀ ਨਹੀਂ ਜੋ ਕਿ ਰਿਸ਼ਤੇ 'ਚ ਦੇਵ ਦਾ ਸਾਂਢੂ ਲੱਗਦਾ ਹੈ। ਛਿੰਦੇ ਨੇ ਬਾਈ ਦੇਵ ਦੇ ਗੀਤਾਂ ਨਾਲ ਹੀ ਸ਼ੁਰੂਆਤ ਕੀਤੀ ਸੀ। ਛਿੰਦੇ ਲਈ ਹੀ ਉਸਨੇ 'ਜਿਉਣਾ ਮੌੜ' ਲਿਖਿਆ। ਚਰਨਜੀਤ ਆਹੂਜੇ ਦੇ ਸੰਗੀਤ ਦੀ ਪਾਣ ਚੜ੍ਹਕੇ ਛਿੰਦੇ ਦੀ ਭਰਵੀਂ 'ਤੇ ਗਰਾਰੀਆਂ ਵਾਲੀ ਆਵਾਜ਼ ਨੇ ਦੇਵ ਦੀ ਲਿਖਤ 'ਚ ਅਜਿਹੀ ਰੂਹ ਭਰੀ ਕਿ "ਜਿਉਣਾ ਮੌੜ" ਘਰ ਘਰ ਗੂੰਜਣ ਲੱਗਾ। ਕੈਸੇਟਾਂ ਦੀ ਬਲੈਕ ਹੋਣ ਲੱਗੀ। ਗਲੀਆਂ 'ਚ ਖੇਡਦੇ ਨਿਆਣੇ "ਨਿੱਕਲ ਬਾਹਰ ਡੋਗਰਾ" ਵਰਗੇ ਡਾਇਲਾਗ ਬੋਲਣ ਲੱਗੇ। ਟਰੈਕਟਰਾਂ ਅਤੇ ਮੋਟਰਾਂ 'ਤੇ ਇਹੀ ਟੇਪ ਵੱਜਦੀ ਰਹਿੰਦੀ। ਲੋਕ ਸੁਰਿੰਦਰ ਛਿੰਦੇ ਤੋਂ ਅਖਾੜਿਆ 'ਚ "ਚਤਰਿਆ ! ਖੋਹਲ ਘੋੜੀ ਤੇ ਚੱਕ ਬੰਦੂਕ।" ਵਰਗੇ ਡਾਇਲਾਗ ਵਾਰ ਵਾਰ ਸੁਨਣ ਲੱਗੇ। 'ਜਿਉਣਾ ਮੌੜ' ਅੱਸੀਵਿਆਂ ਦੇ ਦੌਰ ਦੀ ਬਲਾਕ ਬਸਟਰ ਫਿਲਮ 'ਸ਼ੋਅਲੇ' ਬਣ ਗਿਆ। ਛਿੰਦੇ ਨੂੰ ਫਿਲਮਾਂ 'ਚ ਵੀ ਉਸੇ ਢੰਗ ਦੇ ਹੀ ਰੋਲ ਮਿਲਣ ਲੱਗੇ।
      "ਬਾਈ, ਛਿੰਦੇ ਨੂੰ "ਜਿਉਣਾ ਮੌੜ" ਲਿਖ ਕੇ ਦੇਣ ਨਾਲ ਮਾਣਕ ਗੁੱਸੇ ਨ੍ਹੀ ਹੋਇਆ ? ਆਂਹਦਾ ਤਾਂ ਹੋਊ, ਮੈਨੂੰ ਕਿਉਂ ਨ੍ਹੀ ਦਿੱਤਾ?"
      "ਹੋਇਆ ਕਿਉਂ ਨ੍ਹੀ ? ਹੋਇਆ ਸੀ। ਪੂਰੇ ਦੋ ਸਾਲ ਗੁੱਸੇ ਰਿਹਾ ਮੇਰੇ ਨਾਲ। ਬੋਲਿਆ ਨ੍ਹੀ। ਮੈਂ ਵੀ ਨ੍ਹੀ ਬੁਲਾਇਆ। ਐੱਥੇ ਘਰੇ ਆ ਜਾਂਦਾ ਸੀ। ਆਵਦੀ ਬੀਬੀ ਨੂੰ ਤੇ ਜੁਆਕਾਂ ਨੂੰ ਮਿਲ ਮਿਲਾ ਕੇ ਚਲਾ ਜਾਂਦਾ ਸੀਗਾ। ਮੈਨੂੰ ਨ੍ਹੀ ਸੀ ਬੁਲਾਉਂਦਾ। ਮੈਂ ਵੀ ਉਹਦੇ ਘਰੇ ਜਾਂਦਾ ਸੀ। ਸਰਬਜੀਤ ਨੂੰ ਮਿਲ ਆਉਣਾ। ਜੁਆਕਾਂ ਨੂੰ ਮਿਲ ਗਿਲ ਆਉਣਾ। ਬੁਲਾਉਂਦਾ ਮੈਂ ਵੀ ਨ੍ਹੀ ਸੀ। ਨਾ ਉਹਨੇ ਮੇਰੇ ਬਾਰੇ ਮਾੜਾ ਕਿਹਾ ਨਾ ਮੈਂ ਈ ਬੋਲਿਆ। ਦੋ ਸਾਲਾਂ ਬਾਅਦ ਦੁਬਾਰਾ ਸੁਲਾਹ ਸਫਾਈ ਹੋਗੀ। ਸਾਡਾ ਪਿਉ-ਪੁੱਤਾ ਦਾ ਕੀ ਰੌਲਾ ਸੀਗਾ ? ਫੇਰ ਮੈਂ ਉਹਨੂੰ "ਜੱਗਾ ਡਾਕੂ" ਲਿਖ ਕੇ ਦਿੱਤਾ। "ਮੱਸਾ ਰੰਗੜ" ਵੀ ਲਿਖਿਆ। ਦੋਵੇ ਚੱਲੇ ਵੀ ਪਰ ਉਹ ਗੱਲ ਨ੍ਹੀ ਬਣ ਸਕੀ। ਜਿਉਣੇ ਮੌੜ ਵਾਲੇ ਪੱਧਰ ਨੂੰ ਕੋਈ ਨ੍ਹੀ ਪਹੁੰਚ ਸਕਿਆ। ਮਾਣਕ ਤੋਂ ਉਹ ਗੱਲ ਬਨਣੀ ਵਨ੍ਹੀ ਸੀ। ਓਹਦੀ ਆਵਾਜ਼ ਉਪੇਰਿਆਂ ਵਾਸਤੇ ਬਣੀਓ ਨ੍ਹੀ ਸੀ। ਉਹ ਹਿੱਕ ਦੇ ਜ਼ੋਰ 'ਤੇ ਗਾਉਂਦਾ ਸੀ। ਡਾਇਲਾਗ ਨ੍ਹੀ ਸੀ ਬੋਲ ਹੁੰਦੇ ਜਿਵੇਂ ਦੇ ਛਿੰਦੇ ਨੇ ਬੋਲੇ ਜਿਉਣਾ ਮੌੜ 'ਚ।"
       ਬਾਈ ਦੇਵ ਬਹੁਤ ਨਿਮਰ ਤੇ ਕੂਲੇ ਸੁਭਾਅ ਦਾ ਹੈ। ਉਹ ਬਹੁਤਾ ਚਿਰ ਕਿਸੇ ਨਾਲ ਗੁੱਸੇ ਰਹਿ ਈ ਨ੍ਹੀ ਸਕਦਾ। ਮਾਣਕ ਨਾਲ ਵੀ ਕਿਉਂ ਗੁੱਸਾ ਰੱਖਦਾ ? ਮਾਣਕ ਤੇ ਬਾਈ ਦੇਵ ਕਿੰਨਾ ਕੁ ਚਿਰ ਆਪਸ 'ਚ ਗੁੱਸੇ ਰਹਿ ਸਕਦੇ ਸਨ ? ਮਾਣਕ ਲਈ ਉਸ ਨੇ ਸੈਂਕੜੇ ਲੋਕ ਗਾਥਾਵਾਂ ਤੇ ਦੋਗਾਣੇ ਲਿਖੇ ਸਨ। ਥਰੀਕੇ ਪਿੰਡ ਦੀ ਮੋਟਰ 'ਤੇ ਬੈਠ ਕੇ ਦੋਵਾਂ ਨੇ ਇੱਕੋ ਗਿਲਾਸ 'ਚ ਦਾਰੂ ਪੀਤੀ ਸੀ। ਦੋਵਾਂ ਨੇ ਰਲਕੇ ਕਣਕ ਵੱਢੀ ਸੀ। ਬਾਈ ਦੇਵ ਦੀ ਜੀਵਨ ਸਾਥਣ ਪ੍ਰੀਤਮ ਕੌਰ ਜੋ ਕਿ ਮਾਣਕ ਲਈ ਮਾਂ ਸਾਮਾਨ ਸੀ, ਨੇ ਦੋਵਾਂ ਲਈ ਰੋਟੀਆਂ ਢੋਈਆਂ ਸਨ। ਮੋਟਰ 'ਤੇ ਬਹਿ ਕੇ ਬਾਈ ਨੇ ਗੀਤ ਲਿਖੇ ਸਨ ਤੇ ਮਾਣਕ ਨੇ ਕੰਨ 'ਤੇ ਹੱਥ ਰੱਖ ਕੇ ਉੱਚੀ ਉੱਚੀ ਹੇਕਾਂ ਲਾਈਆਂ ਸਨ। ਮਾਣਕ ਦੇ ਗਾਏ ਬਹੁਤੇ ਗੀਤਾਂ ਦੀਆਂ ਤਰਜਾਂ ਵੀ ਏਥੇ ਹੀ ਬਣੀਆਂ ਸਨ। ਏਥੇ ਬੈਠ ਕੇ ਹੀ ਉਸਨੇ ਮਾਣਕ ਦੀ ਭਾਈਵਾਲੀ ਵਾਲੀ ਫਿਲਮ "ਬਲਵੀਰੋ ਭਾਬੀ" ਦੇ ਗੀਤ ਲਿਖੇ ਸਨ।
       "ਬਾਈ 'ਬਲਵੀਰੋ ਭਾਬੀ' ਫਿਲਮ ਚੱਲੀ ਕਿਉਂ ਨ੍ਹੀ?"
      "ਚੱਲਣੀ ਸਵਾਹ ਸੀ ? ਲੋਕ ਮਨਾਂ 'ਚ ਬੈਠੀ ਕਹਾਣੀ ਤਾਂ ਉੱਕਾ ਹੀ ਬਦਲ ਦਿੱਤੀ ਗਈ ਸੀ। ਹੋਰ ਦਾ ਹੋਰ ਈ ਬਣਾ ਦਿੱਤਾ।"
        "ਤੁਸੀਂ ਫਿਲਮ ਦੀ ਕਹਾਣੀ ਲਿਖਣ 'ਚ ਸ਼ਾਮਲ ਨ੍ਹੀ ਸੀ ?"
      "ਮੈਂ ਕਾਹਨੂੰ ਲਿਖੀ ਸੀ। ਇਹ ਨਾਟਕਾਂ ਵਾਲੇ ਭਾਗ ਸਿੰਘ ਨੇ ਲਿਖੀ ਸੀ। ਉਹ ਲਾਲ ਜ੍ਹੀ ਦਾੜੀ ਵਾਲਾ। ਉਦੂੰ ਪਹਿਲਾਂ ਉਹਨੇ 'ਮਾਮਲਾ ਗੜਬੜ ਹੈ' ਫਿਲਮ ਲਿਖੀ ਸੀ। ਸਟੋਰੀ ਸਟਾਰੀ ਤਾਂ ਉਹਦੀ ਵੀ ਹੈਨੀ ਸੀਗੀ। ਉਹ ਤਾਂ ਮੁੰਡੇ ਕੁੜੀਆਂ 'ਚ ਗੁਰਦਾਸ ਮਾਨ ਦਾ ਕਰੇਜ਼ ਸੀ, ਏਸ ਕਰਕੇ ਚੱਲਗੀ ਸੀਗੀ। ਬਲਵੀਰੋ ਭਾਬੀ 'ਤੇ ਗੁਰਚਰਨ ਪੋਹਲੀ, ਚੰਨ ਗੁਰਾਇਆ ਵਾਲੇ ਤੇ ਮਾਣਕ ਦਾ ਪੈਸਾ ਲੱਗਾ ਸੀ। ਅਸਲ 'ਚ ਨਾ ਮਾਣਕ ਦੇ ਅੰਦਰ ਕੀੜਾ ਕੁਰਬਲ ਕੁਰਬਲ ਕਰਦਾ ਸੀਗਾ ਫਿਲਮਾਂ 'ਚ ਮੂੰਹ ਵਿਖਾਉਣ ਦਾ। ਗੁਰਚਰਨ ਪੋਹਲੀ ਤਾਂ ਕਈ ਵਰ੍ਹੇ ਬੰਬੇ (ਮੁੰਬਈ) ਫਿਲਮਾਂ 'ਚ ਧੱਕੇ ਧੁੱਕੇ ਵੀ ਖਾ ਆਇਆ ਸੀ। ਉਹਨਾਂ ਦੀ ਈ ਚੋਣ ਸੀ ਵਈ ਫਿਲਮ ਭਾਗ ਸਿਹੁੰ ਤੋਂ ਈ ਲਿਖਾਉਣੀ ਐ। ਭਾਗ ਸਿਹੁੰ ਵਾਸਤੇ ਹੋਟਲ ਬੁੱਕ ਕਰਵਾਇਆ। ਉਹ ਲਿਖਾਈ ਜਾਂਦਾ ਮੈਂ ਲਿਖੀ ਜਾਂਦਾ। ਮੈਂ ਬਥੇਰਾ ਟੋਕਿਆ ਉਹਨੂੰ। ਇਸ ਲੋਕ ਗਾਥਾ ਬਾਰੇ ਕਈ ਕਿੱਸੇ ਵੀ ਪੜ੍ਹਾਏ ਪਰ ਉਹ ਮੰਨਿਆ ਈ ਨ੍ਹੀ। ਮੈਂ ਤਾਂ ਫਿਲਮ ਦਾ ਨਾਂ ਵੀ "ਸੁੱਚਾ ਸੂਰਮਾ" ਰੱਖਣਾ ਚਾਹੁੰਦਾ ਸੀਗਾ। ਮੇਰੀ ਨ੍ਹੀ ਸੁਣੀ ਕਿਸੇ ਨੇ। ਭਾਗ ਸਿਹੁੰ ਹੋਟਲ 'ਚ ਬਹਿਕੇ ਸੋਲ੍ਹਾਂ ਬੋਤਲਾਂ ਦਾਰੂ ਦੀਆਂ ਪੀ ਗਿਆ ਤੇ ਪੰਜ ਕਿਲੋ ਖਾ ਗਿਆ ਮੀਟ। ਉੱਘ ਦੀਆਂ ਪਤਾਲ ਲਿਖਾਈ ਗਿਆ। ਫਿਲਮ ਕੀ ਚੱਲਣੀ ਸੀ ? ਮਾਣਕ ਦਾ ਝੱਸ ਤਾਂ ਪੂਰਾ ਹੋ ਗਿਆ ਪਰ ਨੰਗ ਹੋਕੇ ਬਹਿ ਗਿਆ। ਮੁੜ ਕੇ ਨ੍ਹੀ ਨਾਂ ਲਿਆ ਫਿਲਮ ਬਣਾਉਣ ਦਾ।"
     "ਝੱਸ ਤਾਂ ਬਾਈ ਤੁਸੀਂ ਵੀ ਪੂਰਾ ਕਰ ਲਿਆ ਸੀ। ਫਿਲਮ ਦੇ ਗਾਣੇ ਤਾਂ ਤੁਸੀਂ ਈ ਲਿਖੇ ਸੀਗੇ।"
    "ਸਾਰੇ ਨ੍ਹੀ, ਫਿਲਮ ਦੇ ਕੁਛ ਗਾਣੇ ਮੈਂ ਲਿਖੇ ਸੀ। ਗਾਣੇ ਤਾਂ ਹੋਰ ਬਥੇਰੀਆਂ ਫਿਲਮਾਂ 'ਚ ਲਿਖੇ ਐ। 'ਲੰਬੜਦਾਰਨੀ' ਫਿਲਮ ਦਾ "ਯਾਰਾਂ ਦਾ ਟਰੱਕ ਬੱਲੀਏ" ਤਾਂ ਬੜਾ ਈ ਚੱਲਿਆ ਸੀ। ਫਿਲਮਾਂ ਵਾਲਾ ਵਰਿੰਦਰ ਆ ਗਿਆ ਘਰੇ। ਕਹਿੰਦਾ ਗਾਣਾ ਲਿਖ ਕੇ ਦਿਉ। ਐਥੇ ਬੈਠ ਕੇ ਈ ਲਿਖਿਆ ਜੁਆਕਾਂ ਦੀ ਕਾਪੀ 'ਤੇ। 'ਪੁੱਤ ਜੱਟਾਂ ਦੇ' ਫਿਲਮ ਦਾ ਟਾਈਟਲ ਗੀਤ ਈ ਮੇਰਾ ਲਿਖਿਆ ਹੋਇਆ ਸੀ। ਹੋਰ ਵੀ ਪੰਦਰ੍ਹਾਂ ਸੋਲ੍ਹਾਂ ਫਿਲਮਾਂ ਦੇ ਗਾਣੇ ਲਿਖੇ ਆ। ਮੈਨੂੰ ਤਾਂ ਹੁਣ ਯਾਦ ਵਨ੍ਹੀ।"
       ਦੇਵ ਬਹੁਤਾ ਕੁੱਛ ਯਾਦ ਰੱਖਣਾ ਵੀ ਨਹੀਂ ਚਾਹੁੰਦਾ। ਉਹ ਪੰਜਾਬੀ ਗੀਤਕਾਰੀ ਦੇ ਪਿੜ 'ਚ ਠੁਮਕ ਠੁਮਕ ਤੁਰਦਾ ਰਿਹਾ ਹੈ। ਉਸਦੇ ਕਈ ਸਮਕਾਲੀ ਗਾਹੇ ਬਗਾਹੇ ਉਸ ਖ਼ਿਲਾਫ ਬੋਲਦੇ ਵੀ ਰਹੇ ਨੇ। ਇੱਕ ਵੱਡਾ ਗੀਤਕਾਰ ਤਾਂ ਉਸ ਨੂੰ ਗੀਤਕਾਰ ਮੰਨਣ ਤੋਂ ਹੀ ਇਨਕਾਰੀ ਰਿਹਾ ਹੈ। ਗੱਲਾਂ ਦੇਵ ਕੋਲ ਪੁੱਜਦੀਆਂ ਸਨ ਪਰ ਉਸ ਨੇ ਕਿਸੇ ਖਿਲਾਫ਼ ਮਾੜਾ ਨਹੀਂ ਬੋਲਿਆ। ਉਹ ਬੇਪਰਵਾਹੀ 'ਚ ਆਖਦਾ, "ਚੰਦ ਮੂਹਰੇ ਹੱਥ ਕਰਕੇ ਜੇ ਕੋਈ ਆਖੇ ਚੰਦ ਤਾਂ ਚੜਿਆ ਈ ਨ੍ਹੀ—ਏਹਦੇ ਨਾਲ ਚੰਦ ਨੂੰ ਕੀ ਫਰਕ ਪੈਜੂ ?"
        ਅਜਿਹੀਆਂ ਗੱਲਾਂ ਬਾਰੇ ਉਹ ਅਕਸਰ ਆਖਦਾ ਹੈ, "ਕੜਿਆਲਵੀ, ਯਾਰ ਤੂੰ ਕਹਾਣੀ ਲਿਖਦਾਂ। ਕਿੰਨੇ ਲੋਕ ਤੇਰੀ ਕਹਾਣੀ ਪੜ੍ਹਦੇ ਆ। ਜੇ ਕੋਈ ਲੱਲੂ ਪੰਜੂ ਬੰਦਾ ਤੈਨੂੰ ਕਹਾਣੀਕਾਰ ਨਹੀਂ ਵੀ ਮੰਨਦਾ-ਏਹਦਾ ਮਤਲਬ ਏਹ ਤਾਂ ਨ੍ਹੀ ਵੀ ਤੂੰ ਕਹਾਣੀਕਾਰ ਈ ਨ੍ਹੀ। ਯਾਰ ਲੋਕਾਂ ਨੂੰ ਤਾਂ ਥਰੀਕੇ ਵਾਲਾ ਦੀਂਹਦਾ ਈ ਆ। ਕਨਈਂ ? ਨਾਲੇ ਇੱਕ ਕਲਾਕਾਰ, ਗੀਤਕਾਰ ਜਾਂ ਸਾਹਿਤਕਾਰ ਸਾਰਿਆਂ ਨੂੰ ਪ੍ਰਵਾਨ ਹੁੰਦਾ ਵਨ੍ਹੀ। ਬਥੇਰੀ ਦੁਨੀਆ ਉਹਦੇ ਨਾਲ ਅਸਹਿਮਤ ਵੀ ਹੁੰਦੀ ਐ। ਜਿਹੜੇ ਦੇਵ ਨੂੰ ਗੀਤਕਾਰ ਨਹੀਂ ਮੰਨਦੇ ਉਹਨਾਂ ਦਾ ਵੀ ਭਲਾ ਤੇ ਜਿਹੜੇ ਮੰਨਦੇ ਆ ਉਹਨਾਂ ਦਾ ਵੀ ਭਲਾ। ਜਿਹੜੇ ਨਹੀਂ ਮੰਨਦੇ ਉਹ ਵੱਡੇ ਹੋਣਗੇ—ਤਾਂ ਈ ਨ੍ਹੀ ਮੰਨਦੇ।"
        ਦੇਵ ਥਰੀਕੇ ਵਾਲੇ ਨੂੰ ਗੀਤਕਾਰ ਨਾ ਮੰਨਣ ਵਾਲੇ ਵੀ ਆਪਣੀ ਥਾਵੇਂ ਸੱਚੇ ਨੇ। ਦਰਅਸਲ ਬਾਈ ਦੇਵ ਦੀ ਗੀਤਕਾਰੀ ਨੂੰ ਲੋਕਾਂ ਵਲੋਂ ਜਿੰਨੀ ਪ੍ਰਵਾਨਗੀ ਮਿਲੀ ਹੈ, ਬਾਈ ਨੇ ਉਸ ਹਿਸਾਬ ਨਾਲ ਗੀਤਕਾਰੀ ਤੋਂ ਲਾਹਾ ਨ੍ਹੀ ਖੱਟਿਆ। ਪੈਸੇ ਕਮਾਉਣ ਲਈ ਉਸ ਨੇ ਏਧਰ ਓਧਰ ਹੱਥ ਪੈਰ ਨਹੀਂ ਮਾਰੇ। ਕਿਸੇ ਗਾਇਕ ਤੋਂ ਮੂੰਹ ਫਾੜ ਕੇ ਪੈਸੇ ਨਹੀਂ ਮੰਗੇ। ਗਾਇਕ ਨੇ ਜੋ ਹੱਥ ਝਾੜ ਦਿੱਤਾ, ਸਤਿ ਬਚਨ ਆਖ ਕੇ ਪ੍ਰਵਾਨ ਕਰ ਲਿਆ। ਉਹ ਬਿਨਾ ਗਿਣਿਆਂ ਚੁੱਪ ਕਰਕੇ ਖੀਸੇ 'ਚ ਪਾ ਲੈਂਦਾ ਰਿਹਾ। ਰੁਪਈਏ ਪੈਸੇ ਉਸਦੀ ਕਦੇ ਕਮਜ਼ੋਰੀ ਨਹੀਂ ਬਣੇ। ਇਸ ਪੱਖੋਂ ਉਹ ਪੂਰੀ ਤਰ੍ਹਾਂ ਸੰਤੁਸ਼ਟ ਰਿਹਾ ਹੈ।
    "ਪੈਸਾ ਧੇਲਾ ਤੇ ਹੋਰ ਪਦਾਰਥੀ ਚੀਜ਼ਾਂ ਸਭ ਏਥੇ ਰਹਿ ਜਾਣੀਆਂ। ਕੁਛ ਨ੍ਹੀ ਨਾਲ ਜਾਣਾ। ਪੈਸਾ ਕਿਸੇ ਦੇ ਵੀ ਨਾਲ ਨ੍ਹੀ ਗਿਆ। ਬਥੇਰਾ ਮਾਣ ਸਨਮਾਨ ਮਿਲਿਆ, ਲੋਕਾਂ ਵਲੋਂ ਵੀ ਤੇ ਸੰਸਥਾਵਾਂ ਵਲੋਂ ਵੀ। ਲੋੜ ਜੋਗੀ ਰਾਇਲਟੀ ਹੁਣ ਵੀ ਆਈ ਜਾਂਦੀ ਐ। ਐਚ ਐਮ ਵੀ ਦੇਈ ਜਾਂਦੀ। ਆਹ ਨੈੱਟ ਆਲੇ ਵੀ ਦੇਈ ਜਾਂਦੇ। ਕਬੀਲਦਾਰੀ ਸਾਰੀ ਛੱਡੀ ਬੈਠਾਂ। ਸਾਰਾ ਕੁਛ ਬੇਟੇ ਦੀਨੇ ਦੇ ਨਾਂ ਕਰਾਤਾ। ਬਹੁਤ ਸੇਵਾ ਕਰਦਾ। ਪੋਤੀਆਂ ਪੋਤਾ ਬਾਹਰ ਐ। ਟੈਨਸ਼ਨ ਕੋਈ ਨ੍ਹੀ। ਸੈਂਤੀ ਸਾਲ ਸਕੂਲ ਮਾਸਟਰੀ ਕੀਤੀ ਐ। ਪੈਨਸ਼ਨ ਆਈ ਜਾਂਦੀ ਵਾਧੂ। ਦੋ ਸੌ ਪੌਂਡ ਪੈਨਸ਼ਨ ਦੇਵ ਐਪਰੀਸ਼ੇਸ਼ਨ ਸੁਸਾਇਟੀ ਵਾਲੇ ਦੇਈ ਜਾਂਦੇ ਐ। ਹੋਰ ਦੱਸ ਕਾਹਦੇ ਆਸਤੇ ਮਰੂੰ ਮਰੂੰ ਕਰਨਾ। ਕੀ ਫੈਦਾ ਢਿੱਲੀਆਂ ਗੱਲਾਂ ਕਰਨ ਦਾ ?"
       ਬਾਈ ਦੇਵ ਜਵਾਂ ਸੱਚ ਆਖਦਾ ਹੈ। ਮੈਂ ਉਸਨੂੰ ਕਦੇ ਢਿੱਲੀ ਗੱਲ ਕਰਦੇ ਨ੍ਹੀ ਵੇਖਿਆ। ਉਹ ਸੁਭਾਅ ਪੱਖੋ ਲਾਪਰਵਾਹ ਕਿਸਮ ਦਾ ਬੰਦਾ ਹੈ। ਉਸਦੀ ਲਾਪਰਵਾਹੀ ਦਾ ਅੰਦਾਜ਼ਾ ਇਸੇ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਉਸ ਕੋਲ ਆਪਣੀਆਂ ਗੀਤਾਂ ਦੀਆਂ ਛਪੀਆਂ ਕਿਤਾਬਾਂ ਤੇ ਰਿਕਾਰਡ ਹੋਏ ਤਵਿਆਂ ਜਾਂ ਕੈਸਟਾਂ ਦਾ ਕੋਈ ਰਿਕਾਰਡ ਨਹੀਂ ਹੈ। ਉਸਨੇ ਨਾ ਕੋਈ ਪੱਥਰ ਦਾ ਤਵਾ ਸਾਂਭਿਆ ਹੈ ਨਾ ਪਲਾਸਟਿਕ ਦਾ। ਨਾਹੀਂ ਟੇਪ ਰਿਕਾਰਡਰਾਂ 'ਚ ਵੱਜਣ ਵਾਲੀ ਕੋਈ ਰੀਲ ਤੇ ਨਾਹੀਂ ਗੀਤਾਂ ਦੀ ਕੋਈ ਪੁਸਤਕ। ਉਂਜ ਉਸਦੀ ਨਿੱਜੀ ਲਾਇਬਰੇਰੀ 'ਚ ਕੜਿਆਲਵੀ ਤੋਂ ਲੈ ਕੇ ਕੁਲਵੰਤ ਸਿੰਘ ਵਿਰਕ ਤੱਕ ਦੇ ਕਹਾਣੀ ਸੰਗ੍ਰਹਿ, ਬੂਟਾ ਸਿੰਘ ਸ਼ਾਦ ਦੇ ਨਾਵਲ 'ਕੁੱਤਿਆਂ ਵਾਲੇ ਸਰਦਾਰ' ਤੋਂ ਲੈ ਕੇ ਦਿੱਲੀ ਵਾਲੇ ਨਛੱਤਰ ਦੇ ਨਾਵਲ 'ਕੈਂਸਰ ਟਰੇਨ' ਤੱਕ ਤੇ ਬਲਰਾਜ ਸਾਹਨੀ ਦੇ ਪਾਕਿਸਤਾਨੀ ਤੇ ਰੂਸੀ ਸਫਰਨਾਮਿਆਂ ਤੋਂ ਲੈ ਕੇ ਵਰਿਆਮ ਸੰਧੂ ਦੇ ਪਾਕਿਸਤਾਨ ਬਾਰੇ ਸਫਰਨਾਮੇ "ਵਗਦੀ ਸੀ ਰਾਵੀ" ਤੱਕ ਹਜ਼ਾਰਾਂ ਪੁਸਤਕਾਂ ਮੌਜੂਦ ਹਨ। ਉਹ ਦੇਸੀ ਵਿਦੇਸ਼ੀ ਲੇਖਕਾਂ ਦੀਆਂ ਸਾਰੀਆਂ ਚਰਚਿਤ ਪੁਸਤਕਾਂ ਪੜ੍ਹਦਾ ਤੇ ਪਿਆਰ ਨਾਲ ਸੰਭਾਲਦਾ ਹੈ।
       ਬਾਈ ਦੇਵ ਉਪਰ ਐਮ ਫਿਲ ਜਾਂ ਪੀ ਐਚ ਡੀ ਕਰਨ ਵਾਲਾ ਕੋਈ ਵਿਦਿਆਰਥੀ ਜਦੋਂ ਉਸ ਕੋਲੋਂ ਕਿਸੇ ਗੀਤ ਜਾਂ ਕਿਤਾਬ ਸਬੰਧੀ ਰਿਕਾਰਡ ਦੀ ਮੰਗ ਕਰਦਾ ਹੈ ਤਾਂ ਦੇਵ ਆਪਣੇ ਕਿਸੇ ਪ੍ਰਸੰਸਕ ਨੂੰ ਯਾਦ ਕਰਦਾ ਹੈ। ਉਸਦੇ ਪ੍ਰਸੰਸਕਾਂ ਨੇ ਸਾਰਾ ਰਿਕਾਰਡ ਸਭਾਲ ਕੇ ਰੱਖਿਆ ਹੋਇਆ ਹੈ। ਪਿੰਡ ਬਾਰਨਹਾੜਾ ਦਾ ਬਿੰਦਰ ਸੇਖੋਂ ਉਸਦੇ ਗੀਤਾਂ ਦਾ ਇਨਸਾਈਕਲੋਪੀਡੀਆ ਹੈ। ਉਸਨੂੰ ਦੇਵ ਦੇ ਸੈਂਕੜੇ ਗੀਤ ਜ਼ੁਬਾਨੀ ਯਾਦ ਨੇ। ਸੈਂਕੜੇ ਤਵੇ ਤੇ ਕੈਸਟਾਂ ਉਸ ਨੇ ਆਪਣੇ ਘਰ 'ਚ ਸਾਂਭੀਆਂ ਹੋਈਆਂ ਹਨ। ਦੇਵ ਦੇ ਪ੍ਰਸੰਸਕ ਦੇਵ ਨੂੰ ਰੱਬ ਵਾਂਗੂੰ ਮੰਨਦੇ ਨੇ। ਦੇਵ ਥਰੀਕਿਆਂ ਵਾਲਾ ਅਜਿਹਾ ਗੀਤਕਾਰ ਹੈ ਜਿਸ ਦੇ ਜਿਉਂਦੇ ਜੀਅ ਇੰਗਲੈਂਡ ਦੇ ਸ਼ਹਿਰ ਡਰਬੀ 'ਚ ਰਹਿੰਦੇ ਉਸ ਦੇ ਪ੍ਰਸੰਸਕਾਂ ਨੇ "ਦੇਵ ਐਪਰੀਸ਼ੇਸ਼ਨ ਸੁਸਾਇਟੀ" ਬਣਾਈ ਹੈ ਜਿਸਦਾ ਚੇਅਰਮੈਨ ਸੁਖਦੇਵ ਸਿੰਘ ਅਟਵਾਲ ਹੈ। ਸੁਸਾਇਟੀ ਹਰ ਸਾਲ ਵਧੀਆ ਗਾਇਕਾਂ, ਰਾਗੀਆਂ, ਢਾਡੀਆਂ ਤੇ ਗੀਤਕਾਰਾਂ ਨੂੰ ਸਨਮਾਨਿਤ ਕਰਦੇ ਹਨ। ਸੁਸਾਇਟੀ ਵਲੋਂ ਹਰ ਸਨਮਾਨਿਤ ਵਿਅਕਤੀ ਨੂੰ ਇੱਕ ਹਜ਼ਾਰ ਪੌਂਡ ਦੀ ਰਾਸ਼ੀ ਭੇਟ ਕੀਤੀ ਜਾਂਦੀ ਹੈ। ਸੁਸਾਇਟੀ ਨੇ ਬਾਈ ਦੇਵ ਨੂੰ ਇੰਗਲੈਂਡ ਦੀ ਰਾਣੀ ਦਾ ਕਾਰਡ ਦੁਆ ਦਿੱਤਾ ਹੈ ਜਿਸ ਕਰਕੇ ਉਹਦੇ ਵੀਜ਼ੇ 'ਚ ਕੋਈ ਰੋਕ ਨਹੀਂ ਪੈਂਦੀ। ਉਹ ਸੁਸਾਇਟੀ ਦੇ ਸਮਾਗਮਾਂ 'ਚ ਭਾਗ ਲੈਣ ਵਾਸਤੇ ਇੰਗਲੈਂਡ ਜਾਂਦਾ ਰਿਹਾ ਹੈ।
      "ਬਾਈ ਗੀਤਾਂ ਦੀਆਂ ਕਿਤਾਬਾਂ ਕੀਹਨੇ ਛਾਪੀਆਂ ? ਕਿਤਾਬਾਂ ਵਾਲਿਆਂ ਨੇ ਵੀ ਕੁੱਛ ਪਿੜ ਪੱਲੇ ਪਾਇਆ ਕਿ ਨਹੀਂ ?"
     "ਮੇਰੀ ਪਹਿਲੀ ਕਿਤਾਬ "ਮੈਂ ਜੱਟੀ ਪੰਜਾਬ ਦੀ" ਚਤਰ ਸਿੰਘ ਜੀਵਨ ਸਿੰਘ ਨੇ ਛਾਪੀ ਸੀ। ਪੰਜ ਰੁਪਈਏ ਦੀ ਵੇਚਦੇ ਸੀਗੇ। ਸੁਨਣ 'ਚ ਆਇਆ ਉਹਨਾਂ ਨੇ ਇਸ ਕਿਤਾਬ ਦੀ ਦੋ ਲੱਖ ਕਾਪੀ ਵੇਚੀ ਐ। ਇਸ ਪਹਿਲੀ ਕਿਤਾਬ ਦਾ ਉਹਨਾਂ ਨੇ ਕੱਖ ਨ੍ਹੀ ਸੀ ਦਿੱਤਾ। ਉਦੋਂ ਤਾਂ ਮੈਨੂੰ ਚਾਅ ਈ ਐਨਾ ਸੀਗਾ ਵ੍ਹੀ ਕਿਤਾਬ ਛਪੀ ਐ। ਹਾਂ ਬਾਅਦ ਦੀਆਂ ਕਿਤਾਬਾਂ ਦੇ ਦਿੰਦੇ ਰਹੇ ਆ। ਕਈ ਕਿਤਾਬਾਂ ਦਰਬਾਰ ਪਬਲੀਸਿ਼ੰਗ ਵਾਲਿਆਂ ਨੇ ਵੀ ਛਾਪੀਆਂ।"
      "ਸਾਂਭੀ ਕੋਈ ਵੀ ਨਹੀਂ ? ਐਨੀ ਲਾਪਰਵਾਹੀ।"
    "ਉਦੋਂ ਕੀ ਪਤਾ ਸੀ ਵ੍ਹੀ ਦੇਵ ਥਰੀਕਿਆਂ ਵਾਲਾ ਬਣਜੂੰ। ਸੱਚੀਂ ਲਾਪਰਵਾਹ ਈ ਬਣਿਆ ਰਿਹਾ। ਆਪਣੀਆਂ ਕਿਤਾਬਾਂ ਵਲੋਂ ਵੀ ਤੇ ਘਰ ਵਲੋਂ ਵੀ। ਮੈਨੂੰ ਘਰ ਦਾ ਉੱਕਾ ਪਤਾ ਨ੍ਹੀਂ ਸੀ ਹੁੰਦਾ। ਘਰ ਪ੍ਰੀਤਮ ਕੌਰ ਹੀ ਚਲਾਉਂਦੀ ਸੀ। ਉਸੇ ਨੇ ਜਵਾਕ ਪਾਲੇ। ਏਸੇ ਨੇ ਪੜ੍ਹਾਏ ਲਿਖਾਏ। ਮੇਰਾ ਤਾਂ ਬੱਸ ਡਾਂਗ 'ਤੇ ਈ ਡੇਰਾ ਰਿਹਾ। ਘਰ ਦਾ ਦੇਣਾ ਲੈਣਾ, ਸਾਕ ਸਕੀਰੀਆਂ 'ਚ ਜਾਣਾ ਆਉਣਾ, ਸਾਬ੍ਹ-ਕਿਤਾਬ ਸਾਰਾ ਉਹੀ ਰੱਖਦੀ ਸੀਗੀ। ਮੈਨੂੰ ਮਾਸਟਰ ਹਰਦੇਵ ਸਿੰਘ ਤੋਂ ਦੇਵ ਥਰੀਕਿਆਂ ਵਾਲਾ ਵੀ ਏਸੇ ਨ੍ਹੀ ਈ ਬਣਾਇਆ। ਮੈਨੂੰ ਵੀ ਏਸੇ ਨੇ ਹੀ ਸਾਂਭਿਆ ਨ੍ਹੀ ਮੈਂ ਤਾਂ ਰੁਲ ਜਾਣਾ ਸੀ। "ਕਾਹਨੂੰ ਮਾਰਦਾਂ ਚੰਦਰਿਆ ਛਮਕਾਂ" ਗੀਤ ਉਹਦੇ ਵਾਸਤੇ ਈ ਲਿਖਿਆ ਸੀ।"
"ਰੋਏਂਗਾ ਢਿੱਲੇ ਜਿਹੇ ਬੁੱਲ੍ਹ ਕਰਕੇ, ਪਾਲੀ ਬੀਬਾ ਜਦੋਂ ਮਰਗੀ।"
       "ਜਦੋਂ ਮੈਂ ਪ੍ਰੀਤਮ ਕੌਰ ਵਾਸਤੇ ਇਹ ਗੀਤ ਲਿਖਿਆ ਉਦੋਂ ਇਸਦੇ ਬੋਲ ਸਨ, "ਕਾਹਨੂੰ ਮਾਰਦਾਂ ਚੰਦਰਿਆ ਛਮਕਾਂ ਮੈਂ ਕੱਚ ਦੇ ਗਿਲਾਸ ਵਰਗੀ, ਫੇਰ ਰੋਏਂਗਾ ਢਿੱਲੇ ਜਿਹੇ ਬੁੱਲ੍ਹ ਕਰਕੇ ਦੇਵ ਪੀਤੋ ਜਦੋਂ ਮਰਗੀ।" ਨਰਿੰਦਰ ਬੀਬਾ ਨੇ ਮੇਰੇ ਤੋਂ ਇਹ ਗੀਤ ਲੈ ਲਿਆ। ਕਹਿੰਦੀ ਮੈਂ ਗੀਤ ਤਾਂ ਰਿਕਾਰਡ ਕਰਵਾਉਣਾ ਪਰ ਇੱਕ ਲਾਈਨ ਬਦਲਣੀ ਹੈ। ਮੈਂ ਵ੍ਹੀ ਅੜੀ ਨ੍ਹੀ ਕੀਤੀ। ਚਲੋ ਗੀਤ ਰਿਕਾਰਡ ਹੋਜੇ। ਬੀਬਾ ਨੇ ਇੱਕ ਲਾਈਨ ਬਦਲਵਾ ਦਿੱਤੀ- ਵੇ ਪਾਲੀ ਬੀਬਾ ਜਦੋਂ ਮਰਗੀ।"
       ਆਖਦੇ ਨੇ ਕਿ ਵਾਰਸ਼ ਸ਼ਾਹ ਨੇ ਹੀਰ ਦੇ ਕਿੱਸੇ ਰਾਹੀਂ ਭਾਗਭਰੀ ਨਾਲ ਆਪਣੇ ਇਸ਼ਕ ਦੀ ਦਾਸਤਾਨ ਲਿਖੀ ਹੈ। ਉਸਦੀ ਹੁੰਦੜਹੇਲ 'ਹੀਰ' ਪੰਜਾਬਣ ਮੁਟਿਆਰ ਦਾ ਪ੍ਰਤੀਕ ਹੈ ਜਿਸਦਾ ਲੋਹੜੇ ਮਾਰਦਾ ਹੁਸਨ ਅਸਮਾਨੀ ਉੱਡਦੇ ਪੰਛੀਆਂ ਨੂੰ ਵੀ ਹਲਾਕ ਕਰ ਦੇਣ ਦੇ ਸਮਰੱਥ ਹੈ। ਪੰਜਾਬ ਦੀ ਇਸ ਮਾਣਮੱਤੀ ਮੁਟਿਆਰ ਦੀ ਖਾਤਰ ਤਖਤ ਹਜ਼ਾਰੇ ਦੇ ਚੌਧਰੀ ਦਾ ਪੁੱਤ ਘਰ ਘਾਟ ਛੱਡ ਕੇ ਸਾਧ ਹੋ ਜਾਂਦਾ ਹੈ।
       "ਬਾਈ, ਤੁਸੀਂ ਵੀ ਗੋਰਖ ਨਾਥ ਦੇ ਟਿੱਲੇ ਤੋਂ ਬਥੇਰੀਆਂ ਹਾਕਾਂ ਮਾਰੀਆਂ ਹੀਰ ਨੂੰ। ਟਿੱਲੇ ਵਾਲਿਆ ਮਿਲਾਦੇ ਜੱਟੀ ਹੀਰ ਨੂੰ ---- ਥੋਡੀ ਭਾਗਭਰੀ ?"
      "ਕਾਹਨੂੰ ਕੜਿਆਲਵੀ, ਅਸੀਂ ਤਾਂ ਐਵੈਂ ਡਰਦੇ ਈ ਰਹੇ ਸਾਰੀ ਉਮਰ। ਤੂੰ ਤਾਂ ਯਾਰ ਪਤੰਦਰ ਐਂ। ਤੇਰੀ ਵਾਰਤਕ ਵਾਲੀ ਕਿਤਾਬ "ਖਤਰਨਾਕ ਅੱਤਵਾਦੀ ਦੀ ਜੇਲ੍ਹ ਯਾਤਰਾ" ਪੜ੍ਹੀ ਐ। ਯਾਰ ਬਾਹਲੇ ਪੰਗੇ ਲਏ ਤੂੰ ਤਾਂ।" ਬਾਈ ਦੇਵ 'ਹਾ ਹਾ ਹਾ' ਕਰਦਾ ਉੱਚੀ ਉੱਚੀ ਹੱਸਣ ਲੱਗਦਾ ਹੈ।
       "ਬਾਈ ਕਿਸੇ ਭਾਗਭਰੀ ਦੇ ਇਸ਼ਕ ਬਿਨਾ ਤਾਂ 'ਹੀਰ' ਦਾ ਹੁਸਨ ਬਿਆਨ ਨ੍ਹੀ ਹੁੰਦਾ—ਗੋਰੀ ਧੌਣ ਦੁਆਲੇ ਕਾਲੀ ਗਾਨੀ ਜੱਟੀ ਦੇ।"
      "ਸਾਡੇ ਵੇਲੇ ਔਖਾ ਕੰਮ ਸੀ ਇਹ --- ਕਾਹਨੂੰ ਛੇੜਦੈਂ ਪੁਰਾਣੀਆਂ ਛੇੜਾਂ ਬੁੱਢੇ ਵਾਰੇ।" ਉਹ ਹੱਸਦਾ ਹੱਸਦਾ ਟਾਲ ਜਾਂਦਾ ਹੈ।
       ਉਮਰ ਦੇ ਆਖੀਰਲੇ ਪੜਾਅ 'ਤੇ ਆ ਕੇ ਯਾਦ ਤਾਂ ਉਹ ਆਪਣੇ ਕਈ ਗੀਤਾਂ ਨੂੰ ਵੀ ਨਹੀਂ ਕਰਨਾ ਚਾਹੁੰਦਾ।
"ਹਰੇਕ ਲੇਖਕ ਨੂੰ ਆਪਣੀ ਕਿਸੇ ਨਾ ਕਿਸੇ ਰਚਨਾ 'ਤੇ ਅਫਸੋਸ ਹੋ ਜਾਂਦਾ ਹੈ। ਕਈ ਗੀਤ ਹੈਗੇ, ਹੁਣ ਸੋਚਦੈਂ, ਜੇ ਨਾ ਲਿਖੇ ਹੁੰਦੇ ਤਾਂ ਚੰਗਾ ਸੀ ਪਰ—ਉਦੋਂ ਉਮਰ ਈ ਐਹੋ ਜਈ ਸੀਗੀ। ਅਸਲ 'ਚ ਉਦੋਂ ਪੂਰੀ ਤਰ੍ਹਾਂ ਜਿੰਮੇਵਾਰੀ ਦਾ ਅਹਿਸਾਸ ਹੈਨੀ ਸੀ। ਹੁਣ ਕੀ ਹੋ ਸਕਦਾ ? ਜਿਹੜਾ ਤੀਰ ਚੱਲ ਗਿਆ - ਸੋ ਚੱਲ ਗਿਆ। ਮੁੜ ਕੇ ਭੱਥੇ 'ਚ ਨ੍ਹੀ ਪੈਂਦਾ।"
      "ਕਿਹੜੇ ਗੀਤ ਐ ਐਹੋ ਜਿਹੇ ?"
"ਕਈ ਹੈਗੇ-ਮਾਰ ਜੰਗੀਰੋ ਗੇੜਾ। 'ਮਾਰ ਜੰਗੀਰੋ ਗੇੜਾ ਵਾਲੇ' ਗੀਤ ਵੇਲੇ ਤਾਂ ਇੱਕ ਮਾਮੀ ਮਗਰ ਪੈਗੀ। ਉਹਦਾ ਨਾਉਂ ਹੁੰਦਾ ਸੀਗਾ ਜੰਗੀਰੋ। "ਚਾਹ ਚੰਗੀ ਥੱਲੇ ਦੀ ਲੜਾਈ ਹੱਲੇ ਦੀ, ਤੀਵੀਂਆਂ 'ਚੋਂ ਤੀਵੀਂ ਚੰਗੀ ਜੋਗੇ ਰੱਲੇ ਦੀ" ਜਗਮੋਹਨ ਕੌਰ ਨੇ ਗਾਇਆ ਸੀ ਇਹ ਗੀਤ। ਏਸ ਗੀਤ ਵੇਲੇ ਵੀ ਪੰਗਾ ਖੜਾ ਹੋਣ ਲੱਗਾ ਸੀਗਾ। ਬੱਸ ਐਵੇਂ ਚੌੜ ਚੌੜ 'ਚ ਲਿਖਿਆ ਗਿਆ। ਮਾਣਕ ਦੇ ਨਾਨਕੇ ਹੁੰਦੇ ਸੀਗੇ ਜੋਗੇ ਰੱਲੇ। ਕੀ ਕਰਨਾ ਐਹੋ ਜਿਹੇ ਗੀਤਾਂ ਨੂੰ ਯਾਦ ਕਰਕੇ ?"
        ਬਾਈ ਦੇਵ ਜੇ ਆਪਣੇ ਕੁੱਝ ਗੀਤਾਂ ਨੂੰ ਭੁੱਲ ਜਾਣਾ ਚਾਹੁੰਦਾ ਹੈ ਤਾਂ ਕੁੱਝ ਗੀਤ ਅਜਿਹੇ ਵੀ ਨੇ ਜੋ ਉਸ ਦੇ ਦਿਲ ਦੇ ਬਹੁਤ ਕਰੀਬ ਨੇ। ਕੁਲਦੀਪ ਮਾਣਕ ਵਲੋਂ ਗਾਏ ਗੀਤ "ਮਾਂ ਹੁੰਦੀ ਐ ਮਾਂ ਉਏ ਦੁਨੀਆਂ ਵਾਲਿਓ" ਨੂੰ ਉਹ ਇਸ ਸੂਚੀ 'ਚ ਪਹਿਲੇ ਨੰਬਰ 'ਤੇ ਰੱਖਦਾ ਹੈ। ਬੜੀ ਸਰਲ ਤੇ ਸਹਿਜ ਸ਼ਬਦਾਵਲੀ ਵਾਲੇ ਇਸ ਗੀਤ ਨੂੰ ਲੋਕਾਂ ਨੇ ਬਹੁਤ ਜਿ਼ਆਦਾ ਪ੍ਰਵਾਨ ਕੀਤਾ ਹੈ। ਭਾਵੇਂ ਬਾਈ ਨੇ ਇਹ ਗੀਤ ਕੁਲਦੀਪ ਮਾਣਕ ਦੀ ਮਾਂ ਦੀ ਮੌਤ 'ਤੇ ਲਿਖਿਆ ਸੀ ਪਰ ਇਹ ਦੁਨੀਆ ਦੀ ਹਰ ਇੱਕ ਮਾਂ ਲਈ ਹੈ। ਦੇਵ ਨੇ ਗੀਤ ਦੇ ਅੰਤ 'ਚ "ਰੱਬਾ ਦੇਵ ਕਰੇ ਅਰਜੋਈ, ਬੱਚਿਆਂ ਦੀ ਮਾਂ ਮਰੇ ਨਾ ਕੋਈ" ਲਿਖਦਿਆਂ ਜੋ ਹੂਕ ਭਰੀ ਹੈ ਉਹ ਸੁਨਣ ਵਾਲੇ ਦੇ ਅੰਦਰੋਂ ਰੁੱਗ ਭਰ ਲੈਂਦੀ ਹੈ। ਮਾਣਕ ਦੀ ਹੀ ਆਵਾਜ਼ ਵਿੱਚ "ਤੇਰੇ ਟਿੱਲੇ ਤੋਂ" ਨਰਿੰਦਰ ਬੀਬਾ ਦੀ ਆਵਾਜ਼ 'ਚ 'ਕਾਹਨੂੰ ਮਾਰਦੈਂ ਚੰਦਰਿਆ ਛਮਕਾਂ" ਅਤੇ ਧੂਰੀ ਵਾਲੇ ਕਰਮਜੀਤ ਦੀ ਆਵਾਜ਼ 'ਚ ਗਾਇਆ ਗੀਤ "ਜਦੋਂ ਇਸ ਦੁਨੀਆਂ ਤੋਂ ਅੱਖਾਂ ਮੀਟ ਜਾਵਾਂਗਾ" ਦੇਵ ਲਈ ਬਹੁਤ ਲਾਡਲੇ ਹਨ। ਮੁੱਢਲੇ ਦੌਰ 'ਚ ਲਿਖਿਆ "ਦੀਵਿਆਂ ਵੇਲੇ" ਤਾਂ ਉਸ ਨੂੰ ਆਪਣਾ ਜੇਠਾ ਪੁੱਤ ਲੱਗਦਾ ਹੈ।
       ਗੀਤ ਤਾਂ ਹੋਰ ਹੋਣਗੇ ਜੋ ਬਾਈ ਦੇ ਦਿਲ ਦੇ ਨੇੜੇ ਹੋਣਗੇ ਪਰ "ਟਿੱਲੇ ਵਾਲਿਆ ਮਿਲਾਦੇ ਰਾਂਝਾ ਹੀਰ ਨੂੰ" ਉਸਦੀ ਗੀਤਕਾਰੀ ਦੀ ਫੁੱਲਵਾੜੀ ਦਾ ਖਿੜਿਆ ਹੋਇਆ ਸੂਹਾ ਗੁਲਾਬ ਹੈ। ਇਸ ਗੀਤ ਨੂੰ ਆਪਣੇ ਸਮੇਂ ਦੇ ਤਿੰਨ ਸਟਾਰ ਗਾਇਕਾਂ-ਕੁਲਦੀਪ ਮਾਣਕ, ਸੁਰਿੰਦਰ ਕੌਰ ਅਤੇ ਕਰਮਜੀਤ ਧੂਰੀ ਨੇ ਆਪੋ ਆਪਣੀ ਆਵਾਜ਼ 'ਚ ਰਿਕਾਰਡ ਕਰਵਾਇਆ ਹੈ। ਸੁਰਿੰਦਰ ਕੌਰ ਵਲੋਂ ਇਹ ਗੀਤ ਰਿਕਾਰਡ ਕਰਵਾਉਣ ਪਿੱਛੇ ਦੀ ਰੌਚਿਕ ਕਹਾਣੀ ਅਕਸਰ ਬਾਈ ਲੋਰ 'ਚ ਸੁਣਾਉਂਦਾ ਹੈ।
        "ਕੁਲਦੀਪ ਮਾਣਕ ਦੀ ਆਵਾਜ਼ 'ਚ ਗੀਤ ਰਿਕਾਰਡ ਕਰਵਾਉਣ ਲਈ ਅਸੀਂ ਦੋਵੇਂ ਦਿੱਲੀ ਗਏ। ਐਚ ਐਮ ਵੀ 'ਚ ਰਿਕਾਰਡਿੰਗ ਹੋਣੀ ਸੀ। ਮਾਣਕ ਰੈਹਸਲ ਕਰੀ ਜਾਂਦਾ ਸੀ। ਉਦੋਂ ਈ ਆਵਦੇ ਕਿਸੇ ਕੰਮ ਕਾਰ ਦੇ ਸਿਲਸਿਲੇ 'ਚ ਸੁਰਿੰਦਰ ਕੌਰ ਆਗੀ ਸਟੂਡੀਓ 'ਚ। ਉਹ ਐਚ ਐਮ ਵੀ ਦੇ ਮਨੇਜਰ ਜ਼ਹੀਰ ਅਹਿਮਦ ਨਾਲ ਗੱਲਾਂ ਕਰਨ ਲੱਗਪੀ। ਗੱਲਾਂ ਉਹ ਜ਼ਹੀਰ ਨਾਲ ਕਰੇ ਤੇ ਕੰਨ ਉਹਦੇ ਮਾਣਕ ਵੱਲੀਂ। ਰੈਹਸਲ ਕਰਾਉਂਦਾ ਸੀਗਾ ਕੇਸਰ ਸਿੰਘ ਨਰੂਲਾ। ਸੁਰਿੰਦਰ ਕੌਰ ਨੇ ਨਰੂਲੇ ਨੂੰ ਪੁੱਛਿਆ ਵਈ ਇਹ ਕੌਣ ਨੇ ? ਉਹ ਜਾਣ ਲੱਗੀ ਸਾਨੂੰ ਖਾਣੇ ਦਾ ਸੱਦਾ ਦੇਗੀ। ਅਸੀਂ ਦੋਵੇਂ ਡਰੀਏ। ਕਿੱਥੇ ਅਸੀਂ ਦੇਸੀ ਬੰਦੇ ਤੇ ਕਿੱਥੇ ਉਸ ਵੇਲੇ ਦੀ ਸਟਾਰ ਗਾਇਕਾ ਸੁਰਿੰਦਰ ਕੌਰ। ਪੰਜਾਬ ਈ ਨਹੀਂ ਸਾਰਾ ਦੇਸ਼ ਜੀਹਦੀ ਆਵਾਜ਼ ਨਾਲ ਕੀਲਿਆ ਜਾਂਦਾ ਸੀਗਾ। ਅਸੀਂ ਦੋ ਦੋ ਪੈੱਗ ਮਾਰੇ ਤੇ ਹੋਗੇ ਹੌਂਸਲੇ 'ਚ। ਤੁਰਪੇ ਸੁਰਿੰਦਰ ਕੌਰ ਦੇ ਮਾਡਲ ਟਾਊਨ ਵਾਲੇ ਘਰ ਨੂੰ। ਲੱਭਦਿਆਂ ਲਭਾਉਂਦਿਆਂ ਅਸੀਂ ਹੋਗੇ ਲੇਟ। ਹੈਰਾਨੀ ਦੀ ਗੱਲ ਵੇਖੋ-ਅਗਾਂਹ ਸੁਰਿੰਦਰ ਕੌਰ ਗੇਟ 'ਤੇ ਖੜੀ ਸਾਨੂੰ ਉਡੀਕੀ ਜਾਵੇ। ਸਾਨੂੰ ਤਾਂ ਸਾਲੀ ਊਈਂ ਸ਼ਰਮ ਜ੍ਹੀ ਆਈ ਜਾਵੇ--।" ਉਹਨਾਂ ਪਲਾਂ ਨੂੰ ਚੇਤੇ ਕਰਦਿਆਂ ਬਾਈ ਦੇਵ ਢਾਈ ਤਿੰਨ ਦਹਾਕੇ ਪਿੱਛੇ ਨੂੰ ਪਰਤ ਜਾਂਦਾ ਹੈ।
      "ਪੀ ਖਾ ਕੇ ਵਿਹਲੇ ਹੋਏ ਤਾਂ ਸੁਰਿੰਦਰ ਕੌਰ ਮਾਣਕ ਨੂੰ ਕਹਿੰਦੀ-ਮੈਨੂੰ ਤਾਂ ਉਹੀ ਗੀਤ ਸੁਣਾ ਜਿਹੜਾ ਸਟੂਡੀਓ 'ਚ ਗਾ ਰਿਹਾ ਸੀ। ਉਹਨੇ ਮਾਣਕ ਤੋਂ 'ਟਿੱਲੇ ਵਾਲਿਆ' ਗੀਤ ਅੱਠ ਨੌਂ ਵਾਰੀਂ ਸੁਣਿਆ। ਫੇਰ ਆਪ ਵੀ ਨਾਲ ਈ ਗਾਉਣ ਲੱਗਪੀ। ਮੈਨੂੰ ਕਹਿੰਦੀ ਇਹ ਗੀਤ ਮੈਨੂੰ ਦੇਦੇ ਮੈਂ ਰਿਕਾਰਡ ਕਰਾਉਣਾ। ਮੈਂ ਆਖਿਆ ਵ੍ਹੀ ਇਹ ਗੀਤ ਤਾਂ ਰਿਕਾਰਡ ਕਰਾਤਾ ਮਾਣਕ ਨੇ। ਉਹ ਕਹਿੰਦੀ ਰਿਕਾਰਡ ਤਾਂ ਕਰਾਉਣਾ ਈ ਕਰਾਉਣਾ। ਬਾਅਦ 'ਚ ਉਹਨੇ ਕਰਾਇਆ ਵੀ। ਜਿਹੜਾ ਉਹਨੇ ਗਾਇਆ ਉਹਦੇ ਕੁਛ ਬੋਲ ਵੀ ਬਦਲ ਦਿੱਤੇ। ਸੁਰਿੰਦਰ ਕੌਰ ਨੇ ਗਾਇਆ ਵੀ ਧੁਰ ਅੰਦਰੋਂ।"
ਸੱਚਮੁੱਚ ਸੁਰਿੰਦਰ ਕੌਰ ਪੂਰੀ ਦੀ ਪੂਰੀ ਇਸ ਗੀਤ ਦੀ ਰੂਹ 'ਚ ਉਤਰੀ ਪਈ ਹੈ। ਜਿਵੇਂ ਦਰਦ ਨਾਲ ਭਰੀ ਆਵਾਜ਼ ਨਾਲ ਟਿੱਲੇ ਵਾਲੇ ਨੂੰ ਆਵਾਜ਼ਾਂ ਮਾਰੀ ਜਾਂਦੀ ਹੋਵੇ :-
ਅਜੇ ਤੱਕ ਨਾ ਝਨਾ ਦਾ ਕੰਢਾ ਭੁੱਲਿਆ
ਜਿੱਥੇ ਰਾਂਝੇ ਦੇ ਬੁੱਲਾਂ 'ਚੋਂ ਹਾਸਾ ਡੁੱਲਿਆ
ਅੱਗ ਲੱਗੀ ਸੀ ਝਨਾਂ ਦੇ ਠੰਡੇ ਨੀਰ ਨੂੰ
ਤੇਰਾ ਕਿਹੜਾ ਮੁੱਲ ਲੱਗਦਾ –ਹੋਅ—ਮੁੱਲ ਲੱਗਦਾ—ਹਾਏ ਮੁੱਲ ਲੱਗਦਾ
ਟਿੱਲੇ ਵਾਲਿਆ ਮਿਲਾਦੇ ਰਾਂਝਾ ਹੀਰ ਨੂੰ।
ਉਹ ਜਦੋਂ ਹਾਉਕਾ ਜਿਹਾ ਭਰਕੇ ਡੂੰਘੀ ਆਵਾਜ਼ ਨਾਲ "ਟਿੱਲੇ ਵਾਲਿਆ ਵੇ--।" ਆਖਦੀ ਹੈ ਤੇ ਹਰੇਕ ਪਹਿਰੇ ਦੇ ਅੰਤ 'ਚ "ਨੂੰ---ਅ—ਅ" ਲਮਕਾ ਕੇ ਬੋਲਦੀ ਹੈ ਤਾਂ ਸੁਨਣ ਵਾਲੇ ਦਾ ਹੱਥ ਮੱਲੋਮੱਲੀ ਦਿਲ 'ਤੇ ਰੱਖਿਆ ਜਾਂਦਾ ਹੈ।
      "ਕੜਿਆਲਵੀ ! ਸੁਰਿੰਦਰ ਕੌਰ ਤਾਂ ਆਏਂ ਲੱਗਦਾ ਜਿਵੇਂ ਟਿੱਲੇ ਵਾਲੇ ਨੂੰ ਮਨਾ ਕੇ ਈ ਹਟੂ। ਨਾਥ ਨੂੰ ਕੰਨਾਂ 'ਚ ਮੁੰਦਰਾਂ ਪਾ ਕੇ ਜੋਗ ਦੇਣ ਲਈ ਮਜ਼ਬੂਰ ਕਰ ਦੇਊ। ਗੋਰਖ ਨਾਥ ਦੀ ਕੀ ਮਜ਼ਾਲ ਕਿ ਰਾਂਝੇ ਨੂੰ ਜੋਗ ਨਾ ਦੇਵੇ। ਸੁਰਿੰਦਰ ਕੌਰ ਦੀ ਆਵਾਜ਼ ਦਾ ਜਾਦੂ ਸਿਰ ਚੜ ਕੇ ਬੋਲਿਆ ਐ।" ਬਾਈ ਦੇਵ ਵਜ਼ਦ 'ਚ ਆ ਕੇ ਸਿਰ ਮਾਰਨ ਲੱਗਦਾ ਹੈ।
"ਬਾਈ, ਕਸਰ ਤਾਂ ਕੁਲਦੀਪ ਮਾਣਕ ਨੇ ਵੀ ਨ੍ਹੀ ਛੱਡੀ-
ਧੀ ਚੂਚਕੇ ਦੀ ਰੂਪ ਨਿਰਾ ਰੱਬ ਦਾ
ਉਹਦੇ ਬੋਲਾਂ ਨੂੰ ਪੌਣਾਂ 'ਚੋਂ ਫਿਰਾਂ ਲੱਭਦਾ
ਲੱਭਾਂ ਬੇਲਿਆਂ 'ਚੋਂ ਓਹਦੀ ਤਸਵੀਰ ਨੂੰ –
ਤੇਰਾ ਕਿਹੜਾ ਮੁੱਲ ਲੱਗਦਾ—ਹੋਅ—ਮੁੱਲ ਲੱਗਦਾ।
       ਗੀਤ ਸੁਣਦਿਆਂ ਕੇਰਾਂ ਤਾਂ ਆਏਂ ਲੱਗਦਾ ਜਿਵੇਂ ਅਸੀਂ ਜੰਗਲ ਬੇਲਿਆਂ 'ਚੋਂ ਆਵਦੀ ਹੀਰ ਦੀ ਖੁਸ਼ਬੋ ਭਾਲ ਰਹੇ ਹੋਈਏ।"
     "ਹਾਹਾ ਹਾ ਹਾ—ਭਾਲ ਤਾਂ ਲਈ ਸੀ ਰਾਂਝੇ ਨੇ ਆਖੀਰ 'ਚ। ਤੂੰ ਕਿਹੜਾ ਘੱਟ ਐਂ---?" ਬਾਈ ਦੇਵ ਮੇਰੇ ਵੱਲ ਵੇਖ ਖੁੱਲ੍ਹ ਕੇ ਹੱਸਿਆ।
      "ਮੈਂ ਕਿਹੜਾ ਮੱਝਾਂ ਚਾਰੀਆਂ ਸੀ ?"
      "ਤੂੰ ਬੜਾ ਪਤੰਦਰ ਐਂ।"
     ਬਾਈ ਦੇਵ ਮੈਨੂੰ ਪਿਆਰ ਕਰਦਾ ਹੈ। ਮੇਰੀਆਂ ਲਿਖਤਾਂ ਨੂੰ ਪਿਆਰ ਕਰਦਾ ਹੈ। ਚੇਤਨਾ ਪ੍ਰਕਾਸ਼ਨ ਲੁਧਿਆਣਾ ਵਾਲਿਆਂ ਨੇ ਬਾਬੂ ਸ਼ਾਹ ਚਮਨ ਜੀ ਦੀ ਯਾਦ 'ਚ ਸਥਾਪਿਤ ਕੀਤਾ ਐਵਾਰਡ ਮੈਨੂੰ ਦੇਣਾ ਸੀ। ਇਸ ਸਬੰਧੀ ਕੋਟ ਕਪੂਰੇ ਸਮਾਗਮ ਰੱਖਿਆ ਗਿਆ।
"ਇਹ ਐਵਾਰਡ ਮੇਰੇ ਯਾਰ ਸ਼ਾਹ ਚਮਨ ਦੇ ਨਾਂ 'ਤੇ ਐ, ਔਰ ਦੇਣਾ ਮੇਰੇ ਆਜ਼ੀਜ਼ ਗੁਰਮੀਤ ਕੜਿਆਲਵੀ ਨੂੰ, ਮੈਂ ਤਾਂ ਜਾਊਂ ਈ ਜਾਊਂ।" ਬਾਈ ਦੇਵ ਸਿਹਤ ਖਰਾਬ ਹੋਣ ਦੇ ਬਾਵਜੂਦ ਸਮਾਗਮ 'ਚ ਪਹੁੰਚਿਆ। ਇਹ ਮੇਰੇ ਲਈ ਇੱਕ ਹੋਰ ਵੱਡਾ ਸਨਮਾਨ ਸੀ।
       "ਕੜਿਆਲਵੀ ਓਦਣ ਗੱਲਾਂ ਗੱਲਾਂ 'ਚ ਸੁਰਿੰਦਰ ਕੌਰ ਕਹਿੰਦੀ-ਮੈਨੂੰ ਕੋਈ ਐਹੋ ਜਿਹਾ ਗਾਣਾ ਲਿਖਕੇ ਦੇਅ ਜੀਹਦੇ 'ਚ ਕਿਸੇ ਪ੍ਰਾਹੁਣੇ ਦੀ ਉਡੀਕ ਵਾਲੀ ਗੱਲ ਹੋਵੇ। ਮੇਰੇ ਤਾਂ ਗੱਲ ਅੰਦਰ ਘੁੰਮਣ ਲਾਗੀ। ਫੇਰ ਸਾਰੀ ਰਾਤ ਨੀਂਦ ਨ੍ਹੀ ਆਈ। ਕਿਤੇ ਤੜਕੇ ਜਾਕੇ ਅੱਖ ਲੱਗੀ ਜਦੋਂ ਗੀਤ ਲਿਖਿਆ ਗਿਆ।"
     "ਕਿਹੜਾ ?"
   "ਨ੍ਹੀ ਉੱਠ ਵੇਖ ਨਨਾਣੇ-ਕੌਣ ਪ੍ਰਾਹੁਣਾ ਆਇਆ। ਚੰਗੇ ਗੀਤ ਇਉਂ ਹੀ ਸਬੱਬ ਨਾਲ ਲਿਖੇ ਜਾਂਦੇ ਐ। ਹਵਾ ਵਾਂਗ ਕੋਲ ਚੱਲ ਆਉਂਦੇ ਨੇ। ਮੈਂ ਸਾਰੀ ਉਮਰ ਸੈਂਕਲ 'ਤੇ ਈ ਸਕੂਲ ਡਿਊਟੀ ਕਰਨ ਜਾਂਦਾ ਰਿਹਾ ਹਾਂ। ਸੈਂਕੜੇ ਗੀਤ ਮੈਂ ਸੈਂਕਲ 'ਤੇ ਜਾਂਦਿਆਂ ਆਉਂਦਿਆਂ ਹੀ ਸੋਚੇ ਤੇ ਲਿਖੇ ਐ।
       ਸਾਈਕਲ ਦੀ ਕਾਠੀ 'ਤੇ ਬੈਠ ਕੇ ਗੀਤ ਜੋੜਣ ਵਾਲੇ ਬਾਈ ਦੇਵ ਨੇ ਇਹਨਾਂ ਗੀਤਾਂ ਆਸਰੇ ਹੀ ਜਹਾਜ਼਼ਾਂ ਦੇ ਝੂਟੇ ਲਏ ਨੇ। ਕੋਈ ਵਕਤ ਸੀ ਜਦੋਂ ਉਹ ਸਾਈਕਲ ਧੂੰਹਦਾ ਆਪਣੇ ਗੀਤਾਂ ਵਾਲੀ ਕਾਪੀ ਲੈ ਕੇ ਗਾਇਕਾਂ ਦੇ ਚੁਬਾਰਿਆਂ ਵੱਲ ਜਾਂਦਾ ਹੁੰਦਾ ਸੀ ਤੇ ਫਿਰ ਉਹ ਵਕਤ ਵੀ ਆਇਆ ਜਦੋਂ ਵੱਡੇ ਵੱਡੇ ਗਾਇਕ ਗੀਤ ਲੈਣ ਲਈ ਥਰੀਕਿਆਂ ਵਾਲੇ ਇਸ ਸਾਧ ਦੇ ਟਿੱਲੇ 'ਤੇ ਅਲਖ ਜਗਾਉਂਦੇ ਰਹੇ। ਹੁਣ ਵੀ ਦੇਸ਼ ਵਿਦੇਸ਼ 'ਚੋਂ ਸੈਂਕੜੇ ਪ੍ਰਸੰਸਕ ਉਸਦੇ ਧੂਣ੍ਹੇ 'ਤੇ ਆਉਂਦੇ ਰਹਿੰਦੇ ਹਨ। ਇਹਨਾਂ 'ਚੋਂ ਵਧੇਰੇ ਗਿਣਤੀ ਨਵੇਂ ਉੱਠਦੇ ਗਾਇਕਾਂ ਤੇ ਗੀਤਕਾਰਾਂ ਦੀ ਹੁੰਦੀ ਹੈ। ਬੇਬੇ ਪ੍ਰੀਤਮ ਕੌਰ ਆਏ ਗਏ ਵਾਸਤੇ ਚਾਹ ਪਾਣੀ ਬਣਾਕੇ ਦਿੰਦੀ ਸੀ, ਉਸਦੇ ਜਾਣ ਬਾਅਦ ਇਹ ਸੇਵਾ ਘਰ 'ਚ ਕੰਮ ਕਰਨ ਵਾਲੀ ਪਰਵਾਸੀ ਬੀਬੀ ਨੇ ਸੰਭਾਲ ਲਈ ਹੈ। ਵੱਡਾ ਪੁੱਤ ਜਸਵੰਤ ਜਿਸਨੂੰ ਪਿਆਰ ਨਾਲ ਦੀਨਾ ਆਖਦੇ ਨੇ ਸਰਵਣ ਪੁੱਤ ਹੈ। ਬਾਪ ਦੇ ਚਿਹਰੇ 'ਤੇ ਆਈ ਉਦਾਸੀ ਦੀ ਨਿੱਕੀ ਜਿਹੀ ਲਕੀਰ ਵੀ ਉਸ ਤੋਂ ਸਹਾਰ ਨਹੀਂ ਹੁੰਦੀ।
ਸਰਵਣ ਪੁੱਤ ਦੀਨਾ ਕਿੰਨੀ ਵੀ ਕੋਸ਼ਿਸ਼ ਕਿਉਂ ਨਾ ਕਰੇ, ਉਦਾਸੀ ਮੱਲੋ ਮੱਲੀ ਬਾਈ ਕੋਲ ਆ ਡੇਰਾ ਲਾਉਂਦੀ ਹੈ। ਜੀਵਨ ਸਾਥਣ ਦੇ ਵਿਛੋੜੇ ਦੀ ਅੱਗ ਅੰਦਰ ਹੀ ਅੰਦਰ ਧੁਖਦੀ ਰਹਿੰਦੀ ਹੈ। ਸ਼ਿਵ ਕੁਮਾਰ ਦਾ ਗੀਤ "ਜਿੱਥੇ ਇਤਰਾਂ ਦੇ ਵਗਦੇ ਨੇ ਚੋਅ, ਏਥੇ ਮੇਰਾ ਯਾਰ ਵਸਦਾ" ਵਾਰ ਵਾਰ ਉਸਦੇ ਬੁੱਲ੍ਹਾਂ 'ਤੇ ਆਉਂਦਾ ਰਹਿੰਦਾ ਹੈ।
     "ਕੜਿਆਲਵੀ ਬੇਵਕਤੀਆਂ ਸੱਟਾਂ ਨੇ ਬੜਾ ਤੋੜਨ ਦੀ ਕੋਸ਼ਿਸ਼ ਕੀਤੀ ਮੈਨੂੰ। ਧੀਆਂ ਵਰਗੀ ਨੂੰਹ ਨਿੱਕੇ ਨਿੱਕੇ ਜੁਆਕ ਛੱਡ ਕੇ ਉਥੇ ਚਲੇ ਗਈ ਜਿੱਥੇ ਜਾ ਕੇ ਕੋਈ ਵਾਪਸ ਨਹੀਂ ਆਉਂਦਾ। ਮੈਂ ਕੋਮਲ ਦਿਲ ਵਾਲਾ ਸ਼ਾਇਰ ਬੰਦਾ। ਡੋਲ ਗਿਆ-ਪਰ ਪ੍ਰੀਤਮ ਕੌਰ ਨੇ ਹੌਂਸਲਾ ਦਿੱਤਾ। ਕਹਿੰਦੀ ਦਿਲ ਛੱਡਿਆਂ ਕੀ ਬਣੂੰ ? ਆਹ ਭੋਰਾ ਭੋਰਾ ਬਲੂਰ ਕੀਹਨੇ ਸਾਂਭਣੇ? ਫੇਰ ਕੜੀ ਵਰਗਾ ਜੁਆਨ ਪੁੱਤ ਤੁਰ ਗਿਆ। ਪ੍ਰੀਤਮ ਕੌਰ ਨੇ ਫੇਰ ਵੀ ਡੋਲਣ ਨ੍ਹੀ ਦਿੱਤਾ। ਪੁੱਤਾਂ ਵਰਗਾ ਯਾਰ ਮਾਣਕ ਤੁਰ ਗਿਆ, ਉਹਨੇ ਫੇਰ ਸੰਭਾਲ ਲਿਆ ਮੈਨੂੰ। ਹੁਣ ਆਪ ਵੀ ਤੁਰਗੀ ---। ਹੁਣ ਦੇਵ ਨਾਲ ਕੀਹਨੇ ਰੁਸਣਾ-ਕੀਹਨੇ ਮਨਾਉਣਾ।" ਹਵਾ ਇੱਕ ਲੰਮਾ ਹਾਉਂਕਾ ਭਰਦੀ ਹੈ। ਉਹ ਖਿਲਾਅ 'ਚ ਦੇਖਦਾ ਜੀਵਨ ਸਾਥਣ ਨਾਲ ਗੁਜ਼ਾਰੇ ਛੇ ਦਹਾਕਿਆਂ ਤੋਂ ਵੱਧ ਦੇ ਸਮੇਂ ਦੀਆਂ ਤੰਦਾਂ ਨੂੰ ਫੜ੍ਹਨ ਲੱਗਦਾ ਹੈ।
      "ਕੜਿਆਲਵੀ ਪ੍ਰੀਤਮ ਕੌਰ ਬੜੀ ਸਬਰ ਸ਼ੁਕਰ ਵਾਲੀ ਔਰਤ ਸੀਗੀ। ਉਹਦੀ ਸਮਝ ਬੜੀ ਬਾਰੀਕ ਸੀ। ਸਾਰੀਆਂ ਪੰਜ ਜਮਾਤਾਂ ਪਾਸ। ਜੇ ਮੈਟ੍ਰਿਕ ਕਰ ਜਾਂਦੀ ਤਾਂ ਮਾਸਟਰਨੀ ਲੱਗ ਜਾਂਦੀ। ਦੀਨਾ ਕਹਿੰਦਾ ਹੁੰਦਾ-ਬਾਪੂ ਚੰਗਾ ਕੀਤਾ ਪੰਜ ਪਾਸ ਨਾਲ ਵਿਆਹ ਕਰਾ ਲਿਆ। ਜੇ ਮਾਸਟਰਨੀ ਲੱਗ ਜਾਂਦੀ ਤਾਂ ਭੂਤਨੀ ਭੁਲਾ ਦੇਣੀ ਸੀ।" ਚਿਹਰੇ 'ਤੇ ਉਤਰ ਆਈ ਉਦਾਸੀ ਨੂੰ ਪਰ੍ਹੇ ਸਿੱਟਦਿਆਂ ਬਾਈ ਦਿਵਾਲੀ 'ਚ ਚਲਾਏ ਅਨਾਰ ਵਾਂਗ ਖਿੜ ਉੱਠਦਾ ਹੈ। ਉਸਦਾ ਹਾਸਾ ਪਤਾਸੇ ਵਾਂਗ ਭੁਰਨ ਲੱਗਦਾ ਹੈ।
      "ਬਥੇਰੀ ਜਿੰਦਗੀ ਹੰਢਾਲੀ ਯਾਰ। ਹੁਣ ਤਾਂ ਜਮਾ ਸੰਤੁਸ਼ਟ ਆਂ। ਮੈਂ ਕਹਿਨਾ ਹੁੰਨੈ-ਰੱਬ ਮੇਰੀ ਤਾਂ ਫਾਈਲ ਈ ਕਿਧਰੇ ਰੱਖ ਕੇ ਭੁੱਲ ਗਿਆ। ਖਵਰੇ ਉਹਦੇ ਕੰਪਿਊਟਰ 'ਚ ਈ ਕੁਛ ਗੜਬੜ ਹੋਗੀ। ਖਵਨੀ ਮੇਰੇ ਭੁਲੇਖੇ ਹੋਰ ਈ ਹਰਦੇਵ ਸਿਹੁੰਆਂ ਨੂੰ ਚੱਕ ਚੱਕ ਲਈ ਜਾਂਦਾ ਹੋਵੇ। ਹਾ ਹਾ ਹਾ ਹਾ!" ਉਸਦਾ ਗੋਰਾ ਰੰਗ ਹੋਰ ਸੂਹੀ ਭਾਅ ਮਾਰਨ ਲੱਗਦਾ ਹੈ। ਸਾਡੇ ਆਲੇ ਦੁਆਲੇ ਬੈਠੇ ਗੋਲੂ ਕਾਲੇਕੇ ਤੇ ਦਰਸ਼ਨ ਸੰਘਾ ਵੀ ਹੱਸਣ ਲੱਗਦੇ ਹਨ। ਮੈਂ ਉਦਾਸ ਹੁੰਦਾ ਹਾਂ। ਕਹਿਣਾ ਚਾਹੁੰਦਾ ਹਾਂ, "ਥਰੀਕੇ ਵਾਲਾ ਕਿਵੇਂ ਮਰਜੂ ? ਕਲਾਕਾਰ, ਸਾਹਿਤਕਾਰ ਭਲਾ ਕਦੋਂ ਮਰਦਾ ਹੁੰਦਾ ਐ ?" ਪਰ ਆਖਦਾ ਨਹੀਂ।
     "ਕੜਿਆਲਵੀ ! ਯਾਰ ਅੱਜਕੱਲ੍ਹ ਮੇਰੇ ਅੰਦਰ ਕਹਾਣੀਆਂ ਉਛਾਲੇ ਮਾਰਦੀਆਂ ਰਹਿੰਦੀਆਂ। ਜੀਅ ਕਰਦਾ ਕਹਾਣੀਆਂ ਲਿਖਾਂ--।"
ਮੈਂ ਗਹੁ ਨਾਲ ਬਾਈ ਦੀਆਂ ਅੱਖਾਂ 'ਚ ਦੇਖਦਾ ਹਾਂ। ਜਿੰਦਗੀ ਜਿਉਣ ਦੀ ਚਾਹਨਾ ਕਦੋਂ ਖ਼ਤਮ ਹੋਈ ਹੈ। ਅੱਖਾਂ 'ਚ ਤਾਂ ਅਜੇ ਵੀ ਜਿੰਦਗੀ ਭੰਗੜੇ ਪਾਉਂਦੀ ਫਿਰਦੀ ਹੈ। ਮੈਂ ਹੱਸ ਪੈਂਦਾ ਹਾਂ।
(ਗੁਰਮੀਤ ਕੜਿਆਲਵੀ ਦੀ ਸ਼ਬਦ ਚਿਤਰ ਪੁਸਤਕ "ਨਕਸ਼ ਨੱਕਾਸ਼ " ਵਿਚੋਂ )
ਗੁਰਮੀਤ ਕੜਿਆਲਵੀ
ਸੰਪਰਕ : 9872640994