ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

24:01:2022
ਮੰਦਰ ਉਸਾਰੀ ਲਈ ਦਾਨ ਨਾ ਦੇਣ ‘ਤੇ ਬਿਹਾਰ ‘ਚ ਮੁਹਾਲੀ ਦੇ ਸਿੱਖਾਂ ‘ਤੇ ਹਮਲਾ, ਛੇ ਜ਼ਖ਼ਮੀ- ਇਕ ਖ਼ਬਰ
ਜੋਰੀਂ ਮੰਗਹਿ ਦਾਨ ਵੇ ਲਾਲੋ.....................
ਪਿੱਛੇ ਹਟਣਾ ਸਾਡਾ ਸੁਭਾਅ ਨਹੀਂ, ਪੂਰੀ ਜਿੰਦ-ਜਾਨ ਨਾਲ ਚੋਣਾਂ ਲੜਾਂਗੇ- ਰਾਜੇਵਾਲ
ਵਾਰਸ ਸ਼ਾਹ ਨਾ ਮੁੜਾਂ ਰੰਝੇਟੜੇ ਤੋਂ, ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ।
ਪਾਰਟੀ ਪ੍ਰਤੀ ਵਫ਼ਾਦਾਰੀ ਕਰ ਕੇ ਰੇਤ ਮਾਫ਼ੀਆ ਵਲ ਧਿਆਨ ਨਾ ਦੇਣਾ ਮੇਰੀ ਗ਼ਲਤੀ ਸੀ- ਕੈਪਟਨ
ਮੁੰਡਾ ਗੱਲ ਅਸਲੀ ਨਹੀਂ ਦੱਸਦਾ, ਰੱਖਦਾ ਦਿਲੇ ਵਿਚ ਬੇਈਮਾਨੀਆਂ।
ਚਮਕੌਰ ਸਾਹਿਬ ਤੋਂ ਚੋਣ ਹਾਰ ਰਹੇ ਹਨ ਚੰਨੀ-ਕੇਜਰੀਵਾਲ
ਦਿੱਲੀ ਕੇ ਮਸ਼ਹੂਰ ਜੋਤਸ਼ੀ ਪੰਡਤ ਕੇਸਰੀਵਾਲ ਕੀ ਭਵਿਸ਼ਵਾਣੀ।
ਕੇਜਰੀਵਾਲ ਝੂਠੇ ਇਲਜ਼ਾਮ ਲਗਾ ਕੇ ਮੈਨੂੰ ਬਦਨਾਮ ਕਰ ਰਿਹਾ ਹੈ- ਚੰਨੀ
ਟੁੱਟ ਪੈਣੇ ਜੇਠ ਦਾ ਮੁੰਡਾ, ਚੀਰਾ ਬੰਨ੍ਹ ਕੇ ਸਾਹਮਣੇ ਬਹਿੰਦਾ।
ਚੰਨੀ ਦੀ ਰੇਤ ਮਾਫ਼ੀਆ ਨਾਲ਼ ਰਹੀ ਹੈ ਸ਼ਮੂਲੀਅਤ- ਕੈਪਟਨ
ਤੇ ਜਨਾਬ ਅੱਖਾਂ ਮੀਟ ਕੇ ਸੀਤਾ ਫਲ ਖਾਂਦੇ ਰਹੇ ਤੇ ਚੀਕੂ ਚੂਪਦੇ ਰਹੇ।
ਵੱਡਿਆਂ ਘਰਾਂ ਦੀਆਂ ਨੂੰਹਾਂ, ਢੁੱਕੀਆਂ ਵੋਟਰਾਂ ਦੀਆਂ ਬਰੂਹਾਂ ‘ਤੇ- ਇਕ ਖ਼ਬਰ
ਸਾਡੇ ਪੈਰਾਂ ਹੇਠਾਂ ਰੋੜ, ਸਾਨੂੰ ਛੇਤੀ ਛੇਤੀ ਤੋਰ।
ਚੋਣਾਂ ਤੋਂ ਬਾਅਦ ਵਿਧਾਨ ਸਭਾ ਦੀ ਚਾਬੀ ਕਿਸਾਨਾਂ ਹੱਥ ਹੋਵੇਗੀ- ਚੜੂਨੀ
ਜੇਠ ਲਿਆਇਆ ਨੀਂ, ਦਿੱਲੀਉਂ ਸੁਰਮੇਦਾਨੀ।
ਸਾਬਕਾ ਜੇਲ੍ਹ ਮੰਤਰੀ ਸਰਵਣ ਸਿੰਘ ਫਿਲੌਰ ਨੇ ਕਾਂਗਰਸ ਦਾ ਹੱਥ ਛੱਡਿਆ- ਇਕ ਖ਼ਬਰ
ਕਲਹਿਰੀਆ ਮੋਰਾ ਵੇ, ਹੁਣ ਮੈਂ ਨਾ ਤੇਰੇ ਰਹਿੰਦੀ।
ਭਾਰਤ ਵਿਚ ਕਰੋਨਾ ਮਹਾਂਮਾਰੀ ਨੇ 16 ਕਰੋੜ ਲੋਕ ਗੁਰਬਤ ਵਲ ਧੱਕੇ- ਇਕ ਖ਼ਬਰ
ਪਰ ਕਰੋੜਪਤੀਆਂ ਤੇ ਅਰਬਪਤੀਆਂ ਦਾ ‘ਵਿਕਾਸ’ ਵੀ ਹੋਇਆ।
ਚੰਡੀਗੜ੍ਹ ਦੇ ਮੇਅਰ ਦੀ ਚੋਣ ਨੂੰ ਹਾਈ ਕੋਰਟ ਵਿਚ ਚੁਣੌਤੀ-ਇਕ ਖ਼ਬਰ
ਲੌਂਗ ਘੜਾ ਦਊਂਗਾ, ਗੁੱਸਾ ਛੱਡ ਮੁਟਿਆਰੇ।
ਈ.ਡੀ. ਦੇ ਛਾਪਿਆਂ ਦਾ ਭਾਜਪਾ ਨਾਲ਼ ਕੋਈ ਸਬੰਧ ਨਹੀਂ- ਅਵਿਨਾਸ਼ ਰਾਏ ਖੰਨਾ
ਅੱਜ ਕਲ ਸੁਹਣਿਉਂ, ਫਤੂਰ ਵਿਚ ਰਹਿੰਦੇ ਹੋ।
‘ਬਿਮਾਰ’ ਹੋਣ ਕਰ ਕੇ ਪ੍ਰਕਾਸ਼ ਸਿੰਘ ਬਾਦਲ ਹੁਸ਼ਿਆਰਪੁਰ ਦੀ ਅਦਾਲਤ ‘ਚ ਪੇਸ਼ ਨਹੀਂ ਹੋਏ- ਇਕ ਖ਼ਬਰ
ਓਏ ਲੋਕੋ ਬੁੱਢੇ ਵਾਰੇ ਹੁਣ ਸੁੱਖੇ ਲਈ ਵੋਟਾਂ ਮੰਗਾਂ ਕਿ ਕਚਹਿਰੀਆਂ ਭੁਗਤਾਂ?
ਰਿਸ਼ਵਤ ਲੈਂਦੀ ਮਹਿਲਾ ਪਟਵਾਰੀ ਵਿਜੀਲੈਂਸ ਟੀਮ ਵਲੋਂ ਗ੍ਰਿਫ਼ਤਾਰ- ਇਕ ਖ਼ਬਰ
ਟੁੱਟ ਪੈਣੇ ਨੇ ਜਲੇਬੀ ਮਾਰੀ, ਅੱਖ ਵਿਚ ਤੇਲ ਪੈ ਗਿਆ।
ਡੰਮੀ ਚਿਹਰੇ ਵਜੋਂ ਵਿਚਰਨਗੇ ਭਗਵੰਤ ਮਾਨ- ਸੁਖਬੀਰ ਬਾਦਲ
ਗਲੀ ਵਿਚੋਂ ਲੰਘੀ ਹੱਸ ਕੇ, ਪੈੜ ਨੱਪਦੇ ਫਿਰਨ ਪਟਵਾਰੀ।